ਡਾæ ਗੁਰਨਾਮ ਕੌਰ, ਕੈਨੇਡਾ
ਹਰ ਨੈਤਿਕ ਪ੍ਰਣਾਲੀ ਵਿਚ ਮਨੁੱਖ ਦੇ ਪ੍ਰਾਪਤ ਕਰਨ ਲਈ ਇੱਕ ‘ਸਦਾਚਾਰਕ ਆਦਰਸ਼’ ਮਿੱਥਿਆ ਹੁੰਦਾ ਹੈ, ਜਿਸ ਨੂੰ ਪ੍ਰਾਪਤ ਕਰਨ ਜਾਂ ਉਸ ਦਾ ਅਨੁਭਵ ਕਰਨ ਦੀ ਉਸ ਨੂੰ ਮੰਨਣ ਵਾਲਿਆਂ ਕੋਲੋਂ ਆਸ ਕੀਤੀ ਜਾਂਦੀ ਹੈ। ਜੇ ਨੈਤਿਕ ਸ਼ਾਸਤਰ ਨੂੰ ਇਤਿਹਾਸਕ ਸੰਦਰਭ ਵਿਚ ਵਾਚਿਆ ਜਾਵੇ ਤਾਂ ‘ਨੈਤਿਕ ਆਦਰਸ਼’ ਦੀਆਂ ਭਿੰਨ ਭਿੰਨ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਵੱਖ ਵੱਖ ਨੈਤਿਕ ਸਿਧਾਂਤਾਂ ਦਾ ਆਧਾਰ ‘ਨੈਤਿਕ ਅਛਾਈ’ ਦੇ ਅਨੇਕਾਂ ਵੱਖਰੇ ਵੱਖਰੇ ਸੰਕਲਪ ਮਿਲਦੇ ਹਨ। ਕਿਸੇ ਨੈਤਿਕ ਸਿਧਾਂਤ ਦਾ ਆਧਾਰ ‘ਖੁਸ਼ੀ’ ਹੈ ਤਾਂ ਕਿਸੇ ਹੋਰ ਦਾ ਦੈਵੀ ਜਾਂ ਕੁਦਰਤੀ ਕਾਨੂੰਨ, ਕਿਸੇ ਲਈ ਤਰਕ ਜਾਂ ਵੀਚਾਰ ਹੈ ਤਾਂ ਕਿਸੇ ਹੋਰ ਸਿਧਾਂਤ ਦਾ ‘ਅਹਿੰਸਾ’ ਪਰਮੋਧਰਮਾ ਹੈ। ਇਸੇ ਤਰ੍ਹਾਂ ਕਿਸੇ ਦੂਜੇ ਵਾਸਤੇ ‘ਆਤਮ-ਅਨੁਭਵ।’ ਹਰ ਸਿਧਾਂਤ ਵਿਚ ਜਿਥੇ ਕੁਝ ਗੁਣ ਮੌਜੂਦ ਹੁੰਦੇ ਹਨ, ਉਥੇ ਨੈਤਿਕ ਸ਼ਾਸਤਰੀਆਂ ਵੱਲੋਂ ਪ੍ਰਾਪਤ ਸਿਧਾਂਤ ਦੀ ਨੁਕਤਾਚੀਨੀ ਵੀ ਕੀਤੀ ਗਈ ਹੈ।
ਸਿੱਖ ਨੈਤਿਕ ਸਿਧਾਂਤ ਵਿਚ ਮਨੁੱਖ ਨੂੰ ਅਕਾਲ ਪੁਰਖ ਦਾ ‘ਅੰਸ਼’ ਮੰਨਿਆ ਗਿਆ ਹੈ ਅਰਥਾਤ ਪਰਮਾਤਮਾ ਦੀ ਜੋਤਿ ਹਰ ਇੱਕ ਜੀਵ ਵਿਚ ਵਿਆਪਤ ਮੰਨੀ ਗਈ ਹੈ। ਇਸ ਲਈ ਮਨੁੱਖ ਵਾਸਤੇ ‘ਨੈਤਿਕ ਆਦਰਸ਼’ ਜਾਂ ਜਿਸ ਨੂੰ ਨੈਤਿਕ ਸ਼ਾਸਤਰ ਦੀ ਭਾਸ਼ਾ ਵਿਚ ‘ਉਚਤਮ ਅਛਾਈ’ (ਹਾਈਐਸਟ ਗੁਡ) ਕਹਿੰਦੇ ਹਨ ‘ਆਤਮ ਅਨੁਭਵ’ ਭਾਵ ਮਨੁੱਖ ਅੰਦਰ ਮੌਜੂਦ ਇਸ ਰੱਬੀ ਜੋਤਿ ਦੇ ਅਨੁਭਵ ਨੂੰ ਮੰਨਿਆ ਗਿਆ ਹੈ। ਇਸ ਆਤਮ-ਅਨੁਭਵ ਨੂੰ ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ‘ਸਚਿਆਰ’ ਹੋਣਾ, ਗੁਰੂ ਅਮਰਦਾਸ ਨੇ ਅਨੰਦ ਬਾਣੀ ਵਿਚ ‘ਆਪਣਾ ਮੂਲ ਪਛਾਣਨਾ’ ਅਤੇ ਗੁਰੂ ਅਰਜਨ ਦੇਵ ਨੇ ਸੁਖਮਨੀ ਵਿਚ ‘ਬ੍ਰਹਮਗਿਆਨੀ’ ਹੋਣਾ ਕਿਹਾ ਹੈ। ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਵਿਚ ਪਰਮਾਤਮਾ ਨੂੰ ੴ ਦੀ ਸੰਗਿਆ ਦੇ ਕੇ ਉਸ ਨੂੰ ਸੰਸਾਰ ਦਾ ਸਰਬ ਸਾਂਝਾ ਰਚਣਹਾਰਾ ਕਹਿ ਕੇ ਉਸ ਦੇ ਅਨੁਭਵ ਦਾ ਦਰਵਾਜ਼ਾ ਹਰ ਇੱਕ ਲਈ ਖੋਲ੍ਹ ਦਿੱਤਾ ਹੈ। ਕੋਈ ਵੀ ਮਨੁੱਖ-ਇਸਤਰੀ ਜਾਂ ਪੁਰਸ਼ ਆਪਣੇ ਅੰਦਰ ਵਿਆਪਤ ਇਸ ਜੋਤਿ ਦਾ ਆਪਣੀ ਆਤਮਕ ਸਮਰੱਥਾ ਅਨੁਸਾਰ ਅਨੁਭਵ ਕਰ ਸਕਦਾ ਹੈ। ਇਸ ਆਦਰਸ਼ ਨਾਲ ਸਿੱਖ ਨੈਤਿਕ ਪ੍ਰਣਾਲੀ ਨੇ ਇੱਕ ਅਜਿਹੇ ਢਾਂਚੇ ਦੀ ਸਿਰਜਣਾ ਕੀਤੀ ਹੈ ਜਿਸ ਵਿਚ ਮਨੁੱਖ ਨੂੰ ਮਨੁੱਖ ਰਾਹੀਂ ਦਬਾਉਣ, ਉਸ ਦਾ ਸ਼ੋਸ਼ਣ ਕਰਨ ਅਤੇ ਮਨੁੱਖ ਦੀ ਮਨੁੱਖ ਉਤੇ ਸਰਦਾਰੀ ਬਣਾਉਣ ਵਾਲੇ ਸਾਰੇ ਅਮਲਾਂ ਜਿਵੇਂ ਜਾਤ, ਜਮਾਤ, ਫਿਰਕਾ ਅਤੇ ਇਸਤਰੀ/ਪੁਰਸ਼ ਦੀ ਵੰਡ ਆਦਿ ਨੂੰ ਤੋੜ ਦਿੱਤਾ ਹੈ। ਇਸ ਢਾਂਚੇ ਅਨੁਸਾਰ ਹਰ ਮਨੁੱਖ ਖੁਦਮੁਖ਼ਤਾਰ ਅਤੇ ਬਰਾਬਰ ਹੈ, ਹਰ ਇੱਕ ਦੀਆਂ ਅਕਾਲ ਪੁਰਖ ਅਤੇ ਇੱਕ-ਦੂਸਰੇ ਪ੍ਰਤੀ ਇੱਕੋ ਜਿਹੀਆਂ ਜਿੰਮੇਵਾਰੀਆਂ ਅਤੇ ਫਰਜ਼ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ ਦੀ ਬਾਣੀ, ਹਿੰਦੂ ਵੈਸ਼ਨਵ ਭਗਤਾਂ ਅਤੇ ਮੁਸਲਮਾਨ ਸੂਫ਼ੀ ਸੰਤਾਂ ਦੀ ਬਾਣੀ ਇਸ ਦੀ ਵਿਲੱਖਣ ਸਾਹਿਤਕ ਸੁੰਦਰਤਾ ਅਤੇ ਅਨੇਕਵਾਦ ਦੀ ਪ੍ਰਤੀਕ ਹੈ ਜੋ ਇਸ ਦੇ ਮਨੁੱਖੀ ਭਾਈਚਾਰੇ ਦੀ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਮਨੁੱਖ ਦਾ ਵਿਅਕਤੀਤਵ ਇੱਕ ਅਮੀਰ ਸਮੁੱਚ ਹੈ ਅਤੇ ਕੋਈ ਵੀ ਨੈਤਿਕ ਆਦਰਸ਼ ਜੋ ਇਸ ਦੇ ਇਸ ਵਿਅਕਤੀਤਵ ਦੇ ਕਿਸੇ ਵੀ ਹਿੱਸੇ ਨੂੰ ਛੱਡ ਦਿੰਦਾ ਹੈ, ਉਸ ਹੱਦ ਤੱਕ ਆਪਣੀ ਪ੍ਰਮਾਣਿਕਤਾ ਨੂੰ ਹੀ ਬਲਹੀਣ ਕਰ ਲੈਂਦਾ ਹੈ। ਆਤਮ ਦੇ ਸਮੁੱਚ ਦੇ ਏਕੀਕਰਨ ਵਾਲੀ ਪਹੁੰਚ ਹੀ ਸਭ ਤੋਂ ਚੰਗਾ ਸਮਾਧਾਨ ਹੈ। ਨਤੀਜਤਨ ਆਤਮ-ਅਨੁਭਵ ਵਾਲੇ ਉਹ ਆਦਰਸ਼ਵਾਦੀ ਸਿਧਾਂਤ ਜਿਹੜੇ ਮਨੁੱਖੀ ਸਿਰਜਣਾਤਮਕਤਾ ਦੇ ਸੰਦਰਭ ਵਿਚ ਆਤਮ ਦੇ ਸਮੁੱਚ ਅਤੇ ਉਚਤਮ ਨੂੰ ਧਿਆਨ ਵਿਚ ਲੈ ਕੇ ਚੱਲਦੇ ਹਨ, ਹੀ ਨਿਸ਼ਾਨੇ ਦੇ ਨੇੜੇ ਹੁੰਦੇ ਹਨ, ਭਾਵੇਂ ਅਜਿਹੇ ਸਿਧਾਂਤਾਂ ਵਿਚ ਉਨ੍ਹਾਂ ਦੀ ਆਦਰਸ਼ਵਾਦੀ ਪਹੁੰਚ ਕਾਰਨ ਕੁਝ ਅਸਪਸ਼ਟਤਾ ਵੀ ਦੇਖਣ ਨੂੰ ਮਿਲਦੀ ਹੈ।
ਸਿੱਖ ਨੈਤਿਕ ਪ੍ਰਣਾਲੀ ਵੀ ਹੋਰ ਵੱਡੀਆਂ ਨੈਤਿਕ ਪ੍ਰਣਾਲੀਆਂ ਜਿਵੇਂ ਹਿੰਦੂ, ਈਸਾਈ ਅਤੇ ਇਸਲਾਮ (ਸਮੇਤ ਪਲੈਟੋ ਦੀ ‘ਰਿਪਬਲਿਕ’) ਦੇ ਮਾਨਵਤਾਵਾਦੀ ਝੁਕਾਵਾਂ ਨਾਲ ਸਹਿਮਤ ਹੈ। ਬੁੱਧ ਧਰਮ ਨੂੰ ਵੀ ਮਨੁੱਖ ਨਾਲ ਇਸ ਦੀ ਅਤਿ ਦੀ ਅਨੁਭਵਤਾ ਲਈ ਜਾਣਿਆ ਜਾਂਦਾ ਹੈ। ਸਿੱਖ ਧਰਮ ਸਰਬ-ਅਲਿੰਗਣਕਾਰੀ ਧਰਮ ਹੈ ਅਤੇ ਸਰਬੱਤ ਦਾ ਭਲਾ ਮੰਗਣਾ ਇਸ ਦੀ ਅਰਦਾਸ ਦਾ ਮੁੱਖ ਮੰਤਵ ਹੈ। ਇਹ ਮਨੁੱਖੀ ਹੋਂਦ ਦੇ ਸਮੁੱਚ ਨਾਲ ਜੁੜਿਆ ਮਹਿਸੂਸ ਕਰਦਾ ਹੈ ਅਤੇ ਮਨੁੱਖ ਦੇ ਹਾਲਾਤ ਨੂੰ ਸੁਧਾਰਨਾ ਇਸ ਦਾ ਮੁੱਖ ਮੰਤਵ ਹੈ। ਨੈਤਿਕ ਨਿਯਮ ਮਨੁੱਖ ਲਈ ਬਣਾਏ ਜਾਂਦੇ ਹਨ। ਇਹ ਆਤਮ ਹੈ ਜਿਸ ਨੇ ਹਮੇਸ਼ਾ ਇੱਕ ਆਦਰਸ਼ਕ ਆਤਮ ਬਣਨ ਲਈ ਜੂਝਣਾ ਹੈ, ਇੱਕ ਆਤਮ ਦੇ ਤੌਰ ‘ਤੇ ਆਪਣੇ ਸਮਾਜਿਕ ਰਿਸ਼ਤਿਆਂ ਵਿਚ ਅਤੇ ਇੱਕ ਧਰਮੀ ਦੀਆਂ ਨਜ਼ਰਾਂ ਵਿਚ ‘ਪਰਮਾਤਮਾ ਦੇ ਦਰ ‘ਤੇ ਮਨਜ਼ੂਰ ਹੋਣਾ’ ਹੈ। ਉਚਾਈ ਵੱਲ ਆਤਮ ਦੇ ਸਮੁੱਚ ਨੇ ਵੱਧਣਾ ਹੈ। ਇਸ ਲਈ ਨੈਤਿਕ ਆਦਰਸ਼ ਵੀ ਆਤਮ ਦੇ ਸਮੁੱਚ ਅਤੇ ਉਚਤਮ ਦਾ ਅਨੁਭਵ ਕਰਨਾ ਹੀ ਮੰਨਿਆ ਗਿਆ ਹੈ। ਇਸ ਲਈ ਚੇਤੰਨ ਰੂਪ ਵਿਚ ਅਜਿਹੇ ਅਮਲ ਚੁਣੇ ਜਾਣੇ ਹਨ ਜਿਹੜੇ ਇਸ ਅਨੁਭਵ ਵਿਚ ਸਹਾਈ ਹੋਣ। ਜਦੋਂ ਇਹ ਅਨੁਭਵ ਪ੍ਰਾਪਤ ਹੋ ਜਾਣਾ ਹੈ ਤਾਂ ਇਹ ਉਸ ਮਨੁੱਖ ਦੇ ਅਮਲਾਂ ਵਿਚੋਂ ਨਜ਼ਰ ਆਉਣਾ ਚਾਹੀਦਾ ਹੈ।
ਇੱਕ ਹੋਰ ਤੱਥ ਹੈ ਜਿਸ ਦਾ ਸੰਖੇਪ ਵਿਚ ਜ਼ਿਕਰ ਕੀਤਾ ਜਾਣਾ ਬਣਦਾ ਹੈ ਅਤੇ ਜੋ ਆਦਰਸ਼ਵਾਦੀ ਨੈਤਿਕ ਸਿਧਾਂਤਾਂ ਦਾ ਇੱਕ ਅਹਿਮ ਪੱਖ ਹੁੰਦਾ ਹੈ ਅਤੇ ਕੋਈ ਵੀ ਆਦਰਸ਼ਵਾਦੀ ਸਿਧਾਂਤ ਇਸ ਤੋਂ ਜ਼ਿਆਦਾ ਬਚ ਨਹੀਂ ਸਕਦਾ। ਇਹ ਹਨ ਪਰਾਭੌਤਿਕ ਧਾਰਨਾਵਾਂ ਅਤੇ ਵਿਚਾਰ ਜੋ ਨੈਤਿਕ ਵਿਚਾਰਾਂ ਨਾਲ ਗੁੰਦੇ ਹੋਏ ਜਾਪਦੇ ਹਨ। ਹਿੰਦੁਸਤਾਨ ਵਿਚ ਪ੍ਰਵਾਨ ਚੜ੍ਹੀਆਂ ਨੈਤਿਕ ਪ੍ਰਣਾਲੀਆਂ, ਸਮੇਤ ਬੁੱਧ ਧਰਮ ਅਤੇ ਜੈਨ ਧਰਮ ਦੇ, ਆਪਣੇ ਨੈਤਿਕ ਵਿਚਾਰਾਂ ਅਤੇ ਪਰਾਭੌਤਿਕ ਵਿਚਾਰਾਂ ਦੇ ਰਿਸ਼ਤੇ ਵਿਚ ਬਹੁਤ ਡੂੰਘੀ ਤਰ੍ਹਾਂ ਜੁੜੀਆਂ ਹੋਈਆਂ ਜਾਪਦੀਆਂ ਹਨ। ਇੱਕ ਤਰ੍ਹਾਂ ਨਾਲ ਇਹ ਉਨ੍ਹਾਂ ਸਾਰੀਆਂ ਨੈਤਿਕ ਪ੍ਰਣਾਲੀਆਂ ਦਾ ਪ੍ਰਮੁੱਖ ਲੱਛਣ ਹੈ ਜਿਹੜੀਆਂ ਪੈਗੰਬਰਾਂ ਦੇ ਉਪਦੇਸ਼ਾਂ ਦੇ ਨਤੀਜੇ ਵਜੋਂ ਸਥਾਪਤ ਹੋਈਆਂ ਜਾਂ ਜਿਨ੍ਹਾਂ ਨੂੰ ਸੰਤ-ਪੁਰਸ਼ਾਂ ਦੇ ਅਧਿਆਤਮਕ ਅਨੁਭਵ ਦੀ ਛੁਹ ਪ੍ਰਾਪਤ ਹੋਈ। ਇਹ ਮੰਨਿਆ ਜਾ ਸਕਦਾ ਹੈ ਕਿ ਸਿੱਖ ਨੈਤਿਕ ਪ੍ਰਣਾਲੀ ਨੂੰ ਵੀ ਗੁਰੂ ਸਾਹਿਬਾਨ ਦੇ ਅਧਿਆਤਮਕ ਅਨੁਭਵ ਦੀ ਛੁਹ ਪ੍ਰਾਪਤ ਹੈ। ਇਸ ਪਿੱਠਭੂਮੀ ਨਾਲ, ਉਸ ਸਮਾਧਾਨ ਵੱਲ ਵਧਿਆ ਜਾ ਸਕਦਾ ਹੈ, ਜੋ ਨੈਤਿਕ ਆਦਰਸ਼ ਦੇ ਰੂਪ ਵਿਚ ਸਿੱਖ ਧਰਮ ਮਨੁੱਖੀ ਦੁਬਿਧਾ ਦੀ ਉਲਝਣ ਲਈ ਪੇਸ਼ ਕਰਦਾ ਹੈ।
ਸਿੱਖ ਧਰਮ ਵਿਚ ਦਿੱਤੇ ਨੈਤਿਕ ਆਦਰਸ਼ ਨੂੰ ਸਮਝਣ ਲਈ ਨੈਤਿਕਤਾ ਦੀ ਉਸ ਸਮੱਸਿਆ ਨੂੰ ਸਮਝਣਾ ਪਵੇਗਾ ਜੋ ਇਸ ਵਿਚ ਪੇਸ਼ ਕੀਤੀ ਗਈ ਹੈ। ਇਹ ਸਮੱਸਿਆ ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਹੀ ਸਾਹਮਣੇ ਰੱਖ ਦਿੱਤੀ ਹੈ, ਜਿਸ ਬਾਣੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਹੁੰਦਾ ਹੈ ਅਤੇ ਜਿਸ ਨੂੰ ਆਮ ਤੌਰ ‘ਤੇ ਕੇਂਦਰੀ ਸਿੱਖ ਸਿਧਾਂਤਾਂ ਦਾ ਸਾਰਾਂਸ਼ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਮਨੁੱਖੀ ਸਥਿਤੀ ਦੀ ਵਿਲੱਖਣਤਾ ਇਸ ਤੱਥ ਵਿਚ ਹੈ ਕਿ ਹਰ ਬੰਦਾ ਆਪਣੀ ਇਸ ਸੰਸਾਰੀ ਹੋਂਦ ਵਿਚ ਤੰਗ ਨਜ਼ਰੀਏ ਦਾ ਸ਼ਿਕਾਰ ਹੈ। ਇਸ ਤੰਗ ਨਜ਼ਰੀਏ ਨੂੰ ਗੁਰੂ ਨਾਨਕ ਸਾਹਿਬ ਨੇ ‘ਹਉਮੈ’ ਦੀ ਸੰਗਿਆ ਦਿੱਤੀ ਹੈ। ਇਹ ‘ਅਹੰ’ ਦੀ ਭਾਵਨਾ ਹੈ ਜਿਸ ਦਾ ਇਸ਼ਾਰਾ ਤੰਗ ਜਾਂ ਸੀਮਤ ਨਜ਼ਰੀਏ ਦੇ ਰੂਪ ਵਿਚ ਕੀਤਾ ਗਿਆ ਹੈ। ਨੈਤਿਕਤਾ ਵਾਸਤੇ ਜਾਂ ਕਹਿਣਾ ਚਾਹੀਦਾ ਹੈ ਕਿ ਸਮੁੱਚੇ ਜੀਵਨ ਵਾਸਤੇ ਇਸ ਨਿੱਜਤਵ ਵਿਚ ਜਾਂ ਨਿੱਜਤਵ ਦੁਆਲੇ ਜੁੜੀ ਹੋਈ ਸਮੱਸਿਆ ਨੂੰ, ਇਸ ਤੰਗ ਨਜ਼ਰੀਏ ਨੂੰ ਵਿਸ਼ਾਲ ਕਿਸ ਤਰ੍ਹਾਂ ਕੀਤਾ ਜਾਵੇ ਤਾਂ ਕਿ ਮਨੁੱਖ ਆਪਣੇ ਅਸਲੀ ਅਤੇ ਉਚੇ ਆਪੇ ਜਾਂ ਮਹਾਨ ਆਤਮ ਨੂੰ ਅਨੁਭਵ ਕਰ ਸਕੇ।
ਇਸ ਅਸਲੀ ਆਪੇ ਨੂੰ ਜਪੁਜੀ ਵਿਚ ਗੁਰੂ ਨਾਨਕ ਨੇ ‘ਸਚਿਆਰਾ’ ਕਿਹਾ ਹੈ, ਜੋ ਕਿ ਆਤਮ-ਅਨੁਭਵ ਦਾ ਸਿਖਰ ਹੈ ਜਦ ਕਿ ‘ਸਤਿ’ ਜਾਂ ‘ਸਚਿ’ ਨੂੰ ਗੁਰੂ ਨਾਨਕ ਸਾਹਬ ਨੇ ਅਧਿਆਤਮਕ ਅਨੁਭਵ ਦੀ ਉਨਤੀ ਦਾ ਸਿਧਾਂਤ ਮੰਨਿਆ ਹੈ। ‘ਸਤਿ’ ਅਤੇ ਸਚਿਆਰ ਦੇ ਵਿਸ਼ਾਲ ਅਰਥਾਂ ਦਾ ਵਿਸ਼ਲੇਸ਼ਣ ਕਦੀ ਫੇਰ ਕੀਤਾ ਜਾਵੇਗਾ। ਇਥੇ ਇਹ ਦੱਸ ਦੇਣਾ ਹੀ ਕਾਫੀ ਹੈ ਕਿ ‘ਸਚਿਆਰਾ’ ਤੋਂ ਭਾਵ ਆਦਰਸ਼ਕ ਆਤਮ ਜਾਂ ਆਦਰਸ਼ਕ ਆਪਾ ਹੈ, ਉਹ ਆਦਰਸ਼ ਜੋ ਮਨੁੱਖ ਨੇ ਪ੍ਰਾਪਤ ਕਰਨਾ ਹੈ। ਇਸ ਪਹੁੰਚ ਅਨੁਸਾਰ ਸਦਾਚਾਰਕ ਤੌਰ ‘ਤੇ ਚੰਗਾ ਵਿਅਕਤੀ ਉਹ ਹੈ ਜੋ ਆਤਮਕ ਬੁਲੰਦੀਆਂ ‘ਤੇ ਉਚਾ, ਹੋਰ ਉਚਾ ਉਠਦਾ ਹੈ ਅਤੇ ਜ਼ਿੰਦਗੀ ਦੇ ਤੰਗ ਨਜ਼ਰੀਏ ਅਰਥਾਤ ਹਉਮੈ ਤੋਂ ਦੂਰ ਹੁੰਦਾ ਜਾਂਦਾ ਹੈ ਅਤੇ ਵਿਸ਼ਾਲ ਆਤਮ, ਸਚਿਆਰ ਬਣਨ ਵੱਲ ਕਾਰਜਸ਼ੀਲ ਹੁੰਦਾ ਹੈ। ਕੋਈ ਵੀ ਕਰਮ ਜਾਂ ਅਮਲ ਚੰਗਾ ਹੈ ਜੋ ਇਸ ਅਨੁਭਵ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ, ਉਚਤਮ ਅਛਾਈ ਇਸ ਦਾ ਸਿਖਰ ਹੈ।
ਇਸ ਆਤਮ-ਅਨੁਭਵ ਦੇ ਸਫਰ ਦਾ ਪਾਂਧੀ ਮਨੁੱਖ ਵੱਖ ਵੱਖ ਪੱਖਾਂ ਤੋਂ ਆਪਣੇ ਆਪੇ ਦਾ ਵਿਕਾਸ ਕਰਦਾ ਹੈ। ਇਨ੍ਹਾਂ ਪੱਖਾਂ ਦੀ ਪਛਾਣ ‘ਪੰਜ’ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਚਾਰ ਨੂੰ ਠੀਕ ਉਨਤੀ ਦੇ ਪਹਿਲੂ ਕਿਹਾ ਜਾ ਸਕਦਾ ਹੈ ਅਤੇ ਪੰਜਵੇਂ ਅਤੇ ਅੰਤਿਮ ਨੂੰ ਆਤਮ-ਅਨੁਭਵ ਦਾ ਸਿਖਰ ਮੰਨਿਆ ਜਾ ਸਕਦਾ ਹੈ। ਇਨ੍ਹਾਂ ਪੰਜਾਂ ਖੰਡਾਂ ਦਾ ਵਿਸਥਾਰ ਵਿਚ ਅਧਿਐਨ ਕਦੀ ਫੇਰ ਕੀਤਾ ਜਾਵੇਗਾ। ਇਥੇ ਇਨ੍ਹਾਂ ਦਾ ਜ਼ਿਕਰ ਇਸ ਨੁਕਤੇ ਨੂੰ ਉਭਾਰਨ ਲਈ ਕੀਤਾ ਜਾਵੇਗਾ ਕਿ ‘ਵਿਕਾਸ’ ਸਿੱਖ ਧਰਮ ਦਾ ਮੂਲ ਸੰਕਲਪ ਹੈ। ਇਹ ਪਹਿਲੂ ਜਾਂ ਪੜਾਅ ਜਿਨ੍ਹਾਂ ਨੂੰ ‘ਖੰਡ’ ਕਿਹਾ ਗਿਆ ਹੈ, ਇਹ ਹਨ-ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਆਖਰੀ ਅਤੇ ਸਿਖਰ ਦਾ ਪੜਾਅ ਸੱਚ ਖੰਡ ਹੈ।
ਧਰਮ ਖੰਡ ਵਿਕਾਸ ਜਾਂ ਉਨਤੀ ਵੱਲ ਪਹਿਲਾ ਪੜਾਅ ਹੋਣ ਦੇ ਨਾਤੇ ਉਹ ਅਵਸਥਾ ਹੈ ਜਿਸ ਵਿਚ ਸਮਾਜਿਕ ਨਿਰਧਾਰਤ ਫਰਜ਼ ਆਪਣੀ ਪੂਰੀ ਯੋਗਤਾ ਅਨੁਸਾਰ ਨਿਭਾਏ ਜਾਂਦੇ ਹਨ।
ਗਿਆਨ ਖੰਡ ਦੂਸਰਾ ਪੜਾਅ ਹੈ ਜਿਸ ਵਿਚ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਸਿਆਣਪ ਨੂੰ ਆਤਮਸਾਤ ਕੀਤਾ ਜਾਂਦਾ ਹੈ। ਇਸ ਪੜਾਅ ‘ਤੇ ਭਾਵਨਾਵਾਂ ਦਾ ਸੰਤੁਲਨ ਅਤੇ ਇੱਕਸੁਰਤਾ, ਆਤਮਕ ਏਕਤਾ ਅਤੇ ਸੂਖਮਤਾ ਦਾ ਅਨੁਭਵ ਪ੍ਰਾਪਤ ਕੀਤਾ ਜਾਂਦਾ ਹੈ ਜੋ ਕਿ ਅਗਲੇ ਪੜਾਅ ਵੱਲ ਸੰਕੇਤ ਹੈ।
ਚੌਥੇ ਪੜਾਅ ‘ਤੇ ਆਤਮ ਵਿਚ ਵਿਸ਼ਾਲਤਾ ਅਤੇ ਵਿਆਪਕਤਾ ਆ ਜਾਂਦੀ ਹੈ, ਇਸ ਨਜ਼ਰੀਏ ਤੋਂ ਕਿ ਉਸ ਦੇ ਅਮਲ ਸਰਬ-ਵਿਆਪਕ ਅਤੇ ਵਿਸ਼ਾਲ ਹੋ ਜਾਂਦੇ ਹਨ। ਉਹ ਅਧਿਆਤਮਕ ਸ਼ਕਤੀ ਨਾਲ ਭਰਪੂਰ ਹੋ ਜਾਂਦਾ ਹੈ। ਕਰਮ ਖੰਡ ਦੇ ਇਸ ਪੜਾਅ ‘ਤੇ ਆਤਮ ਦੀ ਵਿਆਖਿਆ ‘ਆਪਾ ਰਹਿਤ ਆਤਮ’ ਕੀਤੀ ਜਾ ਸਕਦੀ ਹੈ ਕਿਉਂਕਿ ਉਸ ਵਿਚ ਹਉਮੈ ਦੀ ਭਾਵਨਾ ਲੇਸ-ਮਾਤਰ ਵੀ ਨਹੀਂ ਰਹਿੰਦੀ। ਉਹ ਸਮਾਜਿਕ ਅਤੇ ਨੈਤਿਕ ਕਰਮ ਕਰਨੇ ਜਾਰੀ ਰੱਖਦਾ ਹੈ। ਮਨੁੱਖ ਆਪਣੇ ਪਰਉਪਕਾਰੀ ਜਿਊੜੇ ਨੂੰ ਮਨੁੱਖਤਾ ਦੀ ਸੇਵਾ ਵਿਚ ਇੱਕ ਅਧਿਆਤਮਕ ਜੋਧੇ ਵਾਂਗ ਜਾਂ ਅਧਿਆਤਮਕ ਨਾਇਕ ਵਾਂਗ ਲਗਾ ਦਿੰਦਾ ਹੈ। ਆਤਮ ਅਨੁਭਵ ਦੇ ਉਚੇ ਪੜਾਅ ਵੱਲ ਵਧਣ ਲਈ ਉਹ ਪੂਰੀ ਤਰ੍ਹਾਂ ਸਮਰੱਥ ਹੋ ਜਾਂਦਾ ਹੈ। (ਇਹ ਹੈ ਸਿੱਖ ਦਾ ਪਰਉਪਕਾਰੀ ਹੋਣ ਦਾ ਅਸਲੀ ਸੁਭਾਅ। ਇਹ ਨਹੀਂ ਕਿ ਲੰਗਰ ਵਿਚ ਹਿੱਸਾ ਪਾ ਕੇ ਜਾਂ ਗੁਰਦੁਆਰਿਆਂ ਦੀ ਆਧੁਨਿਕ ਦਿੱਖ ਬਣਾਉਣ ਲਈ ਪੈਸਾ ਚੜ੍ਹਾ ਕੇ ਫਿਰ ਕਮੇਟੀਆਂ ‘ਤੇ ਕਾਬਜ ਹੋਣ ਲਈ ਡਾਂਗ-ਸੋਟਾ ਹੋਣਾ, ਇੱਕ ਦੂਸਰੇ ਦੀਆਂ ਪੱਗਾਂ ਉਛਾਲਣੀਆਂ ਅਤੇ ਸਮਾਜ ਦੀ ਭਲਾਈ ਦੇ ਕੰਮ ਕਰਨ ਦੀ ਥਾਂ ਗੁਰੂ ਘਰਾਂ ਦਾ ਪੈਸਾ ਮੁਕੱਦਮਿਆਂ ‘ਤੇ ਬਰਬਾਦ ਕਰਨਾ। ਅਜਿਹਾ ਕਰਨਾ ਗੁਰੂ ਵਾਲੇ ਹੋਣਾ ਨਹੀਂ, ਗੁਰੂ ਤੋਂ ਬੇਮੁੱਖ ਹੋਣਾ ਹੈ।)
ਪੰਜਵਾਂ ਅਤੇ ਆਖਰੀ ਪੜਾਅ ਸੱਚ ਖੰਡ ਹੈ ਜੋ ਕਿ ਇੱਕ ਸਰਬ-ਵਿਆਪਕ ਨਜ਼ਰੀਆ, ਸਰਬ-ਵਿਆਪਕ ਸੁਹਜਾਤਮਕ ਭਾਈਚਾਰਕਤਾ ਅਤੇ ਸਰਬ-ਵਿਆਪਕ ਇਰਾਦਾ ਗ੍ਰਹਿਣ ਕਰ ਲੈਣ ਦੇ ਨਜ਼ਰੀਏ ਤੋਂ ਆਤਮ ਦੀ ਪ੍ਰਾਪਤੀ ਹੈ। ਇਸ ਵਿਚ ਕਰਮ (ਕਰਨੀ), ਚੇਤੰਨਤਾ ਅਤੇ ਵਿਸਮਾਦ ਸ਼ਾਮਲ ਹੈ (ਸੰਨਿਆਸੀਆਂ ਵਾਂਗ ਸੰਸਾਰ ਦਾ ਤਿਆਗ ਨਹੀਂ)। ਇਹ ‘ਸਚਿਆਰ’ ਪਦ ਹੈ, ‘ਉਚਤਮ ਅਛਾਈ’ ਹੈ ਜਿਸ ਦੀ ਪ੍ਰਾਪਤੀ ਲਈ ਆਤਮ ਅਭਿਲਾਸ਼ਾ ਕਰਦਾ ਹੈ। ਉਹ ਇਸ ਦ੍ਰਿਸ਼ਟੀ ਤੋਂ ਪੂਰਨ ਮਨੁੱਖ ਬਣ ਜਾਂਦਾ ਹੈ ਕਿ ਉਸ ਉਹ ਭਲਾਈ ਸਹਿਜ ਸੁਭਾਅ ਕਰਦਾ ਹੈ ਅਰਥਾਤ ਭਲਾ ਕਰਨਾ ਉਸ ਦਾ ਸਹਿਜ ਸੁਭਾਅ ਬਣ ਜਾਂਦਾ ਹੈ। ਆਤਮ ਵਿਚ ਦੂਸਰਿਆਂ ਤੋਂ ਵੱਖਰੀ ਕਿਸਮ ਦਾ ਹੋਣ ਦੀ ਕੋਈ ਚੇਤਨਾ ਹੁੰਦੀ ਹੈ ਅਤੇ ਇਹ ਉਸ ਦੇ ਅਮਲਾਂ ਅਤੇ ਕੰਮਾਂ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਆਖਰੀ ਪੜਾਅ ਦੀਆਂ ਸਾਰੀਆਂ ਵਿਆਖਿਆਵਾਂ ਧੁੰਦਲੀਆਂ ਜਾਪ ਸਕਦੀਆਂ ਹਨ, ਉਨ੍ਹਾਂ ਦੀ ਸਪੱਸ਼ਟ ਵਿਆਖਿਆ ਮੁਸ਼ਕਿਲ ਹੈ। ਮੁਸ਼ਕਿਲ ਪੱਕੇ ਤੌਰ ‘ਤੇ ਪੜਾਅ ਦੀ ਹੈ, ਉਸ ਲਈ ਜਿਸ ਦਾ ਨਜ਼ਰੀਆ ਤੰਗ ਹੈ, ਸਰਬ-ਵਿਆਪਕ ਨਜ਼ਰੀਏ ਦੇ ਸਾਰੇ ਵਿਸਥਾਰ (ਜਿਨ੍ਹਾਂ ਵਿਚ ਤਿੰਨੋਂ ਪੱਖ ਗਿਆਨਾਤਮਕ, ਭਾਵਾਤਮਕ ਅਤੇ ਸੰਕਲਪਾਤਮਕ ਸ਼ਾਮਲ ਹਨ) ਨੂੰ ਸ਼ਾਇਦ ਸਮਝਿਆ ਨਾ ਜਾ ਸਕੇ। ਇਸ ਖੰਡ ਦੀ ਉਭਰਵੀਂ ਵਿਆਖਿਆ ਨਿਰੰਤਰ ਕਾਰਜਸ਼ੀਲਤਾ ਹੈ (ਕਰ ਕਰ ਵੇਖੈ), ਇੱਛਾ ਅਤੇ ਕਾਰਜ ਵਿਚ ਇੱਕਸੁਰਤਾ (ਜਿਵ ਜਿਵ ਹੁਕਮ ਤਿਵੈ ਤਿਵ ਕਾਰ) ਹੈ। ਇਹ ਉਹ ਸਰਬ-ਵਿਆਪਕ ਨਜ਼ਰੀਆ ਹੈ ਜਿਸ ਦੀ ਗੱਲ ਹੁਣ ਤੱਕ ਵਾਰ ਵਾਰ ਕੀਤੀ ਗਈ ਹੈ ਅਤੇ ਜਿਸ ਨੂੰ ਗੁਰੂ ਨਾਨਕ ਨੇ ਕਿਹਾ ਹੈ ਕਿ ਦੱਸ ਸਕਣਾ ਮੁਸ਼ਕਿਲ ਹੈ, ‘ਨਾਨਕ ਕਥਨਾ ਕਰੜਾ ਸਾਰ॥’ ਫਿਰ ਵੀ, ਇਹ ਕਿਹਾ ਜਾ ਸਕਦਾ ਹੈ ਕਿ ਇਸ ਪੜਾਅ ਦੀ ਨਿਸ਼ਾਨੀ ‘ਮੈਂ’ ਅਤੇ ਨਿਜ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਨਿਕਾਲ ਦੇਣ, ਅਸਲੀ ਆਤਮ ਦੇ ਅਨੁਭਵ ਵਾਲੇ ਵਿਅਕਤੀਤਵ ਦਾ ਅਹਿਸਾਸ, ਬਿਨਾ ਕਿਸੇ ਆਪਣੇ ਹਿਤ ਦੇ ਦੂਸਰਿਆਂ ਦੀ ਸਹਾਇਤਾ ਕਰਨ ਲਈ ਉਦਮ ਕਰਨ ਦੀ ਲਗਨ ਵਿਚ ਜੁੜੇ ਰਹਿਣ ਦੀ ਅਵਸਥਾ ਹੈ। ਇਹ ਇੱਕ ਤਰ੍ਹਾਂ ਨਾਲ ਆਪਾ ਦੇ ਕੇ ਆਪਾ-ਅਨੁਭਵ ਕਰਨ ਵਰਗੀ ਅਵਸਥਾ ਹੈ।
ਨੈਤਿਕ ਸਮੱਸਿਆ ਦੇ ਇਸ ਕਿਸਮ ਦੇ ਨਜ਼ਰੀਏ ਵਿਚ ਅਤੇ ਆਤਮ-ਅਨੁਭਵ ਦੇ ਆਦਰਸ਼ ਦੀ ਪ੍ਰਾਪਤੀ ਲਈ ਮਨੁੱਖੀ ਕਰਮ ਦੇ ਸਬੰਧ ਵਿਚ ਬਹੁਤ ਸਾਰੀਆਂ ਅੜਚਣਾਂ ਅਤੇ ਰੁਕਾਵਟਾਂ ਹਨ। ਗੁਰੂ ਨਾਨਕ ਸਾਹਿਬ ਇਨ੍ਹਾ ਅੜਚਣਾਂ ਦਾ ਸਾਰ ਲੱਭਦੇ ਹਨ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂਆਂ ਨੇ ਇਸ ਭਾਲ ਨੂੰ ਜਾਰੀ ਰੱਖਿਆ। ਇਸ ਸੰਖੇਪ ਵਿਆਖਿਆ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਸੰਸਾਰਕਤਾ ਨਾਲੋਂ ਤੋੜਿਆ ਨਹੀਂ ਸਗੋਂ ਮਨੁੱਖੀ ਸਮਾਜ ਨਾਲ ਨੇੜਿਓਂ ਜੁੜ ਕੇ ਇਸ ਨੁੰ ਸੁਧਾਰਨ ਦੀ ਗੱਲ ਕੀਤੀ ਹੈ। ਅੱਜ ਕੱਲ੍ਹ ਬਹੁਤੇ ਸਿੱਖ ਡੇਰੇਦਾਰ ਸੰਤਾਂ ਦੇ ਸ਼ਰਧਾਲੂ ਹਨ ਜੋ ਗੁਰਮਤਿ ਵਿਚਾਰਧਾਰਾ ਦੇ ਬਿਲਕੁਲ ਉਲਟੀ ਦਿਸ਼ਾ ਵਿਚ ਉਪਦੇਸ਼ ਕਰਦੇ ਹਨ ਤਾਂ ਕਿ ਸੰਸਾਰਕ ਮੁਸ਼ਕਿਲਾਂ ਨਾਲ ਜੂਝਣ ਦੀ ਥਾਂ ਲੋਕ ਉਨ੍ਹਾਂ ਦੇ ਚਰਨਾਂ ਵਿਚ ਡਿਗੇ ਰਹਿਣ ਅਤੇ ਮਾਇਆ ਭੇਟ ਕਰਦੇ ਰਹਿਣ।
(ਨੋਟ: ਇਹ ਲੇਖ ਸਮੇਤ ਆਪਣੇ ਵਿਚਾਰਾਂ ਦੇ ਡਾæ ਅਵਤਾਰ ਸਿੰਘ ਦੀ ਪੁਸਤਕ ‘ਤੇ ਆਧਾਰਤ ਹੈ)
Leave a Reply