ਰਾਜਪਾਲ ਸਿੰਘ
ਫੋਨ: +91-98767-10809
ਸ਼ਕਤੀਸ਼ਾਲੀ ਰੋਮਨ ਸਮਰਾਟ ਕੌਂਸਟੈਨਟਾਈਨ ਧਰਮ ਦੇ ਹੱਕ ਵਿਚ ਖੜ੍ਹ ਗਿਆ ਤਾਂ ਹੌਲ਼ੀ-ਹੌਲ਼ੀ ਬਾਕੀ ਸਭ ਤਰ੍ਹਾਂ ਦੇ ਧਾਰਮਿਕ ਜਾਂ ਦਾਰਸ਼ਨਿਕ ਵਿਚਾਰ ਦਬਾ ਦਿੱਤੇ ਗਏ। ਬਹੁਤ ਸਾਰੀਆਂ ਹੱਥ ਲਿਖਤਾਂ ਅਤੇ ਲਾਇਬ੍ਰੇਰੀਆਂ ਸਾੜ ਦਿੱਤੀਆਂ। ਮਨੁੱਖਤਾ ਨੂੰ ਡੂੰਘੇ ਹਨੇਰੇ ਵਿਚ ਸੁੱਟ ਦਿੱਤਾ ਗਿਆ। ਇਹ ਦੌਰ ਤਕਰੀਬਨ ਇਕ ਹਜ਼ਾਰ ਸਾਲ ਚੱਲਿਆ। ਇਸ ਹਨੇਰੇ ਦੌਰ ਦੇ ਪਿਛੋਕੜ ਬਾਰੇ ਵਿਸਥਾਰ ਸਹਿਤ ਚਰਚਾ ਰਾਜਪਾਲ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
ਇਕ ਯੂਰਪ ਉਹ ਸੀ… ਜਦ ਸਥਾਪਿਤ ਧਾਰਮਿਕ ਮਾਨਤਾਵਾਂ ਉਤੇ ਥੋੜ੍ਹਾ ਬਹੁਤ ਵੀ ਕਿੰਤੂ ਕਰਨ ਵਾਲੇ ਨੂੰ ਜਿਉਂਦਾ ਸਾੜ ਦਿੱਤਾ ਜਾਂਦਾ ਸੀ। ਹਜ਼ਾਰਾਂ ਔਰਤਾਂ ਨੂੰ ਜਾਦੂਗਰਨੀਆਂ ਕਹਿ ਕੇ ਜਿਉਂਦਾ ਸਾੜਿਆ ਜਾਂ ਪਾਣੀ ਵਿਚ ਡੋਬ ਕੇ ਮਾਰਿਆ ਗਿਆ। ਇਹੋ ਜਿਹੀਆਂ ਹਾਸੋਹੀਣੀਆਂ ਰਵਾਇਤਾਂ ਪ੍ਰਚਲਿਤ ਸਨ ਕਿ ਜੋ ਪੈਸੇ ਦੇ ਸਕਦੇ ਸਨ, ਉਨ੍ਹਾਂ ਨੂੰ ਪਾਪਾਂ ਤੋਂ ਮੁਕਤੀ ਦੇ ਸਰਟੀਫ਼ਿਕੇਟ ਵੇਚੇ ਜਾਂਦੇ ਸਨ। ਇਹ ਕੰਮ ਕੋਈ ਚੋਰੀ ਛੁਪੇ ਜਾਂ ਕੁਝ ਪਾਦਰੀਆਂ ਨਹੀਂ ਸਨ ਚਲਾਉਂਦੇ ਬਲਕਿ ਇਸ ਨੂੰ ਚਰਚ ਦੀ ਬਾਕਾਇਦਾ ਮਾਨਤਾ ਸੀ। ਇਹ ਕਿਹਾ ਗਿਆ ਕਿ ਸਾਰੇ ਗਿਆਨ ਅਤੇ ਸਚਾਈ ਦਾ ਮੂਲ ਸੋਮਾ ਬਾਈਬਲ ਹੈ, ਜੋ ਗੱਲ ਬਾਈਬਲ ਨਾਲ ਮੇਲ ਨਹੀਂ ਖਾਂਦੀ, ਉਹ ਝੂਠੀ ਹੈ। ਕੋਈ ਤਰਕ ਕਰਨਾ ਜਾਂ ਅਜਿਹੀ ਗੱਲ ਕਰਨੀ ਜੋ ਬਾਈਬਲ ਨਾਲ ਮੇਲ ਨਾ ਖਾਂਦੀ ਹੋਵੇ, ਸਿੱਧਾ ਮੌਤ ਨੂੰ ਸੱਦਾ ਦੇਣਾ ਸੀ।
ਇਕ ਯੂਰਪ ਇਹ ਹੈ… ਜਿੱਥੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਮਨੁੱਖੀ ਹੋਂਦ ਦਾ ਗੁਣ ਮੰਨਿਆ ਜਾਂਦਾ ਹੈ। ਜਿੱਥੇ ਕਿਸੇ ਵੀ ਧਰਮ ਦੀ ਕਿੰਨੀ ਵੀ ਆਲੋਚਨਾ ਕੀਤੀ ਜਾ ਸਕਦੀ ਹੈ, ਧਾਰਮਿਕ ਮਾਨਤਾਵਾਂ ਦਾ ਮਖੌਲ ਉਡਾਇਆ ਜਾ ਸਕਦਾ ਹੈ; ਜਿੱਥੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਚਰਚ ਵਿਕ ਰਹੇ ਹਨ। ਜਿਹੜੇ ਮੌਜੂਦ ਹਨ, ਉਹਨਾਂ ਵਿਚ ਕੋਈ ਰੌਣਕ ਨਹੀਂ। ਵਿਗਿਆਨ ਅਤੇ ਤਰਕ ਨੂੰ ਸਚਾਈ ਦੀ ਅਸਲ ਕਸਵੱਟੀ ਮੰਨਿਆ ਜਾਂਦਾ ਹੈ।
ਇਹ ਕਿਵੇਂ ਹੋਇਆ ਕਿ ਯੂਰਪ ਐਨੇ ਪੱਛੜੇਪਨ ਅਤੇ ਧਾਰਮਿਕ ਕੱਟੜਤਾ ਵਿਚੋਂ ਨਿਕਲ ਕੇ ਆਧੁਨਿਕ ਦੌਰ ਵਿਚ ਪਹੁੰਚ ਸਕਿਆ ਹੈ? ਇਹ ਸਮਝਣ ਲਈ ਸਾਨੂੰ ਇਤਿਹਾਸ ਵਿਚ ਲੰਮੀ ਝਾਤ ਮਾਰਨੀ ਪਵੇਗੀ ਕਿਉਂਕਿ ਇਹ ਸਾਰਾ ਕੁਝ ਕੋਈ ਦਸ-ਵੀਹ ਸਾਲਾਂ ਵਿਚ ਨਹੀਂ ਹੋ ਗਿਆ ਬਲਕਿ ਯੂਰਪੀ ਸਮਾਜ ਦੇ ਇਸ ਵਿਕਾਸ ਪਿੱਛੇ ਸਦੀਆਂ ਦੇ ਸੰਘਰਸ਼, ਕੁਰਬਾਨੀਆਂ ਅਤੇ ਤਬਦੀਲੀਆਂ ਨਾਲ ਭਰਿਆ ਇਤਿਹਾਸ ਪਿਆ ਹੈ।
ਹਨੇਰੇ ਯੁੱਗ ਦੀ ਸ਼ੁਰੂਆਤ
ਈਸਾ ਮਸੀਹ ਦੇ ਜਨਮ ਸਮੇਂ ਤਕਰੀਬਨ ਸਾਰੇ ਯੂਰਪ, ਅਫਰੀਕਾ ਦੇ ਉਤਰੀ ਹਿੱਸੇ ਅਤੇ ਪੱਛਮੀ ਏਸ਼ੀਆ ਦੇ ਵਿਸ਼ਾਲ ਇਲਾਕੇ ਉਪਰ ਰੋਮਨਾਂ ਦਾ ਰਾਜ ਸੀ। ਉਸ ਸਮੇਂ ਦੀਆਂ ਹੋਰ ਸਭਿਆਤਾਵਾਂ ਵਾਂਗ ਰੋਮਨ ਸਾਮਰਾਜ ਵਿਚ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਜਿਵੇਂ ਹਰ ਨਵੇਂ ਧਰਮ ਨਾਲ ਹੁੰਦਾ ਆਇਆ ਹੈ, ਈਸਾ ਨੂੰ ਮੰਨਣ ਵਾਲਿਆਂ ਉਪਰ ਜ਼ੁਲਮ ਕੀਤੇ ਜਾਂਦੇ ਸਨ ਪਰ ਚੌਥੀ ਸਦੀ ਵਿਚ (312 ਸੀ.ਈ. – ਕਾਮਨ ਇਰਾ; ਗੈਰ-ਧਾਰਮਿਕ ਲੋਕਾਂ ਵੱਲੋਂ ਏ.ਡੀ. ਦੀ ਥਾਂ ਵਰਤੇ ਜਾਣ ਵਾਲੇ ਅੱਖਰ) ਵਿਚ ਰੋਮਨ ਸਮਰਾਟ ਕੌਂਸਟੈਨਟਾਈਨ ਨੇ ਇਸਾਈਆਂ ਨੂੰ ਤੰਗ ਕਰਨ ਉਤੇ ਪਾਬੰਦੀ ਲਗਾ ਦਿੱਤੀ, ਇਸਾਈ ਮੱਠਾਂ ਦੀ ਜ਼ਬਤ ਕੀਤੀ ਜਾਇਦਾਦ ਵਾਪਸ ਮੋੜ ਦਿੱਤੀ ਅਤੇ ਖ਼ੁਦ ਵੀ ਇਸਾਈ ਧਰਮ ਅਪਣਾ ਲਿਆ। ਰਵਾਇਤੀ ਇਤਿਹਾਸਕਾਰ ਭਾਵੇਂ ਉਸ ਦੁਆਰਾ ਇਸਾਈ ਧਰਮ ਅਪਣਾਉਣ ਪਿੱਛੇ ਉਸ ਦੀ ਮਾਂ ਹੈਲੇਨਾ ਦਾ ਪ੍ਰਭਾਵ ਮੰਨਦੇ ਹਨ ਪਰ ਅਸਲ ਵਿਚ ਇਹ ਫ਼ੈਸਲਾ ਇਸਾਈ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋਣ ਦੀ ਬਜਾਇ ਉਸ ਸਮੇਂ ਦੀਆਂ ਸਮਾਜਿਕ-ਰਾਜਨੀਤਕ ਲੋੜਾਂ ਵਿਚੋਂ ਨਿਕਲਿਆ ਸੀ। ਪਹਿਲੇ ਦੌਰ ਵਿਚ ਰੋਮਨ ਰਾਜ ਰਿਪਬਲਿਕ ਸੀ ਜਿੱਥੇ ਸੱਤਾ ਤਾਕਤਵਰ ਲੋਕਾਂ ਦੇ ਸਮੂਹ ਕੋਲ ਹੁੰਦੀ ਸੀ, ਵੱਡੇ ਲੋਕਾਂ ਦੀਆਂ ਸਭਾਵਾਂ ਵਿਚ ਫ਼ੈਸਲੇ ਕੀਤੇ ਜਾਂਦੇ ਸਨ। ਵੰਨ-ਸਵੰਨੇ ਦੇਵਤਿਆਂ ਨੂੰ ਮੰਨਣ ਵਾਲੀ ਗੱਲ ਓਨਾ ਚਿਰ ਤਾਂ ਪੁੱਗਦੀ ਸੀ ਜਿੰਨਾ ਚਿਰ ਰਾਜਨੀਤਕ ਤਾਕਤ ਵੱਖ-ਵੱਖ ਮੁਖੀਆਂ ਕੋਲ ਸੀ ਪਰ ਕੌਂਸਟੈਨਟਾਈਨ ਤੱਕ ਆਉਂਦੇ-ਆਉਂਦੇ ਸਾਰੀ ਤਾਕਤ ਉਸ ਕੋਲ ਕੇਂਦਰਿਤ ਹੋ ਗਈ ਅਤੇ ਉਸ ਨੇ ਅੱਗੇ ਲਈ ਵੀ ਆਪਣੀ ਸੰਤਾਨ ਵਿਚੋਂ ਹੀ ਸਮਰਾਟ ਬਣਨ ਦੀ ਪਰੰਪਰਾ ਚਲਾ ਦਿੱਤੀ। ਜਦੋਂ ਰਾਜਨੀਤਕ ਖੇਤਰ ਵਿਚ ਸਮਰਾਟ ਇਕੋ ਸੀ ਤਾਂ ਧਾਰਮਿਕ ਖੇਤਰ ਵਿਚ ਵੀ ਲੋੜ ਸੀ ਕਿ ਸਾਰੇ ਲੋਕ ਇਕੋ ਰੱਬ ਨੂੰ ਮੰਨਣ। ਇਹ ਲੋੜ ਇਸਾਈ ਧਰਮ ਪੂਰੀ ਕਰਦਾ ਸੀ।
ਜਦ ਸ਼ਕਤੀਸ਼ਾਲੀ ਰੋਮਨ ਸਮਰਾਟ ਕੌਂਸਟੈਨਟਾਈਨ ਇਸਾਈ ਧਰਮ ਦੇ ਹੱਕ ਵਿਚ ਖੜ੍ਹ ਗਿਆ ਤਾਂ ਹੌਲ਼ੀ-ਹੌਲ਼ੀ ਬਾਕੀ ਸਭ ਤਰ੍ਹਾਂ ਦੇ ਧਾਰਮਿਕ ਜਾਂ ਦਾਰਸ਼ਨਿਕ ਵਿਚਾਰਾਂ ਨੂੰ ਦਬਾ ਦਿੱਤਾ ਗਿਆ। ਕੁਝ ਸਮੇਂ ਵਿਚ ਹੀ ਹਾਲ ਇਹ ਹੋ ਗਿਆ ਕਿ ਜੋ ਕੁਝ ਵੀ ਬਾਈਬਲ ਜਾਂ ਇਸਾਈ ਧਰਮ ਦੀਆਂ ਮਾਨਤਾਵਾਂ ਨਾਲ ਮੇਲ ਨਹੀਂ ਖਾਂਦਾ, ਉਹ ਗਿਆਨ ਬੇਕਾਰ ਮੰਨਿਆ ਜਾਣ ਲੱਗਾ। ਬਹੁਤ ਸਾਰੀਆਂ ਹੱਥ ਲਿਖਤਾਂ ਅਤੇ ਲਾਇਬ੍ਰੇਰੀਆਂ ਸਾੜ ਦਿੱਤੀਆਂ ਜਿਨ੍ਹਾਂ ਵਿਚ ਅਲੈਗਜ਼ੈਂਡਰੀਆ ਦੀ ਮਹਾਨ ਲਾਇਬ੍ਰੇਰੀ ਵੀ ਸ਼ਾਮਲ ਸੀ। ਪ੍ਰਾਚੀਨ ਯੂਨਾਨੀ ਅਤੇ ਰੋਮਨ ਚਿੰਤਕਾਂ ਦਾ ਚਿੰਤਨ ਤੇ ਗਿਆਨ ਇਸਾਈ ਧਰਮ ਗ੍ਰੰਥਾਂ ਹੇਠ ਦਬਾ ਦਿੱਤਾ ਗਿਆ। ਸਮੁੱਚੀ ਮਨੁੱਖਤਾ ਨੂੰ ਡੂੰਘੇ ਹਨੇਰੇ ਵਿਚ ਸੁੱਟ ਦਿੱਤਾ ਗਿਆ। ਇਹ ਦੌਰ ਤਕਰੀਬਨ ਇਕ ਹਜ਼ਾਰ ਸਾਲ ਤੱਕ ਚੱਲਿਆ। ਅੱਜ ਬਹੁਤ ਸਾਰੇ ਵਿਚਾਰਕ ਮੰਨਦੇ ਹਨ ਕਿ ਜੇ ਐਨਾ ਲੰਮਾ ਇਹ ਹਨੇਰਾ ਦੌਰ ਨਾ ਚੱਲਿਆ ਹੁੰਦਾ ਤਾਂ ਮਨੁੱਖੀ ਗਿਆਨ ਅਤੇ ਸਮਾਜ ਹੁਣ ਨਾਲੋਂ ਬਹੁਤ ਵਿਕਸਿਤ ਹੋਣਾ ਸੀ। ਇਸ ਦੌਰਾਨ ਜੇ ਪੁਰਾਣਾ ਗਿਆਨ ਬਚਿਆ ਰਿਹਾ ਤਾਂ ਉਸ ਦਾ ਸਿਹਰਾ ਅਰਬ ਸੰਸਾਰ ਨੂੰ ਜਾਂਦਾ ਹੈ ਜਿੱਥੇ ਇਨ੍ਹਾਂ ਕੱਟੜ ਇਸਾਈ ਤਾਕਤਾਂ ਦੀ ਪਹੁੰਚ ਨਹੀਂ ਸੀ।
ਪੁਨਰ-ਜਾਗਰਤੀ ਦੌਰ (੍ਰੲਨਅਸਿਸਅਨਚੲ ਫੲਰiੋਦ)
ਧਰਮ ਨੇ ਭਾਵੇਂ ਲੰਮਾ ਸਮਾਂ ਨਵੇਂ ਵਿਚਾਰ ਪਨਪਣ ਲਈ ਹਾਲਤਾਂ ਪ੍ਰਤੀਕੂਲ ਬਣਾਈ ਰੱਖੀਆਂ ਪਰ ਸਮੁੱਚੇ ਮਨੁੱਖੀ ਸਮਾਜ ਦੇ ਵਿਕਾਸ ਨੂੰ ਅਨਿਸ਼ਚਿਤ ਕਾਲ ਤੱਕ ਬੰਨ੍ਹ ਮਾਰ ਕੇ ਨਹੀਂ ਰੱਖਿਆ ਜਾ ਸਕਦਾ। ਮਨੁੱਖ ਆਪਣੇ ਜਿਉਂਦੇ ਰਹਿਣ ਲਈ ਸਾਧਨ ਪੈਦਾ ਕਰਨ ਵਾਸਤੇ ਪੈਦਾਵਾਰੀ ਅਮਲ ਵਿਚ ਪਿਆ ਰਹਿੰਦਾ ਹੈ। ਇਸ ਲਈ ਉਹ ਕੁਦਰਤ ਨਾਲ ਕਿਰਿਆ-ਪ੍ਰਤੀਕਿਰਿਆ ਕਰਦਾ ਹੈ ਜਿਸ ਵਿਚੋਂ ਉਸ ਦਾ ਕੁਦਰਤ ਬਾਰੇ ਗਿਆਨ ਵਿਕਸਿਤ ਹੁੰਦਾ ਜਾਂਦਾ ਹੈ। ਇਸ ਹਨੇਰੇ ਦੌਰ ਵਿਚ ਵੀ ਅਜਿਹਾ ਅਮਲੀ ਗਿਆਨ ਵਿਕਸਿਤ ਹੁੰਦਾ ਰਿਹਾ। 14ਵੀਂ-15ਵੀਂ ਸਦੀ ਤੱਕ ਸਥਿਤੀ ਇਹ ਹੋ ਗਈ ਕਿ ਮਨੁੱਖ ਦੁਆਰਾ ਹਾਸਲ ਕੀਤੇ ਜਾ ਰਹੇ ਨਵੇਂ ਗਿਆਨ ਨੂੰ ਧਰਮ ਦੀਆਂ ਸੀਮਾਵਾਂ ਅਤੇ ਬਾਈਬਲ ਦੀਆਂ ਵਿਆਖਿਆਵਾਂ ਵਿਚ ਬੰਨ੍ਹ ਕੇ ਰੱਖਣਾ ਮੁਸ਼ਕਿਲ ਹੋ ਗਿਆ। ਤਦ ਵਿਦਵਾਨਾਂ ਅਤੇ ਚਿੰਤਕਾਂ ਨੇ ਇਸਾਈ ਧਰਮ ਦੀਆਂ ਲਿਖਤਾਂ ਤੋਂ ਵੱਖਰੇ ਵਿਚਾਰਾਂ ਦੀ ਭਾਲ ਆਰੰਭ ਕੀਤੀ ਪਰ ਪਿਛਲੇ ਇਕ ਹਜ਼ਾਰ ਸਾਲ ਤਾਂ ਇਸਾਈ ਸੰਸਾਰ ਦੇ ਖੇਤਰ ਵਿਚ ਕੋਈ ਗਿਣਨਯੋਗ ਫ਼ਲਸਫ਼ਾ ਜਾਂ ਲਿਖਤ ਨਹੀਂ ਰਚੀ ਗਈ ਸੀ ਜੋ ਇਨ੍ਹਾਂ ਧਾਰਮਿਕ ਲਿਖਤਾਂ ਤੋਂ ਪਾਰ ਕੋਈ ਨਵੀਂ ਸੋਚ ਪੇਸ਼ ਕਰਦੀ ਹੋਵੇ। ਸੋ, ਉਸ ਤੋਂ ਪਹਿਲਾਂ ਦੇ ਗ੍ਰੰਥ, ਲਿਖਤਾਂ ਅਤੇ ਵਿਚਾਰ ਫਰੋਲੇ ਜਾਣ ਲੱਗੇ। ਪੁਰਾਤਨ ਯੂਨਾਨ ਵਿਚ ਚਿੰਤਨ, ਫ਼ਲਸਫ਼ੇ ਅਤੇ ਗਿਆਨ ਵਿਧੀਆਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਸਨ। ਉਹ ਸਾਰਾ ਕੁਝ ਭਾਵੇਂ ਮਨੁੱਖੀ ਸੂਝ ਦੇ ਮੁੱਢਲੇ ਦੌਰ ਅਨੁਸਾਰ ਸੀ, ਬਹੁਤ ਸਾਰੀਆਂ ਧਾਰਨਾਵਾਂ ਬੀਜ ਰੂਪ ਵਿਚ ਸਨ ਪਰ ਹਜ਼ਾਰ ਸਾਲ ਤੋਂ ਧਰਮ ਵੱਲੋਂ ਅੱਖਾਂ ਬੰਨ੍ਹ ਕੇ ਅਗਿਆਨਤਾ ਦੇ ਹਨੇਰੇ ਵਿਚ ਸੁੱਟੇ ਸਮਾਜ ਲਈ ਇਹ ਪੁਰਾਤਨ ਲਿਖਤਾਂ ਵੀ ਗਿਆਨ ਦੀ ਨਵੀਂ ਖੁੱਲ੍ਹੀ ਖਿੜਕੀ ਨਿਆਈਂ ਸਨ। ਸੋ, ਪੁਰਾਤਨ ਗਿਆਨ ਫਰੋਲਿਆ ਗਿਆ। ਜਿਥੋਂ ਮਨੁੱਖੀ ਬੌਧਿਕ ਵਿਕਾਸ ਦੀ ਤੰਦ ਛੁੱਟੀ ਸੀ, ਉਹ ਮੁੜ ਫੜੀ। ਇਸੇ ਕਰ ਕੇ ਇਸ ਨੂੰ ਪੁਨਰ-ਜਾਗਰਤੀ ਦੌਰ ਕਿਹਾ ਜਾਂਦਾ ਹੈ ਜੋ 15ਵੀਂ ਤੋਂ 17ਵੀਂ ਸਦੀ ਤੱਕ ਚੱਲਿਆ।
ਐਨਲਾਈਟਨਮੈਂਟ (ਗਿਆਨ) ਲਹਿਰ
ਇਸ ਨਾਲ ਮਨੁੱਖ ਦੇ ਬੌਧਿਕ ਵਿਕਾਸ ਦੀ ਟੁੱਟੀ ਤੰਦ ਤਾਂ ਜੁੜ ਗਈ ਪਰ ਹਜ਼ਾਰ ਸਾਲ ਪੁਰਾਣੀਆਂ ਧਾਰਨਾਵਾਂ ਨਵੇਂ ਗਿਆਨ ਨਾਲ ਕਿੰਨਾ ਕੁ ਚਿਰ ਮੇਲ ਖਾ ਸਕਦੀਆਂ ਸਨ? ਸੋ, ਕੁਝ ਸਮੇਂ ਬਾਅਦ ਉਨ੍ਹਾਂ ਤੋਂ ਵੀ ਅਸੰਤੁਸ਼ਟੀ ਹੋਣ ਲੱਗੀ। ਇਸ ਨਾਲ ਯੂਰਪੀ ਗਿਆਨ ਨਵੇਂ ਦੌਰ ਵਿਚ ਪ੍ਰਵੇਸ਼ ਕਰਦਾ ਹੈ ਜਿਸ ਨੂੰ ਗਿਆਨ ਕਾਲ (ੳਗੲ ੋਾ ਓਨਲਗਿਹਟੲਨਮੲਨਟ) ਕਿਹਾ ਜਾਂਦਾ ਹੈ। ਇਸ ਨੂੰ ਬਹੁਤ ਸਾਰੇ ਚਿੰਤਕਾਂ ਤਰਕ ਦਾ ਯੁੱਗ (ੳਗੲ ੋਾ ੍ਰੲਅਸੋਨ) ਵੀ ਕਿਹਾ ਜਾਂਦਾ ਹੈ।
ਪੁਨਰ-ਜਾਗਰਤੀ ਦੌਰਾਨ ਪੈਦਾ ਹੋਏ ਮਾਹੌਲ ਸਦਕਾ ਕੌਫ਼ੀ ਹਾਊਸਾਂ ਵਿਚ ਬੁੱਧੀਜੀਵੀਆਂ, ਸ਼ੰਕਾਵਾਦੀਆਂ, ਖੋਜੀਆਂ, ਕਲਾਕਾਰਾਂ, ਵਪਾਰੀਆਂ ਅਤੇ ਗਿਆਨ- ਪਿਆਸਿਆਂ ਦੀਆਂ ਮੀਟਿੰਗਾਂ ਵਿਚ ਤਰ੍ਹਾਂ-ਤਰ੍ਹਾਂ ਦੇ ਵਿਸ਼ਿਆਂ ਉਪਰ ਭਖਵੀਆਂ ਬਹਿਸਾਂ ਹੁੰਦੀਆਂ। ਇਨ੍ਹਾਂ ਬਹਿਸਾਂ ਵਿਚੋਂ ਇਹੋ ਜਿਹੀਆਂ ਗੱਲਾਂ ਨਿਕਲ ਕੇ ਬਾਹਰ ਆਉਂਦੀਆਂ ਜੋ ਸਥਾਪਤ ਧਾਰਮਿਕ ਮਾਨਤਾਵਾਂ ਦੇ ਬਿਲਕੁਲ ਉਲਟ ਜਾ ਖੜ੍ਹਦੀਆਂ। ਛਾਪੇਖਾਨੇ ਦੀ ਖੋਜ ਨਾਲ ਨਵੇਂ ਵਿਚਾਰ ਦੂਰ-ਦੂਰ ਤੱਕ ਫੈਲਣ ਲੱਗੇ ਅਤੇ ਇਨ੍ਹਾਂ ਨੂੰ ਦਬਾ ਕੇ ਰੱਖਣਾ ਮੁਸ਼ਕਿਲ ਹੋ ਗਿਆ। ਹੌਲ਼ੀ-ਹੌਲ਼ੀ ਚਰਚ ਦੀ ਤਾਨਾਸ਼ਾਹੀ ਟੁੱਟਣ ਲੱਗੀ। ਇਹ ਸਾਰਾ ਕੁਝ ਸੌਖੇ ਮਾਹੌਲ ਵਿਚ ਨਹੀਂ ਹੋ ਰਿਹਾ ਸੀ। ਨਵੇਂ ਵਿਚਾਰ ਲੈ ਕੇ ਆਉਣ ਵਾਲਿਆਂ ਵਿਚੋਂ ਬਹੁਤ ਸਾਰਿਆਂ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ, ਕੁਝ ਨੂੰ ਦੇਸ਼ ਨਿਕਾਲੇ ਵੀ ਮਿਲੇ।
ਉਂਝ ਇਸ ਟੱਕਰ ਦੌਰਾਨ ਚਰਚ ਨੂੰ ਵੀ ਆਪਣੀਆਂ ਕਰਨੀਆਂ ਦਾ ਮੁੱਲ 1789 ਦੇ ਫ਼ਰਾਂਸੀਸੀ ਇਨਕਲਾਬ ਦੌਰਾਨ ਉਤਾਰਨਾ ਪਿਆ। ਫ਼ਰਾਂਸੀਸੀ ਇਨਕਲਾਬ ਦੌਰਾਨ ਚਰਚ ਦੀ ਸਾਰੀ ਜਾਇਦਾਦ ਦਾ ਕੌਮੀਕਰਨ ਕਰ ਦਿੱਤਾ ਗਿਆ, ਹਜ਼ਾਰਾਂ ਪਾਦਰੀ ਦੇਸ਼ ਵਿਚੋਂ ਭਜਾ ਦਿੱਤੇ ਗਏ ਅਤੇ ਸੈਂਕੜੇ ਮਾਰੇ ਵੀ ਗਏ। ਫ਼ਰਾਂਸੀਸੀ ਇਨਕਲਾਬ ਨੇ ਸਾਰੀਆਂ ਰੂੜੀਵਾਦੀ ਮਾਨਤਾਵਾਂ ਉਪਰ ਹਿੰਸਕ ਹੱਲਾ ਬੋਲਿਆ। ਇਸ ਦਾ ਅਸਰ ਫ਼ਰਾਂਸ ਤੱਕ ਹੀ ਮਹਿਦੂਦ ਨਾ ਰਿਹਾ ਬਲਕਿ ਸਾਰੇ ਯੂਰਪ ਉਪਰ ਪਿਆ। ਇਸ ਨਾਲ ਆਜ਼ਾਦੀ, ਬਰਾਬਰੀ, ਭਾਈਚਾਰੇ ਦਾ ਨਾਅਰਾ ਸਾਰੀ ਦੁਨੀਆ ਵਿਚ ਫੈਲ ਗਿਆ। ਫ਼ਰਾਂਸ ਵਿਚ ਜੋ ਕੁਝ 1789 ਦੇ ਇਨਕਲਾਬ ਰਾਹੀਂ ਹੋਇਆ, ਉਸ ਦਾ ਮੁੱਢ ‘ਗਿਆਨ’ (ਐਨਲਾਈਟਨਮੈਂਟ) ਦੇ ਚਿੰਤਕਾਂ ਰੂਸੋ, ਵਾਲਟੇਅਰ, ਕਾਂਤ, ਦਿਦਰੋ, ਸਪਾਈਨੋਜ਼ਾ ਆਦਿ ਦੇ ਵਿਚਾਰਾਂ ਨੇ ਬੰਨ੍ਹ ਦਿੱਤਾ ਸੀ।
ਰੂਸੋ ਨੇ ਆਪਣੀਆਂ ਲਿਖਤਾਂ ਵਿਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਨੁੱਖ ਬੁਨਿਆਦੀ ਤੌਰ ਉਤੇ ਚੰਗਾ ਹੈ, ਉਸ ਨੂੰ ਸਾਡਾ ਸਮਾਜ ਹੀ ਖ਼ਰਾਬ ਕਰਦਾ ਹੈ; ਇਸਾਈ ਧਰਮ ਇਸ ਦੇ ਉਲਟ ਮਨੁੱਖ ਨੂੰ ਬੁਨਿਆਦੀ ਤੌਰ ‘ਤੇ ਪਾਪੀ ਮੰਨਦਾ ਸੀ ਅਤੇ ਚਰਚ ਦਾ ਸਾਰਾ ਕਾਰੋਬਾਰ ਹੀ ਪਾਪਾਂ ਤੋਂ ਮੁਕਤੀ ‘ਤੇ ਖੜ੍ਹਾ ਸੀ। ਇਸੇ ਕਰ ਕੇ ਰੂਸੋ ਨੂੰ ਆਪਣੀ ਪੁਸਤਕ ‘ਐਮਿਲੀ’ ਦੇ ਪ੍ਰਕਾਸ਼ਨ ਬਾਅਦ ਫ਼ਰਾਂਸ ਛੱਡ ਕੇ ਪਰਸ਼ੀਆ (ਹੁਣ ਵਾਲਾ ਇਰਾਨ) ਵਿਚ ਪਨਾਹ ਲੈਣੀ ਪਈ ਸੀ।
ਵਾਲਟੇਅਰ ਵਿਚਾਰਾਂ ਦੀ ਆਜ਼ਾਦੀ ਉਤੇ ਧਾਰਮਿਕ ਤਾਨਾਸ਼ਾਹੀ ਦੇ ਸਖ਼ਤ ਖ਼ਿਲਾਫ਼ ਸੀ। ਉਸ ਦਾ ਇਹ ਕਥਨ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ ਕਿ “ਮੈਂ ਭਾਵੇਂ ਤੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਪਰ ਤੇਰੀ ਵਿਚਾਰ ਰੱਖਣ ਦੀ ਆਜ਼ਾਦੀ ਲਈ ਮੈਂ ਆਪਣੀ ਜਾਨ ਵੀ ਦੇ ਸਕਦਾ ਹਾਂ।” ਦਿਦਰੋ ਨੇ ਗਿਆਨ ਦੇ ਮਹਾਂ ਕੋਸ਼ (ਐਨਸਾਈਕਲੋਪੀਡੀਆ) ਬਣਾ ਕੇ ਗਿਆਨ ਤੱਕ ਆਮ ਲੋਕਾਂ ਦੀ ਪਹੁੰਚ ਬਣਾਈ। ਇਸੇ ਤਰ੍ਹਾਂ ਬਾਕੀ ਚਿੰਤਕਾਂ ਨੇ ਵੀ ਆਜ਼ਾਦੀ, ਬਰਾਬਰੀ, ਭਾਈਚਾਰੇ ਤੇ ਵਿਗਿਆਨਕ ਸੋਚ ਦੇ ਹੱਕ ਵਿਚ ਲੋਕ ਰਾਇ ਖੜ੍ਹੀ ਕੀਤੀ ਅਤੇ ਉਸ ਨੂੰ ਆਮ ਜਨਤਾ ਦੀ ਸੋਚ ਦਾ ਅੰਗ ਬਣਾਇਆ।
ਕੁੱਲ ਮਿਲਾ ਕੇ ਗਿਆਨ (ਐਨਲਾਈਟਨਮੈਂਟ) ਲਹਿਰ ਨੇ ਜੋ ਅਸਰ ਪਾਏ ਅਤੇ ਜੋ ਵਿਚਾਰ ਮਨੁੱਖੀ ਸੋਚ ਦਾ ਅੰਗ ਬਣ ਗਏ, ਉਨ੍ਹਾਂ ਨੂੰ ਸੰਖੇਪ ਰੂਪ ਵਿਚ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ:
1. ਕਿਸੇ ਵੀ ਮੁੱਦੇ ਸਬੰਧੀ ਸਚਾਈ ਉਤੇ ਪਹੁੰਚਣ ਦਾ ਰਾਹ ਤੱਥਾਂ ਅਤੇ ਤਰਕ ਵਿਚੋਂ ਨਿਕਲਦਾ ਹੈ। ਇਹ ਨਹੀਂ ਕਿ ਪਰੰਪਰਾ ਵਿਚ ਜੋ ਚੱਲਿਆ ਆਉਂਦਾ ਹੈ ਜਾਂ ਕਿਸੇ ਧਾਰਮਿਕ ਸ਼ਖ਼ਸੀਅਤ ਨੇ ਜੋ ਕਹਿ ਦਿੱਤਾ, ਉਸ ਨੂੰ ਸੱਚ ਮੰਨ ਲਿਆ ਜਾਵੇ। ਇਹ ਨਜ਼ਰੀਆ ਵਿਗਿਆਨਕ ਸੋਚ ਦਾ ਆਧਾਰ ਹੈ।
2. ਵੱਖ-ਵੱਖ ਸਮਿਆਂ ਦੇ ਲੋਕ ਵੱਖ-ਵੱਖ ਢੰਗਾਂ ਨਾਲ ਸੋਚਦੇ ਰਹੇ ਹਨ, ਵੱਖ-ਵੱਖ ਸਭਿਆਚਾਰਾਂ ਵਿਚ ਜ਼ਿੰਦਗੀ ਜਿਉਣ ਦੇ ਢੰਗ ਵੱਖੋ-ਵੱਖਰੇ ਹਨ। ਜ਼ਰੂਰੀ ਨਹੀਂ, ਸਭ ਲੋਕ ਇਕੋ ਤਰ੍ਹਾਂ ਨਾਲ ਸੋਚਣ ਅਤੇ ਨਾ ਹੀ ਸਭ ਉਤੇ ਇਕੋ ਤਰ੍ਹਾਂ ਦਾ ਜਿਉਣ ਢੰਗ ਅਤੇ ਇਕੋ ਕਦਰਾਂ-ਕੀਮਤਾਂ ਥੋਪੀਆਂ ਜਾ ਸਕਦੀਆਂ ਹਨ।
3. ਹਰ ਮਨੁੱਖ ਆਪਣੇ ਵਿਚਾਰ ਰੱਖਣ ਲਈ ਆਜ਼ਾਦ ਹੈ। ਜ਼ਰੂਰੀ ਨਹੀਂ ਕਿ ਇਹ ਵਿਚਾਰ ਕਿਸੇ ਵਿਸ਼ੇਸ਼ ਧਰਮ ਜਾਂ ਰਾਜਸੀ ਧਾਰਨਾ ਨਾਲ ਮੇਲ ਖਾਂਦੇ ਹੋਣ।
4. ਸ਼ਾਸਕਾਂ ਨੂੰ ਰਾਜ ਕਰਨ ਦਾ ਕੋਈ ਦੈਵੀ ਹੱਕ ਨਹੀਂ। ਉਨ੍ਹਾਂ ਨੂੰ ਆਪਣੇ ਪ੍ਰਬੰਧ ਦੀ ਵਾਜਬੀਅਤ ਲੋਕਾਂ ਦੇ ਜੀਵਨ ਦੀ ਬਿਹਤਰੀ ਵਿਚੋਂ ਜਚਾਉਣੀ ਪਵੇਗੀ।
5. ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਹਨ। ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨਣਾ ਅਤੇ ਪਾਬੰਦੀਆਂ ਲਾਉਣੀਆਂ ਗ਼ਲਤ ਹਨ।
6. ਗ਼ੁਲਾਮਾਂ ਦੇ ਵਪਾਰ ਨੂੰ ਮਨੁੱਖਤਾ ਉਤੇ ਬਹੁਤ ਵੱਡਾ ਧੱਬਾ ਮੰਨਿਆ ਗਿਆ। ਨੀਗਰੋ ਜਾਂ ਹੋਰ ਨਸਲਾਂ ਦੇ ਗ਼ੁਲਾਮ ਵੀ ਓਨੇ ਹੀ ਮਨੁੱਖੀ ਹੱਕ ਰੱਖਦੇ ਹਨ।
7. ਕਾਮ ਸਬੰਧਾਂ ਨੂੰ ਪਾਪ ਮੰਨਣ ਅਤੇ ਇਨ੍ਹਾਂ ਉਤੇ ਬੇਲੋੜੀਆਂ ਬੰਦਿਸ਼ਾਂ ਨੂੰ ਰੱਦ ਕਰ ਕੇ ਇਸ ਨੂੰ ਕੁਦਰਤੀ ਵਰਤਾਰਾ ਮੰਨਿਆ ਜਾਣ ਲੱਗਾ।
8. ਇਸ ਦੌਰ ਵਿਚ ਨਾਸਤਿਕ ਵਿਚਾਰਾਂ ਦਾ ਸ਼ਰੇਆਮ ਪ੍ਰਗਟਾਵਾ ਹੋਣ ਲੱਗਾ। ਅਜਿਹੀਆਂ ਦਲੀਲਾਂ ਬਹੁਤ ਜ਼ੋਰ ਨਾਲ ਦਿੱਤੀਆਂ ਜਾਣ ਲੱਗੀਆਂ ਕਿ ਜੇ ਪਰਮਾਤਮਾ ਸਰਵ ਸ਼ਕਤੀਮਾਨ ਅਤੇ ਦਿਆਲੂ ਹੈ ਤਾਂ ਦੁਨੀਆ ਵਿਚ ਐਨੇ ਦੁੱਖ ਤੇ ਬੁਰਾਈ ਕਿਉਂ ਹੈ?
9. ਗਿਆਨ (ਐਨਲਾਈਟਨਮੈਂਟ) ਲਹਿਰ ਦੀ ਸੋਚ ਦਾ ਵਿਸ਼ਵਾਸ ਸੀ ਕਿ ਗਿਆਨ ਦੇ ਫੈਲਾਅ, ਤਰਕ ਦੀ ਵਰਤੋਂ ਅਤੇ ਵਿਗਿਆਨਕ ਵਿਧੀ ਨੂੰ ਲਾਗੂ ਕਰਨ ਨਾਲ ਮਨੁੱਖਤਾ ਦੀ ਖ਼ੁਸ਼ੀ ਅਤੇ ਖ਼ੁਸ਼ਹਾਲੀ ਵਿਚ ਵਾਧਾ ਹੋਵੇਗਾ।
ਅੱਜ ਯੂਰਪ ਵਿਚ ਜੇ ਬਾਕੀ ਦੁਨੀਆ ਦੇ ਮੁਕਾਬਲੇ ਜ਼ਿੰਦਗੀ ਬਿਹਤਰ ਹੈ, ਲੋਕਾਂ ਦੀ ਸੋਚ ਵਿਚ ਮਾਨਵਤਾਵਾਦੀ ਭਾਵਨਾ ਬਲਵਾਨ ਹੈ, ਧਾਰਮਿਕ ਕੱਟੜਤਾ ਤੋਂ ਕਾਫ਼ੀ ਹੱਦ ਤੱਕ ਮੁਕਤੀ ਹਾਸਲ ਹੋ ਚੁੱਕੀ ਹੈ, ਕਦਰਾਂ-ਕੀਮਤਾਂ ਉਸਾਰੂ ਹਨ ਤਾਂ ਇਸ ਪਿੱਛੇ ਗਿਆਨ (ਐਨਲਾਈਟਨਮੈਂਟ) ਦੀ ਲਹਿਰ ਦਾ ਵੱਡਾ ਰੋਲ ਹੈ। ਇਹ ਸਾਰਾ ਕੁਝ ਕਹਿਣ ਦਾ ਭਾਵ ਇਹ ਨਹੀਂ ਕਿ ਅੱਜ ਦੇ ਯੂਰਪੀ ਸਮਾਜ ਵਿਚ ਕੋਈ ਸਮੱਸਿਆਵਾਂ ਨਹੀਂ ਹਨ ਪਰ ਉਹ ਸਮੱਸਿਆਵਾਂ ਮਨੁੱਖੀ ਹੋਂਦ ਦੇ ਉਚੇਰੇ ਪੱਧਰ ਦੀਆਂ ਹਨ। ਸਮੱਸਿਆਵਾਂ ਤੋਂ ਰਹਿਤ ਤਾਂ ਕੋਈ ਜ਼ਿੰਦਗੀ ਹੁੰਦੀ ਹੀ ਨਹੀਂ ਪਰ ਯੂਰਪੀ ਸਮਾਜ ਦੀਆਂ ਸਮੱਸਿਆਵਾਂ ਉਥੋਂ ਦੇ ਵਸਨੀਕਾਂ ਨੂੰ ਅਮਨੁੱਖੀ ਹਾਲਤਾਂ ਵਿਚ ਨਹੀਂ ਸੁੱਟਦੀਆਂ। ਖ਼ੁਸ਼ੀ ਅਤੇ ਖ਼ੁਸ਼ਹਾਲੀ ਦੇ ਮਾਪਦੰਡਾਂ ਵਿਚ ਉਹ ਲੋਕ ਬਾਕੀਆਂ ਨਾਲੋਂ ਕਾਫ਼ੀ ਅੱਗੇ ਲੰਘ ਚੁੱਕੇ ਹਨ।
ਇਸ ਦੇ ਮੁਕਾਬਲੇ ਭਾਰਤੀ ਸਮਾਜ ‘ਤੇ ਨਿਗ੍ਹਾ ਮਾਰੀਏ ਤਾਂ ਇਸ ਦੀ ਸਥਿਤੀ ਮੁੜ ਇਸਾਈ ਜਗਤ ਦੇ ਹਨੇਰੇ ਯੁੱਗ ਵਰਗੀ ਹੋ ਰਹੀ ਹੈ। ਉਸ ਤੋਂ ਵੀ ਮਾੜੀ ਗੱਲ, ਯੂਰਪੀ ਸਮਾਜ ਦੇ ਚਿੰਤਕਾਂ ਦੀ ਸੋਚ ਦੀ ਦਿਸ਼ਾ ਉਸ ਹਨੇਰੇ ਵਿਚੋਂ ਨਿਕਲ ਕੇ ਚਾਨਣ ਵੱਲ ਜਾਣ ਦੀ ਸੀ ਤੇ ਸਾਡੀ ਸੋਚ ਦੀ ਦਿਸ਼ਾ ਹੀ ਹਨੇਰੇ ਵੱਲ ਹੋ ਰਹੀ ਹੈ। ਜਿਵੇਂ 16ਵੀਂ ਸਦੀ ਤੱਕ ਉਥੇ ਹਰ ਨਵੇਂ ਗਿਆਨ ਨੂੰ ਬਾਈਬਲ ਨਾਲ ਮੇਲ ਕੇ ਦੇਖਿਆ ਜਾਂਦਾ ਸੀ, ਉਸੇ ਤਰ੍ਹਾਂ ਇਥੇ ਵੀ ਹਰ ਵਿਗਿਆਨਕ ਖੋਜ ਨੂੰ ਪੁਰਾਤਨ ਧਾਰਮਿਕ ਗ੍ਰੰਥਾਂ ਤੇ ਮਿੱਥਾਂ ਨਾਲ ਜੋੜਿਆ ਜਾਂਦਾ ਹੈ।
ਅੱਜ ਵਿਗਿਆਨ ਭਾਵੇਂ ਸਾਡੀ ਜ਼ਿੰਦਗੀ ਵਿਚ ਐਨਾ ਦਾਖ਼ਲ ਹੋ ਚੁੱਕਿਆ ਹੈ ਕਿ ਇਸ ਬਿਨਾਂ ਕੱਟੜ ਤੋਂ ਕੱਟੜ ਬੰਦੇ ਵੀ ਸਾਰ ਨਹੀਂ ਸਕਦੇ ਪਰ ਵਿਚਾਰਾਂ ਦੇ ਖੇਤਰ ਵਿਚ ਵਿਗਿਆਨਕ ਸੋਚ ਮਨਫ਼ੀ ਹੀ ਹੈ। ਸਮਾਂ ਇਥੋਂ ਦੇ ਲੇਖਕਾਂ, ਚਿੰਤਕਾਂ, ਵਿਗਿਆਨੀਆਂ, ਸਮਾਜਿਕ ਅਤੇ ਰਾਜਨੀਤਕ ਕਾਰਕੁਨਾਂ ਤੋਂ ਮੰਗ ਕਰਦਾ ਹੈ ਕਿ ਯੂਰਪ ਦੀ ਗਿਆਨ (ਐਨਲਾਈਟਨਮੈਂਟ) ਲਹਿਰ ਵਾਂਗ ਇਥੇ ਵੀ ਗਿਆਨ, ਵਿਗਿਆਨ ਅਤੇ ਤਰਕ ਦੇ ਹੱਕ ਵਿਚ ਵੱਡੀ ਲਹਿਰ ਖੜ੍ਹੀ ਕੀਤੀ ਜਾਵੇ। ਕੁਝ ਵਿਗਿਆਨਕ ਸੋਚ ਵਾਲੇ ਲੋਕ, ਤਰਕਸ਼ੀਲ ਸੰਸਥਾਵਾਂ ਅਤੇ ਅਗਾਂਹਵਧੂ ਜਥੇਬੰਦੀਆਂ ਇਸ ਲਈ ਕੋਸ਼ਿਸ਼ਾਂ ਕਰ ਵੀ ਰਹੀਆਂ ਹਨ ਪਰ ਇਹ ਕੋਸ਼ਿਸ਼ਾਂ ਨਾਕਾਫ਼ੀ ਹਨ। ਲੋਕਾਈ ਨੂੰ ਰੂੜੀਵਾਦੀ ਸੋਚ ਵਿਚੋਂ ਕੱਢਣ ਲਈ ਯੂਰਪ ਦੀ ‘ਐਨਲਾਈਟਨਮੈਂਟ’ ਵਰਗੀ ਹੀ ਵਿਸ਼ਾਲ ਲਹਿਰ ਦੀ ਲੋੜ ਹੈ। ਫਿਰ ਹੀ ਅਸੀਂ ਕਿਸੇ ਬਿਹਤਰ ਸਮਾਜਿਕ-ਰਾਜਨੀਤਕ ਪ੍ਰਬੰਧ ਵੱਲ ਵਧ ਸਕਾਂਗੇ।