ਚੰਡੀਗੜ੍ਹ: ਰੀਅਲ ਅਸਟੇਟ ਕੰਪਨੀਆਂ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਲਾਏ ਜਾ ਰਹੇ ਰਗੜੇ ਦੀਆਂ ਪਰਤਾਂ ਪੰਜਾਬ ਦੇ ਸਿਆਸਤਦਾਨਾਂ ਦੀ ਆਪਸੀ ਲੜਾਈ ਸਦਕਾ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਮੁੱਢਲੀ ਪੜਤਾਲ ਦੌਰਾਨ ਇਹੀ ਤੱਥ ਸਾਹਮਣੇ ਆਏ ਹਨ ਕਿ ਇਸ ਖੇਤਰ ਵਿਚ ਸਰਗਰਮ ਸਾਰੀਆਂ ਹੀ ਕੰਪਨੀਆਂ ਨੇ ਸਰਕਾਰੀ ਖ਼ਜ਼ਾਨੇ ਨੂੰ ਅਰਬਾਂ ਰੁਪਏ ਦਾ ਚੂਨਾ ਲਾਇਆ ਹੈ। ਕੰਪਨੀਆਂ ਨੇ ਖੇਤੀਬਾੜੀ ਦੇ ਰੇਟਾਂ ‘ਤੇ ਰਜਿਸਟਰੀਆਂ ਕਰਾਈਆਂ ਪਰ ਵਰਤੋਂ ਰਿਹਾਇਸ਼ੀ ਤੇ ਵਪਾਰਕ ਕੰਮਾਂ ਲਈ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਮਾਲ ਵਿਭਾਗ ਦੇ ਨੇਮਾਂ ਮੁਤਾਬਕ ਜ਼ਮੀਨ ਦੀ ਰਜਿਸਟਰੀ ਕਰਾਉਣ ਸਮੇਂ ਜ਼ਮੀਨ ਦੀ ਵਰਤੋਂ ਬਾਰੇ ਐਲਾਨਨਾਮਾ (ਡੈਕਲੇਰੇਸ਼ਨ) ਦੇਣਾ ਹੁੰਦਾ ਹੈ। ਖੇਤੀਬਾੜੀ, ਰਿਹਾਇਸ਼ੀ ਤੇ ਵਪਾਰਕ ਕੰਮਾਂ ਲਈ ਜ਼ਮੀਨ ਦੀ ਵਰਤੋਂ ਲਈ ਰਜਿਸਟਰੀ ਦੇ ਵੱਖੋ ਵੱਖਰੇ ਰੇਟ ਐਲਾਨੇ ਹੁੰਦੇ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਮੁਹਾਲੀ ਖੇਤਰ ਵਿਚ ਸਰਗਰਮ ਸਮੁੱਚੀਆਂ ਕੰਪਨੀਆਂ ਵੱਲੋਂ ਜ਼ਮੀਨਾਂ ਦੀ ਖ਼ਰੀਦੋ-ਫਰੋਖ਼ਤ ਕਰਨ ਦੇ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਹੈ। ਤਹਿਸੀਲਦਾਰਾਂ ਨੇ ਕੰਪਨੀਆਂ ਵੱਲੋਂ ਕਰਾਈਆਂ ਰਜਿਸਟਰੀਆਂ ਦਾ ਰਿਕਾਰਡ ਘੋਖਣਾ ਸ਼ੁਰੂ ਕਰ ਦਿੱਤਾ ਹੈ।
ਮਾਲ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਤਕਰੀਬਨ ਦਹਾਕੇ ਤੋਂ ਸਰਗਰਮ ਕੰਪਨੀਆਂ ਨੇ ਹੁਣ ਤੱਕ 10 ਹਜ਼ਾਰ ਏਕੜ ਜ਼ਮੀਨ ਦੀ ਵੇਚ ਵੱਟਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐਨæ ਕੇ ਸ਼ਰਮਾ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਤਾਂ ਇਸ ਮਾਮਲੇ ਵਿਚ ਸਾਹਮਣੇ ਆ ਗਿਆ ਹੈ ਜਦੋਂਕਿ ਰੀਅਲ ਅਸਟੇਟ ਦੇ ਧੰਦੇ ਨਾਲ ਅੱਧੇ ਤੋਂ ਵੱਧ ਵਿਧਾਇਕ ਤੇ ਹੋਰ ਵੱਡੇ ਸਿਆਸਤਦਾਨ ਸਿੱਧੇ ਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਸੀਨੀਅਰ ਆਈæਏæਐਸ ਤੇ ਆਈæਪੀæਐਸ ਅਧਿਕਾਰੀ ਵੀ ਰੀਅਲ ਅਸਟੇਟ ਦੇ ਕੰਮ ਵਿਚ ਚੋਖ਼ੇ ਹੱਥ ਰੰਗ ਰਹੇ ਹਨ। ਸੀਨੀਅਰ ਅਧਿਕਾਰੀਆਂ ਵੱਲੋਂ ਰੀਅਲ ਅਸਟੇਟ ਦੀਆਂ ਕੰਪਨੀਆਂ ਨਾਲ ਬੇਨਾਮੀ ਹਿੱਸੇਦਾਰੀ ਪਾਈ ਹੋਈ ਹੈ। ਖਰੜ, ਮੁਹਾਲੀ ਤੇ ਡੇਰਾਬਸੀ ਦੇ ਸਹਾਇਕ ਰਜਿਸਟਰਾਰਾਂ ਕੋਲ ਪਿਛਲੇ 10 ਸਾਲਾਂ ਦੇ ਸਮੇਂ ਦੌਰਾਨ ਤਕਰੀਬਨ 160 ਅਜਿਹੀਆਂ ਸੁਸਾਇਟੀਆਂ ਦੀ ਰਜਿਸਟਰੇਸ਼ਨ ਹੋਈ ਹੈ ਜਿਨ੍ਹਾਂ ਦਾ ਮੁੱਢਲਾ ਕੰਮ ਮਕਾਨ ਉਸਾਰੀ ਹੈ।
ਮਕਾਨ ਉਸਾਰੀ ਦੇ ਕੰਮਾਂ ਲਈ ਬਣੀਆਂ ਇਹ ਸੁਸਾਇਟੀਆਂ ਬਾਰਸੂਖ ਵਿਅਕਤੀਆਂ ਵੱਲੋਂ ਹੀ ਕਾਇਮ ਕੀਤੀਆਂ ਗਈਆਂ ਹਨ। ਮੁਹਾਲੀ ਖੇਤਰ ਵਿਚ ਸਰਗਰਮ ਅਜਿਹੀਆਂ ਕੰਪਨੀਆਂ ਵੀ ਹਨ ਜਿਨ੍ਹਾਂ ਨੇ ਖ਼ਪਤਕਾਰਾਂ ਤੋਂ ਛੇ ਸਾਲ ਪਹਿਲਾਂ ਪੈਸੇ ਲੈ ਲਏ ਸਨ ਪਰ ਅੱਜ ਤੱਕ ਪਲਾਟ ਜਾਂ ਫਲੈਟ ਨਹੀਂ ਦਿੱਤਾ। ਕਈ ਕੰਪਨੀਆਂ ਖਿਲਾਫ਼ ਧੋਖਾਧੜੀ ਦੇ ਮਾਮਲੇ ਵੀ ਦਰਜ ਹੋ ਚੁੱਕੇ ਹਨ। ਸਿਆਸਤਦਾਨਾਂ ਦੀ ਪੁਸ਼ਤਪਨਾਹੀ ਕਾਰਨ ਪ੍ਰਸ਼ਾਸਨ ਬਿਲਡਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦਾ। ਮੁਹਾਲੀ ਖੇਤਰ ਵਿਚ ਰੀਅਲ ਅਸਟੇਟ ਦੀਆਂ ਜਿਹੜੀਆਂ ਕੰਪਨੀਆਂ ਸਰਗਰਮ ਹਨ, ਉਨ੍ਹਾਂ ਵਿਚ ਡੀæਐਲ਼ਐਫ਼, ਓਮੈਕਸ, ਸ਼ਿਵਜੋਤ, ਬਾਜਵਾ ਡਿਵੈਲਪਰਜ਼, ਗਿਲਕੋ, ਬਰਨਾਲਾ ਬਿਲਡਰਜ਼ , ਸੁਸ਼ਮਾ, ਮਨੋਹਰ ਸਿੰਘ ਐਂਡ ਸਨਜ਼, ਆਰæਕੇæਐਮæ ਸਿਟੀ, ਆਂਸਲ ਏæਪੀæਆਈ, ਵੇਵਜ਼, ਪਰਲ ਗਰੁੱਪ, ਐਲਟਸ, ਸਵਿੱਤਰੀ ਗਾਰਡਨਜ਼, ਗੁਪਤਾ ਬਿਲਡਰਜ਼, ਸਕਾਈ ਰੌਕ ਤੇ ਐਕਮੀ ਬਿਲਡਰਜ਼ ਆਦਿ ਸ਼ਾਮਲ ਹਨ। ਇਹ ਕੰਪਨੀਆਂ ਜ਼ਮੀਨ ਦੀ ਵਰਤੋਂ ਦੀ ਤਬਦੀਲੀ ਕਰਾਉਣ ਤੋਂ ਪਹਿਲਾਂ ਹੀ ਪਲਾਟ ਤੇ ਫਲੈਟਾਂ ਦੇ ਪੈਸੇ ਲੋਕਾਂ ਤੋਂ ਵਸੂਲ ਰਹੀਆਂ ਹਨ। ਸਰਕਾਰ ਵੱਲੋਂ ਇਸ ਮਾਮਲੇ ਵਿਚ ਕੋਈ ਸਪੱਸ਼ਟ ਨੀਤੀ ਬਣਾਈ ਨਹੀਂ ਗਈ ਜਿਸ ਕਰਕੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ।
_____________________________________
ਸੁਖਬੀਰ ਬਾਦਲ ਦੇ ਖਾਸ ਬੰਦੇ ਸ਼ਰਮਾ ‘ਤੇ ਦੋਸ਼ਾਂ ਦੀ ਬੁਛਾੜ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਬੁਲਾਰੇ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਖਜ਼ਾਨਚੀ ਤੇ ਮੁੱਖ ਸੰਸਦੀ ਸਕੱਤਰ ਐੱਨæਕੇ ਸ਼ਰਮਾ ਦੇ ਹਾਊਸਿੰਗ ਪ੍ਰਾਜੈਕਟਾਂ ਵਿਚ ਬੇਨਿਯਮੀਆਂ ਦੇ ਦੋਸ਼ ਲਾਏ ਹਨ। ਸ੍ਰੀ ਸ਼ਰਮਾ ਉਪ ਮੁੱਖ ਮੰਤਰੀ ਦਾ ਖਾਸ ਬੰਦਾ ਹੈ। ਖਹਿਰਾ ਦਾ ਦਾਅਵਾ ਹੈ ਕਿ ਸ਼ਰਮਾ ਦੀ ਕੰਪਨੀ ਨੇ ਬਿਸ਼ਨਪੁਰਾ (ਜ਼ੀਰਕਪੁਰ) ਵਿਚ ਗ਼ੈਰ ਕਾਨੂੰਨੀ ਢੰਗ ਨਾਲ 11 ਏਕੜ ਦਾ ਮੈਗਾ ਪ੍ਰਾਜੈਕਟ ਬਣਾਇਆ ਹੈ।
ਇਸ ਤਹਿਤ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੈ। ਸ਼ਰਮਾ ਦੀ ਕੰਪਨੀ ਵੀæਐਨæ ਸ਼ਰਮਾ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨੇ ਵਾਤਾਵਰਨ ਮੰਤਰਾਲੇ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਉਥੇ ਫਲੈਟ ਉਸਾਰੇ ਹਨ ਤੇ ਵਿਭਾਗ ਵੱਲੋਂ ਕੰਪਨੀ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਮਾ ਦੀ ਕੰਪਨੀ ਦੇ ਚਾਰ-ਪੰਜ ਪ੍ਰਾਜੈਕਟ ਕੇਂਦਰੀ ਗਰਾਊਂਡ ਵਾਟਰ ਕਮਿਸ਼ਨ ਦੀ ਕਲੀਰਐਂਸ, ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਕਲੀਰਐਂਸ ਆਦਿ ਤੋਂ ਬਿਨਾਂ ਹੀ ਚੱਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਖਜ਼ਾਨਚੀ ਹੋਣ ਕਾਰਨ ਸ਼ਰਮਾ ਦੀ ਬਾਦਲ ਪਰਿਵਾਰ ਨਾਲ ਨੇੜਤਾ ਹੈ। ਇਸ ਕਾਰਨ ਪੰਜਾਬ ਸਰਕਾਰ ਜਾਣਬੁੱਝ ਕੇ ਸ਼ਰਮਾ ਦੀ ਕੰਪਨੀ ਵੱਲੋਂ ਕੀਤੀਆਂ ਬੇਨਿਯਮੀਆਂ ਉਪਰੋਂ ਅੱਖਾਂ ਮੀਟ ਰਹੀ ਹੈ। ਉਨ੍ਹਾਂ ਕਾਂਗਰਸ ਵੱਲੋਂ ਹਾਈ ਕੋਰਟ ਨੂੰ ਜ਼ੀਰਕਪੁਰ ਵਿਚ ਬਣਾਏ ਜਾ ਰਹੇ ਗੈਰ ਕਾਨੂੰਨੀ ਵੱਡੇ ਢਾਂਚਿਆਂ ਦੇ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ। ਦੂਜੇ ਪਾਸੇ ਸ਼ਰਮਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਖਹਿਰਾ ਉਨ੍ਹਾਂ ਉਪਰ ਬੇਬੁਨਿਆਦ ਦੋਸ਼ ਲਾ ਕੇ ਸਸਤੀ ਸ਼ੌਹਰਤ ਹਾਸਲ ਕਰਨ ਲਈ ਨੀਵੇਂ ਪੱਧਰ ‘ਤੇ ਉਤਰ ਆਏ ਹਨ। ਐਨ ਕੇ ਸ਼ਰਮਾ ਗਰੁੱਪ ਆਫ ਕੰਪਨੀਜ਼ ਦੇ ਸਾਰੇ ਪ੍ਰਾਜੈਕਟ ਸਬੰਧਤ ਅਥਾਰਟੀਜ਼ ਤੋਂ ਬਕਾਇਦਾ ਪ੍ਰਵਾਨਗੀਆਂ ਲੈ ਕੇ ਸ਼ੁਰੂ ਕੀਤੇ ਹਨ ਤੇ ਖਹਿਰਾ ਨੂੰ ਕੰਪਨੀ ਵੱਲੋਂ ਸੀæਐਲ਼ਯੂ ਤੇ ਹੋਰ ਫੀਸ ਜਮ੍ਹਾਂ ਕਰਵਾਉਣ ਦਾ ਪਤਾ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਪਹਿਲਾਂ ਲਾਏ ਦੋਸ਼ ਝੂਠੇ ਸਾਬਤ ਹੋਣ ਕਾਰਨ ਉਹ ਹੁਣ ਨਵੇਂ ਦੋਸ਼ ਲੈ ਰਹੇ ਹਨ।
ਅਕਾਲੀ ਆਗੂ ਨੇ ਖਹਿਰਾ ‘ਤੇ ਐਨ ਕੇ ਸ਼ਰਮਾ ਗਰੁੱਪ ਆਫ ਕੰਪਨੀਜ਼ ਦੇ ਵਪਾਰਕ ਹਿੱਤਾਂ ਨੂੰ ਸੱਟ ਪਹੁੰਚਾਉਣ ਦੇ ਯਤਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ ਤੇ ਜਲਦ ਹੀ ਇਸ ਕਾਂਗਰਸੀ ਆਗੂ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾਵੇਗਾ।
Leave a Reply