ਬੱਚਿਆਂ ਨੂੰ ਲਿਪੀ ਨਾਲ ਜੋੜਨਾ ਜ਼ਰੂਰੀ: ਡਾ. ਲਖਵਿੰਦਰ ਜੌਹਲ

ਪੰਜਾਬ ਟਾਈਮਜ਼ ਦੇ ਦਫਤਰ ਵਿਚ ਡਾ. ਜੌਹਲ ਨਾਲ ਖਾਸ ਮਿਲਣੀ; ਪੰਜਾਬੀ ਪਿਆਰਿਆਂ ਨੇ ਪਾਈ ਵਿਚਾਰਾਂ ਦੀ ਸਾਂਝ
ਸ਼ਿਕਾਗੋ (ਅੰਮ੍ਰਿਤ ਪਾਲ ਕੌਰ): ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ, ‘ਨਵਾਂ ਜ਼ਮਾਨਾ’ ਅਤੇ ‘ਅਜੀਤ’ ਅਖਬਾਰਾਂ ਦੇ ਮੈਗਜ਼ੀਨ ਸੰਪਾਦਕ, ਦੂਰਦਰਸ਼ਨ ਦੇ ਪ੍ਰੋਗਰਾਮ ਐਗਜ਼ੈਕਟਿਵ ਅਤੇ ਕਲਾ ਪਰਿਸ਼ਦ ਦੇ ਸਕੱਤਰ ਵਜੋਂ ਸੇਵਾਵਾਂ ਨਿਭਾ ਚੁੱਕੇ ਸ. ਲਖਵਿੰਦਰ ਸਿੰਘ ਜੌਹਲ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਬੀਤੇ ਦਿਨੀਂ ਖਾਸ ਤੌਰ `ਤੇ ‘ਪੰਜਾਬ ਟਾਈਮਜ਼’ ਦੇ ਦਫ਼ਤਰ ਵਿਚ ਸ਼ਿਰਕਤ ਕੀਤੀ ਅਤੇ ਪੰਜਾਬ ਟਾਈਮਜ਼ ਸਲਾਹਕਾਰ ਬੋਰਡ ਦੇ ਮੈਂਬਰਾਂ ਅਤੇ ਸੁਹਿਰਦ ਪਾਠਕਾਂ ਨਾਲ ਗੱਲਬਾਤ ਕੀਤੀ।

ਡਾ. ਜੌਹਲ ਲੰਘੀ 10 ਅਗਸਤ ਨੂੰ ਨਿਊਯਾਰਕ ਪੁੱਜੇ ਸਨ ਅਤੇ ਉਥੇ ਆਪਣੇ ਅਜੀਜ਼ ਦੋਸਤ ਅਤੇ ਉੱਘੇ ਲੇਖਕ ਸੁਰਿੰਦਰ ਸੋਹਲ ਦੇ ਗ੍ਰਹਿ ਵਿਖੇ ਰੌਣਕਾਂ ਲਾਈਆਂ ਹੋਈਆਂ ਸਨ। ਉਥੇ ਉਨ੍ਹਾਂ ਆਪਣੇ ਪੁਰਾਣੇ ਦੋਸਤਾਂ ਅਤੇ ਨਾਲ ਕੰਮ ਕਰ ਚੁੱਕੇ ਸਾਥੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਅਤੇ ‘ਪੰਜਾਬ ਟਾਈਮਜ਼’ ਦੇ ਖਾਸ ਸੱਦੇ `ਤੇ 16 ਅਗਸਤ ਸ਼ਿਕਾਗੋ ਪੁੱਜੇ। ਸ਼ਿਕਾਗੋ ਵਿਖੇ ਦੇਰ ਰਾਤ ਜਦੋਂ ਉਹ ਸ. ਅਮੋਲਕ ਸਿੰਘ ਜੰਮੂ ਦੇ ਗ੍ਰਹਿ ਵਿਖੇ ਪੁੱਜੇ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
17 ਅਗਸਤ ਨੂੰ ਉਨ੍ਹਾਂ ਨਾਲ ਖਾਸ ਮਿਲਣੀ ‘ਪੰਜਾਬ ਟਾਈਮਜ਼’ ਦੇ ਦਫਤਰ ਵਿਚ ਰੱਖੀ ਗਈ ਸੀ, ਜਿੱਥੇ ਉਨ੍ਹਾਂ ਸ਼ਿਕਾਗੋਲੈਂਡ ਦੇ ਪੰਜਾਬੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਜਿੱਥੇ ਆਪਣੀ ਨਿੱਜੀ ਜ਼ਿੰਦਗੀ, ਸਾਹਿਤਕ ਸਫ਼ਰ, ਦੂਰਦਰਸ਼ਨ ਜਲੰਧਰ ਵਿਚ ਬਿਤਾਏ ਸਮੇਂ ਬਾਰੇ ਗੱਲਬਾਤ ਕੀਤੀ, ਉਥੇ ਹੀ ਪੰਜਾਬੀ ਭਾਸ਼ਾ ਵਲੋਂ ਪੰਜਾਬੀਆਂ ਦੇ ਬੇਮੁਖ ਹੋ ਜਾਣ `ਤੇ ਚਿੰਤਾ ਵੀ ਪ੍ਰਗਟਾਈ।
ਜ਼ਿਕਰਯੋਗ ਹੈ ਕਿ ਸ. ਜੌਹਲ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਆਪਣੇ ਲੋਕ ਪੱਖੀ ਵਿਚਾਰਾਂ ਅਤੇ ਵੱਕਾਰ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਉਹ ਕਵਿਤਾ, ਵਾਰਤਕ, ਅਨੁਵਾਦ ਅਤੇ ਆਲੋਚਨਾ ਦੀਆਂ 12 ਪੁਸਤਕਾਂ ਲਿਖ ਚੁੱਕੇ ਹਨ। ਉਨ੍ਹਾਂ ਦੀ ਪ੍ਰਧਾਨਗੀ ਹੇਠ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਸ਼ਾਨਦਾਰ ਕੰਮ ਕੀਤੇ ਤੇ ਜਿਹੜੀਆਂ ਵੀ ਅਖਬਾਰਾਂ ਨਾਲ ਉਹ ਜੁੜੇ, ਉਨ੍ਹਾਂ ਨੂੰ ਬੁਲੰਦੀਆਂ ‘ਤੇ ਪਹੁੰਚਾਇਆ।
ਡਾ. ਜੌਹਲ ਨੇ ਆਪਣੇ ਨਿੱਜੀ ਜੀਵਨ, ਪ੍ਰਾਪਤੀਆਂ ਦੀ ਗੱਲ ਕਰਦਿਆਂ ਦੱਸਿਆ ਕਿ ਹੁਣ ਉਹ ‘ਕਾਵਿ-ਲੋਕ’ ਮੈਗਜ਼ੀਨ ਦੇ ਸੰਪਾਦਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਪੰਜਾਬੀ ਅਖਬਾਰਾਂ ‘ਨਵਾਂ ਜ਼ਮਾਨਾ’ ਅਤੇ ‘ਅਜੀਤ’ ਵਿਚ ਕੰਮ ਕੀਤਾ ਪਰ ਵਧੇਰਾ ਸਮਾਂ 29 ਸਾਲ ਚਾਰ ਮਹੀਨੇ ਦੂਰਦਰਸ਼ਨ ਵਿਚ ਨੌਕਰੀ ਕੀਤੀ, ਜਿੱਥੇ ਉਨ੍ਹਾਂ ਬਹੁਤ ਸਾਰਾ ਕੰਮ ਕੀਤਾ, ਜਿਸ ਵਿਚ ਸੋਹਣ ਸਿੰਘ ਸੀਤਲ ਦੇ ਨਾਵਲ ‘ਜੁਗ ਬਦਲ ਗਿਆ’ `ਤੇ ਨਾਟਕ ਕਰਨਾ ਵੀ ਸ਼ਾਮਲ ਹੈ, ਜਿਸ ਲਈ ਸਿਨੇਮੈਟੋਗ੍ਰਾਫੀ ਵਿਚ ਉਨ੍ਹਾਂ ਨੈਸ਼ਨਲ ਐਵਾਰਡ ਹਾਸਲ ਕੀਤਾ। ਜਸਵੰਤ ਕੰਵਲ ਦੇ ਨਾਵਲ ‘ਰੂਪ ਧਾਰਾ’ `ਤੇ ਵੀ ਉਨ੍ਹਾਂ ਨਾਟਕ ਬਣਾਇਆ। ਉਨ੍ਹਾਂ ਦੀ ਮੁਹਾਰਤ ਡਾਕੂਮੈਂਟਰੀ ਵਿਚ ਹੈ। ਉਨ੍ਹਾਂ ਬਾਬਾ ਸੀਚੇਵਾਲ `ਤੇ ਅੰਗਰੇਜ਼ੀ ਡਾਕੂਮੈਂਟਰੀ ਤਿਆਰ ਕੀਤੀ ਜਿਸ ਲਈ ਵੀ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲਿਆ। ਉਨ੍ਹਾਂ ਆਪਣੀਆਂ ਬਾਕੀ ਡਾਕੂਮੈਂਟਰੀਜ਼ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਡਾ. ਜੌਹਲ ਨੇ ਦੱਸਿਆ ਕਿ ਦੂਰਦਰਸ਼ਨ ਵਿਚ ਕੰਮ ਕਰਨ ਵਾਲੇ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੂੰ ਤਿੰਨ ਸਾਲ ਦੀ ਐਕਸਟੈਂਸ਼ਨ, ਉਸੇ ਅਹੁਦੇ ਅਤੇ ਤਨਖਾਹ ‘ਤੇ ਮਿਲੀ। ਉਨ੍ਹਾਂ ਦੂਰਦਰਸ਼ਨ ਦੇ ਜਲੰਧਰ, ਦਿੱਲੀ ਵਿਚਲੇ ਵੱਡੇ ਕੇਂਦਰਾਂ ਤੋਂ ਇਲਾਵਾ ਗਵਾਲੀਅਰ ਅਤੇ ਪਟਿਆਲਾ ਵਿਚਲੇ ਛੋਟੇ ਸਟੇਸ਼ਨਾਂ ‘ਚ ਵੀ ਸੇਵਾ ਨਿਭਾਈ। ਪਰ ਦਿੱਲੀ ਵਿਚਲੇ ਸਾਲ ਸਭ ਤੋਂ ਵਧੀਆ ਰਹੇ, ਕਿਉਂਕਿ ਉਥੇ ਉਨ੍ਹਾਂ ਨੂੰ ਕਈ ਕੁਝ ਨਵਾਂ ਕਰਨ ਤੇ ਸਿੱਖਣ ਦੇ ਮੌਕੇ ਮਿਲੇ। ਉਨ੍ਹਾਂ ਦੱਸਿਆ ਕਿ 1991 ਵਿਚ ਯੂਪੀਐਸਸੀ ਵਲੋਂ ਦੂਰਦਰਸ਼ਨ ਦੀ ਕੀਤੀ ਭਰਤੀ ਤੋਂ ਬਾਅਦ ਅੱਜ ਤਕ ਕੋਈ ਭਰਤੀ ਨਹੀਂ ਹੋਈ। ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਹੋ ਰਹੇ ਕੇਂਦਰੀਕਰਨ ‘ਤੇ ਚਿੰਤਾ ਜਤਾਈ ਗਈ।
ਸਾਹਿਤ ਵਿਚ ਪਾਏ ਯੋਗਦਾਨ ਬਾਰੇ ਉਨ੍ਹਾਂ ਦੱਸਿਆ ਕਿ ਉਹ ਮੁੱਖ ਤੌਰ ‘ਤੇ ਕਵਿਤਾ ਲਿਖਦੇ ਹਨ ਤੇ ਉਨ੍ਹਾਂ ਦੀਆਂ 12 ਪੁਸਤਕਾਂ ਛਪ ਚੁੱਕੀਆਂ ਹਨ। ਉਹ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਵੀ ਜੱਦੋ-ਜਹਿਦ ਕਰਦੇ ਰਹਿੰਦੇ ਹਨ ਤੇ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਬੀ.ਸੀ.ਏ. ਵਿਚੋਂ ਪੰਜਾਬੀ ਹਟਾਉਣ ਦਾ ਐਲਾਨ ਹੋਇਆ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਜਿਸ ‘ਤੇ ਯੂਨੀਵਰਸਿਟੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਹਾਇਰ ਐਜੂਕੇਸ਼ਨ ਵਿਚ ਪੰਜਾਬੀ ਦੇ ਮਸਲੇ ਬਾਰੇ ਲਿਖਦੇ ਰਹਿੰਦੇ ਹਨ।
ਉਨ੍ਹਾਂ ਆਪਣੇ ਪਿੰਡ ਜੰਡਿਆਲਾ ਮੰਜਕੀ ਜੋ ਕਿ ਗ਼ਦਰੀ ਬਾਬਿਆਂ ਦਾ ਪਿੰਡ ਹੈ, ਦੀ ਭੂਗੋਲਿਕ ਸਥਿਤੀ, ਇੱਥੋਂ ਦੀਆਂ ਪ੍ਰਮੁੱਖ ਸ਼ਖਸੀਅਤਾਂ, ਰਾਜਨੇਤਾਵਾਂ ਅਤੇ ਕਵੀਆਂ ਬਾਰੇ ਦੱਸਦਿਆਂ ਕਿਹਾ ਕਿ ਸਭ ਨੂੰ ਆਪਣੇ ਪਿੰਡ ‘ਤੇ ਮਾਣ ਹੁੰਦਾ ਹੈ ਪਰ ਮੈਨੂੰ ਕੁਝ ਜ਼ਿਆਦਾ ਹੀ ਹੈ।
ਇਸ ਮੌਕੇ ਖਾਸ ਤੌਰ ‘ਤੇ ਉਨ੍ਹਾਂ ਨੂੰ ਮਿਲਣ ਲਈ ਪੰਜਾਬ ਟਾਈਮਜ਼ ਸਲਾਹਕਾਰ ਬੋਰਡ ਦੇ ਮੈਂਬਰ ਡਾ. ਹਰ ਗੁਰਮੁਖਪਾਲ ਸਿੰਘ, ਸ. ਭੁਪਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ ਦਿਓਲ, ਨਵਦੀਪ ਕੌਰ ਸੰਧੂ ਤੋਂ ਇਲਾਵਾ ਸ. ਜਸਵੀਰ ਸਿੰਘ ਅਤੇ ਕੁਲਦੀਪ ਸਿੰਘ ਸ. ਅਮਰਦੇਵ ਸਿੰਘ ਬਦੇਸ਼ਾ, ਕਾਰਸੇਵਾ ਦੇ ਕਰਤਾ-ਧਰਤਾ ਸ. ਸਤਨਾਮ ਸਿੰਘ ਔਲਖ ਪਾਲ ਧਾਲੀਵਾਲ, ਗੁਰਬਚਨ ਸਿੰਘ, ਹਰਜੀਤ ਸਿੰਘ ਗਿੱਲ ਤੇ ਉਂਕਾਰ ਸਿੰਘ, ਜਗਦੀਸ਼ ਸਿੰਘ ਸੰਧੂ, ਸੁਰਿੰਦਰ ਸਿੰਘ ਭਾਟੀਆ, ਮਿਲਵਾਕੀ ਤੋਂ ਗੁਰਮੁਖ ਸਿੰਘ, ‘ਗਲੋਬਲ ਮਿਲਾਪ’ ਦੇ ਠਾਕਰ ਸਿੰਘ ਬਸਾਤੀ ਅਤੇ ਸਾਜਿਦ ਚੌਧਰੀ, ਰਜਿੰਦਰ ਕੌਰ ਬਸਾਤੀ, ਉਘੇ ਕਵੀ ਰਵਿੰਦਰ ਸਹਿਰਾਅ ਅਤੇ ਉਨ੍ਹਾਂ ਦੀ ਪਤਨੀ ਨੀਰੂ ਸਹਿਰਾਅ, ਦੂਰਦਰਸ਼ਨ ਦੇ ਪੁਰਾਣੇ ਸਾਥੀ ਰਾਜੇਸ਼ ਪਵਾਰ, ਪੀਟੀਸੀ ਪੰਜਾਬੀ ਤੋਂ ਗੁਰਲੀਨ ਕੌਰ ਅਤੇ ਉਂਕਾਰ ਸਿੰਘ ਸੰਘਾ, ਅਜੀਤ ਤੋਂ ਕੇਵਲ ਗੁਰਾਇਆ, ਉਨ੍ਹਾਂ ਦੇ ਦੋਸਤ ਇੰਦਰਮੋਹਨ ਛਾਬੜਾ, ਆਦਿ ਪੁੱਜੇ ਹੋਏ ਸਨ, ਜਿਨ੍ਹਾਂ ਨੇ ਡਾ. ਜੌਹਲ ਤੋਂ ਸਵਾਲ ਪੁਛੇ, ਜਿਸ ਦੇ ਉਨ੍ਹਾਂ ਤਸੱਲੀਬਖਸ਼ ਜਵਾਬ ਦਿੱਤੇ।
ਸਾਜਿਦ ਚੌਧਰੀ ਨੇ ਡਾ. ਜੌਹਲ ਨਾਲ ਪੰਜਾਬੀ ਜ਼ਬਾਨ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਬਾਬਾ ਨਾਨਕ ਸਾਨੂੰ ਪੰਜਾਬੀ ਵਿਚ ਗਿਆਨ ਵੰਡ ਕੇ ਗਏ ਹਨ ਤੇ ਸਾਡਾ ਫਰਜ਼ ਹੈ ਕਿ ਅਸੀਂ ਇਸ ਨੂੰ ਸਾਂਭੀਏ ਤੇ ਸਾਡੇ ਬੱਚਿਆਂ ਨੂੰ ਵੀ ਇਸ ਦਾ ਇਲਮ ਹੋਵੇ। ਇਸ ‘ਤੇ ਡਾ. ਜੌਹਲ ਨੇ ਕਿਹਾ ਕਿ ਪਾਕਿਸਤਾਨ ਵਿਚ ਭਾਵੇਂ ਪੰਜਾਬੀ ਬੋਲਣ ਵਾਲੇ ਵਧੇਰੇ ਹਨ ਪਰ ਤਰਾਸਦੀ ਇਹ ਹੈ ਕਿ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਜਿਸ ਕਰਕੇ ਬੱਚੇ ਇਸ ਬੋਲੀ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਪੰਜਾਬੀ ਦੀਆਂ ਦੋ ਲਿਪੀਆਂ ਬਣਨ ਦੇ ਨੁਕਸਾਨ ਦੀ ਗੱਲ ਵੀ ਕੀਤੀ ਤੇ ਪੰਜਾਬੀ ਦੀ ਇਕੋ ਲਿਪੀ ਹੋਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੇਵਨਾਗਰੀ ਤੇ ਰੋਮਨ ਵਿਚ ਪੰਜਾਬੀ ਲਿਖੇ ਜਾਣ ਨਾਲ ਹੋ ਰਹੇ ਪੰਜਾਬੀ ਭਾਸ਼ਾ ਦੇ ਨੁਕਸਾਨ ਬਾਰੇ ਵੀ ਚਾਨਣਾ ਪਾਇਆ। ਪੰਜਾਬੀ ਸੰਗੀਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਸੰਗੀਤ ਗਲੋਬਲ ਹੋ ਗਿਆ ਹੈ ਪਰ ਇਸ ਦੇ ਪਿੱਛੇ ਵੀ ਸਾਜ਼ਿਸ਼ ਹੈ ਕਿਉਂਕਿ ਸਥਾਨਕਤਾ ਦੇ ਮੁੱਦੇ ਨੂੰ ਜਿਉਂਦਾ ਰੱਖਣਾ ਵੀ ਜ਼ਰੂਰੀ ਹੈ ਨਹੀਂ ਤਾਂ ਅਸੀਂ ਲਿਖਤ ਸੰਸਕ੍ਰਿਤੀ ਨਾਲੋਂ ਟੁੱਟ ਜਾਵਾਂਗੇ ਤੇ ਸਾਡੇ ਬੱਚਿਆਂ ਨੂੰ ਵੀ ਗੁਰਮੁਖੀ ਭਾਸ਼ਾ ਲਿਖਣੀ ਨਹੀਂ ਆਵੇਗੀ। ਸਾਜਿਦ ਚੌਧਰੀ ਨੇ ਉਨ੍ਹਾਂ ਨੂੰ ਆਪਣੀ ਕਿਤਾਬ ‘ਰੰਗੋ ਰੰਗੀ’ ਵੀ ਭੇਟ ਕੀਤੀ।
ਡਾ. ਜੌਹਲ ਨੇ ਦੱਸਿਆ ਕਿ ਮਾਤ ਭਾਸ਼ਾ ਦਾ ਕਾਨਸੈਪਟ ਖਤਮ ਹੋ ਰਿਹਾ ਹੈ ਅਤੇ ਸਮਾਜਿਕ ਭਾਸ਼ਾ ਦਾ ਕਾਨਸੈਪਟ ਸ਼ੁਰੂ ਹੋ ਚੁੱਕਿਆ ਹੈ, ਇਸੇ ਕਾਰਨ ਬੱਚੇ ਹਿੰਦੀ ਅਤੇ ਅੰਗਰੇਜ਼ੀ ਬੋਲਦੇ ਹਨ ਕਿਉਂਕਿ ਉਨ੍ਹਾਂ ਨੂੰ ਸਕੂਲਾਂ ਵਿਚ ਇਨ੍ਹਾਂ ਭਾਸ਼ਾਵਾਂ ਵਿਚ ਹੀ ਪੜ੍ਹਾਇਆ ਜਾ ਰਿਹਾ ਹੈ। ਲਿਪੀ ਨਾਲ ਬੱਚਿਆਂ ਨੂੰ ਜੋੜਨ ‘ਤੇ ਜ਼ੋਰ ਦਿੱਤਾ ਗਿਆ।
ਡਾ. ਬਸਾਤੀ ਤੇ ਡਾ. ਹਰ ਗੁਰਮੁਖਪਾਲ ਸਿੰਘ ਨੇ ਜਦੋਂ ਗੁਰਦੁਆਰਿਆਂ ਵਿਚ ਵੀ ਕਈ ਪੰਜਾਬੀ ਲੋਕਾਂ ਵਲੋਂ ਹਿੰਦੀ ਬੋਲੇ ਜਾਣ ਦੀ ਗੱਲ ਆਖੀ ਤਾਂ ਸਾਜਿਦ ਚੌਧਰੀ ਨੇ ਵਿਚਾਰ ਪ੍ਰਗਟਾਇਆ ਕਿ ਗੁਰਦੁਆਰਿਆਂ ਵਿਚ ਹਰ ਬੋਲੀ ਬੋਲੀ ਜਾਣੀ ਚਾਹੀਦੀ ਹੈ ਤੇ ਕਿਸੇ ਵੀ ਭਾਸ਼ਾ ਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ। ਸ. ਸਤਨਾਮ ਸਿੰਘ ਔਲਖ ਨੇ ਪੰਜਾਬੀ ਨੂੰ ਬਚਾਉਣ ਲਈ ਘਰਾਂ ਵਿਚ ਵੀ ਪੰਜਾਬੀ ਬੋਲੇ ਜਾਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਆਪਣੀ ਪੁਸਤਕ ‘ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼’ ਵੀ ਡਾ. ਜੌਹਲ ਨੂੰ ਭੇਟ ਕੀਤੀ।
ਸ. ਭੁਪਿੰਦਰ ਸਿੰਘ ਧਾਲੀਵਾਲ ਨੇ ਜਦੋਂ ਪੁੱਛਿਆ ਕਿ ਲਿਖਣ ਦੀ ਚੇਟਕ ਕਿਵੇਂ ਲੱਗੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਧਿਆਪਕ ਸਾਹਿਤਕ ਖੇਤਰ ਨਾਲ ਸਬੰਧਤ ਸਨ, ਜਿਸ ਦਾ ਪ੍ਰਭਾਵ ਹੈ। ਸੰਤ ਸਿੰਘ ਸੇਖੋਂ ਕਾਲਜ ਦੇ ਪ੍ਰਿੰਸੀਪਲ ਸਨ ਤੇ ਕਾਲਜ ਦਾ ਮਾਹੌਲ ਸਾਹਿਤਕ ਸੀ, ਜਿੱਥੇ ਸਾਹਿਤਕ ਸ਼ਖਸੀਅਤਾਂ ਦਾ ਆਉਣਾ-ਜਾਣਾ ਸੀ। ਇਕ ਵਾਰ ਕਾਲਜ ਵਿਚ ਕਵੀ ਦਰਬਾਰ ਹੋਇਆ ਤਾਂ ਸ਼ਿਵ ਕੁਮਾਰ ਬਟਾਲਵੀ, ਪ੍ਰੋ. ਮੋਹਨ ਸਿੰਘ, ਮੋਹਨਜੀਤ, ਹਰਭਜਨ ਹੁੰਦਲ, ਸੁਰਿੰਦਰ ਗਿੱਲ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਦਰੀਆਂ ‘ਤੇ ਬੈਠ ਕੇ ਸੁਣਿਆ, ਜਿਸ ਦਾ ਵੀ ਪ੍ਰਭਾਵ ਪਿਆ ਤੇ ਅਖੀਰ ਇਕ ਦਿਨ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ:
ਕਿਸ ਤਰ੍ਹਾਂ ਦਾ ਹੈ ਤੇਰਾ ਫਲਸਫਾ
ਕਿਸ ਤਰ੍ਹਾਂ ਦਾ ਹੈ ਮੇਰਾ ਫਲਸਫਾ
ਇਹ ਉਨ੍ਹਾਂ ਦੀ ਪਹਿਲੀ ਕਵਿਤਾ ਸੀ ਜੋ ਕਾਲਜ ਮੈਗਜ਼ੀਨ ਵਿਚ ਛਪੀ ਪਰ ਪਹਿਲੀ ਕਿਤਾਬ ਕਈ ਸਾਲਾਂ ਬਾਅਦ 1990 ਵਿਚ ਛਪੀ ਜਦੋਂ ਉਹ ਦੂਰਦਰਸ਼ਨ ਵਿਚ ਕੰਮ ਕਰਦੇ ਸਨ। ਉਨ੍ਹਾਂ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਆਰਥਿਕ ਤੰਗੀਆਂ ਕਾਰਨ ਬੀਏ ਦੀ ਪੜ੍ਹਾਈ ਵਿਚਾਲੇ ਛੱਡਣੀ ਪਈ, ਜੋ ਉਨ੍ਹਾਂ ਨਵਾਂ ਜ਼ਮਾਨਾ ਵਿਚ ਕੰਮ ਕਰਦਿਆਂ ਪੂਰੀ ਕੀਤੀ ਤੇ ਮਗਰੋਂ ਐਮ.ਏ. ਵੀ ਕੀਤੀ।
ਉਨ੍ਹਾਂ ਦੱਸਿਆ ਕਿ 1984 ਵਿਚ ਨਵਾਂ ਜ਼ਮਾਨਾ ਵਿਚ ਕੰਮ ਕਰਦਿਆਂ ਹੀ ਉਨ੍ਹਾਂ ਨੂੰ ਅਜੀਤ ਦੀ ਨੌਕਰੀ ਮਿਲ ਗਈ, ਤੇ ਜਿਸ ਦਿਨ ਉਨ੍ਹਾਂ ਨਵਾਂ ਜ਼ਮਾਨਾ ਛੱਡਿਆ ਤਾਂ ਅੱਧਾ ਦਿਨ ਨਵਾਂ ਜ਼ਮਾਨਾ ਵਿਚ ਕੰਮ ਕੀਤਾ ਤੇ ਅੱਧਾ ਦਿਨ ਅਜੀਤ ਵਿਚ ਕੰਮ ਕੀਤਾ। ਖੁਸ਼ੀ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਦੀ ਤਨਖਾਹ ਨਵਾਂ ਜ਼ਮਾਨਾ ਵਿਚ 640 ਰੁਪਏ ਸੀ ਤੇ ਅਜੀਤ ਵਿਚ 1285 ਰੁਪਏ ਤਨਖਾਹ ਲੱਗੀ, ਜਿਸ ਕਰਕੇ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਤਾਂ ਇੰਗਲੈਂਡ ਲੱਗ ਗਈ। ਮਗਰੋਂ ਉਨ੍ਹਾਂ ਨੂੰ ਦੂਰਦਰਸ਼ਨ ਤੋਂ ਵੀ ਕਾਲ ਆ ਗਈ, ਤੇ ਜਦੋਂ ਬਰਜਿੰਦਰ ਸਿੰਘ ਹਮਦਰਦ ਨੂੰ ਦੱਸਿਆ ਕਿ ਮੈਂ ਜਾਣਾ ਤਾਂ ਉਨ੍ਹਾਂ ਕਿਹਾ, ‘ਤੂੰ ਤੇ ਨੀਂ ਜਾਣਾ।’’ ਅਖੀਰ ਦੂਰਦਰਸ਼ਨ ਦੇ ਨਾਲ-ਨਾਲ ਅਜੀਤ ਵਿਚ ਵੀ ਕੰਮ ਕਰਨ ਦਾ ਭਰੋਸਾ ਦੇਣ `ਤੇ ਉਨ੍ਹਾਂ ਜਾਣ ਦਿੱਤਾ ਤੇ ਢਾਈ ਮਹੀਨੇ ਬਾਅਦ ਦੂਸਰਾ ਵਰਕਰ ਲੱਭ ਜਾਣ `ਤੇ ਅਜੀਤ ਨੂੰ ਛੱਡਣ ਦੀ ਛੁੱਟੀ ਮਿਲੀ।
ਦੂਰਦਰਸ਼ਨ ਦੇ ਘਟ ਰਹੇ ਰੁਝਾਨ ਬਾਰੇ ਉਨ੍ਹਾਂ ਕਿਹਾ ਕਿ ਜੇ ਤੁਸੀਂ ਲੋਕਾਂ ਦੀ ਥਾਂ ਸਰਕਾਰਾਂ ਦੀ ਭਾਸ਼ਾ ਬੋਲੋਗੇ ਤਾਂ ਲੋਕ ਦੂਰ ਹੋਣਗੇ। ‘ਅੱਜ ਦਾ ਮਸਲਾ’ ਪ੍ਰੋਗਰਾਮ, ‘ਖਾਸ ਖਬਰ ਇਕ ਨਜ਼ਰ’ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਗਈਆਂ।
ਅਮਰੀਕਾ ਵਿਚ ਪੰਜਾਬੀ ਬੋਲੀ ਦੀ ਹਾਲਤ ਅਤੇ ਗੁਰਦੁਆਰਿਆਂ ਵਿਚ ਚੱਲ ਰਹੇ ਗੁਰਮਤਿ ਸਕੂਲਾਂ ‘ਤੇ ਵੀ ਚਰਚਾ ਕੀਤੀ ਗਈ, ਜਿੱਥੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਹੋ ਰਹੇ ਹਨ। ਭਾਸ਼ਾ ਨੂੰ ਧਰਮਾਂ ਨਾਲ ਨਾ ਜੋੜਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।
ਡਾ. ਜੌਹਲ ਨੂੰ ਮਿਲਣ ਲਈ ਪੁੱਜੇ ਉਨ੍ਹਾਂ ਦੇ ਦੂਰਦਰਸ਼ਨ ਦੇ ਪੁਰਾਣੇ ਸਾਥੀ ਰਾਜੇਸ਼ ਪਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਜੌਹਲ ਹੁਰਾਂ ਨੇ ਲਿਖੇ ਗੀਤ ਵੀ ਗਾਏ ਹਨ ਤੇ ਉਨ੍ਹਾਂ ਦੀ ਨਿਰਦੇਸ਼ਨਾ ਹੇਠ ਕੰਮ ਵੀ ਕੀਤਾ ਹੈ। ਉਨ੍ਹਾਂ ਦਾ ਗੀਤ- ‘ਇਹ ਕੇਹੀ ਰੁੱਤ ਆਈ’ ਗਾ ਕੇ ਉਨ੍ਹਾਂ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਡਾ. ਜੌਹਲ ਨੇ ਦੱਸਿਆ ਕਿ ਉਨ੍ਹਾਂ ਨੇ ‘ਪੰਜਾਬ ਟਾਈਮਜ਼ ਨਾਈਟ’ `ਤੇ ਆਉਣਾ ਸੀ ਪਰ ਪਾਸਪੋਰਟ ਵਿਚ ਦੇਰੀ ਕਾਰਨ ਉਹ ਆ ਨਾ ਸਕੇ ਪਰ ਹੁਣ ਉਹ ਹਰ ਸਾਲ ਆਉਣ ਦੀ ਕੋਸ਼ਿਸ਼ ਕਰਿਆ ਕਰਨਗੇ। ਉਨ੍ਹਾਂ ‘ਪੰਜਾਬ ਟਾਈਮਜ’L ਦੀ ਸਰਾਹਨਾ ਕਰਦਿਆਂ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਨੂੰ ਹੋਰ ਬੁਲੰਦੀਆਂ `ਤੇ ਲੈ ਕੇ ਜਾਣ ਵਿਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਇਸ ਨੂੰ ਇੱਥੋਂ ਦੇ ਪੰਜਾਬੀਆਂ ਦੀ ਅਵਾਜ਼ ਬਣਾਇਆ ਜਾਵੇ ਤਾਂ ਜੋ ਸ. ਅਮੋਲਕ ਸਿੰਘ ਨੇ ਜੋ ਉਪਰਾਲਾ ਕੀਤਾ ਸੀ, ਉਸ ਨੂੰ ਜੀਊਂਦਾ ਰੱਖਿਆ ਜਾ ਸਕੇ।
ਅੰਤ ਵਿਚ ‘ਪੰਜਾਬ ਟਾਈਮਜ਼’ ਵਲੋਂ ਡਾ. ਜੌਹਲ ਦਾ ਸਨਮਾਨ ਵੀ ਕੀਤਾ ਗਿਆ। ਡਾ. ਜੌਹਲ ਨੇ ਉਨ੍ਹਾਂ ਨੂੰ ਮਿਲਣ ਪੁਜੀਆਂ ਸਾਰੀਆਂ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।