ਮੇਰੀ ਪੱਗ ਵਾਲਾ ਪਾਕਿਸਤਾਨੀ ਪੰਜਾਬੀ ਸ਼ਾਇਰ ਅਮਾਨਤ ਅਲੀ

ਲਾਹੌਰ ਵਾਲਾ ਅਮਾਨਤ ਅਲੀ ਗਿੱਲ ਮੇਰਾ ਮੂੰਹ ਬੋਲਦਾ ਬੇਟਾ ਹੈ| ਉਹ ਪੰਜਾਬੀ ਅਧਿਆਪਕ ਵੀ ਹੈ ਤੇ ਪੰਜਾਬੀ ਸ਼ਾਇਰ ਵੀ| ਉਸਦਾ ਕਾਵਿਕ ਨਾਂ ਅਮਾਨਤ ਅਲੀ ਮੁਸਾਫ਼ਰ ਹੈ| ਇੱਕ ਸਾਦ ਮੁਰਾਦੀ ਪੇਸ਼ਕਾਰੀ ਵਾਲਾ ਕਵੀ| ‘ਪੀਂਘਾਂ ਸੋਚ ਦੀਆਂ ਸਾਹਿਤ ਸੰਸਥਾ’ (ਅੰਮ੍ਰਿਤਸਰ) ਹਰ ਮਹੀਨੇ ਭਾਰਤ–ਪਾਕਿ ਦੀ ਸਾਂਝੀ ਸ਼ਾਇਰੀ ਗੂਗਲ ਉੱਤੇ ਪੇਸ਼ ਕਰਦੀ ਹੈ| ਹੁਣੇ ਹੁਣੇ ਲੋਕ ਅਰਪਨ ਹੋਇਆ ‘ਸੋਚਾਂ ਦੀ ਪਰਵਾਜ਼’ ਨਾਮੀ ਕਾਵਿ–ਸੰਗ੍ਰਹਿ ਧਿਆਨ ਮੰਗਦਾ ਹੈ| ਮੁਖ ਪੰਨੇ ਉੱਤੇ ਰਚਣਹਾਰਿਆਂ ਦੀਆਂ ਤਸਵੀਰਾਂ ਹਨ| ਅਮਾਨਤ ਅਲੀ ਮੁਸਾਫ਼ਰ (ਗਿੱਲ) ਦੀ ਪੱਗ ਵਾਲੀ ਫੋਟੋ ਸਮੇਤ|

ਅਮਾਨਤ ਅਲੀ ਦੇ ਮਾਪੇ ਦੇਸ਼ ਵੰਡ ਸਮੇਂ ਅੰਮ੍ਰਿਤਸਰ ਤੋਂ ਉਜੜ ਕੇ ਓਧਰ ਗਏ ਸਨ| ਉਹ ਏਧਰ ਦੇ ਪੰਜਾਬ ਨਾਲ ਸਾਂਝ ਬਣਾਈ ਰਖਦਾ ਹੈ| ਏਧਰੋਂ ਪੱਗਾਂ ਮੰਗ ਕੇ ਤੇ ਕਾਵਿਕ ਆਦਾਨ ਪਰਦਾਨ ਕਰ ਕੇ| ਮੇਰੇ ਵੱਲੋਂ ਭੇਜੀ ਪੱਗ ਸਮੇਤ| ਹੋ ਸਕਦਾ ‘ਸੋਚਾਂ ਦੀ ਪਰਵਾਜ਼’ ਵਾਲੀ ਪੱਗ ਮੇਰੀ ਹੋਵੇ| ਮੈਨੂੰ ਉਸਦੀ ਓਦੋਂ ਵਾਲੀ ਕਵਿਤਾ ਅੱਜ ਵੀ ਚੇਤੇ ਹੈ|
ਇਹ ਪੱਗ ਵੀ ਏ ਭਗਵਾਨ ਵੀ ਏ
ਮੇਰੇ ਦਿਲ ਦਾ ਖਾਸ ਅਰਮਾਨ ਵੀ ਏ
ਚੈਨ ਕਰਾਰ ਤੇ ਇੱਜ਼ਤ ਸ਼ੁਹਰਤ
ਮੇਰੀ ਸ਼ਰਧਾ ਸੋਚ ਤੇ ਸ਼ਾਨ ਵੀ ਏ
ਸਾਡੇ ਮੁਸਲਿਮ ਸਿੱਖ ਭਰੱਪਣ ਦਾ
ਇੱਕ ਦੂਜੇ ਲਈ ਸਨਮਾਨ ਵੀ ਏ
ਇਹ ਯਾਰ ਮੁਸਾਫਰ ਰੂਹ ਮੇਰੀ
ਮੇਰੇ ਜੀਵਨ ਦੀ ਪਰਧਾਨ ਵੀ ਏ|
‘ਸੋਚਾਂ ਦੀ ਪਰਵਾਜ਼’ ਦਾ ਸਵਾਗਤ ਕਰਦਿਆਂ ਮੈਨੂੰ ਇਕ ਪੁਰਾਣੀ ਗੱਲ ਚੇਤੇ ਆ ਗਈ ਹੈ| ਮੇਰਾ ਮਿਹਰਬਾਨ ਮਿੱਤਰ ਖੁਸ਼ਵੰਤ ਸਿੰਘ ਭਰ ਗਰਮੀ ਦੇ ਮੌਸਮ ਵਿਚ ਆਪਣੀ ਕਸੌਲੀ ਵਾਲੀ ਕੋਠੀ ਵਿਚ ਆ ਕੇ ਲਿਖਣਾ ਪੜ੍ਹਨਾ ਜਾਰੀ ਰਖਦਾ ਸੀ| ਚੰਡੀਗੜ੍ਹ ਦੇ ਲੇਖਕ ਤੇ ਪੱਤਰਕਾਰ ਉਸ ਨੂੰ ਚੰਡੀਗੜ੍ਹ ਪਰੈੱਸ ਕਲੱਬ ਵਿਚ ਮਿਲਣਾ ਚਾਹੁੰਦੇ ਸਨ| ਮੇਰੇ ਕਹਿਣ ਉੱਤੇ ਉਹ ਮੰਨ ਤਾਂ ਗਿਆ ਪਰ ਏਸ ਸ਼ਰਤ ਉੱਤੇ ਕਿ ਉਹ ਕਸੌਲੀ ਤੋਂ ਚੰਡੀਗੜ੍ਹ ਆ ਕੇ ਮੀਟਿੰਗ ਤੋਂ ਪਹਿਲਾਂ ਕਿਸੇ ਹੋਟਲ ਵਿਚ ਆਰਾਮ ਕਰੇਗਾ| ਹੋਟਲ ਤੋਂ ਕਲੱਬ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਸੀ|
ਮੈਂ ਆਪਣੇ ਘਰੋਂ ਤੁਰਨ ਤੋਂ ਪਹਿਲਾਂ ਉਸਦੀ ਸੁਵਿਧਾ ਜਾਨਣ ਲਈ ਟੈਲੀਫੋਨ ਕੀਤਾ ਤਾਂ ਉਹ ਹੱਸ ਕੇ ਬੋਲਿਆ ਕਿ ਕਸੌਲੀ ਵਾਲੀ ਕੋਠੀ ਵਿਚ ਕੋਈ ਪੱਗ ਨਹੀਂ ਸੀ| ਮੈਂ ਇੱਕ ਪੱਗ ਲੈ ਕੇ ਗਿਆ| ਉਸਨੇ ਕਲੱਬ ਵਾਲੀ ਮੀਟਿੰਗ ਵਿਚ ਮੇਰੀ ਪੱਗ ਨਾਲ ਹਾਜ਼ਰੀ ਭਰੀ| ਮੈਨੂੰ ਆਪਣੇ ਕਾਲਮ ਲਈ ਮਸਾਲਾ ਮਿਲ ਗਿਆ, ਜਿਸ ਨੂੰ ਮੈਂ ‘ਮੇਰੀ ਪੱਗ ਵਾਲਾ ਖੁਸ਼ਵੰਤ ਸਿੰਘ’ ਨਾਂ ਦਿੱਤਾ| ਮੇਰੀ ਪਗੜੀ ਭਾਰਤ ਵਿਚ ਹੀ ਨਹੀਂ ਵਰਤੀ ਜਾਂਦੀ; ਇਸ ਨੂੰ ਪਾਕਿਸਤਾਨ ਵਾਲੇ ਵੀ ਵਰਤਦੇ ਹਨ| ਪੰਜਾਬੀ ਸ਼ਾਇਰ ਅਮਾਨਤ ਅਲੀ ਮੁਸਾਫ਼ਰ ਤਾਂ ਇਕ ਉਦਾਹਰਣ ਮਾਤ੍ਰ ਹੈ| ਮੇਰੀ ਪੱਗ ਦੇ ਕੀ ਕਹਿਣੇ!
ਨਿਰਮਲ ਸਿੰਘ ਭੰਗੂ ਬਨਾਮ ਮਹਿਤਾਬ ਸਿੰਘ ਮੀਰਾਂਕੋਟੀਆ
ਅੱਜ ਕੱਲ੍ਹ ਜ਼ਿਲ੍ਹਾ ਰੂਪਨਗਰ ਦਾ ਨਿਰਮਲ ਸਿੰਘ ਭੰਗੂ ਖ਼ਬਰਾਂ ਵਿਚ ਹੈ| ਉਹ ਲੰਘੇ ਸਪਤਾਹ ਪਰਲੋਕ ਸਧਾਰ ਗਿਆ ਹੈ| ਦੇਹਾਂਤ ਸਮੇਂ ਉਹ ਤੇ ਉਸਦੀ ਘਰ ਵਾਲੀ ਦੋਵੇਂ ਜੇਲ੍ਹ ਵਿਚ ਸਨ| ਉਹ ਪੌਣੇ ਦੋ ਲੱਖ ਕਰੋੜੀ ਪਰਲ ਗਰੁੱਪ ਕੰਪਨੀਆਂ ਦਾ ਸੰਸਥਾਪਕ ਸੀ| ਉਸਨੇ ਭੰਗੂ ਚਿੱਟ ਫੰਡ ਸੰਸਥਾਵਾਂ ਰਾਹੀਂ ਸਾਢੇ ਪੰਜ ਕਰੋੜ ਲੋਕਾਂ ਦੇ 45,000 ਕਰੋੜ ਰੁਪਏ ਡਕਾਰ ਛੱਡੇ ਸਨ| ਭਾਰਤ ਸਰਕਾਰ ਵੱਲੋਂ ਜਸਟਿਸ ਲੋਢਾ ਕਮੇਟੀ ਦੀ ਪੁੱਛ ਪੜਤਾਲ ਤੋਂ ਪਤਾ ਲੱਗਿਆ ਕਿ ਉਸਦੀ ਘਪਲੇਬਾਜ਼ੀ ਦਾ ਸ਼ਿਕਾਰ ਹੋਏ ਕਰੋੜਾਂ ਲੋਕਾਂ ਵਿਚੋਂ ਕੇਵਲ 21 ਲੱਖ ਨਿਵੇਸ਼ਕਾਰਾਂ ਨੂੰ ਬਣਦੀ ਰਕਮ ਮਿਲੀ ਹੈ| ਬਾਕੀ ਸਾਰਿਆਂ ਨੇ ਮਿਲ ਕੇ ਇੱਕ ਸੁਰੱਖਿਆ ਜਥੇਬੰਦੀ ਬਣਾਈ ਹੈ ਤੇ ਲਗਾਤਾਰ ਧਰਨੇ ਲਾ ਰਹੇ ਹਨ| ਹੱਥ ਪੱਲੇ ਕੁਝ ਨਹੀਂ ਪੈ ਰਿਹਾ|
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਨਿਰਮਲ ਸਿੰਘ ਆਪਣੇ ਬਚਪਨ ਵਿਚ ਰੋਪੜ-ਨੰਗਲ ਮਾਰਗ ਉਤਲੇ ਪਿੰਡ ਬੇਲਾ ਵਿਚ ਦੋਧੀ ਹੁੰਦਾ ਸੀ| ਵੱਡਾ ਹੋ ਕੇ ਕੋਲਕਾਤਾ ਗਿਆ ਤਾਂ ਓਥੇ ਪੀਅਰਲੈੱਸ ਚਿੱਟ ਫੰਡ ਕੰਪਨੀ ਵਿਚ ਕੰਮ ਕਰਦੇ ਸਮੇਂ ਚਿੱਟ ਫੰਡ ਦੀਆਂ ਜੁਗਤਾਂ ਦਾ ਮਾਹਿਰ ਹੋ ਗਿਆ| ਅੰਤਕਾਰ ਹੋਣੀ ਨੇ ਅਜਿਹਾ ਘੇਰਿਆ ਕਿ 2011 ਵਿਚ ਉਸਦੇ ਬੇਟੇ ਦੀ ਦੁਰਘਟਨਾ ਵਿਚ ਮ੍ਰਿਤੂ ਹੋ ਗਈ ਤੇ ਸੁਰੱਖਿਆ ਜਥੇਬੰਦੀ ਦੇ ਧਰਨਿਆਂ ਨੇ ਉਸ ਨੂੰ ਤੇ ਉਸਦੀ ਘਰਵਾਲੀ ਨੂੰ ਜੇਲ੍ਹ ਦਾ ਦਰ ਦਿਖਾ ਦਿੱਤਾ| ਹੁਣ ਜੰਤਰ ਮੰਤਰ ਦਿੱਲੀ ਵਿਖੇ ਛੇ ਸਤੰਬਰ ਨੂੰ ਲੱਗਣ ਵਾਲੇ ਧਰਨੇ ਤੋਂ ਪਹਿਲਾਂ ਹੀ ਚੱਲ ਵਸਿਆ ਹੈ|
ਚੇਤੇ ਰਹੇ ਕਿ ਕਿਸੇ ਸਮੇਂ ਹਰਿਮੰਦਰ ਸਾਹਬ (ਅੰਮ੍ਰਿਤਸਰ) ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦੀ ਹੱਤਿਆ ਕਰਨ ਵਾਲਾ ਬਾਬਾ ਮਹਿਤਾਬ ਸਿੰਘ ਵੀ ਭੰਗੂ ਸੀ| ਉਸਨੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਦੀ ਮਦਦ ਨਾਲ ਮੱਸੇ ਨੂੰ ਉਸ ਵੇਲੇ ਜਾ ਨੱਪਿਆ ਜਦੋਂ ਉਹ ਹਰਿਮੰਦਰ ਵਿਚ ਆਪਣੇ ਪਲੰਘ ਉੱਤੇ ਬੈਠਾ ਕੰਜਰੀ ਦੇ ਨਾਚ ਦਾ ਮਜ਼ਾ ਲੈ ਰਿਹਾ ਸੀ| ਉਸਦੀ ਹੱਤਿਆ ਦੇਖਦੇ ਸਾਰ ਬਾਕੀ ਦੇ ਸਰੋਤਿਆਂ ਵਿਚ ਵੀ ਅਜਿਹੀ ਭਗਦੜ ਮੱਚੀ ਕਿ ਉਨ੍ਹਾਂ ਨੂੰ ਨੱਠਣ ਲਈ ਥਾਂ ਨਹੀਂ ਸੀ ਲੱਭ ਰਹੀ|
ਜਸਟਿਸ ਲੋਢਾ ਕਮੇਟੀ ਜਾਂ ਹੋਰ ਕੋਈ ਅਦਾਲਤ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਵਾ ਸਕੇਗੀ ਜਾਂ ਨਹੀਂ, ਦੁਨੀਆ ਭਰ ਦੇ ਭੰਗੂ ਸਿਖ ਤਾਂ ਖ਼ੁਸ਼ ਹੋਣਗੇ| ਖ਼ਾਸ ਕਰਕੇ ਮੀਰਾਂਕੋਟੀਏ|
ਬਹੁਵਿਧ ਅਨੁਵਾਦਿਕਾ ਪ੍ਰਕਾਸ਼ ਕੌਰ ਸੰਧੂ
ਪ੍ਰਕਾਸ਼ ਕੌਰ ਸੰਧੂ ਮੇਰੇ ਦਿੱਲੀ ਸਮੇਂ ਦੇ ਲੇਖਕ ਮਿੱਤਰ ਸ਼ਿਵਦੇਵ ਸੰਧਾਂਵਾਲੀਆ ਦੀ ਬੇਟੀ ਹੈ| ਓਥੇ ਉਸਦੀ ਆਟੋ ਵਰਕਸ਼ਾਪ ਸੀ ਤੇ ਬੀਵੀ ਬੱਚੇ ਕਰਨਾਲ ਰਹਿੰਦੇ ਸਨ| ਇਸ ਤੋਂ ਪਹਿਲਾਂ ਉਹ ਇੰਡੀਅਨ ਆਰਮੀ ਵਿਚ ਮੋਟਰ ਡਰਾਈਵਿੰਗ ਤੇ ਮੋਟਰ ਮਸ਼ੀਨ ਇੰਸਟਰੱਕਟਰ ਰਹਿ ਚੁੱਕਾ ਸੀ ਤੇ ਸੁਤੰਤਰਤਾ ਸੰਗਰਾਮੀ ਹੋਣ ਨਾਤੇ 1942–45 ਵਿਚ ਜਪਾਨੀਆਂ ਦੀ ਕੈਦ ਵੀ ਕੱਟੀ|
ਪ੍ਰਕਾਸ਼ ਦੀਆਂ ਬਹੁਵਿਧ ਰੁਚੀਆਂ ਦੀ ਨੀਂਹ ਉਸਦੇ ਬਚਪਨ ਵਿਚ ਹੀ ਰੱਖੀ ਗਈ ਸੀ| ਉਸਦਾ ਮੇਰੇ ਨਾਲ ਮੇਲ ਦਾ ਕਾਰਣ ਉਸਦੀ ਹਿੰਦੀ ਕਵਿਤਾਵਾਂ ਤੇ ਗ਼ਜ਼ਲਾਂ ਦੀ ਪੁਸਤਕ ‘ਯਾਦੋਂ ਕੇ ਮੌਸਮ’ ਬਣੀ| ਪਿਛਲੇ ਦਿਨੀਂ ਉਹ ਮੈਨੂੰ ਲੱਭ ਕੇ ਇਹ ਪੁਸਤਕ ਭੇਟ ਕਰਨ ਆਈ ਤਾਂ ਪਤਾ ਲੱਗਿਆ ਕਿ ਸ਼ਿਵਦੇਵ ਜਦੋਂ ਵੀ ਦਿੱਲੀ ਤੋਂ ਕਰਨਾਲ ਆਉਂਦਾ ਤਾਂ ਭਾਂਤ–ਸੁਭਾਂਤੀ ਪੁਸਤਕਾਂ ਤੇ ਪੱਤਰਕਾਵਾਂ ਦੀ ਗਠੜੀ ਬੰਨ੍ਹ ਕੇ ਲਿਆਉਂਦਾ ਸੀ ਜਿਨ੍ਹਾਂ ਵਿਚੋਂ ਬਹੁਤੀਆਂ ਹਿੰਦੀ ਭਾਸ਼ੀ ਹੁੰਦੀਆਂ ਸਨ|
ਪ੍ਰਕਾਸ਼ ਕੌਰ ਦੀ ਵਿਦਿਆ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਵੀ ਹੈ ਤੇ ਪੰਜਾਬ ਯੂਨੀਵਰਸਿਟੀ ਦੀ ਵੀ| ਕੁਰੂਕਸ਼ੇਤਰ ਨੇ ਉਸ ਨੂੰ ਹਿੰਦੀ ਤੇ ਸੰਸਕ੍ਰਿਤ ਸਿਖਾਈ ਤੇ ਚੰਡੀਗੜ੍ਹ ਨੇ ਪੰਜਾਬੀ ਤੇ ਅੰਗਰੇਜ਼ੀ| ਉਹ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਐੱਮ.ਏ. ਹੈ ਤੇ ਸ਼ਿਵਦੇਵ ਸਦਕਾ ਉਰਦੂ ਪੜ੍ਹੀ ਹੋਈ|
ਪੰਜਾਬੀ ਤੇ ਹਿੰਦੀ ਮੂਲ ਦੀ ਰਚਨਾਕਾਰੀ ਤੋਂ ਬਿਨਾਂ ਉਸਨੇ ਇੱਕ ਦਰਜਨ ਜਗਤ ਪ੍ਰਸਿੱਧ ਪੁਸਤਕਾਂ ਦਾ ਹਿੰਦੀ ਤੇ ਪੰਜਾਬੀ ਅਨੁਵਾਦ ਕੀਤਾ ਹੈ| ਦਾਸਤੋਵਸਕੀ ਦੀ ‘ਦੋਸ਼ ਤੇ ਡੰਨ’ ਸਮੇਤ| ਉਨ੍ਹਾਂ ਵਿਚ ਅਲਕਸਾਂਦਰ ਕੁਪਰਿਨ ਦੀ ਰਚਨਾਕਾਰੀ ਵੀ ਸ਼ਾਮਲ ਹੈ| ਇਨ੍ਹਾਂ ਤੋਂ ਬਿਨਾਂ ਅੱਧੀ ਦਰਜਨ ਪੁਸਤਕਾਂ ਨਰਸਿੰਗ ਦੇ ਕਾਰੋਬਾਰ ਨਾਲ ਸੰਬੰਧਤ ਹਨ| ਉਸ ਨੂੰ ਹਿੰਦੀ ਤੇ ਪੰਜਾਬੀ ਉੱਤੇ ਬਰਾਬਰ ਦੀ ਪਕੜ ਹੈ| ਅੰਗਰੇਜ਼ੀ ਤੇ ਊਰਦੂ ਭਾਸ਼ਾ ਦੇ ਉਲੱਥਿਆਂ ਸਮੇਤ| ਉਸਦਾ ਪ੍ਰਕਾਸ਼ਕ ਵੀ ਮੇਰੇ ਵਾਲਾ ਹੀ ਹੈ| ਯੂਨੀਸਟਾਰ ਬੁਕਸ ਤੇ ਲੋਕਗੀਤ ਵਾਲਾ| ਉਸ ਨੂੰ ਮਿਲਣਾ ਬਹੁਤ ਚੰਗਾ ਲੱਗਿਆ!

ਅੰਤਿਕਾ
ਪ੍ਰਕਾਸ਼ ਕੌਰ ਸੰਧੂ
ਦਿਲ ਤੋ ਰਹਾ ਖਾਮੋਸ਼ ਨਜ਼ਰ ਬੋਲਤੀ ਰਹੀ,
ਮਸਤੀ ਕੇ ਰੰਗ ਹੀ ਫ਼ਿਜ਼ਾ ਮੇਂ ਘੋਲਤੀ ਰਹੀ|
ਕਾਂਟੋਂ ਸੇ ਅਪਨਾ ਦਾਮਨ ਉਸ ਨੇ ਬਚਾ ਲੀਆ,
ਤਿਤਲੀ ਹਸੀਂ ਫੂਲੋਂ ਮੇਂ ਮਗਰ ਡੋਲਤੀ ਰਹੀ|
ਸ਼ਾਇਦ ਕਫਸ ਸੇ ਪਿਆਰ ਪਰਿੰਦੋਂ ਕੋ ਥਾ ਬਹੁਤ,
ਨਿਕਲੇ ਨਾ ਬਾਹਰ ਮੈਂ ਕਫਸ ਕੋ ਖੋਲਤੀ ਰਹੀ|
ਆਈ ਨਾ ਮੇਰੇ ਹਾਥ ਮੇਂ ਸ਼ੁਆਏ ਰੋਸ਼ਨੀ,
ਮੈਂ ਜੁਗਨੂਓਂ ਕੇ ਪੰਧ ਟਟੋਲਤੀ ਰਹੀ|