ਸਨਮਾਨ ਚਿੰਨ੍ਹ

ਡਾਕਟਰ ਕੰਗਾਰੂ ਦਿਲ ਦੇ ਕੰਢਿਆਂ ਤੱਕ ਭਰਿਆ, ਸੱਟ ਖਾਧੇ ਜ਼ਹਿਰੀ ਸੱਪ ਵਾਂਗ ਵਿੱਸ ਘੋਲਦਾ ਬੱਸ ਅੱਡੇ ‘ਚੋਂ ਬਾਹਰ ਨਿਕਲ ਕੇ ‘ਪੰਜਾਬੀ ਚਿਕਨ-ਕਾਰਨਰ’ ਵਿਚ ਜਾ ਵੜਿਆ। ਉਸ ਦਾ ਚਿੱਤ ਅੱਜ ਅਤਿਅੰਤ ਉਦਾਸੀ ਤੇ ਘੋਰ ਨਮੋਸ਼ੀ ਵਿਚ ਡੁੱਬਿਆ ਪਿਆ ਸੀ, ਠੀਕ ਓਵੇਂ ਹੀ ਜਿਵੇਂ ਉਸ ਦੇ ਪੜ੍ਹੇ ਪਰਚੇ ਦੇ ਨਾਇਕ ਦੀ ਦੁਰਦਸ਼ਾ ਉਸ ਨੇ ਆਪ ਜਾਣ ਬੁੱਝ ਕੇ ਕੀਤੀ ਸੀ।

ਨਾਵਲ ਦੇ ਇੱਕ ਪਾਤਰ ਨੂੰ ਉਸ ਨੇ ਰੱਜ ਕੇ ਭੰਡਿਆ ਤੇ ਪੂਰੀ ਤਰ੍ਹਾਂ ਨਿਰਬਸਤਰ ਕਰ ਕੇ ਭ੍ਰਿਸ਼ਟ ਗੰਧਲਾ ਜਤਾਉਣ ਦੀ ਪੂਰੀ ਵਾਹ ਲਾਈ। ਰਚਨਾ ਦੀਆਂ ਲਗਾਂ-ਮਾਤਰਾਂ ਤੇ ਹੋਰ ਅੰਗ ਤਰੋੜ-ਮਰੋੜ ਕੇ ਨਾਲ ਮਨਫ਼ੀ ਜੋੜ ਕੇ ਨਾਂਹਵਾਚੀ ਤਸਵੀਰ ਸਰੋਤਿਆਂ ਸਾਹਮਣੇ ਪੇਸ਼ ਕੀਤੀ। ਰਚਨਾ ਦੀਆਂ ਵਿਸ਼ੇਸ਼ਤਾਈਆਂ, ਨਵੀਆਂ ਗੱਲਾਂ, ਨਵਾਂ ਵਿਸ਼ਾ, ਨਵੇਂ ਨਿਵੇਕਲੇ ਗੁਣ, ਜੋ ਡਾ. ਭੁਪਿੰਦਰ ਤੇ ਹੋਰ ਆਲੋਚਕਾਂ ਨੇ ਪਰਚੇ ਪੜ੍ਹਨ ਸਮੇਂ ਬੜੀ ਸੰਤੁਲਨ ਇਕਸਾਰਤਾ ਨਾਲ ਉਜਾਗਰ ਕੀਤੇ, ਉਸ ਨੇ ਪਹਿਲਾਂ ਮਿਥੀ ਤਰਕੀਬ ਅਨੁਸਾਰ ਅੱਖੋਂ-ਪਰੋਖੇ ਕਰ ਦਿੱਤੇ ਸਨ। ਉਹ ਪੂਰੀ ਤਰ੍ਹਾਂ ਡਾ. ਤੁਲਸਾ ਰਾਮ ਦੇ ਟੇਟੇ ਚੜ੍ਹ ਕੇ ਇੱਕ ਪਾਸੜ ਹੋ ਗਿਆ ਸੀ ਜਿਸ ਨੇ ਉਸ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਤੁੱਖਣਾ ਦੇ ਦਿੱਤੀ ਸੀ।
‘ਇਹਨੂੰ ਪੂਰੀ ਤਰ੍ਹਾਂ ਡਾਊਨ ਕਰ ਕੇ ਅਸਲ ਦੁਨੀਆਦਾਰੀ ਦਾ ਸਬਕ ਸਿਖਾਉਣਾ ਹੈ। ਇਹ ਕਿਸੇ ਉਸਤਾਦ ਦੀ ਸੇਵਾ ਪਾਣੀ ਨਹੀਂ ਕਰਦਾ। ਖੌਰੇ ਕੀ ਅਫ਼ਲਾਤੂਨ ਬਣਿਆ ਫਿਰਦਾ ਹੈ! ਆਪਣੇ ਆਪ ਨੂੰ ਕਹਾਣੀਕਾਰਾਂ ਦੀ ਮੁਹਰਲੀ ਕਤਾਰ ਦਾ ਸਾਹਿਤਕਾਰ ਬਣਦਾ-ਬਣਦਾ ਨਾਵਲਕਾਰ ਬਣ ਗਿਆ।’
ਸੜੂੰ-ਸੜੂੰ ਕਰਦੀ ਉਸ ਦੀ ਸੱਜੀ ਗੱਲ ਉਸ ਨੂੰ ਪਰੇਸ਼ਾਨ ਕਰ ਰਹੀ ਸੀ। ਸੱਜੇ ਹੱਥ ਨਾਲ ਪਲੋਸਣ ਦੀ ਕੋਸ਼ਿਸ਼ ਕੀਤੀ। ਚਿਕਨ ਕਾਰਨਰ ਵਿਚੋਂ ਉੱਠਦੇ ਖ਼ੁਸ਼ਬੂਦਾਰ ਮਸਾਲੇ ਦੀਆਂ ਲਪਟਾਂ ਉਸ ਦੇ ਧੁਰ ਅੰਦਰ ਤੱਕ ਝਰਨਾਹਟਾਂ ਛੇੜ ਰਹੀਆਂ ਸਨ।
ਉੱਧਰ ਪਿੱਛੇ ਤਾਂ ਜਸ਼ਨ ਹੁੰਦੇ ਹੋਣਗੇ… ਬੋਤਲਾਂ ਦੇ ਡਟ ਖੁੱਲ੍ਹੇ ਹੋਣਗੇ! ਗੜ੍ਹਕਦੇ ਕੁੱਕੜ ਦੀ ਕੁਕੜੂੰ-ਘੁੜੂੰ ਤਾਂ ਉਸ ਵੇਲੇ ਹੀ ਸਾਰੇ ਹਾਲ ਵਿਚ ਸੁਗੰਧੀ ਫੈਲਾ ਰਹੀ ਸੀ। ਖੈਰ ਕੀ ਹੋਇਆ! ਕੋਈ ਨਾ! ਮੈਂ ਯਾਰੀ ਨਿਭਾਈ ਹੈ…ਨਿਭਾ ਦਿੱਤੀ ਹੈ। ਤੁਲਸਾ ਵੀ ਤਾਂ ਯਾਰਾਂ ਦਾ ਯਾਰ ਹੈ, ਉੱਚੀ ਪਹੁੰਚ ਵਾਲਾ ਪ੍ਰੋਫੈਸਰ ਹੈ, ਮੀਡੀਆ ਪ੍ਰਭਾਰੀ ਹੈ, ਵੇਲੇ ਕੁਵੇਲੇ ਕੰਮ ਆਉਣ ਵਾਲਾ ਬੰਦਾ ਹੈ। ਵੱਡੇ ਮਿਆਰੀ ਪਰਚੇ ਦਾ ਮਾਲਕ ਹੈ। ਬਹੁਤੇ ਪਰਚੇ ਵੀ ਭਾਵੇਂ ਅੱਜ ਕੱਲ੍ਹ ਖੁੰਬਾਂ ਵਾਂਗੂ ਉੱਗਦੇ ਪਾਠਕਾਂ ਕੋਲੋਂ ਸੌ ਸੌ ਡਾਲਰ ਜੀਵਨ-ਚੰਦਾ ਇਕੱਠਾ ਕਰ ਕੇ ਗਡੋਇਆਂ ਵਾਂਗ ਲੁਪਤ ਹੋ ਜਾਂਦੇ ਨੇ, ਫਿਰ ਤੂੰ ਕੌਣ ਤੇ ਮੈਂ ਕੌਣ! ਪਰ ਇਹ ਅਜੇਹਾ ਨਹੀਂ। ਮਾਂ ਬੋਲੀ ਦੀ ਬੜੀ ਭਾਰੀ ਸੇਵਾ ਸਤਿਕਾਰ ਕਰਦਾ ਹੈ, ਮੇਰੀ ਭਾਜੀ ਜ਼ਰੂਰ ਦੂਣ-ਸਵਾਈ ਕਰ ਕੇ ਮੋੜੇਗਾ। ਬਾਹਰਲੇ ਦੇਸ਼ਾਂ ਵਿਚ ਵਿਸ਼ਵ ਕਾਨਫ਼ਰੰਸਾਂ ਵਾਸਤੇ ਵਿਚੋਲਗੀ ਕਰਦਾ ਬਾਹਰ ਵਿਦਵਾਨ ਭੇਜਦਾ ਹੈ। ਰਾਹਦਾਰੀ ਮੰਗਾਉਣ ਲਈ ਸਿਰਫ਼ ਪੰਜ ਲੱਖ ਲੈਂਦਾ ਹੈ। ਏਜੰਟਾਂ ਦੇ ਤੀਹ-ਚਾਲੀ ਤੋਂ ਕਿੰਨਾ ਸਸਤਾ ਹੈ, ਨਾਲੇ ਪੂਰੇ ਯਕੀਨ ਵਾਲਾ। ਮੇਰੀ ਤਾਂ ਰਾਹਦਾਰੀ ਆਈ ਖੜੀ ਸਮਝੋ ਇਸ ਸਾਲ…ਮੈਥੋਂ ਕਿਹੜਾ ਉਹਨੇ ਪੰਜ ਲੱਖ ਮੰਗਣਾ! ਕਿੰਨਾ ਵੱਡਾ ਪਰਉਪਕਾਰੀ ਹੈ। ਪਿਛਲੇ ਸਾਲ ਉਸ ਦੇ ਭੇਜੇ ਦਸਾਂ ਵਿਚੋਂ ਪੰਜਾਂ ਦੇ ਦਸ ਦਸ ਸਾਲ ਵੀਜ਼ੇ ਲੱਗ ਗਏ ਸਨ। ਉਹ ਪੰਜ ਪ੍ਰੋਫੈਸਰ ਉੱਥੇ ਖੂਬ ਮੌਜ ਮੇਲਾ ਕਰ ਕੇ ਤੋਹਫ਼ਿਆਂ ਸੁਗਾਤਾਂ ਦੇ ਅਟੈਚੀ, ਬੋਰੀਆਂ ਭਰ ਕੇ ਆਪਣੇ ਬਾਲ ਬੱਚਿਆਂ ਵਾਸਤੇ ਭਵਿੱਖਤ ਸਕੀਮਾਂ ਤਹਿ ਕਰ ਉਸ ਦੇ ਗੁਣ ਗਾਉਂਦੇ ਵਾਪਸ ਆਏ ਸਨ। ਮੇਜ਼ਬਾਨਾਂ ਨੇ ਉਨ੍ਹਾਂ ਨੂੰ ਖੂਬ ਸੈਰਾਂ ਕਰਵਾਈਆਂ ਤੇ ਰੰਗ-ਬਰੰਗੀ ਸ਼ਰਾਬ, ਸ਼ਬਾਬ, ਕਬਾਬ ਨਾਲ ਨਿਹਾਲ ਕਰੀ ਰੱਖਿਆ। ਲਾਸ ਵੇਗੱਸ ਜਿਹੇ ਅੱਯਾਸ਼ ਭਰਪੂਰ ਸ਼ਹਿਰ ਵਿਖੇ ਮਹਿਮਾਨਾਂ ਨੂੰ ਸ਼ਬਾਬ ਦੇ ਰੋਮਾਂਟਿਕ ਜਲੌ ਵਿਚ ਡੋਬਿਆ। ਇਸ ਦੇ ਇਵਜ਼ ਵਿਚ ਅੱਧ ਪੜ੍ਹ ਮੇਜ਼ਬਾਨਾਂ ਨੂੰ ਇਨ੍ਹਾਂ ਪਰਾਹੁਣਿਆਂ ਨੇ ਕਲਮਾਂ ਪਕੜਾ ਕੇ ਆਪ ਲਿਖਣਾ ਸਿਖਾਇਆ। ਇਨ੍ਹਾਂ ਦੋ ਹਫ਼ਤਿਆਂ ਦੇ ਠਹਿਰਾਓ ਦੌਰਾਨ ਆਪਣੀਆਂ ਰਚਨਾਵਾਂ ਉਨ੍ਹਾਂ ਦੇ ਨਾਂ ਲਿਖੀਆਂ ਤੇ ਅਖ਼ਬਾਰਾਂ ਵਿਚ ਛਪਵਾ ਕੇ ਉਨ੍ਹਾਂ ਨੂੰ ਮੁਕੰਮਲ ਵੱਡੇ ਸਾਹਿੱਤਕਾਰ ਸਾਬਤ ਕਰ ਕੇ ਵਾਪਸ ਮੁੜੇ ਸਨ। ਮੈਨੂੰ ਵੀ ਬੇਨਾਮੀ ਘੋਸਟ ਲੇਖਕ ਬਣ ਕੇ ਕਈ ਵਿਦੇਸ਼ੀ ਪ੍ਰੇਮੀਆਂ ਨੂੰ ਸਾਹਿੱਤਕਾਰ ਬਣਾਉਣਾ ਪਵੇਗਾ! ਉਨ੍ਹਾਂ ਦਾ ਰੂਬਰੂ ਕਰਵਾ ਕੇ ਤੇ ਆਲੋਚਨਾਤਮਕ ਪਰਚੇ ਲਿਖਵਾ-ਪੜ੍ਹਵਾ ਕੇ ਵਿਦੇਸ਼ੀ ਆਲੋਚਕ ਕਹਾਵਾਂਗਾ ਤੇ ਆਪਣੀ ਕਦਰ-ਕੀਮਤ ਵਧਾਵਾਂਗਾ।’ ਉਹ ਮਨ ਹੀ ਮਨ ਵਿਚ ਖੀਰਾਂ-ਪੂੜੇ ਪਕਾਉਂਦਾ ਡਾ. ਤੁਲਸਾ ਰਾਮ ਦੇ ਖੰਭਾਂ ‘ਤੇ ਚੜ੍ਹ ਕੇ ਕਿੰਨੀ ਦੂਰ ਵਿਦੇਸ਼ਾਂ ਦੀਆਂ ਰੰਗੀਨ ਹਵਾਵਾਂ ਵਿਚ ਉਡਾਰੀਆਂ ਭਰਦਾ ਕਾਨਫ਼ਰੰਸਾਂ ਵਿਚ ਪਰਚੇ ਪੜ੍ਹ ਕੇ ਆਪਣੀ ਵਾਹ-ਵਾਹ ਕਰਾਉਂਦਾ ਰਿਹਾ।
‘ਹਾਂ ਜੀ! ਹੁਕਮ ਕਰੋ…ਦੱਸੋ! ਕੀ ਸੇਵਾ ਕਰਾਂ! ਕੀ ਲਿਆਵਾਂ?’ ਬਹਰੇ ਨੇ ਪਾਣੀ ਦਾ ਗਿਲਾਸ ਮੇਜ਼ ‘ਤੇ ਰੱਖਦੇ ਹੱਥਾਂ ਵਿਚੋਂ ਪਾਣੀ ਦੇ ਛਿੱਟੇ ਛਿੜਕਦੇ ਉਸ ਦੀ ਉਡਾਰੀ ਢਾਬੇ ਵਿਚ ਉਤਾਰ ਲਈ।
‘ਜਰਾ ਠਹਿਰ!…ਠਹਿਰ ਕੇ ਆਈਂ…।’ ਪਲਕ ਝਲਕ ਵਿਚ ਉਸ ਨੇ ਬਹਰੇ ਨੂੰ ਝਟਕ ਦਿੱਤਾ।
ਆਪਣਾ ਹਥਲਾ ਬੈਗ ਸਾਂਭਦਾ ਉੱਠ ਕੇ ਬਾਥਰੂਮ ਵੱਲ ਗਿਆ। ਸਾਹਮਣੇ ਸ਼ੀਸ਼ੇ ਅੱਗੇ ਖੜੋ ਕੇ ਵਾਸ਼-ਬੇਸਨ ‘ਚੋਂ ਅੱਖਾਂ ਨੂੰ ਛਿੱਟੇ ਮਾਰੇ ਤੇ ਤਰਲ ਸਾਬਣ ਨਾਲ ਮੂੰਹ ਧੋਤਾ। ਚਿਹਰਾ ਕੁੱਝ ਨਿੱਖਰ ਆਇਆ।
‘ਇਹ ਕੀ?’
ਉਹ ਡਰ ਗਿਆ, ਉਸ ਦੀ ਖੱਬੀ ਗੱਲ੍ਹ ਡਬਲ ਰੋਟੀ ਵਾਂਗ ਕੁੱਝ ਕੁੱਝ ਉੱਭਰਵੀਂ ਜਿਹੀ ਲੱਗ ਰਹੀ ਸੀ। ਪੋਲੇ-ਪੋਲੇ ਹੱਥਾਂ ਨਾਲ ਉਸ ਨੇ ਸੇਕ ਦੇਣ ਦੀ ਕੋਸ਼ਿਸ਼ ਕੀਤੀ। ਤਰੋ-ਤਾਜ਼ਾ ਸਾਵਧਾਨ ਵਾਪਸ ਟੇਬਲ ਤੇ ਆ ਕੇ ਡਟ ਗਿਆ।
ਅਲੋਚਨਾ ਦਾ ਕੀ ਹੈ! ਇਹ ਤਾਂ ਉਸ ਦੇ ਹੱਡਾਂ ਵਿਚ ਮਿਲੀ ਹੋਈ ਵਿਰਾਸਤੀ ਸੌਗਾਤ ਹੈ…ਉਸ ਦੇ ਲਹੂ ਵਿਚ ਰਚੀ ਹੋਈ ਚਿਣਗ ਚਰਨਾਮਤ ਹੈ। ਖ਼ਾਨਦਾਨੀ ਵੈਦ ਹਕੀਮ ਵਾਂਗ ਇਹ ਪਿਤਾ-ਪੁਰਖੀ ਗੁੜ੍ਹਤੀ ਉਸ ਨੂੰ ਆਪਣੇ ਪਿਤਾ ਸ੍ਰੀ ਕੋਲੋਂ ਵਿਰਸੇ ਵਿਚ ਮਿਲੀ ਸੀ, ਜੋ ਕਹਿੰਦਾ ਹੁੰਦਾ ਸੀ, ‘ਅਲੋਚਨਾ ਵਾਸਤੇ ਕਿਸੇ ਤਿਆਰੀ ਦੀ ਲੋੜ ਨਹੀਂ ਹੁੰਦੀ, ਬੱਸ ਪੈਂਦੀ ਸੱਟੇ ਲੇਖਕ ਬਾਰੇ, ਦੋ ਚਾਰ ਸ਼ਬਦ ਉਸ ਦੀ ਸ਼ਖ਼ਸੀਅਤ ਬਾਰੇ, ਕੁੱਝ ਸਮਾਜ ਬਾਰੇ, ਗਰਮਾ-ਗਰਮ ਚਲੰਤ ਖ਼ਬਰਾਂ ਬਾਰੇ, ਕੁੱਝ ਸਾਹਿਤ ਸਭਾਵਾਂ ਬਾਰੇ, ਪੁਰਾਣੇ ਖ਼ਾਸ ਕਰ ਕੇ ਅੰਗਰੇਜ਼ੀ ਜਾਂ ਉਰਦੂ ਦੇ ਕੁੱਝ ਲੇਖਕਾਂ ਦੀਆਂ ਟੂਕਾਂ ਅਤੇ ਨਾਲ ਪ੍ਰਧਾਨਗੀ ਮੰਚ ‘ਤੇ ਬੈਠੇ ਭੱਦਰ-ਪੁਰਸ਼ਾਂ ਬਾਰੇ ਸ਼ਲਾਘਾ ਭਰੇ ਵਿਸ਼ਲੇਸ਼ਣ ਵਿਖਿਆਨ ਕਰ ਦਿਓ। ਬੱਸ ਫੇਰ ਕੀ! ਸਰੋਤੇ ਤੁਹਾਡੀ ਵਿਦਵਤਾ ਤੋਂ ਪ੍ਰਭਾਵਿਤ ਹੋ ਜਾਣਗੇ ਤੇ ਤੁਹਾਡੀ ਬੱਲੇ ਬੱਲੇ! ਫੇਰ ਜੋ ਮਰਜ਼ੀ ਕਹਿੰਦੇ ਰਹੋ, ਸਰੋਤੇ ਸਿਰ ਨਿਵਾ ਕੇ ਮੰਨੀ ਜਾਣਗੇ। ਇਸ ਫ਼ਾਰਮੂਲੇ ਨਾਲ ਤੁਸੀਂ ਮਹਿਫ਼ਲ ਵਿਚ ਛਾ ਜਾਉਗੇ। ਇਹ ਤੁਹਾਡਾ ਪਹਿਲਾ ਇਮਤਿਹਾਨ ਹੈ, ਇੱਥੋਂ ਪਾਸ ਹੋ ਗਏ ਤਾਂ ਤੁਹਾਡਾ ਨਾਂ ਕੌਮਾਂਤਰੀ ਕਦਰਦਾਨਾਂ ਵਿਚ ਸ਼ੁਮਾਰ ਹੋ ਜਾਏਗਾ।’
ਆਪਣੇ ਪਾਪਾ ਦੀ ਇਹੀ ਗੁਰ-ਸਿੱਖਿਆ ਉਸ ਨੇ ਪੱਲੇ ਬੰਨ੍ਹ ਲਈ ਸੀ। ਉਸ ਕੋਲ ਤਾਂ ਪੀ.ਐੱਚ.ਡੀ. ਦੀ ਡਿਗਰੀ ਹੈ। ਕੀ ਹੋਇਆ ਜੇ ਉਸ ਨੇ ਲਿਖਿਆ-ਲਿਖਾਇਆ, ਬਣਿਆ-ਬਣਾਇਆ ਥੀਸਿਸ ਖ਼ਰੀਦਿਆ ਵੀ ਨਹੀਂ, ਸਗੋਂ ਉਸ ਨੂੰ ਮੁਫ਼ਤ ਮਿਲ ਗਿਆ ਸੀ, ਉਸ ਦੇ ਪਿਤਾ ਦੇ ਕਿਸੇ ਸ਼ਾਗਿਰਦ ਕੋਲੋਂ। ਇਸੇ ਤਰ੍ਹਾਂ ਹੀ ਕਿਸੇ ਹੋਰ ਉਸਤਾਦ ਨੂੰ ਗਾਈਡ ਧਾਰ ਕੇ ਉਸ ਨੇ ਆਪਣੇ ਬਾਪ ਦੇ ਕੀਤੇ ਹੋਏ ਪਰਉਪਕਾਰ ਦਾ ਮੁਆਵਜ਼ਾ ਲੈ ਲਿਆ ਸੀ…ਤੇ ਇਹ ਸੀ ਉਹ ਡਿਗਰੀ ਪੀ. ਐੱਚ. ਡੀ. ਡਾਕਟਰੀ ਦੀ, ਜਿਸ ਪਿੱਛੇ ਲੋਕ ਦਰ-ਦਰ ਭਟਕਦੇ ਦੇਸੀਂ-ਵਿਦੇਸ਼ੀਂ ਦੂਰ-ਨੇੜੇ ਥਾਂ-ਥਾਂ ਖੋਜ ਕਰਦੇ ਖਾਕ ਛਾਣਦੇ ਫਿਰਦੇ ਨੇ। ਕਈ ਬਦਕਿਸਮਤ ਔਰਤਾਂ ਵਿਚਾਰੀਆਂ ਨੂੰ ਤਾਂ ਇਹ ਡਿਗਰੀਆਂ ਤਗਮੇ ਹਥਿਆਉਣ ਵਾਸਤੇ ਆਪਣੇ ਗਾਈਡ ਨੂੰ ਖ਼ੁਸ਼ ਕਰਨ ਲਈ ਕਈ ਕਿਸਮ ਦੇ ਵਿੰਗੇ-ਟੇਢੇ ਕਸੂਤੇ ਪਾਪੜ ਵੇਲਣੇ ਪੈਂਦੇ ਹਨ। ਸ਼ੁਕਰ ਹੈ! ਉਸ ਨੂੰ ਘਰੇ ਬੈਠੇ-ਬਿਠਾਏ ਸਭ ਮੈਟਰ ਮਸਾਲਾ ਬਣਿਆ-ਬਣਾਇਆ ਮਿਲ ਗਿਆ ਸੀ। ਅੱਜ ਉਹ ਡਾਕਟਰ ਹ… ਪੀ. ਐੱਚ. ਡੀ. ਸੱਚੀਂ-ਮੁਚੀਂ ਦਾ ਪੂਰਾ ਅਸਲੀ ਡਾਕਟਰ। ਕਾਲਜ ਦੇ ਉਸ ਦੇ ਸਹਿਕਰਮੀ ਵੀ ਉਸ ਦੀ ਇਸ ਉਪਲਬਧੀ ਤੋਂ ਸੜ-ਬਲ਼ ਕੋਇਲਾ ਹੋ ਗਏ ਸਨ। ਕਈਆਂ ਨੇ ਤਾਂ ਇਹ ਵੀ ਕਿਹਾ ਸੀ, ਪਈ ਪੰਜਾਬੀ ਦੀ ਡਿਗਰੀ ਕੋਈ ਵੱਡੀ ਉਪਾਧੀ ਨਹੀਂ, ਭਾਵੇਂ ਇਹ ਉਪਲਬਧੀ ਉਸ ਕਾਲਜ ਦੇ ਕਿਸੇ ਹੋਰ ਪ੍ਰੋਫੈਸਰ ਕੋਲ ਹੈ ਨਹੀਂ ਸੀ ਤੇ ਇਹ ਕਾਲਜ ਵਿਚ ਪਲੇਠੀ ਹੀ ਸੀ। ਉਹ ਅੰਦਰਖਾਤੇ ਪ੍ਰਿੰਸੀਪਲ ਦੀ ਕੁਰਸੀ ‘ਤੇ ਵੀ ਅੱਖ ਰੱਖਣ ਲੱਗ ਪਿਆ ਸੀ। ਆਪਣੇ ਬਾਪ ਦੇ ਅਸਰ-ਰਸੂਖ਼ ਤੇ ਸਿਫ਼ਾਰਿਸ਼ ਦੀਆਂ ਵਸਾਖੀਆਂ ਦੇ ਸਹਾਰੇ ਉਸ ਨੇ ਦੋ ਸਾਲ ਦਾ ਆਪਣਾ ਪਰਖ-ਸਮਾਂ ਮੁਕੰਮਲ ਕਰ ਲਿਆ। ਹੁਣ ਉਹ ਹੋਰ ਚੌੜੀ ਛਾਤੀ ਕਰ ਕੇ ਮੌਰਾਂ ਉੱਪਰੋਂ ਥੁੱਕਾਂ ਸੁੱਟਣ ਲੱਗ ਪਿਆ ਸੀ।
ਡਾ. ਤੁਲਸਾ ਦਾ ਕਿਹਾ, ਦੱਸਿਆ-ਸਮਝਾਇਆ ਨੁਕਤਾ ਵੀ ਤਾਂ ਉਸ ਦੇ ਕੰਮ ਆ ਗਿਆ ਸੀ।
‘ਨਾਵਲ ਵਿਚ ਇਰਾਕ ਦਾ ਜ਼ਿਕਰ ਹੈ, ਜਦ ਕਿ ਇਸ ਨਾਵਲ ਦੇ ਪਾਤਰ ਇਰਾਕ ਯੁੱਧ ਤੋਂ ਪਹਿਲਾਂ ਦੇ ਦੱਸੇ ਜਾਂਦੇ ਹਨ। ਉਨ੍ਹਾਂ ਦਾ ਇਤਿਹਾਸਕ ਸਮਾਂ ਮੇਲ ਨਹੀਂ ਖਾਂਦਾ। ਜਾਂ ਇਸ ਰਚਨਾ ਦੀ ਰਵਾਨਗੀ ਵਿਚ ਝੋਲ ਪੈਂਦੀ ਜਾਪਦੀ ਹੈ…ਇਸ ਦਾ ਵਿਸ਼ਾ-ਵਸਤੂ ਪੂਰੀ ਤਰ੍ਹਾਂ ਉਘੜਿਆ ਨਹੀਂ। ਨਾਵਲ ਦੀ ਚਮੜੀ ਵਿਚੋਂ ਅਸ਼ਲੀਲਤਾ ਦੀ ਦੁਰਗੰਧ ਆਉਂਦੀ ਹੈ। ਲੇਖਕ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ ਪਰ ਅਨਾੜੀ ਰਸੋਈਏ ਵਾਂਗ ਲੇਖਕ ਨੇ ਗੰਦੇ ਗਲ਼ੇ ਸੜੇ ਹੋਏ ਅੰਡੇ ਦੀ ਭੁਰਜੀ ਬਣਾ ਧਰੀ ਹੈ ਜੋ ਸੂਝਵਾਨ ਪਾਠਕਾਂ ਆਲੋਚਕਾਂ ਦੇ ਗਲ਼ੋਂ ਹੇਠਾਂ ਨਹੀਂ ਉੱਤਰਦੀ।…ਲੇਖਕ ਅਜੇ ਅਪ੍ਰੋੜ੍ਹ ਹੈ ਉਸ ਨੂੰ ਹੋਰਾਂ ਨੂੰ ਪੜ੍ਹ ਕੇ ਸੇਧ ਲੈਣੀ ਚਾਹੀਦੀ ਹੈ…ਆਦਿ ਆਦਿ।’
ਉਸ ਦੇ ਇਨ੍ਹਾਂ ਅਖੌਤੀ ਖੋਜ ਭਰੇ ਤੱਥਾਂ ਨੇ ਲੇਖਕ ਦੇ ਨਾਲ ਸਰੋਤਿਆਂ ਨੂੰ ਵੀ ਚਕਾਚੌਂਧ ਕਰ ਦਿੱਤਾ। ਕਈਆਂ ਨੇ ਚਾਂਭਲ ਕੇ ਖੂਬ ਤਾੜੀਆਂ ਵੀ ਲਾਈਆਂ ਸਨ। ਅਗਿਆਨ ਸਾਹਿਬ ਆਲੋਚਕ ਦੀ ਅਲੋਚਨਾ ਸੁਣ ਕੇ ਪਾਣੀ-ਪਾਣੀ ਹੋ ਰਹੇ ਸਨ। ਤੋਲੀ ਰਾਮ ਨੇ ਤਾਂ ਉੱਠ ਕੇ ਜੱਫੀ ਪਾ ਕੇ ਕੰਗਾਰੂ ਨੂੰ ਵਧਾਈ ਦਿੱਤੀ ਸੀ ਕਿ ਉਸ ਨੇ ਅਜਿਹੀ ਅਲੋਚਨਾ ਕਰਨ ਲਈ ਨਾਵਲ ਚੰਗੀ ਤਰ੍ਹਾਂ ਪੜ੍ਹਿਆ ਤੇ ਡੂੰਘੀ ਖੋਜ ਕੀਤੀ ਹੈ। ਇਸ ਤਰਾਂ ਉਸ ਦੇ ਦੱਸੇ ਫ਼ਾਰਮੂਲੇ ਨੇ ਚੰਗਾ ਰੰਗ ਬੰਨਿ੍ਹਆ ਸੀ। ਪ੍ਰਧਾਨਗੀ ਮੰਚ ਤੇ ਬੈਠੇ ਵਿਦਵਾਨ ਵੀ ਸੁੰਨ ਜਿਹੇ ਹੁੰਦੇ ਜਾਪੇ ਸਨ। ਇਸ ਤਿੱਕੜੀ ਨੂੰ ਕੋਈ ਵੀ ਝੁਠਲਾਉਣ ਦੀ ਹਿੰਮਤ ਨਹੀਂ ਕਰ ਸਕਿਆ ਤੇ ਨਾ ਹੀ ਕਿਸੇ ਨੇ ਅਜਿਹੇ ਵਿਵਾਦ-ਗ੍ਰਸਤ ਮੁੱਦੇ ਵਿਚ ਆਪਣੇ ਆਪ ਨੂੰ ਸ਼ਾਮਿਲ ਕਰਨ ਦੀ ਜੁਰਅਤ ਕੀਤੀ ਸੀ।
ਮੰਚ `ਤੇ ਪਏ ਮੋਮੈਂਟੋ ਉਸ ਨੇ ਗਿਣੇ। ਇਹ ਚਾਰ ਹੀ ਸਨ… ਸਿਰਫ਼ ਚਾਰ। ਇਹ ਚਾਰ ਤਾਂ ਮੰਚ `ਤੇ ਸੁਸ਼ੋਭਿਤ ਪ੍ਰਧਾਨਗੀ ਮੰਡਲ ਵਾਸਤੇ ਹੀ ਸਨ ਤੇ ਉਹ! ਉਹ ਆਪ ਘਰ ਕੀ ਲਿਜਾਏਗਾ! ਆਪਣੇ ਪਿਤਾ ਨੂੰ, ਬੱਚਿਆਂ ਨੂੰ, ਪਤਨੀ ਨੂੰ ਅੱਜ ਦੀ ਉਪਲਬਧੀ ਕੀ ਵਿਖਾਏਗਾ?
‘ਸ਼ਰੀਫ਼ ਨਾਲਾਇਕ ਪਿਉ ਦੇ ਪੁੱਤਾ…ਤੇਰਾ ਇਹ ਪਿਉ ਜਿੱਥੇ ਵੀ ਗਿਆ… ਸ਼ੀਲਡਾਂ, ਸਨਮਾਨ-ਚਿੰਨ੍ਹ ਮੇਰੇ ਅੱਗੇ ਪਿੱਛੇ ਫਿਰਦੇ ਸਨ। ਵੇਖ! ਇਹ ਅਲਮਾਰੀਆਂ, ਖੁੱਡੇ, ਪੜਛੱਤੀਆਂ, ਵਾਧਰੇ ਸਭ ਭਰੀਆਂ ਪਈਆਂ ਨੇ, ਤੇ ਤੂੰ ਨਿਕੰਮਿਆਂ ਦੋ ਸਾਲਾਂ ਵਿਚ ਅਜੇ ਦੋ ਹੀ ਲਿਆਇਆਂ! ਉਹ ਵੀ ਕਾਲਜ ਵਾਲਿਆਂ ਨੇ ਮੇਰੇ ਲਿਹਾਜ਼ ਕਰ ਕੇ ਤੈਨੂੰ ਰਿਆਇਤੀ ਦੇ ਕੇ ਨਿਵਾਜਿਆ।’ ਪਿਤਾ ਜੀ ਨੇ ਤਾਂ ਪੌਂਚੜੇ ਚੁੱਕ ਕੇ ਪੈ ਜਾਣਾ! ਪਿਤਾ ਦੀ ਯਾਦ ਨਾਲ ਮਨ ਦੇ ਉਬਾਲ ਉਗਲਦੇ ਉਸ ਦਾ ਸਿਰ ਫੱਟਣ ਲੱਗਾ।
‘ਸਰ! ਆਰਡਰ ਦੇ ਦਿਓ, ਫਿਰ ਰਿੰਨ੍ਹਣ ਪਕਾਉਣ ਦੀ ਤਿਆਰੀ ਵਿਚ ਕੁੱਝ ਟਾਈਮ ਲੱਗੇਗਾ।’ ਬਹਿਰਾ ਉਸ ਦੇ ਸਾਹਮਣੇ ਨੋਟ-ਪੈਡ ਲਈ ਸਾਵਧਾਨ ਖੜ੍ਹਾ ਸੀ। ਗਾਹਕ ਅਜੇ ਚੁੱਪ-ਚਾਂਤ ਦਿਨ ਭਰ ਦਾ ਲੇਖਾ ਜੋਖਾ ਕਰਦਾ ਆਪਣੇ ਆਪ ਵਿਚ ਸਹਿਜ ਹੋਣ ਕਈ ਕੁੱਝ ਸਮਾਂ ਹੋਰ ਲੈਣਾ ਚਾਹੁੰਦਾ ਸੀ ਪਰ ਬਹਿਰਾ ਸਾਨ੍ਹ ਵਾਂਗ ਆਕੜਿਆ ਉਸ ਵੱਲ ਅੱਖਾਂ ਅੱਡੀ ਮੁਖ਼ਾਤਬ ਸੀ. ਕਾਊਂਟਰ ਮੈਨੇਜਰ ਨੇ ਉਸ ਨੂੰ ਜੋਰ ਦੇ ਕੇ ਭੇਜਿਆ ਸੀ ਪਈ ਉਸ ਨੂੰ ਕਹੋ ਜਲਦੀ ਆਰਡਰ ਦੇਵੇ ਤੇ ਸੀਟ ਵਿਹਲੀ ਕਰੇ। ਉਸ ਦੇ ਗਵਾਂਢੀ ਮੇਜ਼ਾਂ ਤੋਂ ਤਾਂ ਉਸ ਦੇ ਪਿੱਛੋਂ ਆਏ ਕਈ ਹੋਰ ਪਿਆਕਲ ਬੋਤਲਾਂ ਚਾੜ੍ਹ ਕੇ ਮੁਰਗ਼ੇ ਦੀਆਂ ਸੰਖੀਆਂ ਚੂੰਡ ਕੇ ਰਸਤੇ ਪੈ ਗਏ ਸਨ ਤੇ ਉਹ ਅਜੇ ਫ਼ੈਸਲਾ ਨਹੀਂ ਕਰ ਸਕਿਆ।
‘ਹਾਂ…ਲਿਆ ਪਈ…।’ ਉਹ ਜਿਵੇਂ ਸੁਪਨੇ ‘ਚੋਂ ਉੱਠਿਆ ਹੋਵੇ।
‘ਕੀ ਸਰ?’ ਬਹਰੇ ਨੇ ਨੋਟ-ਬੁੱਕ ‘ਤੇ ਪੈਨਸਿਲ ਧਰੀ।
‘ਅੱਧੀ ਪਲੇਟ…ਮਸਰਾਂ ਦੀ ਦਾਲ…।’
‘ਸਰ! ਇੱਥੇ ਮਸਰਾਂ ਦੀ ਦਾਲ ਨਹੀਂ ਬਣਦੀ! ਨਾਲੇ ਇੱਥੇ ਅੱਧਾ-ਉੱਧਾ ਕੁੱਝ ਨਹੀਂ ਬਣਦਾ, ਜੋ ਕਹਿਣਾ ਹੈ ਪੂਰੀ ਪਲੇਟ ਮਿਲੂ।’ ਬਹਿਰਾ ਖੁੱਚਾਂ ਵਿਚ ਹੱਸਿਆ, ਜਿਵੇਂ ਕਹਿ ਰਿਹਾ ਹੋਵੇ, ‘ਆਹ ਮੂੰਹ ਤੇ ਮਸਰਾਂ ਦੀ ਦਾਲ!’
‘ਚੱਲ ਠੀਕ…ਲਿਆ ਮੁਰਗ਼ੇ ਦੀ ਦਾਲ…ਹਾਂ! ਖੁੱਡੇ ਵਾਲੇ ਮੁਰਗ਼ੇ ਦੀ ਪਲੇਟ ਲਿਆਈਂ…ਆਲੇ ਵਾਲੇ ਕੁੱਕੜ ਦੀ ਨਹੀਂ।’ ਉਹ ਆਪਣੇ ਆਪ ਵੱਖੀਆਂ ਵਿਚ ਹੱਸਿਆ, ਕਿਉਂਕਿ ਅੱਜ ਦੀ ਗੋਸ਼ਟੀ ਵਿਚ ਉਸ ਨੇ ਇਤਰਾਜ਼ ਉਠਾਇਆ ਸੀ ਕਿ ਲੇਖਕ ਨੂੰ ਖੁੱਡੇ ਵਾਲੇ ਮੁਰਗ਼ੇ ਦੀ ਥਾਂ ਆਲ਼ੇ ਵਾਲਾ ਕੁੱਕੜ ਲਿਖਣਾ ਚਾਹੀਦਾ ਸੀ, ਤੇ ਇਸ ਦੀ ਖੂਬ ਤਾਈਦ ਹੋਈ ਸੀ। ਇਸ ਸੰਦਰਭ ਵਿਚ ਸਟੇਜ ਸਕੱਤਰ ਨੇ ਆਪਣੀ ਟਿੱਪਣੀ ਵਿਚ ਮਾਲਵੇ ਮਾਝੇ ਦੁਆਬੇ ਦੀ ਬੋਲੀ, ਉਪ-ਭਾਸ਼ਾ ਦਾ ਫ਼ਰਕ, ਆਲੋਚਕ ਦੀ ਬੁੱਧੀ ਵਿਚ ਇਸ ਦਾ ਅਭਾਵ ਗਰਦਾਨ ਕੇ ਉਸ ਦੀ ਇਕ ਫਾਲ ਢਿੱਲੀ ਕਰ ਦਿੱਤੀ ਸੀ।
ਕੰਗਾਰੂ ਦੇ ਪਰਚੇ ਤੋਂ ਬਾਅਦ ਹਾਲ ਵਿਚ ਬੇਮੌਸਮੇ ਬੱਦਲ ਵਾਂਗ ਬੇਕਿਰਕੀ ਬੇਰਸੀ ਜਿਹੀ ਪੈਦਾ ਹੋ ਗਈ। ਗਿਣਵੀਆਂ ਚੁਣਵੀਂਆਂ ਤਾੜੀਆਂ ਵੱਜੀਆਂ ਪਰ ਇਕ ਨਿਰਾਸ਼ਤਾ ਜਿਹੀ ਘੁੱਟਣ ਵੀ ਮਹਿਸੂਸ ਹੋਈ। ਅਗਲੇ ਬੁਲਾਰੇ ਡਾ. ਅਗਿਆਨ ਨੇ ਡਾ. ਕੰਗਾਰੂ ਦੇ ਪਰਚੇ ਦੀ ਤਾਈਦ ਕਰ ਕੇ ਇਸ ਤੇ ਨਿਰਪੱਖ ਉਸਾਰੂ ਅਲੋਚਨਾ ਦਾ ਠੱਪਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਹ ਪਰਚਾ ਸੁਣ ਕੇ ਪਾਣੀ-ਪਾਣੀ ਹੋ ਰਹੇ ਸਨ। ਪਿਛਲੇ ਪਾਸੇ ਕੁੱਝ ਘੁਸਰ-ਮੁਸਰ ਹਿੱਲ-ਜੁੱਲ ਜਿਹੀ ਦੇਖ ਕੇ ਸਕੱਤਰ ਨੇ ਪ੍ਰੋਫੈਸਰ ਭਿੰਦਰ ਨੂੰ ਦਾਅਵਤ ਦਿੱਤੀ। ਸਵੇਰ ਦੇ ਭੁੱਖਣ ਭਾਣੇ ਬੈਠੇ ਸਰੋਤੇ ਸੁੱਕੀ ਰੁੱਖੀ ਅਲੋਚਨਾ ਭੋਡੀ ਪ੍ਰਚਾਰ ਸੁਣ-ਸੁਣ ਕੇ ਅੱਕ ਗਏ ਸਨ। ਚਾਹ ਨਾਸ਼ਤੇ ਦੀ ਤਲਬ ਹਰ ਇਕ ਨੂੰ ਬੇਹਾਲ ਕਰ ਰਹੀ ਸੀ। ਰਿੱਝਦੇ ਮੁਰਗ਼ੇ ਦੀ ਭੁੱਖ-ਵਧਾਊ ਸੁਗੰਧ ਸਭਨਾਂ ਦੇ ਪੇਟ ਦੀ ਅੱਗ ਹੋਰ ਉਤੇਜਿਤ ਕਰ ਰਹੀ ਸੀ।
‘ਪਿਆਰੇ ਵਿਦਵਾਨ ਦੋਸਤੋ! ਮੈਂ ਵੀ ਇਹ ਨਾਵਲ ਚੰਗੀ ਤਰਾਂ ਪੜ੍ਹਿਆ ਹੈ, ਪਰ ਮੇਰੀ ਦਲੀਲ ਡਾਕਟਰ ਕੰਗਾਰੂ ਦੀ ਖੋਜ ਦੇ ਬਿਲਕੁਲ ਵਿਪਰੀਤ ਹੈ। ਤੁਸੀਂ ਸਾਰੇ ਬੈਠੇ ਮੂੰਹ ਵਿਚ ਘੁੰਙਣੀਆਂ ਪਾਈ ਇਸ ਨੂੰ ਸੁਣ ਕੇ ਧੰਨ-ਧੰਨ ਕਰ ਰਹੇ ਹੋ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਇਸ ਨੇ ਇਹ ਪੁਸਤਕ ਸਾਰੀ ਨਹੀਂ ਪੜ੍ਹੀ ਤੇ ਸੁਣੀ ਸੁਣਾਈ ਕਹਾਣੀ ‘ਤੇ ਆਧਾਰਿਤ ਅਲੋਚਨਾ ਕੀਤੀ ਹੈ, ਸਿਰਫ਼ ਅਲੋਚਨਾ ਵਾਸਤੇ। ਇਹ ਉਸਾਰੂ ਜਾਂ ਸੁਚਾਰੂ ਅਲੋਚਨਾ ਨਹੀਂ, ਢਾਹੂ ਤੇ ਮਾਰੂ ਅਲੋਚਨਾ ਹੈ। ‘ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖਪਾ, ਮੱਝ ਅੱਗੇ ਬੀਨ ਵਜਾਉਣੀ’ ਅਨੁਸਾਰ ਅਨਾੜੀ ਜਾਂ ਬੇ-ਪ੍ਰਵਾਹ ਸਰੋਤਿਆਂ ਸਾਹਮਣੇ ਬਹੁਤ ਗੰਭੀਰ ਵਿਸ਼ੇ ਮਖ਼ੌਲ ਬਣ ਕੇ ਰਹਿ ਜਾਂਦੇ ਨੇ। ਆਲੋਚਕ ਨੇ ਲੇਖਕ ਤੇ ਇਲਜ਼ਾਮ ਮੜ੍ਹਿਆ ਹੈ ਕਿ ਉਸ ਨੇ ਔਰਤ ਜਾਤ ਬਾਰੇ ਅਪਸ਼ਬਦ ਲਿਖ ਕੇ ਅਪਮਾਨ ਕੀਤਾ ਹੈ। ਆਪਣੇ ਬੱਚੇ ਨੂੰ ਵੇਖ ਕੇ ਮਾਂ ਦੇ ਥਣਾਂ ਵਿਚ ਦੁੱਧ ਉੱਤਰ ਆਇਆ, ‘ਥਣ’ ਸ਼ਬਦ ਉਨ੍ਹਾਂ ਨਾਮ-ਧਰੀਕ ਆਲੋਚਕਾਂ ਵਾਸਤੇ ਅਸ਼ਲੀਲ ਬਣ ਜਾਂਦੇ ਹਨ, ਜਿਸ ਨੂੰ ਉਹ ਆਪਣੀ ਮਨਸ਼ਾ ਨਾਲ ਵਰਤਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ‘ਦੁੱਧਾਂ ਥਣੀਂ ਨਾ ਉੱਤਰੇ ਫਿਰ ਹੋਈ ਨਾ ਮੇਲਾ,’ ਸ਼ਬਦ ਅੰਕਿਤ ਹੈ…ਪਰ ਕਿਉਂਕਿ ਉਨ੍ਹਾਂ ਫ਼ੈਸਲਾ ਪਹਿਲਾਂ ਰੱਖਿਆ ਸੀ ਕਿ ਇਹ ਸ਼ਬਦ ਹਾਈ ਲਾਈਟ ਕਰਨਾ ਹੈ ਤੇ ਪ੍ਰਮਾਣ ਵਰਤ ਕੇ ਸਰੋਤਿਆਂ ਵਿਚ ਲੇਖਕ ਨੂੰ ਨਵਿਆਉਣਾ ਹੈ। ਮੈਂ ਇਹ ਵੀ ਪੂਰੇ ਦ੍ਰਿੜ੍ਹ ਨਿਸ਼ਚੇ ਨਾਲ ਕਹਿੰਦਾ ਹਾਂ ਕਿ ਤੁਸੀਂ ਵੀ (ਮੰਚ ਵੱਲ ਹੱਥ ਕਰ ਕੇ) ਇਹ ਨਾਵਲ ਪੜ੍ਹਨ ਦੀ ਖੇਚਲ ਨਹੀਂ ਕੀਤੀ ਤੇ ਅੱਖਾਂ ਮੀਟ ਕੇ ਉਸ ਦੀ ਹਾਂ ਵਿਚ ਹਾਂ ਮਿਲ਼ਾਉਂਦੇ ਰਹੇ ਹੋ। ਉਸ ਨੇ ਆਲ਼ੇ ਤੇ ਖੁੱਡੇ ਦੇ ਫ਼ਰਕ ਦਾ ਇਤਰਾਜ਼ ਕੀਤਾ ਹੈ। ਉਸ ਨੇ ਰਾਤ ਕਿਹਾ, ਤੁਸਾਂ ਸੱਤ ਕਰ ਕੇ ਮੰਨਿਆਂ, ਉਹਨੇ ਦਿਨ ਕਿਹਾ, ਤੁਸਾਂ ਹਾਂ ਵਿਚ ਸਿਰ ਨਿਵਾਇਆ। ਤੁਹਾਨੂੰ ਪਤਾ ਹੈ, ਖੁੱਡੇ ਵਾਲੇ ਮੁਰਗ਼ੇ ਜਾਂ ਆਲ਼ੇ ਵਾਲਾ ਕੁੱਕੜ ਵਿਚ ਕੋਈ ਅੰਤਰ ਨਹੀਂ। ਇਸ ਆਲੋਚਕ ਦੇ ਢੰਗ ਤਰੀਕੇ ਤੇ ਵਰਤੀ ਗਈ ਅਸੱਭਿਅਕ ਭਾਸ਼ਾ ਵਿਚੋਂ ਵੀ ਸਪਸ਼ਟ ਪੱਖਪਾਤੀ ਦੁਰਗੰਧ ਝਲਕ ਰਹੀ ਹੈ। ਅਨਾੜੀ ਆਲੋਚਕ ਨੇ ਇਸ ਨਾਵਲ ਵਿਚ ਇਰਾਕ ਦੇ ਯੁੱਧ ਦਾ ਜ਼ਿਕਰ ਹੋਣ ਦਾ ਦਾਅਵਾ ਕੀਤਾ ਹੈ, ਮੈਨੂੰ ਇਹ ਸ਼ਬਦ ਕਿਤੇ ਨਹੀਂ ਲੱਭਾ! ਜੇ ਤੁਸੀਂ ਕਿਸੇ ਨੇ ਉਹ ਪੰਨਾ ਪੜ੍ਹਿਆ ਹੈ ਤਾਂ ਮੈਨੂੰ ਦਿਖਾਓ।…ਅਜੇਹਾ ਹੈ ਹੀ ਨਹੀਂ! ਪਰ ਜੇ ਹੋਵੇ ਵੀ ਤਾਂ ਇਹ ਕੋਈ ਊਣਤਾਈ ਜਾਂ ਅਚੰਭੇ ਵਾਲੀ ਗੱਲ ਨਹੀਂ ਕਿਉਂਕਿ ਇਹ ਇਤਿਹਾਸਕ ਨਾਵਲ ਨਹੀਂ। ਡਾਕਟਰ ਅਗਿਆਨ ਸਾਹਿਬ ਜੋ ਪਰਚਾ ਸੁਣ ਕੇ ਪਾਣੀ ਹੋ ਰਹੇ ਸਨ, ਜਿਵੇਂ ਉਨ੍ਹਾਂ ਹੁਣੇ ਫ਼ਰਮਾਇਆ ਹੈ, ਨੂੰ ਚਾਹੀਦਾ ਹੈ ਕਿ ਉਹ ਚੱਪਣੀ ‘ਚ ਪਾਣੀ ਪਾ ਕੇ ਨੱਕ ਡੋਬਣ, ਕਿਉਂਕਿ ਜੇ ਉਨ੍ਹਾਂ ਕਿਤਾਬ ਪੜ੍ਹੀ ਹੁੰਦੀ ਤਾਂ ਉਨ੍ਹਾਂ ਦਾ ਫ਼ਰਜ਼ ਬਣਦਾ ਸੀ, ਆਲੋਚਕ ਦੀਆਂ ਗਲਤ ਧਾਰਾਵਾਂ ਨੂੰ ਵੰਗਾਰ ਦਿੰਦੇ ਪਰ ਉਨ੍ਹਾਂ ਨੇ ਵੀ ਇਸ ਪੱਖਪਾਤੀ ਭੇਡ-ਚਾਲ ਵਿਚ ਆਲੋਚਕ ਧਰਮ ਵਾਲਾ ਆਪਣਾ ਫ਼ਰਜ਼ ਵਿਸਾਰ ਕੇ ਸਾਹਿਤਕ ਮੁਜਰਮ ਵਾਲਾ ਕਿਰਦਾਰ ਨਿਭਾ ਦਿੱਤਾ ਹੈ।’
ਪ੍ਰਧਾਨਗੀ ਮੰਡਲ ਵਿਚ ਬੈਠੇ ਪਤਵੰਤਿਆਂ ਦੀਆਂ ਐਨਕਾਂ ਢਿਲਕ ਕੇ ਥੱਲੇ ਪਲਮ ਗਈਆਂ। ਹਾਲ ਵਿਚ ਸਾਰੇ ਚੁੱਪ-ਚਾਂਤ ਵਰਤ ਗਈ। ਆਲੋਚਕ ਦੀ ਤਾਈਦ ਕਰਨ ਵਾਲਿਆਂ ਦੀ ਜ਼ਬਾਨ ਨੂੰ ਤੰਦਵਾ ਪੈ ਗਿਆ। ਤੋਲੀ ਰਾਮ ਜੋ ਉਸ ਦੀ ਲੇਖਣੀ ਦਾ ਸਲਾਹਕਾਰ ਸੀ, ਨੂੰ ਤਰੇਲੀਆਂ ਆਉਣ ਲੱਗੀਆਂ। ਅਗਿਆਨ ਸਾਹਿਬ ਆਪਣੀ ਪੈਂਟ ਸਾਂਭਦੇ ਕਲੁੰਜਦੇ ਬਾਥਰੂਮ ਵੱਲ ਵਧ ਗਏ। ਡਾ. ਤੁਲਸਾ ਰਾਮ ਨੇ ਝਟਪਟ ਜੱਗ ‘ਚੋਂ ਪਾਣੀ ਦਾ ਗਿਲਾਸ ਭਰਿਆ ਤੇ ਮੂੰਹ ਨੂੰ ਲਾ ਲਿਆ।
‘ਕਿਧਰ ਜਾ ਰਿਹਾ ਪੰਜਾਬੀ ਸਾਹਿੱਤ! ਜਿੱਥੇ ਹਰ ਚੀਜ਼ ਮੁੱਲ ਵਿਕਦੀ ਹੈ, ਮੁੱਲ ਵਿਕਦੇ ਖ਼ਰੀਦੇ ਅਸਲੀ ਨਕਲੀ ਡਾਕਟਰ ਆਲੋਚਕ ਲੇਖਣੀ ਦੀ ਕੀਮਤ ਪਾਉਂਦੇ ਹਨ। ਪੈਸੇ ਦੇ ਕੇ ਨਾਵਲ ਕਹਾਣੀਆਂ ਲਿਖਾਉਣੀਆਂ ਤੇ ਆਪਣੇ ਨਾਮ ਥੱਲੇ ਛਪਵਾਉਣੀਆਂ ਦੁਕਾਨਦਾਰੀ ਬਣ ਗਈਆਂ ਹਨ। ਵਿਦੇਸ਼ੀ ਘੋਸਟ ਲੇਖਕ, ਕਵੀ, ਕਹਾਣੀਕਾਰ, ਗਲਪਕਾਰ ਨੂੰ ਅਜਿਹੇ ਆਲੋਚਕ ਰਾਤੋ-ਰਾਤ ਆਧੁਨਿਕ ਸਮੇਂ ਦੇ ਹਾਣੀ ਬਣਾ ਦਿੰਦੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਾਸਤੇ ਸਿਫ਼ਾਰਿਸ਼ਾਂ ਕਰਦੇ ਹਨ। ਇਸ ਮਿਹਰ ਦੇ ਇਵਜ਼ ਵਿਚ ਉਨ੍ਹਾਂ ਨੂੰ ਹਵਾਈ ਟਿਕਟਾਂ ਆਉਂਦੀਆਂ ਹਨ ਬਾਹਰੋਂ ਵਿਦੇਸ਼ੀ ਕਾਨਫ਼ਰੰਸਾਂ ਵਾਸਤੇ…ਉਹ ਅੰਤਰ-ਰਾਸ਼ਟਰੀ ਆਲੋਚਕ ਬਣ ਜਾਂਦਾ ਹੈ। ਇੱਕ ਕੌੜਾ ਸੱਚ ਇਹ ਹੈ ਕਿ ਬਿਨਾ ਕਿਸੇ ਗਿਆਨ, ਸਮਝ ਦੇ ਮੁੱਲ ਦੀਆਂ ਸਿਫ਼ਾਰਸ਼ੀ ਡਿਗਰੀਆਂ ਚੁੱਕੀ ਫਿਰਦੇ ਪੜ੍ਹਾਕੂ, ਰਾਜਨੀਤਕ ਅਹੁਦਿਆਂ, ਸੱਤਾ ਦੇ ਲਾਲਚ ‘ਚ ਭੱਜ-ਦੌੜ ਕਰਦੇ ਦੱਲੇ ਸਰਕਾਰੇ-ਦਰਬਾਰੇ ਸਨਮਾਨਾਂ, ਐਵਾਰਡਾਂ, ਪੁਰਸਕਾਰਾਂ ਖ਼ਾਤਰ ਸਰਕਸ ਦੇ ਜਾਨਵਰ ਵਾਂਗ ਸ਼ੋਅ-ਪੀਸ ਤੱਕ ਸੀਮਤ ਹੋ ਜਾਣ ਦੀ ਦਲਦਲ ਵਿਚ ਧਸ ਚੁੱਕੇ ਹਨ। ਇਹ ਲੋਕ ਸ਼ਾਇਦ ਹੀ ਦਰਾਵੜ, ਆਈਨਸਟਾਈਨ, ਜਾ ਪਲੈਨਮੈਨ ਬਣਨ ਦਾ ਖ਼ਤਰਾ ਮੁੱਲ ਲੈ ਸਕਣ। ਮਨ ਦੀ ਸ਼ਾਂਤੀ, ਸਬਰ, ਸੰਤੋਖ ਨਾਲ਼ ਭਰੀਆਂ ਤ੍ਰਿਪਤ ਰੱਜੀਆਂ ਰੂਹਾਂ ਵੱਲ ਦੇਖ ਕੇ ਇਨਸਾਫ਼ ਪਸੰਦ ਲੋਕਾਂ ਦਾ ਸਿਰ ਸਨਮਾਨ ਨਾਲ਼ ਝੁਕ ਜਾਂਦਾ ਹੈ। ਜੇ ਤੁਹਾਨੂੰ ਕਿਸੇ ਹੰਕਾਰੀ, ਹੋਛੇ, ਚਾਪਲੂਸ ਜਾਂ ਝੂਠੇ ਕਥਿਤ ਸਾਹਿਤਕਾਰ ਦੀ ਬੋ ਛਾਇਆ ਆਉਣ ਲੱਗੇ ਤਾਂ ਅਜਿਹਿਆਂ ਦੇ ਚਿਹਰੇ ਮੋਹਰਿਆਂ ਨੂੰ ਥੂਹ-ਥੂਹ ਕਰ ਕੇ ਅੱਖਾਂ ਮੋੜ ਲਿਆ ਕਰੋ।’
‘ਸ਼ੇਮ… ਸ਼ੇਮ…ਸ਼ੇਮ।’ ਸਰੋਤਿਆਂ ਵਿਚੋਂ ਆਵਾਜ਼ਾਂ ਆਉਂਦੀਆਂ ਹਨ।
ਅੱਜ ਉਹ ਪੀਵੀ ਜਾ ਰਿਹਾ ਸੀ। ਦਿਨ ਦੇ ਸਾਰੇ ਘਟਨਾ-ਚੱਕਰ ਦੀ ਫਿਰਕੀ ਉਸ ਦੇ ਸਰੂਰ ਦੇ ਰਸਤੇ ਰੁਕਾਵਟ ਬਣਦੀ ਰਹੀ। ਇੱਕ ਪਊਆ…ਅਧੀਆ…ਫੇਰ ਪਊਆ…ਹੋਰ ਤੇ ਹੋਰ…ਆਪਣੇ ਦਿਮਾਗ਼ ‘ਚੋਂ ਉਹ ਘਟਨਾ ਦੁਰਘਟਨਾ ਕੱਢਣ ਤੇ ਭੁਲਾਉਣ ਲਈ…ਪਰ ਇਹ ਬਾਰ-ਬਾਰ ਉਸ ਦੇ ਮਨ ਅੰਦਰ ਹੋਰ ਤੇਜ਼-ਤਰਾਰ ਪ੍ਰਚੰਡ ਹੋ ਕੇ ਉਸ ਦੀ ਭ੍ਰਿਸ਼ਟ ਅੰਤਰ-ਆਤਮਾ ਦੇ ਕੁੰਡੇ ਖੜਕਾਉਂਦੀ ਰਹੀ।
‘ਮੇਰੇ ਦੋਸਤ ਤੁਲਸਾ ਰਾਮ ਨੇ ਫਸਾ ਕੇ ਮੇਰੀ ਵਾਤ ਵੀ ਨਹੀਂ ਪੁੱਛੀ। ਮੈਨੂੰ ਕਿਸੇ ਨੇ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਨਾ ਕਿਸੇ ਨੇ ਮੈਨੂੰ ਇਸ ਦੁਰਘਟਨਾ ਬਾਰੇ ਅਫ਼ਸੋਸ ਜ਼ਾਹਿਰ ਕੀਤਾ, ਨਾ ਕਿਸੇ ਵਾਪਸ ਬੁਲਾਇਆ…ਸਭ ਆਪੋ-ਧਾਪੀ ਪੈ ਗਈ।’ ਗਰਮ ਤੌੜੀ ਵਾਂਗ ਉਹ ਅੰਦਰ ਹੀ ਅੰਦਰ ਰਿੱਝ ਰਿਹਾ ਸੀ। ਪਛਤਾਵੇ ਤੇ ਨਮੋਸ਼ੀ ਦੀ ਅੱਗ ਉਸ ਅੰਦਰ ਭਾਂਬੜ ਬਾਲ ਰਹੀ ਸੀ।
ਉਸ ਨੇ ਗਿਲਾਸ ਹਲੂਣਿਆ…ਦਾਰੂ ਦੇ ਬਚਦੇ ਘੁੱਟ ਵਿਚ ਬਰਫ਼ ਖੁਰ ਕੇ ਹੇਠਾਂ ਪਾਣੀ ਬਣ ਗਈ ਸੀ। ਉਹ ਮੂੰਹ ਨੂੰ ਲਾਉਣ ਲੱਗਾ। ਇਸ ਵਿਚ ਦੋ ਮੱਖੀਆਂ, ਪਿਆਰ ਦੇ ਅਲਿੰਗਨ ਵਿਚ ਮਸਤ ਡਿਗ ਕੇ ਸ਼ਰਾਬੀ ਹੋਈਆਂ ਤਾਂਡਵ ਨਾਚ ਤੜਫਣ ਲੱਗੀਆਂ ਤੇ ਫਿਰ ਸ਼ਾਂਤ ਹੋ ਗਈਆਂ।
‘ਅੱਖੀਂ ਵੇਖ ਕੇ ਮੱਖੀ ਵੀ ਨਿਗਲ਼ ਨਹੀਂ ਹੁੰਦੀ!’ ਉਹ ਪਲ ਦੀ ਪਲ ਰੁਕਿਆ… ‘ਪਰ ਅੱਜ ਤਾਂ ਇਹ ਆਪਣੀਆਂ ਹੀ ਹਨ…ਮਹਿੰਗੀ ਜੇਬ ਵਾਲੀ ਦਾਰੂ ਵੀ ਆਪਣੀ ਤੇ ਗਲਾਸੀ ਵੀ ਆਪਣੀ ਹੀ ਹੈ.’ ਉਸ ਨੇ ਉਂਗਲ ਨਾਲ ਮੱਖੀਆਂ ਬਾਹਰ ਕੱਢ ਕੇ ਪਾਸੇ ਸੁੱਟ ਮਾਰੀਆਂ ਤੇ ਇਕੇ ਘੁੱਟੇ ਗਿਲਾਸ ਖਾਲੀ ਕਰ ਦਿੱਤਾ। ਉਸ ਨੇ ਪਊਏ ਵਾਸਤੇ ਵੇਟਰ ਨੂੰ ਹੋਰ ਆਰਡਰ ਦੇ ਦਿੱਤਾ। ਪਲਕ ਝਲਕ ਵਿਚ ਬਹਰੇ ਨੇ ਪਊਆ ਭਰ ਕੇ ਉਸ ਅੱਗੇ ਲਿਆ ਰੱਖਿਆ।
‘ਲਓ ਬਾਬੂ ਜੀ! ਇਹ ਸੰਜੀਵਨੀ ਦਾਰੂ ਹੈ…ਤੁਹਾਡੇ ਸਾਰੇ ਗ਼ਮ ਕਸ਼ਟ ਦੂਰ ਭਜਾ ਦੇਵੇਗੀ। ਮੈਨੂੰ ਪਤਾ, ਤੁਸੀਂ ਅੱਜ ਬਹੁਤ ਉਦਾਸ ਤੇ ਨਿਰਾਸ਼ ਜਾਪਦੇ ਹੋ। ਇਹ ਇੱਕ ਦਮ ਨਵਿਰਤ ਕਰ ਦੇਵੇਗੀ ਤੁਹਾਡੇ ਸਾਰੇ ਦੁੱਖ ਦਲਿੱਦਰ।’
‘ਅਰੇ ਵੋਹ ਕੈਸੇ ਭਾਈ…?’
‘ਜਨਾਬ ਏਕ-ਏਕ ਬੂੰਦ ਸੇ ਤਲਾਬ ਭਰ ਜਾਤਾ ਹੈ, ਸਾਤ ਖੂਹੋਂ ਕਾ ਪਾਣੀ ਕਈ ਬਿਮਾਰੀਆਂ ਹਟਾ ਦਿੰਦਾ ਹੈ, ਸੱਤ ਜਿਨਸਾਂ ਮਿਲਾ ਕੇ ਸਤਨਾਜਾ ਕਈ ਮਰਜ਼ਾਂ ਦਾ ਇਲਾਜ ਹੈ ਤੇ ਹਰ ਬੋਤਲ, ਅੱਧੇ, ਪਊਏ ਵਿਚੋਂ ਤੁਬਕਾ-ਤੁਬਕਾ ਇਕੱਠਾ ਕਰ ਕੇ ਸ਼ਾਮ ਤੱਕ ਬੋਤਲ, ਦੋ ਜਾਂ ਕਈ ਵੇਰਾਂ ਸ਼ਰਾਬੀਆਂ ਦੇ ਜੂਠੇ ਗਲਾਸਾਂ ਵਿਚ ਪਈ ਬਚੀ ਵੱਖ ਵੱਖ ਤੋੜ ਦੀ ਦਾਰੂ ਮਿਲਾ ਕੇ ਵੱਖ ਵੱਖ ਤੋੜ ਦੀਆਂ ਕਈ ਬੋਤਲਾਂ ਬਣ ਜਾਂਦੀਆਂ ਨੇ। ਭਿੰਨ ਭਿੰਨ ਰੰਗਾਂ ਤੇ ਅੱਡੋ-ਅੱਡਰੇ ਸਵਾਦ ਦੀਆਂ ਮਿਲਾਈਆਂ ਇਹ ਸਵਾਂਤੀ ਬੂੰਦਾਂ ਬੜੀ ਸੁੰਦਰ ਸ਼ਾਨਦਾਰ ਬਲੈਂਡਡ ਕਾਕਟੇਲ ਬਣਾ ਦਿੰਦੀਆਂ ਹਨ। ਤੁਸੀਂ ਰੋਜ਼ ਆਇਆ ਕਰੋ, ਮੈਂ ਤੁਹਾਨੂੰ ਇਹ ਅੱਧੇ ਮੁੱਲ ਤੇ ਦੇ ਦਿਆ ਕਰਾਂਗਾ।’ ਬਹਰੇ ਨੇ ਗਾਹਕ ਅੱਗੇ ਨਵੇਂ ਪੱਤੇ ਖਿਲਾਰ ਦਿੱਤੇ। ਉਹ ਝਟਪਟ ਉਸ ਦਾ ਪ੍ਰਤੀਕਰਮ ਜਾਣ ਕੇ ਆਪਣਾ ਪੱਕਾ ਗਾਹਕ ਬਣਾ ਕੇ ਆਪਣੀ ਟਿੱਪ ਯਕੀਨੀ ਬਣਾਉਣੀ ਚਾਹੁੰਦਾ ਸੀ।
‘ਆਹਾ…ਬੜੀ ਮਜ਼ੇਦਾਰ ਹੈ ਇਹ ਭਾਈ! ਪਹਿਲਾਂ ਇਹ ਕਿਉਂ ਨਹੀਂ ਦਿੱਤੀ ਕਦੇ? ਮੈਨੂੰ ਹਰ ਰੋਜ਼ ਇਹੀ ਕੁਆਲਿਟੀ ਦਿਆ ਕਰ, ਮੈਂ ਤੇਰਾ ਪੱਕਾ ਗਾਹਕ ਬਣ ਜਾਊਂ।’ ਉਹ ਸੱਚ-ਮੁੱਚ ਹੀ ਇਸ ਉੱਤਮ ਮਿਆਰ ਤੋਂ ਕਾਇਲ ਹੋ ਗਿਆ।
ਡਾਕਟਰ ਭਿੰਦਰ ਦੇ ਬਿੱਲੀ ਗਲ ਟੱਲੀ ਬੰਨ੍ਹਣ ਤੋਂ ਬਾਅਦ ਮੰਚ ਤੋਂ ਡਾਕਟਰ ਨਿੱਜਰ ਨੂੰ ਆਵਾਜ਼ ਪਈ, ਉਹ ਹੱਥ ਦੇ ਕੇ ਆਪੇ ਹੀ ਖੜ੍ਹਾ ਹੋ ਗਿਆ ਸੀ। ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲ੍ਹੀ। ਉਹ ਬੋਲਣ ਨੂੰ ਬਹੁਤ ਕਾਹਲਾ ਜਾਪਦਾ ਸੀ ਜਿਵੇਂ ਆਪਣੇ ਮਨ ਵਿਚ ਬਹੁਤ ਕੁੱਝ ਅਣਕਿਹਾ ਉਗਲੱਛਣ ਨੂੰ ਤਿਆਰ ਸੀ।
‘ਜੇ ਰੱਬ ਨੇ ਤੁਹਾਨੂੰ ਕੁੱਝ ਬੁੱਧੀ ਦਿੱਤੀ ਹੈ, ਕੁੱਝ ਅਕਲ ਦਿੱਤੀ ਹੈ…ਕੁੱਝ ਪਾਵਰ ਦਿੱਤੀ ਹੈ, ਇਸ ਨੂੰ ਸਕਾਰਾਤਮਕ ਉਸਾਰੀ ਲਈ ਵਰਤੋ…ਲੋਕਾਂ ਨੂੰ ਗਾਲ਼ਾਂ ਕੱਢਣ ਲਈ ਨਹੀਂ। ਜੇ ਰੱਬ ਨੇ ਤੁਹਾਨੂੰ ਕਲਮ ਦਿੱਤੀ ਹੈ, ਮਨੁੱਖਤਾ ਦੀ ਭਲਾਈ ਲਈ ਵਰਤੋ, ਤਬਾਹੀ ਲਈ ਨਹੀਂ। ਜੇ ਤੁਹਾਡੇ ਹੱਥ ਐਟਮ ਆ ਹੀ ਗਿਆ ਹੈ ਤਾਂ ਧਰਤੀ ਨੂੰ ਅੱਗ ਦੇ ਲਾਂਬੂ ਲਾਉਣ ਦੀ ਬਿਜਾਏ ਸਮਾਜ ਭਲਾਈ ਦੇ ਕਈ ਨਿਰਮਾਣ ਕਾਰਜਾਂ ਵਾਸਤੇ ਵੀ ਵਰਤਿਆ ਜਾ ਸਕਦਾ ਹੈ।’ ਨਿੱਜਰ ਸਾਹਿਬ ਨੇ ਨਵੀਂ ਨਿੱਗਰ ਤੇ ਨਿਡਰ ਗੱਲ ਕਰ ਕੇ ਵਹਿਣ ਦਾ ਮੁਹਾਣ ਮੋੜ ਦਿੱਤਾ।
‘ਮੁਆਫ਼ ਕਰਨਾ ਵਿਦੇਸ਼ੀ ਰਾਹਦਾਰੀਆਂ ਦੇ ਲਾਲਚ ਵੱਸ ਕੁੱਝ ਫੰਨੇ ਖ਼ਾਂ ਆਲੋਚਕ ਵਿਦਵਾਨ ਸਾਹਿੱਤਕਾਰ ਆਪਣੀ ਜ਼ਮੀਰ ਗਹਿਣੇ ਰੱਖ ਦਿੰਦੇ ਹਨ। ਉਹ ਬਾਹਰ ਜਾ ਕੇ ਓਥੋਂ ਦੀ ਚਕਾਚੌਂਧ ਬੋਤਲ ਵਿਚ ਕੈਦ ਹੋ ਜਾਂਦੇ ਨੇ। ਮੇਜ਼ਬਾਨ ਦੇ ਹੱਥੀਂ ਬੰਨ੍ਹੀਂ ਗ਼ੁਲਾਮ! ਉਹ ਓਹੀ ਕਰਦੇ ਲਿਖਦੇ ਨੇ ਜੋ ਉਸ ਦਾ ਮੇਜ਼ਬਾਨ ਕਹਿੰਦਾ ਹੈ।
‘ਤੋਤਾ ਰਾਮਾ ਚੂਰੀ ਖਾਣੀਆਂ?’ ‘ਹਾਂ ਖਾਣੀਆਂ.’
‘ਤੇ ਫਿਰ ਉਹੀ ਕਰੀਂ…ਲਿਖੀਂ…ਬੋਲੀਂ…ਜੋ ਮੈਂ ਕਹੂੰਗਾ.’ ਇਹ ਵਿਚਾਰੇ ਮਹਿਮਾਨ ਦੀ ਮਜਬੂਰੀ ਵੀ ਬਣ ਜਾਂਦੀ ਹੈ।
‘ਬਿਹਤਰ ਮੇਰੇ ਆਕਾ! …ਠਗਾਂ ਦੀ ਟੋਲੀ…ਇੱਕੋ ਜਿਹੀ ਬੋਲੀ। ਉਹ ਸਿਰਫ਼ ਇਹ ਹੁਕਮ ਹੀ ਨਹੀਂ ਦਿੰਦੇ ਕਿ ਮੇਰੇ ਬਾਰੇ ਚੰਗਾ ਲਿਖ ਪ੍ਰੰਤੂ ਇਹ ਵੀ ਲਿਖਵਾਉਂਦੇ ਨੇ ਕਿ ਉਨ੍ਹਾਂ ਦਾ ਸ਼ਰੀਕ ਫਲਾਣਾ-ਫਲਾਣਾ ਬਹੁਤ ਨਿਕੰਮਾ ਲੇਖਕ ਹੈ, ਉਸ ਦੀ ਚੰਗੀ ਤਰ੍ਹਾਂ ਭੰਡੀ ਕਰ ਕੇ ਉਸ ਨੂੰ ਇਸ ਹੋੜ ਤੋਂ ਪਾਸੇ ਕਰਨਾ ਹੈ, ਮੁਕਾਬਲੇ ਚੋਂ ਹਟਾਉਣਾ ਹੈ।’
‘ਇਕ ਚੰਗਾ ਨਵਾਂ ਲੇਖਕ ਇੱਥੇ ਗਲਤ ਥਾਂ ਫਸ ਗਿਆ। ਇਕ ਸਾਹਿਤ ਸਭਾ ਜਿਹੜੀ ਕਈ ਗੋਸ਼ਟੀਆਂ ਕਰਾਉਂਦੀ ਹੈ, ਵੱਡੇ-ਵੱਡੇ ਕਹਾਣੀਕਾਰ, ਨਾਵਲਕਾਰ ਬੁਲਾਉਂਦੀ ਹੈ, ਉਨ੍ਹਾਂ ਨੂੰ ਸਨਮਾਨਿਤ ਕਰਦੀ ਹੈ, ਉਨ੍ਹਾਂ ਦੇ ਪ੍ਰਧਾਨ ਜਾਂ ਸਕੱਤਰ ਕੋਈ ਵੀ ਦਸਵੀਂ ਤੋਂ ਉੱਪਰ ਨਾ ਪੜ੍ਹਿਆ ਹੋਵੇ ਤੇ ਕਿਸੇ ਨੇ ਕੋਈ ਕਿਤਾਬ ਨਾਵਲ ਕਹਾਣੀ ਤਾਂ ਕੀ, ਇਕ ਪੰਗਤੀ ਵੀ ਸਾਹਿਤ ਦੇ ਲੇਖੇ ਨਾ ਪਾਈ ਹੋਵੇ! ਸ਼ਰਮ ਦੀ ਗੱਲ ਹੈ, ਉਹ ਕਿਸੇ ਸਾਹਿਤਕ ਰਚਨਾ ਦਾ ਲੇਖਾ-ਜੋਖਾ ਕਰ/ਕਰਵਾ ਰਹੇ ਨੇ!.. ਇਹ ਵੀ ਸਾਹਿਤ ਵਿਗਿਆਨੀਆਂ ਦੇ ਵਿਚਾਰ ਗੋਚਰਾ ਬੜਾ ਗੰਭੀਰ ਮਸਲਾ ਹੈ। ਅਜਿਹੀ ਸੰਸਥਾ ਜਿਸ ਨੂੰ ਤੁਸੀਂ ਸਾਹਿਤ ਸਭਾ ਦਾ ਨਾਮ ਦਿੰਦੇ ਹੋ, ਇਸ ਦਾ ਨਾਮ ਬਦਲ ਦਿਓ। ਚੰਗਾ ਰਹੇਗਾ….ਬੜਾ ਢੁਕਵਾਂ ਨਾਮ…ਅਨਪੜ੍ਹ ਸਾਹਿਤ ਆਸ਼ਰਮ।
ਮੁਆਫ਼ ਕਰਨਾ! ਮੇਰਾ ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ। ਸਾਧਾਂ ਦੇ ਡੇਰਿਆਂ ਵਾਂਗ ਵਿਵਹਾਰ ਕਰਦੀਆਂ ਅਜੇਹੀਆਂ ਸਾਹਿੱਤਿਕ ਜਥੇਬੰਦੀਆਂ ਜੇਬ ਰੁਤਬਾ ਵੇਖ ਕੇ ਆਪਣਿਆਂ ਨੂੰ ਅੱਗੇ ਕਰਦੀਆਂ ਹੱਕਦਾਰਾਂ ਨੂੰ ਪਛਾੜ ਦਿੰਦੀਆਂ ਹਨ। ਜੇ ਕਿਸੇ ਕਿਰਤ ਦੇ ਮੁਲੰਕਣ ਵਾਸਤੇ ਤੁਸੀਂ ਅਲੋਚਨਾ-ਧਰਮ ਨੂੰ ਪਛਾੜ ਕੇ ਭਾਈ-ਭਤੀਜਾ ਵਾਦ ਦੀ ਸਿਆਸਤ ਹੀ ਬੱਲੇ-ਬੱਲੇ ਜਾਂ ਥੱਲੇ-ਥੱਲੇ ਕਰਨੀ ਹੈ ਤਾਂ ਇਸ ਤੋਂ ਚੰਗਾ ਨਾਮ ਹੋਰ ਕੀ ਹੋ ਸਕਦਾ ਹੈ।
ਇਸ ਵਿਚਾਰ ਅਧੀਨ ਨਾਵਲ ਵਿਚ ਲੇਖਕ ਨੇ ਉਲੀਕੇ ਹਨ ਅਮੀਰਾਂ ਵਜ਼ੀਰਾਂ ਤੇ ਕਰੱਪਟ ਅਧਿਕਾਰੀਆਂ ਦੇ ਸਕੈਂਡਲ, ਅਣਪਚਣ ਯੋਗ ਸਮਾਜਕ ਕ੍ਰਿਸ਼ਮੇ, ਸਰਕਾਰੀ ਮਸ਼ੀਨਰੀ ਦੀਆਂ ਢਿੱਲੀਆਂ ਤੜਾਵਾਂ ਤੇ ਅਧਿਕਾਰਾਂ ਦਾ ਦੁਰਉਪਯੋਗ…ਕੰਮ-ਚੋਰ ਪ੍ਰੋਫੈਸਰਾਂ ਤੇ ਸਮਾਜ ਦੀਆਂ ਹੋਰ ਭ੍ਰਿਸ਼ਟ ਕੁਰੀਤੀਆਂ ਅਤੇ ਸੰਸਕਾਰਾਂ ਬਾਰੇ ਸ਼ੋਸ਼ਣ ਤੱਤ। ਇਹ ਤੁਹਾਡੇ ਹਲਕ ਵਿਚ ਨਹੀਂ ਲਹਿਣੇ। ਪਰਚੇ ਵਿਚ ਆਲੋਚਕ ਨੇ ਇਹਨਾਂ ਵਿਸ਼ਿਆਂ ਨੂੰ ਅਣਗੌਲੇ ਕਰ ਕੇ ਆਪਣੀ ਖੋਜ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ‘ਪਾਰਖੂ ਆਲੋਚਕ’ ਨੇ ਲੇਖਕ ਦੀ ਸਿਰਜਣ-ਪ੍ਰਕਿਰਿਆ ਬਾਰੇ ਬਿਲਕੁਲ ਖ਼ਾਮੋਸ਼ੀ ਧਾਰਨ ਕਰ ਕੇ ਤੇ ਇਸ ਸੰਵਾਦ ਨੂੰ ਅੱਗੇ ਤੋਰਨ ਦੀ ਬਿਜਾਏ ਬੰਦ ਕਰਨ ਦੀ ਕੋਝੀ ਹਰਕਤ ਕੀਤੀ ਹੈ। ਮੈਂ ਚਾਹਾਂਗਾ ਕਿ ਅਜੇਹੇ ਸਾਹਿੱਤਿਕ ਆਤੰਕਵਾਦ ਤੇ ਕਿੜ ਕੱਢ ਆਲੋਚਕਾਂ ਦਾ ਬਾਈਕਾਟ ਕਰ ਕੇ ਬਲੈਕ ਲਿਸਟ ਕੀਤਾ ਜਾਏ ਤਾਂ ਜੋ ਕੋਈ ਵੀ ਸਾਹਤਿਕ ਸੰਸਥਾ ਅਜਿਹੇ ਉਲਟ-ਸੁਭਾਵੀ ਸੋਚ ਵਾਲੇ ਨੂੰ ਨੇੜੇ ਨਾ ਫਟਕਣ ਦੇਵੇ। ਮੈਂ ਹੋਰ ਵੀ ਅਜੇਹੇ ਇਕਾ-ਦੁੱਕਾ ਆਲੋਚਕ ਦੇਖੇ ਸੁਣੇ ਹਨ ਜੋ ਦਾਰੂ ਦੇ ਖੂਹ ਦੀ ਮਣ ਤੇ ਬੈਠ ਕੇ ਗਿਣੇ-ਚੁਣੇ ਲੇਖਕਾਂ ਦੀ ਹੀ ਚਰਚਾ ਕਰਦੇ ਹਨ। ਇਸ ਪਰਚੇ ਦੀ ਭੂਮਿਕਾ ਵਿਚ ਇਕ ਹੋਰ ਵਿਸ਼ੇਸ਼ ਲੇਖਕ ਦਾ ਜ਼ਿਕਰ ਕਰ ਕੇ ਵਡਿਆਉਣ ਦੀ ਪੂਰੀ ਵਾਹ ਲਾਈ ਗਈ ਹੈ ਭਾਵੇਂ ਉਹ ਮੇਰੀ ਜਾਚੇ ਇਸ ਦੇ ਮੁਕਾਬਲੇ ਪਾਸਕੂ ਵੀ ਨਹੀਂ। ਪਾਲਤੂ ਆਲੋਚਕ ਆਪਣੇ ਆਕਾਵਾਂ ਦੀ ਹੀ ਜੀ-ਹਜੂਰੀ ਕਰਦੇ ਹਨ। ਮੈਂ ਉਨ੍ਹਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਨਿੱਜ/ਖੂਹ ਤੋਂ ਉੱਪਰ ਉੱਠ ਕੇ ਸਮੁੰਦਰ ਕੰਢੇ ਜਾਣ, ਉਨ੍ਹਾਂ ਨੂੰ ਲੇਖਕਾਂ ਨਾਲ ਭਰਪੂਰ ਖਜਾਨਾ ਮਿਲੇਗਾ। ਇਹ ਗੁੱਟ-ਬੰਦੀ ਜੋ ਸਾਹਿੱਤਿਕ ਖਜਾਨੇ ‘ਤੇ ਸੱਪ-ਵਲ਼ੇਵਾਂ ਮਾਰ ਬੈਠੀ ਹੈ, ਸਾਹਿੱਤ ਪ੍ਰਫੁੱਲਣ ਦੇ ਰਸਤੇ ਬੜੀ ਘਾਤਕ ਸਾਬਤ ਹੋਵੇਗੀ। ਇਹ ਨਹੀਂ ਚਾਹੁੰਦੇ ਕਿ ਕੋਈ ਹੋਰ ਨਵਾਂ ਲੇਖਕ ਉਨ੍ਹਾਂ ਦੇ ਪੱਧਰ ‘ਤੇ ਆਵੇ ਜਾਂ ਅੱਗੇ ਲੰਘੇ ਜਾਵੇ। ਪਰ ਯਾਦ ਰੱਖੋ! ਇਹ ਤੁਹਾਡੇ ਸਾਰੇ ਗੱਠਜੋੜ ਜੁੰਡਲੀਆਂ ਟੁੱਟ ਜਾਣੀਆਂ ਨੇ। ਨਵੀਂ ਸੋਚ ਆ ਰਹੀ ਹੈ, ਨਵੇਂ ਵਿਸ਼ੇ ਤੇ ਨਵੇਂ ਲੇਖਕ ਪੈਦਾ ਹੋ ਰਹੇ ਨੇ, ਨਵੀਂ ਪਨੀਰੀ ਆ ਰਹੀ ਹੈ। ਨਵੀਨ ਨਰੋਈ ਅਲੋਚਨਾ ਆ ਰਹੀ ਹੈ। ਸੰਭਲ ਜਾਓ! ਉਨ੍ਹਾਂ ਮਲਕੜੇ ਜਿਹੇ ਤੁਹਾਡੇ ਮਖੌਟੇ ਨੰਗੇ ਕਰ ਕੇ ਉਠਾ ਕੇ ਪਾਸੇ ਕਰ ਦੇਣਾ ਹੈ।
ਮੈਂ ਸਮਝਦਾ ਹਾਂ ਕਿ ਤੁਸਾਂ ਜੋ ਇਹ ਸਾਰਾ ਖਲਜਗਣ ਰਚਾਇਆ ਹੈ, ਇਸ ਦਾ ਮਕਸਦ ਇਕ ਪ੍ਰਤਿਭਾਸ਼ੀਲ ਲੇਖਕ ਨੂੰ ਭੰਡਣਾ ਤੇ ਪਛਾੜਨਾ ਹੈ, ਉਜਾਗਰ ਕਰਨਾ ਜਾਂ ਉਭਾਰਨਾ ਨਹੀਂ। ਇਸ ਤੌਰ-ਤਰੀਕੇ ਬਾਰੇ ਮੈਨੂੰ ਬੜਾ ਭਾਰੀ ਇਤਰਾਜ਼ ਹੈ। ਇਸ ਵਿਚ ਨਾ ਹੀ ਕਿਤਾਬ ਦਾ ਮੁਲੰਕਣ ਹੋਇਆ ਹੈ ਤੇ ਨਾ ਹੀ ਲੇਖਕ ਦਾ। ਇਹ ਮਾਮਲਾ ਤਾਂ ਉੱਥੇ ਦਾ ਉੱਥੇ ਹੀ ਖੜ੍ਹਾ ਹੈ ਜਿੱਥੋਂ ਚੱਲਿਆ ਸੀ। ਹਾਂ ਇਹ ਗੱਲ ਜ਼ਰੂਰ ਹੈ ਕਿ ਤੁਸਾਂ ਆਪਣੀ ਇਹ ਵਿੰਗੀ-ਟੇਢੀ ਡਫਲੀ ਵਜਾ ਕੇ ਆਪਣੇ ਆਕਾ ਦੀ ਨਜ਼ਰਾਂ ਵਿਚ ਛਾ ਜਾਣ ਦੀ ਕੋਝੀ ਚਾਲ ਚੱਲੀ ਹੈ ਤੇ ਕੱਲ੍ਹ ਦੀ ਅਖ਼ਬਾਰ ਲਈ ਆਪਣੀ ਸੁਰਖ਼ੀ ਬਣਾ ਲਈ ਹੈ।’
‘ਲਾਹਨਤ ਹੈ ਅਜਿਹੀ ਗੋਸ਼ਟੀ ਤੇ।’ ਸਰੋਤਿਆਂ ਵਿਚੋਂ ਆਵਾਜ਼ਾਂ ਹਨ।
ਨਿੱਜਰ ਸਾਹਿਬ ਦਾ ਭਾਸ਼ਣ ਹੁਣ ਤੱਕ ਡਾਕਟਰ ਕੰਗਾਰੂ ਦੇ ਸਿਰ ਠੋਲ੍ਹੇ ਮਾਰ ਮਾਰ ਉਸ ਦੀ ਖਾਧੀ ਪੀਤੀ ਦਾ ਸਵਾਦ ਕਿਰਕਿਰਾ ਕਰ ਰਿਹਾ ਸੀ।
‘ਨਕਲ ਮਾਰ ਕੇ, ਨੋਟ ਚੁਰਾ ਕੇ ਸਿਫ਼ਾਰਿਸ਼ਾਂ ਪੁਆ ਕੇ, ਗਾਈਡਾਂ ਦੇ ਗੋਡੇ ਘਸਾ ਕੇ ਲਈਆਂ ਡਿਗਰੀਆਂ ਨਾਲ ਬਣੇ ਆਲੋਚਕ ਜਿਸ ਨੇ ਕੋਈ ਕ੍ਰਿਆਤਮਕ ਸ਼ਬਦ ਨਾ ਲਿਖੇ ਹੋਣ, ਕੋਈ ਕਿਤਾਬ ਨਾ ਛਪਾਈ ਹੋਵੇ, ਉਹ ਹੋਰ ਕਿਸੇ ਦੀ ਅਲੋਚਨਾ ਕੀ ਕਰ ਸਕਦਾ ਹੈ? ਇਕ ਬਾਂਝ ਔਰਤ ਜਿਸ ਨੇ ਆਪ ਬੱਚਾ ਨਹੀਂ ਜਣਿਆ, ਉਹ ਪ੍ਰਸੂਤ ਦੀਆਂ ਪੀੜਾਂ ਬਾਰੇ ਹੋਰਾਂ ਨੂੰ ਸਿਖਿਆ ਦੇਵੇ, ਕਿੰਨੀ ਬੇਹੂਦਾ ਤੇ ਹਾਸੋਹੀਣੀ ਗੱਲ ਹੈ। ਪ੍ਰੋ. ਸੰਧੂ ਨੇ ਵੀ ਉੱਖਲੀ ਵਿਚ ਮੋਹਲ਼ੇ ਵਾਲਾ ਵਾਰ ਵਾਹ ਕੇ ਆਪਣੀ ਭੜਾਸ ਕੱਢ ਲਈ ਤੇ ਵਗਦੀ ਗੰਗਾ ਵਿਚ ਹੱਥ ਧੋ ਲਏ।
ਪ੍ਰਧਾਨਗੀ ਮੰਚ ਤੇ ਬੈਠੇ ਨਾਮਵਰ ਡਾਕਟਰ, ਨਾਵਲਕਾਰ, ਕਹਾਣੀਕਾਰ ਆਪਣੇ ਤੋਂ ਘੱਟ ਯੋਗਤਾ ਔਕਾਤ ਵਾਲੇ ਸਭਾ ਦੇ ਅਹੁਦੇਦਾਰਾਂ ਕੋਲੋਂ ਮੋਮੈਂਟੋ ਲੋਈਆਂ ਲੈਂਦੇ, ਹੱਸ ਹੱਸ ਕੇ ਫ਼ੋਟੋ ਖਿਚਾਉਂਦੇ, ਗਲ ਹਾਰ ਪਵਾਉਂਦੇ, ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਰਹੇ। ਕੰਗਾਰੂ ਆਲੋਚਕ ਬਨੇਰੇ ਬੈਠੇ ਕਾਂ ਵਾਂਗ ਸਭ ਕੁੱਝ ਵੇਖ ਕੇ ਆਪਣੀ ਵਾਰੀ ਦੀ ਇੰਤਜ਼ਾਰ ਵਿਚ ਕੁੜ੍ਹਦਾ ਰਿਹਾ। ਮੋਮੈਂਟੋ ਤੇ ਦੁਸ਼ਾਲੇ ਖ਼ਤਮ ਹੁੰਦੇ ਵੇਖ ਕੇ ਉਹ ਉੱਠਿਆ ਤੇ ਜਾ ਕੇ ਸਕੱਤਰ ਦੇ ਕੰਨ ਵਿਚ ਕੁੱਝ ਘੁਸਰ-ਮੁਸਰ ਕਰਨ ਲੱਗਾ।
‘ਤੇਰਾ ਵੀ ਕੁੱਝ ਪ੍ਰਬੰਧ ਕਰਦੇ ਹਾਂ।’ ਸਕੱਤਰ ਨੇ ਗ਼ੁਸੈਲੇ ਜਿਹੇ ਲਹਿਜ਼ੇ ਵਿਚ ਉਸ ਨੂੰ ਝਟਕ ਦਿੱਤਾ।
ਪ੍ਰਬੰਧਕਾਂ ਨੇ ਇਸ ਦੁਰਵਿਵਹਾਰ ਦੀ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਸਾਨੂੰ ਦੱਸਿਆ ਗਿਆ ਸੀ ਕਿ ਇਹ ਕ੍ਰਾਂਤੀਕਾਰੀ ਗਾਈਡ ਪ੍ਰੋਫੈਸਰ ਦਾ ਪਹਿਲਾ ਸ਼ਾਗਿਰਦਾ ਨਵਾਂ ਨਵਾਂ ਡਾਕਟਰ ਬਣਿਆ ਹੈ ਤੇ ਬਹੁਤ ਉਸਾਰੂ ਖ਼ਿਆਲਾਂ ਦਾ ਆਲੋਚਕ ਹੈ। ਡਾ. ਤੁਲਸਾ ਨੇ ਇਸ ਦੀ ਸ਼ਾਹਦੀ ਭਰੀ ਤੇ ਸਿਫ਼ਾਰਿਸ਼ ਵੀ ਕੀਤੀ ਸੀ। ਅਸੀਂ ਅਜਿਹੇ ਨਿਖੇਧਾਤਮਿਕ ਸੋਚ ਤੇ ਰੰਗ ਵਿਚ ਭੰਗ ਪਾਉਣ ਵਾਲੇ ਅਖੌਤੀ ਵਿਦਵਾਨ ਨੂੰ ਸਮਾਂ ਦੇਣ ਲਈ ਸ਼ਰਮਿੰਦੇ ਹੁੰਦੇ ਮਾਫ਼ੀ ਮੰਗਦੇ ਹਾਂ।
ਕੰਗਾਰੂ ਦੋਨੋਂ ਹੱਥ ਮੂੰਹ ਤੇ ਰੱਖ ਕੇ ਠਠੰਬਰਿਆ ਹੋਇਆ ਮੰਚ ਵੱਲ ਲਲਚਾਈਆਂ ਤੇ ਘਬਰਾਈਆਂ ਅੱਖਾਂ ਨਾਲ ਝਾਕ ਰਿਹਾ ਸੀ। ਇਸ ਪਾਸਿਉਂ ਅੰਡਿਆਂ ਦੀ ਬੁਛਾੜ! ‘ਆਹ ਲੈ ਆਮਲੇਟ ਭੁਰਜੀ ਬਣਾ ਲੈ’ ਆਲੋਚਕ ਦਾ ਮੂੰਹ ਮੱਥਾ ਸਾਫ਼ ਕਰ ਗਈ। ਸਰੋਤਿਆਂ ਵਿਚ ਭਗਦੜ ਮੱਚ ਗਈ। ਬਾਂਹਾਂ ਅੰਦਰ ਸਿਰ ਛੁਪਾਉਂਦਾ ਉਹ ਬਾਥਰੂਮ ਵੱਲ ਦੌੜਿਆ ਤੇ ਫਿਰ ਜਿੱਧਰ ਦੀ ਰਾਹ ਲੱਭਾ, ਦੌੜ ਕੇ ਪਾਰਕਿੰਗ-ਲਾਟ ਪਹੁੰਚ ਗਿਆ।
ਉਹ ਪਚਾਕੇ ਮਾਰ ਮਾਰ ਜੁਗਾਲੀ ਕਰਦਾ ਆਪਣੇ ਜ਼ਿਹਨ ਵਿਚ ਚੱਲਦੀ ਆਪਣੀ ਕੀਤੀ ਕਰਤੂਤ ਦੀ ਫ਼ਿਲਮ ਵੇਖਦਾ ਝੂਰ ਰਿਹਾ ਸੀ, ‘ਚੰਗਾ ਕੀਤਾ ਯਾਰ! ਮੈਂ ਆਮਲੇਟ ਤਾਂ ਬਣਾ ਹੀ ਸਕਦਾ ਸੀ।’ ਉਹ ਆਪਣੇ ਆਪ ਵਿਚ ਹੱਸਿਆ। ਜੇਬ ਵਿਚਲੇ ਫ਼ੋਨ ਘੰਟੀ ਨੇ ਟੈਕਸਟ ਮੈਸੇਜ ਸੰਕੇਤ ਦਿੱਤਾ। ਇਹ ਬਿੰਦਰ ਵੱਲੋਂ ਸੀ।
‘ਕੰਗਾਰੂ ਜੀ! ਤੁਹਾਡਾ ਧੰਨਵਾਦ। ਤੁਹਾਡੇ ਨਾਮ ਦੇ ਜਾਮ ਹੁਣ ਤੱਕ ਚੱਲਦੇ ਤੁਹਾਡੇ ਸ਼ਬਦ ਗੁਣਗੁਣਾ ਰਹੇ ਹਨ। ਤੁਹਾਡੀ ਸੱਚੀ-ਸੁੱਚੀ ਤੂਫ਼ਾਨੀ ਅਲੋਚਨਾ ਹਰੇਕ ਦੀ ਜ਼ੁਬਾਨ ਤੇ ਨੱਚਦੀ ਰਹੀ ਹੈ। ਅਫ਼ਸੋਸ! ਤੁਸੀਂ ਰੰਗ ਭਰੀ ਮਹਿਫ਼ਲ ਵਿੱਚੇ ਛੱਡ ਕੇ ਚਲੇ ਗਏ…ਜੇ ਨੇੜੇ ਹੋ ਤਾਂ ਵਾਪਸ ਪਹੁੰਚ ਜਾਓ, ਸਾਰੇ ਤੁਹਾਨੂੰ ਯਾਦ ਕਰ ਰਹੇ ਹਨ।’ ਪੜ੍ਹ ਕੇ ਪਚਾਕੇ ਮਾਰਦੀ ਜੁਗਾਲੀ ਉਸ ਦੇ ਦੰਦਾਂ ਵਿਚ ਅਟਕ ਗਈ।
‘ਸਾਲਾ ਖ਼ਰਗੋਸ਼…ਚਾਤਰ! ਮੈਂ ਹੁਣ ਤੇਰੇ ਕਾਬੂ ਨਹੀਂ ਆਉਂਦਾ…ਵਾਪਸ ਆ ਕੇ ਛਿੱਤਰ ਖਾ ਕੇ ਦੁਰਦਸ਼ਾ ਵਾਲੀ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰਵਾ ਲਵਾਂ? ਮੈਨੂੰ ਨਹੀਂ ਚਾਹੀਦੇ ਤੇਰੇ ਵੀਜ਼ੇ…ਮੈਨੂੰ ਨਹੀਂ ਚਾਹੀਦੀਆਂ ਤੇਰੀਆਂ ਕੰਬਲੀਆਂ…ਮੈਨੂੰ ਨਹੀਂ ਚਾਹੀਦੇ ਤੇਰੇ ਅਵਾਰਡ ਸਨਮਾਨ…ਮੇਰੀ ਤੋਬਾ! ਜ਼ਖ਼ਮਾਂ ਤੇ ਨਮਕ ਛਿੜਕਣ ਵਾਲੀ ਇਹ ਝੂਠੀ ਚਾਪਲੂਸੀ! ਤੂੰ ਆਪਣੀ ਅਹਿਮੀਅਤ ਵਧਾਉਣ ਖ਼ਾਤਰ ਮੇਰੀ ਪਿੱਠ ਵਿਚ ਛੁਰਾ ਮਾਰਿਆ! ਮੈਨੂੰ ਕਹਿੰਦਾ ਸੀ ਇੱਥੋਂ ਹੀ ਤੇਰਾ ਸ਼੍ਰੋਮਣੀ ਆਲੋਚਕਾਂ ਵਿਚ ਨਾਂ ਦਰਜ ਹੋ ਜਾਣਾ ਤੇ ਸਰਕਾਰ ਵੱਲੋਂ ਸ਼੍ਰੋਮਣੀ ਆਲੋਚਕ ਇਨਾਮ ਵੱਟ ‘ਤੇ ਪਿਆ!’ ਉਹ ਕੜਾਹੀ ਵਿਚ ਪਏ ਤੇਲ ਵਾਂਗ ਭੜਕ ਉੱਠਿਆ। ਬੈਂਚ ‘ਤੇ ਪਈ ਮੀਟ ਦੀ ਪਲੇਟ ਵੱਲ ਗ਼ੁੱਸਾ ਉਗਲਦੇ ਉਸ ਨੇ ਗਿਲਾਸ ਦਾ ਆਖ਼ਰੀ ਘੁੱਟ ਖਾਲੀ ਕਰ ਦਿੱਤਾ। ਬਹਿਰਾ ਬਿੱਲ ਲੈ ਕੇ ਸਿਰ ‘ਤੇ ਆ ਖੜ੍ਹਾ ਹੋਇਆ।
ਪੰਜ ਸੌ ਸੰਤਾਲੀ ਰੂਪੈ ਦਾ ਬਿੱਲ ਸਾਹਮਣੇ ਆਇਆ ਦੇਖ ਕੇ ਉਸ ਦੀ ਤਰੀ ਦਾ ਆਖ਼ਰੀ ਚਮਚਾ ਥਿੜਕ ਕੇ ਥੱਲੇ ਡੁੱਲ੍ਹ ਗਿਆ ਤੇ ਕੁੱਝ ਉਸ ਦੀ ਚਿੱਟੀ ਕਮੀਜ਼ ਤੇ ਪੈ ਕੇ ਰੰਗ-ਬਰੰਗੇ ਵੇਲ-ਬੂਟੇ ਵਾਹ ਗਿਆ। ਉਸ ਨੇ ਪਲੇਟ ਉਠਾਈ ਤੇ ਉਂਗਲਾਂ ਨਾਲ ਚੱਟਣ ਲੱਗਾ।
‘ਬਾਬੂ ਜੀ! ਹੋਰ ਲੈ ਲਓ। ਬੜੇ ਲੋਗ ਐਸੇ ਨੀਚ ਕਾਮ ਨਹੀਂ ਕਰਤੇ।’ ਬਹਰੇ ਦੀ ਫਿਟਕਾਰ ਭਰੀ ਨਸੀਹਤ ਨੇ ਉਸ ਨੂੰ ਝੰਜੋੜ ਦਿੱਤਾ।
ਉਸ ਨੇ ਜੇਬ ‘ਚੋਂ ਪੈਸੇ ਕੱਢ ਕੇ ਬਹਰੇ ਦੀ ਟਰੇਅ ਵਿਚ ਰੱਖੇ ਤੇ ਉੱਠ ਤੁਰਿਆ। ਪਹਿਲੀ ਵੇਰਾਂ ਜੇਬ ਵਿਚੋਂ ਪੈਸੇ ਖ਼ਰਚ ਕੇ ਪੀਤੀ, ਉਸ ਨੂੰ ਜਰਾ ਨਾ ਚੜ੍ਹੀ। ਅੱਜ ਆਪਣੇ ਪੈਸੇ ਖ਼ਰਚ ਕੇ ਖਾਧੇ ਮੁਰਗ਼ੇ ਦਾ ਕੜ੍ਹੀ ਜਿੰਨਾ ਸੁਆਦ ਨਾ ਆਇਆ।
ਮੈਂ ਸੋਚਿਆ ਸੀ, ਇਕ ਮੁਰਗ਼ੀ ਨਵੀਂ ਫਸਾ ਲਓ, ਵੇਲੇ-ਕੁਵੇਲੇ ਵਰਤਣ ਲਈ! ਨਵਾਂ ਲੇਖਕ ਹੈ…ਕੰਮ ਆਉਂਦਾ ਰਹੇਗਾ। ਸੋਨੇ ਦੀ ਮੁਰਗੀ ਵਾਂਗ ਜਦ ਮਰਜ਼ੀ ਮਰੋੜ ਲਓ! ਪਰ ਇਹ ਨਾਵਲਕਾਰ ਵੀ ਤਾਂ ਕਿੰਨਾ ਲੋਹੇ ਦਾ ਥਣ ਨਿਕਲਿਆ!…ਟੈਲੀਫ਼ੋਨ ਤੇ ਹੀ ਕੋਰੀ ਨਾਂਹ ਕਰ ਦਿੱਤੀ।
‘ਮੈਂ ਨਾਂ ਪੀਂਦਾ ਹਾਂ, ਨਾ ਪਿਆਉਂਦਾ ਹਾਂ।’ ਲੇਖਕ ਦਾ ਸਾਫ਼ ਇਨਕਾਰ ਉਸ ਦੇ ਜ਼ਿਹਨ ਵਿਚ ਫਿਰਕੀ ਵਾਂਗ ਘੁੰਮ ਗਿਆ।
‘ਐਵੇਂ ਫਸ ਗਿਆ ਸਾਲੇ ਤੁਲਸੇ ਦੀ ਕੁੱਟਲ-ਚਾਲ ਵਿਚ ਜੋ ਆਪ ਤਾਂ ਹੁਣ ਮੁਰਗ਼ੇ ਦੀਆਂ ਟੰਗਾਂ ਚੂੰਡਦਾ ਹੋਊ ਤੇ ਮੈਨੂੰ ਫਸਾ ਦਿੱਤਾ ਗਰੀਬ ਵਿਚਾਰੇ ਨੂੰ, ਅਖੇ ਇਹਦੇ ਵਿਚ ਤੇਰੀ ਚੜ੍ਹ ਮੱਚ ਜੂ…ਬੱਲੇ-ਬੱਲੇ ਹੋ ਜੂ.. ਤੂੰ ਛਾ ਜਾਏਂਗਾ ਆਲੋਚਕਾਂ ਵਿਚ ਤੇ ਲੇਖਕ ਤੇਰਾ ਰੋਹਬ ਮੰਨਣਗੇ।’ ਹੱਡੀਂ ਬੀਤੇ ਇਸ ਦੁਖਾਂਤਕ ਕਾਂਡ ਦੇ ਪੱਤਰੇ ਫੋਲਦਾ ਉਹ ਦੇਰ ਰਾਤ ਘਰ ਪਹੁੰਚਿਆ।
ਸਵੇਰੇ ਉੱਠ ਕੇ ਆਪਣੇ ਪਹਿਲੇ ਮਿਲੇ ਸਨਮਾਨ-ਚਿੰਨ੍ਹਾਂ ਨੂੰ ਟੋਹ ਰਿਹਾ ਸੀ ਤਾਂ ਜੋ ਇਹਨਾਂ ਵਿਚੋਂ ਹੀ ਆਪਣੇ ਘਰ ਦੇ ਮੈਂਬਰਾਂ ਨੂੰ ਦਿਖਾਉਣ ਲਈ ਕੋਈ ਕੱਢ ਕੇ ਬਾਹਰ ਰੱਖ ਲਏ।
‘ਕਿਵੇਂ ਰਿਹਾ? ਕਿਹੜਾ ਸਨਮਾਨ ਚਿੰਨ੍ਹ ਮਿਲਿਆ?’ ਉਸ ਦਾ ਬਾਪ ਸਾਹਮਣੇ ਖੜ੍ਹਾ ਸੀ।
ਜਿਵੇਂ ਚੋਰ ਦੀ ਚੋਰੀ ਫੜੀ ਗਈ ਹੋਵੇ, ਉਸ ਦਾ ਹੱਥ ਇਕ ਦਮ ਗੱਲ੍ਹ ‘ਤੇ ਜਾ ਫਿਰਿਆ। ਜਿਵੇਂ ਦੱਸ ਰਿਹਾ ਹੋਵੇ, ‘ਇਹ ਮਿਲਿਆ ਹੈ ਪਾਪਾ ਜੀ।’
‘ਕੁੱਝ ਨਕਦ ਨਾਵਾਂ ਵੀ ਹੋਊ…! ੀਕਰਾਇਆ-ਛਰਾਇਆ!…ਸੇਵਾ ਫਲ?’ ਉਸ ਦਾ ਦੂਸਰਾ ਹੱਥ ਦੂਸਰੀ ਗੱਲ ‘ਤੇ ਜਾ ਅਟਕਿਆ।
‘ਇਹ ਕੀ ਮੂੰਹ ਮੱਥਾ ਭਨਾ ਆਇਆਂ…ਐਕਸੀਡੈਂਟ ਕਰਵਾ ਆਇਆਂ?’ ਪਿਤਾ ਕੁੱਝ ਚਿੰਤਾ ਵਿਚ ਹੋ ਗਿਆ।
‘ਸੁਣ ਬੇਟਾ! ਇਕ ਗੁਰ ਹੋਰ ਨੋਟ ਕਰ ਲੈ…ਪੱਲੇ ਬੰਨ੍ਹ ਲੈ। ਜੇ ਜੇਬ ਬਿਗਾਨੀ ਹੈ ਤਾਂ ਪੇਟ ਤਾਂ ਆਪਣਾ ਹੀ ਹੈ…ਸਿਹਤ ਵੀ ਤਾਂ ਆਪਣੀ ਹੀ ਹੈ। ਇਨ੍ਹਾਂ ਵਿਚਾਰੇ ਨਵੇਂ ਸਾਹਿਤਕਾਰਾਂ ਕੋਲੋਂ ਮੁਫ਼ਤ ਦੀ ਖਾ ਪੀ ਕੇ ਮੂੰਹ ਮੱਥਾ ਭੰਨਾਉਣਾ ਕੋਈ ਅਕਲ-ਮੰਦੀ ਨਹੀਂ।’
‘ਹਾਂ ਜੀ, ਹਾਂ…ਜੀ…ਬਿਲਕੁਲ ਠੀਕ!’ ਕੰਗਾਰੂ ਨੇ ਆਪਣਾ ਮੂੰਹ ਮੱਥਾ ਦੋਹਾਂ ਹੱਥਾਂ ਵਿਚ ਘੁੱਟ ਕੇ ਨੀਵੀਂ ਪਾ ਲਈ।