ਓਲੰਪੀਅਨਾਂ ਦੀ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ

ਪ੍ਰਿੰ. ਸਰਵਣ ਸਿੰਘ
ਵਿਨੇਸ਼ ਫੋਗਾਟ ਓਲੰਪਿਕ ਚੈਂਪੀਅਨ ਬਣ ਰਹੀ ਸੀ। ਅਫਸੋਸ ਕਿ ਬਣਦੀ ਬਣਦੀ ਰਹਿ ਗਈ। ਸੈਮੀ ਫਾਈਨਲ ਜਿੱਤ ਕੇ ਵੀ ਉਸ ਨੂੰ ਕੋਈ ਮੈਡਲ ਨਾ ਮਿਲਿਆ। ਉਹਦੇ ਨਾਲ ਜੱਗੋਂ ਤੇਰ੍ਹਵੀਂ ਹੋਈ। ਦੇਸ Lਵਾਸੀ ਤਾਂ ਕੀ ਵਿਦੇਸ਼ੀ ਵੀ ਕਹਿੰਦੇ ਹਨ ਕਿ ਵਿਨੇਸ਼ ਨਾਲ ਡਾਢਾ ਅਨਿਆਂ ਹੋਇਆ। ਕੋਈ ਇਹਦੇ ਪਿੱਛੇ ਸਾਜ਼ਿਸ਼ ਦੱਸ ਰਿਹੈ, ਕੋਈ ਉਹਦੇ ਵੱਲੋਂ ਲੜੇ ਜੁਝਾਰੂ ਸੰਘਰਸ਼ ਦਾ ਬਦਲਾ। ਆਮ ਲੋਕਾਂ ਦੀਆਂ ਨਜ਼ਰਾਂ `ਚ ਉਹ ਫਿਰ ਵੀ ਓਲੰਪੀਅਨਾਂ ਦੀ ਓਲੰਪੀਅਨ ਤੇ ਚੈਂਪੀਅਨਾਂ ਦੀ ਚੈਂਪੀਅਨ ਹੈ। ਇਹ ਵੱਖਰੀ ਗੱਲ ਹੈ ਕਿ 50 ਕਿਲੋ ਤੋਂ 100 ਗਰਾਮ ਵੱਧ ਨਹੀਂ, ਸਿਰਫ 50 ਗਰਾਮ ਵਾਧੂ ਵਜ਼ਨ ਨੇ ਉਸ ਨੂੰ ਓਲੰਪਿਕ ਖੇਡਾਂ ਦੇ ਮੈਡਲ ਤੋਂ ਮਹਿਰੂਮ ਕਰਵਾ ਦਿੱਤਾ! ਨਿਯਮਾਂ ਅਨੁਸਾਰ 50 ਗਰਾਮ ਤੱਕ ਵਧੇ ਵਜ਼ਨ ਦੀ ਛੋਟ ਸੀ।

ਉਹ ਭਾਰਤ ਲਈ ਕੁਸ਼ਤੀ ਦਾ ਪਹਿਲਾ ਗੋਲਡ ਮੈਡਲ ਜਿੱਤਣ ਵਾਲੀ ਸੀ। ਚਾਰ ਵਾਰ ਦੀ ਵਿਸ਼ਵ ਜੇਤੂ, ਟੋਕੀਓ ਦੀ ਓਲੰਪਿਕ ਚੈਂਪੀਅਨ ਜਪਾਨ ਦੀ ਸਜ਼ੂਕੀ ਨੂੰ ਉਸ ਨੇ ਪ੍ਰੀ ਕੁਆਰਟਰ ਮੁਕਾਬਲੇ `ਚ ਹਰਾ ਦਿੱਤਾ ਸੀ। ਪ੍ਰੀ ਕੁਆਰਟਰ, ਕੁਆਰਟਰ ਫਾਈਨਲ ਤੇ ਸੈਮੀ ਫਾਈਨਲ ਮੁਕਾਬਲਾ 49 ਕਿਲੋ 900 ਗਰਾਮ ਦੇ ਸਹੀ ਵਜ਼ਨ ਨਾਲ ਜਿੱਤ ਕੇ ਉਹ ਸਿਲਵਰ ਮੈਡਲ ਲਈ ਕੁਆਲੀਫਾਈ ਕਰ ਗਈ ਸੀ। ਪਰ ਫਾਈਨਲ ਮੁਕਾਬਲੇ ਤੋਂ ਪਹਿਲਾਂ ਜੋਖੇ ਵਜ਼ਨ ਵਿਚ 50 ਗਰਾਮ ਦੇ ਵਾਧੂ ਭਾਰ ਦੀ ਸਜ਼ਾ ਏਡੀ ਮਿਲੀ ਕਿ ਉਸ ਨੂੰ ਡਿਸਕੁਆਲੀਫਾਈ ਕਰ ਕੇ ਸਭ ਤੋਂ ਥੱਲੇ ਲਾ ਦਿੱਤਾ ਗਿਆ। ਜਿਸ ਪਹਿਲਵਾਨ ਨੂੰ ਉਸ ਨੇ ਸੈਮੀ ਫਾਈਨਲ ਵਿਚ ਹਰਾਇਆ ਸੀ ਉਸ ਨਾਲ ਹੀ ਸਿਲਵਰ ਮੈਡਲ ਸਾਂਝਾ ਕਰਨ ਲਈ ਕੀਤੀ ਉਸ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ। ਸੋਚੋ ਉਹਦੇ ਦਿਲ `ਤੇ ਕੀ ਬੀਤੀ ਹੋਵੇਗੀ?
ਉਸ ਨੇ ਆਪਣੀ ਮਾਂ ਨੂੰ ਲਿਖਿਆ, “ਮਾਂ, ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ। ਕ੍ਰਿਪਾ ਕਰ ਕੇ ਮੈਨੂੰ ਮੁਆਫ਼ ਕਰ ਦਿਓ। ਤੁਹਾਡੇ ਸੁਪਨੇ ਤੇ ਮੇਰੀ ਹਿੰਮਤ, ਸਭ ਕੁਝ ਟੁੱਟ ਗਿਆ। ਮੇਰੇ ਕੋਲ ਹੁਣ ਹੋਰ ਤਾਕਤ ਨਹੀਂ ਬਚੀ। ਕੁਸ਼ਤੀ 2001-2024 ਨੂੰ ਅਲਵਿਦਾ! ਮੈਂ ਤੁਹਾਡੀ ਸਾਰਿਆਂ ਦੀ ਸ਼ੁਕਰਗੁਜ਼ਾਰ ਰਹਾਂਗੀ। ਮੈਨੂੰ ਮੁਆਫ਼ ਕਰ ਦਿਓ।”
ਏਧਰ ਮੀਡੀਆ ਖ਼ਬਰਾਂ ਪ੍ਰਸਾਰਿਤ ਕਰ ਰਿਹਾ ਸੀ: ਪੈਰਿਸ ਓਲੰਪਿਕ ਵਿਚ 7 ਅਗਸਤ ਨੂੰ ਜਦੋਂ ਕਰੋੜਾਂ ਭਾਰਤਵਾਸੀ ਕੁਸ਼ਤੀ `ਚ ਪਹਿਲੇ ਗੋਲਡ ਮੈਡਲ ਦੀ ਉਡੀਕ ਕਰ ਰਹੇ ਸਨ ਤਾਂ ਭਾਰਤੀ ਖੇਡ ਇਤਿਹਾਸ ਦੀ ਸਭ ਤੋਂ ਸੰਵੇਦਨਸ਼ੀਲ ਤੇ ਸ਼ੱਕ ਭਰਪੂਰ ਘਟਨਾ ਨੇ ਪੂਰਾ ਦੇਸ਼ ਝੰਜੋੜ ਕੇ ਰੱਖ ਦਿੱਤਾ। 50 ਕਿਲੋ ਵਜ਼ਨ ਵਰਗ ਦੇ ਫਾਈਨਲ ਵਿਚ ਪੁੱਜੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਗਰਾਮ ਵਜ਼ਨ ਵੱਧ ਹੋਣ ਕਰਕੇ ਅਯੋਗ ਕਰਾਰ ਦੇ ਦਿੱਤਾ ਗਿਆ। ਵਿਨੇਸ਼ ਲਈ ਇਸ ਸਦਮੇ `ਚੋਂ ਉਭਰਨਾ ਸੌਖਾ ਨਹੀਂ ਹੋਵੇਗਾ। ਰੀਓ ਦੀਆਂ ਓਲੰਪਿਕ ਖੇਡਾਂ-2016 ਵਿਚ ਵੀ ਉਹ ਮੈਡਲ ਜਿੱਤਦੀ ਜਿੱਤਦੀ ਸੱਟ ਖਾ ਬੈਠੀ ਸੀ ਜਿਸ ਕਰਕੇ ਮੁਕਾਬਲੇ ਤੋਂ ਬਾਹਰ ਹੋ ਗਈ ਸੀ। ਪਰ ਪੈਰਿਸ ਵਿਚ…।
ਭਾਰਤ ਪਰਤ ਕੇ ਕੁਝ ਸਮਾਂ ਉਹ ਕੁਝ ਵੀ ਨਹੀਂ ਸੀ ਬੋਲ ਸਕੀ। ਫਿਰ ‘ਆਪਣਿਆਂ’ ਨੂੰ ਆਇਆਂ ਵੇਖ ਕੇ ਉਹਦੀ ਹਿੱਕ `ਚੋਂ ਨਿਕਲੇ ਹਉਕੇ ਤੇ ਅੱਖਾਂ `ਚੋਂ ਡੁੱਲ੍ਹਦੇ ਹੰਝੂ ਹੀ ਉਹਦੀ ਜ਼ੁਬਾਨ ਬਣੇ ਜਿਨ੍ਹਾਂ ਨਾਲ ਉਹਦੇ ਸਵਾਗਤ ਲਈ ਆਏ ਲੋਕਾਂ ਦੀਆਂ ਅੱਖਾਂ ਵਿਚ ਵੀ ਅੱਥਰੂ ਛਲਕ ਪਏ। ਬਾਅਦ ਵਿਚ ਉਸ ਨੇ ਕੇਵਲ ਏਨਾ ਕਿਹਾ: ਠੀਕ ਸਮਾਂ ਆਇਆ ਤਾਂ ਮੈਂ ਜ਼ਰੂਰ ਬੋਲਾਂਗੀ। 6 ਅਗਸਤ ਦੀ ਰਾਤ ਤੇ 7 ਅਗਸਤ ਦੀ ਸਵੇਰ ਮੇਰੇ ਲਈ ਕਹਿਰ ਦਾ ਸਮਾਂ ਸੀ। ਮੈਂ ਇੰਨਾ ਹੀ ਆਖਾਂਗੀ ਕਿ ਮੈਂ ਹੌਂਸਲਾ ਨਹੀਂ ਛੱਡਿਆ। ਮੈਂ ਝੁਕੀ ਨਹੀਂ। ਨਾ ਹੀ ਡੋਲੀ ਹਾਂ। ਸਾਡੇ ਯਤਨ ਜਾਰੀ ਰਹਿਣਗੇ। ਪਰ ਘੜੀ ਹੀ ਰੁਕ ਗਈ ਸੀ ਤੇ ਸਮਾਂ ਮੇਰੇ ਨਾਲ ਨਹੀਂ ਸੀ। ਇਹੋ ਮੇਰੀ ਤਕਦੀਰ ਸੀ। ਮੇਰੀ ਟੀਮ, ਮੇਰੇ ਦੇਸ਼ ਵਾਸੀ ਤੇ ਮੇਰਾ ਪਰਿਵਾਰ, ਮੈਂ ਸਭਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਮਕਸਦ, ਮੇਰਾ ਨਿਸ਼ਾਨਾ, ਮੇਰੀ ਮੰਜ਼ਿਲ ਅਜੇ ਨਹੀਂ ਆਈ। ਹਾਲਾਤ ਹਰ ਸਮੇਂ ਇਕੋ ਜਿਹੇ ਨਹੀਂ ਰਹਿੰਦੇ। ਹਾਲਾਤ ਬਦਲੇ ਤਾਂ ਹੋ ਸਕਦੈ ਮੈਂ 2032 ਤੱਕ ਵੀ ਕੁਸ਼ਤੀ ਕਰ ਸਕਾਂ ਕਿਉਂਕਿ ਮੇਰੇ ਅੰਦਰ ਕੁਸ਼ਤੀ ਲਈ ਜੋ ਅੱਗ ਬਲਦੀ ਹੈ ਉਹ ਬੁਝਣ ਵਾਲੀ ਨਹੀਂ।
ਪਹਿਲਾਂ ਓਲੰਪਿਕ ਖੇਡਾਂ ਵਿਚ ਕੁਸ਼ਤੀਆਂ ਦੇ ਦਸ ਵਜ਼ਨ ਹੁੰਦੇ ਸਨ। ਇਕੋ ਵਾਰ ਵਜ਼ਨ ਤੁਲਵਾ ਕੇ ਫਾਈਨਲ ਤਕ ਕੁਸ਼ਤੀਆਂ ਕਰਵਾ ਲਈਆਂ ਜਾਂਦੀਆਂ ਸਨ। ਪਰ ਪੈਰਿਸ ਵਿਚ ਕੁਸ਼ਤੀਆਂ ਦੇ ਛੇ ਵਜ਼ਨ ਹੀ ਸਨ। 50, 53, 57, 62, 68 ਤੇ 76 ਕਿਲੋ। ਵਿਨੇਸ਼ ਨੇ 2014 ਦੀਆਂ ਏਸ਼ਿਆਈ ਖੇਡਾਂ ਵਿਚੋਂ 48 ਕਿਲੋ ਵਜ਼ਨ ਦਾ ਬਰਾਂਜ਼ ਮੈਡਲ ਜਿੱਤਿਆ ਸੀ। ਉਸੇ ਸਾਲ 48 ਕਿਲੋ ਵਜ਼ਨ `ਚੋਂ ਕਾਮਨਵੈਲਥ ਖੇਡਾਂ ਦਾ ਗੋਲਡ ਮੈਡਲ ਜਿੱਤਿਆ। 48 ਕਿਲੋ ਵਿਚ ਹੀ ਦੋਹਾ ਦੀ ਏਸ਼ੀਅਨ ਚੈਂਪੀਅਨਸ਼ਿਪ ਜਿੱਤੀ। 50 ਕਿਲੋ ਵਜ਼ਨ ਵਿਚ ਜਕਾਰਤਾ-2018 ਦੀਆਂ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। 50 ਕਿਲੋ ਵਿਚ ਹੀ ਗੋਲਡ ਕੋਸਟ ਦੀਆਂ ਕਾਮਨਵੈਲਥ ਖੇਡਾਂ ਦਾ ਗੋਲਡ ਮੈਡਲ ਮਾਠਿਆ।
ਪਰ ਵਿਨੇਸ਼ ਦੀਆਂ ਵਧੇਰੇ ਜਿੱਤਾਂ 53 ਕਿਲੋ ਵਜ਼ਨ ਵਰਗ ਦੀਆਂ ਹਨ। ਮਸਲਨ ਵਰਲਡ ਚੈਂਪੀਅਨਸ਼ਿਪ 2019 ਤੇ 2022 ਵਿਚੋਂ ਉਸ ਨੇ 53 ਕਿਲੋ ਵਜ਼ਨ ਦੇ ਦੋ ਬਰਾਂਜ਼ ਮੈਡਲ ਜਿੱਤੇ। 2022 ਵਿਚ ਬਰਮਿੰਘਮ ਦੀਆਂ ਕਾਮਨਵੈਲਥ ਖੇਡਾਂ ਵਿਚੋਂ 53 ਕਿਲੋ ਦਾ ਗੋਲਡ ਮੈਡਲ ਜਿੱਤਿਆ। 53 ਕਿਲੋ ਨਾਲ ਉਸ ਨੇ ਹੋਰ ਵੀ ਮਹਾਂਦੀਪੀ ਚੈਂਪੀਅਨਸ਼ਿਪਾਂ ਜਿੱਤੀਆਂ। ਟੋਕੀਓ ਓਲੰਪਿਕ ਖੇਡਾਂ-2021 ਵਿਚ ਵੀ ਉਸ ਨੇ 53 ਕਿਲੋ ਵਜ਼ਨ `ਚ ਹੀ ਭਾਗ ਲਿਆ ਸੀ। ਇਸੇ ਕਰਕੇ ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਵਿਚ ਵੀ 53 ਕਿਲੋ `ਚ ਭਾਗ ਲੈਣਾ ਚਾਹੁੰਦੀ ਸੀ ਪਰ ਭਾਰਤੀ ਕੁਸ਼ਤੀ ਸੰਘ ਨੇ ਉਸ ਵਜ਼ਨ ਲਈ ਵਿਨੇਸ਼ ਦੇ ਟਰਾਇਲ ਨਾ ਲਏ। ਸੰਘ ਨੇ ਵਿਸ਼ਵ ਚੈਂਪੀਅਨਸ਼ਿਪ `ਚੋਂ ਬਰਾਂਜ਼ ਮੈਡਲ ਜਿੱਤੀ ਅੰਤਮ ਪੰਗਾਲ ਨੂੰ ਹੀ 53 ਕਿਲੋ ਦੀ ਕੁਸ਼ਤੀ ਲਈ ਚੁਣ ਲਿਆ। ਪਰ ਪੰਗਾਲ ਉਮੀਦਾਂ `ਤੇ ਖਰੀ ਨਾ ਉੱਤਰ ਸਕੀ। ਉਲਟਾ ਆਪਣਾ ਸ਼ਨਾਖ਼ਤੀ ਕਾਰਡ ਆਪਣੀ ਭੈਣ ਨੂੰ ਦੇਣ ਕਰਕੇ ਦੇਸ਼ ਦੀ ਬਦਨਾਮੀ ਦਾ ਕਾਰਨ ਬਣੀ।
ਵਿਨੇਸ਼ ਨੇ ਕੁਸ਼ਤੀ ਸੰਘ ਮੂਹਰੇ ਕੋਈ ਚਾਰਾ ਨਾ ਚਲਦਾ ਵੇਖ ਆਪਣਾ ਵਜ਼ਨ ਬੜੀ ਮੁਸ਼ਕਲ ਨਾਲ ਘਟਾਇਆ ਤੇ 50 ਕਿਲੋ ਦੇ ਟਰਾਇਲ ਜਿੱਤ ਕੇ ਓਲੰਪਿਕ ਲਈ ਭਾਰਤੀ ਟੀਮ ਵਿਚ ਥਾਂ ਬਣਾਈ। ਭਾਰ ਘਟਾਉਣ ਲਈ ਉਹ ਡਾ. ਤੇਜਿੰਦਰ ਕੌਰ ਦੀ ਧੰਨਵਾਦੀ ਹੈ। 53 ਕਿਲੋ `ਚ ਅੰਤਮ ਪੰਗਾਲ ਪਹਿਲੀ ਕੁਸ਼ਤੀ ਵਿਚ ਹੀ 0-10 ਅੰਕਾਂ ਨਾਲ ਹਾਰ ਕੇ ਮੁਕਾਬਲੇ `ਚੋਂ ਬਾਹਰ ਹੋ ਗਈ ਪਰ ਵਿਨੇਸ਼ ਮਜਬੂਰੀ ਵੱਸ ਚੁਣੇ 50 ਕਿਲੋ ਵਜ਼ਨ ਵਰਗ ਦੇ ਫਾਈਨਲ ਮੁਕਾਬਲੇ `ਚ ਪੁੱਜ ਗਈ। ਵਿਨੇਸ਼ ਪੂਰੇ ਅਨੁਸ਼ਾਸਨ ਵਿਚ ਰਹੀ ਜਦ ਕਿ ਅੰਤਮ ਪੰਗਾਲ ਨੂੰ ਅਨੁਸ਼ਾਸਨ ਭੰਗ ਕਰਨ `ਤੇ ਉਸੇ ਵੇਲੇ ਓਲੰਪਿਕ ਪਿੰਡ `ਚੋਂ ਕੱਢ ਕੇ ਜਹਾਜ਼ ਚੜ੍ਹਾ ਦਿੱਤਾ ਗਿਆ। ਵਿਨੇਸ਼ ਦੀਆਂ ਕੁਸ਼ਤੀਆਂ ਬੇਸ਼ਕ 7 ਅਗਸਤ ਨੂੰ ਖ਼ਤਮ ਹੋ ਗਈਆਂ ਸਨ ਪਰ ਉਸ ਨੂੰ 16 ਅਗਸਤ ਤੋਂ ਪਹਿਲਾਂ ਜਹਾਜ਼ ਨਾ ਚੜ੍ਹਾਇਆ ਗਿਆ ਕਿ ਵਿਨੇਸ਼ ਦੇ ਸਵਾਗਤ ਦੀਆਂ ਖ਼ਬਰਾਂ ਨਾਲ ਕਿਤੇ 15 ਅਗਸਤ ਦੇ ਭਾਸ਼ਨ ਦੀਆਂ ਖ਼ਬਰਾਂ ਫਿੱਕੀਆਂ ਨਾ ਪੈ ਜਾਣ!
17 ਅਗਸਤ ਨੂੰ ਉਹ ਪੈਰਿਸ ਤੋਂ ਦਿੱਲੀ ਪਰਤੀ ਤਾਂ ਉਸ ਦਾ ਅਜਿਹਾ ਸਵਾਗਤ ਹੋਇਆ ਜਿਹੋ ਜਿਹਾ ਪਹਿਲਾਂ ਕਿਸੇ ਖਿਡਾਰੀ ਦਾ ਨਹੀਂ ਸੀ ਹੋਇਆ। ਲੋਕਾਂ ਨੇ ਉਸ ਨੂੰ ਓਲੰਪਿਕ ਖੇਡਾਂ ਦੇ ਗੋਲਡ ਮੈਡਲਿਸਟ ਤੋਂ ਵੀ ਵੱਧ ਕਰੋੜਾਂ ਰੁਪਈਆਂ ਦੇ ‘ਲੋਕ ਸਨਮਾਨ’ ਦਿੱਤੇ। 25 ਅਗਸਤ ਉਹਦਾ ਜਨਮ ਦਿਵਸ ਹੈ ਜਿਸ ਦੀਆਂ ਹਾਰਦਿਕ ਮੁਬਾਰਕਾਂ! ਹੋ ਸਕਦੈ ਭਾਰਤ ਦੀਆਂ ਜਾਈਆਂ 25 ਅਗਸਤ ਦਾ ਦਿਨ ਧੀਆਂ ਦੇ ਖੇਡ ਦਿਵਸ ਵਜੋਂ ਹੀ ਮਨਾਉਣ ਲੱਗ ਪੈਣ!
ਵਿਨੇਸ਼ ਫੋਗਾਟ ਹਰਿਆਣੇ ਦਾ ਮਾਣ ਤੇ ਭਾਰਤ ਦੀ ਸ਼ਾਨ ਹੈ। ਏਸ਼ਿਆਈ ਖੇਡਾਂ, ਕਾਮਨਵੈਲਥ ਖੇਡਾਂ, ਏਸ਼ਿਆਈ ਚੈਂਪੀਅਨਸ਼ਿਪਾਂ ਤੇ ਵਿਸ਼ਵ ਚੈਂਪੀਅਨਸ਼ਿਪਾਂ `ਚੋਂ 5 ਗੋਲਡ, 3 ਸਿਲਵਰ ਤੇ 7 ਬਰਾਂਜ਼ ਮੈਡਲਾਂ ਸਣੇ ਭਾਰਤ ਲਈ 15 ਮੈਡਲ ਜਿੱਤਣ ਵਾਲੀ ਇਸ ਲੜਕੀ ਦਾ ਜਨਮ ਹਰਿਆਣੇ ਦੇ ਪਿੰਡ ਬਲਾਲੀ ਵਿਚ 25 ਅਗਸਤ 1994 ਨੂੰ ਕਿਸਾਨ ਪਰਿਵਾਰ `ਚ ਹੋਇਆ ਸੀ। ਰੀਓ-2016, ਟੋਕੀਓ-2021 ਤੇ ਪੈਰਿਸ-2024 ਦੀਆਂ ਓਲੰਪਿਕ ਖੇਡਾਂ `ਚੋਂ ਭਾਵੇਂ ਉਸ ਨੂੰ ਕੋਈ ਮੈਡਲ ਨਹੀਂ ਮਿਲ ਸਕਿਆ ਫਿਰ ਵੀ ਉਹ ਸਭ ਤੋਂ ਵੱਧ ਚਰਚਿਤ ਓਲੰਪੀਅਨ ਹੈ।
ਵਿਨੇਸ਼ ਦੇ ਸਿਰੜੀ ਸੰਘਰਸ਼ ਦੀ ਗਾਥਾ ਜੱਗੋਂ ਨਿਆਰੀ ਹੈ। ਉਸ ਦਾ ਪਿਤਾ ਰਾਜਪਾਲ ਨਿਮਨ ਕਿਸਾਨ ਸੀ ਜੋ ਹਰਿਆਣਾ ਰੋਡਵੇਜ਼ ਦਾ ਬੱਸ ਡਰਾਈਵਰ ਬਣਿਆ। ਉਸ ਦੀ ਮਾਂ ਪ੍ਰੇਮ ਲਤਾ ਘਰੇਲੂ ਸੁਆਣੀ ਰਹੀ। ਫੋਗਾਟ ਜੋੜੇ ਦੇ ਤਿੰਨ ਧੀਆਂ ਪੁੱਤਰ ਹਨ, ਪ੍ਰਿਅੰਕਾ, ਹਰਵਿੰਦਰ ਤੇ ਵਿਨੇਸ਼। ਬਚਪਨ `ਚ ਵਿਨੇਸ਼ ਦੀ ਰੀਝ ਸੀ ਕਿ ਮੇਰੇ ਵਾਲ਼ ਲੰਮੇ ਹੋਣ, ਹੱਥ `ਚ ਮੋਬਾਈਲ ਹੋਵੇ ਤੇ ਮੈਂ ਹਵਾਈ ਜਹਾਜ਼ਾਂ ਦੀ ਸਵਾਰ ਬਣਾਂ। ਹੋਣੀ ਦੀ ਮਾਰ ਕਿ ਉਹ ਨੌਂ ਸਾਲਾਂ ਦੀ ਹੀ ਸੀ ਕਿ ਉਸ ਦਾ ਪਿਤਾ ਵੱਟ-ਬੰਨੇ ਦੇ ਝਗੜੇ `ਚ ਮਾਰਿਆ ਗਿਆ। ਵਿਧਵਾ ਮਾਂ ਤਿੰਨ ਬੱਚਿਆਂ ਦੀ ਪਾਲਣਾ ਦਾ ਭਾਰ ਚੁੱਕੀ ਕੈਂਸਰ ਦੀ ਤੀਜੀ ਸਟੇਜ ਨੂੰ ਜਾ ਢੁੱਕੀ। ਬੱਚਿਆਂ ਦੇ ਤਾਊ ਮਹਾਵੀਰ ਸਿੰਘ ਤੇ ਉਹਦੀ ਪਤਨੀ ਦਇਆ ਕੌਰ ਦੇ ਆਪਣੇ ਪੰਜ ਬੱਚੇ ਸਨ, ਚਾਰ ਧੀਆਂ ਤੇ ਇੱਕ ਪੁੱਤਰ। ਮਹਾਵੀਰ ਸਿੰਘ ਨੂੰ ਹੀ ਆਪਣੇ ਛੋਟੇ ਭਰਾ ਦੀਆਂ ਦੋ ਧੀਆਂ ਤੇ ਇਕ ਪੁੱਤਰ ਦਾ ਆਸਰਾ ਬਣਨਾ ਪਿਆ।
ਮਹਾਵੀਰ ਨੇ ਆਪਣੀਆਂ ਧੀਆਂ ਨਾਲ ਭਤੀਜੀਆਂ ਨੂੰ ਵੀ ਪਹਿਲਵਾਨੀ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਇਹ ਬੇਹੱਦ ਕਠਨ ਕਾਰਜ ਸੀ। ਹਰਿਆਣੇ ਦਾ ਜਾਟ ਸਭਿਆਚਾਰ ਮਰਦਾਂ ਦੀ ਕੁਸ਼ਤੀ ਨੂੰ ਤਾਂ ਸਲਾਹੁੰਦਾ ਸੀ ਪਰ ਔਰਤਾਂ ਦੀ ਕੁਸ਼ਤੀ ਨੂੰ ਉੱਕਾ ਨਹੀਂ ਸੀ ਜਰਦਾ। ਉਲਟਾ ਤਾਅ੍ਹਨੇ ਮਿਹਣੇ ਮਾਰਦਾ ਸੀ। ਪਰ ਭਾਈਚਾਰੇ ਦੇ ਬੋਲ ਕਬੋਲ ਸੁਣਦਿਆਂ ਵੀ ਮਹਾਵੀਰ ਸਿੰਘ ਨੇ ਕੁੜੀਆਂ ਨੂੰ ਕੁਸ਼ਤੀਆਂ ਦੀ ਸਿਖਲਾਈ ਦੇਣ ਦਾ ਧਰਮ ਨਿਭਾਇਆ ਤੇ ਫੋਗਾਟ ਧੀਆਂ ਨੂੰ ਦੇਸ਼ ਵਿਦੇਸ਼ ਦੇ ਕੁਸ਼ਤੀ ਅਖਾੜਿਆਂ ਵਿਚ ਘੁਲਣ ਜੋਗੀਆਂ ਬਣਾਇਆ। ਗੀਤਾ, ਬਬੀਤਾ, ਪ੍ਰਿਅੰਕਾ ਤੇ ਵਿਨੇਸ਼ ਨੇ ਅਨੇਕ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ ਜਿੱਤੇ ਜਿਨ੍ਹਾਂ ਨਾਲ ਦੇਸ਼ ਦਾ ਮਾਣ ਵਧਿਆ। ਉਨ੍ਹਾਂ ਦੀ ਰੀਸ ਨਾਲ ਹੋਰ ਲੜਕੀਆਂ ਵੀ ਕੁਸ਼ਤੀਆਂ ਦੇ ਰਾਹ ਪਈਆਂ। ਪਹਿਲਾਂ ਏਸ਼ੀਆ ਦਾ ਚੈਂਪੀਅਨ ਪਹਿਲਵਾਨ ਚੰਦਗੀ ਰਾਮ ਵੀ ਆਪਣੀਆਂ ਧੀਆਂ ਨੂੰ ਕੁਸ਼ਤੀ ਦੇ ਅਖਾੜਿਆਂ ਵਿਚ ਲਿਆਇਆ ਸੀ। ਫਿਰ ਫੋਗਾਟ ਭੈਣਾਂ ਦੇ ਕੁਸ਼ਤੀ `ਚ ਆਉਣ ਨਾਲ ਹਰਿਆਣਾ ਔਰਤਾਂ ਦੀਆਂ ਕੁਸ਼ਤੀਆਂ ਦੀ ਹੱਬ ਬਣ ਗਿਆ। ਹੁਣ ਹਰਿਆਣਾ ਤੇ ਪੰਜਾਬ ਹੀ ਹਨ ਜੋ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ `ਚੋਂ ਭਾਰਤ ਲਈ ਵਧੇਰੇ ਮੈਡਲ ਜਿੱਤਦੇ ਹਨ। ਇਹ ਦੱਸਣਾ ਵੀ ਵਾਜਬ ਹੋਵੇਗਾ ਕਿ ਵਧੇਰੇ ਖਿਡਾਰੀ ਕਿਰਤੀਆਂ ਤੇ ਕਿਸਾਨ ਘਰਾਂ ਦੇ ਜਾਏ ਹੁੰਦੇ ਹਨ।
ਹੁਣ ਫੇਰ ਵਿਨੇਸ਼ ਨਾਲ ਹਮਦਰਦੀ ਦੀ ਲੋਕ ਲਹਿਰ ਚੱਲ ਪਈ ਹੈ। ਭਾਰਤ ਦੇ ਕਰੋੜਾਂ ਲੋਕ ਉਸ ਨਾਲ ਆ ਖੜ੍ਹੇ ਹਨ। ਭਾਰਤੀ ਕੁਸ਼ਤੀ ਸੰਘ ਦੇ ਹੰਕਾਰੀ ਪ੍ਰਧਾਨ ਵੱਲੋਂ ਪਹਿਲਵਾਨ ਬੀਬੀਆਂ ਨਾਲ ਕੀਤੇ ਦੁਰਵਿਹਾਰ ਵਿਰੁੱਧ ਵਿਨੇਸ਼ ਤੇ ਉਹਦੇ ਸਾਥੀਆਂ ਵੱਲੋਂ ਲੜੇ ਜੁਝਾਰੂ ਸੰਘਰਸ਼ ਦੀਆਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਵਾਰਦਾਤਾਂ ਮੁੜ ਯਾਦ ਆ ਗਈਆਂ ਹਨ। ਕਿਵੇਂ ਉਸ ਨੂੰ ਤੇ ਉਹਦੀਆਂ ਸਾਥਣਾਂ ਨੂੰ ਜੰਤਰ ਮੰਤਰ `ਤੇ ਖੱਜਲ ਖੁਆਰ ਕੀਤਾ ਗਿਆ ਤੇ ਮਰਦਾਨਾ ਪੁਲਿਸ ਨੇ ਉਸ ਨੂੰ ਤੇ ਓਲੰਪਿਕ ਖੇਡਾਂ ਦੀ ਤਗ਼ਮਾ ਜੇਤੂ ਸਾਕਸ਼ੀ ਮਲਕ ਨੂੰ ਦਿੱਲੀ ਦੀਆਂ ਸੜਕਾਂ `ਤੇ ਘੜੀਸਿਆ। ਧੱਕੜਾਂ ਦੇ ਧੱਕੇ ਵਿਰੁੱਧ ਆਮ ਲੋਕਾਂ ਦੀ ਦੱਬਿਆਂ ਲਤਾੜਿਆਂ ਨਾਲ ਹਮਦਰਦੀ ਹੋਣੀ ਹੀ ਸੀ। ਹਮਦਰਦੀ ਦੀ ਇਸ ਲਹਿਰ ਵਿਚ ਵਿਨੇਸ਼ ਫੋਗਾਟ ਨੂੰ ਲੋਕਾਂ ਵੱਲੋਂ ਮਿਲ ਰਹੇ ਮਾਨ ਸਨਮਾਨਾਂ ਦਾ ਸੱਚੀਓਂ ਕੋਈ ਹੱਦ ਬੰਨਾ ਨਹੀਂ ਰਿਹਾ। ਖ਼ਬਰਾਂ ਹਨ ਕਿ ਦੇਸੀ ਘਿਓ ਦੇ ਪੀਪੇ, ਡਰਾਈ ਫਰੂਟਾਂ ਦੇ ਬੋਰੇ, ਪਗੜੀਆਂ, ਗੁਰਜਾਂ, ਸੋਨ ਮੈਡਲ, ਦੋ ਏਕੜ ਜ਼ਮੀਨ ਤੇ ਕਰੋੜਾਂ ਰੁਪਏ ਦੇ ਨਕਦ ਸਨਮਾਨ ਤਾਂ ਮਿਲ ਵੀ ਚੁੱਕੇ ਹਨ। ਅਜੇ ਕਿਹੜਾ ਬੱਸ ਹੈ?
ਬੇਸ਼ਕ ਸੋਨੇ, ਜ਼ਮੀਨ ਤੇ ਰੁਪਿਆਂ ਦੀ ਹੁਣ ਸਾਡੀ ਧੀ ਨੂੰ ਲੋੜ ਨਹੀਂ, ਸਿਰ `ਤੇ ਅਸ਼ੀਰਵਾਦੀ ਹੱਥ ਰੱਖਣ ਦੀ ਹੈ। ਫਿਰ ਵੀ ਪਰਵਾਸੀ ਪੰਜਾਬੀ ਖੇਡ ਪ੍ਰਮੋਟਰ ਸਿਰ `ਤੇ ਹੱਥ ਰੱਖਦੇ ਹੋਏ, ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਨੇੜੇ ਮਨਾਏ ਜਾਂਦੇ ‘ਪੁਰੇਵਾਲ ਖੇਡ ਮੇਲੇ’ ਵਿਚ ਬੀਬੀ ਵਿਨੇਸ਼ ਦਾ ਵਿਲੱਖਣ ਸਨਮਾਨ ਕਰਨਗੇ। ਉਸ ਵਿਚ ਮੈਨੂੰ ਮਿਲਿਆ ‘ਖੇਡ ਰਤਨ ਅਵਾਰਡ’ ਦਾ ਗੋਲਡ ਮੈਡਲ ਵੀ ਜੁਝਾਰੂ ਧੀ ਨੂੰ ਅਰਪਿਤ ਹੋਵੇਗਾ। ‘ਪੇਂਡੂ ਓਲੰਪਿਕ’ ਵਜੋਂ ਜਾਣੇ ਜਾਂਦੇ ਪੁਰੇਵਾਲ ਖੇਡ ਮੇਲੇ `ਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਪਹਿਲਾਂ ਤੋਂ ਹੁੰਦੀਆਂ ਆ ਰਹੀਆਂ ਹਨ। ਓਲੰਪਿਕ ਚੈਂਪੀਅਨ ਡੇਨੀਅਲ ਇਗਾਲੀ, ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ, ਕਾਮਨਵੈਲਥ ਤੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਅਤੇ ਅਨੇਕ ਨੈਸ਼ਨਲ ਚੈਂਪੀਅਨ ਪਹਿਲਵਾਨ ਇਥੇ ਘੁਲਦੇ ਆ ਰਹੇ ਹਨ। ਵਿਨੇਸ਼ ਦੇ ਤਾਊ ਪਹਿਲਵਾਨ ਮਹਾਵੀਰ ਸਿੰਘ ਵੀ ਬਤੌਰ ਕੋਚ ਆਪਣੇ ਸ਼ਾਗਿਰਦਾਂ ਤੇ ਫੋਗਾਟ ਧੀਆਂ ਨੂੰ ਕੁਸ਼ਤੀਆਂ ਲੜਾਉਣ ਲਈ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ `ਚ ਲਿਆਉਂਦੇ ਰਹੇ ਹਨ। ਇਹ ਖੇਡ ਮੇਲਾ ਹਰ ਸਾਲ ਜਗਤਪੁਰ ਦੇ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਵਿਚ ਭਰਦਾ ਹੈ ਜਿਸ ਵਿਚ ਹਜ਼ਾਰਾਂ ਦਰਸ਼ਕਾਂ ਨੂੰ ਸਮਾਉਣ ਦੀ ਸਮਰੱਥਾ ਹੈ। ਵਿਨੇਸ਼ ਦੀ ਇੱਛਾ ਅਨੁਸਾਰ ਉਸ ਨੂੰ ਸ਼ਹੀਦ ਭਗਤ ਸਿੰਘ-ਰਾਜਗੁਰੂ-ਸੁਖਦੇਵ ਦੀ ਯਾਦਗਾਰ ਦੇ ਦਰਸ਼ਨ ਵੀ ਕਰਾਏ ਜਾਣਗੇ।
ਕਾਸ਼! ਵਿਨੇਸ਼ ਆਪਣੇ ਸਹੀ ਵਜ਼ਨ 53 ਕਿਲੋ ਲਈ ਚੁਣੀ ਹੁੰਦੀ। ਨਾ ਉਸ ਨੂੰ 50 ਗਰਾਮ ਵਜ਼ਨ ਵਧਣ ਕਰਕੇ ਕੁਸ਼ਤੀ ਦੇ ਫਾਈਨਲ ਮੁਕਾਬਲੇ `ਚੋਂ ਬਾਹਰ ਹੋਣਾ ਪੈਂਦਾ, ਨਾ ਓਲੰਪਿਕ ਮੈਡਲ ਖੁੱਸਦਾ ਤੇ ਨਾ ਪੰਗਾਲ ਨੂੰ ਅਨੁਸ਼ਾਸਨ ਭੰਗ ਕਰਨ ਬਦਲੇ ਓਲੰਪਿਕ ਖੇਡਾਂ `ਚੋਂ ਅਗਾਊਂ ਕੱਢਣਾ ਪੈਂਦਾ। ਸਰਕਾਰ ਨੂੰ ਭਾਰਤੀ ਕੁਸ਼ਤੀ ਸੰਘ ਦੀਆਂ ਕਾਰਵਾਈਆਂ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਕਟਹਿਰੇ `ਚ ਖੜ੍ਹਾ ਕੀਤਾ ਜਾ ਸਕੇ। ਕੀ ਕਾਰਨ ਸਨ ਕਿ ਵਿਨੇਸ਼ ਦੀ ਅਪੀਲ ਦਾ ਫੈਸਲਾ ਵਾਰ ਵਾਰ ਲਮਕਾਇਆ ਗਿਆ? ਆਖ਼ਰ 15 ਅਗਸਤ ਨੂੰ ਅਪੀਲ ਖਾਰਜ ਕਰਨ ਦਾ ਫੈਸਲਾ ਸੁਣਾਇਆ ਤਾਂ ਪੰਜਾਬੀ ਦੇ ‘ਵਰਿਆਮ’ ਲੇਖਕ ਵਰਿਆਮ ਸਿੰਘ ਸੰਧੂ ਨੇ ਵਿਨੇਸ਼ ਨੂੰ ‘ਔਰਤ ਦੀ ਆਜ਼ਾਦੀ ਦੀ ਸ਼ਹੀਦ’ ਆਖਿਆ। ਉਸ ਨੇ ਆਪਣੀ ਪੋਸਟ ਵਿਚ ਲਿਖਿਆ:
ਸਾਡੀ ਵਿਨੇਸ਼ ਔਰਤ ਦੀ ਇੱਜ਼ਤ ਤੇ ਮਾਣ-ਸਨਮਾਨ ਦੀ ਬਹਾਲੀ ਲਈ ਬੇਖ਼ੌਫ਼ ਹੋ ਕੇ ਰਣਤੱਤੇ ਵਿਚ ਜੂਝੀ ਹੈ। ਧੌਣ ਉੱਚੀ ਚੁੱਕ ਕੇ ਲੜੀ ਹੈ ਤਾਂ ਕਿ ਔਰਤ-ਜ਼ਾਤ ਦੀ ਧੌਣ ਉੱਚੀ ਰਹਿ ਸਕੇ। ਉਸ ਨੇ ਕੇਵਲ ਅਖਾੜੇ ਤੇ ਅਖਾੜੇ ਤੋਂ ਬਾਹਰ ਹੀ ਕੁਸ਼ਤੀ ਲੜਨ ਦੀ ਜਾਚ ਨਹੀਂ ਦੱਸੀ, ਸਗੋਂ ਔਰਤ ਦੀ ਇੱਜ਼ਤ ਆਬਰੂ ਤੇ ਅਜ਼ਮਤ ਦੀ ਰਾਖੀ ਲਈ ਲੜਨ ਦੀ ਜਾਚ ਵੀ ਦੱਸੀ ਹੈ। ਸੱਚ ਲਈ ਅੜਨਾ ਤੇ ਲੜਨਾ ਦੱਸਿਆ ਹੈ।
ਸੱਤਾ ਨੇ ਵਿਨੇਸ਼ ਦਾ ਮਾਣ ਸਨਮਾਨ ਹੀ ਨਹੀਂ ਖੋਹਿਆ, ਓਲੰਪਿਕ ਖੇਡਾਂ ਦੀ ਤਿਆਰੀ ਲਈ ਉਹਦਾ ਸਮਾਂ ਵੀ ਖੋਹਿਆ ਤੇ ਉਹਦੀ ਕੁਸ਼ਤੀ ਵਾਲੀ ਭਾਰ ਸ਼੍ਰੇਣੀ ਵੀ ਖੋਹੀ…।
ਅਖ਼ੀਰ ਵਿਚ ਵਿਨੇਸ਼ ਨੂੰ ਹੌਂਸਲਾ ਦਿੰਦਿਆਂ ਲਿਖਿਆ: ਉਦਾਸ ਤੇ ਨਿਰਾਸ਼ ਨਾ ਹੋਵੀਂ ਧੀ ਰਾਣੀਏਂ! ਤੂੰ ਹੱਕ ਸੱਚ ਲਈ ਲੜਨ ਦੇ ਜਜ਼ਬੇ ਨੂੰ ਜੁਬਿੰਸ਼ ਦਿੱਤੀ ਹੈ ਤੇ ਕਈਆਂ ਨੂੰ ਇਹ ਕਹਿਣ ਦੀ ਜ਼ੁਬਾਨ ਵੀ ਦਿੱਤੀ ਹੈ:
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ `ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ, ਕਿਉਂਕਿ ਲੜਨ ਬਿਨਾਂ ਕੁਝ ਨਹੀਂ ਮਿਲਦਾ।