ਇਕੋ ਜਿਹੇ ਹਨ, ‘ਅਮ੍ਰਿਤਾ ਤੇ ਇਮਰੋਜ਼’

ਦਲਬੀਰ ਚੇਤਨ
ਅਮ੍ਰਿਤਾ, ਸੂਰਜ ਨੂੰ ਸਿਰ ਉਤੇ ਚੁੱਕਣ ਦਾ ਦਾਅਵਾ ਤਾਂ ਨਹੀਂ ਕਰਦੀ ਤੇ ਨਾ ਹੀ ਉਹ ਹੁਨਰ ਦਾ ਦਾਅਵਾ ਕਰਦੀ ਹੈ! ਉਹਦੇ ਕੋਲ ਤਾਂ ਸੱਚੇ ਇਸ਼ਕ ਦਾ ਮਾਨ ਭਰਿਆ ਦਾਅਵਾ ਹੈ! ਉਸਨੇ ਇਮਰੋਜ਼ ਨੂੰ ਮੁਹੱਬਤ ਕੀਤੀ ਹੈ! ਤੇ ਇਮਰੋਜ਼ ਰਾਹੀਂ ਸਾਰੀ ਦੁਨੀਆ ਨੂੰ ਮੁਹੱਬਤ ਕੀਤੀ ਹੈ! ਬਿੰਦੂ ਦਾ ਇੰਜ ਫੈਲ ਕੇ ਸਰਬ ਵਿਆਪਕ ਹੋ ਜਾਣਾ ਬਹੁਤ ਵੱਡਾ ਕ੍ਰਿਸ਼ਮਾ ਹੁੰਦਾ ਹੈ! ਉਹ ਹੁਨਰ ਦੇ ਸਿਖਰ ਉਤੇ ਪਹੁੰਚ ਕੇ ਵੀ ਮਹਿਸੂਸ ਕਰਦੀ ਹੈ ਕਿ ਇਹ ਸਭ ਕੁਝ ਮੁਹੱਬਤ ਸਦਕਾ ਹੀ ਹੈ? ਉਹ, ਨਜ਼ਮਾਂ, ਕਹਾਣੀਆਂ ਤੇ ਨਾਵਲਾਂ ਨੂੰ ਮੁਹੱਬਤ ਦੇ ਰੁੱਖ ਦੀਆਂ ਹੀ ਫੁੱਲ-ਪੱਤੀਆਂ ਮਿੱਥਦੀ ਹੈ!

ਮੈਂਂ ਇਹ ਮਿੱਥਦਾ ਤੇ ਮੰਨਦਾ ਹਾਂ ਕਿ ਕੋਈ ਵੀ ਕਿਸੇ ਨੂੰ ਲੇਖਕ ਨਹੀਂ ਬਣਾ ਸਕਦਾ ਪਰ ਬਣ ਰਹੇ ਲੇਖਕ ਨੂੰ ਉਤਸ਼ਾਹ ਤੇ ਆਸਰਾ ਦੇ ਕੇ ਉਭਾਰਿਆ ਤਾ ਜਾ ਸਕਦਾ ਹੈ! ਅੰਮ੍ਰਿਤਾ ਨੇ ਪੂਰਾਂ-ਦੇ-ਪੂਰ ਇਹੋ ਜਿਹੇ ਲਿਖਣ ਵਾਲਿਆਂ ਨੂੰ ‘ਨਾਗਮਣੀ’ ਦੀ ਛੂਹ ਦੇ ਕੇ ਇਸ ਪਾਸੇ ਤੋਰਿਆ!
ਪੈਂਡਾ ਤਾਂ ਹਰੇਕ ਨੇ ਆਪਣੇ ਪੈਰਾਂ ਨਾਲ ਹੀ ਤੈਅ ਕਰਨਾ ਹੁੰਦਾ ਹੈ ਤੇ ਜਿਨ੍ਹਾਂ ਦੇ ਪੈਰੀਂ ਪੈਂਡਾ ਬੱਝਾ ਹੁੰਦਾ ਹੈ, ਉਨ੍ਹਾਂ ਇਕ ਨਾ ਇਕ ਦਿਨ ਆਪਣੇ ਰਾਹ ਤਲਾਸ਼ ਹੀ ਲੈਣੇ ਹੁੰਦੇ ਹਨ! ਪਰ ਇਹ ਵੀ ਸੱਚ ਹੈ ਕਿ ਇਹੋ ਜਿਹੇ ਰਾਹਾਂ ਉਤੇ ਤੁਰਨ ਵੇਲੇ, ਕਿਸੇ ਮੁਕੱਦਸ ਹੱਥਾਂ ਦਾ ਦਿੱਤਾ ਥਾਪੜਾ, ਪੱਕੇ ਪੈਰੀਂ ਉਨ੍ਹਾਂ ਰਾਹਾਂ ਉਤੇ ਤੁਰਨ ਦੀ ਜਾਮਨੀ ਭਰ ਦੇਂਦਾ ਹੈ ਤੇ ਲਗਾਤਾਰ ਤੁਰਦੇ ਰਹਿਣ ਲਈ ਪ੍ਰੇਰਨਾ ਵੀ ਬਣਿਆ ਰਹਿੰਦਾ ਹੈ।
ਮੈਨੂੰ ਯਾਦ ਹੈ ਜਦੋਂ ਮੈਂ ਆਪਣੀ ਪਹਿਲੀ ਕਹਾਣੀ, ‘ਇਕ ਵਾਰੀ ਫੇਰ’, ‘ਨਾਗਮਣੀ’ ਨੂੰ ਭੇਜੀ ਤਾਂ ਅੰਮ੍ਰਿਤਾ ਦਾ ਜਵਾਬ ਆਇਆ, ਏਨੀ ਪਿਆਰੀ ਕਹਾਣੀ ਲਿਖਣ ਲਈ ਮੁਬਾਰਕ! ਪਰ ਕਹਾਣੀ ਵਿਚ ਕਿਤੇ-ਕਿਤੇ ਦੁਹਰਾਅ ਹੈ, ਜੇ ਇਜਾਜ਼ਤ ਹੋਵੇ ਤਾਂ ਕੁਝ ‘ਟੱਚ ਅੱਪ’ ਕਰ ਲਵਾਂ?
ਮੈਂ ਖ਼ਤ ਹੱਥੀਂ ਫੜੀ ਲਗਾਤਾਰ ਸੋਚਦਾ ਰਿਹਾ ਕਿ ਇਕ ਨਵੇਂ ਲੇਖਕ ਦੀ ਕਹਾਣੀ ਨੂੰ ਪੜ੍ਹਨਾ, ਪੜ੍ਹਦਿਆਂ ਦੁਹਰਾਅ ਮਹਿਸੂਸ ਕਰਨਾ ਤੇ ਫੇਰ ‘ਟੱਚ-ਅੱਪ’ ਕਰਨ ਬਾਰੇ ਸੋਚਣਾ ਤੇ ਸਭ ਤੋਂ ਵੱਡੀ ਗੱਲ ਇਕ ਨਵੇਂ ਜਿਹੇ ਲੇਖਕ ਤੋਂ ‘ਟੱਚ-ਅੱਪ’ ਕਰਨ ਦੀ ਇਜਾਜ਼ਤ ਮੰਗਣੀ, ਇੰਜ ਸ਼ਾਇਦ ਅੰਮ੍ਰਿਤਾ ਹੀ ਕਰ ਸਕਦੀ ਹੈ!
ਅੰਮ੍ਰਿਤਾ, ਭਰ ਵਗਦਾ ਦਰਿਆ ਹੈ ਪਰ ਉਹਨੂੰ ਪੁਲ ਵੀ ਚੰਗੇ ਲੱਗਦੇ ਹਨ, ਜ਼ਿੰਦਗੀ `ਚ ਖੜੋਤ ਬਹੁਤ ਮਾੜੀ ਹੈ ਪਰ ਕਈ ਵਾਰ ਸੋਚੀਦਾ ਹੈ ਕਿ ਸੂਰਜ ਵੀ ਤਾ ਖਲੋਤਾ ਹੈ! ਕਈ ਚੀਜ਼ਾਂ ਖਲੋਤੀਆਂ ਹੋ ਕੇ ਵੀ ਖਲੋਤੀਆਂ ਹੋਣ ਦਾ ਪ੍ਰਭਾਵ ਨਹੀਂ ਦਿੰਦੀਆਂ! ਤੁਰਦੀ ਧਰਤੀ ਦੇ ਨਾਲ ਖਲੋਤਾ ਸੂਰਜ ਵੀ ਤੁਰਦੇ ਹੋਣ ਦੀ ਜਾਮਨੀ ਭਰਦਾ ਹੈ! ਇੰਜ ਹੀ ਵਗਦੇ ਪਾਣੀਆਂ, ਨਾਲ ਪੁਲ ਵੀ ਤੁਰਦੇ-ਤੁਰਦੇ ਲਗਦੇ ਹਨ! ਅੰਮ੍ਰਿਤਾ ਕਹਿ ਰਹੀ ਸੀ ‘ਸ਼ਾਇਦ ਮੈਨੂੰ ਪੁਲ ਵੀ ਇਸ ਕਰਕੇ ਚੰਗੇ ਲੱਗਦੇ ਨੇ ਕਿ ਇਹ ਦੂਰੀਆਂ ਮੇਟਣ ਦਾ ਕੰਮ ਕਰਦੇ ਹਨ ਤੇ ਇਹ ਪਾਣੀਆਂ ਦੀ ਰੰਗਤ ਦੇ ਸਵਾਲਾਂ ਵਿਚ ਵੀ ਪੈਂਦੇ!
ਸ਼ਾਇਦ ਇਸ ਲਈ ਮੈਨੂੰ ਅੰਮ੍ਰਿਤਾ ਵਗਦੇ ਪਾਣੀਆਂ ਵਰਗੀ ਵੀ ਲਗਦੀ ਹੈ ਤੇ ਦੂਰੀਆਂ ਮੇਟਣ ਵਾਲੇ ਪੁਲਾਂ ਵਰਗੀ ਵੀ!
ਕੋਈ ਵੀਹ ਕੁ ਸਾਲ ਪਹਿਲਾਂ ਮੈਂ ਅੰਮ੍ਰਿਤਾ ਹੋਰਾਂ ਕੋਲ ਦੋ ਤਿੰਨ ਦਿਨ ਲਈ ਠਹਿਰਿਆ.! ਇਹ ਬੜੀ ਹੀ ਭਰਭੂਰ ਮਿਲਣੀ ਸੀ! ਕਿਸੇ ਸਾਹਿਤਕ ਕਾਰਜ ਕਰਕੇ, ਮੈਂ ਸਾਰਾ ਦਿਨ ਉਨ੍ਹਾਂ ਦੇ ਨਾਲ ਰਹਿਦਾ ਤੇ ਰਾਤ ਨੂੰ ਆਪਣੇ ਦੋਸਤਾਂ ਕੋਲ ਆ ਜਾਂਦਾ! ਪਰ ਇਕ ਰਾਤ ਉਨ੍ਹਾਂ ਆਉਣ ਨਾ ਦਿੱਤਾ! ਅੱਜ ਅਜੀਤ (ਕਹਾਣੀਕਾਰ ਅਜੀਤ ਕੌਰ) ਵੱਲ ਜਾਣਾ ਹੈ ਉਹਨੇ ਬਹੁਤ ਸਾਰੇ ਦੋਸਤ ਘਰ ਬੁਲਾਏ ਨੇ!
ਏਨੀ ਗੱਲ ਕਰਕੇ ਉਹਨੇ ਅਜੀਤ ਕੌਰ ਨੂੰ ਫੋਨ ਕੀਤਾ! ‘ਵੇਖ ਅਜੀਤ ਬਹੁਤਾ ਅਡੰਬਰ ਜਿਹਾ ਤਾਂ ਨਹੀਂ ਕਰ ਰਹੀ?
‘ਨਹੀਂ ਸਿਰਫ ਯਾਰ ਦੋਸਤ ਹੋਣਗੇ, ਤੇ ਉਹ ਪਾਕਿਸਤਾਨੀ ਅੰਬੈਸੀ ਦਾ ਕਲਚਰ ਵਿਗ ਦਾ ਅਫਸਰ ਤੇ ਕਵੀ, ਮੁਨੀਰ (ਮੁਨੀਰ ਅਹਿਮਦ ਸ਼ੇਖ) ਹੋਵੇਗਾ, ਅਸਲ ਵਿਚ ਸਾਰੇ ਯਾਰ ਦੋਸਤ ਉਹਦੇ ਕਰਕੇ ਹੀ ਸੱਦ ਰਹੀ ਹਾਂ!
‘ਇਮਰੋਜ਼, ਨਵਰਾਜ ਤਾਂ ਮੇਰੇ ਨਾਲ ਆ ਹੀ ਰਹੇ ਸਨ ਹੁਣ ਸਾਡੇ ਨਾਲ, ‘ਦਲਬੀਰ ਚੇਤਨ ‘ਵੀ ਹੋਵੇਗਾ, ਉਂਜ ਦਲਬੀਰ ਕਹਿ ਰਿਹਾ ਸੀ, ਮੈਨੂੰ ਤਾਂ ਅਜੀਤ ਨੇ ਸੱਦਿਆ ਹੀ ਨਹੀਂ, ਮੈਂ ਕਿਉਂ ਜਾਵਾਂ!
ਅੱਗਿਓਂ ਅਜੀਤ ਕੌਰ ਗੜਕੀ, ਉਹਨੂੰ ਵੱਡੇ ਅੰਬਰਸਰੀ ਬਦਮਾਸ਼ ਨੂੰ ਕਹਿ ਦੇਓ.. ਜੇ ਉਹ ਨਾ ਆਇਆ ਤਾਂ ਬੁਰੀ ਤਰ੍ਹਾਂ ਕੁੱਟਾਂਗੀ!
‘ਭਈ ਭਲਾ ਕੁੱਟੇਂਗੀ ਕਿਉਂ?’ ਅੰਮ੍ਰਿਤਾ ਨੇ ਹੱਸ ਕੇ ਪੁੱਛਿਆ
‘ਪਿਆਰ ਕਰਨ ਵਾਲਿਆਂ ਨੂੰ ਕੁੱਟਣ ਦਾ ਹੱਕ ਵੀ ਬਣਦਾ ਹੈ।
‘ਇਕ ਗੱਲ ਅਜੀਤ, ਬਲਦੇਵ ਵੀ ਇਸ ਪਾਰਟੀ ਵਿਚ ਜ਼ਰੂਰ ਆਉਣਾ ਚਾਹੀਦਾ
‘ਕਿਹੜਾ ਬਲਦੇਵ’
‘ਜਿਹਨੂੰ ਤੂੰ ਏਨਾ ਪਿਆਰ ਕਰਦੀ ਏਂ! ਤੇਰੀ ਸਵੈ-ਜੀਵਨੀ ਜਿਸ ਦੇ ਜਿਗਰ ਨਾਲ ਪੂਰੀ ਭਰੀ ਪਈ ਹੈ -ਉਹ ਬਲਦੇਵ?
‘ਉਹ ,ਉਹ, ਉਹ ਕਿੱਥੇ ….’ ਫੋਨ ਉਤੇ ਅਜੀਤ ਕੌਰ ਦੀ ਆਵਾਜ਼ ਪੂਰੀ ਤਰ੍ਹਾਂ ਥਿੜਕ ਰਹੀ ਸੀ!
ਅੰਮ੍ਰਿਤਾ ਨੇ ਮੈਨੂੰ ਕਿਹਾ, ਔਹ ਰਜਿਸਟਰ ਫੜਾਈਂ! ਰਜਿਸਟਰ ਮੇਰੇ ਲਾਗੇ ਹੀ ਪਿਆ ਸੀ! ਮੈਂ ਅੰਮ੍ਰਿਤਾ ਦੇ ਹਵਾਲੇ ਕਰ ਦਿੱਤਾ! ਉਹਨੇ ਬਲਦੇਵ ਦਾ ਨਾਂ, ਪਤਾ ਤੇ ਫੋਨ ਨੰਬਰ ਤਕ ਉਸ ਰਜਿਸਟਰ ਉਤੇ ਲਿਖਿਆ ਹੋਇਆ ਸੀ!
ਉਹਦੇ ਕਿਸੇ ਰਿਸ਼ਤੇ `ਚੋਂ ਲੱਗਦੀ ਭਰਜਾਈ ਇੱਥੇ ਆਈ ਹੋਈ ਸੀ! ਤੇ ਉਹਨੇ ਤੇਰੀ ਸੰਜੀਵਨੀ ਵੀ ਪੜ੍ਹੀ ਹੋਈ ਸੀ! ਉਹ ਉਹਦਾ ਪਤਾ ਮੈਨੂੰ ਦੱਸ ਗਈ ਸੀ! ਉਹਦਾ ਪੂਰਾ ਨਾਂ ਬਲਦੇਵ ਸਿਘ ਅਨੰਦ ਹੈ! ਉਹ ਅੱਜ-ਕੱਲ੍ਹ ਬਦਲ ਕੇ ਦਿੱਲੀ ਆ ਚੁੱਕਾ ਹੈ! ਉਹਨੂੰ ਵੀ ਸੱਦ -ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾ! ਜਿਸ ਨੂੰ ਸਾਡੀ ਅਜੀਤ ਨੇ ਇੰਨਾ ਪਿਆਰ ਕੀਤਾ।
ਹੁਣ ਅਗਲੇ ਪਾਸਿਉਂ ਫੋਨ ਬਿਲਕੁਲ ਹੀ ਚੁੱਪ ਸੀ!
ਅੰਮ੍ਰਿਤਾ ਵਾਰ-ਵਾਰ ਹੈਲੋ-ਹੈਲੋ ਕਰੀ ਜਾ ਰਹੀ ਸੀ!
ਪਲੰਗ ਉਤੇ ਚੌਫਾਲ ਡਿੱਗੀ ਅਜੀਤ ਦੇ ਨਾਲ ਹੀ ਡਿੱਗਾ ਫੋਨ ਅਜੀਤ ਦੀ ਧੀ ‘ਅਰਪਨਾ ‘ਨੇ ਆ ਚੁੱਕਿਆ! ਉਹ ਕਹਿ ਰਹੀ ਸੀ, ਆਂਟੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ! ਉਹ ਤਾਂ ਡੌਰ ਭੋਰ ਜਿਹੇ ਮੰਜੇ ਉਤੇ ਪਈ ਰੋਈ ਜਾ ਰਹੇ ਨੇ!
ਅੰਮ੍ਰਿਤਾ ਨੇ ਅਰਪਨਾ ਨੂੰ ਸਾਰੀ ਗੱਲ ਦੱਸ ਦਿੱਤੀ!
ਅੱਗਂੋ ਅਰਪਨਾ ਕਹਿ ਰਹੀ ਸੀ, ਆਂਟੀ ਮੰਮੀ ਨੂੰ ਕਹੋ ਬਲਦੇਵ ਨੂੰ ਜ਼ਰੂਰ ਸੱਦਣ! ਮੈਂ ਉਨ੍ਹਾਂ ਨੂੰ ਵੇਖਣਾ ਤੇ ਮਿਲਣਾ ਚਾਹੁੰਦੀ ਹਾਂ! ਜਿਸ ਸ਼ਖਸ ਨੂੰ ਮੇਰੀ ਮਾਂ ਨੇ ਏਨਾ ਪਿਆਰ ਕੀਤਾ, ਮੈਂ ਉਹਦੇ ਨਾਲ ਰੱਜ ਕੇ ਗੱਲਾਂ ਕਰਨਾ ਚਾਹੁੰਦੀ ਹਾਂ!
ਬਾਅਦ `ਚ ਇਕ ਇੰਟਰਵਿਊ `ਚ ਅਰਪਨਾ ਨੇ ਕੁਝ ਇੰਜ ਵੀ ਆਖਿਆ ਸੀ ਕਿ ਕਾਸ਼ ਮੈਂ ਆਪਣੀ ਮਾਂ ਤੇ ਬਲਦੇਵ ਦੀ ਸਾਂਝੀ ਧੀ ਹੁੰਦੀ!
ਜਦੋਂ ਅਸੀਂ ਅਜੀਤ ਕੌਰ ਦੇ ਘਰ ਪਹੁੰਚੇ ਪਾਰਟੀ ਚੱਲ ਰਹੀ ਸੀ! ਉਹਦੇ ਦਿਲ ਵਾਂਗ ਉਹਦਾ ਘਰ ਵੀ ਖੁੱਲ੍ਹਾ ਡੁਲਾ ਸੀ! ਪਤਾ ਸੀ ਬਲਦੇਵ ਨੇ ਨਹੀਂ ਆ ਸਕਣਾ ਤੇ ਉਹ ਆਇਆ ਵੀ ਨਹੀ ਸੀ!
ਅਜੀਤ ਨੇ ਰੋਣ ਤੋਂ ਬਾਅਦ ਆਪਣੀਆਂ ਅੱਖਾਂ ਪੂੰਝ ਲਈਆਂ ਸਨ! ਉਹ ਹਰੇਕ ਨੂੰ ਹੱਸ ਹੱਸ ਮਿਲ ਰਹੀ ਸੀ! ਪਰ ਉਹਦੀਆਂ ਅੱਖਾਂ ਦੇ ਕੋਏ ਅਜੇ ਵੀ ਗਿੱਲੇ ਸਨ!
ਉਹ ਅੰਮ੍ਰਿਤਾ ਨੇ ਚੁੰਮ ਕੇ ਪੂੰਝੇ, ਕਈ ਵਾਰ ਉਡੀਕਾਂ ਵੀ ਹਾਰ ਜਾਂਦੀਆਂ ਹਨ! ਅੰਮ੍ਰਿਤਾ ਨੇ ਅਜੀਤ ਨੂੰ ਜੋLਰ ਦੀ ਘੁੱਟਦਿਆਂ ਦਿਲਾਸਾ ਦਿਤਾ! ਇਹੋ ਜਿਹੇ ਵੇਲਿਆਂ `ਚ ਬਸ ਦਿਲ ਹੀ ਤਕੜਾ ਕਰਨਾ ਪੈਂਦਾ ਹੈ ਹੋਰ ਕੋਈ ਚਾਰਾ ਨਹੀਂ ਹੁੰਦਾ!
ਮੈਂ ਕਹਿ ਸਕਦਾ ਹਾਂ ਕਿ ਉਸ ਫੰਕਸ਼ਨ ਵਿਚ ਮੈਂ ਅੰਮ੍ਰਿਤਾ ਨੂੰ ਕਈ ਕੋਨਿਆਂ ਤੋਂ ਵੇਖਿਆ ਤੇ ਪਛਾਣਿਆ! ਉਹ ਸਭ ਕੁਝ ਹੀ ਸੀ ਪੰਜਾਬੀ ਦੀ ਅਲੰਬਰਦਾਰ, ਸ਼ਾਨਾਮੱਤੀ ਲੇਖਕਾ, ਉਥੇ ਹਾਜ਼ਰ ਅਜੀਤ ਕੌਰ ਦੇ ਦਰਦ ਦੇ ਭਾਈਵਾਲ ਤੇ ਪੰਜਾਬੀ ਦੇ ਨਵੇਂ ਲੇਖਕਾਂ ਦੀ ਆਵਾਜ਼!
ਨਜ਼ਮਾਂ ਦਾ ਦੌਰ ਚੱਲ ਰਿਹਾ ਸੀ! ਮੁਨੀਰ, ਅੰਮ੍ਰਿਤਾ ਤੇ ਮੈਂ ਇਕ ਸੋਫੇ ਉਤੇ ਬੈਠੇ ਸਾਂ! ਅੰਮ੍ਰਿਤਾ ਨੇ ਆਪਣੀ ਇਕ ਸਹੇਲੀ ‘ਤੋਚੀ ‘ਨੂੰ ਸ਼ਿਵ ਦਾ ਗੀਤ, ਮਾਏਂ ਨੀਂ ਮਾਏਂ, ਗਾਉਣ ਲਈ ਕਿਹਾ! ਉਹਨੇ ਇਸ ਗੀਤ ਨੂੰ ਬੜਾ ਹੀ ਵਧੀਆ, ਹਰਮੋਨੀਅਮ ਉਤੇ ਗਾਇਆ। ਤੋਚੀ ਜਿਹੜੀ ਵੀ ਸਤਰ ਗਾ ਲੈਂਦੀ ਸੀ, ਅੰਮ੍ਰਿਤਾ ਉਸੇ ਸਤਰ ਨੂੰ ਹੌਲੀ -ਹੌਲੀ ਬੋਲ ਕੇ ਮੁਨੀਰ ਨੂੰ ਸੁਣਾਉਂਦੀ ਸੀ, ਤਾਂ ਕਿ ਪੂਰੀ ਨਜ਼ਮ ਉਹਦੇ ਪੱਲੇ ਪੈ ਜਾਵੇ! ਪਰ ਇਕ ਸਤਰ ਉਤੇ ਮੈਂ ਹੈਰਾਨ ਰਹਿ ਗਿਆ! ਅੰਮ੍ਰਿਤਾ ਮੁਨੀਰ ਨੂੰ ਇੰਜ ਸੁਣਾ ਰਹੀ ਸੀ!
‘ਬਿਰਹਾ ਦਾ ਇਕ ਪਲੰਗ ਨਵਾਰੀ ਚਾਨਣੀਆਂ ਵਿਚ ਡਾਹਿਆ!
ਤਨ ਦੀ ਚਾਦਰ ‘ਹੋਰ’ ਵੀ ਮੈਲੀ ‘ਜਦ ਪੈਰ ਜੁ ਪਲੰਘੇ ਪਾਇਆ!
ਮੈਂ ਲਾਗੇ ਬੈਠੇ ਹੋਣ ਕਰਕੇ ਅੰਮ੍ਰਿਤਾ ਨੂੰ ਹੁੱਝ ਜਿਹੀ ਮਾਰੀ ਜਿਸ ਦਾ ਅਰਥ ਸੁਚੇਤ ਕਰਨਾ ਸੀ ਕਿ ਤੁਸੀਂ ਗ਼ਲਤ ਪੜ੍ਹ ਰਹੇ ਜੇ! ਪਰ ਉਨ੍ਹਾਂ ਆਪਣੇ ਸੱਜੇ ਹੱਥ ਨਾਲ ਚੁਪ ਰਹਿਣ ਦਾ ਸੰਕੇਤ ਕੀਤਾ ਤੇ ਚੁਪ ਹੋ ਗਿਆ।
ਅਜੀਤ ਦੀ ਬੇਬਾਕੀ ਬਾਰੇ ਤਾਂ ਸਾਰੇ ਜਾਣਦੇ ਨੇ ਪਰ ਉਸ ਦਿਨ ਜ਼ਿਆਦਾ ਹੀ ਬੇਬਾਕ ਹੋਈ ਪਈ ਸੀ! ਉਹਦਾ ਤੁਰਨਾ ਫਿਰਨਾ, ਅੰਦਾਜ਼, ਗੁਫਤਗੂ ਪਹਿਲਾਂ ਤੋਂ ਵੀ ਵੱਧ ਪਿਆਰਾ ਲਗ ਰਿਹਾ ਸੀ!
ਪਰ ਨਜ਼ਮ ਤੋਂ ਪਹਿਲਾਂ ਅਜੀਤ ਬੋਲੀ ਤੁਹਾਨੂੰ ਹਰ ਚੀਜ਼ ਬੁਰਕੇ `ਚ ਰੱਖਣ ਦੀ ਆਦਤ ਹੋ ਗਈ ਹੈ, ਨਜ਼ਮ ਨੂੰ ਤਾਂ ਖੁੱਲ੍ਹੀ ਛੱਡ ਦਿਆ ਕਰੋ!
ਕੀ ਕਰੀਏ ਅਜੀਤ, ਜਨਮ ਹੀ ਬੁਰਕੇ ਵਾਲੀ ਨੇ ਦਿੱਤਾ ਹੈ! ਮੁਨੀਰ ਨੇ ਹੱਸ ਕੇ ਕਿਹਾ ਤੇ ਨਜ਼ਮ ਪੜ੍ਹਨੀ ਸ਼ੁਰੂ ਕਰ ਦਿੱਤੀ!
ਨਜ਼ਮ ਦਾ ਵਿਸ਼ਾ ਹੀ ਕੁਝ ਅਜਿਹਾ ਸੀ ਕਿ ਅਜੀਤ ਹੱਸ ਕੇ ਕਹਿਣ ਲੱਗੀ, ਉਧਰਲਾ ਪੰਜਾਬ ਤਾਂ ਮੁਹੱਬਤ ਕਰਨ ਵਾਲਿਆਂ ਦੀ ਧਰਤੀ ਸੀ! ਤੁਸੀਂ ਹੌਲੇ-ਹੌਲੇ ਇਹਨੂੰ ਗੁੰਡਿਆਂ ਦੇ ਹਵਾਲੇ ਕਰੀ ਜਾ ਰਹੇ ਹੋ! ਸ਼ਾਇਦ ਅਜੀਤ ਦਾ ਸੰਕੇਤ ਚੱਲ ਰਹੇ ਫੌਜੀ ਰਾਜ ਬਾਰੇ ਸੀ!
ਮੈਂ ਸੋਚ ਰਿਹਾ ਸੀ ਦੁਨੀਆ ਉਤੇ ਸਾਰੀਆਂ ਹੀ ਧਰਤੀਆਂ ਦੇ ਲੋਕ ਪਿਆਰ ਕਰਨ ਵਾਲੇ ਹੁੰਦੇ ਹਨ ਤੇ ਸਾਰੀਆਂ ਹਕੂਮਤਾਂ ਨਫ਼ਰਤ ਦੀਆਂ ਭਾਗੀਦਾਰ ਹਨ! ਇੰਜ ਲੱਗਦਾ ਜਿਵੇਂ ਹਕੂਮਤਾਂ ਨੂੰ ਪਿਆਰ ਰਾਸ ਨਹੀਂ ਆਉਂਦਾ!
ਅੰਮ੍ਰਿਤਾ ਵਾਰ-ਵਾਰ ਪੰਜਾਬੀ ਲੇਖਕਾਂ ਦੇ ਨਾਂ ਦੱਸ ਰਹੀ ਸੀ! ਜਿੰਨਾ ਚਿਰ ਦਿੱਲੀ `ਚ ਰਹੇ ਇਨ੍ਹਾਂ ਲੇਖਕਾਂ ਨੂੰ ਜ਼ਰੂਰ ਪੜ੍ਹਿਓ! ਜੇ ਗੁਰਮੁਖੀ ਨਹੀਂ ਆਉਂਦੀ ਤਾਂ ਅਜੀਤ ਦੀ ਮਦਦ ਲਓ! ਉਹ ਤੁਹਾਨੂੰ ਪੜ੍ਹ ਕੇ ਸੁਣਾ ਦੇਵੇਗੀ! ਸ਼ਿਵ ਨੂੰ ਜ਼ਰੂਰ ਪੜ੍ਹਿਓ ਤੇ ਹਾਂ ਤੁਸੀਂ ਦੇਸ਼ਾਂ ਵਿਚ ਫੈਲ ਰਹੀ ਨਫਰਤ ਦੀ ਗੱਲ ਕਰ ਰਹੇ ਸੀ! ਇਸ ਲਈ ‘ਜਸਬੀਰ ਭੁੱਲਰ’ ਦਾ ਨਾਵਲ ‘ਨੋ ਮੈਂਨਜ਼ ਲੈਂਡ’ ਵੀ ਪੜ੍ਹਿਓ!
ਪੋਹ ਦਾ ਮਹੀਨਾ ਸੀ! ਕੜਕਵੀਂ ਠੰਢ, ਅੱਧੀ ਕੁ ਰਾਤ ਨੂੰ ਅਸੀਂ ਵਾਪਸ ਪਰਤੇ! ਕਾਰ ਇਮਰੋਜ਼ ਚਲਾ ਰਿਹਾ ਸੀ! ਮੈਂ ਅੰਮ੍ਰਿਤਾ ਨੂੰ ਪੁੱਛਿਆ! ਤੁਸਾਂ ਮੈਨੂੰ ਸ਼ਿਵ ਵਾਲੀ ਸਤਰ ਉਤੇ ਚੁੱਪ ਰਹਿਣ ਦਾ ਸੰਕੇਤ ਕੀਤਾ ਸੀ! ਜਦੋਂ ਕਿ ਤੁਸੀਂ ਉਸਦੀ ਸਤਰ ਗ਼ਲਤ ਪੜ੍ਹ ਰਹੇ ਸੀ! ਤਾਂ ਮੈਨੂੰ ਵੀ ਪਤਾ, ਪਰ ਸ਼ਿਵ ਦੀ ਇਹ ਸਤਰ ਮੈਨੂੰ ਕਦੇ ਹਜ਼ਮ ਨਹੀਂ ਹੋਈ! ਉਹ ਮੁਹੱਬਤ ਬਾਰੇ ਰੌਲਾ ਤਾਂ ਬਹੁਤ ਪਾਉਂਦਾ ਰਿਹਾ? ਪਰ ਮੈਨੂੰ ਲਗਦਾ ਜਿਵੇਂ ਉਸ ਨੇ ਨਾ ਮੁਹੱਬਤ ਨੂੰ ਸਹੀ ਤਰ੍ਹਾਂ ਸਮਝਿਆ ਤੇ ਨਾ ਹੀ ਇਮਾਨਦਾਰੀ ਨਾਲ ਕਿਸੇ ਨੂੰ ਮੁਹੱਬਤ ਕੀਤੀ? ਮੈਨੂੰ ਹਮੇਸ਼ਾ ਲੱਗਦਾ ਕਿ ਜਦੋਂ ਮਹਿਬੂਬ ਪੈਰ ਪਲੰਘੇ ਪਾਵੇ ਤਾਂ ਤਨ ਦੀ ਚਾਦਰ ਮੈਲੀ ਨਹੀਂ ਹੁੰਦੀ! ਸਗੋਂ ਹੋਰ ਵੀ ਮੌਲਦੀ ਹੈ! ਮੇਰਾ ਤਾਂ ਜੀਅ ਕਰਦਾ ਸੀ ਕਿ ਇਸ ਸਤਰ ਨੂੰ ਸ਼ਬਦ ਜੋੜ ਦੀ ਗਲਤੀ ਮਿੱਥ ਕੇ ਤਨ ਦੀ ਚਾਦਰ ਹੋ ਮੈਲੀ ਦੀ ਥਾਂ ‘ਤਨ’ ਦੀ ਚਾਦਰ ਹੋਰ ਵੀ ਮੌਲੀ ਹੋ ਗਈ ਲਿਖ ਦੇਵਾਂ।
ਮੈਂ ਸੋਚਣ ਲਗ ਪਿਆ ਅੰਮ੍ਰਿਤਾ ਤੇ ਇਮਰੋਜ਼ ਕਿੰਨਾ ਇਕੋ ਜਿਹੇ ਹਨ! ਇਮਰੋਜ਼ ਵੀ ਕਹਿੰਦਾ ਹੁੰਦਾ ਕਿ ਜੇ ਕਿਸੇ ਕਿਤਾਬ ਦਾ ਟਾਈਟਲ ਉਹਨੂੰ ਪਸੰਦ ਨਾ ਆਵੇ ਤਾਂ ਉਹ ਨਵਾਂ ਟਾਈਟਲ ਬਣਾ ਕੇ ਉਸ ਉਤੇ ਚੜ੍ਹਾ ਦੇਂਦਾ। ਸਮਝ ਆ ਰਹੀ ਸੀ ਕਿ ਕਿਉਂ ਅੰਮ੍ਰਿਤਾ ਮੇਰੀ ਕਹਾਣੀ ਨੂੰ ‘ਟੱਚ ਅੱਪ’ ਕਰਨਾ ਚਾਹੁੰਦੀ ਸੀ! ਕਿਉਂ ਉਹ ਸ਼ਿਵ ਦੀ ਸਤਰ ਨੂੰ ਦਰੁਸਤ ਕਰ ਦੇਣਾ ਚਾਹੁੰਦੀ ਹੈ? ਤੇ ਕਿਉਂ ਇਮਰੋਜ਼ ਟਾਈਟਲ ਨੂੰ ਬਦਲ ਦੇਣ ਤੱਕ ਚਲਾ ਜਾਂਦਾ ਹੈ!
‘ਨਾਗਮਣੀ `ਚ ਛਪਣ ਦੀ ਦੋਹਰੀ ਖੁਸ਼ੀ ਹੁੰਦੀ ਸੀ! ਇਕ ਛਪਣ ਦੀ ਤੇ ਇਸ ਤੋਂ ਵੀ ਪਹਿਲਾਂ ਅੰਮ੍ਰਿਤਾ ਵਲੋਂ ਛਪਣ ਦੀ ਸਹਿਮਤੀ ਬਾਰੇ ਲਿਖਦਿਆਂ, ਉਸ ਕਹਾਣੀ ਬਾਰੇ ਕਹੀ, ਇਕ ਅੱਧੀ ਸਤਰ ਦੀ!
ਕਈ ਸੰਪਾਦਕ ਕਹਾਣੀ ਬਾਰੇ ਸਫਿਆਂ ਦੇ ਸਫੇ ਲਿਖ ਦੇਂਦੇ ਹਨ! ਪਰ ਉਹ ਲਿਖਿਆ ਕਦੇ ਵੀ ਜ਼ਿਕਰਯੋਗ ਨਹੀਂ ਹੁੰਦਾ! ਅੰਮ੍ਰਿਤਾ ਦੀਆਂ ਕਹੀਆਂ ਕੁਝ ਸਤਰਾਂ ਵੀ ਜ਼ਿਕਰਯੋਗ ਹੀ ਨਹੀਂ ਸਗੋਂ ਸਾਂਭਣਯੋਗ ਵੀ ਬਣ ਜਾਂਦੀਆਂ ਹਨ!
ਮੈਂ ਪਿੰਡ ਛੱਡ ਕੇ ਅੰਮ੍ਰਿਤਸਰ ਆ ਵੱਸਿਆ ਸਾਂ! ਇਥੇ ਘਰ ਬਣਾਉਣ ਤੋਂ ਬਾਅਦ ਇਕ ਕਹਾਣੀ ਲਿਖੀ ਤੇ ‘ਨਾਗਮਣੀ’ ਨੂੰ ਭੇਜਦਿਆਂ ਇਹ ਵੀ ਲਿਖ ਦਿੱਤਾ ਕਿ ਨਵੇਂ ਘਰ ਵਿਚ ਬਹਿ ਕੇ ਲਿਖੀ ਪਹਿਲੀ ਕਹਾਣੀ ਭੇਜ ਰਿਹਾ ਹਾ!
ਅੰਮ੍ਰਿਤਾ ਨੇ ਜਵਾਬ ਦਿਤਾ! ਕਿਹਾ ‘ਨਵਂੇ ਜਾਵੀਏ ਦੀ ਕਹਾਣੀ ਮੁਬਾਰਕ’!
ਮੇਰਾ ਜਾਣੂੰ ਇਕ ਨਵਾਂ ਲੇਖਕ ਮੇਰੇ ਜ਼ਿਕਰ ਨਾਲ ਅੰਮ੍ਰਿਤਾ ਨੂੰ ਕਹਾਣੀਆਂ ਭੇਜਦਾ ਰਿਹਾ!
ਅੰਮ੍ਰਿਤਾ ਨੇ ਉਸ ਨੂੰ ਖਤ ਲਿਖਿਆ, ਤੇਰੀਆਂ ਕਹਾਣੀਆਂ ਵਿਚ ਸੰਭਾਵਨਾਵਾਂ ਹਨ, ਜਦ ਵੀ ਕੋਈ ਕਹਾਣੀ ਚੰਗੀ ਲੱਗੀ ਜ਼ਰੂਰ ਛਾਪਾਂਗੀ! ਤੇ ਉਹ ਕਹਾਣੀ ਕਿਸੇ ਜ਼ਿਕਰ ਦੀ ਮੁਥਾਜ ਨਹੀਂ ਹੋਵੇਗੀ!
ਸਾਡੇ ਪਿੰਡ ਦੇ ਲਾਗਲੇ ਪਿਡੋਂ ਇਕ ਅਧਿਆਪਕਾ ਬਲਵਿੰਦਰ ਮੇਰੇ ਪਿਡ ਦੇ ਹਾਈ ਸਕੂਲ ਵਿਚ ਪੜ੍ਹਾਉਣ ਆਉਂਦੀ, ਸੀ! ਤਾਂ ਉਹ ਮੈਥ ਟੀਚਰ ਪਰ ਉਹਦੀ ਸਾਹਿਤ ਵਿਚ ਬੜੀ ਦਿਲਚਸਪੀ ਸੀ! ਇਸ ਨਾਤੇ ਉਸਦਾ ਮੇਰੇ ਘਰ ਆਉਣ-ਜਾਣ ਹੋ ਗਿਆ! ਇਕ ਦਿਨ ਅਸੀਂ ਬੈਠੇ ਗੱਲਾਂ ਕਰ ਰਹੇ ਸਾਂ! ਤਾਂ ਮੈਂ ਉਹਨੂੰ ਦੱਸਿਆ! ਮੈਂ ਕੱਲ੍ਹ ਦਿਲੀ ਜਾ ਰਿਹਾ ਹਾਂ!
ਫੇਰ ਤਾਂ ਅੰਮ੍ਰਿਤਾ ਨੂੰ ਮਿਲ ਕੇ ਆਉਗੇ! ਉਹਨੇ ਉਤਾਵਲੀ ਹੋ ਕੇ ਪੁੱਛਿਆ! ਮੈਂ ਕਿਹਾ ਅੰਮ੍ਰਿਤਾ ਨੂੰ ਮਿਲੇ ਬਗੈਰ ਦਿੱਲੀ ਵੀ ਕਾਹਦੀ ਦਿੱਲੀ!
ਗੱਲਾਂ ਚੱਲ ਹੀ ਰਹੀਆਂ ਸਨ ਕਿ ਡਾਕੀਆ ਡਾਕ ਦੇ ਗਿਆ ‘ਡਾਕ ਵਿਚ ਇਕ ਚਿੱਠੀ ਅੰਮ੍ਰਿਤਾ ਦੀ ਵੀ ਸੀ! ਕੁਝ ਚਿਰ ਪਹਿਲਾਂ ਨਾਗਮਣੀ `ਚ ਛਪੇ ਮੇਰੇ ਲੇਖ ‘ਮੈਂ ਤੇ ਮੈਂ’ ਵਿਚ ਇਕ ਮੋਈ ਕੁੜੀ ਦਾ ਜ਼ਿਕਰ ਸੀ! ਅੰਮ੍ਰਿਤਾ ਨੇ ਚਿੱਠੀ `ਚ ਲਿਖਿਆ ਸੀ ਕੇ ਮੈਂ ਉਸ ‘ਮੋਈ ‘ਕੁੜੀ ਦੇ ਨਾਂ ਇਕ ਜਿਉਂਦਾ ਖ਼ਤ ਲਿਖ ਕੇ ਭੇਜਾਂ! ਉਨ੍ਹਾਂ ਨੂੰ ਇਹ ਖਤ ਨਾਗਮਣੀ ਦੇ ਵਿਸ਼ੇਸ਼ ਅੰਕ ਕਾਲੇ ਤਿਲਿਅਰ ਲਈ ਚਾਹੀਦਾ ਸੀ!
ਉਸ ਅਧਿਆਪਕਾ ਨੇ ਮੇਰੇ ਹੱਥੋਂ ਫੜ ਕੇ ਅੰਮ੍ਰਿਤਾ ਦੀ ਚਿੱਠੀ ਪੜ੍ਹ ਲਈ! ਤੇ ਮੈਨੂੰ ਕਹਿਣ ਲਗੀ! ਮੈਂ ਅੰਮ੍ਰਿਤਾ ਜੀ ਨੂੰ ਬਹੁਤ ਖਤ ਲਿਖੇ! ਪਰ ਉਨ੍ਹਾਂ ਕਦੇ ਜਵਾਬ ਨਹੀਂ ਦਿੱਤਾ! ਮੇਰੀ ਬੜੀ ਰੀਝ ਹੈ ਕਿਤੇ ਮੇਰੇ ਖਤ ਦਾ ਜਵਾਬ ਵੀ ਦੇਣ! ਤੇ ਫੇਰ ਉਹ ਮੇਰੇ ਨਾਂ ਅੰਮ੍ਰਿਤਾ ਵਲੋਂ ਆਈ ਚਿੱਠੀ, ਪਰਸ ਵਿਚ ਪਾਉਂਦੀ ਬੋਲੀ, ਅੱਜ ਤੋਂ ਤੁਹਾਡਾ ਇਹ ਖਤ ਮੇਰੇ ਕੋਲ ਗਿਰਵੀ ਸਮਝੋ! ਜੇ ਇਸ ਨੂੰ ਛੁਡਵਾਉਣਾ ਚਾਹੁੰਦੇ ਹੋ ਤਾਂ ਅੰਮ੍ਰਿਤਾ ਜੀ ਨੂੰ ਕਹਿਣਾ ਮੇਰੇ ਖਤ ਦਾ ਜੁਵਾਬ ਜ਼ਰੂਰ ਦੇਣ! ਤੇ ਉਹਨੇ ਉੱਥੇ ਬੈਠੀ ਨੇ ਹੀ ਇਕ ਖਤ ਲਿਖਿਆ ਤੇ ਉਸਨੂੰ ਮੈਂ ਅੰਮ੍ਰਿਤਾ ਜੀ ਨੂੰ ਜਾ ਦਿੱਤਾ! ਤੇ ਗਹਿਣੇ ਪਏ ਖਤ ਵਾਲੀ ਸਾਰੀ ਕਹਾਣੀ ਵੀ ਸੁਣਾ ਦਿੱਤੀ।