ਜੰਮੂ ਤੇ ਕਸ਼ਮੀਰ `ਚ ਸਿੱਖਾਂ ਵੱਲੋਂ ਚੋਣਾਂ ਲੜਨ ਦੀ ਤਿਆਰੀ

ਅੰਮ੍ਰਿਤਸਰ: ਜੰਮੂ ਕਸ਼ਮੀਰ ਦੀ ਵਿਧਾਨ ਸਭਾ ਚੋਣਾਂ ਦੀ ਇਕ ਦਹਾਕੇ ਦੀ ਉਡੀਕ ਮੁੱਕ ਗਈ ਹੈ। ਚੋਣ ਕਮਿਸ਼ਨ ਨੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਤਿੰਨ ਪੜਾਵਾਂ ਵਿਚ ਵਿਧਾਨ ਸਭਾ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਜੰਮੂ ਖੇਤਰ ਦੀਆਂ ਵਿਧਾਨ ਸਭਾ ਸੀਟਾਂ ਦੀ ਗਿਣਤੀ 37 ਤੋਂ ਵਧਾ ਕੇ 43 ਕਰ ਦਿੱਤੀ ਗਈ ਹੈ। ਕਸ਼ਮੀਰ ਦੀਆਂ ਸੀਟਾਂ ਦੀ ਗਿਣਤੀ 46 ਤੋਂ 47 ਹੋ ਗਈ ਹੈ। ਇਸ ਨਾਲ ਚੁਣਾਵੀ ਨਤੀਜੇ ਹੀ ਨਹੀਂ ਸਗੋਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਬਣਨ ਵਾਲੇ ਗੱਠਜੋੜ ਅਸਰਅੰਦਾਜ਼ ਹੋਣਗੇ।

ਜੰਮੂ ਅਤੇ ਕਸ਼ਮੀਰ ਵਿਚ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਕਸ਼ਮੀਰ ਵਿਚ ਵਸਦੇ ਸਿੱਖਾਂ ਵੱਲੋਂ ਚੋਣਾਂ ਲੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਸਬੰਧੀ ਐਲਾਨ ਕੀਤਾ ਹੈ ਕਿ ਉਹ ਬਹੁਗਿਣਤੀ ਦੀ ਮਦਦ ਨਾਲ ਜੰਮੂ ਅਤੇ ਕਸ਼ਮੀਰ ਦੀਆਂ ਅੱਠ ਤੋਂ ਬਾਰਾਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜ ਸਕਦੇ ਹਨ।
ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਦੱਸਿਆ ਕਿ ਹੁਣ ਤੱਕ ਜੰਮੂ ਅਤੇ ਕਸ਼ਮੀਰ ਵਿਚ ਕਈ ਸਿਆਸੀ ਪਾਰਟੀਆਂ ਆਈਆਂ ਹਨ ਪਰ ਕਿਸੇ ਨੇ ਵੀ ਸਿੱਖਾਂ ਦੀ ਬਾਂਹ ਨਹੀਂ ਫੜੀ ਸਗੋਂ ਸਿੱਖਾਂ ਨੂੰ ਸਿਰਫ ਆਪਣੇ ਵੋਟ ਬੈਂਕ ਲਈ ਵਰਤਿਆ ਹੈ ਜਿਸ ਦਾ ਸਿੱਟਾ ਹੈ ਕਿ ਸਿੱਖਾਂ ਦੀਆਂ ਸਮੱਸਿਆਵਾਂ ਜਿਵੇਂ ਦੀਆਂ ਤਿਵੇਂ ਹਨ ਅਤੇ ਸਿੱਖਾਂ ਨੂੰ ਘੱਟ ਗਿਣਤੀ ਹੋਣ ਦੇ ਬਾਵਜੂਦ ਘੱਟ ਗਿਣਤੀ ਦਾ ਦਰਜਾ ਨਹੀਂ ਮਿਲਿਆ। ਉਨ੍ਹਾਂ ਜੰਮੂ ਕਸ਼ਮੀਰ ਵਿਚ ਵਸਦੇ ਬਹੁ ਗਿਣਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਕਸ਼ਮੀਰੀਅਤ ਦੇ ਭਲੇ ਲਈ ਸਿੱਖ ਭਾਈਚਾਰੇ ਨੂੰ ਸਮਰਥਨ ਦਿੱਤਾ ਜਾਵੇ। ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਬਾਰੇ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਉਹ ਕਸ਼ਮੀਰ ਘਾਟੀ ਦੀਆਂ ਚਾਰ ਸੀਟਾਂ ‘ਤੇ ਨਜ਼ਰ ਰੱਖ ਰਹੇ ਹਨ ਜਿੱਥੇ ਸਿੱਖ ਭਾਈਚਾਰਾ ਚੰਗੀ ਗਿਣਤੀ ਵਿਚ ਹੈ। ਇਨ੍ਹਾਂ ਵਿਚ ਪੁਲਵਾਮਾ ਦੀ ਤਰਾਲ ਸੀਟ, ਬਾਰਾਮੂਲਾ, ਸ੍ਰੀਨਗਰ ਅਤੇ ਅਮੀਰਾ ਕਦਲ ਵਿਧਾਨ ਸਭਾ ਖੇਤਰ ਸ਼ਾਮਲ ਹਨ।
ਪੁਲਵਾਮਾ ਵਿਚ ਲਗਭਗ 14 ਹਜ਼ਾਰ, ਬਾਰਾਮੁੱਲਾ ਵਿਚ ਲਗਪਗ 17 ਹਜ਼ਾਰ, ਸ੍ਰੀਨਗਰ ਅਤੇ ਅਮੀਰਾ ਕਦਲ ਵਿਚ ਕ੍ਰਮਵਾਰ ਸੱਤ ਤੇ ਅੱਠ ਹਜ਼ਾਰ ਸਿੱਖ ਰਹਿੰਦੇ ਹਨ। ਉਧਰ, ਭਾਜਪਾ ਨੂੰ ਚੋਣ ਮੈਦਾਨ ਵਿਚ ਵੱਡੀ ਟੱਕਰ ਦੇਣ ਲਈ ਗੱਠਜੋੜ ਦੀ ਰਣਨੀਤੀ ਬਣਨ ਲੱਗੀ ਹੈ। ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਨਵ-ਨਿਯੁਕਤ ਮੁਖੀ ਤਾਰਿਕ ਹਮੀਦ ਕਾਰਾ ਨੇ ਆਖਿਆ ਹੈ ਕਿ ਨੈਸ਼ਨਲ ਕਾਨਫਰੰਸ ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ.ਡੀ.ਪੀ.) ਦੇ ਆਗੂ ਵਿਧਾਨ ਸਭਾ ਚੋਣਾਂ ‘ਚ ਗੱਠਜੋੜ ਲਈ ਕਾਂਗਰਸ ਦੇ ਸੰਪਰਕ ਵਿਚ ਹਨ। ਕਾਂਗਰਸ ਨੂੰ ਪੂਰਾ ਯਕੀਨ ਹੈ ਕਿ ‘ਇੰਡੀਆ‘ ਗੱਠਜੋੜ ‘ਚ ਸ਼ਾਮਲ ਖੇਤਰੀ ਪਾਰਟੀਆਂ ਜੇ ਉਸ ਮਕਸਦ ਨੂੰ ਜਾਰੀ ਰੱਖਦੀਆਂ ਹਨ ਜਿਸ ਲਈ ਇਹ ਗੱਠਜੋੜ ਬਣਾਇਆ ਗਿਆ ਸੀ ਤਾਂ ਉਹ ਕਾਮਯਾਬ ਜ਼ਰੂਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੀ ਸੂਬਾਈ ਇਕਾਈ ਅੰਦਰ ਵੀ ਇਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਕਾਂਗਰਸ ਸਾਰੀਆਂ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਲਈ ਤਿਆਰ ਹੈ।