ਜਗਜੀਤ ਸਿੰਘ ਸੇਖੋਂ
ਨੈਦਰਲੈਂਡਜ਼ ਵਿਚ ਕਰਵਾਏ ਗਏ ਸੈਪਟੀਮਿਅਸ ਐਵਾਰਡਜ਼-2024 ਵਿਚ ਕਰਾਈਮ ਡਰਾਮਾ ਸੀਰੀਜ਼ ‘ਸਕੂਪ` ਦੇ ਅਦਾਕਾਰ ਮੁਹੰਮਦ ਜ਼ੀਸ਼ਾਨ ਅਯੂਬ ਨੂੰ ਏਸ਼ੀਆ ਦਾ ਬਿਹਤਰੀਨ ਅਦਾਕਾਰ ਅਤੇ ਅਜੇ ਦੇਵਗਨ ਦੀ ਫਿਲਮ ‘ਮੈਦਾਨ` ਨੂੰ ਸਰਵੋਤਮ ਏਸ਼ੀਅਨ ਫਿਲਮ ਦਾ ਐਵਾਰਡ ਦਿੱਤਾ ਗਿਆ।
ਇਸ ਮੌਕੇ ‘ਸਕੂਪ` ਵਿਚ ਅਖ਼ਬਾਰ ਦੇ ਪ੍ਰਿੰਸੀਪਲ ਐਡੀਟਰ ਇਮਰਾਨ ਸਿੱਦੀਕੀ ਦੇ ਕਿਰਦਾਰ ਲਈ ਜ਼ੀਸ਼ਾਨ ਨੂੰ ਦਰਸ਼ਕਾਂ ਤੋਂ ਖਾਸਾ ਹੁੰਗਾਰਾ ਮਿਲਿਆ। ‘ਸਕੂਪ` ਦੇ ਨਿਰਦੇਸ਼ਕ ਹੰਸਲ ਮਹਿਤਾ ਨੇ ਇਸ ਮਾਅਰਕੇ `ਤੇ ਮੁਹੰਮਦ ਜ਼ੀਸ਼ਾਨ ਅਯੂਬ ਅਦਾਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਸੋਸ਼ਲ ਮੀਡੀਆ `ਤੇ ਪੋਸਟ ਪਾਉਂਦਿਆਂ ਉਸ ਦੀ ਤੁਲਨਾ ਵਧੀਆ ਇਨਸਾਨ ਨਾਲ ਕੀਤੀ ਹੈ। ਇਸ ਤੋਂ ਬਾਅਦ ਮੁਹੰਮਦ ਜ਼ੀਸ਼ਾਨ ਅਯੂਬ ਨੇ ਨਿਰਦੇਸ਼ਕ ਦਾ ਧੰਨਵਾਦ ਕੀਤਾ ਹੈ।
ਸਾਲ 1984 ਵਿਚ ਜਨਮੇ ਮੁਹੰਮਦ ਜ਼ੀਸ਼ਾਨ ਅਯੂਬ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2011 ਵਿਚ ਫਿਲਮ ‘ਨੋ ਵੰਨ ਕਿਲਡ ਜੈਸਿਕਾ’ ਨਾਲ ਕੀਤੀ ਸੀ। ਇਸ ਫਿਲਮ ਵਿਚ ਉਸ ਦਾ ਰੋਲ ਖਲਨਾਇਕ ਵਾਲਾ ਸੀ ਪਰ ਇਸ ਫਿਲਮ ਲਈ ਉਸ ਨੂੰ ਫਿਲਮਫੇਅਰ ਦਾ ਸਰਵੋਤਮ ਡੈਬਿਊ ਇਨਾਮ ਮਿਲਿਆ। ਹੁਣ ਤੱਕ ਉਹ 25 ਤੋਂ ਉਪਰ ਫਿਲਮਾਂ ਵਿਚ ਸਹਾਇਕ ਅਦਾਕਾਰ ਕਿਰਦਾਰ ਨਿਭਾਅ ਚੁੱਕਿਆ ਹੈ। ਇਨ੍ਹਾਂ ਵਿਚ ‘ਤਨੂ ਵੈੱਡਸ ਮਨੂ’, ‘ਰਾਂਝਨਾ’, ‘ਸ਼ਾਹਿਦ’, ‘ਡੌਲੀ ਕੀ ਡੋਲੀ’, ‘ਤਨੂ ਵੈੱਡਸ ਮਨੂ ਰਿਟਰਨਜ਼’, ‘ਰਈਸ’, ‘ਠੱਗਜ਼ ਆਫ ਹਿੰਦੋਸਤਾਨ’, ‘ਮਣੀਕਰਨਾ: ਦਿ ਕੁਈਨ ਆਫ ਝਾਂਸੀ’, ‘ਆਰਟੀਕਲ 15’, ‘ਛਲਾਂਗ’, ‘ਜੋਗੀ’, ‘ਹੱਡੀ’, ‘ਸੈਮ ਬਹਾਦੁਰ’, ‘ਜੋਰਮ’ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਉਸ ਨੇ ਛੇ ਵੈੱਬ ਸੀਰੀਜ਼ ਵਿਚ ਵੀ ਕੰਮ ਕੀਤਾ।
ਮੁਹੰਮਦ ਜ਼ੀਸ਼ਾਨ ਅਯੂਬ ਦਿੱਲੀ ਦਾ ਜੰਮਪਲ ਹੈ। ਉਸ ਨੇ ਕਰੋੜੀ ਮੱਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ 2006 ਵਿਚ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਥੀਏਟਰ ਸਿਖਲਾਈ ਹਾਸਲ ਕੀਤੀ। 2007 ਵਿਚ ਉਸ ਦਾ ਵਿਆਹ ਰਸਿਕਾ ਅਗਾਸ਼ੇ ਨਾਲ ਹੋਇਆ। ਦੋਵੇਂ ਧੀ ਦੇ ਮਾਂ-ਬਾਪ ਹਨ। ਮੁਹੰਮਦ ਜ਼ੀਸ਼ਾਨ ਅਯੂਬ ਉਨ੍ਹਾਂ ਸ਼ਖਸਾਂ ਵਿਚ ਸ਼ਾਮਿਲ ਹੈ ਜਿਸ ਨੇ ਫਿਰਕੂ ਕੱਟੜਤਾ ਖਿਲਾਫ ਡਟ ਕੇ ਆਵਾਜ਼ ਬੁਲੰਦ ਕੀਤੀ ਹੈ।
ਫਿਲਮ ‘ਮੈਦਾਨ` ਭਾਰਤੀ ਫੁਟਬਾਲ ਦੇ ਸੁਨਹਿਰੀ ਯੁੱਗ ਦੀ ਦਾਸਤਾਂ ਬਿਆਨਦੀ ਹੈ। ਇਹ ਫਿਲਮ ਫੁਟਬਾਲਰ ਸਈਦ ਅਬਦੁਲ ਰਹੀਮ ਦੀ ਸੱਚੀ ਕਹਾਣੀ `ਤੇ ਆਧਾਰਿਤ ਹੈ ਜਿਸ ਵਿਚ ਉਸ ਦਾ ਕਿਰਦਾਰ ਅਜੈ ਦੇਵਗਨ ਨੇ ਨਿਭਾਇਆ ਹੈ। ਸਈਦ ਅਬਦੁਲ ਰਹੀਮ ਨੇ 1950 ਤੋਂ 1963 ਵਿਚ ਆਪਣੀ ਮੌਤ ਤੱਕ ਭਾਰਤੀ ਫੁਟਬਾਲ ਟੀਮ ਦੇ ਕੋਚ ਅਤੇ ਮੈਨੇਜਰ ਵਜੋਂ ਕੰਮ ਕੀਤਾ। ਇਹ ਫਿਲਮ ਅਪਰੈਲ ਵਿਚ ਈਦ ਮੌਕੇ ਰਿਲੀਜ਼ ਹੋਈ ਸੀ।