ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਧੜੇਬੰਦੀ ਨੂੰ ਠੱਲ੍ਹ ਨਹੀਂ ਪੈ ਰਹੀ। ਪਿਛਲੇ ਦਿਨੀਂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਆਮਦ ਵੀ ਪੰਜਾਬ ਕਾਂਗਰਸ ਦੇ ਦੋ ਮੁੱਖ ਆਗੂਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪਈਆਂ ਸਿਆਸੀ ਦੂਰੀਆਂ ਨੂੰ ਮਿਟਾ ਨਹੀਂ ਸਕੀ। ਇਹ ਦੋਵੇਂ ਆਗੂ ਪਹਿਲੀ ਵਾਰ ਇਕੋ ਮੰਚ ‘ਤੇ ਇਕੱਠੇ ਹੋਏ ਪਰ ਦੋਵਾਂ ਨੇ ਨਾ ਤਾਂ ਇਕ ਦੂਜੇ ਨੂੰ ਬੁਲਾਇਆ ਤੇ ਨਾ ਹੀ ਨਜ਼ਰਾਂ ਮਿਲਾਈਆਂ।
ਘਾਬਦਾਂ ਕੋਠੀ ਵਿਚ ਪੀæਜੀæਆਈæ ਸੈਟੇਲਾਈਟ ਸੈਂਟਰ ਤੇ ਟਾਟਾ ਮੈਮੋਰੀਅਲ ਸੁਪਰ ਸਪੈਸ਼ਲਿਟੀ ਕੈਂਸਰ ਹਸਪਤਾਲ ਦੇ ਨੀਂਹ ਪੱਥਰ ਸਮਾਗਮ ਤੋਂ ਬਾਅਦ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਸਟੇਜ ਦੀਆਂ ਮੂਹਰਲੀਆਂ ਕੁਲ ਤਿੰਨ ਸੀਟਾਂ ਵਿਚੋਂ ਸ੍ਰੀ ਰਾਹੁਲ ਗਾਂਧੀ ਦੇ ਸੱਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਤੇ ਖੱਬੇ ਪਾਸੇ ਕੈਪਟਨ ਅਮਰਿੰਦਰ ਸਿੰਘ ਬੈਠੇ ਸਨ। ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੰਚ ‘ਤੇ ਬੈਠੇ ਸਾਰੇ ਆਗੂਆਂ ਦਾ ਨਾਂ ਲਿਆ ਪਰ ਸ਼ ਬਾਜਵਾ ਦਾ ਨਾਂ ਨਾ ਲਿਆ। ਜਦੋਂ ਮੌਕੇ ‘ਤੇ ਮੌਜੂਦ ਵਿਜੇਇਦਰ ਸਿੰਗਲਾ ਨੇ ਚੇਤੇ ਕਰਵਾਇਆ ਤਾਂ ਕੈਪਟਨ ਨੇ ਕਿਹਾ ਕਿ ਬਾਜਵਾ ਦਾ ਨਾਂ ਲੈਣਾ ਚਾਹੀਦਾ ਸੀ ਪਰ ਭੁੱਲ ਹੋ ਗਈ। ਕੈਪਟਨ ਨੇ ਕਿਹਾ ਕਿ ਉਹ ਤਾਂ ਸੱਤ ਮਹੀਨਿਆਂ ਬਾਅਦ ਲੋਕਾਂ ਵਿਚ ਆਏ ਹਨ ਕਿਉਂਕਿ ਪ੍ਰਧਾਨ ਜੀ ਨਵੇਂ ਹਨ।
ਉਧਰ, ਸ਼ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਸ਼ੁਰੂ ਕਰਦਿਆਂ ਪਹਿਲੀ ਸੱਟੇ ਹੀ ਆਖ਼ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਆਪਣੇ ਛੋਟੇ ਵੀਰ ਦਾ ਨਾਂ ਲੈਣਾ ਭੁੱਲ ਗਏ ਪਰ ਉਹ ਅਜਿਹੀ ਗੁਸਤਾਖ਼ੀ ਨਹੀਂ ਕਰਨਗੇ। ਬਾਜਵਾ ਨੇ ਕੈਪਟਨ ਵੱਲੋਂ ਅਕਾਲੀਆਂ ਨੂੰ ਲੰਮੇ ਪਾਉਣ ਦੇ ਬਿਆਨ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀਆਂ ਨੂੰ ਲੰਮੇ ਪਾਉਣ ਤੋਂ ਪਹਿਲਾਂ ਆਪ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਅਜੇ ਅਕਾਲੀਆਂ ਨੂੰ ਲੰਮੇ ਪਾਉਣ ਦਾ ਸਮਾਂ ਨਹੀਂ ਆਇਆ ਤੇ ਨਾ ਹੀ ਲੰਮੇ ਪਾਉਣ ਵਾਸਤੇ ਭਲਵਾਨਾਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ 13 ਸੀਟਾਂ ਜਿੱਤ ਕੇ ਹਾਈਕਮਾਨ ਦੀ ਝੋਲੀ ਪਾਈਏ। ਫਿਰ ਅਕਾਲੀਆਂ ਨੂੰ ਲੰਮੇ ਪਾਉਣ ਦੀਆਂ ਗੱਲਾਂ ਸ਼ੋਭਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਗਿਲੇ ਸ਼ਿਕਵੇ ਭੁਲਾ ਕੇ ਪੰਜਾਬ ਕਾਂਗਰਸ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਸ਼ ਬਾਜਵਾ ਤੇ ਕੈਪਟਨ ਦੇ ਵਿਚਕਾਰ ਸਿਰਫ਼ ਇਕ ਕੁਰਸੀ ਦਾ ਫਾਸਲਾ ਸੀ ਪਰ ਦੋਵਾਂ ਨੇ ਆਪਸ ਵਿਚ ਗੱਲ ਤਾਂ ਕੀ ਕਰਨੀ ਸੀ ਸਗੋਂ ਇਕ-ਦੂਜੇ ਨਾਲ ਨਜ਼ਰਾਂ ਵੀ ਨਾ ਮਿਲਾਈਆਂ। ਪੰਡਾਲ ਵਿਚ ਵੀ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਕ ਇਕ-ਦੂਜੇ ਤੋਂ ਵਧ ਕੇ ਨਾਅਰੇਬਾਜ਼ੀ ਕਰ ਰਹੇ ਹਨ। ਉਂਜ, ਇਹ ਦੋਵੇਂ ਆਗੂ ਸ੍ਰੀ ਰਾਹੁਲ ਗਾਂਧੀ ਦੇ ਨਾਲ ਹੀ ਆਏ ਸਨ।
Leave a Reply