ਰਾਮ ਸਰੂਪ ਅਣਖ਼ੀ ਦੀਆਂ ਮੁਹੱਬਤਾਂ, ਦਰਿਆ-ਦਿਲੀ ਤੇ ਆਪਣੇ ਦਿਲ ਦੀਆਂ ਗੱਲਾਂ!

ਵਰਿਆਮ ਸਿੰਘ ਸੰਧੂ
ਅੱਜ ਸਾਡੀ ਜ਼ਬਾਨ ਦੇ ਮਹਾਨ ਗਲਪਕਾਰ ਰਾਮ ਸਰੂਪ ਅਣਖ਼ੀ ਹੁਰਾਂ ਦਾ ਜਨਮ ਦਿਹਾੜਾ ਹੈ। ਮੈਂ ਉਨ੍ਹਾਂ ਦੀ ਲਿਖਤ ਦਾ ਸ਼ੈਦਾਈ ਸਾਂ। ਉਹ ਏਨੀ ਸਾਦਗੀ ਨਾਲ ਗੱਲ ਸ਼ੁਰੂ ਕਰਦਾ ਕਿ ਤੁਹਾਨੂੰ ਲੱਗਦਾ ਉਹ ਤੁਹਾਡੇ ਆਸੇ-ਪਾਸੇ ਦੀ, ਤੁਹਾਡੇ ਅੰਦਰ ਦੀ ਹੀ ਬਾਤ ਪਾ ਰਿਹਾ ਹੈ। ਤੁਹਾਡੇ ਅੰਦਰ ਦੀਆਂ ਹਨੇਰੀਆਂ ਨੁੱਕਰਾਂ ਬੜੇ ਹੀ ਸਹਿਜ ਨਾਲ ਰੌਸ਼ਨ ਕਰੀ ਜਾਂਦਾ ਹੈ। ਉਹਦੀ ਰਚਨਾ ਪੜ੍ਹ ਕੇ ਕਈ ਚਿਰ ਉਹਦੇ ਜਾਦੂਈ ਪ੍ਰਭਾਵ ਵਿਚੋਂ ਨਿਕਲਣਾ ਔਖਾ ਸੀ। ਉਹਦੇ ਪਾਤਰ ਕਈ ਦਿਨ ਤੁਹਾਡੇ ਚੇਤਿਆਂ ਵਿਚ ਤੁਰੇ ਫਿਰਦੇ ਰਹਿੰਦੇ। ਜਿਵੇਂ ਚੰਗੀ ਸ਼ਰਾਬ ਦਾ ਨਸ਼ਾ ਕਈ ਚਿਰ ਚੜ੍ਹਿਆ ਰਹਿੰਦਾ ਹੈ।

ਜਦੋਂ ਅਣਛਪੇ ਨਾਵਲ ‘ਪਰਤਾਪੀ’ ਦਾ ਪਹਿਲਾ ਕਾਂਡ ‘ਆਰਸੀ’ ਵਿਚ ਛਪਿਆ ਤਾਂ ਉਹਦੇ ਵਿਚ ਏਨੀ ਧੂਹ-ਪਾਊ ਖਿੱਚ ਤੇ ਜਗਿਆਸਾ ਸੀ ਕਿ ਪੂਰੇ ਨਾਵਲ ਨੂੰ ਛਪਣ ਲਈ ਉਡੀਕਣਾ ਮੁਸ਼ਕਿਲ ਹੋ ਗਿਆ ਸੀ। ਜਦੋਂ ‘ਦੁੱਲੇ ਦੀ ਢਾਬ’ ਵਾਲਾ ਦੁੱਲਾ ਢੋਲ ਵਜਾਉਂਦਾ ਤਾਂ ਉਹਦੀ ਉਦਾਸੀ ਏਨੀ ਧੁਰ ਅੰਦਰ ਤੱਕ ਖੁਭ ਗਈ ਕਿ ਅੱਜ ਵੀ ਕਿਧਰੇ ਉਹ ਉਦਾਸੀ ਅੰਦਰ ਪਈ ਹੈ। ‘ਸੁਲਘਦੀ ਰਾਤ’ ਤਾਂ ਮੈਂ ਇੱਕੇ ਬੈਠਕ ਵਿਚ ਸਾਹ ਰੋਕ ਕੇ ਪੜ੍ਹ ਗਿਆ। ‘ਕੋਠੇ ‘ਖੜਕ ਸਿੰਘ’ ਤੋਂ ਲੈ ਕੇ ਆਖ਼ਰੀ ਨਾਵਲ ਤੱਕ ਮੈਂਂ ਉਹਦਾ ਅੱਖਰ ਅੱਖਰ ਪੜ੍ਹਿਆ। ਮੈਨੂੰ ਤਾਂ ਛੇਵੇਂ ਦਹਾਕੇ ਵਿਚ ‘ਪ੍ਰੀਤ ਲੜੀ’ ਵਿਚ ਛਪੀ ਉਹਦੀ ਚਿੱਠੀ ਵੀ ਯਾਦ ਹੈ, ਜਿਸ ਵਿਚ ਉਸਨੇ ਦੁੱਖ ਜ਼ਾਹਿਰ ਕੀਤਾ ਸੀ ਕਿ ਉਹਨੂੰ ਹਿੰਦੂ ਹੋਣ ਕਰ ਕੇ ਨਨਕਾਣਾ ਸਾਹਿਬ ਦੀ ਯਾਤਰਾ ਲਈ ਜਾਣ ਵਾਲੇ ਜਥੇ ਵਿਚ ਸ਼ਾਮਲ ਕਰਨੋਂ ਇਨਕਾਰ ਕਰ ਦਿੱਤਾ ਗਿਆ ਸੀ। ਉਹਦਾ ਲਿਖਿਆ ਸਭ-ਕੁਝ ਯਾਦ ਹੈ। ਸੰਘਰਸ਼ ਭਰੀ ਆਤਮ-ਕਥਾ ਵੀ। ‘ਭੀੜੀ ਗਲੀ’ ਵਰਗੀ ਕਲਾਸਿਕ ਕਹਾਣੀ ਅਣਖ਼ੀ ਤੋਂ ਬਿਨਾਂ ਕੌਣ ਲਿਖ ਸਕਦਾ ਹੈ!
ਉਹਦੇ ਕਿਹੜੇ ਕਿਹੜੇ ਨਾਵਲ ਤੇ ਕਿਹੜੀ ਕਿਹੜੀ ਰਚਨਾ ਦੀ ਗੱਲ ਕਰੀਏ। ਵਾਰਤਕ ਲਿਖਦਾ ਜਾਂ ਕਹਾਣੀ ਸਭ ਪਾਸੇ ਕਮਾਲ ਕਰੀ ਜਾਂਦਾ। ਮੈਂ ਉਹਦੀਆਂ ਲਿਖਤਾਂ ਦਾ ਤਾਂ ਮੁਰੀਦ ਹੀ ਸਾਂ, ਪਰ ਉਸ ਦੀ ਸਾਦਾ ਦਿਲੀ ਤੇ ਇਨਸਾਨੀ ਖ਼ੂਬਸੂਰਤੀ ਦਾ ਵੀ ਕੋਈ ਮੁਕਾਬਲਾ ਨਹੀਂ। ਏਡੇ ਵੱਡੇ ਲੇਖਕ ਹੋਣ ਦਾ ਰਤੀ ਭਰ ਵੀ ਗੁਮਾਨ ਨਹੀਂ ਸੀ। ਸਾਡੇ ਵਰਗੇ ਨਵਿਆਂ ਨੂੰ ਵੀ ਉਹ ਏਨੇ ਮੋਹ ਅਤੇ ਅਪਣੱਤ ਨਾਲ ਮਿਲਦਾ, ਇੰਜ ਲੱਗਦਾ ਜਿਵੇਂ ਤੁਹਾਡਾ ਸਕਾ ਵੱਡਾ ਭਰਾ ਦਿਲ ਦੇ ਪੂਰੇ ਮੋਹ ਨਾਲ ਤੁਹਾਨੂੰ ਮੁਖ਼ਾਤਬ ਹੋ ਰਿਹਾ ਹੋਵੇ!
ਅਣਖ਼ੀ ਸਾਹਿਬ ਦੀ ਸਦਾ ਮੇਰੇ ’ਤੇ ਮੁਹੱਬਤੀ ਬਾਰਸ਼ ਹੁੰਦੀ ਰਹੀ। ਉਹ ਮੈਨੂੰ ਏਨੀ ਮੁਹੱਬਤ ਕਰਦੇ ਸਨ ਕਿ ਜਦ ਮੇਰੀ ਪਹਿਲੀ ਕਿਤਾਬ ‘ਲੋਹੇ ਦੇ ਹੱਥ’ ਛਪੀ ਤਾਂ ਉਨ੍ਹਾਂ ਨੇ ‘ਅਜੀਤ’ ਅਖ਼ਬਾਰ ਦੇ ਕਾਲਮ ਵਿਚ ਮੇਰੇ ਬਾਰੇ ਲਿਖਿਆ, ‘ਜੇ ਹੁਣ ਤੱਕ ਛਪੇ ਸਾਰੇ ਕਹਾਣੀ-ਸੰਗ੍ਰਹਿ ਤੱਕੜੀ ਦੇ ਇੱਕ ਪਲੜੇ ਵਿਚ ਰੱਖ ਦਿਤੇ ਜਾਣ ਤੇ ਦੂਜੇ ਪਲੜੇ ਵਿਚ ਨਿੱਕੀ ਜਿਹੀ ਪੁਸਤਕ ‘ਲੋਹੇ ਦੇ ਹੱਥ’ ਰੱਖ ਦਿੱਤੀ ਜਾਵੇ ਤਾਂ ‘ਲੋਹੇ ਦੇ ਹੱਥ’ ਵਾਲਾ ਪਲੜਾ ਭਾਰੀ ਹੋਵੇਗਾ।’
-ਜ਼ਾਹਿਰ ਹੈ ਇਹ ਪ੍ਰਸ਼ੰਸਾ ਆਪਣੇ ਕਿਸੇ ਬਹੁਤੇ ਹੀ ਪਿਆਰੇ ਨੂੰ ਵਡਿਆਉਣ-ਲਡਾਉਣ ਲਈ ਅਤਿਕਥਨੀ ਅੰਦਾਜ਼ ਵਿਚ ਹੀ ਕੀਤੀ ਗਈ ਸੀ, ਪਰ ਮੇਰੇ ਵਰਗੇ ਅਸਲੋਂ ਨਵੇਂ ਲੇਖਕ ਨੂੰ ਅਣਖੀ ਹੁਰਾਂ ਵਰਗਾ ਵੱਡਾ ਗਲਪਕਾਰ ਉਹਦੇ ਪੈਰਾਂ ਹੇਠਾਂ ਹੱਥ ਰੱਖ ਕੇ ਉੱਚਾ ਚੁੱਕ ਕੇ ਵਿਖਾ ਰਿਹਾ ਸੀ, ਇਹ ਉਨ੍ਹਾਂ ਦੇ ਸਮੁੰਦਰੀ ਦਿਲ ਦੀ ਵਿਸ਼ਾਲਤਾ ਹੀ ਸੀ। ਬਾਅਦ ਵਿਚ ਜਦ ਮੈਂਰਾ ਥੋੜਾ ਬਹੁਤ ਨਾਂ-ਥਾਂ ਬਣ ਗਿਆ ਤਾਂ ਉਨ੍ਹਾਂ ਨੇ ਮੇਰੇ ਬਾਰੇ ਇੱਕ ਆਰਟੀਕਲ ਲਿਖਿਆ, ‘ਮੇਰਾ ਮਹਿਬੂਬ ਕਥਾਕਾਰ-ਵਰਿਆਮ ਸਿੰਘ ਸੰਧੂ’ ਜਿਸਦਾ ਅੰਗਰੇਜ਼ੀ ਰੂਪ ‘ਦਾ ਟ੍ਰਿਬਊਨ’ ਵਿਚ ਛਪਿਆ। ਇਸ ਆਰਟੀਕਲ ਵਿਚ ਉਨ੍ਹਾਂ ਨੇ ਮੇਰੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਮੇਰੀਆਂ ਕਹਾਣੀਆਂ ਬਾਰੇ ਭਰਵੀਂ ਤਾਰੀਫ਼ ਕੀਤੀ।
ਉਨ੍ਹਾਂ ਨੇ ਲਿਖਿਆ ਕਿ 1971 ਵਿਚ ਉਹ ਅੰਬਰਸਰ ਗੁਰਸ਼ਰਨ ਸਿੰਘ ਕੋਲ ਆਏ ਬਲਰਾਜ ਸਾਹਨੀ ਨੂੰ ਮਿਲਣਾ ਚਾਹੁੰਦੇ ਸਨ। ਉਹ ਗੁਰਸ਼ਰਨ ਸਿੰਘ ਹੁਰਾਂ ਦੇ ਘਰ ਗਏ। ਜਦ ਉਹ ਉਨ੍ਹਾਂ ਦੇ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਬਲਰਾਜ ਸਾਹਨੀ ਤੇ ਗੁਰਸ਼ਰਨ ਸਿੰਘ ਘਰੋਂ ਬਾਹਰ ਗਏ ਨੇ ਤੇ ਕੁਝ ਦੇਰ ਬਾਅਦ ਆਉਣ ਹੀ ਵਾਲੇ ਨੇ। ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ ਹੁਰਾਂ ਨੇ ਅਣਖੀ ਹੁਰਾਂ ਨੂੰ ਚੁਬਾਰੇ ਵਿਚ ਉਡੀਕ ਕਰਨ ਲਈ ਕਿਹਾ। ਅਣਖੀ ਜੀ ਲਿਖਦੇ ਹਨ:
‘ਚੁਬਾਰੇ ਵਿਚ ਗਿਆ ਤਾਂ ਕਾਰਨਿਸ ’ਤੇ ਪੰਜ-ਸੱਤ ਕਿਤਾਬਾਂ ਪਈਆਂ ਵੇਖੀਆਂ। ਇੱਕ ਨਿੱਕੀ ਜਿਹੀ ਕਿਤਾਬ ਚੁੱਕ ਲਿਆਇਆ ਤੇ ਮੰਜੇ ਉਤੇ ਪੈ ਕੇ ਪੜ੍ਹਨ ਲੱਗਿਆ। ਛੋਟੀਆਂ ਛੋਟੀਆਂ ਕਹਾਣੀਆਂ ਸਨ। ਪੜ੍ਹਨ ਲੱਗਿਆ ਤਾਂ ਦਿਲਚਸਪ ਸਨ। ਭਾਸਾ ਮਾਂਜੀ-ਸਵਾਰੀ ਤੇ ਸੰਵਾਦ ਬਹੁਤ ਚੁਸਤ ਸਨ। ਕਥਾ-ਵਸਤੂ ਅਨੂਠੀ। ਬੰਬਈ ਵਾਲਿਆਂ ਦੀ ਉਡੀਕ ਯਾਦ ਨਹੀਂ ਰਹੀ। ਲਗਾਤਾਰ ਕਹਾਣੀਆਂ ਪੜ੍ਹਦਾ ਜਾ ਰਿਹਾ ਸਾਂ। ਇਹ ਸੀ ਵਰਿਆਮ ਸਿੰਘ ਸੰਧੂ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ (1971)। ਮੈਂਂ ਉਹਨੂੰ ਪਹਿਲੀ ਵਾਰ ਪੜ੍ਹਿਆ ਸੀ। ਉਤਸੁਕਤਾ ਜਾਗਣ ਲੱਗੀ-ਕੌਣ ਹੋਇਆ ਉਹ ਮੁੰਡਾ?
ਅੱਗੇ ਜਾ ਕੇ ਸਾਡੀ ਪਹਿਲੀ ਮਿਲਣੀ ਦਾ ਵੇਰਵਾ ਦਿੰਦੇ ਹਨ:
‘1975 ਦਾ ਮਹੀਨਾ ਸੀ ਕੋਈ। ਮੇਰਾ ਛੋਟਾ ਨਾਵਲ ‘ਸੁਲਗਦੀ ਰਾਤ’ ‘ਦ੍ਰਿਸ਼ਟੀ’ ਮਾਸਿਕ-ਪੱਤਰ ਵਿਚ ਛਪ ਚੁੱਕਾ ਸੀ। ਇਹਦੀ ਚੰਗੀ ਚਰਚਾ ਹੋਈ ਸੀ। ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਵਿਚ ਕਹਾਣੀ-ਦਰਬਾਰ ਸੀ। ਅਸੀਂ ਕਈ ਕਹਾਣੀਕਾਰ ਸਾਂ। ਕੁਲਵੰਤ ਸਿੰਘ ਵਿਰਕ ਨੇ ਪ੍ਰਧਾਨਗੀ ਕੀਤੀ। ਉਥੇ ਮਿਲਿਆ ਵਰਿਆਮ ਸਿੰਘ ਸੰਧੂ। ਉੱਚਾ ਲੰਮਾ ਗੱਭਰੂ ਤੇ ਛਾਂਟਿਆ ਹੋਇਆ ਸਰੀਰ। ਹੱਸਦਾ ਤਾਂ ਮੂੰਹੋਂ ਖਿੱਲਾਂ-ਮਖਾਣੇ ਝੜ ਝੜ ਪੈਂਦੇ। ਅਸੀਂ ਮਿਲੇ ਤਾਂ ਉਹ ‘ਸੁਲਗਦੀ ਰਾਤ’ ਦੀ ਤਾਰੀਫ਼ ਕਰ ਰਿਹਾ ਸੀ। ਮੈਨੂੰ ਉਹਦੀਆਂ ‘ਲੋਹੇ ਦੇ ਹੱਥ’ ਵਾਲੀਆਂ ਕਹਾਣੀਆਂ ਦੀ ਪ੍ਰਸੰLਸਾ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਸ਼ਾਇਦ ਮੈਂ ਉਹਦੇ ਮੂੰਹੋਂ ਆਪਣੀ ਤਾਰੀਫ਼ ਸੁਣ ਕੇ ਨਸ਼ਿਆਇਆ ਗਿਆ ਹੋਵਾਂ! ਨਸ਼ੇ ਵਿਚ ਸੁਰਤ ਮਾਰੀ ਜਾਂਦੀ ਹੈ।’
ਮੇਰੀਆਂ ਕਹਾਣੀਆਂ ਬਾਰੇ ਅਣਖ਼ੀ ਸਾਹਿਬ ਕੁਝ ਇੰਝ ਲਿਖਦੇ ਹਨ:
‘ਵਰਿਆਮ ਸੰਧੂ ਨੇ ਪੰਜਾਬੀ ਕਹਾਣੀ ਵਿਚ ਜਮੂਦ ਨੂੰ ਤੋੜਿਆ-ਦੋ ਗੱਲਾਂ ਕਰ ਕੇ। ਇੱਕ ਤਾਂ ਉਹਨੇ ਲੰਮੀ ਕਹਾਣੀ ਦਾ ਬੱਝਵਾਂ ਰੂਪ ਸਾਹਮਣੇ ਲਿਆਂਦਾ। ਦੂਜੀ ਗੱਲ, ਉਹਦੀ ਲੰਮੀ ਕਹਾਣੀ ਜੋ ਮਕਬੂਲ ਹੋਈ, ਉਹ ਉਹਦੇ ਕਥਾ-ਰਸ ਤੇ ਦ੍ਰਿਸ਼-ਵਰਣਨ ਕਰ ਕੇ। ਸਭ ਤੋਂ ਵੱਡੀ ਗੱਲ, ਉਹਦੀ ਕਹਾਣੀ ਵਿਚ ਲੁਪਤ ਸੁਨੇਹਾ ਤੇ ਰਹੱਸ ਹੁਨਰੀ ਰੂਪ ਵਿਚ ਛੁਪਿਆ ਰਹਿੰਦਾ ਸੀ। ਕਥਾ-ਵਾਚਕ ਰੂੜ੍ਹੀਆਂ ਵੀ ਉਹ ਵਰਤਦਾ ਜਾ ਰਿਹਾ ਸੀ। ਆਪਣੀ ਕਹਾਣੀ ਵਿਚ ਕੋਈ ਅਜਿਹਾ ਪਾਤਰ ਰੱਖਦਾ, ਜਿਹੜਾ ਤਕੀਆ ਕਲਾਮ ਬੋਲਦਾ ਤੇ ਸਥਿਤੀ ’ਤੇ ਚੋਟਾਂ ਕਰਦਾ ਤੁਰਿਆ ਜਾਂਦਾ। ਕਹਾਣੀ ਸਪਾਟ ਨਾ ਰਹਿ ਜਾਵੇ, ਇਸ ਲਈ ਉਹਦੇ ਕੋਲ ਹੋਰ ਜਿੰਨਾ ਵੀ ਮਸਾਲਾ ਹੁੰਦਾ, ਉਹ ਵੀ ਵਿਚ ਜੋੜ ਦਿੰਦਾ। ਕਹਾਣੀ ਵਿਚ ਹੋਰ ਕਹਾਣੀਆਂ ਤੁਰ ਪੈਂਦੀਆਂ ਜੋ ਸਮੁੱਚੇ ਕਥਾਨਕ ਨੂੰ ਸੰਘਣਾ ਕਰਦੀਆਂ ਤੇ ਕਹਾਣੀ ਮੈਦਾਨੀ ਨਦੀ ਵਾਂਗ ਫੈਲ ਜਾਂਦੀ। ਸ਼ਿਲਪ ਪੱਖੋਂ ਵਰਿਆਮ ਸੰਧੂ ਆਪਣੇ ਸਮਕਾਲੀਆਂ ਨਾਲੋਂ ਬਿਲਕੁਲ ਅਲੱਗ ਖੜਾ ਦਿਸਦਾ ਹੈ। ‘ਡੁੰਮ੍ਹ’ ਲਿਖ ਕੇ ਉਹ ਇੱਕ ਦਮ ਛਾ ਗਿਆ ਸੀ।’
-ਇਸ ਤੋਂ ਅੱਗੇ ਲੰਮੇ ਆਰਟੀਕਲ ਵਿਚ ਅਣਖੀ ਸਾਹਿਬ ਨੇ ਮੇਰੀ ਇੱਕ-ਇੱਕ ਕਹਾਣੀ ਦੇ ਮਹੱਤਵ ਬਾਰੇ ਡੁੱਲ੍ਹ ਡੁੱਲ੍ਹ ਪੈਂਦੀ ਮੁਹੱਬਤ ਨਾਲ ਲਿਖਿਆ ਹੈ। ‘ਭੱਜੀਆਂ ਬਾਹੀਂ’ ਬਾਰੇ ਉਹ ਲਿਖਦੇ ਹਨ, ‘ਜਿੱਥੋਂ ਤੱਕ ਮੇਰੀ ਨਜ਼ਰ ਜਾਂਦੀ ਹੈ, ਪਹਿਲਾਂ ਕਿਸੇ ਲੇਖਕ ਦੀ ਕਿਸੇ ਇੱਕ ਕਹਾਣੀ ਦੀ ਐਨੀ ਵਿਆਪਕ ਚਰਚਾ ਨਹੀਂ ਹੋਈ ਜਿੰਨੀ ‘ਭੱਜੀਆਂ ਬਾਹੀਂ’ ਦੀ। ਇਸ ਕਹਾਣੀ ਵਿਚ ਹਾਲਾਤ ਦੀ ਪ੍ਰਤੀਕਾਤਮਕ ਪੇਸ਼ਕਾਰੀ ਦੇ ਨਾਲ ਨਾਲ ਆਰਥਿਕ ਤੇ ਸਭਿਆਚਾਰਕ ਦ੍ਰਿਸ਼ਟੀ ਵੀ ਉਪਲੱਬਧ ਹੈ। ਇਉਂ ਇਹ ਰਚਨਾ ਬਹੁ-ਪਰਤੀ ਹੋ ਨਿੱਬੜਦੀ ਹੈ ਤੇ ਜ਼ਿੰਦਗੀ ਦੇ ਵਿਸ਼ਾਲ ਪੱਟ ਨੂੰ ਸਾਹਮਣੇ ਲਿਆਉਂਦੀ ਹੈ ਤੇ ਸੰਵਾਦ ਵੀ ਛੇੜਦੀ ਹੈ।’
ਇਸ ਲੰਮੇ ਆਰਟੀਕਲ ਵਿਚੋਂ, ਦਾਲ ਵਿਚੋਂ ਦਾਣਾ ਟੋਹਣ ਵਾਂਗ ਕੁਝ ਸਤਰਾਂ ਇਸ ਕਰ ਕੇ ਪੇਸ਼ ਨਹੀਂ ਕੀਤੀਆਂ ਕਿ ਇਸ ਵਿਚ ਮੇਰੀ ਸੋਭਾ ਹੋਈ ਹੈ, ਸਗੋਂ ਇਸ ਕਰ ਕੇ ਪੇਸ਼ ਕੀਤੀਆਂ ਨੇ ਕਿ ਲੇਖਕ ਇਹ ਸਮਝ ਸਕਣ ਕਿ ਵੱਡਿਆਂ ਦੀ ਵਡਿਆਈ ਛੋਟਿਆਂ ਨੂੰ ਗਲ ਨਾਲ ਲਾ ਕੇ ਉਨ੍ਹਾਂ ਦੀ ਪਿੱਠ ਥਾਪੜਣ ਤੇ ਸ਼ਾਬਾਸ਼ ਦੇਣ ਵਿਚ ਹੁੰਦੀ ਹੈ। ਤੇ ਛੋਟਿਆਂ ਦਾ ਫ਼ਰਜ਼ ਬਣਦਾ ਹੈ ਕਿ ਵੱਡਿਆਂ ਨੂੰ ਬਣਦਾ ਮਾਣ-ਸਨਮਾਨ ਦੇਣ। ਅੱਜ ਕੱਲ੍ਹ ਨਵੇਂ ਲੇਖਕਾਂ ਵਿਚ ਵੱਡਿਆਂ ਦਾ ਸਨਮਾਨ ਕਰਨ ਦਾ ਰਿਵਾਜ਼ ਨਹੀਂ ਰਹਿ ਗਿਆ। ਸਭ ਆਪਣੇ ਆਪ ਨੂੰ ਹੀ ਰੱਬ ਸਮਝੀ ਬੈਠੇ ਹਨ। ਵੱਡਿਆਂ ਵਿਚੋਂ ਵੀ ਬਹੁਤ ਘੱਟ ਲੇਖਕ ਅਜਿਹੇ ਨੇ, ਜਿਹੜੇ ਨਵਿਆਂ ਨੂੰ ਖੁੱਲ੍ਹੇ ਦਿਲ ਨਾਲ ਸ਼ਾਬਾਸ਼ ਦੇ ਸਕਣ। ਇਹੋ ਜਿਹਾ ਕਾਰਜ ਰਾਮ ਸਰੂਪ ਅਣਖੀ ਵਰਗੇ ਮਹਾਨ ਲੋਕ ਹੀ ਕਰ ਸਕਦੇ ਨੇ! ਕਿੱਥੇ ਨੇ ਅੱਜ ਕੱਲ੍ਹ ਦੇ ਲੇਖਕਾਂ ਕੋਲ ਅਣਖੀ ਹੁਰਾਂ ਵਰਗੇ ਏਡੇ ਵੱਡੇ ਦਰਿਆਈ ਦਿਲ!
ਅੱਜ ਕ੍ਰਾਂਤੀ ਪਾਲ ਦੇ ਮੁਹੱਬਤ ਵਿਚ ਵਹਿੰਦੇ ਦਿਲ ਨੂੰ ਵੇਖ ਕੇ ਰੂਹ ਨੂੰ ਸਕੂਨ ਮਿਲਿਆ ਕਿ ਉਸ ਨੇ ਮਹਾਨ ਬਾਪ ਦੀ ਮਹਾਨ ਵਿਰਾਸਤ ਨੂੰ ‘ਕਹਾਣੀ ਪੰਜਾਬ’ ਦੇ ਰੂਪ ਵਿਚ ਹੀ ਨਹੀਂ ਸਾਂਭਿਆ ਹੋਇਆ, ਸਗੋਂ ਇਨਸਾਨੀ ਗੁਣਾਂ ਪੱਖੋਂ ਵੀ ਉਹਦੀ ਰੂਹ ਵਿਚੋਂ ਅਣਖੀ ਜੀ ਦਾ ਸੁਨਹਿਰੀ ਝਲਕਾਰਾ ਮਿਲਦਾ ਹੈ।
ਪਿਛਲੇਰੇ ਸਾਲ ਜਦੋਂ ਮੈਂਂ ਦਿਲ ਦੀ ਬੀਮਾਰੀ ਦੇ ਵੱਡੇ ਸੰਕਟ ਵਿਚੋਂ ਬਾਹਰ ਹੀ ਨਿਕਲਿਆ ਸਾਂ ਤਾਂ ਉਹਨੇ ‘ਕਹਾਣੀ ਪੰਜਾਬ’ ਦੇ ਪਿਛਲੇਰੇ ਅੰਕ ਵਿਚ ਆਪਣਾ ਸੰਪਾਦਕੀ ਮੇਰੇ ਨਾਂ ਲਿਖ ਕੇ ਮੈਨੂੰ ਮੁੜ ਤੋਂ ‘ਜਿਊਣ ਜੋਗਾ’ ਕਰ ਦਿੱਤਾ।