ਅੰਗਰੇਜ਼ਾਂ ਕੋਲ ਆਜ਼ਾਦ ਪੰਜਾਬ ਦੀ ਪੈਰਵੀ ਕੀਤੀ ਸੀ…
ਗੁਰਜੋਤ ਸਿੰਘ
ਖ਼ਿਜ਼ਰ ਹਯਾਤ ਟਿਵਾਣਾ ਪੰਜਾਬ ਵਿਚ ਯੂਨੀਅਨਿਸਟ ਪਾਰਟੀ ਦੀ ਸਰਕਾਰ ਦੇ ਆਖ਼ਰੀ ਪ੍ਰੀਮੀਅਰ ਸਨ। ਮੁਸਲਿਮ ਲੀਗ ਦਾ ਵਿਰੋਧੀ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਸਰਕਾਰ ਦੇ ਆਖ਼ਰੀ ਸਾਲਾਂ ਵਿਚ ਸ਼ਰਮਿੰਦਗੀ ਅਤੇ ਸਖ਼ਤ ਵਿਰੋਧ ਦਾ ਸਾਹਮਣਾ ਕਰਨ ਮਗਰੋਂ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।
ਮਾਰਚ 1947 ਵਿਚ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਵਿਚ ਹਿੰਸਾ ਦਾ ਅਜਿਹਾ ਦੌਰ ਸ਼ੁਰੂ ਹੋਇਆ ਜਿਸ ਦੇ ਨਤੀਜੇ ਵਜੋਂ ਲੱਖਾਂ ਲੋਕ ਉਜੜੇ ਅਤੇ ਕਤਲੇਆਮ ਵਿਚ ਮਾਰੇ ਗਏ।
ਬ੍ਰਿਟਿਸ਼ ਰਾਜ ਦੌਰਾਨ ਭਾਰਤ ਦੇ ਅਮੀਰ ਅਤੇ ਵੱਡੇ ਸੂਬੇ ਪੰਜਾਬ ਦੇ ਪ੍ਰੀਮੀਅਰ ਖ਼ਿਜ਼ਰ ਹਯਾਤ ਟਿਵਾਣਾ ਅਪਰੈਲ 1944 ਵਿਚ ਆਪਣੀ 22 ਕੁਈਨਜ਼ ਰੋਡ ਰਿਹਾਇਸ਼ ਦੇ ਬਗੀਚੇ ਵਿਚ ਬੈਠੇ ਹੋਏ ਸਨ ਜਦੋਂ ਜਿਨਾਹ ਨੇ ਉਨ੍ਹਾਂ ਨੂੰ ਫੋਨ ਕਰ ਕੇ ਅਲਟੀਮੇਟਮ ਦਿੱਤਾ। ਖ਼ਿਜ਼ਰ ਨੇ ਯੂਨੀਅਨਿਸਟ ਪਾਰਟੀ ਨੂੰ ਮੁਸਲਿਮ ਲੀਗ ਵਿਚ ਰਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ‘ਕਾਇਦ-ਏ-ਆਜ਼ਮ` ਨੇ ਫੋਨ ਕੱਟਦਿਆਂ ਧਮਕੀ ਦਿੱਤੀ ਕਿ “ਤੁਹਾਨੂੰ ਪੂਰੀ ਜ਼ਿੰਦਗੀ ਇਸ ਦਾ ਅਫ਼ਸੋਸ ਰਹੇਗਾ।” ਯੂਨੀਅਨਿਸਟ ਪਾਰਟੀ ਸਾਂਝੇ ਪੰਜਾਬ ਵਿਚ ਜਗੀਰਦਾਰਾਂ ਤੇ ਰਜਵਾੜਿਆਂ ਦੀ ਸਿਆਸੀ ਧਿਰ ਸੀ।
ਇਸ ਮਗਰੋਂ ਵੱਖ-ਵੱਖ ਮੌਕਿਆਂ ‘ਤੇ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਖ਼ਿਜ਼ਰ ਦੀ ਆਲੋਚਨਾ ਕਰਦੇ ਰਹੇ, ਉਨ੍ਹਾਂ ਉਤੇ ਯੂਨੀਅਨਿਸਟ ਪਾਰਟੀ ਨੂੰ ਮੁਸਲਿਮ ਲੀਗ ਮਿਲਾਉਣ ਲਈ ਦਬਾਅ ਪਾਉਂਦੇ ਰਹੇ। ਇਸ ਤੋਂ ਬਾਅਦ ਆਪਣੇ ਇੱਕ ਭਾਸ਼ਣ ਵਿਚ ਜਿਨਾਹ ਨੇ ਯੂਨੀਅਨਿਸਟ ਆਗੂਆਂ ਨੂੰ ‘ਗੱਦਾਰ` ਤੱਕ ਕਿਹਾ। ਜਿਨਾਹ ਨੇ ਉਨ੍ਹਾਂ ਉਤੇ ਪੰਜਾਬੀ ਮੁਸਲਮਾਨਾਂ ਨੂੰ ਵੰਡਣ ਵਾਲੇ ‘ਅਪਰਾਧੀ` ਹੋਣ ਦਾ ਇਲਜ਼ਾਮ ਲਾਇਆ। ਇਆਨ ਟਾਲਬਟ ਖ਼ਿਜ਼ਰ ਹਯਾਤ ਟਿਵਾਣਾ ਦੀ ਜੀਵਨੀ ਵਿਚ ਲਿਖਦੇ ਹਨ, “ਪੰਜਾਬ ਮੁਹੰਮਦ ਅਲੀ ਜਿਨਾਹ ਦੇ ਪਾਕਿਸਤਾਨ ਦੀ ਮੁੱਖ ਬੁਨਿਆਦ ਸੀ।” ਇਆਨ ਟਾਲਬਟ ਯੂਨੀਵਰਸਿਟੀ ਆਫ ਸਾਊਥ ਹੈਂਪਟਨ ਵਿਚ ਮਾਡਰਨ ਸਾਊਥ ਏਸ਼ੀਅਨ ਹਿਸਟਰੀ ਦੇ ਪ੍ਰੋਫੈਸਰ ਹਨ। ਉਨ੍ਹਾਂ ਮੁਹੰਮਦ ਅਲੀ ਜਿਨਾਹ ਨਾਲ ਖ਼ਿਜ਼ਰ ਹਯਾਤ ਟਿਵਾਣਾ ਦੀ ਪਾਕਿਸਤਾਨ ਅਤੇ ਪੰਜਾਬ ਵਿਚ ਮੁਸਲਿਮ ਲੀਗ ਨੂੰ ਲੈ ਕੇ ਪੈਦਾ ਹੋਈ ਇਸ ਤਲਖ਼ੀ ਬਾਰੇ ਵੀ ਵਿਸਥਾਰ ਨਾਲ ਲਿਖਿਆ ਹੈ।
ਮੁਸਲਿਮ ਲੀਗ ਜਿੱਥੇ ਹੋਰ ਸੂਬਿਆਂ ਦੀ ਮੁਸਲਮਾਨ ਆਬਾਦੀ ਵਿਚ ਆਪਣੀ ਥਾਂ ਬਣਾਉਣ ਵਿਚ ਸਫਲ ਰਹੀ ਸੀ, ਪੰਜਾਬ ਵਿਚ ਯੂਨੀਅਨਿਸਟ ਪਾਰਟੀ ਉਸ ਲਈ ਅੜਿੱਕਾ ਬਣ ਗਈ ਸੀ। ਇਸੇ ਲਈ ਪੰਜਾਬ ਵਿਚ ਯੂਨੀਅਨਿਸਟ ਪਾਰਟੀ ਦੀ ਸਿਆਸਤ ਮੁਸਲਿਮ ਲੀਗ ਦੇ ਆਗੂਆਂ ਦੇ ਨਿਸ਼ਾਨੇ ਉਤੇ ਰਹੀ।
ਖ਼ਿਜ਼ਰ ਹਯਾਤ ਟਿਵਾਣਾ ਪੰਜਾਬ ਵਿਚ ਯੂਨੀਅਨਿਸਟ ਪਾਰਟੀ ਦੀ ਸਰਕਾਰ ਦੇ ਆਖ਼ਰੀ ਪ੍ਰੀਮੀਅਰ ਸਨ। ਮੁਸਲਿਮ ਲੀਗ ਦਾ ਵਿਰੋਧੀ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਸਰਕਾਰ ਦੇ ਆਖ਼ਰੀ ਸਾਲਾਂ ਵਿਚ ਸ਼ਰਮਿੰਦਗੀ ਅਤੇ ਸਖ਼ਤ ਵਿਰੋਧ ਦਾ ਸਾਹਮਣਾ ਕਰਨ ਮਗਰੋਂ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਮਾਰਚ 1947 ਵਿਚ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਵਿਚ ਹਿੰਸਾ ਦਾ ਅਜਿਹਾ ਦੌਰ ਸ਼ੁਰੂ ਹੋਇਆ ਜਿਸ ਦੇ ਨਤੀਜੇ ਵਜੋਂ ਲੱਖਾਂ ਲੋਕ ਉਜੜੇ ਅਤੇ ਕਤਲੇਆਮ ਵਿਚ ਮਾਰੇ ਗਏ।
ਸੰਤਾਲੀ ਦੀ ਵੰਡ
ਖਿਜ਼ਰ ਦਾ ਜਨਮ 7 ਅਗਸਤ 1900 ਵਿਚ ਪੰਜਾਬ ਵਿਚ ਅਜੋਕੇ ਸਰਗੋਧਾ ਦੇ ਚੱਕ ਮੁਜ਼ੱਫ਼ਰਾਬਾਦ (ਹੁਣ ਪਾਕਿਸਤਾਨ) ਵਿਚ ਹੋਇਆ ਸੀ। ਖ਼ਿਜ਼ਰ ਨੂੰ ਮੁਸਲਿਮ ਲੀਗ ਦੀ ਫ਼ਿਰਕੂ ਸਿਆਸਤ ਦੇ ਖ਼ਿਲਾਫ਼ ਡਟਵਾਂ ਸਟੈਂਡ ਲੈਣ ਅਤੇ ‘ਪੰਜਾਬ ਪੰਜਾਬੀਆਂ ਲਈ` ਦਾ ਨਾਅਰਾ ਦੇਣ ਲਈ ਵੀ ਜਾਣਿਆ ਜਾਂਦਾ ਹੈ।
ਉਘੇ ਵਿਦਵਾਨ ਇਸ਼ਤਿਆਕ ਅਹਿਮਦ ਦੱਸਦੇ ਹਨ ਕਿ 1947 ਵਿਚ ਸਰਗੋਧਾ ਵਿਚ ਖ਼ਿਜ਼ਰ ਦੇ ਅਸਰ ਰਸੂਖ਼ ਕਾਰਨ ਹੀ ਹਿੰਦੂ-ਸਿੱਖਾਂ ‘ਤੇ ਬਹੁਤ ਘੱਟ ਹਮਲੇ ਹੋਏ ਸਨ ਅਤੇ ਉਹ ਆਪਣੀ ਜਾਨ ਬਚਾਉਣ ਵਿਚ ਸਫ਼ਲ ਰਹੇ ਸਨ। ਇਸ਼ਤਿਆਕ ਅਹਿਮਦ ਸਵੀਡਨ ਦੀ ਸਟੌਕਹੋਮ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹਨ ਅਤੇ ਭਾਰਤ-ਪਾਕਿਸਤਾਨ ਵੰਡ ਨਾਲ ਸਬੰਧਿਤ ਮਾਮਲਿਆਂ ਦੇ ਇਤਿਹਾਸਕਾਰ ਹਨ। ਉਹ ਦੱਸਦੇ ਕਿ ਖ਼ਿਜ਼ਰ ਹਯਾਤ ਟਿਵਾਣਾ ਸੱਚਾ ਪੰਜਾਬੀ ਅਤੇ ਸਭ ਧਰਮਾਂ ਵਿਚ ਮਿਲਵਰਤਣ ਬਣਾ ਕੇ ਰੱਖਣ ਵਾਲਾ ਆਗੂ ਸੀ।
ਯੂਨੀਅਨਿਸਟ ਪਾਰਟੀ ਕਿਵੇਂ ਸ਼ੁਰੂ ਹੋਈ
ਭਾਰਤ-ਪਾਕਿਸਤਾਨ ਵੰਡ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਪ੍ਰੋ. ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਯੂਨੀਅਨਿਸਟ ਪਾਰਟੀ ਸਾਲ 1923 ਵਿਚ ਹੋਂਦ ਵਿਚ ਆਈ ਸੀ। ਇਸ ਨੂੰ ਅਜੋਕੇ ਚੜ੍ਹਦੇ ਪੰਜਾਬ ਦੇ ਬਟਾਲਾ ਨਾਲ ਸਬੰਧ ਰੱਖਦੇ ਸਰ ਫ਼ਜ਼ਲੇ ਹੁਸੈਨ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਸਰ ਛੋਟੂ ਰਾਮ ਵਰਗ ਜਾਟ ਲੀਡਰਾਂ ਨੂੰ ਵੀ ਆਪਣੇ ਨਾਲ ਲਿਆ। ਸਰ ਛੋਟੂ ਰਾਮ ਪੰਜਾਬ ਦੀ ਅੰਬਾਲਾ ਡਿਵੀਜ਼ਨ (ਅਜੋਕੇ ਹਰਿਆਣਾ) ਦੇ ਸਿਰਕੱਢ ਜਾਟ ਆਗੂ ਸਨ ਜਿਨ੍ਹਾਂ ਨੂੰ ਖੇਤੀ ਸੁਧਾਰਾਂ ਲਈ ਜਾਣਿਆ ਜਾਂਦਾ ਹੈ।
ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਇਹ ਪਾਰਟੀ ਮੁੱਖ ਤੌਰ ਉਤੇ ਪੇਂਡੂ ਪੰਜਾਬ ਦੇ ਹਿੱਤਾਂ ਦੀ ਪੈਰਵੀ ਦਾ ਦਾਅਵਾ ਕਰਦੀ ਸੀ। 1937 ਦੀਆਂ ਚੋਣਾਂ ਮਗਰੋਂ ਪੰਜਾਬ ਵਿਚ ਯੂਨੀਅਨਿਸਟ ਪਾਰਟੀ ਦੀ ਜਿੱਤ ਤੋਂ ਬਾਅਦ ਸਿਕੰਦਰ ਹਯਾਤ ਖ਼ਾਨ ਦੀ ਅਗਵਾਈ ਵਿਚ ਨਵੀਂ ਸਰਕਾਰ ਹੋਂਦ ਵਿਚ ਆਈ। ਸਿਕੰਦਰ ਹਯਾਤ ਖ਼ਾਨ ਪੰਜਾਬ ਦੇ ਵੱਡੇ ਜ਼ਿਮੀਂਦਾਰਾਂ ਵਿਚੋਂ ਇੱਕ ਸਨ ਅਤੇ ਅੰਗਰੇਜ਼ਾਂ ਦੇ ਵਫ਼ਾਦਾਰ ਸਨ। ਇਸ਼ਤਿਆਕ ਅਹਿਮਦ ਦੱਸਦੇ ਹਨ, “ਯੂਨੀਅਨਿਸਟ ਪਾਰਟੀ ਦੀ ਸੋਚ ਸੀ ਕਿ ਅੰਗਰੇਜ਼ਾਂ ਦਾ ਰਾਜ ਪੰਜਾਬ ਲਈ ਚੰਗਾ ਹੈ, ਇਸ ਦਾ ਕਾਰਨ ਇਹ ਸੀ ਕਿ ਪੰਜਾਬ ਦੇ ਲੋਕਾਂ ਨੂੰ ਫੌਜ ਵਿਚ ਵੱਡੇ ਪੱਧਰ ਉਤੇ ਨੌਕਰੀਆਂ ਦਿੱਤੀਆਂ ਗਈਆਂ ਸਨ ਤੇ ਨਹਿਰੀ ਸਿਸਟਮ ਵਿਕਸਤ ਕੀਤਾ ਗਿਆ ਸੀ।” ਇਨ੍ਹਾਂ ਦੋਵੇਂ ਯੋਜਨਾਵਾਂ ਨੇ ਪੰਜਾਬ ਵਿਚ ਖੁਸ਼ਹਾਲੀ ਲਿਆਂਦੀ ਅਤੇ ਇੱਥੋਂ ਦੇ ਮੁੱਖ ਧੰਦੇ ਖੇਤੀ ਦਾ ਮੂੰਹ ਮੱਥਾ ਬਦਲ ਦਿੱਤਾ।
ਯੂਨੀਅਨਿਸਟ ਪਾਰਟੀ ਨੇ 1937 ਦੀਆਂ ਚੋਣਾਂ ਵਿਚ 175 ਵਿਚੋਂ ਕਰੀਬ 98 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ; ਕਾਂਗਰਸ ਨੂੰ 20 ਤੋਂ ਘੱਟ ਅਤੇ ਮੁਸਲਿਮ ਲੀਗ ਨੂੰ 2 ਸੀਟਾਂ ਹੀ ਮਿਲੀਆਂ ਸਨ। ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਇਸ ਪਾਰਟੀ ਵਿਚ ਹਿੰਦੂ, ਮੁਸਲਮਾਨ, ਸਿੱਖ ਤੇ ਦਲਿਤ, ਸਭ ਫ਼ਿਰਕਿਆਂ ਦੇ ਲੋਕਾਂ ਕੋਲ ਅਹੁਦੇ ਸਨ। ਇਸ ਪਾਰਟੀ ਦੀਆਂ ਭਾਈਵਾਲ ਪਾਰਟੀਆਂ ਵਿਚ ਸੁੰਦਰ ਸਿੰਘ ਮਜੀਠੀਆ ਦੀ ਖਾਲਸਾ ਪਾਰਟੀ ਅਤੇ ਮਨੋਹਰ ਲਾਲ ਦੀ ਨੈਸ਼ਨਲ ਪ੍ਰੋਗ੍ਰੈਸਿਵ ਪਾਰਟੀ ਦੇ ਨੁਮਾਇੰਦੇ ਵੀ ਸ਼ਾਮਲ ਸਨ।
ਟਾਲਬਟ ਆਪਣੀ ਕਿਤਾਬ ਵਿਚ ਲਿਖਦੇ ਹਨ, “ਵੱਖ-ਵੱਖ ਫ਼ਿਰਕਿਆਂ ਦੇ ਆਗੂਆਂ ਨੂੰ ਆਪਣੀ ਕੈਬਨਿਟ ਵਿਚ ਥਾਂ ਦੇਣ ਮਗਰੋਂ ਸਿਕੰਦਰ ਹਯਾਤ ਨੇ ਨੂਨ-ਟਿਵਾਣਾ ਗਰੁੱਪ ਵਿਚੋਂ ਖ਼ਿਜ਼ਰ ਹਯਾਤ ਟਿਵਾਣਾ ਦੀ ਚੋਣ ਕੀਤੀ ਸੀ।” ਉਨ੍ਹਾਂ ਖ਼ਿਜ਼ਰ ਨੂੰ ਲੋਕ ਨਿਰਮਾਣ ਮੰਤਰਾਲੇ ਅਤੇ ਪੰਚਾਇਤੀ ਰਾਜ ਦੇ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਖ਼ਿਜ਼ਰ ਨੂੰ ਮੰਤਰੀ ਦਾ ਅਹੁਦਾ ਉਨ੍ਹਾਂ ਦੇ ਪਿਤਾ ਉਮਰ ਹਯਾਤ ਟਿਵਾਣਾ ਅਤੇ ਪਰਿਵਾਰ ਦੇ ਸਿਆਸੀ ਤੇ ਸਮਾਜਿਕ ਦਬਦਬੇ ਕਾਰਨ ਮਿਲਿਆ ਸੀ।
ਯੂਨੀਅਨਿਸਟ ਪਾਰਟੀ ਤੇ ਜਿਨਾਹ
ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਕਾਂਗਰਸ ਨੇ ਇਹ ਫ਼ੈਸਲਾ ਕੀਤਾ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਵੱਡੀ ਜ਼ਿਮੀਂਦਾਰੀ ਖ਼ਤਮ ਕਰ ਦੇਣਗੇ। ਇਸ ਮਗਰੋਂ ਜਿਨਾਹ ਨੇ ਸਿਕੰਦਰ ਹਯਾਤ ਖ਼ਾਨ ਨੂੰ ਕਿਹਾ ਕਿ ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਤੁਸੀਂ ਮੁਸਲਿਮ ਲੀਗ ਨਾਲ ਸਮਝੌਤਾ ਕਰੋ।
ਪਾਕਿਸਤਾਨ ਅਤੇ ਵੰਡ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਇਆਨ ਟਾਲਬਟ ਲਿਖਦੇ ਹਨ ਕਿ ਆਲ ਇੰਡੀਆ ਮੁਸਲਿਮ ਲੀਗ ਦੇ ਅਕਤੂਬਰ 1937 ਵਿਚ ਹੋਏ ਲਖਨਊ ਸੈਸ਼ਨ ਵਿਚ ਸਿਕੰਦਰ ਹਯਾਤ ਖ਼ਾਨ ਅਤੇ ਜਿਨਾਹ ਨੇ ਸਮਝੌਤੇ ਉਤੇ ਦਸਤਖ਼ਤ ਕੀਤੇ ਸਨ। ਇਸ਼ਤਿਆਕ ਅਹਿਮਦ ਮੁਤਾਬਕ, ਇਸ ਸਮਝੌਤੇ ਮੁਤਾਬਕ ਪੰਜਾਬ ਵਿਚ ਯੂਨੀਅਨਿਸਟ ਪਾਰਟੀ ਦੀ ਹਕੂਮਤ ਚੱਲੇਗੀ ਤੇ ਮੁਸਲਿਮ ਲੀਗ ਉਸ ਵਿਚ ਦਖ਼ਲਅੰਦਾਜ਼ੀ ਨਹੀਂ ਕਰੇਗੀ ਪਰ ਪੰਜਾਬ ਤੋਂ ਬਾਹਰ ਜਦੋਂ ਕਾਂਗਰਸ ਨਾਲ ਮੁਸਲਮਾਨਾਂ ਦੀ ਗੱਲ ਹੋਵੇਗੀ ਤਾਂ ਯੂਨੀਅਨਿਸਟ ਪਾਰਟੀ ਦੇ ਮੈਂਬਰ ਪੰਜਾਬ ਤੋਂ ਬਾਹਰ ਮੁਸਲਿਮ ਲੀਗ ਦੇ ਮੈਂਬਰ ਬਣਨਗੇ। ਇਹੀ ਸਮਝੌਤਾ ਅੱਗੇ ਜਾ ਕੇ ਮੁਸਲਿਮ ਲੀਗ ਅਤੇ ਯੂਨੀਅਨਿਸਟ ਆਗੂਆਂ ਵਿਚਾਲੇ ਰੇੜਕੇ ਦਾ ਕਾਰਨ ਬਣਿਆ। ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਇਸ ਸਮਝੌਤੇ ਦਾ ਸਰ ਛੋਟੂ ਰਾਮ ਜਿਹੇ ਲੀਡਰਾਂ ਨੇ ਵੀ ਬੁਰਾ ਮਨਾਇਆ ਸੀ।
1942 ਵਿਚ ਪੰਜਾਬ ਦੇ ਪ੍ਰਧਾਨ ਮੰਤਰੀ ਸਿਕੰਦਰ ਹਯਾਤ ਖ਼ਾਨ ਦੀ 50 ਸਾਲਾਂ ਦੀ ਉਮਰ ਵਿਚ ਮੌਤ ਹੋ ਗਈ ਸੀ। 1942 ਵਿਚ ਭਾਰਤ ਦੇ ਸਿਆਸੀ ਹਾਲਾਤ ਨਾਸਾਜ਼ ਸਨ। ਮਾਰਚ 1942 ਵਿਚ ਹੀ ਭਾਰਤ ਵਿਚ ਕ੍ਰਿਪਸ ਮਿਸ਼ਨ ਆਇਆ ਸੀ, ਕਾਂਗਰਸ ਨੇ ਇਸ ਦੇ ਵਿਰੋਧ ਵਿਚ ‘ਭਾਰਤ ਛੱਡੋ’ ਲਹਿਰ ਵਿੱਢੀ ਸੀ। ਸਿਕੰਦਰ ਹਯਾਤ ਖ਼ਾਨ ਹਾਲਾਂਕਿ ਜੰਗ ਵਿਚ ਹਿੱਸੇਦਾਰੀ ਪਾਉਣ ਦਾ ਸਮਰਥਨ ਕਰਦੇ ਸਨ ਪਰ ਜਿਨਾਹ ਨੇ ਵਾਰ-ਵਾਰ ਉਨ੍ਹਾਂ ਉਤੇ ਇਸ ਤੋਂ ਪਿੱਛੇ ਹਟਣ ਦਾ ਦਬਾਅ ਪਾਇਆ ਸੀ। ਮੁਸਲਿਮ ਲੀਗ ਵਿਚ ਵੀ ਸਿਕੰਦਰ ਦੀ ਹਾਲਤ ਅਲੱਗ-ਥਲੱਗ ਜਿਹੀ ਹੋ ਗਈ ਸੀ ਅਤੇ ਆਖ਼ਰੀ ਸਮੇਂ ਦੌਰਾਨ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।
ਜੂਨ 1942 ਵਿਚ ਸਿੱਖ ਆਗੂ ਬਲਦੇਵ ਸਿੰਘ ਅਤੇ ਸਿਕੰਦਰ ਸਿੰਘ ਵਿਚਾਲੇ ਸਮਝੌਤਾ ਹੋਇਆ ਜਿਸ ਵਿਚ ਸਿੱਖਾਂ ਨੂੰ ਉਨ੍ਹਾਂ ਮਹਿਕਮਿਆਂ ਵਿਚ ਨੁਮਾਇੰਦਗੀ ਦੇਣੀ ਸ਼ਾਮਲ ਸੀ ਜਿੱਥੇ ਇਹ 20 ਫ਼ੀਸਦ ਤੋਂ ਘੱਟ ਸੀ। ਬਲਦੇਵ ਸਿੰਘ ਪੰਜਾਬ ਦੇ ਮੁੱਖ ਸਿੱਖ ਕਾਰੋਬਾਰੀ ਸਨ। ਉਹ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਣੇ।
ਖ਼ਿਜ਼ਰ ਹਯਾਤ ਟਿਵਾਣਾ ਦਾ ਪਿਛੋਕੜ
ਟਿਵਾਣਾ ਕਬੀਲੇ ਦੇ ਇਤਿਹਾਸ ਬਾਰੇ ਇਆਨ ਟਾਬਲਟ ਲਿਖਦੇ ਹਨ ਕਿ ਇਹ ਸਭ ਤੋਂ ਪਹਿਲਾਂ ਸਿੰਧ ਸਾਗਰ ਦੋਆਬ ਨੇੜੇ ਵਸੇ ਸਨ। ਜਿੱਥੋਂ ਉਹ ਜਿਹਲਮ ਦਰਿਆ ਦੇ ਕੰਢੇ ਉਤੇ ਲਾਹੌਰ ਵਾਲੇ ਪਾਸੇ ਸਥਿਤ ਵੱਧ ਉਪਜਾਊ ਇਲਾਕਿਆਂ ਵਿਚ ਰਹਿਣ ਲੱਗੇ। ਖ਼ਿਜ਼ਰ ਇਸੇ ਥਾਂ ਉਤੇ ਵੱਡੇ ਹੋਏ, ਉਹ ਉਸ ਵੇਲੇ ਦੇ ਸਭ ਤੋਂ ਅਮੀਰ ਜ਼ਿਮੀਂਦਾਰਾਂ ਵਿਚੋਂ ਇੱਕ ਸਨ।
ਅੰਗਰੇਜ਼ਾਂ ਨੇ ਆਪਣੀ ਫੌਜ ਵਿਚ ਟਿਵਾਣਾ ਲੈਂਸਰਜ਼ ਨਾਮ ਦੀ ਵੱਖਰੀ ਰੈਜੀਮੈਂਟ ਵੀ ਬਣਾਈ ਸੀ। ਉਮਰ ਅਤੇ ਖ਼ਿਜ਼ਰ ਟਿਵਾਣਾ ਨੂੰ ਫੌਜ ਦਾ ਆਨਰੇਰੀ ਕਰਨਲ ਬਣਾਇਆ ਗਿਆ ਸੀ। ਫੌਜ ਅਤੇ ਜ਼ਮੀਨਾਂ ਤੋਂ ਹੁੰਦੀ ਆਮਦਨ ਨੇ ਉਨ੍ਹਾਂ ਦੀ ਬ੍ਰਿਟਿਸ਼ ਪੰਜਾਬ ਵਿਚ ਸਥਿਤੀ ਕਾਫੀ ਮਜ਼ਬੂਤ ਕਰ ਦਿੱਤੀ। ਉਹ ਪੰਜਾਬ ਦੇ ‘ਨੈਚੂਰਲ ਲੀਡਰਜ਼ ਵਜੋਂ ਉਭਰੇ`।
ਇਆਨ ਟਾਲਬਟ ਲਿਖਦੇ ਹਨ- ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ਾ ਕਰ ਲਿਆ। ਸਿੱਖ ਰਾਜ ‘ਤੇ ਜਿੱਤ ਤੋਂ ਹਾਸਲ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਵਿਰੁੱਧ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦੇ ਪਰਿਵਾਰਾਂ ਨੂੰ ਇਨਾਮਾਂ ਤੇ ਜਗੀਰਦਾਰੀਆਂ ਨਾਲ ਨਵਾਜਿਆ ਸੀ। 1857 ਦੇ ਗ਼ਦਰ ਮੌਕੇ ਵੀ ਸ਼ਾਹਪੁਰ (ਅਜੋਕਾ ਸਰਗੋਧਾ) ਦੇ ਖ਼ਿਜ਼ਰ ਹਯਾਤ ਟਿਵਾਣਾ ਦੇ ਦਾਦਾ ਮਲਿਕ ਸਾਹਿਬ ਖ਼ਾਨ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਜਿਸ ਕਾਰਨ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਬਣਦੇ ਰੁਤਬੇ ਅਤੇ ਪ੍ਰਸ਼ਾਸਨਕ ਅਹੁਦੇ ਦਿੱਤੇ। ਆਪਣੇ ਸਿਆਸੀ ਖਿਆਲਾਂ ਵਿਚ ਖ਼ਿਜ਼ਰ ਬਰਤਾਨਵੀ ਰਾਜ ਦੇ ਕਾਫ਼ੀ ਨੇੜੇ ਸਨ। ਉਹ ਭਾਰਤ ਦੇ ਆਜ਼ਾਦੀ ਘੁਲਾਟੀਏ ਅਤੇ ਰਾਸ਼ਟਰਵਾਦੀ ਆਗੂਆਂ ਨੂੰ ਅਸਲ ਇੰਡੀਆ ਦੀ ਸੱਚਾਈ ਤੋਂ ਦੂਰ ਸਮਝਦੇ ਸਨ। ਇਸ ਦੀ ਵਜ੍ਹਾ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਸੀ।
ਇਆਨ ਟਾਲਬਟ ਲਿਖਦੇ ਹਨ ਕਿ ਖਿਜ਼ਰ ਆਪ ਇਮਾਨਦਾਰ ਤੇ ਦ੍ਰਿੜ ਇਰਾਦੇ ਵਾਲੇ ਇਨਸਾਨ ਸਨ। ਉਨ੍ਹਾਂ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਅੰਗਰੇਜ਼ ਆਪਣੇ ਯੂਨੀਅਨਿਸਟ ਭਾਈਵਾਲਾਂ ਦਾ ਸਾਥ ਇੰਨੀ ਜਲਦੀ ਛੱਡ ਦੇਣਗੇ ਪਰ ਉਹ ਗ਼ਲਤ ਨਿਕਲੇ। ਖ਼ਿਜ਼ਰ ਹਯਾਤ ਟਿਵਾਣਾ ਦੇ ਮੁਸਲਿਮ ਲੀਗ ਵਿਚ ਸ਼ਾਮਲ ਨਾ ਹੋਣ ਦੇ ਕਾਰਨਾਂ ਬਾਰੇ ਉਹ ਲਿਖਦੇ ਹਨ: “ਅੰਗਰੇਜ਼ਾਂ ਪ੍ਰਤੀ ਖ਼ਿਜ਼ਰ ਦੇ ਵਫ਼ਾਦਾਰ ਹੋਣ ਦਾ ਕਾਰਨ ਉਨ੍ਹਾਂ ਦੀ ਨਿੱਜਪ੍ਰਸਤੀ ਨਹੀਂ ਸੀ… ਉਹ ਉਨ੍ਹਾਂ ਦੇ ਇਸ ਵਿਸ਼ਵਾਸ ਕਰ ਕੇ ਸੀ ਕਿ ਅੰਗਰੇਜ਼ੀ ਰਾਜ ਨਾਲ ਜੁੜ ਕੇ ਹੀ ਪੰਜਾਬ ਦੀ ਖੁਸ਼ਹਾਲੀ ਜੁੜੀ ਹੋਈ ਹੈ। ਜੇਕਰ ਉਨ੍ਹਾਂ ਦਾ ਮਕਸਦ ਵਧੇਰੇ ਤਾਕਤ ਹਾਸਲ ਕਰਨਾ ਹੁੰਦਾ ਤਾਂ ਉਹ ਸਿਆਸਤ ਵਿਚ ਪਹਿਲਾਂ ਆਉਂਦੇ ਅਤੇ ਮੁਸਲਿਮ ਲੀਗ਼ ਵਿਚ ਸ਼ਾਮਲ ਹੋ ਗਏ ਹੁੰਦੇ।”
ਇਆਨ ਲਿਖਦੇ ਹਨ ਕਿ ਖ਼ਿਜ਼ਰ ਦੀ ਸ਼ਖ਼ਸੀਅਤ ਕਾਇਲ ਕਰ ਦੇਣ ਵਾਲੀ ਸੀ। ਉਨ੍ਹਾਂ ਦੀ ਪੌਸ਼ਾਕ ਅਤੇ ਤੁਰਲੇ ਵਾਲੀ ਵੱਖਰੀ ਟਿਵਾਣਿਆਂ ਵਾਲੀ ਪੱਗ ਉਨ੍ਹਾਂ ਵੱਖਰੀ ਪਛਾਣ ਸੀ। ਉਨ੍ਹਾਂ ਨੇ ਇਹ ਅੰਦਾਜ਼ ਆਪਣੇ ਪਿਤਾ ਉਮਰ ਹਯਾਤ ਟਿਵਾਣਾ ਕੋਲੋਂ ਹਾਸਲ ਕੀਤਾ ਸੀ।
ਖ਼ਿਜ਼ਰ ਹਯਾਤ ਟਿਵਾਣਾ ਨੂੰ ਅਸਤੀਫ਼ਾ ਕਿਉਂ ਦੇਣਾ ਪਿਆ
ਜਦੋਂ 1942 ਸਿਕੰਦਰ ਦੀ ਮੌਤ ਤੋਂ ਬਾਅਦ ਖ਼ਿਜ਼ਰ ਪੰਜਾਬ ਦੇ ਪ੍ਰੀਮੀਅਰ ਬਣੇ ਤਾਂ ਲੋਕਾਂ ਵਿਚ ਯੂਨੀਅਨਿਸਟ ਪਾਰਟੀ ਲਈ ਸਮਰਥਨ ਬਹੁਤ ਘੱਟ ਸੀ। ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਖ਼ਿਜ਼ਰ ਪੰਜਾਬ ਦੇ ਪ੍ਰੀਮੀਅਰ ਬਣ ਤਾਂ ਗਏ ਪਰ ਉਨ੍ਹਾਂ ਦੇ ਕਈ ਵਿਰੋਧੀ ਸਨ ਜਿਨ੍ਹਾਂ ਸਿਕੰਦਰ ਹਯਾਤ ਦੇ ਪੁੱਤਰ ਵੀ ਸ਼ੌਕਤ ਹਯਾਤ ਅਤੇ ਮਮਦੋਟ ਦੇ ਨਵਾਬ ਵੀ ਸ਼ਾਮਲ ਸਨ। ਇਨ੍ਹਾਂ ਲੋਕਾਂ ਨੂੰ ਜਿਨਾਹ ਨੇ ਮੁਸਲਿਮ ਲੀਗ ਵਿਚ ਸ਼ਾਮਲ ਕਰ ਕੇ ਆਪਣੇ ਨਾਲ ਰਲਾ ਲਿਆ ਸੀ।
ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਜਿਨਾਹ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ‘ਸਿਕੰਦਰ ਜਿਨਾਹ ਪੈਕਟ` ਦੇ ਅਸਰ ਵਜੋਂ ਯੂਨੀਅਨਿਸਟ ਪਾਰਟੀ ਖ਼ਤਮ ਹੋ ਗਈ ਹੈ। ਖਿਜ਼ਰ ਨੇ ਸਿਆਸਤ ਵਿਚ ਦੂਜੇ ਭਾਈਚਾਰਿਆਂ ਨਾਲ ਮਿਲਵਰਤਨ ਜਾਰੀ ਰੱਖਿਆ। ਉਨ੍ਹਾਂ ਨੇ ਭਾਈਚਾਰਕ ਸਾਂਝਾਂ ਦੇ ਨਾਲ-ਨਾਲ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਜੋੜਿਆ। 1944 ਵਿਚ ਜਿਨਾਹ ਪੰਜਾਬ ਆਏ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ਿਜ਼ਰ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਕਾਂਗਰਸ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਮੁਸਲਿਮ ਲੀਗ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਜੋ ਯੂਨੀਅਨਿਸਟ ਪਾਰਟੀ ਦੇ ਨਿਘਾਰ ਦਾ ਮੁੱਖ ਕਾਰਨ ਬਣਿਆ। ਇਸ ਦੇ ਨਾਲ ਹੀ ਕਈ ਜ਼ਿਮੀਂਦਾਰ ਆਗੂ ਜੋ ਪਹਿਲਾਂ ਯੂਨੀਅਨਿਸਟ ਪਾਰਟੀ ਨਾਲ ਸਨ, ਮੁਸਲਿਮ ਲੀਗ ਨਾਲ ਹੋ ਗਏ।
1946 ਦੀਆਂ ਸੂਬਾਈ ਚੋਣਾਂ ਮਗਰੋਂ ਉਨ੍ਹਾਂ ਕਾਂਗਰਸ ਅਤੇ ਅਕਾਲੀਆਂ ਨੂੰ ਪੰਜਾਬ ਦੀ ਫ਼ਿਰਕੂ ਸਦਭਾਵਨਾ ਕਾਇਮ ਰੱਖਣ ਦੇ ਆਖ਼ਰੀ ਯਤਨ ਵਜੋਂ ਇਕੱਠਿਆਂ ਕੀਤਾ। ਇਆਨ ਟਾਲਬਟ ਲਿਖਦੇ ਹਨ ਕਿ ਖ਼ਿਜ਼ਰ ਕੋਲ ਕੋਈ ਤੈਅ ਸਿਆਸੀ ਨੀਤੀ ਨਹੀਂ ਸੀ ਪਰ ਇਸ ਦੇ ਬਾਵਜੂਦ ਉਹ 1940 ਵਿਆਂ ਵਿਚ ਪੰਜਾਬ ਵਿਚ ਫ਼ਿਰਕੂ ਤਵਾਜ਼ਨ ਕਾਇਮ ਰੱਖ ਸਕੇ ਸਨ। ਇਸ ਵੇਲੇ ਤੱਕ ਅੰਗਰੇਜ਼ਾਂ ਦਾ ਮੁਸਲਿਮ ਲੀਗ ਨੂੰ ਸਮਰਥਨ ਵਧ ਗਿਆ ਸੀ ਅਤੇ ਯੂਨੀਅਨਿਸਟ ਪਾਰਟੀ ਦੀ ਮੁਖ਼ਾਲਫ਼ਤ ਕਰਨ ਵਾਲੇ ਜ਼ਿਮੀਂਦਾਰ ਵੀ ਮੁਸਲਿਮ ਲੀਗ ਦੇ ਨਾਲ ਹੀ ਸਨ।
1946 ਦੀਆਂ ਚੋਣਾਂ ਵਿਚ ਯੂਨਿਅਨਿਸਟ ਪਾਰਟੀ ਨੂੰ ਕਰੀਬ 18 ਸੀਟਾਂ ਮਿਲੀਆਂ ਪਰ ਮੁਸਲਿਮ ਲੀਗ 175 ਵਿਚੋਂ ਕਰੀਬ 73 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਸੀ। ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਇਨ੍ਹਾਂ ਚੋਣਾਂ ਵਿਚ ਕਈ ਇਸ਼ਤਿਹਾਰ ਲੱਗੇ ਜਿਨ੍ਹਾਂ ਵਿਚ ਯੂਨੀਅਨਿਸਟ ਪਾਰਟੀ ਦੇ ਆਗੂਆਂ ਨੂੰ ਕਾਫ਼ਰ ਤੱਕ ਕਿਹਾ ਗਿਆ ਪਰ ਪੰਜਾਬ ਵਿਚ ਕਾਂਗਰਸ, ਪੰਥਕ ਪਾਰਟੀਆਂ ਅਤੇ ਦਲਿਤਾਂ ਦਾ ਸਹਿਯੋਗ ਨਾਲ ਮਿਲਣ ਕਰ ਕੇ ਮੁਸਲਿਮ ਲੀਗ ਸਰਕਾਰ ਨਹੀਂ ਬਣਾ ਸਕੀ।
ਫ਼ਿਰ ਸਿੱਖ, ਦਲਿਤ ਪਾਰਟੀਆਂ ਅਤੇ ਕਾਂਗਰਸ ਦੇ ਸਹਿਯੋਗ ਨਾਲ ਪੰਜਾਬ ਵਿਚ ਸਰਕਾਰ ਬਣੀ ਜਿਸ ਦੀ ਅਗਵਾਈ ਖ਼ਿਜ਼ਰ ਹਯਾਤ ਟਿਵਾਣਾ ਨੇ ਕੀਤੀ। ਇਸ ਮਗਰੋਂ 24 ਜਨਵਰੀ 1947 ਨੂੰ ਜਿਨਾਹ ਨੇ ‘ਡਾਇਰੈਕਟ ਐਕਸ਼ਨ` ਦੀ ਕਾਲ ਦਿੱਤੀ। ਇਸ਼ਤਿਆਕ ਅਹਿਮਦ ਦੱਸਦੇ ਹਨ ਕਿ 24 ਤੋਂ ਲੈ ਕੇ 26 ਫਰਵਰੀ 1947 ਤੱਕ ਪੰਜਾਬ ਵਿਚ ਇਹ ਮੁਜ਼ਾਹਰੇ ਹੁੰਦੇ ਰਹੇ; ਇਸ ਦੌਰਾਨ ਖ਼ਿਜ਼ਰ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਕਾਫ਼ੀ ਮਾੜੇ ਨਾਅਰੇ ਵਰਤੇ ਗਏ। ਇਸ਼ਤਿਆਕ ਅਹਿਮਦ ਅਨੁਸਾਰ, “ਅੰਗਰੇਜ਼ਾਂ ਦੇ ਵਾਪਸ ਜਾਣ ਦੇ ਐਲਾਨ ਨੇ ਖ਼ਿਜ਼ਰ ਦੀ ਹਿੰਮਤ ਤੋੜ ਦਿੱਤੀ ਸੀ, ਉਹ ਸਮਝਦੇ ਸਨ ਕਿ ਜਿਨ੍ਹਾਂ ਪ੍ਰਤੀ ਉਹ ਵਫ਼ਾਦਾਰ ਸੀ, ਉਹ ਨਾ ਰਹੇ ਤਾਂ ਹੁਣ ਉਨ੍ਹਾਂ ਦੀ ਕੋਈ ਪੁਜੀਸ਼ਨ ਨਹੀਂ ਰਹੇਗੀ।”
ਇਸ਼ਤਿਆਕ ਅਹਿਮਦ ਇਸ ਬਾਰੇ ਅਗਾਂਹ ਦੱਸਦੇ ਹਨ ਕਿ 2 ਮਾਰਚ ਨੂੰ ਖ਼ਿਜ਼ਰ ਹਯਾਤ ਟਿਵਾਣਾ ਨੇ ਅਸਤੀਫ਼ਾ ਦਿੱਤਾ ਸੀ, ਉਹ ਕਹਿੰਦੇ ਹਨ, “ਮਈ 1947 ਵਿਚ ਖ਼ਿਜ਼ਰ ਹਯਾਤ ਟਿਵਾਣਾ ਨੇ ਅੰਗਰੇਜ਼ਾਂ ਨੂੰ ਸੁਝਾਅ ਦਿੱਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਬਣਾਉਣ ਦੇ ਨਾਲ-ਨਾਲ ਤੁਸੀਂ ਯੂਨਾਈਟਿਡ ਪੰਜਾਬ ਨੂੰ ਤੀਜਾ ਡੋਮੀਨੀਅਨ ਬਣਾ ਦਿਓ ਜੋ ਅੰਗਰੇਜ਼ਾਂ ਨੇ ਨਹੀਂ ਮੰਨਿਆ।… ਖ਼ਿਜ਼ਰ ਹਯਾਤ ਟਿਵਾਣਾ ਉਨ੍ਹਾਂ ਲੋਕਾਂ ਵਿਚੋਂ ਸਨ ਜੋ ਪੰਜਾਬ ਦੀ ਸਾਂਝੀਵਾਲਤਾ (ਯੂਨਿਟੀ) ਵਿਚ ਯਕੀਨ ਰੱਖਦੇ ਸਨ ਅਤੇ ਉਸ ਮੁਤਾਬਕ ਹੀ ਸਿਆਸਤ ਕਰਦੇ ਸਨ।” 20 ਜਨਵਰੀ 1975 ਨੂੰ ਅਮਰੀਕਾ ਵਿਚ ਖ਼ਿਜ਼ਰ ਹਯਾਤ ਟਿਵਾਣਾ ਦਾ ਦੇਹਾਂਤ ਹੋ ਗਿਆ। (ਬੀ.ਬੀ.ਸੀ. ਤੋਂ ਧੰਨਵਾਦ ਸਹਿਤ)