ਪਹਿਲਵਾਨ ਵਿਨੇਸ਼ ਫੋਗਾਟ ਦਾ ਭਾਰਤ ਪੁੱਜਣ ਉਤੇ ਨਿੱਘਾ ਸਵਾਗਤ

ਨਵੀਂ ਦਿੱਲੀ: ਪੈਰਿਸ ਓਲੰਪਿਕ ਵਿਚ ਮਹਿਲਾ 50 ਕਿਲੋ ਭਾਰ ਵਰਗ ਦੇ ਫਾਈਨਲ ਵਿਚ ਪਹੁੰਚਣ ਮਗਰੋਂ ਭਾਰ ਜ਼ਿਆਦਾ ਹੋਣ ਕਾਰਨ ਤਗ਼ਮਾ ਨਾ ਜਿੱਤ ਸਕਣ ਵਾਲੀ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦਾ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਸਵਾਗਤ ਕੀਤਾ ਗਿਆ। ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਵਰਗੇ ਸਟਾਰ ਖਿਡਾਰੀਆਂ ਤੋਂ ਇਲਾਵਾ ਪੰਚਾਇਤ ਆਗੂ ਵੀ ਵਿਨੇਸ਼ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਸਨ।

ਹਵਾਈ ਅੱਡੇ ‘ਤੇ ਸਵਾਗਤ ਤੋਂ ਬਾਅਦ ਵਿਨੇਸ਼ ਦੀਆਂ ਅੱਖਾਂ ਭਰ ਆਈਆਂ। ਉਸ ਨੇ ਕਿਹਾ ਕਿ ਉਹ ਦੇਸ਼ ਵਾਸੀਆਂ ਦਾ ਧੰਨਵਾਦ ਕਰਦੀ ਹੈ। ਇਸ ਤੋਂ ਬਾਅਦ ਇਹ ਕਾਫਲਾ ਵਿਨੇਸ਼ ਦੇ ਨਾਲ ਹਰਿਆਣਾ ਵਿਚਲੇ ਉਸ ਦੇ ਪਿੰਡ ਬਲਾਲੀ ਰਵਾਨਾ ਹੋਇਆ। ਰਾਹ ਵਿਚ ਲੋਕ ਉਸ ਦੇ ਸਵਾਗਤ ਲਈ ਖੜ੍ਹੇ ਸਨ। ਉਸ ਨੇ ਆਪਣੇ ਪਿੰਡ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ਦੇ ਦੁਆਰਕਾ ਵਿਚਲੇ ਇਕ ਮੰਦਰ ਵਿਚ ਪੂਜਾ ਕੀਤੀ। ਵਿਨੇਸ਼ ਦੇ ਆਉਣ ‘ਤੇ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੈਰਿਸ ਓਲੰਪਿਕ ‘ਚ ਫਾਈਨਲ ਤੋਂ ਪਹਿਲਾਂ ਕੀਤੇ ਗਏ ਵਜ਼ਨ ਵਿਚ ਉਸ ਦਾ ਭਾਰ 100 ਗ੍ਰਾਮ ਜ਼ਿਆਦਾ ਨਿਕਲਿਆ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਵਿਨੇਸ਼ ਨੇ ਖੇਡਾਂ ਬਾਰੇ ਸਾਲਸੀ ਅਦਾਲਤ (ਸੀ.ਏ.ਐਸ) ਨੂੰ ਸਾਂਝੇ ਚਾਂਦੀ ਦੇ ਤਗ਼ਮੇ ਲਈ ਅਪੀਲ ਕੀਤੀ ਸੀ, ਜਿਸ ਕਰਕੇ ਉਹ ਪੈਰਿਸ ‘ਚ ਹੀ ਰੁਕੀ ਹੋਈ ਸੀ। ਸਾਲਸੀ ਅਦਾਲਤ ਨੇ ਉਸ ਦੀ ਅਪੀਲ ਰੱਦ ਕਰ ਦਿੱਤੀ ਹੈ।
ਸਾਕਸ਼ੀ ਮਲਿਕ ਨੇ ਕਿਹਾ, “ਉਹ ਲੰਮੇ ਸਮੇਂ ਬਾਅਦ ਘਰ ਪਰਤੀ ਹੈ। ਉਹ ਕਾਫੀ ਭਾਵੁਕ ਹੈ। ਉਹ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਏਗੀ। ਵਿਨੇਸ਼ ਨੇ ਔਰਤਾਂ ਲਈ ਜੋ ਵੀ ਕੀਤਾ ਉਹ ਸ਼ਲਾਘਾਯੋਗ ਹੈ। ਉਹ ਭਾਵੇਂ ਕੋਈ ਤਗ਼ਮਾ ਹਾਸਲ ਨਹੀਂ ਕਰ ਸਕੀ ਪਰ ਸਾਡੇ ਲਈ ਉਹ ਚੈਂਪੀਅਨ ਹੈ।“ ਇਸ ਦੌਰਾਨ ਵਿਨੇਸ਼ ਦਾ ਭਰਾ ਹਰਵਿੰਦਰ ਫੋਗਾਟ ਵੀ ਮੌਜੂਦ ਸੀ। ਲੰਡਨ ਓਲੰਪਿਕ ਵਿਚ ਕਾਂਸੇ ਦਾ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਤੇ ਪੈਰਿਸ ਓਲੰਪਿਕ ਵਿੱਚ ਭਾਰਤੀ ਦਲ ਦੇ ਨੇਤਾ ਗਗਨ ਨਾਰੰਗ ਨੇ ਵਿਨੇਸ਼ ਨੂੰ ਚੈਂਪੀਅਨ ਕਰਾਰ ਦਿੱਤਾ। ਇਹ ਦੋਵੇਂ ਇੱਕ ਹੀ ਉਡਾਨ ਵਿੱਚ ਦਿੱਲੀ ਪਹੁੰਚੇ ਹਨ।
ਨਾਰੰਗ ਨੇ ਪੈਰਿਸ ਹਵਾਈ ਅੱਡੇ `ਤੇ ਵਿਨੇਸ਼ ਨਾਲ ਖਿੱਚੀ ਤਸਵੀਰ ਇੰਸਟਾਗ੍ਰਾਮ `ਤੇ ਸਾਂਝੀ ਕੀਤੀ। ਉਸ ਨੇ ਲਿਖਿਆ, “ਉਹ ਖੇਡ ਪਿੰਡ ਵਿਚ ਪਹਿਲੇ ਦਿਨ ਚੈਂਪੀਅਨ ਵਜੋਂ ਪਹੁੰਚੀ ਸੀ ਅਤੇ ਉਹ ਹਮੇਸ਼ਾ ਸਾਡੀ ਚੈਂਪੀਅਨ ਰਹੇਗੀ। ਕੁਝ ਮੌਕਿਆਂ `ਤੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਓਲੰਪਿਕ ਤਗ਼ਮੇ ਦੀ ਲੋੜ ਨਹੀਂ ਹੁੰਦੀ। ਵਿਨੇਸ਼ ਫੋਗਾਟ ਤੁਸੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਤੁਹਾਡੇ ਜਜ਼ਬੇ ਨੂੰ ਸਲਾਮ।“
ਲੜਾਈ ਹਾਲੇ ਵੀ ਜਾਰੀ ਹੈ: ਵਿਨੇਸ਼ ਫੋਗਾਟ
ਨਵੀਂ ਦਿੱਲੀ: ਵਿਨੇਸ਼ ਫੋਗਾਟ ਨੇ ਕਿਹਾ ਕਿ ਲੜਾਈ ਹਾਲੇ ਖ਼ਤਮ ਨਹੀਂ ਹੋਈ। ਇਹ ਜਾਰੀ ਰਹੇਗੀ। ਭਾਵੁਕ ਹੋਈ ਵਿਨੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੀ ਹਾਂ। ਮੇਰੀ ਲੜਾਈ ਵਿਚ ਸਾਥ ਦੇਣ ਲਈ ਦੇਸ਼ ਵਾਸੀਆਂ ਦਾ ਸ਼ੁਕਰੀਆ। ਮੇਰੀ ਲੜਾਈ ਹਾਲੇ ਖ਼ਤਮ ਨਹੀਂ ਹੋਈ, ਇਹ ਜਾਰੀ ਰਹੇਗੀ।“