ਪਰਵਾਸੀ ਬਜ਼ੁਰਗਾਂ ਦੀ ਦਾਸਤਾਨ

ਪਰਮਜੀਤ ਸਿੰਘ ਜੱਜ
ਪਿਛਲੇ ਇਕ-ਡੇਢ ਦਹਾਕੇ ਦੌਰਾਨ ਪੰਜਾਬ ਤੋਂ ਵੱਡੀ ਗਿਣਤੀ ਨੌਜਵਾਨਾਂ ਨੇ ਪਰਵਾਸ ਕੀਤਾ ਹੈ। ਇਨ੍ਹਾਂ ਦੇ ਮਗਰੇ-ਮਗਰ ਇਨ੍ਹਾਂ ਦੇ ਅੱਧਖੜ੍ਹ ਮਾਪੇ ਵੀ ਪਰਵਾਸੀ ਬਣੇ ਹਨ, ਖਾਸਕਰ ਕੈਨੇਡਾ ਵਿਚ। ਇਸ ਤੋਂ ਪਹਿਲਾਂ ਦੀ ਹਾਲਤ ਥੋੜ੍ਹੀ ਵੱਖਰੀ ਸੀ। ਉਘੇ ਸਮਾਜ ਸ਼ਾਸਤਰੀ ਅਤੇ ਬਜ਼ੁਰਗਾਂ ਬਾਰੇ ਜਾਨਦਾਰ ਨਾਵਲ ‘ਤ੍ਰਿਕਾਲਾਂ’ ਲਿਖਣ ਵਾਲੇ ਪਰਮਜੀਤ ਸਿੰਘ ਜੱਜ ਨੇ ਤਕਰੀਬਨ ਦੋ ਦਹਾਕੇ ਪਹਿਲਾਂ ਪਰਵਾਸ ਬਾਰੇ ਖੋਜ ਭਰਪੂਰ ਕਿਤਾਬ ਲਿਖੀ ਸੀ। ਉਸ ਦਾ ਇਕ ਹਿੱਸਾ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਨ ਜਿਸ ਵਿਚ ਖਾਸ ਤੌਰ ‘ਤੇ ਬਜ਼ੁਰਗਾਂ ਦੇ ਪਰਵਾਸ ਬਾਰੇ ਚਰਚਾ ਕੀਤੀ ਗਈ ਹੈ।

ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੀ ਜੰਮਪਲ ਨਵੀਂ ਪੀੜ੍ਹੀ ਬਾਰੇ ਚਰਚਾ ਸਪਸ਼ਟ ਕਰਦੀ ਹੈ ਕਿ ਜਦੋਂ ਕੋਈ ਸਮਾਜਿਕ ਵਰਗ ਦੋ ਸਭਿਆਚਾਰਾਂ ਵਿਚਕਾਰ ਆਣ ਖੜ੍ਹਾ ਹੁੰਦਾ ਹੈ ਤਾਂ ਖਾਸ ਕਿਸਮ ਦੇ ਸੰਕਟ ਦੇ ਉਭਰਨ ਦੀ ਸੰਭਾਵਨਾ ਹੁੰਦੀ ਹੈ। ਸੰਤ ਕਬੀਰ ਨੇ ਵੀ ਕਿਹਾ ਹੈ:
ਚਲਤੀ ਚਾਕੀ ਦੇਖ ਕੇ
ਖੜਾ ਕਬੀਰਾ ਰੋਏ॥
ਦੋ ਪਾਟਨ ਕੇ ਬੀਚ ਮੇਂ
ਸਾਬਤ ਬਚਾ ਨਾ ਕੋਇ॥
ਪਰ ਇਹ ਸੰਕਟ ਇਕ ਵਰਗ ਤਕ ਸੀਮਿਤ ਨਹੀਂ ਹੁੰਦਾ। ਨਵੀਂ ਪੀੜ੍ਹੀ ਨੂੰ ਸ਼ਾਇਦ ਇਸ ਕਿਸਮ ਦੇ ਸੰਕਟ ਦਾ ਕਦੀ ਵੀ ਅਹਿਸਾਸ ਨਾ ਹੋਵੇ ਜੇਕਰ ਉਨ੍ਹਾਂ ਨੂੰ ਨਸਲਵਾਦ ਅਤੇ ਵਿਤਕਰੇ ਦਾ ਸਾਹਮਣਾ ਨਾ ਕਰਨਾ ਪਵੇ। ਫਿਰ ਵੀ ਇਨ੍ਹਾਂ ਦੇਸ਼ਾਂ ਦੇ ਸਭਿਆਚਾਰ ਦੇ ਅਜਿਹੇ ਗੁਣ ਹਨ ਜੋ ਇਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਤੋਂ ਜ਼ਿਆਦਾ ਵਧੀਆ ਸਥਿਤੀ ‘ਤੇ ਪਹੁੰਚਾਂਦੇ ਹਨ। ਇਸ ਲਈ ਸੰਕਟ ਸਮੁਦਾਇ (ਭਾਈਚਾਰੇ) ਦੇ ਪੱਧਰ ‘ਤੇ ਆਉਂਦਾ ਹੈ। ਇਸ ਸੰਕਟ ਦਾ ਅਹਿਸਾਸ ਉਸ ਵਰਗ ਨੂੰ ਜ਼ਿਆਦਾ ਹੁੰਦਾ ਹੈ ਜੋ ਐਥਨਿਕ ਸਮੁਦਾਇ (ਨਸਲੀ ਭਾਈਚਾਰੇ) ਦੇ ਮੈਂਬਰ ਹੁੰਦੇ ਹੋਏ ਮੇਜ਼ਬਾਨ ਸਭਿਆਚਾਰ ਤੋਂ ਕੁਝ ਕਾਰਨਾਂ ਕਰ ਕੇ ਦੂਰ ਹੀ ਰਹਿੰਦੇ ਹਨ। ਪਰਵਾਸੀ ਪੰਜਾਬੀਆਂ ਵਿਚੋਂ ਬਜ਼ੁਰਗ ਇਕ ਇਹੋ ਜਿਹੇ ਵਰਗ ਨਾਲ ਸਬੰਧਿਤ ਹਨ ਜੋ ਪਿਛੋਕੜ ਦੀ ਨੁਮਾਇੰਦਗੀ ਕਰਦੇ ਹਨ। ਬਜ਼ੁਰਗਾਂ ਦੀ ਪਰਵਾਸੀ ਭਾਈਚਾਰੇ ਵਿਚ ਮੌਜੂਦਗੀ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਨਹੀਂ, ਇਹ ਪਰਵਾਸ ਨਾਲ ਜੁੜੀ ਹੋਈ ਸਥਿਤੀ ਵੀ ਹੈ।
ਪਰਵਾਸੀ ਬਜ਼ੁਰਗਾਂ ਨੂੰ ਅਸੀਂ ਦੋ ਹਿੱਸਿਆਂ ‘ਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਉਹ ਬਜ਼ੁਰਗ ਹਨ ਜੋ ਬਹੁਤ ਹੀ ਅਰਸੇ ਤੋਂ ਬਾਹਰ ਰਹਿੰਦੇ ਹੋਏ ਬੁੱਢੇ ਹੋਏ ਹਨ। ਉਹ ਗਏ ਜਵਾਨ ਸਨ ਪਰ ਹੁਣ ਉਹ ਬੁਢਾਪੇ ਵਿਚ ਕਦਮ ਰੱਖ ਚੁੱਕੇ ਹਨ। ਦੂਸਰੇ ਕਿਸਮ ਦੇ ਬਜ਼ੁਰਗ ਉਹ ਹਨ ਜਿਨ੍ਹਾਂ ਨੇ ਆਪਣੇ ਧੀਆਂ ਜਾਂ ਪੁੱਤਾਂ ਪਿਛੇ ਪਰਵਾਸ ਕੀਤਾ ਹੈ। ਉਹ ਜਦੋਂ ਇਨ੍ਹਾਂ ਦੇਸ਼ਾਂ ‘ਚ ਪਹੁੰਚੇ ਤਾਂ ਬਜ਼ੁਰਗ ਸਨ।
ਆਪਣੀ ਚਰਚਾ ਦਾ ਕੇਂਦਰ ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਬਣਾਇਆ ਹੈ ਜੋ ਪੰਜਾਬ ਤੋਂ ਪਰਵਾਸ ਕਰਨ ਲੱਗਿਆਂ ਹੀ ਬੁੱਢੇ ਸਨ। ਆਮ ਤੌਰ ‘ਤੇ ਕਿਸੇ ਵੀ ਮੇਜ਼ਬਾਨ ਸਮਾਜ ਦੀ ਬਜ਼ੁਰਗਾਂ ਨੂੰ ਇਮੀਗ੍ਰੇਸ਼ਨ ਦੇਣ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ। ਆਖਿਰਕਾਰ ਬਜ਼ੁਰਗ ਕਿਸ ਵਰਗ ਦੀ ਨੁਮਾਇੰਦਗੀ ਕਰਦਾ ਹੈ? ਉਹ ਨਿਰਭਰ ਵਰਗ ਦੀ ਨੁਮਾਇੰਦਗੀ ਕਰਦਾ ਹੈ। ਉਹ ਆਪਣੇ ਕੰਮ ਵਾਲਾ ਜੀਵਨ ਬਿਤਾ ਚੁੱਕਾ ਹੁੰਦਾ ਹੈ ਅਤੇ ਹੁਣ ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਣ ਲਈ ਆਸਰੇ ਦੀ ਜ਼ਰੂਰਤ ਹੁੰਦੀ ਹੈ।
ਅਸੀਂ ਭਾਵੇਂ ਮਿਥਿਹਾਸ ਦੇ ਗਿਆਨ ਦੇ ਆਧਾਰ ‘ਤੇ ਇਹ ਕਹਿ ਦੇਈਏ ਕਿ ਸਤਯੁਗ ਵਿਚ ਲੋਕਾਂ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਸੀ ਪਰ ਤੱਥ ਇਹ ਹੈ ਕਿ ਵਿਗਿਆਨ ਦੇ ਵਿਕਾਸ ਦੇ ਕਾਰਨ ਮੌਜੂਦਾ ਸਮੇਂ ਵਿਚ ਲੋਕਾਂ ਦੀ ਔਸਤਨ ਉਮਰ ਵਧੀ ਹੈ। ਅਮਰੀਕਾ ਜਾਂ ਕੈਨੇਡਾ ਵਰਗੇ ਵਿਕਸਤ ਦੇਸ਼ਾਂ ਨੇ ਤਾਂ ਵਧੀਆ ਸਿਹਤ ਪ੍ਰਬੰਧ ਦੇ ਨਤੀਜੇ ਵਜੋਂ ਔਸਤਨ ਉਮਰ 70 ਤੋਂ ਵੀ ਉਪਰ ਕਰ ਲਈ ਹੈ ਪਰ ਲੋਕਾਂ ਦੀ ਔਸਤ ਉਮਰ ਵਧਣ ਨਾਲ ਸਮਾਜਿਕ ਸਮੱਸਿਆ ਵੀ ਆਣ ਖੜ੍ਹੀ ਹੁੰਦੀ ਹੈ; ਉਹ ਹੈ ਜਨ ਸੰਖਿਆ ਵਿਚ ਬੁੱਢਿਆਂ ਦੇ ਅਨੁਪਾਤ ਦਾ ਵਧਣਾ। ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਸਮਾਜ ਅੰਦਰ ਕਾਫੀ ਵੱਡੀ ਗਿਣਤੀ ਵਿਚ ਨਿਰਭਰ ਵਰਗ ਮੌਜੂਦ ਹੈ। ਇਸ ਨਾਲ ਜੇ ਅਸੀਂ ਵਿਕਸਿਤ ਦੇਸ਼ਾਂ ਬਾਰੇ ਇਕ ਹੋਰ ਤੱਥ ਜੋੜ ਦੇਈਏ ਤਾਂ ਸਥਿਤੀ ਹੋਰ ਸਪਸ਼ਟ ਹੋ ਜਾਵੇਗੀ। ਇਹ ਦੇਸ਼ ਸਿਫਰ ਜਾਂ ਨਕਾਰਾਤਮਕ ਜਨ ਸੰਖਿਆ ਦੇ ਵਾਧੇ ਦੀ ਦਰ ਨੂੰ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਸਾਫ਼ ਝਲਕਦਾ ਹੈ ਕਿ ਸਮੇਂ ਦੇ ਗੁਜ਼ਰਨ ਨਾਲ ਇਨ੍ਹਾਂ ਸਮਾਜਾਂ ਵਿਚ ਉਲਟ ਨਿਰਭਰ ਵਰਗ ਵਧਦਾ ਜਾਵੇਗਾ। ਬੱਚੇ ਵੀ ਨਿਰਭਰ ਹੁੰਦੇ ਹਨ ਪਰ ਉਨ੍ਹਾਂ ਨੂੰ ਸਮਾਜ ਵਿਚ ਵੱਡਿਆਂ ਹੋ ਕੇ ਵਿਦਿਆ ‘ਤੇ ਹੋਰ ਵਿਸ਼ਿਸ਼ਟਤਾਵਾਂ ਪ੍ਰਾਪਤ ਕਰ ਕੇ ਸਮਾਜ ਲਈ ਲਾਭਦਾਇਕ ਬਣਨਾ ਹੁੰਦਾ ਹੈ। ਬੁੱਢਿਆਂ ਦੀ ਵਧਦੀ ਗਿਣਤੀ ਉਲਟਾ ਨਿਰਭਰਤਾ ਪੈਦਾ ਕਰਦੀ ਹੈ। ਨਤੀਜਾ ਇਹ ਨਿਕਲਦਾ ਹੈ ਕਿ ਕੰਮ ਕਰ ਰਹੇ ਵਰਗ ਉਤੇ ਜ਼ਿਆਦਾ ਦਬਾਅ ਪੈਂਦਾ ਹੈ। ਸਰਕਾਰ ਨੇ ਬੁੱਢਿਆਂ ਦੀ ਸੁਰੱਖਿਆ ਲਈ ਜੋ ਪੈਸਾ ਖਰਚਣਾ ਹੈ, ਉਹ ਕੰਮ ਕਰ ਰਹੇ ਸ਼ਖਸਾਂ ਦੀ ਆਮਦਨ ਤੋਂ ਹੀ ਨਿਕਲਣਾ ਹੈ।
ਸਮਾਜਿਕ ਸੁਰੱਖਿਆ ਦੇ ਪ੍ਰਸੰਗ ਵਿਚ ਬਜ਼ੁਰਗਾਂ ਲਈ ਕਈ ਕਿਸਮ ਦੀਆਂ ਸਹੂਲਤਾਂ ਮੌਜੂਦ ਹਨ ਹਾਲਾਂਕਿ ਹਰ ਦੇਸ਼ ਦੇ ਆਪਣੇ ਨਿਯਮ ਹਨ, ਫਿਰ ਵੀ ਪੈਨਸ਼ਨ, ਬਜ਼ੁਰਗਾਂ ਦੇ ਘਰ, ਬਿਨਾਂ ਖਰਚ ਤੋਂ ਆਉਣ ਜਾਣ ਦੀ ਸਹੂਲਤ ਸਰਕਾਰ ਦਿੰਦੀ ਹੈ ਤਾਂ ਹਰ ਸਥਿਤੀ ਵਿਚ ਇਹੋ ਜਿਹਾ ਸਮਾਜ ਇਹ ਆਸ ਤਾਂ ਰੱਖੇਗਾ ਕਿ ਸਿਰਫ ਉਹ ਸ਼ਖਸ ਹੀ ਇਸ ਨੂੰ ਮਾਣੇ ਜਿਸ ਨੇ ਦੇਸ਼ ਦੀ ਆਰਥਿਕਤਾ ‘ਚ ਕੁਝ ਹਿੱਸਾ ਪਾਇਆ ਹੈ। ਇਹੀ ਕਾਰਨ ਹੈ ਕਿ ਬਜ਼ੁਰਗਾਂ ਦੀ ਇਮੀਗ੍ਰੇਸ਼ਨ ਨੂੰ ਇਹ ਸਮਾਜ ਕੋਈ ਵਧੀਆ ਨਹੀਂ ਸਮਝਦੇ ਪਰ ਇਸ ਦੇ ਬਾਵਜੂਦ ‘ਫੈਮਿਲੀ ਕਲਾਸ‘ (ਪਰਿਵਾਰਕ ਵਰਗ) ਅਧੀਨ ਪੰਜਾਬ ਤੋਂ ਬਹੁਤ ਵੱਡੇ ਪੈਮਾਨੇ ‘ਤੇ ਬਜ਼ੁਰਗ ਪਰਵਾਸ ਕਰ ਕੇ ਇਨ੍ਹਾਂ ਦੇਸ਼ਾਂ ਵਿਚ ਪਹੁੰਚੇ ਹਨ।
ਇਸ ਤੋਂ ਪਹਿਲਾਂ ਕਿ ਉਨ੍ਹਾਂ ਦੇ ਪਰਵਾਸ ਬਾਰੇ ਗੱਲ ਕੀਤੀ ਜਾਵੇ, ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀ ਪੰਜਾਬ ਦੀ ਜ਼ਿੰਦਗੀ ਉਤੇ ਝਾਤ ਮਾਰੀਏ। ਬੁੱਢਾ ਆਦਮੀ ਸਰਗਰਮ ਜ਼ਿੰਦਗੀ ਹੰਢਾਅ ਚੁੱਕਾ ਹੈ। ਉਸ ਦਾ ਦ੍ਰਿਸ਼ਟੀਕੋਣ, ਸੋਚ ਅਤੇ ਪਰਵਿਰਤੀ ਸਭ ਕੁਝ ਨਿਸ਼ਚਿਤ ਰੂਪ ਲੈ ਚੁੱਕੇ ਹਨ। ਕਿਸੇ ਬਜ਼ੁਰਗ ਤੋਂ ਤੇਜ਼ ਰਫ਼ਤਾਰ ਚਲਦੇ ਸਮਾਜ ਨਾਲ ਬਦਲਣ ਦੀ ਆਸ ਕਰਨਾ ਗਲਤੀ ਹੈ। ਉਹ ਆਮ ਤੌਰ ‘ਤੇ ਗੁਜ਼ਰੇ ਵਕਤਾਂ ਦਾ ਨੁਮਾਇੰਦਾ ਹੁੰਦਾ ਹੈ ਅਤੇ ਭੂਤ ਵਿਚ ਰਹਿੰਦਾ ਹੈ। ਬਜ਼ੁਰਗਾਂ ਨਾਲ ਗੱਲਾਂ ਕਰੋ ਤਾਂ ਪਤਾ ਲੱਗੇਗਾ ਕਿ ਬਹੁਗਿਣਤੀ ਵਿਚ ਉਹ ਆਪਣੇ ਸਰਗਰਮ ਜੀਵਨ ਬਾਰੇ ਹੀ ਕਹਾਣੀਆਂ ਸੁਣਾਉਂਦੇ ਮਿਲਣਗੇ। ਇਥੇ ਕਿਉਂਕਿ ਅਸੀਂ ਪਰਵਾਸੀ ਬਜ਼ੁਰਗਾਂ ਬਾਰੇ ਗੱਲ ਕਰਨੀ ਹੈ, ਇਸ ਲਈ ਇਕ ਹੋਰ ਪੱਖ ਉਜਾਗਰ ਕਰਨਾ ਜ਼ਰੂਰੀ ਹੈ; ਉਹ ਇਹ ਕਿ ਇਨ੍ਹਾਂ ਬਜ਼ੁਰਗਾਂ ਦਾ ਪਿਛੋਕੜ ਪੇਂਡੂ ਕਿਸਾਨੀ ਦਾ ਹੈ।
ਪੰਜਾਬੀ ਸਭਿਆਚਾਰ ਵਿਚ ਬਜ਼ੁਰਗ ਤੋਂ ਭਾਵ ਸਿਆਣਾ ਅਤੇ ਤਜਰਬੇਕਾਰ ਆਦਮੀ ਹੈ। ਇਸੇ ਲਈ ਕਹਿੰਦੇ ਹਨ ਕਿ “ਮੈਂ ਇਹ ਵਾਲ ਧੁੱਪ ਵਿਚ ਸਫ਼ੈਦ ਨਹੀਂ ਕੀਤੇ” ਪਰ ਇਸ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਦਮੀ ਪਰਿਵਾਰ ਦਾ ਚੌਧਰੀ ਹੁੰਦਾ ਹੈ। ਉਸ ਦੇ ਰਿਸ਼ਤੇ-ਨਾਤੇ ਅਤੇ ਆਲਾ-ਦੁਆਲਾ ਉਸ ਦੀ ਹਰ ਕਹੀ ਗੱਲ ਵੱਧ ਧਿਆਨ ਦਿੰਦੇ ਹਨ। ਉਹ ਵੀ ਆਪਣੇ ਆਪ ਨੂੰ ਸਮਾਜ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਮੰਨਦਾ ਹੈ। ਉਮਰ ਦੇ ਜ਼ਿਆਦਾ ਢਲਣ ਨਾਲ ਭਾਵੇਂ ਉਸ ਦੀ ਪ੍ਰਧਾਨਤਾ ਵਿਚ ਕਮੀ ਆਉਂਦੀ ਹੈ ਪਰ ਆਮ ਤੌਰ `ਤੇ ਉਸ ਦਾ ਪਰਿਵਾਰ ਉਹਦੀ ਦੇਖਭਾਲ ਕਰਦਾ ਹੈ। ਪਿੰਡ ਵਿਚ ਭਾਵੇਂ ਬੁੱਢੇ ਬੋਹੜ ਦੀ ਛਾਂ ਹੇਠ ਹੀ ਜੇਠ ਹਾੜ੍ਹ ਦੀਆਂ ਧੁੱਪਾਂ ਬਿਤਾਉਣ ਪਰ ਉਹ ਸਮਾਜਿਕ ਪ੍ਰਕਿਰਿਆ ਨਾਲ ਪੂਰੀ ਤਰ੍ਹਾਂ ਜੁੜੇ ਰਹਿੰਦੇ ਹਨ। ਹਰ ਕੋਈ ਲੰਘਦਾ ਵੜਦਾ ਉਨ੍ਹਾਂ ਨੂੰ ਬੁਲਾ ਕੇ ਅਤੇ ਕੁਝ ਨਾ ਕੁਝ ਸੁਣਾ ਕੇ ਜਾਂਦਾ ਹੈ। ਗਿਆਨੀ ਗੁਰਦਿੱਤ ਸਿੰਘ ਦੀ ਪ੍ਰਸਿੱਧ ਪੁਸਤਕ ‘ਮੇਰਾ ਪਿੰਡ` ਵਿਚ ਬਜ਼ੁਰਗਾਂ ਦੀ ਰਵਾਇਤੀ ਸਮਾਜ ਦੀਆਂ ਰਸਮਾਂ ਵਿਚ ਭੂਮਿਕਾ ਬਾਰੇ ਕਾਫੀ ਵਧੀਆਂ ਢੰਗ ਨਾਲ ਚਾਨਣਾ ਪਾਇਆ ਗਿਆ ਹੈ ਪਰ ਬਜ਼ੁਰਗ ਔਰਤਾਂ ਦੀ ਜ਼ਿੰਦਗੀ ਸਿਫਤੀ ਪੱਧਰ `ਤੇ ਭਿੰਨ ਹੁੰਦੀ ਹੈ। ਸਾਰੀ ਉਮਰ ਆਮ ਤੌਰ `ਤੇ ਘਰ ਦੇ ਅੰਦਰ ਬਿਤਾਉਣਾ ਹਕੀਕਤ ਹੈ ਪਰ ਉਸ ਦੀ ਮਹੱਤਤਾ ਉਸ ਦਾ ਉਹ ਗਿਆਨ ਹੈ ਜੋ ਰਸਮਾਂ ਰਿਵਾਜਾਂ ਨਾਲ ਜੁੜਿਆ ਹੋਇਆ ਹੈ। ਇਕ ਢੰਗ ਨਾਲ ਬਜ਼ੁਰਗ ਆਪਣੇ ਸਮਾਜ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਦੀ ਪੁੱਛਗਿਛ ਹੁੰਦੀ ਹੈ। ਆਰਥਿਕ ਪੱਖੋਂ ਵੀ ਉਹ ਆਮ ਤੌਰ `ਤੇ ਆਤਮ ਨਿਰਭਰ ਹੁੰਦੇ ਹਨ। ਇਹੋ ਜਿਹੇ ਬਜ਼ੁਰਗ ਜਦੋਂ ਵਿਦੇਸ਼ ਜਾਂਦੇ ਹਨ ਤਾਂ ਉਹ ਆਪਣਾ ਸਾਰਾ ਸਮਾਜਿਕ ਮਾਹੌਲ ਪਿੱਛੇ ਛੱਡ ਕੇ ਜਾਂਦੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਨਿਰਭਰ ਹੋ ਕੇ ਜਾਂਦੇ ਹਨ। ਬਜ਼ੁਰਗਾਂ ਲਈ ਪਰਵਾਸ ਕਰਨਾ ਇਕ ਢੰਗ ਨਾਲ ਮੱਛੀ ਦਾ ਪਾਣੀ ਛੱਡ ਕੇ ਜਾਣ ਵਾਂਗ ਹੈ। ਸ਼ਾਇਦ ਪੁੱਤਰ ਧੀਆਂ ਦਾ ਮੋਹ ਸਮਾਜਿਕ ਸਥਿਤੀ ਨਾਲੋਂ ਜ਼ਿਆਦਾ ਹਾਵੀ ਹੋ ਜਾਂਦਾ ਹੈ।

ਜੇ ਅਸੀਂ ਆਮ ਦ੍ਰਿਸ਼ਟੀਕੋਣ ਤੋਂ ਬਜ਼ੁਰਗਾਂ ਦੀ ਇਮੀਗ੍ਰੇਸ਼ਨ ਉਤੇ ਝਾਤ ਮਾਰੀਏ ਤਾਂ ਪਤਾ ਲੱਗੇਗਾ ਕਿ ਇਨ੍ਹਾਂ ਮੁਲਕਾਂ ‘ਚ ਰਹਿੰਦੇ ਪਰਵਾਸੀ ਭਿੰਨ ਰੁਝਾਨ ਦਿਖਾਉਂਦੇ ਹਨ। ਯੂਰਪ ਤੋਂ ਆਇਆ ਪਰਵਾਸੀ ਅਤੇ ਏਸ਼ੀਆ ਤੋਂ ਆਇਆ ਪਰਵਾਸੀ ਆਪਣੇ ਮਾਂ ਬਾਪ ਨੂੰ ਸੱਦਣ ਲਈ ਵੱਖਰਾ-ਵੱਖਰਾ ਰੁਝਾਨ ਰੱਖੇਗਾ। ਅਸੀਂ ਇਸ ਪੱਖ ਨੂੰ ਕੈਨੇਡਾ ਦੇ ਉਦਾਹਰਨ ਦੇ ਆਧਾਰ ‘ਤੇ ਸਮਝਾ ਸਕਦੇ ਹਾਂ। ਜੇ ਆਪਾਂ ਭਾਰਤੀ ਪਰਵਾਸੀਆਂ ਨੂੰ ਧਿਆਨ ਵਿਚ ਰੱਖੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚ ਦਸ ਪ੍ਰਤੀਸ਼ਤ ਪਰਵਾਸੀ ਬਜ਼ੁਰਗ ਰਹੇ ਹਨ। ਇਹ ਤੱਥ 1990 ਤੱਕ ਲਾਗੂ ਹੁੰਦਾ ਹੈ। ਉਸ ਤੋਂ ਬਾਅਦ ਬਜ਼ੁਰਗਾਂ ਦਾ ਅਨੁਪਾਤ ਵਧਣ ਦੇ ਸੰਕੇਤ ਹਨ। ਭਾਰਤੀਆਂ ਤੋਂ ਇਲਾਵਾ ਸਿਰਫ ਇਕ ਹੋਰ ਪਰਵਾਸੀ ਵਰਗ ਆਪਣੇ ਬਜ਼ੁਰਗ ਨੂੰ ਜ਼ਿਆਦਾ ਮੰਗਵਾਉਂਦਾ ਹੈ, ਉਹ ਚੀਨੀਆਂ ਦਾ ਵਰਗ। ਚੀਨ ਤੋਂ ਆਉਣ ਵਾਲੇ ਪਰਵਾਸੀਆਂ ਵਿਚੋਂ ਚੌਦਾਂ ਪ੍ਰਤੀਸ਼ਤ ਬਜ਼ੁਰਗ ਹਨ। 1991 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ‘ਚ ਰਹਿੰਦੇ ਭਾਰਤੀ ਪਰਵਾਸੀਆਂ ਵਿਚੋਂ 76 ਪ੍ਰਤੀਸ਼ਤ 25 ਤੋਂ 64 ਸਾਲ ਦੀ ਉਮਰ ਦੇ ਦਰਮਿਆਨ ਸਨ ਅਤੇ ਦਸ ਪ੍ਰਤੀਸ਼ਤ 65 ਸਾਲ ਦੀ ਉਮਰ ਤੋਂ ਉਪਰ ਸਨ। ਬਾਕੀ ਦੇ 25 ਸਾਲ ਦੀ ਉਮਰ ਤੋਂ ਥੱਲੇ ਸਨ। ਬਜ਼ੁਰਗਾਂ ਵਿਚੋਂ 53 ਪ੍ਰਤੀਸ਼ਤ ਔਰਤਾਂ ਸਨ।
ਇਨ੍ਹਾਂ ਅੰਕੜਿਆਂ ਦੇ ਦੋ ਪਹਿਲੂ ਹਨ। ਪਹਿਲੇ ਅਨੁਸਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਤੋਂ ਕਾਫੀ ਗਿਣਤੀ ਵਿਚ ਬਜ਼ੁਰਗ ਔਰਤਾਂ ਅਤੇ ਮਰਦ ਪਰਵਾਸ ਕਰਦੇ ਹਨ। ਦੂਸਰਾ ਪਹਿਲੂ ਇਸ ਪਰਵਾਸ ਦੇ ਸਮਾਜ ਵਿਗਿਆਨ ਪ੍ਰਸੰਗ ਨਾਲ ਸਬੰਧ ਰੱਖਦਾ ਹੈ। ਜੇ ਯੂਰਪੀ ਪਿਛੋਕੜ ਦੇ ਪਰਵਾਸੀ ਉਤੇ ਝਾਤ ਮਾਰੀਏ ਤਾਂ ਪਤਾ ਲੱਗੇਗਾ ਕਿ ਉਨ੍ਹਾਂ ਦੀ ਆਪਣੇ ਬੁੱਢਿਆਂ ਨੂੰ ਸਦਵਾਉਣ ਦੀ ਪਰਵਿਰਤੀ ਕਾਫੀ ਘੱਟ ਹੈ। ਹਰਦੇਵ ਸਿੰਘ ਜੋ ਮਸ਼ਹੂਰ ਚਿਤਰਕਾਰ ਹੈ ਅਤੇ ਟੋਰਾਂਟੋ ਵਿਚ ਵਸਿਆ ਹੋਇਆ ਹੈ, ਦਾ ਕਹਿਣਾ ਹੈ ਕਿ ਯੂਰਪੀ ਪਿਛੋਕੜ ਦੇ ਪਰਵਾਸੀ ਜਾਂ ਤਾਂ ਛੁੱਟੀਆਂ ਵਿਚ ਆਪਣੇ ਮਾਂ ਬਾਪ ਨੂੰ ਜਾ ਕੇ ਮਿਲ ਆਉਂਦੇ ਹਨ ਅਤੇ ਜਾਂ ਉਨ੍ਹਾਂ ਨੂੰ ਦੋ ਕੁ ਮਹੀਨਿਆਂ ਲਈ ਕੈਨੇਡਾ ਸੱਦ ਲੈਂਦੇ ਹਨ। ਇਹ ਤੱਥ ਮੌਜੂਦਾ ਪ੍ਰਸੰਗ ਵਿਚ ਸਹੀ ਜਾਪਦਾ ਹੈ ਪਰ ਇਤਿਹਾਸਕ ਪੱਖੋਂ ਸਾਨੂੰ ਇਸ ਨੂੰ ਸਵੀਕਾਰ ਕਰਨ ਦੀ ਸਮੱਸਿਆ ਆਵੇਗੀ। ਉਦਾਹਰਨ ਦੇ ਤੌਰ ‘ਤੇ ਕਾਫੀ ਵੱਡੇ ਪੈਮਾਨੇ ‘ਤੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਤੋਂ ਸ਼ਰਨਾਰਥੀ ਅਮਰੀਕਾ ਅਤੇ ਕੈਨੇਡਾ ਵਿਚ ਜਾ ਕੇ ਵਸੇ। ਇਨ੍ਹਾਂ ਅੰਦਰ ਛੋਟੇ ਵੱਡੇ ਅਤੇ ਬੁੱਢੇ ਸਾਰੇ ਸ਼ਾਮਿਲ ਰਹੇ ਹਨ ਪਰ ਹਰਦੇਵ ਸਿੰਘ ਦੀ ਉਨ੍ਹਾਂ ਬਾਰੇ ਟਿੱਪਣੀ ਦੀ ਮਹੱਤਤਾ ਇਹ ਹੈ ਕਿ ਬਜ਼ੁਰਗਾਂ ਨੂੰ ਬਾਹਰ ਸੱਦਣ ਦਾ ਰੁਝਾਨ ਪੰਜਾਬੀਆਂ ਵਿਚ ਵਧ ਗਿਆ ਹੈ ਜਿਸ ਦੇ ਸਮਾਜਿਕ ਨਤੀਜੇ ਸਾਹਮਣੇ ਆ ਰਹੇ ਹਨ।
ਬਜ਼ੁਰਗਾਂ ਦੇ ਪਰਵਾਸ ਦੇ ਕੀ ਕਾਰਨ ਹਨ?
ਬਜ਼ੁਰਗਾਂ ਦੇ ਪਰਵਾਸ ਦੇ ਦੋ ਮੁੱਖ ਕਾਰਨ ਹਨ। ਪਹਿਲਾ ਕਾਰਨ ਇਨ੍ਹਾਂ ਬਜ਼ੁਰਗਾਂ ਦੇ ਪੁੱਤਾਂ ਧੀਆਂ ਦੇ ਮੰਤਵਾਂ ਅਤੇ ਹਿੱਤਾਂ ਨਾਲ ਸਬੰਧਿਤ ਹੈ। ਦੂਜਾ ਕਾਰਨ ਇਨ੍ਹਾਂ ਬਜ਼ੁਰਗਾਂ ਦੀ ਦਿਲਚਸਪੀ ਅਤੇ ਮਨੋਰਥ ਨਾਲ ਸਬੰਧ ਰੱਖਦਾ ਹੈ। ਪਹਿਲੇ ਦੇ ਹਿਸਾਬ ਨਾਲ ਬਜ਼ੁਰਗ ਸਾਧਨ ਹਨ; ਦੂਜੇ ਨਜ਼ਰੀਏ ਤੋਂ ਬਜ਼ੁਰਗ ਖਾਸ ਮੰਤਵ ਨਾਲ ਪਰਵਾਸ ਨੂੰ ਸਾਧਨ ਦੇ ਤੌਰ ‘ਤੇ ਵਰਤਦੇ ਹਨ। ਮਾਂ ਬਾਪ ਨੂੰ ਸੱਦਣ ਦਾ ਅਮਲ ਪਰਵਾਸੀ ਦੇ ਆਰਥਿਕ ਹਿੱਤ ‘ਚੋਂ ਨਿਕਲਦਾ ਹੈ। ਬੱਚੇ ਸੰਭਾਲਣ ਲਈ ਮਾਂ ਬਾਪ ਨੂੰ ‘ਇਮੀਗ੍ਰੇਟ‘ ਕਰਵਾਇਆ ਜਾਂਦਾ ਹੈ। ਆਮ ਤੌਰ ‘ਤੇ ਰੁਝਾਨ ਤਾਂ ਮਾਂ ਨੂੰ ਬੁਲਾਉਣਾ ਹੀ ਹੁੰਦਾ ਹੈ ਪਰ ਬਾਪ ਨੂੰ ਸੱਦਣਾ ਇਸ ਕਰ ਕੇ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਕੱਲਾ ਪਿੱਛੇ ਕੀ ਕਰੇਗਾ!
ਬਜ਼ੁਰਗਾਂ ਦੇ ਪਰਵਾਸ ਦੇ ਕਈ ਮੰਤਵ ਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਆਪਣੇ ਨਾਬਾਲਗ ਮੁੰਡੇ ਕੁੜੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ। ਕੈਨੇਡਾ ਵਰਗੇ ਦੇਸ਼ਾਂ ਵਿਚ ਪਰਵਾਸ ਦਾ ਇਹੀ ਹਾਵੀ ਰੂਪ ਹੈ। ਇਸ ਦੇ ਉਲਟ ਅਮਰੀਕਾ ਜਾਣਾ ਪੂਰੇ ਪਰਿਵਾਰ ਦਾ ਕਾਰਜ ਹੁੰਦਾ ਹੈ ਜਿਸ ਦੇ ਨਤੀਜੇ ਵਜੋਂ ਉਹ ਸਾਰੇ ਇਕੱਠੇ ਚਲੇ ਜਾਂਦੇ ਹਨ। ਪਿੱਛੇ ਇਕੱਲੇ ਰਹਿ ਜਾਣਾ ਅਤੇ ਉਹ ਵੀ ਬੁੱਢੀ ਉਮਰੇ, ਸਮੱਸਿਆ ਦਾ ਹੀ ਮੁੱਦਾ ਹੈ।
ਇਹ ਆਮ ਦੇਖਣ ਵਿਚ ਆਇਆ ਹੈ ਕਿ ਪੰਜਾਬ ਦੇ ਦੋਆਬੇ ਅਤੇ ਮਾਲਵੇ ਦੇ ਕੁਝ ਜ਼ਿਲਿ੍ਹਆਂ ਵਿਚ ਬਾਹਰਲੇ ਪੱਛਮੀ ਦੇਸ਼ਾਂ ਬਾਰੇ ਕਈ ਕਿਸਮ ਦੀ ਚਰਚਾ ਹੁੰਦੀ ਹੈ। ਇਸ ਅਨੁਸਾਰ ਉਥੋਂ ਦੀ ਰਹਿਣੀ ਬਹਿਣੀ ਖਾਸ ਮੁੱਦਾ ਹੁੰਦੀ ਹੈ। ਇਹ ਗੱਲ ਵੀ ਆਮ ਕੀਤੀ ਜਾਂਦੀ ਹੈ ਕਿ ਪੱਛਮੀ ਸਮਾਜਾਂ ਨੇ ਬੁੱਢਿਆਂ ਲਈ ਪੈਨਸ਼ਨ ਦੀ ਵਿਵਸਥਾ ਕੀਤੀ ਹੋਈ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਬਜ਼ੁਰਗ ਉਸ ਪੈਨਸ਼ਨ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਆਖਿਰਕਾਰ ਬਿਨਾਂ ਕੁਝ ਕੀਤਿਆਂ ਘਰ ਬੈਠੇ ਬਿਠਾਏ ਕੁਝ ਪੈਸੇ ਆ ਜਾਣ ਤਾਂ ਹਰਜ ਵੀ ਕੀ ਹੈ। ਇਹ ਤੱਥ ਕਿ ਪੱਛਮੀ ਦੇਸ਼ਾਂ ਨੇ ਬਜ਼ੁਰਗਾਂ ਨੂੰ ਕਈ ਸਹੂਲਤਾਂ ਦਿੱਤੀਆਂ ਹਨ, ਪਰਵਾਸ ਦਾ ਵਧੀਆ ਕਾਰਨ ਬਣਦਾ ਹੈ। ਪੈਨਸ਼ਨ, ਵਧੀਆ ਜ਼ਿੰਦਗੀ ਅਤੇ ਸਹੂਲਤਾਂ ਕੁਝ ਇਹੋ ਜਿਹੇ ਉਦੇਸ਼ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਪਰਵਾਸ ਸਾਧਨ ਬਣ ਜਾਂਦਾ ਹੈ। ਅਵਚੇਤਨ ਤੌਰ ‘ਤੇ ਸ਼ਾਇਦ ਕੁਝ ਅਸੁਰੱਖਿਆ ਰਹੀ ਹੋਵੇ ਤਾਂ ਉਸ ਨੂੰ ਪ੍ਰਗਟ ਨਹੀਂ ਕੀਤਾ ਜਾਂਦਾ। ਕੁਝ ਬਜ਼ੁਰਗ ਵਾਪਿਸ ਆ ਕੇ ਕਦੀ ਨਾ ਜਾਣ ਦਾ ਫੈਸਲਾ ਕਰਦੇ ਹਨ। ਉਹ ਦੂਜੇ ਚਾਹਵਾਨ ਬਜ਼ੁਰਗਾਂ ਨੂੰ ਵੀ ਇਸ ਦੇ ਕਾਰਨ ਦੱਸਦੇ ਹਨ ਪਰ ਕੋਈ ਨਹੀਂ ਮੰਨਦਾ। ਜਿਸ ਨੂੰ ਵੀ ਮੌਕਾ ਮਿਲਦਾ ਹੈ, ਉਹ ਪਰਵਾਸ ਕਰਦਾ ਹੀ ਹੈ।
ਪੈਨਸ਼ਨ ਦੀ ਸਥਿਤੀ ਕੈਨੇਡਾ ਵਿਚ ਵੀ ਬਦਲ ਗਈ ਹੈ। ਹੁਣ ਸਿਰਫ ਉਹ ਬਜ਼ੁਰਗ ਹੀ 65 ਸਾਲ ਦੀ ਉਮਰ ਉਪਰੰਤ ਪੈਨਸ਼ਨ ਲੈ ਸਕਦਾ ਹੈ ਜਿਸ ਨੇ ਦਸ ਸਾਲ ਕੈਨੇਡਾ ‘ਚ ਬਿਤਾਏ ਹੋਣ। ਇਕ ਢੰਗ ਨਾਲ ਪੈਨਸ਼ਨ ਦੇ ਪ੍ਰਸੰਗ ਵਿਚ ਦਿੱਲੀ ਦੂਰ ਹੀ ਰਹਿੰਦੀ ਹੈ। ਜਿਥੋਂ ਤਕ ਦੂਜੀਆਂ ਸਹੂਲਤਾਂ ਦੀ ਖਿੱਚ ਦਾ ਸਵਾਲ ਹੈ, ਉਨ੍ਹਾਂ ਨੂੰ ਮਾਨਣ ਲਈ ਉਹ ਆਪਣੇ ਪੁੱਤ ਜਾਂ ਜਵਾਈ ਅਤੇ ਜਾਂ ਧੀ ‘ਤੇ ਨਿਰਭਰ ਹੋ ਜਾਂਦੇ ਹਨ।