ਭਾਰਤੀ ਸਮਾਜ ਵਿਚ ਔਰਤਾਂ ਖਿਲਾਫ ਹਿੰਸਾ ਦੀ ਇੰਤਹਾ

ਨਵਕਿਰਨ ਸਿੰਘ ਪੱਤੀ
ਭਾਰਤ ਵਿਚ ਔਰਤਾਂ ਖਿਲਾਫ ਹਿੰਸਾ ਰੁਕ ਨਹੀਂ ਰਹੀ। ਇਸ ਦਾ ਵੱਡਾ ਕਾਰਨ ਹੈ ਕਿ ਸਿਆਸੀ ਜਮਾਤਾਂ ਅਜਿਹੇ ਮਾਮਲਿਆਂ ਨੂੰ ਰਫਾ-ਦਫਾ ਕਰਨ ਨੂੰਤ ਰਜੀਹ ਦਿੰਦੀਆਂ ਹਨ ਜਾਂ ਚੁੱਪ ਵੱਟ ਲੈਂਦੀਆਂ ਹਨ। ਇਸ ਬਾਰੇ ਚਰਚਾ ਪੱਤਰਕਾਰ ਨਵਕਿਰਨ ਸਿੰਘ ਪੱਤੀ ਨੇ ਇਸ ਲੇਖ ਵਿਚ ਕੀਤੀ ਹੈ।

ਮੱਧ ਅਗਸਤ ਵਿਚ ਇਕ ਪਾਸੇ ਪੂਰਾ ਦੇਸ਼ ਆਜ਼ਾਦੀ ਦਿਵਸ ਦੇ ਜਸ਼ਨ ਮਨਾ ਰਿਹਾ ਹੈ, ਦੂਜੇ ਪਾਸੇ ਦੇਸ਼ ਭਰ ਦੇ ਡਾਕਟਰ ਤੇ ਮੈਡੀਕਲ ਸਟਾਫ ਕੋਲਕਾਤਾ ਬਲਾਤਕਾਰ/ਕਤਲ ਮਾਮਲੇ ਵਿਚ ਇਨਸਾਫ ਅਤੇ ਔਰਤ ਮੈਡੀਕਲ ਸਟਾਫ ਦੀ ਸੁਰੱਖਿਆ ਖਾਤਰ ਸੜਕਾਂ ਉਪਰ ਰੋਸ ਪ੍ਰਦਰਸ਼ਨ ਕਰ ਰਹੇ ਹਨ। 15 ਅਗਸਤ ਵਾਲੇ ਦਿਨ 78ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਦੀ ਫਸੀਲ ਤੋਂ 97 ਮਿੰਟ ਲੰਮਾ ਭਾਸ਼ਣ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਹਰਾਂ ਮਾਰਦਿਆਂ ਵੱਡੇ-ਵੱਡੇ ਦਾਅਵੇ ਕੀਤੇ ਪਰ ਅਗਲੇ ਹੀ ਦਿਨ ਦੇਸ਼ ਭਰ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਹੜਤਾਲ ਸਰਕਾਰ ਅੱਗੇ ਸਵਾਲ ਖੜ੍ਹੇ ਕਰ ਰਹੀ ਸੀ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਇਸ ਦੇਸ਼ ਵਿਚ ਔਰਤਾਂ ਸੁਰੱਖਿਅਤ ਕਿਉਂ ਨਹੀਂ ਹਨ।
8 ਅਗਸਤ ਨੂੰ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ (ਕਲਕੱਤਾ) ਵਿਚਲੇ ਆਰ.ਜੀ. ਕਾਰ ਮੈਡੀਕਲ ਕਾਲਜ ਵਿਚ ਡਿਊਟੀ ਦੌਰਾਨ ਐਮ.ਡੀ. ਦੇ ਦੂਜੇ ਸਾਲ ਦੀ 31 ਸਾਲਾ ਡਾਕਟਰ ਨਾਲ ਬਲਾਤਕਾਰ ਕਰਨ ਬਾਅਦ ਕਤਲ ਕਰ ਦਿੱਤਾ ਗਿਆ। ਬਾਕੀ ਜੂਨੀਅਰ ਡਾਕਟਰਾਂ ਵਾਂਗ ਉਕਤ ਡਾਕਟਰ ਵੀ ਲੰੰਮੀ ਡਿਊਟੀ ਤੋਂ ਥੱਕੀ ਹੋਈ ਸੈਮੀਨਾਰ ਹਾਲ ਵਿਚ ਆਰਾਮ ਕਰਨ ਲਈ ਗਈ ਸੀ ਕਿ ਉਥੇ ਸਵੇਰੇ ਖੂਨ ਨਾਲ ਲੱਥਪੱਥ ਅੱਧ-ਨੰਗੀ ਲਾਸ਼ ਮਿਲੀ। ਸ਼ੁਰੂਆਤ ਵਿਚ ਹਸਪਤਾਲ ਪ੍ਰਸ਼ਾਸਨ ਨੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿਰੋਧ ਵਿਚ ਹਸਪਤਾਲ ਦੇ ਡਾਕਟਰ, ਸਿਖਿਆਰਥੀ ਸੜਕਾਂ ਉਪਰ ਆ ਗਏ। ਦੇਖਦਿਆਂ ਹੀ ਇਹ ਰੋਹ ਲੋਕ ਲਹਿਰ ਦਾ ਰੂਪ ਧਾਰ ਗਿਆ। ਜਨਤਕ ਦਬਾਅ ਹੇਠ ਲਾਸ਼ ਦਾ ਪੋਸਟਮਾਰਟਮ ਕਰ ਕੇ ਇਕ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪ੍ਰਿੰਸੀਪਲ ਸਮੇਤ ਕੁਝ ਅਮਲਾ ਮੁਅੱਤਲ ਕਰ ਦਿੱਤਾ। ਇਨ੍ਹਾਂ ਹੀ ਦਿਨਾਂ ਵਿਚ ਉਤਰਾਖੰਡ ਦੇ ਇਕ ਨਿੱਜੀ ਹਸਪਤਾਲ ਦੀ ਸਟਾਫ ਨਰਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਮੂੰਹ ‘ਤੇ ਪੱਥਰ ਮਾਰ ਕੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਘਿਨਾਉਣੀਆਂ ਵਾਰਦਾਤਾਂ ਖਿਲਾਫ ਪੂਰੇ ਦੇਸ਼ ਵਿਚ ਲੋਕ ਰੋਹ ਫੈਲ ਚੁੱਕਾ ਹੈ ਤੇ 24 ਘੰਟੇ ਲੋਕਾਂ ਲਈ ਸੇਵਾਵਾਂ ਦੇਣ ਵਾਲੇ ਮੈਡੀਕਲ ਸਟਾਫ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਮੰਗ ਜ਼ੋਰ ਫੜ ਰਹੀ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅਗਵਾਈ ਹੇਠ ਮੈਡੀਕਲ ਸਟਾਫ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਸਾਡਾ ਮੁਲਕ ਤਾਂ ਪਹਿਲਾਂ ਹੀ ਡਾਕਟਰਾਂ ਸਮੇਤ ਸਿਹਤ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ। ਹੜਤਾਲ ਕਾਰਨ ਪਿਛਲੇ ਦਿਨਾਂ ਤੋਂ ਓ.ਪੀ.ਡੀ. ਸੇਵਾਵਾਂ ਬੰਦ ਰਹਿਣ ਦੌਰਾਨ ਮਰੀਜ਼ਾਂ ਖਾਸਕਰ ਗਰੀਬ ਮਰੀਜ਼ਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਮਰੀਜ਼ਾਂ ਦੀ ਖੱਜਲ-ਖੁਆਰੀ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਡਾਕਟਰਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕਰ ਕੇ ਉਸਾਰੂ ਮਾਹੌਲ ਬਣਾਉਣ ਲਈ ਪਹਿਲਕਦਮੀ ਕਰਦੀ।
ਹੈਰਾਨੀਜਨਕ ਹੈ ਕਿ ਮੈਡੀਕਲ ਸਟਾਫ ਦੇ ਇਸ ਸੰਘਰਸ਼ ਦੀ ਹਮਾਇਤ ਵਿਚ ਭਾਜਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ ਸਮੇਤ ਸਾਰੀਆਂ ਹਾਕਮ ਜਮਾਤ ਧਿਰਾਂ ਕੁੱਦ ਚੁੱਕੀਆਂ ਹਨ ਜਦਕਿ ਤੱਥ ਇਹ ਹੈ ਕਿ ਭਾਜਪਾ, ਕਾਂਗਰਸ ਵਰਗੀਆਂ ਸਿਆਸੀ ਪਾਰਟੀਆਂ ਬਲਾਤਕਾਰੀਆਂ ਦੀ ਪੁਸ਼ਤਪੁਨਾਹੀ ਕਰਦੀਆਂ ਰਹੀਆਂ ਹਨ। ਭਾਰਤ ਵਿਚ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਬਲਾਤਕਾਰ ਨੂੰ ਘਟੀਆ ਹਥਿਆਰ ਵਜ਼ੋਂ ਵਰਤਿਆ ਜਾਂਦਾ ਰਿਹਾ ਹੈ; 1984 ਦੀ ਸਿੱਖ ਨਸਲਕੁਸ਼ੀ, 2002 ਵਿਚ ਗੁਜਰਾਤ ਅੰਦਰ ਮੁਸਲਮਾਨਾਂ ਦਾ ਕਤਲੇਆਮ ਅਤੇ ਕਸ਼ਮੀਰ, ਉਤਰ ਪੂਰਬੀ ਸੂਬੇ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ। ਦੇਸ਼ ਦੀ ਇਕ ਖਾਸ ਧਾਰਾ ਵੱਲੋਂ ਕਠੂਆ, ਉਨਾਓ ਵਿਚ ਵਾਪਰੀਆਂ ਦਰਿੰਦਗੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਿਸੇ ਤੋਂ ਭੁੱਲੀਆਂ ਨਹੀਂ। ਮਨੀਪੁਰ ਵਿਚ ਪਿਛਲੇ ਮਹੀਨਿਆਂ ਦੌਰਾਨ ਔਰਤਾਂ ਖਿਲਾਫ ਹੋਈਆਂ ਹਿੰਸਕ ਘਟਨਾਵਾਂ ਅਤੇ ‘ਭੀੜ` ਵੱਲੋਂ ਔਰਤਾਂ ਦੀ ਨਗਨ ਪਰੇਡ ਕਿਸੇ ਤੋਂ ਭੁੱਲੀ ਨਹੀਂ ਹੈ।
ਸਾਡੇ ਲਈ ਉਹ ਕਾਰਨ ਚਿੰਨ੍ਹਤ ਕਰਨੇ ਜ਼ਰੂਰੀ ਹਨ ਜਿਨ੍ਹਾਂ ਕਰ ਕੇ ਔਰਤ ਡਾਕਟਰਾਂ ਉਪਰ ਲਗਾਤਾਰ ਹਮਲੇ ਹੋ ਰਹੇ ਹਨ। ਸਮਾਜ ਵਿਚ ਸਭ ਤੋਂ ਵੱਧ ਇੱਜ਼ਤ ਡਾਕਟਰਾਂ ਦੀ ਕੀਤੀ ਜਾਂਦੀ ਹੈ, ਸਮਾਜ ਦਾ ਇਕ ਹਿੱਸਾ ਡਾਕਟਰ ਨੂੰ ‘ਰੱਬ ਦਾ ਰੂਪ’ ਮੰਨਦਾ ਹੈ ਪਰ ਅਜਿਹੇ ਕਾਰਨ ਚਿੰਨ੍ਹਤ ਕਰਨੇ ਜ਼ਰੂਰੀ ਹਨ ਜਿਨ੍ਹਾਂ ਕਰ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਮੈਡੀਕਲ ਸਟਾਫ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸਲ ਵਿਚ ਭਾਰਤ ਦਾ ਅਰਧ ਜਗੀਰੂ ਸਾਮਰਾਜੀ ਸਭਿਆਚਾਰ ਔਰਤ ਨੂੰ ਭੋਗ-ਵਿਲਾਸ ਦੀ ਵਸਤੂ ਵਜੋਂ ਚਿਤਵਦਾ ਹੈ। ਦੇਸ਼ ਦੀ ‘ਸੱਤਾ` ਉਪਰ ਕਾਬਜ਼ ਰਹੀਆਂ ਧਿਰਾਂ ਨੇ ਕਦੇ ਵੀ ਅਜਿਹਾ ਸਭਿਆਚਾਰ ਸਿਰਜਣ ਦਾ ਯਤਨ ਨਹੀਂ ਕੀਤਾ ਜੋ ਔਰਤਾਂ ਨੂੰ ਬਰਾਬਰੀ ਦੇਣ ਵਾਲਾ ਹੋਵੇ ਬਲਕਿ ਹੁਕਮਰਾਨ ਪਾਰਟੀਆਂ ਦੀਆਂ ਨੀਤੀਆਂ ਨੇ ਔਰਤਾਂ ਖਿਲ਼ਾਫ ਹਿੰਸਾ ਵਿਚ ਵਾਧਾ ਕੀਤਾ ਹੈ। ਇੱਥੇ ਫੈਲੀ ਅਤਿ ਦੀ ਬੇਰੁਜ਼ਗਾਰੀ, ਨਸ਼ੇ, ਨੌਜਵਾਨਾਂ ਦਾ ਅਨਿਸ਼ਚਤ ਭਵਿੱਖ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਗੁੰਡਿਆਂ ਦੀ ਪੁਸ਼ਤਪਨਾਹੀ ਸਮਾਜ ਵਿਚ ਜੁਰਮ ਨੂੰ ਵਧਾਉਂਦੇ ਹਨ। ਦੁਨੀਆ ਭਰ ਦਾ ਇਤਿਹਾਸ ਗਵਾਹ ਹੈ ਜਦੋਂ ਫਿਰਕੂ ਤਾਕਤਾਂ ਨੇ ਵਿਰੋਧੀਆਂ ਨੂੰ ਦਬਾਉਣ ਲਈ ਬਲਾਤਕਾਰ ਨੂੰ ਹਥਿਆਰ ਵਜੋਂ ਇਸਤੇਮਾਲ ਕੀਤਾ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਔਰਤਾਂ ਖਿਲਾਫ ਹਿੰਸਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। 2012 ਦੇ ਆਸ-ਪਾਸ ਭਾਰਤ ਵਿਚ ਪੁਲਿਸ ਨੇ ਇੱਕ ਸਾਲ ਵਿਚ ਬਲਾਤਕਾਰ ਦੇ 25000 ਕੇਸ ਦਰਜ ਕੀਤੇ। 2016 ਵਿਚ ਇਹ ਗਿਣਤੀ 39000 ਤੱਕ ਪਹੁੰਚ ਗਈ। 2021 ਵਿਚ ਬਲਾਤਕਾਰ ਦੇ 31677 ਕੇਸ ਦਰਜ ਕੀਤੇ ਗਏ ਸਨ ਜੋ ਰੋਜ਼ਾਨਾ ਦੇ 86 ਮਾਮਲੇ ਬਣਦੇ ਹਨ। ਇੱਕ ਰਿਪੋਰਟ ਅਨੁਸਾਰ 2018 ਵਿਚ ਦੇਸ਼ ਭਰ ਵਿਚ ਹਰ 15 ਮਿੰਟ ਵਿਚ ਬਲਾਤਕਾਰ ਦੀ ਰਿਪੋਰਟ ਦਰਜ ਕੀਤੀ ਗਈ।
ਜਿਸ ਤਰ੍ਹਾਂ ਦਾ ਮਾਮਲਾ ਹੁਣ ਕੋਲਕਾਤਾ ਵਿਚ ਸਾਹਮਣੇ ਆਇਆ ਹੈ, ਇਸੇ ਤਰ੍ਹਾਂ ਦੀ ਘਟਨਾ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵਾਪਰੀ ਸੀ ਜਿਸ ਨੇ ਸਮੁੱਚੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਕੋਵਿਡ-19 ਮਹਾਮਾਰੀ ਦੌਰਾਨ ਅਣਗਿਣਤ ਡਾਕਟਰਾਂ ਅਤੇ ਮੈਡੀਕਲ ਕਰਮੀਆਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਸਨ, ਕਰੀਬ 1600 ਮੈਡੀਕਲ ਕਰਮੀਆਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਇਹ ਸਭ ਦੇ ਬਾਵਜੂਦ ਸਰਕਾਰਾਂ ਵੱਲੋਂ ਮੈਡੀਕਲ ਸਟਾਫ ਨੂੰ ਬਣਦਾ ਆਦਰ-ਸਤਿਕਾਰ ਦੇਣਾ ਤਾਂ ਦੂਰ ਬਲਕਿ ਕੱਚੇ ਸਿਹਤ ਮੁਲਾਜ਼ਮਾਂ ਨੂੰ ਪੱਕਾ ਤੱਕ ਨਹੀਂ ਕੀਤਾ ਗਿਆ ਹੈ। ਮੈਡੀਕਲ ਸਟਾਫ ਦੀ ਸੁਰੱਖਿਆ ਕਦੇ ਵੀ ਸਰਕਾਰ ਦੇ ਏਜੰਡੇ ਉਪਰ ਨਹੀਂ ਰਹੀ ਹੈ ਜਿਸ ਕਾਰਨ ਮੈਡੀਕਲ ਸਟਾਫ ਅਸੁਰੱਖਿਆ ਦੀ ਭਾਵਨਾ ਹੈ। ਮਈ 2023 ਵਿਚ ਕੋਟਾਰਕਾਰਾ (ਕੇਰਲ) ਵਿਚ ਇਕ ਹਸਪਤਾਲ ਵਿਚ ਇਕ ਨਸ਼ੇੜੀ ਨੇ 22 ਸਾਲਾ ਔਰਤ ਡਾਕਟਰ ਵੰਦਨਾ ਦਾਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਨਸ਼ੇੜੀ ਨੂੰ ਪੁਲਿਸ ਮੁਲਾਜ਼ਮ ਹੀ ਇਲਾਜ ਲਈ ਹਸਪਤਾਲ ਲੈ ਕੇ ਆਏ ਸਨ। ਉਸ ਘਟਨਾ ਤੋਂ ਬਾਅਦ ਵੀ ਸਰਕਾਰਾਂ ਦੀ ਨੀਂਦ ਨਹੀਂ ਖੁੱਲ੍ਹੀ।
ਕੋਲਕਾਤਾ ਦੀ ਘਟਨਾ ਨੇ 1973 ਵਿਚ ਮੁੰਬਈ ਦੇ ਇੱਕ ਹਸਪਤਾਲ `ਚ ਸਟਾਫ ਨਰਸ ਅਰੁਣਾ ਸ਼ਾਨਬਾਗ ਦਾ ਮਾਮਲਾ ਮੁੜ ਚਰਚਾ ਵਿਚ ਲੈ ਆਂਦਾ ਹੈ। 1973 ਵਿਚ ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਦੀ ਨਰਸ ਅਰੁਣਾ ਸ਼ਾਨਬਾਗ ਨਾਲ ਹਸਪਤਾਲ ਦੀ ਬੇਸਮੈਂਟ ਵਿਚ ਬਲਾਤਕਾਰ ਕਰਨ ਤੋਂ ਬਾਅਦ ਅੱਧਮਰੀ ਹਾਲਤ ਵਿਚ ਮਰੀ ਹੋਈ ਸਮਝ ਕੇ ਛੱਡ ਦਿੱਤਾ ਗਿਆ ਸੀ ਪਰ ਖੂਨ ਨਾਲ ਲੱਥਪਥ ਉਹ ਨਰਸ 11 ਘੰਟੇ ਉਸੇ ਸਥਿਤੀ ਵਿਚ ਪਈ ਰਹੀ। ਬਹੁਤ ਜ਼ਿਆਦਾ ਖੂਨ ਨਿਕਲਣ ਅਤੇ ਦਿਮਾਗ ਨੂੰ ਲੋੜੀਂਦੀ ਆਕਸੀਜਨ ਨਾ ਪਹੁੰਚਣ ਕਾਰਨ ਉਹ ਕੋਮਾ ਵਿਚ ਚਲੀ ਗਈ ਸੀ। 42 ਸਾਲ ਹਸਪਤਾਲ ਵਿਚ ਕੋਮਾ ਦੀ ਹਾਲਤ ਵਿਚ ਪਈ, ਉਸ ਨਰਸ ਦੀ 18 ਮਈ 2015 ਨੂੰ ਮੌਤ ਹੋ ਗਈ ਸੀ।
ਅਸੀਂ ਅਜਿਹੀਆਂ ਸਰਕਾਰਾਂ ਤੋਂ ਔਰਤਾਂ ਦੀ ਭਲਾਈ ਦੀ ਆਸ ਕਿਵੇਂ ਕਰ ਸਕਦੇ ਹਾਂ ਜੋ ਬਿਲਕੀਸ ਬਾਨੋ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਦੀ ਸਜ਼ਾ ਮੁਆਫ ਕਰ ਕੇ ਸਮੇਂ ਤੋਂ ਪਹਿਲਾਂ ਜੇਲ੍ਹ ਵਿਚੋਂ ਰਿਹਾਅ ਕਰਨ ਦਾ ਹੁਕਮ ਦੇ ਸਕਦੀਆਂ ਹਨ। ਬਲਾਤਕਾਰ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਦਿੱਤੀ ਜਾ ਰਹੀ ਫਰਲੋ ਔਰਤਾਂ ਨੂੰ ਕੀ ਸੰਕੇਤ ਦੇ ਰਹੀ ਹੈ? ਦੇਸ਼ ਦੀਆਂ ਚੋਟੀ ਔਰਤ ਪਹਿਲਵਾਨਾਂ ਵੱਲੋਂ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿਲਾਫ ਗੰਭੀਰ ਕਿਸਮ ਦੇ ਦੋਸ਼ ਲਗਾਏ ਗਏ ਤਾਂ ਪੂਰੀ ‘ਸੱਤਾ` ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੱਖ ਵਿਚ ਖੜ੍ਹੀ ਦਿਖਾਈ ਦਿੱਤੀ ਸੀ ਤਾਂ ਅਸੀਂ ਅਜਿਹੀਆਂ ਸਰਕਾਰਾਂ ਤੋਂ ਔਰਤਾਂ ਦੀ ਸੁਰੱਖਿਆ ਖਾਤਰ ਕਾਨੂੰਨ ਬਣਾਉਣ ਦੀ ਉਮੀਦ ਕਿਵੇਂ ਰੱਖ ਸਕਦੇ ਹਾਂ।
ਕੋਲਕਾਤਾ ਵਿਚ ਡਾਕਟਰ ਦੇ ਬਲਾਤਕਾਰ/ਕਤਲ ਮਾਮਲੇ ਨੂੰ ਦੇਸ਼ ਭਰ ਵਿਚ ਔਰਤਾਂ ਖਿਲ਼ਾਫ ਹੋ ਰਹੇ ਅਪਰਾਧਾਂ ਦੇ ਮਾਮਲੇ ਨਾਲ ਜੋੜ ਕੇ ਸਮਝਣ ਤੇ ਔਰਤਾਂ ਦੀ ਮੁਕਤੀ ਦੇ ਵਡੇਰੇ ਸਵਾਲ ਨਾਲ ਜੋੜ ਕੇ ਦੇਖਣ ਦੀ ਲੋੜ ਹੈ। ਸਾਡੇ ਦੇਸ਼ ਦਾ ਢਾਂਚਾ ‘ਮਰਦ ਪ੍ਰਧਾਨ` ਸਮਾਜ ਦੀ ਪੁਸ਼ਤਪੁਨਾਹੀ ਕਰਦਾ ਹੈ ਤੇ ਇਹ ਢਾਂਚਾ ਔਰਤ ਵਿਰੋਧੀ ਹੈ। ਇਸ ਢਾਂਚੇ ਵਿਚ ਔਰਤ ਦੀ ਸਥਿਤੀ ਦੋਇਮ ਦਰਜੇ ਦੀ ਹੈ ਤੇ ਇਹ ਔਰਤ ਨੂੰ ਸਿਰਫ ਭੋਗ-ਵਿਲਾਸ ਦੀ ਵਸਤੂ ਵਜੋਂ ਹੀ ਚਿਤਵਦਾ ਹੈ। ਮੈਡੀਕਲ ਸਟਾਫ ਖਿਲਾਫ ਹੋ ਰਹੀਆਂ ਹਿੰਸਕ ਘਟਨਾਵਾਂ ਦਾ ਹੱਲ ਦੋਸ਼ੀਆਂ ਸਖਤ ਕਾਰਵਾਈ ਦੇ ਨਾਲ-ਨਾਲ ਲੋਕ ਪੱਖੀ ਸਮਾਜ ਦੀ ਸਿਰਜਣਾ ਰਾਹੀਂ ਹੀ ਸੰਭਵ ਹੋ ਸਕਦਾ ਹੈ। ਇਸ ਲਈ ਇਕ ਲੋਕ ਪੱਖੀ ਸੱਭਿਆਚਾਰ ਦੀ ਉਸਾਰੀ ਤੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਹੀ ਔਰਤਾਂ ਦੇ ਮਸਲਿਆਂ ਦਾ ਹੱਲ ਹੈ।