ਸੁਖਨਿੰਦਰ ਕੌਰ ਸ਼ਿਕਾਗੋ
ਫੋਨ: 224-512-0500
ਟੀæਵੀæ ਚੈਨਲ ‘ਕਲਰ’ ਉਤੇ ਸੀਰੀਅਲ ‘ਬਿਗ ਬੌਸ’ ਦੇ ਘਰ ਮਸਖਰੀਆਂ ਕਰਨ ਵਾਲਾ ਨਵਜੋਤ ਸਿੰਘ ਸਿੱਧੂ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਹੈ। ਲੋਕਾਂ ਨੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਵੀ ਪੰਜਾਬ ਵਿਧਾਨ ਸਭਾ ਵਿਚ ਭੇਜ ਕੇ ਸਤਿਕਾਰ ਦਿੱਤਾ। ਪਰ ਹੈਂ! ਇਹ ਕੀ? ਇਸ ਬੰਦੇ ਨੂੰ ‘ਬਿੱਗ ਬੌਸ’ ਵਿਚ ਇਸ ਤਰ੍ਹਾਂ ਦੇਖ ਕੇ ਲੋਕਾਂ ਨੂੰ ਪਛਤਾਵਾ ਹੁੰਦਾ ਹੋਵੇਗਾ। ਮੈਂ ਆਪ ਕਿਸੇ ਪਾਰਟੀ ਨਾਲ ਸਬੰਧਤ ਨਹੀਂ, ਫਿਰ ਵੀ ਇਹ ਕਹਿਣਾ ਬਣਦਾ ਹੈ ਕਿ ਅੰਮ੍ਰਿਤਸਰੀਆਂ ਨੇ ਨਵਜੋਤ ਨੂੰ ਜਿਤਾ ਕੇ ਬੜੀਆਂ ਆਸਾਂ ਨਾਲ, ਲੋਕ ਸਭਾ ਵਿਚ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ ਪਰ ਇਸ ਬੰਦੇ ਕੋਲ ਮਸਖਰੀਆਂ ਅਤੇ ਲੁਕਣਮੀਚੀਆਂ ਤੋਂ ਇਲਾਵਾ ਹੋਰ ਕੁਝ ਨਹੀਂ। ਮਸਖਰੀਆਂ ਅਤੇ ਲੁਕਣਮੀਚੀਆਂ ਨਾਲ ਤਾਂ ਲੋਕਾਂ ਦਾ ਕੁਝ ਨਹੀਂ ਸੰਵਰਨਾ!
ਨਵਜੋਤ ਸਿੰਘ ਸਿੱਧੂ ਨੇ ਚੋਣ ਪਿੜ ਵਿਚ ਉਤਰਨ ਵੇਲੇ ਪਟਿਆਲਾ ਸ਼ਹਿਰ ਤੋਂ ਉਠ ਕੇ ਗੁਰੂ ਕੀ ਨਗਰੀ ਦੀ ਸੇਵਾ ਕਰਨ ਦੀਆਂ ਕਸਮਾਂ ਖਾਧੀਆਂ ਸਨ। ਹੁਣ ਹਾਲ ਇਹ ਹੈ ਕਿ ਇੰਨੇ ਸਾਲਾਂ ਬਾਅਦ ਵੀ ਸ਼ਹਿਰ ਵਿਚ 70 ਫੀਸਦ ਨੌਜਵਾਨ ਨਸ਼ਈ ਹਨ। ਕਿਸੇ ਦੀ ਧੀ-ਭੈਣ ਹੱਥ ਵਿਚ ਪਰਸ ਫੜ ਕੇ ਬਾਜ਼ਾਰ ‘ਕੱਲ੍ਹੀ ਨਹੀਂ ਜਾ ਸਕਦੀ। ਤੰਗ ਸੜਕਾਂ ਉਤੇ ਦੁਰਘਟਨਾਵਾਂ ਵਿਚ ਕੀਮਤੀ ਜਾਨਾਂ ਜਾ ਰਹੀਆਂ ਹਨ। ਸਿੱਖਿਆ ਤੇ ਸਿਹਤ ਸਹੂਲਤਾਂ ਗਰੀਬਾਂ ਦੀ ਪਹੁੰਚ ਤੋਂ ਬਾਹਰ ਹਨ। ਅੰਮ੍ਰਿਤਸਰ ਸ਼ਹਿਰ ਦੇ ਚਾਰ-ਚੁਫੇਰੇ ਜਿਹੜੀਆਂ ਬਸਤੀਆਂ ਵਸ ਗਈਆਂ ਹਨ, ਉਥੇ ਨਾ ਸੀਵਰੇਜ ਦਾ ਪ੍ਰਬੰਧ ਹੈ, ਨਾ ਪੀਣ ਲਈ ਸਾਫ ਪਾਣੀ ਮਿਲਦਾ ਹੈ। ਲੋਕ ਹੋਰ ਬੁਨਿਆਦੀ ਸਹੂਲਤ ਤੋਂ ਵੀ ਵਾਂਝੇ ਹਨ। ਥਾਂ-ਥਾਂ ਗੰਦਗੀ ਦੇ ਢੇਰ ਲੋਕਾਂ ਦਾ ਮੂੰਹ ਚਿੜਾ ਰਹੇ ਹਨ। ਉਥੇ ਬਹੁ-ਗਿਣਤੀ ਲੋਕ ਉਹ ਹਨ ਜਿਹੜੇ ਅਤਿਵਾਦ ਦੇ ਸਤਾਏ ਹੋਣ ਕਰ ਕੇ ਪਿੰਡਾਂ ਤੋਂ ਉਜੜ ਗਏ ਸਨ।
ਇਹੀ ਨਹੀਂ, ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰ ਨਵਜੋਤ ਸਿੱਧੂ ਦੇ ਸਿਆਸੀ ਭਾਈਵਾਲ ਕਿਤੇ ਕੈਸੀਨੋ ਖੋਲ੍ਹਣ ਦੀਆਂ ਬਾਤਾਂ ਪਾਉਂਦੇ ਹਨ ਅਤੇ ਕਿਤੇ ਪੰਜਾਬ ਤੋਂ ਬਾਹਰ ਅਮੀਰ ਸਕੂਲਾਂ ਨੂੰ ਕਰੋੜਾਂ ਦਾ ਦਾਨ ਦੇ ਰਹੇ ਹਨ, ਪਰ ਗੁਰੂ ਕੀ ਨਗਰੀ ਨਾਲ ਲਗਦੇ ਬਾਰਡਰ ਦੇ ਸਕੂਲਾਂ ਵਿਚ ਨਾ ਪਾਣੀ, ਨਾ ਪੱਖੇ, ਨਾ ਪਖਾਨੇ। ਬਹੁਤੇ ਸਕੂਲਾਂ ਵਿਚ ਅਧਿਆਪਕਾਂ ਵੀ ਪੂਰੇ ਨਹੀਂ। ਥਾਂ-ਥਾਂ ਖੋਖਿਆਂ ਉਤੇ ਤਮਾਕੂ, ਨਸ਼ਿਆਂ ਦੇ ਕੈਪਸੂਲ ਵਿਕਦੇ ਹਨ; ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ। ਜੇ ਦਸਾਂ ਵਿਚੋਂ ਤਿੰਨ ਨੌਜਵਾਨ ਨਸ਼ੇ ਤੋਂ ਬਚੇ ਸਨ ਤਾਂ ਹਰ ਥਾਂ ਨਸ਼ੇ ਮਿਲਦੇ ਹੋਣ ਕਾਰਨ ਉਹ ਵੀ ਇਸੇ ਪਾਸੇ ਧੱਕੇ ਜਾ ਰਹੇ ਹਨ।
ਅੰਮ੍ਰਿਤਸਰ ਦੀਆਂ ਕਚਹਿਰੀਆਂ ਵਿਚ ਹਰ ਰੋਜ਼ ਦੇਸੀ-ਵਿਦੇਸ਼ੀ ਲਾੜਿਆਂ ਜਾਂ ਦਾਜ ਦੀਆਂ ਸਤਾਈਆਂ ਧੀਆਂ-ਭੈਣਾਂ ਧੱਕੇ ਖਾਂਦੀਆਂ ਹਨ। ਇਨ੍ਹਾਂ ਦੀ ਹੋ ਰਹੀ ਖੱਜਲ-ਖੁਆਰੀ ਦਾ ਕਿਸੇ ਨੂੰ ਕੋਈ ਫਿਕਰ ਨਹੀਂ। ਇਨ੍ਹਾਂ ਦੇ ਵਿਲਕਦੇ ਮਾਪਿਆਂ ਨੂੰ ਦੇਖ ਕੇ ਇਕ ਵਾਰ ਤਾਂ ਅੰਬਰ ਵੀ ਕੰਬ ਜਾਂਦਾ ਹੈ, ਪਰ ਨਵਜੋਤ ਸਿੱਧੂ ਜਿਹੇ ਸਾਡੇ ਸਿਆਸਤਦਾਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ।
ਨਵਜੋਤ ਸਿੱਧੂ ਨੇ ਗੁਰੂ ਕੀ ਨਗਰੀ ਵਾਲਿਆਂ ਨਾਲ ਅਨੇਕਾਂ ਵਾਅਦੇ ਕੀਤੇ ਸਨ; ਇੰਜ ਲੱਗਦਾ ਏ ਜਿਵੇਂ ਉਹ ਵੀ ਮਜ਼ਾਕ ਅਤੇ ਮਸਖਰੀਆਂ ਹੀ ਸਨ। ਹੁਣ ‘ਬਿੱਗ ਬੌਸ’ ਦੇ ਵਿਹੜੇ ਵਿਚ ਡੁਪਲੀਕੇਟ ਜਿਹਾ ਤੁਰਦਾ-ਫਿਰਦਾ ਅਤੇ ਸਿਧਾਂਤਾਂ ਦੀਆਂ ਗੱਲਾਂ ਕਰਦਾ ਨਵਜੋਤ ਸਿੱਧੂ ਜਚਦਾ ਨਹੀਂ। ਪਤਾ ਲੱਗਾ ਹੈ ਕਿ ਉਸ ਨੂੰ ‘ਬਿੱਗ ਬੌਸ’ ਦੇ ਘਰ ਵਿਚ ਰਹਿਣ ਦੇ ਹਫਤੇ ਦੇ ਲੱਖਾਂ ਰੁਪਏ ਮਿਲਦੇ ਹਨ, ਪਰ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਇਸ ਬੰਦੇ ਨੂੰ ਤਾਂ ਗੁਰੂ ਕੀ ਨਗਰੀ ਦੀਆਂ ਸਮਾਜਕ ਕਦਰਾਂ-ਕੀਮਤਾਂ, ਲੋਕਾਂ ਦੀਆਂ ਲੋੜਾਂ ਤੇ ਮਾਨਸਿਕਤਾ ਅਤੇ ਆਪਣੇ ਭਾਈਚਾਰੇ ਦੀ ਮਾਣ-ਮਰਿਆਦਾ ਅਨੁਸਾਰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਸੀ। ਇਸ ਕੋਲ ਤਾਂ ਪੈਸੇ ਦੀ ਵੀ ਕੋਈ ਕਮੀ ਨਹੀਂ ਹੋਣੀ, ਫਿਰ ਕਿਹੜੀ ਗੱਲ ਤੋਂ ਇਹ ਲੋਕਾਂ ਨੂੰ ਪਿੱਛੇ ਛੱਡ ਕੇ ‘ਬਿੱਗ ਬੌਸ’ ਵਿਚ ਮਸਖਰਾ ਬਣਿਆ ਹੋਇਆ ਹੈ? ਜਿਨ੍ਹਾਂ ਲੋਕਾਂ ਨੇ ਸ਼ੋਹਰਤ ਅਤੇ ਤਾਕਤ ਬਖ਼ਸ਼ੀ ਹੈ, ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣਾ ਤਾਂ ਉਸ ਦਾ ਪਹਿਲਾ ਫਰਜ਼ ਸੀ!
Leave a Reply