ਗੁਲਜ਼ਾਰ ਸਿੰਘ ਸੰਧੂ
ਦਿਨ ਪਰ ਦਿਨ ਭਾਰਤ ਵਿਚ ਵਧ ਰਹੇ ਕੁਕਰਮ ਚਿੰਤਾਂ ਦਾ ਵਿਸ਼ਾ ਹਨ| ਸੋਮਵਾਰ 19 ਅਗਸਤ ਵਾਲੇ ਤਿੰਨ ਪੰਜਾਬੀ ਸਮਾਚਾਰ ਪੱਤਰਾਂ ‘ਅਜੀਤ’, ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਅਤੇ ਦੋ ਅੰਗਰੇਜ਼ੀ ਭਾਸ਼ਾ ਵਾਲੇ ਪੱਤਰਾਂ ‘ਟਾਈਮਜ਼ ਆਫ ਇੰਡੀਅ’ ਤੇ ‘ਦਿ ਟ੍ਰਿਬਿਊਨ’ ਨੇ ਕੋਲਕਾਤਾ ਬਲਾਤਕਾਰ ਤੇ ਕਤਲ ਦੇ ਮਾਮਲੇ ਸਮੇਤ ਚਾਰ ਬਲਾਤਕਾਰਾਂ ਦੀ ਖਬਰ ਲਾਈ ਹੈ|
ਇਨ੍ਹਾਂ ਵਿਚ ਦੇਹਰਾਦੂਨ ਦੇ ਬੱਸ ਅੱਡੇ ਉੱਤੇ ਪੰਜ ਬੰਦਿਆਂ ਵਲੋਂ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ, ਬੈਂਗਲੁਰੂ ਵਿਚ ਮੋਟਰਸਾਈਕਲ ਸਵਾਰ ਕੋਲੋਂ ਲਿਫਟ ਲੈਣ ਵਾਲੀ ਵਿਦਿਆਰਥਣ ਦੀ ਕੁੱਟਮਾਰ ਪਿੱਛੋਂ ਬਲਾਤਕਾਰ ਤੇ ਜੋਧਪੁਰ ਦੀ ਤਿੰਨ ਸਾਲਾ ਬੱਚੀ ਨਾਲ ਵਹਿਸ਼ੀ ਬਲਾਤਕਾਰ ਦੇ ਸਮਾਚਾਰ ਸ਼ਾਮਲ ਹਨ|
ਇਨ੍ਹਾਂ ਬਲਾਤਕਾਰੀਆਂ ਦੇ ਬੀਜ ਰੋਗੀ ਮਾਨਸਿਕਤਾ ਵਿਚ ਹਨ ਜਿਹੜੀ ਉਨ੍ਹਾਂ ਨੂੰ ਪਾਲਣ ਵਾਲਿਆਂ ਦੀ ਅਣਗਹਿਲੀ ਕਾਰਨ ਹੋਈ| ਨਿਸ਼ਚੇ ਹੀ ਉਨ੍ਹਾਂ ਦੇ ਬਚਪਨ ਵਿਚ ਉਨ੍ਹਾਂ ਦੇ ਮਾਪੇ ਰੋਜ਼ੀ ਰੋਟੀ ਲਈ ਕੰਮ ਉੱਤੇ ਜਾਣ ਸਮੇਂ ਉਨ੍ਹਾਂ ਨੂੰ ਇਕੱਲੇ ਛਡਦੇ ਰਹੇ ਤੇ ਮਾੜਾ ਚੌਗਿਰਦਾ ਉਨ੍ਹਾਂ ਦੀ ਖਿੱਚ ਦਾ ਕੇਂਦਰ ਬਣਦਾ ਰਿਹਾ ਹੈ| ਫੜੇ ਜਾਣ ਉਪ੍ਰੰਤ ਉਨ੍ਹਾਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਤਾਂ ਮਨੋਵਿਗਿਆਨੀ ਹੀ ਦੱਸ ਸਕਦੇ ਹਨ ਪਰ ਸਾਰੇ ਅਮੀਰ ਤੇ ਗਰੀਬ ਮਾਪਿਆਂ ਨੂੰ ਏਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਕਿ ਜੇ ਉਹ ਆਪਣੀ ਔਲਾਦ ਦਾ ਪਾਲਣ ਪੋਸ਼ਣ ਲੋੜੀਂਦੇ ਢੰਗ ਨਾਲ ਨਹੀਂ ਕਰ ਸਕਦੇ ਤਾਂ ਕੇਵਲ ਓਨੇ ਹੀ ਬੱਚੇ ਪੈਦਾ ਕਰਨ ਜਿੰਨਿਆਂ ਨੂੰ ਸਾਂਭ ਸਕਦੇ ਹਨ|
ਇੱਕ ਨਾਬਾਲਗ ਬੱਚੀ ਦਾ ਬਲਾਤਕਾਰ, ਖਾਸ ਕਰਕੇ ਬੱਸ ਅੱਡੇ ਵਰਗੇ ਜਨਤਕ ਸਥਾਨ ਉੱਤੇ, ਉਸਦੇ ਮਨ ਉੱਤੇ ਕਿਹੋ ਜਿਹਾ ਪ੍ਰਭਾਵ ਪਾਉਂਦਾ ਹੈ ਤੇ ਸਮਾਜ ਪ੍ਰਤੀ ਕਿਸ ਤਰ੍ਹਾਂ ਦੀ ਧਾਰਨਾ ਬਣਾਉਂਦਾ ਹੈ ਇਹ ਵੀ ਸੋਚਣ ਵਾਲੀ ਗੱਲ ਹੈ| ਵਿਸ਼ਾ ਵੱਡਾ ਹੈ ਤੇ ਗੰਭੀਰ ਮੰਥਨ ਦੀ ਮੰਗ ਕਰਦਾ ਹੈ|
ਭਾਰਤ ਮਾਲਦੀਵ ਏਕਤਾ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਸੱਜਰੀ ਮਾਲਦੀਵ ਫੇਰੀ ਨੇ ਮੈਨੂੰ 1976 ਦਾ ਮਾਲਦੀਵ ਯਾਦ ਕਰਵਾ ਦਿੱਤੀ ਹੈ ਜਦੋਂ ਮੈਂ ਡੇਢ ਮਹੀਨਾ ਉਥੇ ਰਿਹਾ ਸੀ| ਜਿਸ ਸੜਕ ਨੂੰ ਭਾਰਤੀ ਸਹਾਇਤਾ ਨਾਲ 4 ਲੇਨ ਕਰਨ ਦੇ ਉਦਘਾਟਨ ਲਈ ਵਿਦੇਸ਼ੀ ਮੰਤਰੀ ਉਥੇ ਗਏ ਸਨ ਮੈਂ ਸਵੇਰੇ ਸੈਰ ਕਰਦਿਆਂ ਉਸ ਉੱਤੇ ਸਾਗਰ ਦੀਆਂ ਛੱਲਾਂ ਨਾਲ ਸੜਕ `ਤੇ ਡਿੱਗੀਆਂ ਮੱਛੀਆਂ ਵੇਖਦਾ ਹੁੰਦਾ ਸਾਂ| ਮਾਲਦੀਵ ਦੇ ਵਸਨੀਕਾਂ ਦੀ ਮੂਲ ਖੁਰਾਕ ਮੱਛੀ ਹੈ ਤੇ ਮੈਂ ਉਥੋਂ ਦੇ ਬੱਚਿਆਂ ਬੁੱਢਿਆਂ ਨੂੰ ਇਹ ਮੱਛੀਆਂ ਚੁੱਕ ਕੇ ਖ਼ੁਸ਼ੀ ਖ਼ੁਸ਼ੀ ਘਰ ਲਿਜਾਂਦੇ ਤੱਕਿਆ| ਕੁਝ ਏਸ ਤਰ੍ਹਾਂ ਜਿਵੇਂ ਹੁਸ਼ਿਆਰਪੁਰ ਤੇ ਅੰਬਾਲਾ ਜ਼ਿਲਿ੍ਹਆਂ ਦੇ ਵਸਨੀਕ ਸੜਕਾਂ ਦੇ ਕੰਢੇ ਵਾਲੇ ਅੰਬਾਂ ਦੇ ਰੁੱਖਾਂ ਤੋਂ ਹਨੇਰੀ ਨਾਲ ਝੜੇ ਅੰਬ ਚੁੱਕਿਆ ਕਰਦੇ ਸਨ| ਮੈਨੂੰ ਇਹ ਜਾਣ ਕੇ ਵਿਸ਼ੇਸ਼ ਪ੍ਰਸੰਨਤਾ ਹੋਈ ਕਿ ਭਾਰਤ ਨੇ ਪਿਛਲੇ ਕੁਝ ਸਾਲਾਂ ਵਿਚ ਮਾਲਦੀਵ ਲਈ 22 ਕਰੋੜ ਅਮਰੀਕਨ ਡਾਲਰ ਦਾ ਨਿਵੇਸ਼ ਕੀਤਾ ਹੈ| ਵਿਦੇਸ਼ ਮੰਤਰੀ ਦੇ ਇਹ ਵੀ ਕਿਹਾ ਕਿ ਭਾਰਤ ਉਥੇ ਸੈਰ ਸਪਾਟੇ ਦੇ ਵਸੀਲੇ ਪੈਦਾ ਕਰਨ ਲਈ ਵਧੇਰੇ ਨਿਵੇਸ਼ ਦਾ ਰਾਹ ਲਭ ਰਿਹਾ ਹੈ| ਮਾਲਦੀਵ ਸਮੁੰਦਰ ਦੀ ਸਤਾਹ ਤੋਂ ਕੇਵਲ ਅੱਠ ਫੁੱਟ ਉੱਚਾ ਹੈ ਪਰ ਇਸਨੇ ਅੱਜ ਤੱਕ ਉਹ ਘੜੀ ਨਹੀਂ ਵੇਖੀ ਜਦ ਸਾਗਰ ਦੀਆਂ ਛੱਲਾਂ ਨੇ ਇਸਨੂੰ ਕੋਈ ਨੁਕਸਾਨ ਪਹੁੰਚਾਇਆ ਹੋਵੇ| ਸਗੋਂ ਮੱਛੀਆਂ ਦਾਨ ਕਰਦਾ ਹੈ ਜਿਹੜੀਆਂ ਵਸੋਂ ਦਾ ਖਾਣਾ ਬਣਦੀਆਂ ਹਨ|
ਇਹ ਜਾਣ ਕੇ ਹੈਰਾਨ ਨਾ ਹੋਣਾ ਕਿ ਏਥੋਂ ਦੀ ਪੁਲੀਸ ਤੇ ਸੇਨਾ ਕੋਲ ਡੰਡੇ ਤੋਂ ਵੱਡਾ ਕੋਈ ਹਥਿਆਰ ਨਹੀਂ| ਰਸਮ ਰਿਵਾਜ ਵੀ ਅੰਤਾਂ ਦੇ ਅਜੀਬ ਹਨ| ਕੋਈ ਬੰਦਾ ਜਿੰਨੇ ਮਰਜ਼ੀ ਵਿਆਹ ਕਰ ਲਵੇ ਪਰ ਇੱਕ ਸਮੇਂ ਇੱਕ ਤੋਂ ਵੱਧ ਨਹੀਂ| ਇਹ ਵੀ ਕਿ ਜੇ ਕੋਈ ਬੰਦਾ ਆਪਣੀ ਤਲਾਕਸ਼ੁਦਾ ਬੀਬੀ ਨੂੰ ਮੁੜ ਵਿਆਹੁਣਾ ਚਾਹੇ ਤਾਂ ਉਸ ਬੀਵੀ ਨੂੰ ਉਥੋਂ ਦੇ ਕਾਨੂੰਨ ਅਨੁਸਾਰ ਆਪਣੇ ਪਤੀ ਨਾਲ ਸੰਭੋਗ ਤੋਂ ਪਹਿਲਾਂ ਕਿਸੇ ਹੋਰ ਦੀ ਦੁਲਹਨ ਹੋਣਾ ਪੈਂਦਾ ਸੀ ਭਾਵੇਂ ਇੱਕ ਦੋ ਦਿਨਾਂ ਵਾਸਤੇ ਹੀ| ਉਥੇ ਅਜਿਹੀ ਸ਼ਾਦੀ ਕਰਨ ਵਾਲੇ ਮਰਦ ਵੀ ਮਿਲ ਜਾਂਦੇ ਹਨ ਪਰ ਉਨ੍ਹਾਂ ਨੂੰ ਮਾਲਦੀਵ ਭਾਈਚਾਰਾ ਏਦਾਂ ਹੀ ਨਫਰਤ ਕਰਦਾ ਸੀ ਜਿਵੇਂ ਸਾਡੇ ਦੇਸ਼ਵਾਸੀ ਦੱਲਿਆਂ ਨੂੰ ਕਰਦੇ ਹਨ|
ਇਸ ਨਿਕਚੂ ਦੇਸ਼ ਦੇ ਰਸਮ ਰਿਵਾਜ ਕਿਹੋ ਜਿਹੇ ਵੀ ਹੋਣ ਭਾਰਤ ਨੂੰ ਇਹਦੇ ਨਾਲ ਬਣਾ ਕੇ ਰੱਖਣੀ ਪੈਂਦੀ ਹੈ| ਸਮੁੰਦਰ ਵਿਚ ਇਸਦੀ ਰਣਨੀਤਕ ਅਹਿਮੀਅਤ ਸਦਕਾ ਦਿੱਲੀ ਵਲੋਂ ਮਾਲਦੀਵ ਦਾ ਪੰਜ ਕਰੋੜ ਡਾਲਰ ਦਾ ਖਜ਼ਾਨਾ ਬਿੱਲ ਅਗਾਂਹ ਪਾ ਕੇ ਇਸਦੀ ਮਿਆਦ ਵਿਚ ਇੱਕ ਸਾਲ ਦਾ ਵਾਧਾ ਕਰਨਾ ਵੀ ਇਸੇ ਭਾਵਨਾ ਦਾ ਹਿੱਸਾ ਹੈ| ਭਾਵੇਂ ਚੀਨ ਵੀ ਮਾਲਦੀਵ ਵਲ ਮਿੱਤਰਤਾ ਦਾ ਹੱਥ ਵਧਾ ਰਿਹਾ ਹੈ ਪਰ ਮਾਲਦੀਵ ਦਾ ਆਰਥਕ ਵਿਕਾਸ ਮੰਤਰੀ ਮੁਹੰਮਦ ਸਈਅਦ ਚੀਨ ਦੇ ਇਕ ਦੌਰੇ ਵਿਚ ਉਥੋਂ ਦੇ ਟੀਵੀ ਚੈਨਲ `ਤੇ ਆਪਣੇ ਦੇਸ਼ ਦੇ ਆਰਥਿਕ ਵਿਕਾਸ ਲਈ ਭਾਰਤ ਦੀ ਅਹਿਮੀਅਤ ਦਰਸਾ ਚੁੱਕਿਆ ਹੈ| ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਸੱਜਰੀ ਮਾਲਦੀਵ ਫੇਰੀ ਨੂੰ ਇਸ ਪ੍ਰਸੰਗ ਵਿਚ ਦੇਖਣ ਦੀ ਲੋੜ ਹੈ|
ਸੁਰਿੰਦਰ ਗਿੱਲ ਦਾ ਉੱਚਾ ਨੀਵਾਂ ਜੀਵਨ ਦਰਪਣ
ਮੈਂ ਸੁਰਿੰਦਰ ਗਿੱਲ ਨੂੰ ਕਵੀ ਵਜੋਂ ਜਾਣਿਆ ਹੈ| ਕਿਸੇ ਵੇਲੇ ਉਹਦੇ ਵਲੋਂ ਗਾ ਕੇ ਸੁਣਾਈ ਕਵਿਤਾ ‘ਛੱਟਾ ਚਾਨਣ ਦਾ ਦੇਈ ਜਾਣਾ|’ ਮੇਰੇ ਮਨ ਵਿਚ ਹਾਲੀ ਤੱਕ ਵੱਸੀ ਹੋਈ ਹੈ| ਉਹ ਰਘਬੀਰ ਸਿੰਘ ਸਿਰਜਣਾ ਤੇ ਸੁਲੇਖਾ ਜੋੜੀ ਦੇ ਨੇੜੇ ਰਿਹਾ ਹੈ ਤੇ ਮੈਂ ਉਸਦੇ ਬਚਪਨ ਤੇ ਜਵਾਨੀ ਨੂੰ ਉਨ੍ਹਾਂ ਰਾਹੀਂ ਜਾਣਿਆ ਹੈ| ਅਸਲੀਅਤ ਕਿੰਨੀ ਦਿਲ-ਚੀਰਵੀਂ ਸੀ ਹੁਣੇ ਹੁਣੇ ਛਪੀ ਉਸਦੀ ਪੁਸਤਕ ਦੋਸਤੀ ਦੀ ਸੂਹੀ ਲਾਟ ਦੇ ਵਰਕੇ ਫਰੋਲਦਿਆਂ ਪਤਾ ਲੱਗੀ ਹੈ| ਖਾਸ ਕਰਕੇ ਚਾਰ ਕੁ ਵਰ੍ਹੇ ਦੀ ਉਮਰੇ ਉਸ ਘੜੀ ਜਦੋਂ ਉਸਦੀ ਮਾਂ ਪਰਲੋਕ ਸਿਧਾਰ ਗਈ| ਉਪਰ ਵਾਲਾ ਰੱਬ ਮਾਵਾਂ ਤਾਂ ਕਈ ਬੱਚਿਆਂ ਤੋਂ ਖੋਹੰਦਾ ਰਿਹਾ ਹੈ ਪਰ ਹਰ ਕਿਸੇ ਨੇ ਉਹ ਘੜੀ ਨਹੀਂ ਤੱਕੀ ਹੋਣੀ ਜਦੋਂ ਇਹ ਕਾਰਾ ਅਣਭੋਲ ਤੇ ਅਚੇਤ ਹੀ ਵਾਪਰ ਗਿਆ, ਤੇ ਉਹ ਵੀ ਬਾਲਕ ਉਮਰੇ| ਗਿੱਲ ਉਸ ਵਿਚੋਂ ਲੰਘਿਆ ਹੈ|
ਉਸਨੇ ਮੁਢਲੀ ਤੇ ਐਮ ਏ ਤੱਕ ਦੀ ਵਿਦਿਆ ਦੇ ਏਨੇ ਵਰ੍ਹੇ ਕਿਵੇਂ ਕੱਟੇ ਹੋਣਗੇ ਇਸਦਾ ਤਾਂ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ ਪਰ ਵਿਦਿਆ ਪ੍ਰਾਪਤੀ ਤੋਂ ਪਿੱਛੋਂ ਅਚਾਨਕ ਟੀ.ਬੀ. ਮੈਨੇਜਾਈਟਸ ਦੀ ਲਪੇਟ ਵਿਚ ਆ ਕੇ ਦਇਆਨੰਦ ਹਸਪਤਾਲ ਵਿਚ ਦਾਖਲ ਹੋਣਾ ਤੇ ਆਏ ਗਏ ਨੂੰ ਨਾ ਪਹਿਚਾਨਣਾ ਬੜਾ ਦੁਖਦਾਈ ਬਿਰਤਾਂਤ ਹੈ| ਹਥਲੀ ਪੁਸਤਕ ਵਿਚ ਲੇਖਕ ਨੇ ਇਹ ਕੁਝ ਲਿਖਿਆ ਹੈ| ਉਸਦੇ ਆਪਣੇ ਸ਼ਬਦਾਂ ਵਿਚ ਇਸ ਪੁਸਤਕ ਵਿਚਲੇ ਲੇਖ ਕਿਸੇ ਗਿਣੀ-ਮਿੱਥੀ ਯੋਜਨਾ ਜਾਂ ਉਦੇਸ਼ ਨੂੰ ਮੁੱਖ ਰੱਖ ਕੇ ਨਹੀਂ ਲਿਖੇ; ਅਖਬਾਰਾਂ ਦੇ ਕਹਿਣ ਉੱਤੇ ਗਾਹੇ-ਬਗਾਹੇ ਲਿਖੇ ਸਨ| ਉਸਦੇ ਜੀਵਨ ਤੇ ਨਿੱਜ ਨਾਲ ਬੀਤੀਆਂ ਘਟਨਾਵਾਂ ਸਮੇਤ; ਜਿਸ ਵਿਚ ਮੋਹਨ ਸਿੰਘ, ਸ਼ਿਵ ਬਟਾਲਵੀ, ਡਾਕਟਰ ਸੀਤਾ ਤੇ ਖੱਬੇ ਪੱਖੀ ਪੰਡਤ ਕਿਸ਼ੋਰੀ ਲਾਲ ਨੂੰ ਪਹਿਲ ਦਿੱਤੀ ਹੈ|
ਇਸ ਵਿਚ ਲੋਪ ਹੋ ਰਿਹਾ ਪਿੰਡ ਹੀ ਨਹੀਂ, ਪਿੰਡ ਦੇ ਲੋਕ ਵੀ ਹਨ| ਉਨ੍ਹਾਂ ਦੇ ਗੀਤ ਮ੍ਰਿਤੂ, ਸਿਆਪਾ ਤੇ ਸਭਿਆਚਾਰਕ ਟੋਟਕੇ ਵੀ| ਨਮੂਨਾ ਪੇਸ਼ ਹੈ|
ਬਜ਼ੁਰਗ ਬਾਬਾ ਘਰ ਦੇ ਦਰਾਂ ਅੰਦਰ, ਮੰਜਾ ਡਾਹ ਕੇ ਬੈਠਾ ਜਾ ਲੰਮਾ ਪਿਆ ਰਹਿੰਦਾ| ਪਾਸ ਹੀ ਪਿਆ ਹੁੰਦਾ ਉਸਦਾ ਖੂੰਡਾ ਤੇ ਪਾਣੀ ਦੀ ਗੜਬੀ; ਮੱਛਰ ਮੱਖੀ ਦੀ ਰੋਕ ਲਈ ਕੌਲ ਨਾਲ ਢਕੀ ਹੋਈ| ਉਹ ਹਰ ਆਏ ਗਏ ਨੂੰ ‘ਕੌਣ, ਕਿਹੜਾ’ ਪੁੱਛਦਾ ਤੇ ਲੰਘਾ ਦਿੰਦਾ| ਘਰਾਂ ਮੂਹਰੇ ਧੁੱਪ ਸੇਕਦੇ ਪੋਤੇ ਪੋਤੀਆਂ ਨੂੰ ਆਵਾਜ਼ਾਂ ਮਾਰ ਕੇ ਬੁਲਾਉਂਦਾ ਤੇ ਪੂਰੀ ਖ਼ਬਰ ਸਾਰ ਰਖਦਾ| ਸਿਆਲ ਦੀਆਂ ਰਾਤਾਂ ਨੂੰ ਉਸਦਾ ਕੰਮ ਇਨ੍ਹਾਂ ਬਾਲਕਾਂ ਨੂੰ ਅਨੋਖੀਆਂ ਤੇ ਰੋਚਕ ਕਹਾਣੀਆਂ ਸੁਣਾ ਕੇ ਹਸਾਉਣਾ ਹੁੰਦਾ|
ਉਂਝ ਸ਼ਾਮ ਹੁੰਦੀ ਤਾਂ ਸਾਰੇ ਪਿੰਡ ਵਾਲੇ ਘਰਾਂ ਨੇੜਲੀ ਸੱਥ ਵਿਚ ਜਾ ਬੈਠਦੇ| ਇਹ ਸੱਥ ਇੱਕ-ਇੱਕ, ਦੋ-ਦੋ ਕਰਕੇ ਭਰਦੀ ਜਾਂਦੀ ਤੇ ਰੌਣਕ ਲੱਗ ਜਾਂਦੀ| ਏਥੇ ਸਧਾਰਨ ਦੁਖ-ਸੁਖ ਤੋਂ ਤੁਰਦੀ ਗੱਲ ਕਿਤੇ ਦੀ ਕਿਤੇ ਪੁੱਜ ਜਾਂਦੀ| ਪਿੰਡ ਦੀ ਕੋਈ ਘਟਨਾ; ਖੇਡ, ਪੈਲੀਆਂ, ਮੌਸਮ, ਨਵੀਂ ਵਾਰਦਾਤ ਗੁਆਂਢੀ ਪਿੰਡ ਤੋਂ ਆਈ ਕਨਸੋਅ| ਸੱਥ ਕਈ ਰੂਪ ਬਦਲਦੀ| ਕਦੇ ਸੁਧਾਰ ਸਭਾ, ਕਦੇ ਸਤਿਸੰਗ, ਕਦੇ ਕਾਰਜ ਕਾਰਨੀ ਤੇ ਕਦੇ ਚੁਗਲ ਦਰਬਾਰ| ਸਭ ਕੁਝ ਸਾਦ ਮੁਰਾਦਾ, ਸਾਫ ਤੇ ਸਪੱਸ਼ਟ| ਏਥੇ ਝੂਠ ਬੋਲਣਾ ਪਾਪ ਸੀ| ਇੱਕ ਨਾ ਬਖਸ਼ਿਆ ਜਾਣ ਵਾਲਾ ਗੁਨਾਹ| ਜੇ ਨਿਯਮ ਟੁਟਦੇ ਤਾਂ ਭਾਈਚਾਰੇ ਵਿਚ ਹੀ ਨਜਿੱਠ ਲਏ ਜਾਂਦੇ| ਪੰਚਾਇਤ ਦਾ ਫੈਸਲਾ ਸਤਿ ਕਰਕੇ ਮੰਨਿਆ ਜਾਂਦਾ| ਇਹ ਪਿੰਡ ਦੀ ਵਿਧਾਨ ਸਭਾ ਵੀ ਹੁੰਦੀ ਤੇ ਸੰਸਦ ਵੀ|
ਅੰਤਿਕਾ
ਨੂਰ ਮੁਹੰਮਦ ਨੂਰ॥
ਵਿਚ ਗੁਦਾਮਾ ਥਾਂ ਨਾ ਲੱਭੇ, ਦਾਣਾ ਫੱਕਾ ਸਾਂਭਣ ਨੂੰ,
ਸੀਰੀ ਦੇ ਘਰ ਖਾਲੀ ਭਾਂਡੇ-ਟੀਡੇਂ ਦੀ ਕੰਗਾਲੀ ਵੇਖ|