ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਡਾਕਟਰਾਂ ਨੇ ਕੋਲਕਾਤਾ ਦੀ ਟਰੇਨੀ ਮਹਿਲਾ ਡਾਕਟਰ ਦੀ ਕਥਿਤ ਜਬਰ-ਜਨਾਹ ਮਗਰੋਂ ਹੱਤਿਆ ਖ਼ਿਲਾਫ਼ ਕਈ ਥਾਈਂ ਰੋਸ ਪ੍ਰਦਰਸ਼ਨ ਕੀਤੇ ਅਤੇ ਕੰਮ ਵਾਲੀਆਂ ਥਾਵਾਂ ‘ਤੇ ਸਿਹਤ ਅਮਲੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਡਾਕਟਰਾਂ ਨੇ ਦੱਸਿਆ ਕਿ ਹੜਤਾਲ ਕਾਰਨ ਪੰਜਾਬ ਤੇ ਹਰਿਆਣਾ ਸਮੇਤ ਚੰਡੀਗੜ੍ਹ ਦੇ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਠੱਪ ਰਹੀਆਂ ਅਤੇ ਚੋਣਵੇਂ ਅਪਰੇਸ਼ਨ ਵੀ ਨਹੀਂ ਕੀਤੇ ਗਏ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ ਸਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਦੇਸ਼-ਵਿਆਪੀ ਹੜਤਾਲ ਦੇ ਸੱਦੇ ਦਾ ਪੀ.ਜੀ.ਆਈ. ਚੰਡੀਗੜ੍ਹ ਦੀ ਫੈਕਲਟੀ ਐਸੋਸੀਏਸ਼ਨ ਨੇ ਵੀ ਸਮਰਥਨ ਕੀਤਾ। ਆਈ.ਐਮ.ਏ. ਦੇ ਪੰਜਾਬ ਇਕਾਈ ਦੇ ਸਲਾਹਕਾਰ ਨਵਜੋਤ ਦਹੀਆ ਨੇ ਕਿਹਾ ਕਿ ਡਾਕਟਰ ਕੋਲਕਾਤਾ ਜਬਰ-ਜਨਾਹ ਅਤੇ ਹੱਤਿਆ ਕਾਂਡ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਦੇ ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਡਾਕਟਰ ਪੀੜਤਾ ਲਈ ਇਨਸਾਫ਼ ਅਤੇ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਲਈ ਧਰਨੇ ‘ਤੇ ਬੈਠੇ।
ਅੰਮ੍ਰਿਤਸਰ ਦੇ ਇਕ ਪ੍ਰਦਰਸ਼ਨਕਾਰੀ ਡਾਕਟਰ ਨੇ ਸਵਾਲ ਕੀਤਾ ਕਿ ਜੇਕਰ ਹਸਪਤਾਲਾਂ ਵਿਚ ਡਾਕਟਰ ਸੁਰੱਖਿਅਤ ਨਹੀਂ ਹਨ ਤਾਂ ਫਿਰ ਉਹ ਕਿੱਥੇ ਸੁਰੱਖਿਅਤ ਹਨ। ਜੀ.ਐਮ.ਸੀ.ਐਚ-32 ਵਰਗੇ ਮੈਡੀਕਲ ਕਾਲਜਾਂ ਦੀ ਡਾਕਟਰ ਜਥੇਬੰਦੀ ਨੇ ਕਲਮ ਛੱਡੋ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਪੀ.ਜੀ.ਆਈ. ਰੈਜ਼ੀਡੈਂਟਸ ਐਸੋਸੀਏਸ਼ਨ ਵੱਲੋਂ ਵੀ ਗੇਟ ਨੰਬਰ 1 ਤੋਂ ਲੈ ਕੇ ਸੈਕਟਰ-17 ਚੰਡੀਗੜ੍ਹ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਦੇਸ਼ ਭਰ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਕੀਤੀ।