ਡਾ ਗੁਰਬਖ਼ਸ਼ ਸਿੰਘ ਭੰਡਾਲ
ਮੈਂ ਅਕਸਰ ਹੀ ਉਦਾਸੀ `ਤੇ ਨਿਕਲਦਾ ਹਾਂ। ਦਰਅਸਲ ਅਸੀਂ ਸਾਰੇ ਹੀ ਉਦਾਸੀ `ਤੇ ਨਿਕਲਦੇ ਭਾਵੇਂ ਕਿ ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ।
ਉਦਾਸੀਆਂ `ਤੇ ਨਿਕਲਣਾ, ਜੀਵਨ ਦਾ ਸਭ ਤੋਂ ਖ਼ੂਬਸੂਰਤ ਪਲ। ਜਿਊਂਦਾ-ਜਾਗਦਾ ਅਹਿਸਾਸ। ਜਜ਼ਬਾਤਾਂ ਨਾਲ ਸਾਂਝ। ਜਜ਼ਬਿਆਂ ਨਾਲ ਗੁਫ਼ਤਗੂ। ਖ਼ੁਦ ਵਿਚੋਂ ਖ਼ੁਦ ਨੂੰ ਮਿਲਣ ਦੀ ਪ੍ਰਕਰਮਾ।
ਉਦਾਸੀ ‘ਤੇ ਨਿਕਲਣਾ, ਮਨੁੱਖ ਦੇ ਜਿਉਂਦੇ ਹੋਣ ਦੀ ਨਿਸ਼ਾਨੀ। ਉਸ ਦੇ ਜਾਗਦੇ ਹੋਣ ਦਾ ਸਬੂਤ। ਆਲੇ-ਦੁਆਲੇ ਨੂੰ ਦੇਖਣ। ਵਰਤ-ਵਰਤਾਰਿਆਂ ਨੂੰ ਪਰਖਣ ਤੇ ਸਮਝਣ ਦੀ ਦਿੱਬ-ਦ੍ਰਿਸ਼ਟੀ। ਖ਼ੁਦ ਨੂੰ ਸਹੀ ਸਾਬਤ ਕਰਨ ਦਾ ਹੀਲਾ ਅਤੇ ਹਠ। ਖ਼ੁਦ ਨੂੰ ਵਿਸਥਾਰ ਅਤੇ ਵਿਚਾਰਗਤ ਕਰਨ ਦਾ ਮਾਰਗ।
ਉਦਾਸੀਆਂ ਕਦੇ ਵੀ ਇਕਸਾਰ ਨਹੀਂ ਹੁੰਦੀਆਂ। ਇਨ੍ਹਾਂ ਦਾ ਵਿਚਾਰਾਂ ਕਦੇ ਅਕੇਵਾਂ ਪੈਦਾ ਕਰਦਾ ਅਤੇ ਕਦੇ ਮਨ ਵਿਚ ਸੁਖਨ ਪੈਦਾ ਹੁੰਦਾ। ਕਦੇ ਰਾਹਾਂ ਵਿਚ ਖੱਡੇ, ਖਾਈਆਂ ਪੁੱਟੀਆਂ ਜਾਂਦੀਆਂ ਪਰ ਮਿੱਤਰਾਂ ਦੇ ਉਸਾਰੇ ਹੋਏ ਪੁਲ ਤੁਹਾਡੇ ਸਫ਼ਰ ਨੂੰ ਸੁਖਾਵਾਂ ਬਣਾਉਂਦੇ।
ਉਦਾਸੀਆਂ ਦਾ ਉਮਰ, ਸਥਾਨ, ਵਿਸ਼ਵਾਸ, ਸੋਚ, ਸ਼ੌਕ, ਕਿੱਤੇ, ਬਿਰਤੀ ਅਤੇ ਕਾਰੋਬਾਰ ਨਾਲ ਬਹੁਤ ਗੂੜ੍ਹਾ ਸਬੰਧ। ਜਿਹੋ ਜਿਹੀ ਤੁਹਾਡੀ ਮਾਨਸਿਕਤਾ ਹੋਵੇਗੀ, ਤੁਸੀਂ ਉਹੋ ਜਿਹੀ ਉਦਾਸੀ `ਤੇ ਨਿਕਲੋਗੇ। ਬਚਪਨ, ਜਵਾਨੀ, ਅਧਖੜ ਜਾਂ ਬੁਢਾਪੇ ਦੀ ਉਦਾਸੀ ਦਾ ਸਫ਼ਰ ਅਲੱਗ ਅਲੱਗ। ਵੱਖੋ ਵੱਖ ਕਾਰੋਬਾਰੀ ਨਿੱਜੀ ਲਾਭਾਂ ਹਾਨੀਆਂ ਕਾਰਨ ਵਿਭਿੰਨ ਦਿਸ਼ਾਵੀ ਉਦਾਸੀਆਂ ਨੂੰ ਨਿਕਲਦੇ। ਕਲਾਕਾਰ, ਕਿਰਤੀ ਜਾਂ ਕਰਮਯੋਗੀਆਂ ਦੀਆਂ ਉਦਾਸੀਆਂ ਨਿਵੇਕਲੀਆਂ। ਪੀਰਾਂ ਫ਼ਕੀਰਾਂ, ਸਾਧੂ, ਮਹਾਤਮਾ, ਸੰਤ, ਮਹਾਂ ਪੁਰਖਾਂ ਦੀਆਂ ਉਦਾਸੀਆਂ ਤਾਂ ਬਾਬੇ ਨਾਨਕ ਵਰਗੀਆਂ।
ਉਦਾਸੀਆਂ ਯੁੱਗਾਂ ਜੇਡ ਵੀ ਅਤੇ ਕੁਝ ਪਲਾਂ ਦੀਆਂ ਵੀ। ਕਈ ਹਜ਼ਾਰ ਮੀਲਾਂ ਤੀਕ ਵੀ ਫੈਲੀਆਂ ਅਤੇ ਇਕ ਬਿੰਦੂ `ਤੇ ਸਿਮਟੀਆਂ ਵੀ। ਅੰਬਰ ਦੀ ਸੈਰ ਵੀ ਕਰਦੀਆਂ ਪਰ ਕਦੇ ਕਦਾਈਂ ਰਸਾਤਲ ਤੀਕ ਹੀ ਰਸਾਈ।
ਉਦਾਸੀਆਂ ‘ਚੋਂ ਪੈਦਾ ਹੋਏ ਅਹਿਸਾਸ ਕਦੇ ਜੀਵਨ ਨੂੰ ਮਹਿਕਾਉਂਦੇ, ਕਦੇ ਪੱਲੇ ਵਿਚ ਝੋਰੇ ਪਾਉਂਦੇ। ਕਦੇ ਚਿਰ ਵਿਛੁੰਨੇ ਸੱਜਣ ਮਿਲਾਉਂਦੇ, ਕਦੇ ਉਮਰ ਤੋਂ ਲੰਮੀਆਂ ਜੁਦਾਈਆਂ ਪਾਉਂਦੇ। ਕਦੇ ਚੁੱਪ-ਚੁਪੀਤੇ ਹੀ ਜੀਵਨ ਧੜਕਣ ਨੂੰ ਜਸ਼ਨ ਵਿਚ ਤਬਦੀਲ ਕਰਦੇ, ਕਦੇ ਕਦੇ ਸਾਹਾਂ ਦੀ ਸੰਗੀਤਕਾ ਨੂੰ ਸ਼ੋਰ ਬਣਾਉਂਦੇ।
ਉਦਾਸੀਆਂ ਵਿਚ ਕਈ ਵਾਰ ਤੁਸੀਂ ਆਪਣੇ ਇਤਿਹਾਸ ਅਤੇ ਮਿਥਿਹਾਸ ਨੂੰ ਮਿਲਦੇ। ਕਦੇ ਵਿਰਾਸਤ ਥੀਂ ਵਿਚਰਦੇ। ਕਦੇ ਗੁਰੂਆਂ ਪੀਰਾਂ ਦੀਆਂ ਕਿੱਸੇ-ਕਹਾਣੀਆਂ ਨੂੰ ਦੁਹਰਾਉਂਦੇ। ਪਰ ਕਦੇ ਤੁਸੀਂ ਭਵਿੱਖ ਵਿਚ ਵਾਪਰਨ ਵਾਲੇ ਵਰਤਾਰਿਆਂ ਦੇ ਖ਼ੌਫ਼ ਨਾਲ ਖ਼ੁਦ ਨੂੰ ਵਿਚਲਿਤ ਕਰਦੇ।
ਕਦੇ ਤੁਸੀਂ ਇਨ੍ਹਾਂ ਉਦਾਸੀਆਂ ਨੂੰ ਵਿਚਲੇ ਜ਼ਿੰਦਾਬਾਦ ਦੇ ਹੋਕਰਿਆਂ ਨਾਲ ਲਰਜ਼ਾਉਂਦੇ ਪਰ ਕਈ ਵਾਰ ਇਹ ਉਦਾਸੀ ਤੁਹਾਨੂੰ ਕਬਰਾਂ ਦੇ ਰਾਹ ਮੋੜਦੀ, ਸਿਵਿਆਂ ਨੂੰ ਜਾਂਦੀ ਡੰਡੀ ਦਾ ਰਸਤਾ ਦਿਖਾਉਂਦੀ। ਕਦੇ ਇਹ ਤੁਹਾਡੇ ਮੋਢੇ `ਤੇ ਆਪਣਿਆਂ ਦੀ ਅਰਥੀ ਦਾ ਬੋਝ ਬਣਦੀ ਪਰ ਕਦੇ ਕਦੇ ਇਹ ਤੁਹਾਡੀ ਕੰਧੇੜੀ ਬੈਠੇ ਫੁੱਲਾਂ ਵਰਗੇ ਲਾਡਲੇ ਦੇ ਸਾਹਾਂ ਮਹਿਕਾਂ ਨਾਲ ਕੰਨ ਹੇੜੀ ਕਰ ਜਾਂਦੀ।
ਕਦੇ ਇਹ ਉਦਾਸੀ ਤੁਹਾਨੂੰ ਦਰਪੇਸ਼ ਸਮੱਸਿਆਵਾਂ ਦੀਆਂ ਘੁੰਮਣ-ਘੇਰੀਆਂ ਵਿਚ ਡੋਬ ਦਿੰਦੀ ਪਰ ਕਈ ਵਾਰ ਇਹ ਉਦਾਸੀ ਮੁਸ਼ਕਲਾਂ ਨੂੰ ਆਸਾਨ ਕਰਨ ਦਾ ਵਰਦਾਨ ਵੀ ਹੁੰਦੀ। ਕਦੇ ਇਹ ਤੁਹਾਡੀ ਤਲੀ `ਤੇ ਸ਼ਗਨਾਂ ਦੀ ਮਹਿੰਦੀ ਲਾਉਂਦੀ ਤੇ ਮਹਿੰਦੀ ਦੇ ਗੀਤ ਵੀ ਗੁਣਗੁਣਾਉਂਦੀ ਪਰ ਕਦੇ ਕਦੇ ਇਹ ਸੋਗਵਰ ਪਲਾਂ ਨੂੰ ਤੁਹਾਡੀ ਮਸਤਕੀ ਵਿਚ ਟਿਕਾਉਂਦੀ।
ਉਦਾਸੀ ਨਿਰੰਤਰ ਸਫ਼ਰ ਵਿਚ। ਲਗਾਤਾਰ ਬੀਤੇ ਹੋਏ, ਬੀਤ ਰਹੇ ਜਾਂ ਬੀਤਣ ਵਾਲੇ ਪਲਾਂ ਨੂੰ ਮਿਲਣ ਦਾ ਸਬੱਬ। ਖ਼ਾਬਾਂ-ਖ਼ਿਆਲਾਂ ਵਿਚ ਅਸੀਂ ਸਦਾ ਉਦਾਸੀਆਂ ‘ਚ। ਜਿੰਨਾ ਚਿਰ ਅਸੀਂ ਜਿਉਂਦੇ, ਜਾਗਦੇ, ਸਾਡੇ ਮਸਤਕ ਵਿਚ ਸੋਚ-ਪ੍ਰਵਾਹ ਚੱਲਦਾ, ਅਸੀਂ ਉਦਾਸੀ ਵਿਚ।
ਅਸੀਂ ਤਾਂ ਸੁੱਤਿਆਂ ਵੀ ਅਰਧ-ਚੇਤਨਾ ਵਿਚ ਸੁਪਨਿਆਂ ਰਾਹੀਂ ਉਦਾਸੀ `ਤੇ ਨਿਕਲਦੇ। ਪਤਾ ਨਹੀਂ ਕਿਹੜੇ ਅਕਾਸ਼ਾਂ, ਧਰਤੀਆਂ, ਸਮੁੰਦਰਾਂ ਅਤੇ ਜੰਗਲਾਂ ਨੂੰ ਗਾਹੁੰਦੇ। ਅਵਚੇਤਨ ਵਿਚ ਵਸੇ ਪਿੰਡ, ਘਰ, ਖੇਤ, ਖੂਹ, ਖ਼ਰਾਸ, ਮਿੱਤਰ, ਬੇਲੀ ਅਤੇ ਸਕੇ-ਸਬੰਧੀ, ਯਾਰ ਬੇਲੀ ਆਦਿ ਉਦਾਸੀ ਦੌਰਾਨ ਮਿਲਦੇ। ਤੁਹਾਡੇ ਨਾਲ ਮੂਕ ਗੱਲਬਾਤ ਕਰਦੇ। ਕੁਝ ਦੱਸਦੇ, ਕੁਝ ਪੁੱਛਦੇ, ਕੁਝ ਸੁਝਾਉਂਦੇ ਤੇ ਕੁਝ ਪੱਲੇ ‘ਚ ਪਾਉਂਦੇ। ਕਦੇ ਤੁਹਾਡੇ ਹੋਠਾਂ `ਤੇ ਮੁਸਕਰਾਹਟ ਫੈਲਦੀ ਅਤੇ ਕਦੇ ਤੁਹਾਡੇ ਚਿਹਰੇ `ਤੇ ਉਦਾਸੀ। ਕਦੇ ਖੌਫ਼ਜ਼ਦਾ ਅਤੇ ਕਦੇ ਬੇਖ਼ੌਫ਼। ਕਦੇ ਕੁਝ ਖੁੱਸ ਜਾਣ ਦਾ ਹੇਰਵਾ ਅਤੇ ਕਦੇ ਕੁਝ ਮਿਲਣ ਦਾ ਵਿਸਮਾਦ। ਕਦੇ ਅਰਧ ਚੇਤਨਾ ਵਾਲੀਆਂ ਉਦਾਸੀਆਂ ‘ਚ ਅਸੀਂ ਪਿਆਰਿਆਂ ਨੂੰ ਮਿਲਦੇ। ਉਨ੍ਹਾਂ ਦੀ ਪੀਢੀ ਗਲਵੱਕੜੀ ਵਿਚੋਂ ਮਿਲੀ ਸੱਜਣ ਦੇ ਪਿੰਡੇ ਦੀ ਮਹਿਕ, ਆਪਣੇ ਸਾਹਵਾਂ ਦੇ ਨਾਮ ਕਰਦੇ। ਕਦੇ ਅਚਨਚੇਤੀ ਅੱਖ ਖੁੱਲ੍ਹਣ `ਤੇ ਅੱਧ-ਵਿਚਕਾਰ ਰਹਿ ਗਈ ਉਦਾਸੀ ਦਾ ਦਰਦ। ਰੱਬ ਨੂੰ ਵੀ ਕੋਸਦੇ ਕਿ ਕਾਹਦੀ ਸੀ ਕਾਹਲ ਕਿ ਮੇਰੀ ਅੱਖ ਖੋਲ੍ਹ ਦਿੱਤੀ? ਕੀ ਤੇਰੇ ਕੋਲ ਕੁਝ ਹੋਰ ਸਮਾਂ ਨਹੀਂ ਸੀ ਕਿ ਬੰਦ ਅੱਖਾਂ ਨਾਲ ਸੁਪਨਈ ਉਦਾਸੀ ਦੀ ਇਲਹਾਮੀ ਅਵਸਥਾ ਨਿੱਘ ਮਾਣ ਸਕਦਾ?
ਉਦਾਸੀਆਂ ਦੇ ਕਿਸੇ ਮੋੜ `ਤੇ ਦੁੱਖ ਮਿਲਦੇ ਪਰ ਅਗਲੇ ਹੀ ਮੋੜ `ਤੇ ਸੁੱਖ ਮੁਸਕਰਾਉਂਦੇ। ਕਿਸੇ ਮੋੜ `ਤੇ ਗ਼ਮ ਅਤੇ ਪੀੜਾ ਦਾ ਸ਼ੋਰ ਅਤੇ ਪਰ ਕਿਸੇ ਮੋੜ ‘ਤੇ ਖ਼ੁਸ਼ੀਆਂ ਅਤੇ ਖੇੜਿਆਂ ਦਾ ਸੰਗੀਤਕ ਸੁਰ ਸੁਣਦੀ।
ਬੰਦਿਆਂ ਦੀਆਂ ਉਦਾਸੀਆਂ ਬਾਬੇ ਨਾਨਕ ਵਾਲੀਆਂ ਨਹੀਂ। ਇਹ ਆਮ ਵਿਅਕਤੀ ਦੀਆਂ, ਲੋੜਾਂ ਤੇ ਥੁੜ੍ਹਾਂ ਨੂੰ ਮਿਲਣ ਦੀਆਂ। ਤੰਗੀਆਂ-ਤੁਰਸ਼ੀਆਂ ਨਾਲ ਬਾਵਸਤਾ ਹੋਣ ਦੀਆਂ। ਨਿੱਕੀਆਂ ਨਿੱਕੀਆਂ ਸੋਚਾਂ ਅਤੇ ਸੁਪਨਿਆਂ ਦੀਆਂ ਗ਼ੁਲਾਮ। ਛੋਟੇ ਛੋਟੇ ਮੁਫ਼ਾਦਾਂ ਦੀਆਂ ਦੇਣਦਾਰ। ਸੀਮਤ ਜਿਹੇ ਦਾਇਰੇ ਵਿਚ ਸੁੰਗੜੀਆਂ। ਹਉਮੈਂ ਅਤੇ ਹੰਕਾਰ ਵਿਚ ਗ਼ਲਤਾਨ। ਰੁਤਬਿਆਂ ਦੇ ਗੁਮਾਨ ਵਿਚ ਲਿੱਬੜੀਆਂ। ਸਰਕਾਰੀ, ਧਾਰਮਿਕ ਜਾਂ ਸਮਾਜਿਕ ਧੌਂਸ ਦਾ ਪ੍ਰਤੱਖ ਰੂਪ। ਅਮਾਨਵੀ ਕਦਰਾਂ-ਕੀਮਤਾਂ ਦੀ ਕੋਝੀ ਤਸਵੀਰ ਨੇ ਇਹ ਉਦਾਸੀਆਂ। ਕਦੇ ਮੇਰਾ ਮਨ ਕਰਦਾ ਕਿ ਮੈਂ ਬਾਬੇ ਨਾਨਕ ਵਰਗੀ ਕਿਸੇ ਉਦਾਸੀ `ਤੇ ਜਾਵਾਂ। ਪਰ ਕੀ ਕਰਾਂ। ਬਾਬਾ ਨਾਨਕ ਹਰ ਕੋਈ ਥੋੜ੍ਹੇ ਬਣ ਸਕਦਾ। ਭਾਵੇਂ ਕਿ ਅੱਜ ਕੱਲ੍ਹ ਹਰ ਇਕ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਅਖਵਾਉਂਦਾ।
ਅਸੀਂ ਸਿਰਫ਼ ਉਦਾਸੀਆਂ ਖ਼ਾਤਰ ਹੀ ਉਦਾਸੀਆਂ ‘ਤੇ ਜਾਂਦੇ। ਉਦਾਸੀਆਂ ਵਿਚੋਂ ਕੁਝ ਵੀ ਨਹੀਂ ਸਿੱਖਦੇ ਅਤੇ ਨਾ ਹੀ ਕੁਝ ਸਿਖਾਉਂਦੇ। ਸਿਰਫ਼ ਇਕ ਭਰਮ ਭਾਲਦੇ ਕਿ ਅਸੀਂ ਉਦਾਸੀਆਂ `ਤੇ ਹਾਂ। ਭਰਮਧਾਰੀਆਂ ਵਿਚ ਅਸੀਂ ਸਾਰੇ ਸ਼ਾਮਲ। ਕੋਈ ਹਰਿਆ ਬੂਟਾ ਤਾਂ ਰਿਹਾ ਹੀ ਨਹੀਂ।
ਬੰਦਾ ਜਦ ਪੈਰਾਂ ਰਾਹੀਂ ਉਦਾਸੀ `ਤੇ ਨਿਕਲਦਾ ਤਾਂ ਉਹ ਜੰਗਲ, ਬੇਲੇ ਅਤੇ ਧਰਤੀਆਂ ਨੂੰ ਗਾਹੁੰਦਾ। ਵੱਖੋ-ਵੱਖਰੀਆਂ ਕੌਮਾਂ, ਨਸਲਾਂ, ਕਿੱਤਿਆਂ ਅਤੇ ਖ਼ਿੱਤਿਆਂ ਵਿਚੋਂ ਆਪਣੇ ਗਿਆਨ ਨੂੰ ਵਧਾਉਣ ਦੇ ਨਾਲ-ਨਾਲ, ਖ਼ੁਦ ਨੂੰ ਸਭ ਤੋਂ ਵੱਧ ਸਿਆਣਾ, ਸਮਝਦਾਰ, ਸਮਰੱਥ ਅਤੇ ਸੁਹਜਮਈ ਸਮਝਣ ਦਾ ਇਕ ਭਰਮ ਵੀ ਪਾਲਦਾ।
ਉਦਾਸੀਆਂ `ਤੇ ਸਿਰਫ਼ ਬੰਦਾ ਹੀ ਨਹੀਂ ਨਿਕਲਦਾ। ਸਗੋਂ ਕੁਦਰਤ ਦਾ ਹਰ ਜੀਵ ਹੀ ਉਦਾਸੀ ਵਿਚ। ਮਨੁੱਖੀ ਚੇਤਨਾ, ਚਿੰਤਨ, ਚਿੰਤਾ, ਚਾਹਨਾਂ ਅਤੇ ਚੇਤੇ ਵੀ ਉਦਾਸੀ ‘ਚ। ਇਹ ਸਾਡੇ ਪੈਰਾਂ, ਸੋਚਾਂ, ਸੁਪਨਿਆਂ, ਸ਼ਬਦਾਂ, ਸਾਧਨਾ, ਸਫਲਤਾਵਾਂ ਸਮਰਥਾਵਾਂ ਅਤੇ ਸੱਜਣਤਾਈ ਵਿਚ ਉੱਗੀ ਉਦਾਸੀ ਹੀ ਹੁੰਦੀ ਕਿ ਅਸੀਂ ਵਿਕਾਸ ਕਰਦੇ।
ਯਾਦਾਂ ਉਦਾਸੀ ਵਿਚ ਹੁੰਦੀਆਂ ਤਾਂ ਅਸੀਂ ਆਪਣੇ ਬੀਤੇ ਨੂੰ ਮਿਲਦੇ। ਆਪਣੇ ਤੋਂ ਦੂਰ ਤੁਰ ਗਏ ਸੱਜਣ/ਪਿਆਰਿਆਂ ਦੀਆਂ ਯਾਦਾਂ ਨਾਲ ਗੁਫ਼ਤਗੂ ਕਰਦੇ। ਉਨ੍ਹਾਂ ਨਾਲ ਮਾਣੇ ਹੋਏ ਪਲਾਂ ਨਾਲ ਬੀਤੇ ਨੂੰ ਮੁੜ ਤੋਂ ਜਿਉਂਦੇ। ਬੀਤੇ ਦੀਆਂ ਔਕੜਾਂ, ਮੁਸ਼ਕਲਾਂ ਅਤੇ ਮੁਸੀਬਤਾਂ ਵਿਚੋਂ ਨਿਕਲੀ ਉਸ ਚਾਨਣ-ਝੀਤ ਦਾ ਮੁੜ ਤੋਂ ਦੀਦਾਰ ਕਰਦੇ ਜਿਸ ਸਦਕਾ ਸਾਡੇ ਹਨੇਰੇ ਰਾਹਾਂ ਵਿਚ ਸਸਕਾਰ ਭਰ ਗਈ ਸੀ। ਸਾਡੇ ਥਿੜਕਦੇ ਪੈਰ ਸੰਭਲੇ। ਸਾਨੂੰ ਸਾਡੀ ਮੰਜ਼ਲ ਦਾ ਸਿਰਨਾਵਾਂ ਵੀ ਦਿਸਿਆ ਅਤੇ ਉਨ੍ਹਾਂ ਰਾਹਾਂ ਦੀ ਪਛਾਣ ਵੀ ਹੋ ਗਈ ਜਿਨ੍ਹਾਂ ਰਾਹੀਂ ਅਸੀਂ ਮਿਥੇ ਟੀਚਿਆਂ ਨੂੰ ਹਾਸਲ ਵੀ ਕੀਤਾ ਅਤੇ ਆਪਣੇ ਪਰਿਵਾਰ ਤੇ ਸਮਾਜ ਲਈ ਹਾਸਲ ਵੀ ਬਣੇ।
ਸੁਪਨੇ ਉਦਾਸੀ `ਤੇ ਨਿਕਲਦੇ ਤਾਂ ਜਵਾਨੀ ਵਿਚ ਲਏ ਸੁਪਨਿਆਂ ਦੇ ਤਿੜਕਣ ਦੀ ਚੀਸ ਅਤੇ ਫਿਰ ਮਨੋਬਲ ਨੂੰ ਉੱਚਾ ਕਰ ਕੇ ਸੁਪਨਿਆਂ ਦੀ ਪੂਰਤੀ ਦਾ ਅਹਿਸਾਸ ਵੀ ਮਿਲਦਾ। ਵਰਤਮਾਨ ਵਿਚ ਸੁਪਨੇ ਲੈਣ ਦੀ ਜਾਚ ਵੀ ਦੱਸਦੀਆਂ ਇਹ ਉਦਾਸੀਆਂ। ਇਨ੍ਹਾਂ ਉਦਾਸੀਆਂ ਦੇ ਨੈਣਾਂ ਥੀਂ ਅਸੀਂ ਭਵਿੱਖੀ ਸੁਪਨਿਆਂ ਦੀ ਝਾਤ ਵੀ ਪਾ ਲੈਂਦੇ ਅਤੇ ਫਿਰ ਇਨ੍ਹਾਂ ਦੀ ਪ੍ਰਾਪਤੀ ਲਈ ਤਰਜੀਹਾਂ ਅਤੇ ਤਦਬੀਰਾਂ ਘੜਨ ਵਿਚ ਰੁੱਝ ਜਾਂਦੇ। ਇਹ ਉਦਾਸੀਆਂ ਇਹ ਵੀ ਸਬਕ ਦਿੰਦੀਆਂ ਕਿ ਸੁਪਨਿਆਂ ਦੀਆਂ ਉਦਾਸੀਆਂ ਰੁੱਖ ਜਾਰੀ ਰਹਿਣੀਆਂ ਚਾਹੀਦੀਆਂ। ਕਿਉਂਕਿ ਸੁਪਨਿਆਂ ਦੇ ਜੀਣ ਤੀਕ ਹੀ ਤਾਂ ਮਨੁੱਖ ਜਿਉਂਦੇ। ਸੁਪਨਹੀਣ ਹੋਣ ਅਤੇ ਮਰਨ ਵਿਚ ਕੋਈ ਫ਼ਰਕ ਨਹੀਂ ਹੁੰਦਾ।
ਮਨੁੱਖੀ ਚੇਤਨਾ ਜਦ ਉਦਾਸੀਆਂ `ਤੇ ਨਿਕਲਦੀ ਤਾਂ ਫਿਰ ਸਮਾਜਿਕ ਕੋਹੜ, ਕੁਰੀਤੀਆਂ, ਤੇ ਕਮੀਆਂ ਦਾ ਮਨੋਵਿਗਿਆਨਕ, ਸਮਾਜਿਕ ਅਤੇ ਧਾਰਮਿਕ ਵਿਸ਼ਲੇਸ਼ਣ ਵਿਚੋਂ ਅਜੇਹੇ ਠੋਸ ਨਤੀਜਿਆਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੀ ਤੇ ਇਹ ਉਦਾਸੀ ਮਨੁੱਖ ਦਾ ਹਾਸਲ ਹੋ ਜਾਂਦੀ। ਮਨੁੱਖੀ ਸਰੋਕਾਰਾਂ ਦੀ ਸਜੀਵਤਾ, ਸੰਜੀਦਗੀ, ਸੁਹੱਪਣ ਅਤੇ ਸਦਾਕਤ ਵਿਚੋਂ ਜੀਵਨ ਦੀ ਆਸਥਾ ਨੂੰ ਕਿਆਸਣ ਦਾ ਵੱਲ ਸਿਖਾਉਂਦੀ। ਇਸ ਉਦਾਸੀ ਨੂੰ ਸੱਤੇ ਸਲਾਮਾਂ।
ਜ਼ਰੂਰੀ ਨਹੀਂ ਕਿ ਸਾਡੇ ਸੁੱਖ, ਸੁਵਿਧਾਵਾਂ, ਸਫਲਤਾਵਾਂ ਅਤੇ ਸੁਪਨਿਆਂ ਦਾ ਸੱਚ ਹੀ ਸਾਨੂੰ ਉਦਾਸੀਆਂ `ਤੇ ਤੋਰੇ। ਕਈ ਵਾਰ ਅਸੀਂ ਮਾਨਸਿਕ ਅਵਸਥਾ ਦੇ ਖ਼ਾਸ ਦੌਰ ਵਿਚ ਜਦ ਦੁੱਖਾਂ ਅਤੇ ਪੀੜਾਂ ਭਰੀਆਂ ਉਦਾਸੀਆਂ `ਤੇ ਤੁਰਦਿਆਂ ਖ਼ੁਦ ਨੂੰ ਮਹਿਸੂਸ ਕਰਦੇ ਤਾਂ ਅਹਿਸਾਸ ਹੁੰਦਾ ਕਿ ਜੀਵਨ ਵਿਚ ਪੀੜਾਂ ਦਾ ਆਉਣਾ ਅਤੇ ਦੁੱਖਾਂ ਦਾ ਟੱਕਰਨਾ ਬਹੁਤ ਅਹਿਮ। ਇਨ੍ਹਾਂ ਵਿਚੋਂ ਹੀ ਮਨੁੱਖ ਦੀ ਪਰਖ। ਇਸ ਕਸਵੱਟੀ `ਤੇ ਖਰਾ ਉੱਤਰਨ ਅਤੇ ਹਾਲਤਾਂ ਨੂੰ ਸਾਹਮਣੇ ਹੋ ਕੇ ਟੱਕਰਨ ਅਤੇ ਪੀੜਾ ਤੇ ਗ਼ਮ ਨੂੰ ਹਰਾ ਕੇ ਇਸ ਨੂੰ ਜੀਵਨ ਦਾ ਗਹਿਣਾ ਬਣਾਉਣਾ, ਮਨੁੱਖ ਦਾ ਮੂਲ ਸਿਧਾਂਤ ਹੋ ਜਾਂਦਾ। ਹੀਰੇ ਸਿਰਫ਼ ਤਰਾਸ਼ੇ ਹੀ ਜਾਂਦੇ। ਕੁਠਾਲੀ ਵਿਚ ਪੈ ਕੇ ਸੋਨੇ ਵਿਚ ਨਿਖਾਰ ਆਉਂਦਾ। ਗੋਦੜੀਆਂ ਦੇ ਲਾਲ, ਟੁਕੜਿਆਂ `ਤੇ ਪਲ ਕੇ ਕੱਖਾਂ ਦੀ ਕੁੱਲੀ ਦੇ ਮੱਥੇ `ਤੇ ਸੂਰਜ ਦਾ ਸਿਰਨਾਵਾਂ ਉੱਕਰਦੇ। ਅਜੇਹੀਆਂ ਉਦਾਸੀਆਂ ਇਤਿਹਾਸ ਹੁੰਦੀਆਂ ਅਤੇ ਆਉਣ ਵਾਲੀਆਂ ਨਸਲਾਂ ਲਈ ਸੇਧ। ਸਮਾਂ ਮਿਲੇ ਤਾਂ ਕਦੇ ਅਜੇਹੀ ਉਦਾਸੀ `ਤੇ ਜ਼ਰੂਰ ਨਿਕਲਣਾ ਕਿਉਂਕਿ ਇਹ ਉਦਾਸੀ ਤੁਹਾਨੂੰ ਸਕੂਨ ਨਾਲ ਭਰ ਦੇਵੇਗੀ।
ਜਦ ਸ਼ਬਦ ਉਦਾਸੀਆਂ `ਤੇ ਤੁਰਦੇ ਤਾਂ ਕੋਰੇ ਵਰਕਿਆਂ ਨੂੰ ਇਬਾਰਤ ਦਾ ਸਾਥ ਮਿਲਦਾ। ਇਸ ਉਦਾਸੀ ਵਿਚ ਸ਼ਬਦ ਕਦੇ ਕਵਿਤਾ ਬਣ ਕੇ ਹਾਵ ਭਾਵ ਪ੍ਰਗਟਾਉਂਦੇ, ਕਦੇ ਵਾਰਤਕ ਰਾਹੀਂ ਅੰਤਰੀਵ ਨੂੰ ਦਿਖਾਉਂਦੇ, ਕਦੇ ਕਿਸੇ ਕਹਾਣੀ, ਨਾਵਲ ਜਾਂ ਨਾਟਕ ਰਾਹੀਂ ਸਮਾਜਿਕ ਤਾਣੇ-ਬਾਣੇ ਦੀਆਂ ਤੰਦਾਂ ਦੀ ਬਣਤਰ, ਇਸ ਦੀਆਂ ਗੰਢਾਂ ਅਤੇ ਇਸ ਵਿਚ ਪੈਦਾ ਹੋਈ ਖਿੱਚੋਤਾਣ ਨੂੰ ਆਪਣੀ ਕੁੱਖ ਵਿਚ ਟਿਕਾਉਂਦੇ। ਇਹ ਸ਼ਬਦ-ਉਦਾਸੀਆਂ ਹੀ ਹੁੰਦੀਆਂ ਕਿ ਕਲਮ ਹਮੇਸ਼ਾ ਸਫ਼ਰ ਵਿਚ ਰਹਿੰਦੀ। ਸੋਚ ਤੇ ਸੰਵੇਦਨਾ ਹਮੇਸ਼ਾ ਨਵੀਆਂ ਪਰਤਾਂ ਫਰੋਲਦੀ ਅਤੇ ਨਵੀਆਂ ਤਹਿਆਂ ਦੀ ਨਿਸ਼ਾਨਦੇਹੀ, ਕੁਝ ਨਿਵੇਕਲਾ ਅਤੇ ਅਲੋਕਾਰਾ ਵਰਕਿਆਂ ਦੇ ਨਾਮ ਕਰ ਜਾਂਦੀ।
ਕਿਤਾਬਾਂ ਵੀ ਬਹੁਤ ਵਾਰੀ ਉਦਾਸੀ `ਤੇ ਨਿਕਲਦੀਆਂ ਤਾਂ ਇਹ ਹੋਰ ਬਹੁਤ ਸਾਰੀਆਂ ਕਿਤਾਬਾਂ ਨੂੰ ਜਨਮ ਦੇ ਕੇ ਆਪਣਾ ਮਾਂ-ਧਰਮ ਨਿਭਾਉਂਦੀਆਂ। ਕੁਝ ਨਵਾਂ ਸਿਰਜਣ ਦਾ ਕਾਰਜ ਕਰਦੀਆਂ। ਕਿਤਾਬਾਂ ਦੀ ਉਦਾਸੀ ਹੀ ਹੁੰਦੀ ਕਿ ਸਮੇਂ ਦੇ ਕਾਲਖ ਭਰੇ ਵਰਕਿਆਂ `ਤੇ ਚਿਰਾਗ਼ਾਂ ਦੀ ਲਾਮ-ਡੋਰੀ, ਚਾਨਣ ਦਾ ਸਿਰਨਾਵਾਂ ਬਣ ਕੇ ਸਮਿਆਂ ਨੂੰ ਸੂਰਜ-ਰੱਤਾ ਕਰ ਜਾਂਦੀ। ਅਰਦਾਸ ਕਰਿਆ ਕਰੋ ਕਿ ਕਲਮ, ਸੂਰਬੀਰਤਾ, ਸੋਚ, ਅਤੇ ਸਰੋਕਾਰੀ ਸਮਝ ਨਾਲ ਸਮੋਈਆਂ ਕਿਤਾਬਾਂ ਹਮੇਸ਼ਾ ਉਦਾਸੀ ਵਿਚ ਰਹਿਣ ਤਾਂ ਹੀ ਸਮਾਜਿਕ ਵਿਕਾਸ ਸੰਭਵ।
ਕਦੇ ਬਜ਼ੁਰਗਾਂ ਦੀਆਂ ਉਦਾਸੀਆਂ ਬਾਰੇ ਜਾਣਨ ਦੀ ਇੱਛਾ ਹੋਵੇ ਤਾਂ ਬਜ਼ੁਰਗਾਂ ਦੀ ਸੰਗਤ ਮਾਣਨਾ। ਉਨ੍ਹਾਂ ਦੇ ਜੀਵਨ-ਸੰਘਰਸ਼ ਨੂੰ ਸੁਣ ਕੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਉਹ ਅਜੇਹੀਆਂ ਉਦਾਸੀਆਂ ਤੋਂ ਭਾਵੇਂ ਅਣਜਾਣ ਹੋਣ ਪਰ ਉਹ ਵੀ ਸਦਾ ਉਦਾਸੀ ‘ਤੇ ਰਹੇ। ਕਦੇ ਹਲ ਨਾਲ ਖੇਤ ਵਾਹੁੰਦਿਆਂ ਸਿਆੜਾਂ ਅਤੇ ਬਲਦਾਂ ਨਾਲ ਗੱਲਾਂ ਕਰਦਿਆਂ, ਕਦੇ ਧਰਤੀ ਦੀ ਕੁੱਖ ਵਿਚ ਸੋਨ ਰੰਗੇ ਸੁਪਨੇ ਬੀਜਦਿਆਂ, ਕਦੇ ਇਨ੍ਹਾਂ ਸੁਪਨਿਆਂ ਦੀ ਪ੍ਰਫੁੱਲਤਾ ਦੀ ਆਸ ਵਿਚ ਮਨ ਦੀਆਂ ਤਰਜੀਹਾਂ ‘ਚ ਗੁਆਚਣਾ ਅਤੇ ਕਦੇ ਸੁਪਨਿਆਂ ਦੇ ਤਿੜਕਣ ਤੇ ਮਿੱਧੇ ਹੋਏ ਸੁਪਨਿਆਂ ਦੀ ਪੁਨਰ-ਸੁਰਜੀਤੀ ਲਈ ਮੁੱਢ ਤੋਂ ਉਦਾਸੀ ਨੂੰ ਨਵਾਂ ਨਾਮ ਦੇਣ ਦਾ ਕਰਮ। ਉਨ੍ਹਾਂ ਦੀਆਂ ਉਦਾਸੀਆਂ ਦਾ ਕਿਹਾ ਆਲਮ ਕਿ ਉਹ ਸੀਮਤ ਸਾਧਨਾਂ ਨਾਲ ਜੀਵਨ ਦੀ ਭਰਪੂਰਤਾ ਅਤੇ ਆਨੰਦਤਾ ਨੂੰ ਹਰ ਸਾਹੀਂ ਜਿਉਂਦੇ ਰਹੇ। ਅਜੇਹੀ ਉਦਾਸੀ ਅਜੋਕੀ ਪੀੜ੍ਹੀ ਤਾਂ ਕਿਆਸ ਵੀ ਨਹੀਂ ਕਰ ਸਕਦੀ।
ਬੰਦਾ ਅਕਸਰ ਹਮੇਸ਼ਾ ਬਾਹਰਲੀ ਉਦਾਸੀ ਵਿਚ ਲੀਨ। ਬਾਹਰੀ ਦੁਨੀਆ ਅਤੇ ਇਸ ਦੇ ਪ੍ਰਭਾਵਾਂ ਹੇਠ ਖ਼ੁਦ ਨੂੰ ਭੁਲਾਈ ਬੈਠਾ। ਖ਼ੁਦ ਦੀ ਨਹੀਂ ਲੈਂਦਾ ਸਾਰ ਅਤੇ ਆਪੇ ਨੂੰ ਬੈਠਾ ਏ ਵਿਸਾਰ। ਤਾਂ ਹੀ ਉਸ ਦਾ ਹੁੰਦਾ ਨਹੀਂ ਆਤਮਿਕ ਵਿਸਥਾਰ। ਅੰਤਰੀਵੀ ਤੌਰ `ਤੇ ਹਮੇਸ਼ਾ ਲੱਗਦਾ ਏ ਬਿਮਾਰ। ਕਦੇ ਉਹ ਹੁੰਦਾ ਹੀ ਨਹੀਂ ਖ਼ੁਦ ਨੂੰ ਮਿਲਣ ਲਈ ਤਿਆਰ ਤਾਂ ਹੀ ਉਸ ਦਾ ਜੀਵਨ ਏ ਸਦਾ ਬੇਕਾਰ। ਇਸ ਲਈ ਜ਼ਰੂਰੀ ਹੈ ਕਿ ਬੰਦਾ ਆਪਣੇ ਅੰਦਰਲੀ ਉਦਾਸੀ ਲਈ ਕਦੇ ਤਾਂ ਹੋਵੇ ਤਿਆਰ ਕਿਉਂਕਿ ਇਸ ਉਦਾਸੀ ਨੇ ਹੀ ਉਸ ਦੇ ਜੀਵਨ ਵਿਚੋਂ ਮਿਟਾਉਣਾ ਏ ਅੰਧਕਾਰ।
ਸਭ ਤੋਂ ਖ਼ੂਬਸੂਰਤ ਅਤੇ ਹੁਸੀਨ ਹੁੰਦਾ ਏ ਵਿਅਕਤੀ ਦਾ ਆਪਣੇ ਆਪ ਦੀ ਉਦਾਸੀ `ਤੇ ਤੁਰ ਪੈਣਾ। ਆਪੇ ਦੀ ਖੋਜ ਵਿਚ ਨਿਕਲਣਾ। ਖ਼ੁਦ ਦੀ ਪਛਾਣ ਕਰਨੀ ਕਿ ਮੈਂ ਕੌਣ ਹਾਂ? ਮੇਰੇ ਕੀ ਸਰੋਕਾਰ ਨੇ? ਮੇਰੇ ਕਿਹੜੇ ਸੁਪਨੇ? ਮੈਂ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਕਿੰਨਾ ਕੁ ਜੀਵਿਆ? ਕਿੰਨੀ ਬੀਤੀ ਅਤੇ ਕਿੰਨੀ ਬਾਕੀ? ਕਿੰਨੀ ਕੱਟੀ ਅਤੇ ਕਿੰਨੀ ਮਾਣੀ? ਕਿੰਨੀ ਹੁਸੀਨ ਤੇ ਕਿੰਨੀ ਗ਼ਮਗੀਨ? ਕਿੰਨੀ ਗੁਰਬਤ ‘ਚ ਲਪੇਟੀ ਅਤੇ ਕਿੰਨੀ ਨਿਆਮਤਾਂ ਸੰਗ ਸਮੇਟੀ? ਕਿੰਨੀ ਮਾਂਗਵੀਂ ਅਤੇ ਕਿੰਨੀ ਖ਼ੁਦਦਾਰੀ ਦੀ? ਕਿੰਨੀ ਦੁੱਖਾਂ ਦੀ ਵਹਿੰਗੀ ਅਤੇ ਕਿੰਨੀ ਜੀਵਨ ਹੁਲਾਸੇ? ਇਹ ਉਦਾਸੀ ਤੁਹਾਡਾ ਆਪਣਾ ਲੇਖਾ ਜੋਖਾ। ਆਪਣੇ ਹੱਥੀਂ ਆਪਣੀ ਕਿਰਤ-ਵਹੀ ਦਾ ਹਿਸਾਬ-ਕਿਤਾਬ। ਕਿੰਨੀਆਂ ਲਾਲ ਲਕੀਰਾਂ, ਕਿੰਨੇ ਕਾਟੇ ਅਤੇ ਕਿੰਨੀਆਂ ‘ਚੋਂ ਰੌਸ਼ਨੀ ਦੀਆਂ ਚਿਣਗਾਂ ਦਾ ਉਜਿਆਰਾ।
ਯਾਰੋ! ਅੰਤਰੀਵੀ ਉਦਾਸੀ `ਤੇ ਜ਼ਰੂਰ ਨਿਕਲਿਆ ਕਰੋ। ਦੇਖਣਾ ਕੁਝ ਸਮੇਂ ਬਾਅਦ ਤੁਹਾਨੂੰ ਆਪਣਾ ਆਪਾ ਬਹੁਤ ਹੀ ਸੱਚਾ, ਸੁੱਚਾ ਅਤੇ ਅਪਣੱਤ ਭਰਿਆ ਮਹਿਸੂਸ ਹੋਵੇਗਾ। ਤੁਹਾਡੀ ਖ਼ੁਸ਼ਬੂ ਚੌਗਿਰਦੇ ਨੂੰ ਸੁਗੰਧਿਤ ਕਰੇਗੀ ਅਤੇ ਜ਼ਿੰਦਗੀ ਜ਼ਿੰਦਾਬਾਦ ਹੋਵੇਗੀ।