ਸਾਂਝੇ ਪੰਜਾਬ ਦੀ ਮੁਹੱਬਤ ‘ਸ਼ਾਹਕੋਟ`

ਮੋਨਾ
ਪੰਜਾਬੀ ਫਿਲਮ ‘ਸ਼ਾਹਕੋਟ` ਸਰਹੱਦ ਦੇ ਦੋਵੇਂ ਪਾਸੇ ਵਸੇ ਪੰਜਾਬ ਦੀ ਕਹਾਣੀ ਹੈ। ਇਸ ਵਿਚ ਉਘਾ ਅਦਾਕਾਰ ਰਾਜ ਬੱਬਰ ਪਿਤਾ ਦੀ ਭੂਮਿਕਾ ਵਿਚ ਨਜ਼ਰ ਆਵੇਗਾ। ਇਸ ਫਿਲਮ ਰਾਹੀਂ ਰਾਜ ਬੱਬਰ ਨੇ ਪੰਜਾਬੀ ਫਿਲਮਾਂ ਵਿਚ ਵਾਪਸੀ ਕੀਤੀ ਹੈ। ਰਾਜ ਬੱਬਰ ਨੇ ਫਿਲਮ ਦੀ ਟੀਮ ਨੂੰ ਪਿਤਾ ਵਾਂਗ ਹੀ ਸੰਭਾਲਿਆ ਹੈ ਅਤੇ ਯਕੀਨੀ ਬਣਾਇਆ ਹੈ ਕਿ ਨੌਜਵਾਨ ਕਲਾਕਾਰਾਂ ਨੂੰ ਅੱਗੇ ਆਉਣ ਤੇ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਦਾ ਪੂਰਾ ਮੌਕਾ ਮਿਲੇ। ਉਸ ਨੇ ਆਪ ਪਿੱਛੇ ਰਹਿੰਦਿਆਂ ਸਾਥੀ ਕਲਾਕਾਰਾਂ ਨੂੰ ਕੋਮਲਤਾ ਨਾਲ ਉਭਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਗਾਇਕ ਗੁਰੂ ਰੰਧਾਵਾ ਤੇ ਅਭਿਨੇਤਰੀ ਈਸ਼ਾ ਤਲਵਾਰ ਵੀ ਇਸ ਫਿਲਮ ਦਾ ਹਿੱਸਾ ਬਣੇ ਹਨ।

ਰਾਜ ਬੱਬਰ ਦਾ ਕਹਿਣਾ ਹੈ, “ਸ਼ਾਹਕੋਟ ਭਾਰਤ-ਪਾਕਿਸਤਾਨ ਦੀ ਕਹਾਣੀ ਹੈ ਪਰ ਇਹ ਐਨ ਅਲੱਗ ਹੈ। ਇਹ ਮੁਹੱਬਤ ਦਾ ਪੱਖ ਪੂਰਦੀ ਹੈ!” ਮੁਹੱਬਤ ਨੂੰ ਸਿਜਦਾ ਕਰਦੀ ਇਸ ਫਿਲਮ ਦਾ ਟੀਜ਼ਰ ਜਾਰੀ ਹੋ ਚੁੱਕਾ ਹੈ ਤੇ ਇਹ 4 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜਤਿੰਦਰ ਸ਼ਾਹ ਦੇ ਸੰਗੀਤ ਨਾਲ ਸਜੀ ਇਸ ਫਿਲਮ ਦਾ ਨਿਰਮਾਤਾ ਮਾਰਵਾੜੀ ਹੈ। ਨਿਰਮਾਤਾ ਮੋਹਟਾ ਦਾ ਕਹਿਣਾ ਹੈ, “ਮਾਰਵਾੜੀ ਕਾਰੋਬਾਰੀ ਕਦੇ ਕੱਚਾ ਸੌਦਾ ਨਹੀਂ ਕਰਦਾ, ਇਹ ਫਿਲਮ ਚੰਗਾ ਹੀ ਕਰੇਗੀ।”
ਨਿਰਦੇਸ਼ਕ ਅਤੇ ਫਿਲਮ ਦਾ ਲੇਖਕ ਰਾਜੀਵ ਢੀਂਗਰਾ ਕਹਿੰਦਾ ਹੈ ਕਿ ਰਾਜ ਬੱਬਰ ਨੂੰ ਫਿਲਮ ਕਰਨ ਲਈ ਮਨਾਉਣਾ ਜਿੱਤ ਵਰਗਾ ਹੈ। ਢੀਂਗਰਾ ‘ਲਵ ਪੰਜਾਬ` ਵਰਗੀ ਫਿਲਮ ਨਿਰਦੇਸ਼ਤ ਕਰ ਚੁੱਕਾ ਹੈ ਅਤੇ ‘ਕਾਮੇਡੀ ਨਾਈਟਸ ਵਿਦ ਕਪਿਲ` ਨਾਲ ਵੀ ਜੁੜਿਆ ਰਿਹਾ ਹੈ। ਢੀਂਗਰਾ ਦੱਸਦਾ ਹੈ, “ਫਿਲਮ ਦਿਖਾਉਂਦੀ ਹੈ ਕਿ ਕਿਵੇਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਭਾਰਤੀਆਂ ਨੂੰ ਗਰੀਸ ਦੇ ਰੂਟ ਰਾਹੀਂ ਲਿਜਾਇਆ ਜਾਂਦਾ ਸੀ ਪਰ ਫੜੇ ਜਾਣ `ਤੇ ਉਨ੍ਹਾਂ ਨੂੰ ਜੰਗੀ ਕੈਦੀ ਬਣਾ ਕੇ ਤਬਾਦਲੇ ਵਜੋਂ ਤੁਰਕੀ, ਇਰਾਨ ਤੇ ਪਾਕਿਸਤਾਨ ਭੇਜ ਦਿੱਤਾ ਜਾਂਦਾ ਸੀ। ਉਂਝ, ਫਿਲਮ ਦਾ ਬਿਰਤਾਂਤ ਕਾਲਪਨਿਕ ਉਡਾਰੀ ਮਾਰਦਾ ਹੈ ਤੇ ‘ਮੁਹੱਬਤ` ਨੂੰ ਮਾਟੋ ਬਣਾਉਂਦਾ ਹੈ।”
ਫਿਲਮ `ਚ ਗੁਰੂ ਰੰਧਾਵਾ ਦੀ ਨਾਇਕਾ ਦਾ ਕਿਰਦਾਰ ਈਸ਼ਾ ਤਲਵਾਰ ਨੇ ਨਿਭਾਇਆ ਹੈ। ਇਹ ਪੰਜਾਬੀ ਕੁੜੀ ਮਲਿਆਲਮ, ਤੇਲਗੂ, ਤਾਮਿਲ ਤੇ ਹਿੰਦੀ ਸਿਨੇਮਾ ਦੇ ਨਾਲ-ਨਾਲ ਕੁਝ ਹਿੱਟ ਵੈੱਬ ਸ਼ੋਅ ਕਰ ਕੇ ਘਰ ਵਾਪਸ ਮੁੜੀ ਹੈ। ਮੁੰਬਈ ਦੀ ਜੰਮਪਲ ਈਸ਼ਾ ਮੁਤਾਬਕ, “ਕਾਸ਼! ਮੇਰੇ ਵੱਡੇ ਹੋਣ ਦੌਰਾਨ ਘਰ ਵਿਚ ਮਾਪਿਆਂ ਨੇ ਕੁਝ ਪੰਜਾਬੀ ਬੋਲੀ ਹੁੰਦੀ। ਹੁਣ ਮੈਨੂੰ ਇੱਥੇ ਆਪਣੀ ਮਾਤ ਭਾਸ਼ਾ ਨਾਲ ਸਹਿਜ ਹੋਣਾ ਸਿੱਖਣਾ ਪੈ ਰਿਹਾ ਹੈ। ਉਂਝ, ਮਾਤਭੂਮੀ `ਤੇ ਪੰਜਾਬੀ ਸਿੱਖਣਾ ਬਹੁਤ ਚੰਗਾ ਤਜਰਬਾ ਹੈ, ਮੈਂ ਇੱਥੇ ਹੋਰ ਭੂਮਿਕਾਵਾਂ ਵੀ ਕਰਨਾ ਚਾਹਾਂਗੀ।” ਰਾਜ ਬੱਬਰ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਈਸ਼ਾ ਦਾ ਕਹਿਣਾ ਹੈ, “ਮੈਂ ਗੀਤ ‘ਮੇਰੇ ਪਿਆਰ ਕੀ ਉਮਰ ਹੋ ਇਤਨੀ ਸਨਮ` ਸੁਣਦਿਆਂ ਵੱਡੀ ਹੋਈ ਹਾਂ, ਤੇ ਗੀਤ ਦੇ ਨਾਇਕ ਰਾਜ ਬੱਬਰ ਨਾਲ ਕੰਮ ਕਰਨਾ ਸ਼ਾਨਦਾਰ ਅਨੁਭਵ ਹੈ।”
ਗੁਰੂ ਰੰਧਾਵਾ ਨੇ ਭਾਵੇਂ ਪਹਿਲਾਂ ਹਿੰਦੀ ਫਿਲਮ ‘ਕੁਛ ਖੱਟਾ ਹੋ ਜਾਏ` ਕੀਤੀ ਹੈ ਪਰ ਉਹ ‘ਸ਼ਾਹਕੋਟ` ਨੂੰ ਆਪਣੀ ਪਹਿਲੀ ਫਿਲਮ ਮੰਨਦਾ ਹੈ ਕਿਉਂਕਿ ਇਹ ਪਹਿਲਾਂ ਫਿਲਮਾਈ ਗਈ ਸੀ। ਕਈ ਸੁਪਰਹਿੱਟ ਗੀਤ ਦੇਣ ਵਾਲਾ ਗੁਰੂ ਰੰਧਾਵਾ ਦੱਸਦਾ ਹੈ, “ਕਈ ਲੋਕ ਮੇਰੇ ਕੋਲ ਆਉਂਦੇ ਸਨ ਤੇ ਕਹਿੰਦੇ ਸਨ ਕਿ ਮੈਂ ਚੰਗਾ ਦਿਸਦਾ ਹਾਂ ਤੇ ਗਾਉਂਦਾ ਵੀ ਚੰਗਾ ਹਾਂ, ਇਸ ਲਈ ਮੈਨੂੰ ਹੀਰੋ ਬਣਨਾ ਚਾਹੀਦਾ ਹੈ। ਇਸ ਫਿਲਮ ਨੇ ਮੇਰੀ ਜ਼ਿੰਦਗੀ `ਚ ਨਵਾਂ ਅਧਿਆਏ ਜੋੜਿਆ ਹੈ। ਹੁਣ ਮੈਂ ਹੋਰ ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ ਵਿਚ ਵੀ ਫਿਲਮਾਂ ਕਰਨ ਦਾ ਚਾਹਵਾਨ ਹਾਂ। ਮੈਂ ਜਿੱਥੇ ਵੀ ਜਾਂਦਾ ਹਾਂ, ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹਾਂ। ਹਿੰਦੀ ਫਿਲਮਾਂ ਵਿਚ ਵੀ ਮੈਂ ਪੰਜਾਬੀ ਗੀਤ ਗਾਉਂਦਾ ਹਾਂ ਤੇ ਆਪਣੇ ਸੱਭਿਆਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਰਹਿੰਦੀ ਹੈ। ‘ਸ਼ਾਹਕੋਟ` ਫਿਲਮ ਖ਼ੂਬਸੂਰਤ ਪ੍ਰੇਮ ਕਹਾਣੀ ਹੈ ਜਿਸ ਨੂੰ ਦਰਸ਼ਕ ਪਿਆਰ ਦੇਣਗੇ।” ਗੁਰੂ ਰੰਧਾਵਾ ‘ਪਟੋਲਾ`, ‘ਹਾਈ ਰੇਟਡ ਗੱਭਰੂ`, ‘ਮੋਰਨੀ ਬਣ ਕੇ` ਅਤੇ ‘ਲੱਗਦੀ ਲਾਹੌਰ ਦੀ` ਵਰਗੇ ਕਈ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ‘ਸ਼ਾਹਕੋਟ` ਵਿਚ ਗੁਰੂ ਰੰਧਾਵਾ ਨੇ ਇਕਬਾਲ ਦਾ ਕਿਰਦਾਰ ਨਿਭਾਇਆ ਹੈ ਜੋ ਸਰਹੱਦ ਪਾਰ ਦਿਲ ਜਿੱਤਦਾ ਅਤੇ ਗੁਆ ਬਹਿੰਦਾ ਹੈ।
ਸੰਨ 1980 `ਚ ਆਪਣੀ ਪਹਿਲੀ ਪੰਜਾਬੀ ਫਿਲਮ ‘ਚੰਨ ਪ੍ਰਦੇਸੀ’ ਕਰਨ ਵਾਲੇ ਰਾਜ ਬੱਬਰ ਨੇ ਪੰਜਾਬੀ ਸਿਨੇਮਾ ਲਈ ਆਪਣਾ ਪ੍ਰੇਮ ਕਾਇਮ ਰੱਖਿਆ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਸ ਨੇ ਹਰ ਸਾਲ ਇੱਕ ਪੰਜਾਬੀ ਫਿਲਮ ਕੀਤੀ ਜਿਨ੍ਹਾਂ `ਚ ਮੁੱਖ ਰੁਮਾਂਟਿਕ ਭੂਮਿਕਾ ਜਾਂ ਨਾਇਕ ਦਾ ਕਿਰਦਾਰ ਕੀਤਾ। ‘ਮੜ੍ਹੀ ਦਾ ਦੀਵਾ`, ‘ਲੌਂਗ ਦਾ ਲਿਸ਼ਕਾਰਾ`, ‘ਮਾਹੌਲ ਠੀਕ ਹੈ` ਤੇ ‘ਯਾਰਾਂ ਨਾਲ ਬਹਾਰਾਂ` ਤੇ ਹੋਰ ਫਿਲਮਾਂ ਵਿਚ ਉਸ ਨੇ ਅਹਿਮ ਕਿਰਦਾਰ ਨਿਭਾਏ ਹਨ। ਅਦਾਕਾਰ ਤੇ ਸਿਆਸਤਦਾਨ ਬੱਬਰ ਨੇ ਕਿਹਾ, “ਕਹਾਣੀ ਤੇ ਰੂਹ ਨੂੰ ਸਕੂਨ ਦੇਣ ਵਾਲੇ ਕਈ ਗੀਤ ਸੁਣਨ ਤੋਂ ਬਾਅਦ ਗੁਰੂ ਰੰਧਾਵਾ ਦੇ ਫਿਲਮ `ਚ ਹੋਣ ਦੇ ਮੱਦੇਨਜ਼ਰ ਮੈਂ ਇਹ ਫਿਲਮ ਕਰਨੀ ਹੀ ਸੀ। ਸਿਨੇਮਾ ਨੇ ਮੈਨੂੰ ਪਛਾਣ ਦਿੱਤੀ ਹੈ, ਇਸ ਲਈ ਇਹ ਮੇਰੇ ਦਿਲ ਦੇ ਕਰੀਬ ਹੈ ਤੇ ਹਮੇਸ਼ਾ ਰਹੇਗਾ।”
‘ਚੰਨ ਪ੍ਰਦੇਸੀ` ਨੂੰ ਯਾਦ ਕਰਦਿਆਂ ਉਸ ਨੇ ਕਿਹਾ, “ਇਸ ਫਿਲਮ ਰਾਹੀਂ ਤਜਰਬਾ ਕੀਤਾ ਗਿਆ। ਪੁਣੇ ਫਿਲਮ ਸਕੂਲ (ਐੱਫ.ਟੀ.ਆਈ.ਆਈ.) ਦੇ ਲੋਕ ਕੁਝ ਵੱਖਰਾ ਕਰਨ ਲਈ ਇਕੱਠੇ ਹੋਏ ਸਨ। ਸਿਨੇਮੈਟੋਗ੍ਰਾਫਰ ਵਜੋਂ ਇਹ ਮਨਮੋਹਨ ਸਿੰਘ ਦੀ ਪਹਿਲੀ ਫਿਲਮ ਸੀ। ਅਮਰੀਸ਼ ਪੁਰੀ, ਓਮ ਪੁਰੀ, ਕੁਲਭੂਸ਼ਣ ਖਰਬੰਦਾ ਤੇ ਮੈਂ ਇਸ ਪ੍ਰੋਜੈਕਟ ਲਈ ਇਕੱਠੇ ਹੋਏ ਸੀ।” ਰਾਜ ਬੱਬਰ ਖ਼ੁਸ਼ ਹੈ ਕਿ ਲੰਘੇ ਕਈ ਦਹਾਕਿਆਂ `ਚ ਪੰਜਾਬੀ ਫਿਲਮਾਂ ਨੇ ਆਲਮੀ ਪੱਧਰ `ਤੇ ਵੱਡੀ ਗਿਣਤੀ ਵਿਚ ਦਰਸ਼ਕ ਕਮਾਏ ਹਨ। ਰਾਜ ਬੱਬਰ ਨੂੰ ਆਪਣੀ ਕਾਮਯਾਬੀ ਦਾ ਗਰੂਰ ਨਹੀਂ ਬਲਕਿ ਉਸ ਦਾ ਕਹਿਣਾ ਹੈ, “ਕਾਮਯਾਬੀ ਨੇ ਹੀ ਮੈਨੂੰ ਨਿਮਰ ਬਣਾਇਆ ਹੈ।”
ਰਾਜ ਬੱਬਰ ਦੇ ਤਿੰਨ ਬੱਚੇ ਆਰੀਆ ਬੱਬਰ, ਜੂਹੀ ਬੱਬਰ ਤੇ ਪ੍ਰਤੀਕ ਬੱਬਰ ਵੀ ਅਦਾਕਾਰੀ ਦੇ ਖੇਤਰ ਵਿਚ ਆਏ ਹਨ। ਰਾਜ ਬੱਬਰ ਕਹਿੰਦਾ ਹੈ, “ਮੈਂ ਉਨ੍ਹਾਂ ਦੀ ਜ਼ਿੰਦਗੀ `ਚ ਬਹੁਤਾ ਦਖਲ ਨਹੀਂ ਦਿੰਦਾ। ਹਾਂ, ਜਦ ਉਨ੍ਹਾਂ ਨੂੰ ਮੁਸ਼ਕਿਲ ਹੁੰਦੀ ਹੈ ਤਾਂ ਉਹ ਮੇਰੇ ਕੋਲ ਆਉਂਦੇ ਹਨ ਪਰ ਜ਼ਿਆਦਾਤਰ ਮੈਂ ਉਨ੍ਹਾਂ ਵੱਲੋਂ ਆਪਣੇ ਲਈ ਖ਼ੁਦ ਕੀਤੇ ਫ਼ੈਸਲਿਆਂ `ਤੇ ਹੀ ਭਰੋਸਾ ਰੱਖਦਾ ਹਾਂ।` ‘ਨੈਸ਼ਨਲ ਸਕੂਲ ਆਫ ਡਰਾਮਾ` ਤੋਂ ਸਿਖਲਾਈ ਪ੍ਰਾਪਤ ਰਾਜ ਬੱਬਰ ਦਾ ਮੰਨਣਾ ਹੈ ਕਿ ਕਲਾਕਾਰ ਨੂੰ ਤਰਾਸ਼ਿਆ ਜਾ ਸਕਦਾ ਹੈ, ਉਂਝ ਤਾ ਸਾਰੇ ਹੀ ਅਦਾਕਾਰ ਹਨ ਤੇ ਜ਼ਿੰਦਗੀ ਵਿਚ ਆਪੋ-ਆਪਣੇ ਕਿਰਦਾਰ ਜਿਊਂਦੇ ਹਨ।