ਦੋ ਧਾਰੀ ਸਿਆਸਤ

ਇਸ ਵੇਲੇ ਚੱਲ ਰਹੀਆਂ ਦੋ ਜੰਗਾਂ (ਰੂਸ-ਯੂਕਰੇਨ ਤੇ ਇਜ਼ਰਾਈਲ-ਹਮਾਸ) ਨੇ ਸੰਸਾਰ ਸਿਆਸਤ ਦੇ ਮੁੱਖ ਖਿਡਾਰੀਆਂ ਦਾ ਦੋਗਲਾਪਣ ਜ਼ਾਹਿਰ ਕਰ ਦਿੱਤਾ ਹੈ। ਦੇਖਿਆ ਜਾਵੇ ਤਾਂ ਰੂਸ-ਯੂਕਰੇਨ ਜੰਗ ਦਾ ਮੁੱਖ ਕਾਰਕ ਅਮਰੀਕਾ ਅਤੇ ਯੂਰਪੀ ਦੇਸ਼ ਹਨ। ਅਸਲ ਵਿਚ ਅਮਰੀਕਾ ਅਤੇ ਇਹ ਯੂਰਪੀ ਦੇਸ਼ ਯੂਕਰੇਨ ਨੂੰ ‘ਨਾਟੋ’ ਵਿਚ ਸ਼ਾਮਿਲ ਕਰ ਕੇ ਰੂਸ ਦੇ ਦਰਾਂ ‘ਤੇ ਪੁੱਜਣਾ ਲੋਚਦੇ ਸਨ।

‘ਨਾਟੋ’ ਇਨ੍ਹਾਂ ਦੇਸ਼ਾਂ ਦਾ ਫੌਜੀ ਸੰਗਠਨ ਹੈ ਜਿਹੜਾ ਅਮਰੀਕਾ ਅਤੇ ਸੋਵੀਅਤ ਰੂਸ ਵਿਚ ਤਣਾਅ ਦੌਰਾਨ ਬਣਿਆ ਸੀ। 1991 ਵਿਚ ਸੋਵੀਅਤ ਰੂਸ ਦੇ ਢਹਿ-ਢੇਰੀ ਹੋਣ ਤੋਂ ਬਾਅਦ ਰੂਸ ਬਹੁਤ ਪਿੱਛੇ ਰਹਿ ਗਿਆ ਅਤੇ ਅਮਰੀਕਾ ਸੰਸਾਰ ਦਾ ਇਕੋ-ਇਕ ਸਰਦਾਰ ਬਣ ਬੈਠਾ। ਇਸ ਤੋਂ ਬਾਅਦ ਇਸ ਨੇ ਸੰਸਾਰ ਸਿਆਸਤ ਵਿਚ ਚੰਮ ਦੀਆਂ ਚਲਾਈਆਂ। ਸਮਾਂ ਪਾ ਕੇ ਰੂਸ ਇਕ ਵਾਰ ਫਿਰ ਉਠ ਖਲੋਤਾ। ਵਲਾਦੀਮੀਰ ਪੂਤਿਨ ਉਂਝ ਤਾਂ ਭਾਵੇਂ ਤਾਨਾਸ਼ਾਹ ਹੀ ਸਾਬਿਤ ਹੋਇਆ ਪਰ ਉਸ ਦੀ ਅਗਵਾਈ ਹੇਠ ਰੂਸ ਨੇ ਸੰਸਾਰ ਸਿਆਸਤ ਵਿਚ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ। ਪਿਛਲੇ ਕੁਝ ਸਾਲਾਂ ਤੋਂ ਸੰਸਾਰ ਦੇ ਕਈ ਖਾਸ ਦੇਸ਼ਾਂ ਵਿਚ ਸੱਜੇ ਪੱਖੀ ਅਤੇ ਕੱਟੜ ਪਾਰਟੀ ਸੱਤਾ ਵਿਚ ਆਈਆਂ ਹਨ। ਅਮਰੀਕਾ ਵਿਚ ਜੋਅ ਬਾਇਡਨ ਤੋਂ ਪਹਿਲਾਂ ਜਦੋਂ ਉਘਾ ਕਾਰੋਬਾਰੀ ਡੋਨਲਡ ਟਰੰਪ ਜਿੱਤਿਆ ਤਾਂ ਉਸ ਦੀ ਸਿਆਸਤ ਨੇ ਅਮਰੀਕੀ ਅਵਾਮ ਨੂੰ ਦੋ ਖਾਨਿਆਂ ਵਿਚ ਹੀ ਨਹੀਂ ਵੰਡਿਆ ਸਗੋਂ ਉਸ ਨੇ ਪਿਛਾਖੜੀ ਸਿਆਸਤ ਲਈ ਰਾਹ ਵੀ ਖੋਲ੍ਹ ਦਿੱਤੇ। ਅਨੇਕ ਰੁਕਵਟਾਂ ਦੇ ਬਾਵਜੂਦ ਉਹ ਇਕ ਵਾਰ ਫਿਰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੈ। ਹਾਲਾਤ ਦੀ ਸਿਤਮਜ਼ਰੀਫੀ ਇਹ ਹੈ ਕਿ ਉਸ ਦੀ ਜਿੱਤ ਦੀ ਸੂਰਤ ਵਿਚ ਰੂਸ-ਯੂਕਰੇਨ ਜੰਗ ਖਤਮ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ; ਦੂਜੇ ਪਾਸੇ ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਨੇ ਇਜ਼ਰਾਈਲ-ਹਮਾਸ ਜੰਗ ਬਾਰੇ ਜੋ ਬਿਆਨ ਦਿੱਤਾ ਹੈ, ਉਹ ਇਜ਼ਰਾਈਲ ਦੀ ਸ਼ਰੇਆਮ ਹਮਾਇਤ ਕਰਨ ਵਾਲਾ ਹੈ; ਭਾਵ ਇਜ਼ਰਾਈਲ ਦੀਆਂ ਵਧੀਕੀਆਂ ਨੂੰ ਕਮਲਾ ਹੈਰਿਸ ਨੇ ਗੌਲਿਆ ਤੱਕ ਨਹੀਂ ਹੈ। ਪਿਛਲੇ ਹਫ਼ਤੇ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਵਿਚ ਪ੍ਰਵਾਨਗੀ ਭਾਸ਼ਣ ਦਿੰਦਿਆਂ ਕਮਲਾ ਹੈਰਿਸ ਨੇ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਨਾਲ ਹਮੇਸ਼ਾ ਖੜ੍ਹੇ ਰਹਿਣ ਦਾ ਅਹਿਦ ਲਿਆ ਸੀ ਜਦਕਿ ਤੱਥ ਇਹ ਹਨ ਕਿ ਇਜ਼ਰਾਈਲ ਨੇ ਆਪਣੇ ਇਸ ਅਧਿਕਾਰ ਦੀ ਵਾਰ-ਵਾਰ ਦੁਰਵਰਤੋਂ ਕੀਤੀ ਹੈ ਜਿਸ ਕਰ ਕੇ ਮੱਧ ਏਸ਼ੀਆ ਖੇਤਰੀ ਜੰਗ ਦੇ ਕੰਢੇ `ਤੇ ਪਹੁੰਚ ਗਿਆ ਹੈ।
ਕੁਝ ਇਸੇ ਤਰ੍ਹਾਂ ਦਾ ਵਿਹਾਰ ਭਾਰਤ ਦਾ ਆਪਣੇ ਗੁਆਂਢੀ ਦੇਸ਼ਾਂ ਨਾਲ ਹੈ। ਬੰਗਲਾਦੇਸ਼ ਵਿਚ ਹਾਲ ਹੀ ਵਿਚ ਤਖਤਾ ਪਲਟਿਆ ਹੈ। ਭਾਰਤ ਦੀਆਂ ਸਾਰੀਆਂ ਹਮਦਰਦੀਆਂ ਤਖਤ ਤੋਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਸਨ। ਇਥੇ ਹਾਲਾਤ ਦੀ ਵਿਡੰਬਨਾ ਇਹ ਹੈ ਕਿ ਉਥੇ ਵਿਰੋਧੀ ਧਿਰ ਦੀ ਆਵਾਜ਼ ਉਕਾ ਹੀ ਬੰਦ ਕਰ ਦਿੱਤੀ ਗਈ। ਪਿਛਲੀਆਂ ਚੋਣਾਂ ਵਿਚ ਵਿਰੋਧੀ ਧਿਰ ਨੇ ਚੋਣਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਸੀ। ਇਉਂ ਕੱਟੜਪੰਥੀਆਂ ਖ਼ਿਲਾਫ ਲੜਦੀ-ਲੜਦੀ ਸ਼ੇਖ ਹਸੀਨਾ ਤਾਨਾਸ਼ਾਹ ਹੋ ਨਿੱਬੜੀ। ਹੁਣ ਤਖਤਾ ਪਲਟ ਤੋਂ ਬਾਅਦ ਜਦੋਂ ਕੱਟੜਪੰਥੀਆਂ ਵੱਲੋਂ ਘੱਟ ਗਿਣਤੀਆਂ ‘ਤੇ ਹਮਲੇ ਦੀਆਂ ਖਬਰਾਂ ਆਈਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਭ ਤੋਂ ਪਹਿਲਾਂ ਆਇਆ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਹਰ ਹਾਲ ਹੋਣੀ ਚਾਹੀਦੀ ਹੈ। ਬਿਲਕੁਲ, ਘੱਟ ਗਿਣਤੀਆਂ ਦੀ ਸੁਰੱਖਿਆ ਹਰ ਹਾਲ ਹੋਣੀ ਚਾਹੀਦੀ ਹੈ ਪਰ ਘੱਟ ਗਿਣਤੀਆਂ ਦਾ ਜੋ ਹਾਲ ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀ ਜਥੇਬੰਦੀ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ, ਉਸ ਬਾਰੇ ਗੱਲ ਫਿਰ ਕੌਣ ਕਰੇਗਾ? ਕੁਝ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿਚ ਘੱਟ ਗਿਣਤੀਆਂ ਖ਼ਿਲਾਫ ਜ਼ਹਿਰ ਉਗਲਣ ਵਾਲਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਅਤੇ ਉਸ ਦੀ ਪਾਰਟੀ ਦੇ ਮੁੱਖ ਆਗੂ ਸਭ ਤੋਂ ਮੋਹਰੀ ਸਨ। ਇਨ੍ਹਾਂ ਆਗੂਆਂ ਨੂੰ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਉਤੇ ਹੋ ਰਹੀਆਂ ਵਧੀਕੀਆਂ ਦਾ ਤਾਂ ਫਿਕਰ ਹੈ ਪਰ ਪਿਛਲੇ ਦਸ ਸਾਲਾਂ ਵਿਚ ਭਾਰਤ ਵਿਚ ਘੱਟ ਗਿਣਤੀਆਂ ਨੂੰ ਸ਼ਰੇਆਮ ਮਾਰਿਆ ਜਾ ਰਿਹਾ ਹੈ, ਉਨ੍ਹਾਂ ਖ਼ਿਲਾਫ ਨਫਰਤ ਫੈਲਾਈ ਜਾ ਰਹੀ ਹੈ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਰਗੇ ਲੀਡਰ ਇਕ ਫਿਰਕੇ ਨੂੰ ਦੂਜੇ ਖ਼ਿਲਾਫ ਭੜਕਾ ਹੀ ਨਹੀਂ ਸਗੋਂ ਸਮੁੱਚੇ ਪ੍ਰਸ਼ਾਸਨ ਨੂੰ ਇਸ ਭੜਕਾਹਟ ਲਈ ਵਰਤਿਆ ਜਾ ਰਿਹਾ ਹੈ, ਉਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਬਾਨ ਇਕ ਵਾਰ ਵੀ ਨਹੀਂ ਖੁੱਲ੍ਹੀ। ਮਨੀਪੁਰ ਵਿਚ ਇਕ ਫਿਰਕੇ ਦਾ ਮਿਥ ਕੇ ਘਾਣ ਕੀਤਾ ਗਿਆ ਪਰ ਨਰਿੰਦਰ ਮੋਦੀ ਇਸ ਮਸਲੇ ਬਾਰੇ ਅੱਜ ਤੱਕ ਖਾਮੋਸ਼ ਹਨ, ਉਸ ਨੇ ਉਥੇ ਜਾ ਕੇ ਲੋਕਾਂ ਦੀ ਖਬਰਸਾਰ ਤਾਂ ਕੀ ਲੈਣੀ ਸੀ!
ਜ਼ਾਹਿਰ ਹੈ ਕਿ ਸਿਆਸਤ ਦੇ ਅਜਿਹੇ ਦੋਹਰੇ ਮਿਆਰ ਸਦਾ ਆਮ ਆਦਮੀ ਦੇ ਖ਼ਿਲਾਫ ਭੁਗਤਦੇ ਹਨ। ਅਜਿਹੇ ਕਰੂਰ ਵੇਲਿਆਂ ਅਤੇ ਜੰਗਾਂ ਦੌਰਾਨ ਸਭ ਤੋਂ ਵੱਧ ਘਾਣ ਔਰਤਾਂ ਅਤੇ ਬੱਚਿਆਂ ਦਾ ਹੁੰਦਾ ਹੈ। ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀ ਭਾਰਤੀ ਜਨਤਾ ਪਾਰਟੀ ਘੱਟ ਗਿਣਤੀਆਂ ਦਾ ਘਾਣ ਕਰ ਰਹੀ ਹੈ, ਅਮਰੀਕਾ ਆਪਣੇ ਸੌੜੇ ਹਿਤਾਂ ਲਈ ਉਹੀ ਕੁਝ ਯੂਕਰੇਨ ਅਤੇ ਫਲਸਤੀਨ ਵਿਚ ਕਰ ਰਿਹਾ ਹੈ। ਅਮਰੀਕਾ ਚਾਹਵੇ ਤਾਂ ਇਹ ਦੋਵੇਂ ਜੰਗਾਂ ਮਿੰਟਾਂ-ਸਕਿੰਟਾਂ ਵਿਚ ਮੁੱਕ ਸਕਦੀਆਂ ਹਨ ਪਰ ਆਪਣੇ ਹਿਤਾਂ ਦੀ ਪੂਰਤੀ ਖਾਤਰ ਇਹ ਯੂਕਰੇਨ ਅਤੇ ਇਜ਼ਰਾਈਲ ਨੂੰ ਲਗਾਤਾਰ ਹਥਿਆਰ ਅਤੇ ਅੰਨ੍ਹੀ ਹਮਾਇਤ ਦੇ ਰਿਹਾ ਹੈ। ਇਥੇ ਹੀ ਬੱਸ ਨਹੀਂ, ਇਸ ਵਕਤ ਕੁਦਰਤੀ ਸਰੋਤਾਂ ਦੀ ਸਭ ਤੋਂ ਵੱਧ ਲੁੱਟ ਅਤੇ ਦੁਰਵਰਤੋਂ ਅਮਰੀਕਾ ਅਤੇ ਇਸ ਦੇ ਹਮਾਇਤੀ ਦੇਸ਼ ਹੀ ਕਰ ਰਹੇ ਹਨ। ਕੁਦਰਤ ਨੂੰ ਜਿੰਨੇ ਵੱਡੇ ਪੱਧਰ ‘ਤੇ ਅੱਜ ਮਾਰ ਪੈ ਰਹੀ ਹੈ, ਉਸ ਤੋਂ ਵਿਗਿਆਨੀਆਂ ਨੇ ਸਿੱਟਾ ਕੱਢਿਆ ਹੈ ਕਿ ਹੁਣ ਕੁਦਰਤ ਪੱਖੀ ਵਿਕਾਸ ਮਾਡਲ ਵਿਕਸਤ ਕਰਨ ਦੀ ਲੋੜ ਹੈ ਪਰ ਦੋ ਧਾਰੀ ਸਿਆਸਤ ਇਹ ਰਾਹ ਮੱਲੀ ਬੈਠੀ ਹੈ ਅਤੇ ਕਾਰਪੋਰੇਟ ਜਗਤ ਵੱਧ ਤੋਂ ਵੱਧ ਮੁਨਾਫੇ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ।