ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੰਕਟ ਦਾ ਮਾਮਲਾ ਅਕਾਲ ਤਖ਼ਤ ਸਹਿਬ ਦੇ ਵਿਚਾਰ ਅਧੀਨ ਹੈ। ਇਸ ਮਸਲੇ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਦੀ ਸਾਖ਼ ਵੀ ਦਾਅ ‘ਤੇ ਲੱਗੀ ਹੋਈ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 30 ਅਗਸਤ ਨੂੰ ਸੱਦੀ ਹੈ, ਜਿਸ ਵਿਚ ਪੰਥਕ ਮਾਮਲਿਆਂ ‘ਤੇ ਵਿਚਾਰ ਚਰਚਾ ਹੋਵੇਗੀ। ਇਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਨਾਲ ਜੁੜਿਆ ਮਾਮਲਾ ਪ੍ਰਮੁੱਖ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਹੋਏ ਆਗੂਆਂ ਦੇ ਧੜੇ ਵੱਲੋਂ ਪਹਿਲੀ ਜੁਲਾਈ ਨੂੰ ਅਕਾਲ ਤਖ਼ਤ ਵਿਖੇ ਇਕ ਪੱਤਰ ਸੌਂਪ ਕੇ ਇੰਕਸ਼ਾਫ ਕੀਤਾ ਗਿਆ ਸੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਕਈ ਵੱਡੀਆਂ ਗਲਤੀਆਂ ਹੋਈਆਂ ਸਨ ਜਿਨ੍ਹਾਂ ਲਈ ਉਹ ਖਿਮਾ ਯਾਚਨਾ ਕਰਨਾ ਚਾਹੁੰਦੇ ਹਨ। ਇਨ੍ਹਾਂ ਗ਼ਲਤੀਆਂ ਵਾਸਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 15 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗੇ ਦੋਸ਼ਾਂ ਸਬੰਧੀ 15 ਦਿਨਾਂ ਦੇ ਅੰਦਰ ਸ੍ਰੀ ਅਕਾਲ ਤਖ਼ਤ ‘ਤੇ ਹਾਜ਼ਰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਸਨ। ਸੁਖਬੀਰ ਸਿੰਘ ਬਾਦਲ ਵੱਲੋਂ ਨਿਰਧਾਰਤ ਸਮੇਂ ਵਿਚ ਆਪਣਾ ਸਪਸ਼ਟੀਕਰਨ ਅਕਾਲ ਤਖ਼ਤ ਵਿਖੇ ਸੌਂਪ ਦਿੱਤਾ ਗਿਆ ਸੀ, ਜਿਸ ਨੂੰ ਹੁਣ ਜਨਤਕ ਕੀਤਾ ਗਿਆ। ਇਹ ਸਪਸ਼ਟੀਕਰਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਕਾਲੀ ਸਰਕਾਰ ਦੇ ਸਮੇਂ ਪਾਰਟੀ ਜਾਂ ਸਰਕਾਰ ਕੋਲੋਂ ਜਾਣੇ ਅਣਜਾਣੇ ਵਿਚ ਹੋਈਆਂ ਸਾਰੀਆਂ ਗ਼ਲਤੀਆਂ ਅਤੇ ਭੁੱਲਾਂ ਨੂੰ ਆਪਣੀ ਝੋਲੀ ਵਿਚ ਪਾਉਂਦਿਆਂ ਇਨ੍ਹਾਂ ਦੀ ਖਿਮਾ ਯਾਚਨਾ ਕੀਤੀ ਗਈ ਹੈ।
ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਵੱਲੋਂ ਸਪਸ਼ਟੀਕਰਨ ਮਿਲਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਲਗਭਗ ਇਕ ਮਹੀਨੇ ਦੇ ਵਕਫੇ ਮਗਰੋਂ ਸੱਦੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਨਵੀਂ ਕੋਰ ਕਮੇਟੀ ਤੇ ਸੰਸਦੀ ਬੋਰਡ ਆਦਿ ਦਾ ਗਠਨ ਕਰ ਦਿੱਤਾ ਗਿਆ ਹੈ।
ਸਿੱਖ ਵਿਦਵਾਨ ਗੁਰਚਰਨ ਸਿੰਘ ਲਾਂਬਾ ਨੇ ਆਖਿਆ ਕਿ ਇਹ ਮਾਮਲਾ ਅਤਿ ਗੰਭੀਰ ਹੈ, ਜੋ ਸ਼੍ਰੋਮਣੀ ਅਕਾਲੀ ਦਲ ਦੇ ਦਾਗ਼ੀ ਤੇ ਬਾਗ਼ੀ ਧੜੇ ਨਾਲ ਜੁੜਿਆ ਹੋਇਆ ਹੈ। ਦੋਵੇਂ ਹੀ ਧੜੇ ਕਸੂਰਵਾਰ ਹਨ। ਜਦੋਂ ਮਾਮਲਾ ਅਕਾਲ ਤਖ਼ਤ ਕੋਲ ਹੈ ਤਾਂ ਹੁਣ ਇਨ੍ਹਾਂ ਖਿਲਾਫ਼ ਦੋਸ਼ ਤੈਅ ਹੋਣੇ ਚਾਹੀਦੇ ਹਨ। ਜਦੋਂ ਉਹ ਦੋਸ਼ ਸਵੀਕਾਰ ਲੈਂਦੇ ਹਨ ਤਾਂ ਦੋਸ਼ਾਂ ਦੀ ਗੰਭੀਰਤਾ ਦੇ ਮੁਤਾਬਕ ਹੀ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਇਸ ਨਾਲ ਜਥੇਦਾਰਾਂ ਦੀ ਸਾਖ਼ ਨੂੰ ਵੀ ਸੱਟ ਵੱਜੇਗੀ।
ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆਂ ਨੇ ਆਖਿਆ ਕਿ ਪੰਜ ਸਿੰਘ ਸਾਹਿਬਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣ ਵਰਗਾ ਅਜਿਹਾ ਮਾਮਲਾ ਵਿਚਾਰਦਿਆਂ ਪੰਥ ਦੇ ਵਡੇਰੇ ਹਿਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਿਸਲਾਂ ਦੇ ਆਗੂ ਅਕਾਲ ਤਖ਼ਤ ਆਉਣ ਸਮੇਂ ਸਿਰਫ ਪੰਥਕ ਹਿੱਤਾਂ ਨੂੰ ਤਰਜੀਹ ਦਿੰਦੇ ਸਨ।
ਸੁਖਬੀਰ ਬਾਦਲ ਨੂੰ ਪੰਥ ਦੀ ਕੋਈ ਫਿਕਰ ਨਹੀਂ: ਚੰਦੂਮਾਜਰਾ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਉਣ ਵਾਲੇ ਆਗੂਆਂ ਨੇ ਪਟਿਆਲਾ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ। ਬਾਗੀ ਧੜੇ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ ਬਾਦਲ ਏਜੰਸੀਆਂ ਵਿਚ ਘਿਰੇ ਹੋਏ ਹਨ ਜੋ ਪੰਥ ਦੇ ਭਲੇ ਲਈ ਕੁਝ ਵੀ ਕਰਨ ਲਈ ਤਿਆਰ ਨਹੀਂ ਹਨ। ਜੇਕਰ ਉਨ੍ਹਾਂ ਨੂੰ ਕੋਈ ਪੰਥ ਦੇ ਭਲੇ ਲਈ ਕੁਝ ਕਹਿਣਾ ਚਾਹੁੰਦਾ ਹੈ ਤਾਂ ਉਹ ਕਿਸੇ ਦੀ ਵੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ ਜਿਸ ਕਰ ਕੇ ਪੰਥ ਖ਼ਤਰੇ ਦੇ ਦੌਰ ਵਿਚੋਂ ਲੰਘ ਰਿਹਾ ਹੈ।