ਸਿੱਖ ਸਿਆਸਤ ਦਾ ਮੋੜ

ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਨਾਲ ਸਿੱਖ ਸਿਆਸਤ ਨਾਲ ਇਕ ਹੋਰ ਅਧਿਆਇ ਜੁੜ ਗਿਆ ਹੈ।

ਇਹ ਫ਼ੈਸਲਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲ ਤਖਤ ਦੀ ਫਸੀਲ ਤੋਂ ਸੁਣਾਇਆ। ਆਪਣੇ ਫੈਸਲੇ ਵਿਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿਚ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਈ ਅਜਿਹੇ ਫੈਸਲੇ ਕੀਤੇ ਜਿਨ੍ਹਾਂ ਨਾਲ ਪੰਥ ਦੇ ਅਕਸ ਨੂੰ ਢਾਹ ਲੱਗੀ। ਇਨ੍ਹਾਂ ਫੈਸਲਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਕਮਜ਼ੋਰ ਹੋਈ ਅਤੇ ਸਿੱਖਾਂ ਦੇ ਹਿੱਤਾਂ ਨੂੰ ਨੁਕਸਾਨ ਪੁੱਜਿਆ। ਸੁਖਬੀਰ ਸਿੰਘ ਬਾਦਲ ਨੂੰ ਉਦੋਂ ਤੱਕ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ ਜਦੋਂ ਤੱਕ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਤੇ ਪੰਜ ਸਿੰਘ ਸਾਹਿਬਾਨ ਤੇ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮੁਆਫ਼ੀ ਨਹੀਂ ਮੰਗਦੇ। ਜਥੇਦਾਰ ਨੇ 2007 ਤੋਂ 2017 ਤੱਕ ਅਕਾਲੀ ਸਰਕਾਰ ਵੇਲੇ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਇਸ ਮਾਮਲੇ ਵਿਚ 15 ਦਿਨਾਂ ਵਿਚ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਹਨ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਪਟਨਾ ਸਾਹਿਬ ਤੋਂ ਜਥੇਦਾਰ ਗਿਆਨੀ ਬਲਦੇਵ ਸਿੰਘ ਅਤੇ ਹਰਿਮੰਦਰ ਸਾਹਿਬ ਤੋਂ ਗ੍ਰੰਥੀ ਗਿਆਨੀ ਬਲਜੀਤ ਸਿੰਘ ਸ਼ਾਮਲ ਹੋਏ।
ਯਾਦ ਰਹੇ ਕਿ ਅਕਾਲੀ ਦਲ ਦੇ ਨਾਰਾਜ਼ ਧੜੇ ਨੇ ਅਕਾਲ ਤਖ਼ਤ ਵਿਖੇ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਅਕਾਲੀ ਸਰਕਾਰ ਵੇਲੇ ਕਈ ਭੁੱਲਾਂ ਹੋਈਆਂ ਜਿਸ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ ਅਤੇ ਇਨ੍ਹਾਂ ਭੁੱਲਾਂ ਤੇ ਗਲਤੀਆਂ ਲਈ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ। ਅਕਾਲੀ ਦਲ ਦੇ ਨਾਰਾਜ਼ ਧੜੇ ਵਿਚ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਸੁੱਚਾ ਸਿੰਘ ਛੋਟੇਪੁਰ ਸਣੇ ਹੋਰ ਆਗੂ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਪਹਿਲੀ ਜੁਲਾਈ ਨੂੰ ਅਕਾਲ ਤਖ਼ਤ ਵਿਖੇ ਪੱਤਰ ਦੇ ਕੇ ਦੋਸ਼ ਲਾਇਆ ਸੀ ਕਿ ਅਕਾਲੀ ਸਰਕਾਰ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਵਾਲੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਕੇਸ ਦਰਜ ਹੋਇਆ ਸੀ ਪਰ ਅਕਾਲੀ ਸਰਕਾਰ ਨੇ ਇਹ ਕੇਸ ਵਾਪਸ ਲੈ ਲਿਆ। ਇਸੇ ਤਰ੍ਹਾਂ 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਅਕਾਲੀ ਸਰਕਾਰ ਦੋਸ਼ੀਆਂ ਖਿਲਾਫ ਠੋਸ ਕਾਰਵਾਈ ਕਰਨ ਵਿਚ ਅਸਫਲ ਰਹੀ। ਡੇਰਾ ਮੁਖੀ ਨੂੰ ਮੁਆਫ਼ੀ ਲਈ ਸਿਆਸੀ ਰਸੂਖ ਵਰਤਿਆ ਗਿਆ ਅਤੇ ਇਸ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ 90 ਲੱਖ ਰੁਪਏ ਇਸ਼ਤਿਹਾਰਾਂ ਦੇ ਰੂਪ ਵਿਚ ਵਰਤੇ ਗਏ। ਨਾਰਾਜ਼ ਧੜੇ ਦੇ ਆਗੂਆਂ ਦੇ ਇਸ ਪੱਤਰ ਦੇ ਆਧਾਰ ‘ਤੇ ਹੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਪਸ਼ਟੀਕਰਨ ਮੰਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਖੁਦ ਪੇਸ਼ ਹੋ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਪਸ਼ਟੀਕਰਨ ਸੌਂਪਿਆ ਸੀ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਸਪਸ਼ਟੀਕਰਨ ਦਿੱਤਾ ਸੀ। ਇਸੇ ਦੌਰਾਨ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਖਿਮਾ ਯਾਚਨਾ ਪੱਤਰ ਦਿੱਤਾ। ਅਕਾਲੀ ਸਰਕਾਰ ਦੇ ਚਾਰ ਮੰਤਰੀਆਂ ਨੇ ਵੀ ਅਕਾਲ ਤਖ਼ਤ ‘ਤੇ ਆਪੋ-ਆਪਣਾ ਸਪਸ਼ਟੀਕਰਨ ਪੱਤਰ ਸੌਂਪ ਦਿੱਤਾ।
ਅਕਾਲੀ ਦਲ ਪਿਛਲੇ ਕਈ ਸਾਲਾਂ ਤੋਂ ਹਰ ਖੇਤਰ ਵਿਚ ਬੁਰੀ ਤਰ੍ਹਾਂ ਪਛੜ ਰਿਹਾ ਹੈ, ਇਥੋਂ ਤੱਕ ਕਿ ਟਕਸਾਲੀ ਕਾਰਕੁਨ ਅਤੇ ਆਗੂ ਵੀ ਬਾਦਲ ਪਰਿਵਾਰ ਨੂੰ ਹੁਣ ਮੂੰਹ ਨਹੀਂ ਲਾ ਰਹੇ। ਇਸੇ ਕਾਰਨ ਬਾਦਲ ਪਰਿਵਾਰ ਖਿਲਾਫ ਬਗਾਵਤ ਲਗਾਤਾਰ ਵਧ ਰਹੀ ਹੈ ਅਤੇ ਸੁਖਬੀਰ ਸਿੰਘ ਬਾਦਲ ਉਤੇ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਦਬਾਅ ਵਧ ਰਿਹਾ ਹੈ। ਇਸੇ ਦੌਰਾਨ ਪੰਜਾਬ ਦੀ ਸਿਆਸਤ ਵਿਚ ਇਕ ਹੋਰ ਮੋੜ ਇਹ ਆਇਆ ਹੈ ਕਿ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੇ ਸਿੱਖ ਸਿਆਸਤ ਵਿਚ ਨਵੇਂ ਸਮੀਕਰਨ ਉਭਾਰੇ ਹਨ। ਉਧਰ, ਭਾਰਤੀ ਜਨਤਾ ਪਾਰਟੀ ਵੀ ਪੰਜਾਬ ਵਿਚ ਘਾਤ ਲਗਾ ਕੇ ਬੈਠੀ ਹੈ। ਇਸ ਨੇ ਪੰਜਾਬ ਵਿਚ ਆਪਣੇ ਪੈਰ ਲਾਉਣ ਲਈ ਹਰ ਹੀਲਾ-ਵਸੀਲਾ ਕੀਤਾ ਹੈ। ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਵਿਚ ਸ਼ਮਿਲ ਕੀਤਾ ਗਿਆ ਹੈ ਜਿਸ ਕਾਰਨ ਪਾਰਟੀ ਦੇ ਟਕਸਾਲੀ ਆਗੂ ਵੀ ਨਾਰਾਜ਼ ਹਨ। ਹੋਰ ਤਾਂ ਹੋਰ, ਕਿਸੇ ਵੇਲੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ ਆਗੂ ਸੁਨੀਲ ਜਾਖੜ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਹੈ। ਕੁਝ ਸਿਆਸੀ ਵਿਸ਼ਲੇਸ਼ਕਾਂ ਦਾ ਆਖਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅੱਖ 2027 ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਹੈ। ਪਾਰਟੀ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਚੋਣਾਂ ਵਿਚ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਵਿਧਾਨ ਸਭਾ ਵਿਚ ਹਾਜ਼ਰੀ ਵਧਾਈ ਜਾਵੇ। ਇਸ ਦੇ ਨਾਲ-ਨਾਲ ਇਹ ਪੰਜਾਬ ਦੀ ਸਿਆਸਤ ਨੂੰ ਆਪਣੇ ਹਿੰਦੂਤਵੀ ਏਜੰਡੇ ਮੁਤਾਬਿਕ ਢਾਲਣ ਲਈ ਵੀ ਹੱਥ-ਪੈਰ ਮਾਰ ਰਹੀ ਹੈ। ਆਉਣ ਵਾਲੇ ਸਮੇਂ ਅੰਦਰ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਕਿਸ ਤਰ੍ਹਾਂ ਦੀ ਸਿਆਸਤ ਲੈ ਕੇ ਆਵੇਗੀ, ਇਹ ਤਾਂ ਸਮਾਂ ਹੀ ਦੱਸੇਗਾ ਪਰ ਤੱਥ ਇਹ ਹੈ ਕਿ ਹਰ ਪਾਰਟੀ ਅੰਦਰ ਉਥਲ-ਪੁਥਲ ਨਾਲ ਪੰਜਾਬ ਦਾ ਸਿਆਸੀ ਪਿੜ ਲਗਾਤਾਰ ਬਦਲ ਰਿਹਾ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਸੱਚਮੁੱਚ ਪੰਜਾਬ ਵਿਚ ਨਵੀਂ ਸਿਆਸਤ ਲੈ ਕੇ ਆਉਣ ਦੀ ਕਨਸੋਅ ਦੇ ਰਹੀਆਂ ਹਨ।

ਕਾਮ-ਕ੍ਰੋਧ ਦੇ ਡੰਗ!
ਦੇਖ ਦੇਖ ਕੇ ਸੱਚ ਲਾਚਾ ਹੁੰਦਾ, ਮੂੰਹ ਕਰ ਲਿਆ ਬੰਦ ਸਚਿਆਰਿਆਂ ਨੇ।
ਗੱਲ ਗਿਆਨ ਦੀ ਸੁਣੀ-ਅਣਸੁਣੀ ਕੀਤੀ, ਰੀਤਾਂ ਤੋਰੀਆਂ ਆਪ-ਮੁਹਾਰਿਆਂ ਨੇ।
ਜੀਣਾ ਭਲਿਆਂ ਦਾ ਕੀਤਾ ਮੁਹਾਲ ਇਥੇ, ਜਾਇਦਾਦ ਦੇ ਲੋਭੀ ਹੰਕਾਰਿਆਂ ਨੇ।
ਚਕਾ-ਚੌਂਧ ਨੇ ਦਿਲੋਂ ਵਿਸਾਰ ਦਿੱਤਾ, ਇਕ ਦਿਨ ਵੱਜਣਾ ਕਾਲ ਨਗਾਰਿਆਂ ਨੇ।
ਤਮ੍ਹਾਂ ਹਿਰਸ ਦੀ ਅੱਗ ਦੇ ਸਾੜਿਆਂ ਨੂੰ, ਕਰਨਾ ਸ਼ਾਂਤ ਕੀ ਠੰਡੇ ਫੁਹਾਰਿਆਂ ਨੇ।
ਕਰਕੇ ਰੱਖ`ਤੀ ਜਾਣੋ ਬੇਹੋਸ਼ ਦੁਨੀਆਂ, ਕਾਮ-ਕ੍ਰੋਧ ਦੇ ਜ਼ਹਿਰੀ ਫੁੰਕਾਰਿਆਂ ਨੇ!