ਮੋਦੀ ਦੀ ਯੂਕਰੇਨ ਫੇਰੀ, ਰੂਸ ਅਤੇ ਅਮਰੀਕਾ

ਜਯੋਤੀ ਮਲਹੋਤਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਮਹਾਤਮਾ ਗਾਂਧੀ ਦੇ ਬੁੱਤ ਉਪਰ ਸ਼ਰਧਾ ਦੇ ਫੁੱਲ ਭੇਟ ਕਰਨ ਜਾ ਰਹੇ ਸਨ ਤਾਂ ਸ਼ਾਂਤ ਮਾਹੌਲ ਵਿਚ ਕੁਝ ਉਤਸ਼ਾਹੀ ਭਾਰਤੀਆਂ ਵੱਲੋਂ ਲਾਏ ਜਾ ਰਹੇ ‘ਹਰ ਹਰ ਮੋਦੀ` ਅਤੇ ‘ਜੈ ਸ੍ਰੀ ਰਾਮ` ਦੇ ਨਾਅਰਿਆਂ ਦੀ ਰੜਕ ਮਹਿਸੂਸ ਹੋ ਰਹੀ ਸੀ। ਕੁਝ ਮਿੰਟਾਂ ਬਾਅਦ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੌਰਾਨ ਮਾਰੇ ਗਏ ਲੋਕਾਂ ਦੀ ਯਾਦਗਾਰ ਸਾਹਮਣੇ ਮੋਦੀ ਅਤੇ ਵਲੋਦੀਮੀਰ ਜ਼ੇਲੈਂਸਕੀ ਵਿਚਕਾਰ ਹੋਈ ਮੁਲਾਕਾਤ ਦੇ ਮਾਹੌਲ ਤੋਂ ਸੰਕੇਤ ਮਿਲ ਰਹੇ ਸਨ ਕਿ ਇਸ ਜੰਗ ਨੂੰ ਲੈ ਕੇ ਭਾਰਤ ਨੂੰ ਮੱਧ ਮਾਰਗ ਅਪਣਾਉਣ ਵਿਚ ਕਿਹੋ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਿਲੀ ਨਜ਼ਰੇ ਦੇਖਿਆਂ ਇਹ ਮਾਮਲਾ ਸਿੱਧਾ ਜਾਪਦਾ ਹੈ। ਰੂਸ ਨੇ ਯੂਕਰੇਨ `ਤੇ ਧਾਵਾ ਬੋਲ ਦਿੱਤਾ ਸੀ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਬਣਦੀ ਸੀ ਜਿਵੇਂ ਬਹੁਤ ਸਾਰੇ ਭਾਰਤੀਆਂ ਅਤੇ ਰੂਸੀਆਂ ਨੇ ਕੀਤੀ ਵੀ ਹੈ ਪਰ ਰਤਾ ਨੇੜਿਓਂ ਦੇਖਣ ਤੋਂ ਇਸ ਦਾ ਪ੍ਰਸੰਗ ਦਿਸਣ ਲੱਗ ਪੈਂਦਾ ਹੈ। ਦੋ ਸਾਲ ਪਹਿਲਾਂ ਰੂਸ ਨੇ ਜ਼ਾਹਿਰਾ ਤੌਰ `ਤੇ ਇਸ ਕਰ ਕੇ ਹਮਲਾ ਵਿੱਢਿਆ ਸੀ ਕਿ ਆਪਣੀਆਂ ਸਰਹੱਦਾਂ `ਤੇ ਨਾਟੋ ਦੇ ਹੋ ਰਹੇ ਵਿਸਤਾਰ ਤੋਂ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਕਿਸੇ ਵੇਲੇ ਭਿਆਲ ਅਤੇ ਇੱਕ ਧਰਮ ਦੇ ਪੈਰੋਕਾਰ ਰਹੇ ਰੂਸ ਅਤੇ ਯੂਕਰੇਨ ਵਿਚਕਾਰ ਹੁਣ ਜਿੱਤ ਜਾਂ ਹਾਰ ਦਾ ਮਸਲਾ ਨਹੀਂ ਰਿਹਾ ਸਗੋਂ ਰੂਸ ਅਤੇ ਅਮਰੀਕਾ ਵਿਚਕਾਰ ਬਹੁਤੀ ਚਰਚਾ ਇਸ ਗੱਲ `ਤੇ ਹੋ ਰਹੀ ਹੈ ਕਿ ਦੁਨੀਆ ਵਿਚ ਰੂਸ ਦਾ ਕੀ ਮੁਕਾਮ ਹੋਵੇ।
ਹਰ ਕੋਈ, ਖ਼ਾਸਕਰ ਯੂਕਰੇਨੀ ਜਾਣਦੇ ਹਨ ਕਿ ਜੇ ਅਮਰੀਕਾ ਅਤੇ ਜ਼ਿਆਦਾਤਰ ਪੱਛਮੀ ਦੇਸ਼ਾਂ ਵੱਲੋਂ ਜ਼ੇਲੈਂਸਕੀ ਦੇ ਬੰਦਿਆਂ ਨੂੰ ਘਾਤਕ ਹਥਿਆਰ ਮੁਹੱਈਆ ਨਾ ਕਰਵਾਏ ਗਏ ਹੁੰਦੇ ਤਾਂ ਇਹ ਜੰਗ ਬਹੁਤ ਦੇਰ ਪਹਿਲਾਂ ਹੀ ਮੁੱਕ ਜਾਣੀ ਸੀ ਪਰ ਅਜਿਹਾ ਹੋਇਆ ਨਹੀਂ ਅਤੇ ਅਜੇ ਵੀ ਬੇਕਸੂਰ ਲੋਕਾਂ ਦਾ ਘਾਣ ਹੋ ਰਿਹਾ ਹੈ। ਵੱਡੀਆਂ ਤਾਕਤਾਂ ਦੀ ਰਾਜਨੀਤੀ ਹਾਵੀ ਹੋ ਗਈ ਹੈ। ਯੂਕਰੇਨੀ ਜੰਗ ਦਾ ਇਹੋ ਲਬੋ-ਲਬਾਬ ਹੈ: ਕੌਣ ਬਣੇਗਾ ਦੁਨੀਆ ਦਾ ਚੌਧਰੀ? 1991 ਵਿਚ ਜਦੋਂ ਸੋਵੀਅਤ ਸੰਘ ਖਿੰਡ-ਪੁੰਡ ਗਿਆ ਸੀ, ਉਦੋਂ ਤੋਂ ਹੀ ਅਮਰੀਕਾ ਟੀਸੀ ਦਾ ਮੁਕਾਮ ਛੱਡਣ ਲਈ ਤਿਆਰ ਨਹੀਂ। ਰੂਸੀ ਅਜੇ ਵੀ ਅਮਰੀਕੀਆਂ ਜਿੰਨੇ ਤਾਕਤਵਰ ਨਹੀਂ ਪਰ ਉਹ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਟੀਸੀ `ਤੇ ਕੋਈ ਇੱਕ ਚੌਧਰੀ ਨਹੀਂ ਹੋਣਾ ਚਾਹੀਦਾ; ਤੇ ਚੀਨੀ ਹਮੇਸ਼ਾ ‘ਦੇਖੋ ਤੇ ਉਡੀਕੋ’ ਦੀ ਰਣਨੀਤੀ `ਤੇ ਚਲਦੇ ਹਨ ਅਤੇ ਦੋਵਾਂ ਧਿਰਾਂ ਨੂੰ ਪੁਚਕਾਰ ਕੇ ਅਮਰੀਕਾ ਨਾਲ ਆਪਣਾ ਵਪਾਰ ਵਧਾ ਰਹੇ ਹਨ; ਦੂਜੇ ਪਾਸੇ ਉਹ ਘਰ ਅਤੇ ਬਾਹਰ ਵਲਾਦੀਮੀਰ ਪੂਤਿਨ ਦੇ ਪ੍ਰਸੰਗਕ ਬਣੇ ਰਹਿਣ ਦੀ ਲਾਚਾਰੀ ਦੀ ਪ੍ਰੋੜਤਾ ਵੀ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਕੀ ਕਰ ਰਹੇ ਹਨ? ਇਸ ਮਹਾਂ ਖੇਡ ਵਿਚ ਭਾਰਤ ਕਿੱਥੇ ਖੜ੍ਹਾ ਹੈ? ਇਸ ਦਾ ਜਵਾਬ ਪੇਚੀਦਾ ਹੈ। ਮੋਦੀ ਦੁਨੀਆ ਦੇ ਸਭ ਤੋਂ ਸੋਹਣੇ ਸ਼ਹਿਰਾਂ ਵਿਚ ਸ਼ੁਮਾਰ ਕੀਵ ਵਿਚ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਦੱਸ ਰਹੇ ਹਨ ਕਿ ਭਾਰਤ “ਸ਼ਾਂਤੀ ਵੱਲ ਵਧਣ ਲਈ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ।” ਇਸ ਤੋਂ ਪਹਿਲਾਂ, ਉਨ੍ਹਾਂ ਦੋਵਾਂ ਨੇ ਘੁੱਟ ਕੇ ਜੱਫੀ ਪਾਈ ਜਿਵੇਂ ਛੇ ਕੁ ਹਫ਼ਤੇ ਪਹਿਲਾਂ ਮਾਸਕੋ ਦੇ ਬਾਹਰਵਾਰ ਰਾਸ਼ਟਰਪਤੀ ਪੂਤਿਨ ਦੇ ਡਾਚੇ `ਤੇ ਉਨ੍ਹਾਂ ਨਾਲ ਜੱਫੀ ਪਾਈ ਸੀ ਅਤੇ ਉਸ ਸਮੇਂ ਪੂਤਿਨ ਡਿੱਗ ਹੀ ਪਏ ਸਨ; ਇਹ ਗੱਲ ਵੱਖਰੀ ਹੈ ਕਿ ਮਾਸਕੋ ਵਾਲੀ ਉਸ ਜੱਫੀ `ਤੇ ਜ਼ੇਲੈਂਸਕੀ ਨੇ ਤਿੱਖੀ ਨਾਰਾਜ਼ਗੀ ਜਤਾਈ ਸੀ। ਕੁਝ ਪਲ ਬਾਅਦ ਮੋਦੀ ਨੇ ਜ਼ੇਲੈਂਸਕੀ ਦੇ ਖੱਬੇ ਮੋਢੇ `ਤੇ ਹੱਥ ਰੱਖਿਆ ਜਿਵੇਂ ਕੋਈ ਆਪਣੇ ਛੋਟੇ ਭਰਾ ਨੂੰ ਧਰਵਾਸ ਦੇਣ ਲਈ ਕਰਦਾ ਹੈ ਅਤੇ ਉਨ੍ਹਾਂ ਆਪਣਾ ਹੱਥ ਉਦੋਂ ਤੱਕ ਟਿਕਾ ਕੇ ਰੱਖਿਆ ਜਦੋਂ ਤੱਕ ਫੋਟੋਗ੍ਰਾਫਰਾਂ ਨੇ ਤਸਵੀਰਾਂ ਨਾ ਖਿੱਚ ਲਈਆਂ।
ਦੇਖਣ ਨੂੰ ਇਹੀ ਲਗਦਾ ਹੈ ਕਿ ਮੋਦੀ ਦਾ ਮਨ ਪਸੀਜ ਗਿਆ ਸੀ ਅਤੇ ਜੇ ਅਜਿਹਾ ਹੋਇਆ ਸੀ ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ। ਭਾਰਤ ਅਮੂਮਨ ਕਮਜ਼ੋਰਾਂ ਨਾਲ ਖੜ੍ਹਦਾ ਰਿਹਾ ਹੈ; ਸਾਬਕਾ ਪੂਰਬੀ ਪਾਕਿਸਤਾਨ ਵਿਚ ਮੁਕਤੀ ਬਾਹਿਨੀ ਦੀ ਹਮਾਇਤ ਇਸ ਦੀ ਚੰਗੀ ਮਿਸਾਲ ਹੈ ਪਰ ਇਸ ਤੋਂ ਇਲਾਵਾ ਵੀ ਇੱਥੇ ਕਾਫ਼ੀ ਕੁਝ ਹੋ ਰਿਹਾ ਹੈ। ਜਾਪਦਾ ਹੈ ਕਿ ਮੋਦੀ ਨੂੰ ਇਸ ਲਈ ਕਾਫ਼ੀ ਹੱਦ ਤੱਕ ਰਾਜ਼ੀ ਕਰ ਲਿਆ ਗਿਆ ਹੈ ਕਿ ਉਹ ਯੂਕਰੇਨੀਆਂ ਨਾਲ ਖਲੋਤੇ ਨਜ਼ਰ ਆਉਣ ਅਤੇ ਇਵੇਂ ਅਮਰੀਕੀਆਂ ਨਾਲ ਵੀ। ਅਮਰੀਕੀਆਂ ਨੇ ਮੋਦੀ ਦੀ ਮਾਸਕੋ ਫੇਰੀ ਬਾਰੇ ਆਪਣੀ ਨਾਖੁਸ਼ੀ ਵਿਚ ਕੋਈ ਲੁਕੋਅ ਨਹੀਂ ਰੱਖਿਆ ਸੀ। ਪਿਛਲੇ ਦੋ ਸਾਲਾਂ ਦੌਰਾਨ ਭਾਵੇਂ ਨਵੀਂ ਦਿੱਲੀ ਵੱਲੋਂ ਰੂਸ ਤੋਂ ਰਿਆਇਤੀ ਤੇਲ ਖਰੀਦਣ ਕਰ ਕੇ ਵਪਾਰ ਵਿਚ ਕਾਫ਼ੀ ਇਜ਼ਾਫ਼ਾ ਦਰਸਾਇਆ ਜਾ ਰਿਹਾ ਹੈ ਪਰ ਤੱਥ ਇਹ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਅਜੇ ਵੀ ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੇ ਵਪਾਰ ਨਾਲੋਂ ਦੁੱਗਣਾ ਹੈ।
ਪੱਛਮ ਵਿਚ ਜਿਹੜੇ ਲੋਕ ਯੂਕਰੇਨ `ਤੇ ਰੂਸੀ ਹਮਲੇ ਦੀ ਭਾਰਤ ਵੱਲੋਂ ਨਿਖੇਧੀ ਨਾ ਕੀਤੇ ਜਾਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਅਤੇ ਯੱਭਲੀਆਂ ਮਾਰਨ ਦੇ ਦੋਸ਼ ਦਾ ਖ਼ਤਰਾ ਮੁੱਲ ਲੈਂਦਿਆਂ ਆਪਣੇ ਆਪ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਮਿਸਾਲ ਦੇ ਤੌਰ `ਤੇ ਕੀ ਉਹ ਇਜ਼ਰਾਈਲ ਨੂੰ ਗਾਜ਼ਾ ਵਿਚ ਹਸਪਤਾਲਾਂ, ਸਕੂਲਾਂ ਅਤੇ ਯੂ.ਐੱਨ. ਅਹਾਤਿਆਂ `ਤੇ ਬੰਬ ਸੁੱਟਣ ਤੋਂ ਰੋਕਣ ਲਈ ਕੁਝ ਕਰ ਰਹੇ ਹਨ? ਜਾਂ ਫਿਰ ਕੀ ਇਨ੍ਹਾਂ `ਚੋਂ ਕੋਈ ਵੀ ਪੱਛਮੀ ਦੇਸ਼ ਜੋ ਜ਼ਿਆਦਾਤਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੈਂਬਰ ਹਨ, ਨੇ ਉਦੋਂ ਮਾਮੂਲੀ ਜਿਹੀ ਅਸਹਿਮਤੀ ਪ੍ਰਗਟ ਕੀਤੀ ਸੀ ਜਦੋਂ 2003 ਵਿਚ ਅਮਰੀਕਾ ਨੇ ਇਰਾਕ `ਤੇ ਬੰਬਾਰੀ ਕਰਨ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਸੱਦਾਮ ਹੁਸੈਨ ਕੋਲ ਜਨ ਤਬਾਹੀ ਦੇ ਹਥਿਆਰ ਹੋਣ ਦੀ ਸੂਚਨਾ ਮਿਲੀ ਸੀ। ਹੁਣ ਜ਼ਰਾ ਇੱਕ ਸਕਿੰਟ ਲਈ ਰੁਕੋ, ਸੱਦਾਮ ਕੋਲ ਅਜਿਹਾ ਕੋਈ ਹਥਿਆਰ ਨਹੀਂ ਸੀ।
ਮੋਦੀ ਜਦੋਂ ਯੂਕਰੇਨ ਸਨ ਤਾਂ ਐਨ ਉਸੇ ਵਕਤ ਰੱਖਿਆ ਮੰਤਰੀ ਰਾਜਨਾਥ ਸਿੰਘ ਵਾਸ਼ਿੰਗਟਨ ਡੀ.ਸੀ. ਪਹੁੰਚੇ ਹੋਏ ਸਨ। ਹੋ ਸਕਦਾ ਹੈ ਕਿ ਇਹ ਇਤਫ਼ਾਕ ਹੋਵੇ। ਅਮਰੀਕੀਆਂ ਨਾਲ ਇੱਕ-ਦੋ ਰੱਖਿਆ ਸੌਦੇ ਕਰਨ ਵਿਚ ਕੀ ਬੁਰਾਈ ਹੋਵੇਗੀ ਪਰ ਜੇ ਇਹ ਇਤਫ਼ਾਕ ਨਾ ਹੋਇਆ ਤਾਂ ਇਸ ਦੇ ਦੋ ਹੋਰ ਨਤੀਜੇ ਅਕਸ ਕੀਤੇ ਜਾ ਸਕਦੇ ਹਨ।
ਪਹਿਲਾ ਇਹ ਕਿ ਅਮਰੀਕਾ ਨੂੰ ਕਿਸੇ ਦੀ ਵੀ ਨਾਂਹ-ਨੁੱਕਰ ਪਸੰਦ ਨਹੀਂ, ਫਿਰ ਭਾਵੇਂ ਉਹਦੇ ਵਰਗੇ ਕਿਸੇ ਲੋਕਤੰਤਰੀ ਦੇਸ਼ ਵੱਲੋਂ ਹੀ ਕਿਉਂ ਨਾ ਕੀਤੀ ਗਈ ਹੋਵੇ। ਮੋਦੀ ਨੂੰ ਕੀਵ ਜਾ ਕੇ ਜ਼ੇਲੈਂਸਕੀ ਨੂੰ ਮਿਲਣ ਲਈ ਰਾਜ਼ੀ ਕਰਨ ਵਾਸਤੇ ਦਿੱਲੀ ਤੇ ਵਾਸ਼ਿੰਗਟਨ ਅਤੇ ਕਈ ਹੋਰ ਪੱਛਮੀ ਰਾਜਧਾਨੀਆਂ ਵਿਚ ਵੀ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਹੋਣਗੀਆਂ; ਤੇ ਦੂਜਾ ਨਤੀਜਾ ਇਹ ਹੈ ਕਿ ਇਹ ਸਪਸ਼ਟ ਹੋ ਗਿਆ ਹੈ ਕਿ ਯੂਕਰੇਨ ਮੋਦੀ ਲਈ ਹੁਣ ਤੱਕ ਦੀ ਸਭ ਤੋਂ ਟੇਢੀ ਚੁਣੌਤੀ ਬਣ ਰਿਹਾ ਹੈ। ਇੱਕ ਵਾਰ ਫਿਰ ਯਾਦ ਰੱਖੋ ਕਿ ਯੂਕਰੇਨ ਮਹਿਜ਼ ਬਹਾਨਾ ਹੈ ਸਗੋਂ ਅਮਰੀਕੀਆਂ ਲਈ ਸਿਰਫ ਹੱਥਠੋਕਾ ਹੀ ਹੈ। ਕੀਵ ਜਾਣ ਵਿਚ ਕੋਈ ਬੁਰਾਈ ਨਹੀਂ ਪਰ ਬਿਹਤਰ ਹੁੰਦਾ ਕਿ ਅਸੀਂ ਪੂਤਿਨ ਜਾਂ ਬਾਇਡਨ ਦੀਆਂ ਸੁਣਨ ਦੀ ਬਜਾਇ ਆਪ ਉਥੇ ਜਾ ਕੇ ਹਾਲਾਤ ਦਾ ਮੁਆਇਨਾ ਕਰਦੇ। ਜੇ ਪ੍ਰਧਾਨ ਮੰਤਰੀ ਹਥਠੋਕਿਆਂ ਦੀ ਇਸ ਖੇਡ ਨਾਲ ਨਜਿੱਠਣ ਵਿਚ ਕਾਮਯਾਬ ਹੋ ਜਾਂਦੇ ਹਨ ਜਿਵੇਂ ਉਨ੍ਹਾਂ ਦੇ ਕਈ ਪੂਰਬਵਰਤੀ ਪ੍ਰਧਾਨ ਮੰਤਰੀਆਂ ਨੇ ਕੀਤਾ ਸੀ ਤਾਂ ਉਹ ਦੁਨੀਆ ਅੰਦਰ ਭਾਰਤ ਦੀ ਅਨੂਠੀ ਥਾਂ ਬਣਾਉਣ ਵਿਚ ਸਫਲ ਹੋ ਜਾਣਗੇ।