ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਮੁੜ ਅਕਾਲ ਤਖਤ ਪੁੱਜਿਆ ਬਾਗ਼ੀ ਧੜਾ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਪੰਥਕ ਆਗੂਆਂ ਨੇ ਇੱਥੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਕਈ ਬੱਜਰ ਗੁਨਾਹ ਕਰਨ ਦਾ ਦੋਸ਼ ਲਾਇਆ ਤੇ ਉਨ੍ਹਾਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕੀਤੀ।

ਅਕਾਲ ਤਖ਼ਤ ਸਕੱਤਰੇਤ ‘ਤੇ ਜਥੇਦਾਰ ਨੂੰ ਮੰਗ ਪੱਤਰ ਸੌਂਪਣ ਵਾਲਿਆਂ ‘ਚ ਭਾਈ ਮਨਜੀਤ ਸਿੰਘ, ਕਰਨੈਲ ਸਿੰਘ ਪੰਜੌਲੀ, ਨਿਰਵੈਲ ਸਿੰਘ ਜੌਹਲਾਂ, ਰਾਮਪਾਲ ਸਿੰਘ ਬਹਿਣੀਵਾਲ, ਮਲਕੀਤ ਸਿੰਘ ਚੰਗਾਲ, ਪਰਮਜੀਤ ਕੌਰ ਲਾਂਡਰਾਂ, ਹਰਦੇਵ ਸਿੰਘ, ਸੁਰਿੰਦਰ ਸਿੰਘ ਆਦਿ ਸ਼ਾਮਲ ਸਨ। ਇਨ੍ਹਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਰ ਸਫਿਆਂ ਦਾ ਇਕ ਪੱਤਰ ਸੌਂਪਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਨਾਰਾਜ਼ ਧੜੇ ਦੇ ਆਗੂ ਵੀ ਅਜਿਹਾ ਹੀ ਪੱਤਰ ਜਥੇਦਾਰ ਨੂੰ ਸੌਂਪ ਚੁੱਕੇ ਹਨ, ਜਿਸ ਮਗਰੋਂ ਸੁਖਬੀਰ ਸਿੰਘ ਬਾਦਲ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ।
ਮੰਗ ਪੱਤਰ ‘ਚ ਸਿੱਖ ਆਗੂਆਂ ਨੇ ਆਖਿਆ ਕਿ ਲੰਘੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਕਾਰਨ ਦੇਸ਼-ਵਿਦੇਸ਼ ‘ਚ ਸਿੱਖ ਸੰਗਤ ਦਾ ਅਕਾਲੀ ਦਲ ਅਤੇ ਖਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਭਰੋਸਾ ਉੱਠ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਕਈ ਨਵੇਂ ਸਬੂਤ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪੜਤਾਲ ਕਰਕੇ ਕਥਿਤ ਬੱਜਰ ਗੁਨਾਹਾਂ ਬਦਲੇ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕਰਦਿਆਂ ਸਖਤ ਸਜ਼ਾ ਦੇ ਕੇ ਲੋਕ ਸੇਵਾ ਦੇ ਕੰਮਾਂ ਤੋਂ ਦੂਰ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਸ ਪੱਤਰ ਵਿਚ ਡੇਰਾ ਸਿਰਸਾ ਮੁਖੀ ਵੱਲੋਂ ਗੁਰੂ ਸਾਹਿਬ ਦੀ ਨਕਲ ਕਰਨ ਦੇ ਮਾਮਲੇ ਦਾ ਜ਼ਿਕਰ ਕੀਤਾ ਹੈ, ਜਿਸ ਖ਼ਿਲਾਫ਼ ਪੁਲਿਸ ਕੇਸ ਦਰਜ ਹੋਇਆ ਪਰ ਕੇਸ ਰੱਦ ਕਰ ਦਿੱਤਾ ਗਿਆ। ਆਗੁੂਆਂ ਮੁਤਾਬਕ ਸ੍ਰੀ ਅਕਾਲ ਤਖਤ ਵੱਲੋਂ ਡੇਰਾ ਸਿਰਸਾ ਨਾਲ ਕੋਈ ਸਬੰਧ ਨਾ ਰੱਖਣ ਦਾ ਹੁਕਮ ਹੋਇਆ ਸੀ ਪਰ ਉਸ ਦੇ ਬਾਵਜੂਦ 2017 ਵਿਚ ਵੋਟਾਂ ਲੈਣ ਵਾਸਤੇ ਡੇਰੇ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਹੁਕਮਨਾਮੇ ਦੀ ਉਲੰਘਣਾ ਕਰਨਾ ਵੀ ਵੱਡਾ ਗੁਨਾਹ ਹੈ। ਪੱਤਰ ‘ਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਇਨ੍ਹਾਂ ਮਾਮਲਿਆਂ ‘ਚ ਸੁਖਬੀਰ ਸਿੰਘ ਬਾਦਲ ਤੇ ਕਥਿਤ ਤੌਰ ਗਲਤੀਆਂ ਦੇ ਦੋਸ਼ ਲਾਏ ਗਏ ਹਨ। ਸਿੱਖ ਆਗੂਆਂ ਨੇ ਆਖਿਆ ਕਿ ਇਹ ਬੇਹੱਦ ਗੰਭੀਰ ਮਸਲੇ ਹਨ, ਜਿਨ੍ਹਾਂ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ ਅਤੇ ਇਸ ਮਾਮਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਵੱਕਾਰ ਵੀ ਜੁੜਿਆ ਹੋਇਆ ਹੈ। ਇਸ ਕਰਕੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੀਆਂ ਗਲਤੀਆਂ ਮੰਨ ਚੁੱਕੇ ਹਨ ਤਾਂ ਪੰਥਕ ਪਰੰਪਰਾਵਾਂ ਅਨੁਸਾਰ ਉਸ ਨੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਕੀਤਾ ਜਾਵੇ।