ਸਿੱਖਾਂ ਦਾ ਅਕਸ ਵਿਗਾੜਨ ਦੇ ਦੋਸ਼
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ` ਵਿਵਾਦਾਂ ਵਿਚ ਘਿਰ ਗਈ ਹੈ। ਸਿੱਖ ਜਥੇਬੰਦੀਆਂ ਨੇ ਇਸ ਫਿਲਮ ਉਤੇ ਸਖਤ ਇਤਰਾਜ਼ ਕੀਤਾ ਹੈ ਤੇ ਇਸ ਨੂੰ ਸਿੱਖ ਕੌਮ ਦਾ ਅਕਸ ਵਿਗਾੜਨ ਵਾਲੀ ਕਰਾਰ ਦਿੱਤਾ ਹੈ। ਇਸ ਫਿਲਮ ਨੂੰ ਸਿੱਖਾਂ ਖਿਲਾਫ ਸਾਜ਼ਿਸ਼ ਦੱਸਿਆ ਜਾ ਰਿਹਾ ਹੈ ਅਤੇ ਇਸ ਉਤੇ ਤੁਰੰਤ ਰੋਕ ਲਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ।
ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫਿਲਮ ਦੇ ਟ੍ਰੇਲਰ ‘ਚ ਦਿਖਾਏ ਦ੍ਰਿਸ਼ਾਂ ਉਤੇ ਇਤਰਾਜ਼ ਜਤਾਇਆ ਹੈ। ਦੋਸ਼ ਲਾਏ ਗਏ ਹਨ ਕਿ ਇਸ ਫਿਲਮ ਵਿਚ ਸਿੱਖਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਸਰਬਜੀਤ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਫਿਲਮ ਦੀ ਰਿਲੀਜ਼ ਉਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਫਿਲਮ ਅੰਦਰ ਸਿੱਖਾਂ ਨੂੰ ਵੱਖਵਾਦੀ ਅਤੇ ਦਹਿਸ਼ਤਗਰਦ ਵਜੋਂ ਫਿਲਮਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਜਿਹੜੀ ਐਮਰਜੈਂਸੀ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਸੀ, ਉਸ ਉਤੇ ਫਿਲਮ ਆ ਰਹੀ ਹੈ ਜਿਸ ਦਾ ਟ੍ਰੇਲਰ ਵਿਵਾਦਪੂਰਨ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਜ਼ਰੂਰ ਫਿਲਮਾਇਆ ਜਾਣਾ ਚਾਹੀਦਾ ਹੈ ਪਰ ਤੱਥ ਸਹੀ ਹੋਣੇ ਚਾਹੀਦੇ ਹਨ। ਇਸ ਟ੍ਰੇਲਰ ਵਿਚ ਸਿੱਖਾਂ ਨੂੰ ਨਫ਼ਰਤ ਦਾ ਪਾਤਰ ਤੇ ਜ਼ਾਲਮ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਸੰਤ ਜਰਨੈਲ ਸਿੰਘ ਦੀ ਨਕਲ ਕੀਤੀ ਗਈ ਹੈ। ਕੰਗਨਾ ਰਣੌਤ ਦੀ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਲਾਈ ਐਮਰਜੈਂਸੀ ਉਤੇ ਬਣੀ ਹੈ।
ਯਾਦ ਰਹੇ ਕਿ ਕੰਗਨਾ ਨੇ ਕੁਝ ਦਿਨ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਸ਼ੇਅਰ ਕੀਤਾ ਸੀ। ਉਸ ਵਿਚ 1980ਵਿਆਂ ਵਿਚ ਪੰਜਾਬ ਵਿਚ ਅਤਿਵਾਦ ਦਾ ਦੌਰ ਵੀ ਦਿਖਾਇਆ ਗਿਆ ਹੈ। ਇਸ ਵਿਚ ਇਕ ਪਾਤਰ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਹੈ। ਸਰਬਜੀਤ ਸਿੰਘ ਖਾਲਸਾ ਦਾ ਮੰਨਣਾ ਹੈ ਕਿ ਬਲਿਊ ਸਟਾਰ ਅਪਰੇਸ਼ਨ ਬਾਰੇ ਵੀ ਫਿਲਮ ਵਿਚ ਸੀਨ ਹੈ ਜੋ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਖਤਮ ਕਰਨ ਲਈ ਹੀ ਕੀਤਾ ਗਿਆ ਸੀ। ਕੰਗਨਾ ਨੇ ਇਸ ਫਿਲਮ ਵਿਚ ਨਾ ਸਿਰਫ ਐਕਟਿੰਗ ਕੀਤੀ ਹੈ ਸਗੋਂ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ। ਫਿਲਮ ਵਿਚ ਅਦਾਕਾਰਾ ਕੰਗਨਾ ਰਣੌਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿਚ ਨਜ਼ਰ ਆ ਰਹੀ ਹੈ। ਇਹ ਫਿਲਮ 1975 ਵਿਚ ਆਈ ‘ਐਮਰਜੈਂਸੀ` ਉਤੇ ਆਧਾਰਿਤ ਹੈ। 6 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਇਸ ਫਿਲਮ `ਚ ਕੰਗਨਾ ਦੇ ਨਾਲ-ਨਾਲ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸਤੀਸ਼ ਕੌਸ਼ਿਕ ਵਰਗੇ ਕਲਾਕਾਰ ਵੀ ਹਨ। ਦਰਅਸਲ, ਫਿਲਮ ਉਤੇ ਰੋਕ ਲਾਉਣ ਦਾ ਮੁੱਦਾ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਚੁੱਕਿਆ ਸੀ ਜਿਸ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਵੀ ਇਸ ਫਿਲਮ ਦੇ ਟ੍ਰੇਲਰ `ਚ ਦਿਖਾਏ ਗਏ ਦ੍ਰਿਸ਼ਾਂ ਉਤੇ ਸਖਤ ਇਤਰਾਜ਼ ਜਤਾਇਆ। ਵਿਵਾਦ ਭਖਦਾ ਦੇਖ ਪੰਜਾਬ ਭਾਜਪਾ ਨੇ ਆਪਣੇ ਆਪ ਨੂੰ ਇਸ ਮੁੱਦੇ ਤੋਂ ਵੱਖ ਕਰ ਲਿਆ ਹੈ।