ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਗਿਆਨੀ ਪ੍ਰੀਤਮ ਸਿੰਘ ਦੇ ਤਿੰਨ ਪੁੱਤਰ ਸਨ। ਵੱਡਾ ਕੇਵਲ ਸਿੰਘ ਜਿਹੜਾ ਸਕੂਲ ਦੇ ਅੱਗੇ ਦੀ ਤਾਂ ਕੀ, ਪਿੱਛੇ ਦੀ ਵੀ ਨਹੀਂ ਲੰਘਿਆ। ਵਿਚਕਾਰਲਾ ਸੇਵਾ ਸਿੰਘ ਦਸਵੀਂ ਪਾਸ ਕਰ ਕੇ ਫੌਜ ਵਿਚ ਭਰਤੀ ਹੋ ਗਿਆ। ਸਭ ਤੋਂ ਛੋਟਾ ਹਿੰਮਤ ਸਿੰਘ ਹੈ। ਰੱਖੜੀ ਬੰਨ੍ਹਣ ਲਈ ਆਪਣੀ ਭੈਣ ਤਾਂ ਨਹੀਂ ਸੀ, ਆਪਣੇ ਚਾਚੇ ਦੀ ਧੀ ਨੂੰ ਸਕੀ ਭੈਣ ਸਮਝ ਕੇ ਤਿੰਨੇ ਜਣੇ ਰੱਖੜੀ ਉਸ ਤੋਂ ਬੰਨ੍ਹਵਾ ਕੇ ਸਬਰ ਕਰ ਲੈਂਦੇ।
ਕੇਵਲ ਸਿੰਘ ਦੀ ਬਚਪਨ ਤੋਂ ਬਿਰਤੀ ਧਾਰਮਿਕ ਤੇ ਚੱਕਰਵਰਤੀ ਹੀ ਰਹੀ ਹੈ। ਸਕੂਲੀ ਵਿੱਦਿਆ ਦੇ ਗਿਆਨ ਤੋਂ ਬੇਸ਼ਕ ਉਹ ਪੈਦਲ ਹੀ ਸੀ ਪਰ ਇਤਿਹਾਸ ਦੀ ਜਾਣਕਾਰੀ ਤੋਂ ਉਹ ਸ਼ਤਾਬਦੀ ਐਕਸਪ੍ਰੈਸ ਸੀ। ਕੋਈ ਰਾਜਸੀ, ਧਾਰਮਿਕ ਜੋੜ ਮੇਲਾ ਉਹ ਨਹੀਂ ਸੀ ਭੁੱਲਦਾ। ਜ਼ਿਮੀਦਾਰਾਂ ਦਾ ਪੁੱਤ ਇਸ ਤਰ੍ਹਾਂ ਘਰੋਂ ਗੈਰ-ਹਾਜ਼ਰ ਰਹੇ ਤੇ ਘਰ ਦੇ ਕੰਮਾਂ ਵੱਲ ਖਿਆਲ ਨਾ ਕਰੇ, ਫਿਰ ਉਸ ਦੇ ਮੂੰਹ ਨੂੰ ਛੁਹਾਰਾ ਲੱਗਣਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਕੇਵਲ ਸਿੰਘ ਨਾਲ ਹੋਈ। ਸੇਵਾ ਸਿੰਘ ਫੌਜੀ ਨਾਲ ਹੀ ਹਿੰਮਤ ਸਿੰਘ ਵੀ ਵਿਆਹਿਆ ਗਿਆ। ਉਹ ਦੋਵੇਂ ਸਕੀਆਂ ਭੈਣਾਂ ਹਨ। ਕੇਵਲ ਸਿੰਘ ਦੀ ਵਿਆਹ ਵਾਲੀ ਵੱਤ ਲੰਘਣ ਲੱਗੀ। ਮਹਾਂਪੁਰਸ਼ਾਂ ਦੇ ਜੋੜੇ ਝਾੜਦਿਆਂ, ਸੇਵਾ ਕਰਦਿਆਂ ਕੇਵਲ ਸਿੰਘ ਵਧੀਆ ਪ੍ਰਚਾਰਕ ਬਣ ਗਿਆ। ਹੌਲੀ-ਹੌਲੀ ਢਾਡੀ ਜਥੇ ਦਾ ਮੋਹਰੀ ਬਣ ਗਿਆ। ਕੇਵਲ ਸਿੰਘ ਦੇ ਜੋਸ਼ੀਲੇ ਭਾਸ਼ਣ ਨਾਲ ਲੋਕ ਇਕੱਠੇ ਹੋਣ ਲੱਗੇ। ਫਿਰ ਮਾਮੀ ਨੇ ਰਿਸ਼ਤਾ ਕਰਵਾ ਦਿੱਤਾ। ਉਹਦੇ ਨਾਲੋਂ ਉਹਦੀ ਘਰ ਵਾਲੀ ਦਸ ਸਾਲ ਛੋਟੀ ਸੀ। ਗਰੀਬ ਮਾਪਿਆਂ ਨੇ ਇਸ ਕਰ ਕੇ ਵਿਆਹੀ ਸੀ ਕਿ ਮੁੰਡਾ ਕੁਝ ਖਾਂਦਾ-ਪੀਂਦਾ ਨਹੀਂ ਤੇ ਇਲਾਕੇ ਵਿਚ ਜਾਣਿਆ-ਪਛਾਣਿਆ ਨਾਂ ਹੈ।
ਪ੍ਰੀਤਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਤਿੰਨੇ ਭਰਾ ਅੱਡ ਹੋ ਗਏ। ਪ੍ਰੀਤਮ ਸਿੰਘ ਆਪਣੀ ਜਾਇਦਾਦ ਦੀ ਵੰਡ ਤਾਂ ਠੀਕ ਕਰ ਗਿਆ ਸੀ ਪਰ ਦੋਵੇਂ ਛੋਟਿਆਂ ਨੇ ਹੇਰਾਫੇਰੀ ਕਰ ਕੇ ਅੱਧਾ ਕਿੱਲਾ ਜ਼ਮੀਨ ਦਾ ਕੇਵਲ ਸਿੰਘ ਨੂੰ ਘੱਟ ਦਿੱਤਾ।
ਭਰਾਵਾਂ ਵੱਲੋਂ ਮਾਰਿਆ ਧੋਖੇ ਦਾ ਬਰਛਾ ਕੇਵਲ ਸਿੰਘ ਦਾ ਸੀਨਾ ਚੀਰ ਗਿਆ। ਉਹ ਜ਼ਖ਼ਮੀ ਸ਼ੇਰ ਵਾਂਗ ਭਰਾਵਾਂ ‘ਤੇ ਟੁੱਟ ਪਿਆ ਪਰ ਉਸ ਦੀ ਘਰਵਾਲੀ ਮਿਲਾਪ ਕੌਰ ਨੇ ਭਰਾਵਾਂ ਦਾ ਮਿਲਾਪ ਕਰਾਉਂਦਿਆਂ ਕਿਸੇ ਅਣ-ਸੁਖਾਵੀਂ ਘਟਨਾ ਨੂੰ ਟਾਲ ਦਿੱਤਾ। ਦੋਵਾਂ ਨੇ ਸਬਰ ਕਰ ਕੇ ਆਪਣੇ ਗ੍ਰਹਿਸਥ ਦੀ ਗੱਡੀ ਅਗਾਂਹ ਤੋਰ ਲਈ। ਫਿਰ ਕੇਵਲ ਸਿੰਘ ਦੇ ਤਿੰਨ ਸਾਲਾਂ ਵਿਚ ਦੋ ਪੁੱਤਰ ਹੋ ਗਏ। ਭਰਜਾਈਆਂ ਵੱਲੋਂ ਐਲਾਨਿਆ ਛੜਾ ਜੇਠ ਦੋ ਪੁੱਤਰਾਂ ਨੂੰ ਮੋਢਿਆਂ ‘ਤੇ ਬਿਠਾ ਖਿਡਾਉਣ ਲੱਗ ਪਿਆ। ਜਿਵੇਂ ਭਰਾਵਾਂ ਦੇ ਕਬੋਲ ਵੈਰੀ ਦੀ ਗੋਲੀ ਨਾਲੋਂ ਜ਼ਿਆਦਾ ਘਾਤਕ ਹੁੰਦੇ ਹਨ, ਇਸੇ ਤਰ੍ਹਾਂ ਹੀ ਕੇਵਲ ਸਿੰਘ ਨਾਲ ਹੋ ਰਿਹਾ ਸੀ ਪਰ ਕਹਿੰਦੇ ਹਨ ਕਿ ਜਿਸ ਦਾ ਆਪਣੇ ਗੁਰੂ ‘ਤੇ ਭਰੋਸਾ ਹੋਵੇ, ਉਸ ਨੂੰ ਤੱਤੀ ਵਾਹ ਵੀ ਨਹੀਂ ਲੱਗਦੀ ਤੇ ਉਸ ਦੇ ਕਾਰਜ ਉਹ ਆਪ ਆ ਕੇ ਸੰਵਾਰਦਾ ਹੈ। ਕੇਵਲ ਸਿੰਘ ਦੀ ਬਾਂਹ ਵੀ ਵਾਹਿਗੁਰੂ ਨੇ ਆਪ ਆ ਕੇ ਫੜੀ। ਯੂਰਪ ਦੇ ਕਈ ਦੇਸ਼ਾਂ ਦਾ ਵੀਜ਼ਾ ਲੱਗ ਗਿਆ। ਕੇਵਲ ਸਿੰਘ ਆਪਣੇ ਜਥੇ ਸਮੇਤ ਦਿੱਲੀ ਤੋਂ ਰਵਾਨਾ ਹੋ ਗਿਆ।
ਆਪਣੇ ਵਤਨ ਦੀ ਮਿੱਟੀ ਤੋਂ ਆਏ ਜਥੇ ਨੂੰ ਲੋਕਾਂ ਨੇ ਪੌਡਾਂ, ਡਾਲਰਾਂ ਤੇ ਯੂਰੋ ਨਾਲ ਨਿਹਾਲ ਕਰ ਦਿੱਤਾ। ਕੇਵਲ ਸਿੰਘ ਨੂੰ ਲੱਗਿਆ ਕਿ ਪਰਮਾਤਮਾ ਨੇ ਕਈ ਹਾੜ੍ਹੀਆਂ ਸਾਉਣੀਆਂ ਇਕੱਠੀਆਂ ਹੀ ਉਸ ਦੀ ਝੋਲੀ ਪਾ ਦਿੱਤੀਆਂ ਹਨ; ਕਿ ਧਰਮ ਦਾ ਮਾਰਗ ਸਭ ਤੋਂ ਸੁੱਚਾ-ਸੁੱਚਾ ਹੈ। ਉਸ ਦੀ ਬਚਪਨ ਦੀ ਸੋਚ ਨੂੰ ਅੱਜ ਪਰਮਾਤਮਾ ਨੇ ਫਲ ਲਾ ਦਿੱਤਾ ਸੀ। ਆਪਣੇ ਵਤਨ ਪਰਤ ਕੇ ਉਸ ਨੇ ਇਕ ਗੱਲ ਪੱਕੀ ਰਟ ਲਈ ਕਿ ਦੋਵਾਂ ਪੁੱਤਰ ਨੂੰ ਸਿੱਖੀ ਦੇ ਰਾਹ ‘ਤੇ ਤੋਰਦਿਆਂ ਉਚ ਵਿੱਦਿਆ ਦਿਵਾਵਾਂਗਾ। ਘਰ ਦੇ ਨਵੇਂ ਜੰਗਲੇ ਨੇ ਦੱਸ ਦਿੱਤਾ ਸੀ ਕਿ ਕੇਵਲ ਸਿੰਘ ਨੇ ਤਾਜੇ ਪੌਂਡ ਖਰਚੇ ਹਨ। ਪੁਰਾਣਾ ਘਰ ਢਾਹ ਕੇ ਨਵਾਂ ਬਣਾ ਲਿਆ ਸੀ। ਮਿਲਾਪ ਕੌਰ ਵੀ ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਕਰਦੀ ਰਹਿੰਦੀ।
ਕੇਵਲ ਸਿੰਘ ਦੇ ਦੋਵੇਂ ਪੁੱਤ ਬੀਰਾ ਤੇ ਸੀਰਾ ਸਕੂਲ ਜਾਣ ਲੱਗੇ। ਕੇਵਲ ਸਿੰਘ ਆਪਣੇ ਜਥੇ ਨਾਲ ਪ੍ਰੋਗਰਾਮ ਕਰੀ ਜਾਂਦਾ। ਸਮੇਂ ਦਾ ਗੇੜ ਰਾਤਾਂ ਦਿਨਾਂ ਵਿਚ ਬਦਲਦਾ ਗਿਆ। ਪਤਾ ਹੀ ਨਾ ਲੱਗਿਆ ਜਦੋਂ ਬੀਰਾ ਕਾਲਜ ਪੜ੍ਹਨ ਲੱਗ ਗਿਆ। ਪੜ੍ਹਾਈ ਦੇ ਨਾਲ-ਨਾਲ ਬੀਰਾ ਹਾਕੀ ਦਾ ਵੀ ਵਧੀਆ ਖਿਡਾਰੀ ਬਣ ਗਿਆ। ਬੀਰੇ ਦਾ ਨਾਂ ਕਾਲਜ ਵਿਚ ਗੂੰਜਣ ਲੱਗਿਆ। ਇਸ ਗੂੰਜ ਦੀ ਆਵਾਜ਼ ਨੇ ਪ੍ਰਵੀਨ ਦੇ ਦਿਲ ਨੂੰ ਹਲੂਣਾ ਦੇ ਦਿੱਤਾ। ਪ੍ਰਵੀਨ ਸ਼ਹਿਰ ਦੇ ਮਸ਼ਹੂਰ ਆੜ੍ਹਤੀਆਂ ਦੀ ਕੁੜੀ ਸੀ ਜਿਹੜੀ ਅਸਮਾਨ ਤੋਂ ਉਤਰੀ ਪਰੀ ਲੱਗਦੀ ਸੀ। ਕੁੜੀਆਂ ਵਿਚ ਪ੍ਰਵੀਨ ਦੀ ਵੱਖਰੀ ਟੌਹਰ ਸੀ।
ਇਕ ਦਿਨ ਲਾਇਬਰੇਰੀ ਵਿਚ ਬੀਰੇ ਦਾ ਪ੍ਰਵੀਨ ਨਾਲ ਸਾਹਮਣਾ ਹੋ ਗਿਆ। ਚਾਰ ਅੱਖਾਂ ਨੇ ਮਿਲਦਿਆਂ ਹੀ ਦੋ ਦਿਲਾਂ ਨੂੰ ਇਕ ਕਰ ਦਿੱਤਾ। ਪ੍ਰਵੀਨ ਤੇ ਬੀਰੇ ਦਾ ਨਾਂ ਹੁਣ ਇਕੱਠਿਆਂ, ਮੁੰਡੇ ਕੁੜੀਆਂ ਦੇ ਮੂੰਹ ‘ਤੇ ਆਉਂਦਾ। ਪ੍ਰਵੀਨ ਨੂੰ ਚਾਹੁਣ ਵਾਲੇ ਮੁੰਡੇ ਬੀਰੇ ਨਾਲ ਖਾਰ ਖਾਣ ਲੱਗ ਪਏ। ਹੌਲੀ-ਹੌਲੀ ਇਹ ਖਾਰ ਲੜਾਈ ਵਿਚ ਬਦਲ ਗਈ। ਮੁੰਡਿਆਂ ਨੇ ਬੀਰੇ ਨੂੰ ਇਕੱਠਿਆਂ ਹੋ ਕੇ ਕੁੱਟਿਆ। ਇਸ ਮਾਰ-ਕੁੱਟ ਵਿਚ ਬੀਰੇ ਦੀ ਬਾਂਹ ਜ਼ਖ਼ਮੀ ਹੋ ਗਈ ਤੇ ਉਸ ਦੀ ਹਾਕੀ ਦੀ ਖੇਡ ਵੀ ਜਾਂਦੀ ਰਹੀ। ਪ੍ਰਵੀਨ ਦੇ ਦਿਲ ਵਿਚ ਬੀਰੇ ਪ੍ਰਤੀ ਮੋਹ ਦੀਆਂ ਤੰਦਾਂ ਨੇ ਵਿਆਹ ਦੀ ਬੁਣਤੀ ਪਾ ਦਿੱਤੀ। ਗੱਲ ਕੇਵਲ ਸਿੰਘ ਕੋਲ ਪਹੁੰਚ ਗਈ। ਕੇਵਲ ਸਿੰਘ ਨੇ ਤਾਂ ਹਾਂ ਕਰ ਦਿੱਤੀ ਪਰ ਉਸ ਦੇ ਦੋਵੇਂ ਭਰਾ ਧਰਮ ਦੀਆਂ ਡਾਂਗਾਂ ਚੁੱਕ ਲਿਆਏ। ਅਸੀਂ ਆਪਣੇ ਭਤੀਜੇ ਦਾ ਵਿਆਹ ਹਿੰਦੂ ਧਰਮ ਵਿਚ ਨਹੀਂ ਹੋਣ ਦੇਣਾ। ਅਸੀਂ ਆਪਣੇ ਪਿਤਾ ਦੇ ਨਾਂ ਨੂੰ ਦਾਗ਼ ਨਹੀਂ ਲੱਗਣ ਦੇਣਾ। ਬੀਰੇ ਲਈ ਕੁੜੀਆਂ ਦਾ ਘਾਟਾ ਨਹੀਂ। ਕਈ ਦਿਨ ਬੀਰੇ ਦੇ ਚਾਚੇ ਗੁੱਸੇ ਦੀ ਝੱਗ ਸੁੱਟਦੇ ਰਹੇ।
ਪ੍ਰਵੀਨ ਨੇ ਵੀ ਆਪਣੇ ਮਾਪਿਆਂ ਕੋਲ ਬੀਰੇ ਬਾਰੇ ਗੱਲ ਤੋਰੀ ਤਾਂ ਮਾਪੇ ਵੀ ਗੁੱਸੇ ਨਾਲ ਇਸ ਤਰ੍ਹਾਂ ਫਟੇ ਜਿਵੇਂ ਪਟਰੋਲ ਦੀ ਗੈਲਨ ਅੱਗ ਕੋਲ ਰੱਖੀ ਹੋਵੇ। ਦੋਵਾਂ ਪਰਿਵਾਰਾਂ ਵਿਚ ਬੱਚਿਆਂ ਦੇ ਚੁੱਕੇ ਇਸ ਕਦਮ ਨੇ ਲੜਾਈ ਵਰਗਾ ਮਾਹੌਲ ਬਣਾ ਦਿੱਤਾ ਸੀ। ਪ੍ਰਵੀਨ ਦੇ ਮਾਪਿਆਂ ਨੇ ਕਿਹਾ, “ਜਾਂ ਤੂੰ ਸਾਨੂੰ ਛੱਡ ਜਾ, ਜਾਂ ਬੀਰੇ ਨੂੰ ਛੱਡ ਦੇ।” ਉਧਰ ਬੀਰੇ ਦੇ ਚਾਚੇ ਕਹਿੰਦੇ, “ਜੇ ਤੂੰ ਉਸ ਕੁੜੀ ਨਾਲ ਵਿਆਹ ਕਰਵਾਇਆ ਤਾਂ ਨਤੀਜੇ ਮਾੜੇ ਨਿਕਲਣਗੇ।” ਪਰ ਕੇਵਲ ਸਿੰਘ ਦੋਵਾਂ ਦਾ ਵਿਆਹ ਕਰਵਾ ਕੇ ਰਾਜ਼ੀ ਸੀ। ਉਹ ਇਸ ਗੱਲੋਂ ਡਰਦਾ ਸੀ ਕਿ ਜਵਾਨੀ ਪਿਆਰ ਵਿਚ ਅੰਨ੍ਹੀ ਹੁੰਦੀ ਹੈ, ਕੋਈ ਗਲਤ ਕਦਮ ਨਾ ਚੁੱਕ ਲਵੇ। ਭਰਾਵਾਂ ਦਾ ਕੀ ਜਾਣਾ, ਮੇਰਾ ਤਾਂ ਗੱਭਰੂ ਪੁੱਤ ਮੁੱਕ ਜਾਵੇਗਾ। ਕੇਵਲ ਸਿੰਘ ਸਾਰੀ ਉਮਰ ਲੋਕਾਂ ਨੂੰ ਸਿੱਖਿਆ ਦਿੰਦਾ ਰਿਹਾ ਸੀ ਅਤੇ ਅੱਜ ਉਸ ਨੂੰ ਖੁਦ ਸਿੱਖਿਆ ਦੀ ਲੋੜ ਪੈ ਗਈ ਸੀ ਕਿ ਉਹ ਕੀ ਕਰੇ! ਉਸ ਨੇ ਆਪਣੇ ਸਾਰੇ ਰਿਸ਼ਤੇਦਾਰ ਸੱਦ ਕੇ ਵਿਚਾਰ ਕਰਨ ਲਈ ਮਨ ਬਣਾਇਆ ਤੇ ਰਿਸ਼ਤੇਦਾਰਾਂ ਨੇ ਵੀ ਇਹੀ ਨਤੀਜਾ ਕੱਢਿਆ ਕਿ ਅਸੀਂ ਹਿੰਦੂਆਂ ਦੀ ਧੀ ਨੂੰਹ ਨਹੀਂ ਬਣਾਉਣੀ।
ਪ੍ਰਵੀਨ ਨੇ ਵੀ ਆਪਣੇ ਮਾਪਿਆਂ ਨੂੰ ਗੱਲਾਂ ਕਰਦਿਆਂ ਸੁਣ ਲਿਆ ਸੀ ਜਿਹੜੇ ਉਸ ਦਾ ਵਿਆਹ ਦਿੱਲੀ ਕਰਨਾ ਚਾਹੁੰਦੇ ਸਨ। ਮਾਪੇ ਕੁਝ ਕਰਦੇ, ਇਸ ਤੋਂ ਪਹਿਲਾਂ ਪ੍ਰਵੀਨ ਨੇ ਬੀਰੇ ਨਾਲ ਕੋਰਟ ਮੈਰਿਜ ਕਰਵਾ ਲਈ। ਪ੍ਰਵੀਨ ਦੇ ਮਾਪਿਆਂ ਨੇ ਉਸ ਨੂੰ ਘਰੋਂ ਸਦਾ ਲਈ ਵਿਦਾ ਕਰ ਦਿੱਤਾ। ਕੇਵਲ ਸਿੰਘ ਨੇ ਬੀਰੇ ਤੇ ਪ੍ਰਵੀਨ ਦਾ ਆਨੰਦ ਕਾਰਜ ਕਰਵਾ ਦਿੱਤਾ ਤੇ ਪ੍ਰਵੀਨ ਨੂੰ ਆਪਣੇ ਘਰ ਲੈ ਆਇਆ। ਕੇਵਲ ਸਿੰਘ ਦੇ ਭਾਈਆਂ ਨੇ ਚੰਗਾ ਖਰੂਦ ਪਾਇਆ ਪਰ ਪਾਣੀ ਵਿਚ ਮਧਾਣੀ ਪਾਉਣ ਵਾਂਗ ਪੱਲੇ ਕੁਝ ਨਾ ਪਿਆ।
ਥੋੜ੍ਹਾ ਸਮਾਂ ਹੋਰ ਲੰਘਿਆ ਤਾਂ ਪ੍ਰਵੀਨ ਨੇ ਕੇਵਲ ਸਿੰਘ ਤੋਂ ਆਗਿਆ ਲੈ ਕੇ ਆਇਲੈਟਸ ਕਰਨ ਲਈ ਮਨ ਬਣਾ ਲਿਆ। ਕਹਿੰਦੇ ਨੇ, ਜੇ ਕੁਝ ਮਨ ਵਿਚ ਪੱਕਾ ਧਾਰ ਲਈਏ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। ਪ੍ਰਵੀਨ ਦੀ ਮਿਹਨਤ ਨੇ ਰੰਗ ਲਿਆਂਦਾ, ਉਸ ਦੇ ਸੱਤ ਪੁਆਇੰਟ ਆ ਗਏ। ਉਨ੍ਹਾਂ ਨੇ ਆਪਣੀ ਫਾਈਲ ਬਣਾ ਕੇ ਆਸਟਰੇਲੀਆ ਲਈ ਵੀਜ਼ਾ ਅਪਲਾਈ ਕਰ ਦਿੱਤਾ। ਪਰਮਾਤਮਾ ਨੇ ਮਿਹਰਾਂ ਭਰਿਆ ਹੱਥ ਰੱਖਿਆ। ਪ੍ਰਵੀਨ ਦੇ ਨਾਲ ਹੀ ਬੀਰੇ ਦਾ ਵੀਜ਼ਾ ਵੀ ਲੱਗ ਗਿਆ ਅਤੇ ਦੋਵੇਂ ਆਸਟਰੇਲੀਆ ਪਹੁੰਚ ਗਏ। ਬੀਰੇ ਦੇ ਚਾਚੇ ਅਤੇ ਪ੍ਰਵੀਨ ਦੇ ਮਾਪੇ ਹੈਰਾਨ ਹੋ ਗਏ ਕਿ ਉਨ੍ਹਾਂ ਤਾਂ ਰਾਹਾਂ ਵਿਚ ਕੰਡੇ ਵਿਛਾਏ ਸੀ ਪਰ ਇਨ੍ਹਾਂ ਦੇ ਗਲਾਂ ਵਿਚ ਤਾਂ ਫੁੱਲਾਂ ਦੇ ਹਾਰ ਪੈ ਗਏ! ਬੀਰੇ ਹੋਰਾਂ ਆਸਟਰੇਲੀਆ ਪਹੁੰਚ ਕੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਪਿਤਾ ਵਾਂਗ ਹੀ ਇਮਾਨਦਾਰੀ ਦਿਖਾਉਂਦਿਆਂ ਬੀਰਾ ਛੇਤੀ ਤਰੱਕੀ ਕਰ ਗਿਆ। ਕਮਾਈ ਵਿਚ ਪਈ ਬਰਕਤ ਨਾਲ ਉਹਨੇ ਕੇਵਲ ਸਿੰਘ ਨੂੰ ਨਵੀਂ ਗੱਡੀ ਲੈ ਦਿੱਤੀ।
ਕੇਵਲ ਸਿੰਘ ਦੇ ਘਰ ਲੱਗਦੀਆਂ ਰੌਣਕਾਂ ਦੇਖ ਕੇ ਉਸ ਦੇ ਦੋਵੇਂ ਭਰਾ ਹੈਰਾਨ ਹੁੰਦੇ। ਅਜੇ ਤਾਂ ਲੋਕ ਕੇਵਲ ਸਿੰਘ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦੇ ਰਹੇ ਸਨ ਕਿ ਨਾਲ ਹੀ ਪੋਤਰੇ ਦੀਆਂ ਵਧਾਈਆਂ ਹੋ ਗਈਆਂ। ਖੁਸ਼ੀ ਨਾਲ ਖੁਸ਼ੀ ਜੁੜਦੀ ਗਈ। ਹੁਣ ਸੀਰਾ ਵੀ ਵਿਆਹੁਣ ਦੇ ਯੋਗ ਹੋ ਚੁੱਕਿਆ ਸੀ। ਬੀਰੇ ਤੇ ਪ੍ਰਵੀਨ ਨੇ ਪੜ੍ਹਾਈ ਲਈ ਆਈ ਹੋਈ ਕੁੜੀ ਨਾਲ ਗੱਲ ਕਰ ਕੇ ਸੀਰੇ ਦੇ ਵਿਆਹ ਦੀ ਗੱਲ ਪੱਕੀ ਕਰ ਲਈ। ਫਰਵਰੀ ਵਿਚ ਵਿਆਹ ਕਰਨ ਲਈ ਜਦੋਂ ਬੀਰਾ ਤੇ ਪ੍ਰਵੀਨ ਇੰਡੀਆ ਜਾਣ ਲੱਗੇ ਤਾਂ ਪ੍ਰਵੀਨ ਨੇ ਬੀਰੇ ਨੂੰ ਪੁੱਛਿਆ, “ਦਿਲਬੀਰ! ਅੱਜ ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਹੈ।”
“ਮੇਰੀ ਜਾਨ! ਜੋ ਕੁਝ ਮੰਗਣਾ ਹੈ, ਮੰਗ਼ææ ਅਸੀਂ ਤਿਆਰ ਹਾਂ।” ਬੀਰੇ ਨੇ ਕਿਹਾ।
“ਅਸੀਂ ਇੰਡੀਆ ਜਾਣ ਤੋਂ ਪਹਿਲਾਂ ਅੰਮ੍ਰਿਤ ਛਕਣਾ ਹੈ, ਤੁਸੀਂ ਜਵਾਬ ਨਹੀਂ ਦੇਵੋਗੇ।” ਪ੍ਰਵੀਨ ਨੇ ਕਿਹਾ।
“ਸੱਚੀਂ! ਮੈਂ ਤਿਆਰ ਹਾਂ।” ਬੀਰੇ ਨੇ ਬਾਹਾਂ ਦਾ ਹਾਰ ਪ੍ਰਵੀਨ ਦੇ ਗਲ ਪਾਉਂਦਿਆਂ ਕਿਹਾ।
ਬੀਰਾ ਪਹਿਲਾਂ ਹੀ ਸਹਿਜਧਾਰੀ ਸਿੱਖ ਸੀ। ਅੰਮ੍ਰਿਤ ਛੱਕ ਕੇ ਉਹ ਗੁਰੂ ਦਾ ਸਿੰਘ ਸਜ ਗਿਆ। ਪ੍ਰਵੀਨ ਵੀ ਅੰਮ੍ਰਿਤ ਛਕ ਕੇ ਪ੍ਰਵੀਨ ਕੌਰ ਬਣ ਗਈ। ਜਦੋਂ ਦੋਵੇਂ ਆਪਣੇ ਬੱਚੇ ਤੇ ਸੀਰੇ ਦੀ ਮੰਗੇਤਰ ਨੂੰ ਨਾਲ ਲੈ ਕੇ ਪਿੰਡ ਪਹੁੰਚੇ ਤਾਂ ਲੋਕ ਹੈਰਾਨ ਹੋ ਗਏ। ਬੀਰੇ ਦੇ ਚਾਚਿਆਂ ਨੇ ਜਦੋਂ ਦੇਖਿਆ ਤਾਂ ਉਨ੍ਹਾਂ ਦੇ ਸਿਰ ਸ਼ਰਮ ਨਾਲ ਝੁਕਣ ਲੱਗੇ ਕਿ ਜਿਹੜੀ ਕੁੜੀ ਨੂੰ ਅਸੀਂ ਆਪਣੇ ਖਾਨਦਾਨ ਦੀ ਨੂੰਹ ਨਹੀਂ ਸੀ ਬਣਾਉਣਾ ਚਾਹੁੰਦੇ, ਉਸ ਕੁੜੀ ਨੇ ਖਾਨਦਾਨ ਦੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਿਆ ਹੈ। ਇੱਧਰ ਸਾਡੇ ਆਪਣੇ ਪੁੱਤ ਕੰਨਾਂ ਵਿਚ ਨੱਤੀਆਂ ਪੁਆ ਕੇ ਅਵਾਰਾਗਰਦੀ ਕਰੀ ਜਾਂਦੇ ਹਨ।
ਸੀਰੇ ਦੇ ਵਿਆਹ ਦਾ ਦਿਨ ਮਿਥਿਆ ਗਿਆ। ਬੀਰਾ ਤੇ ਪ੍ਰਵੀਨ ਆਪਣੇ ਚਾਚਿਆਂ ਵੱਲ ਗਏ ਕਿ ਸਾਰਾ ਗੁੱਸਾ ਗਿਲਾ ਖ਼ਤਮ ਕੀਤਾ ਜਾਵੇ ਤੇ ਉਹ ਸਾਰੇ ਵਿਆਹ ਵਿਚ ਸ਼ਾਮਲ ਹੋਣ ਜਾਣ। ਚਾਚੇ ਤਾਂ ਜਿਵੇਂ ਉਨ੍ਹਾਂ ਨੂੰ ਹੀ ਉਡੀਕਦੇ ਸਨ। ਪ੍ਰਵੀਨ ਨੇ ਜਾਂਦਿਆਂ ਹੀ ਫਤਹਿ ਬੁਲਾਈ ਪਰ ਉਸ ਦੀ ਫਤਿਹ ਦਾ ਜਵਾਬ ਚਾਚਿਆਂ ਦੀਆਂ ਮਾਡਰਨ ਧੀਆਂ ਤੋਂ ਦੇ ਨਾ ਹੋਇਆ। ਚਾਚਿਆਂ ਨਾਲ ਸਾਰੇ ਗਿਲੇ-ਸ਼ਿਕਵੇ ਦੂਰ ਕਰ ਕੇ ਜਦੋਂ ਪ੍ਰਵੀਨ ਉਠਣ ਲੱਗੀ ਤਾਂ ਹੱਸ ਕੇ ਬੋਲੀ, “ਚਾਚਾ ਜੀ! ਮੈਂ ਦੱਸਣਾ ਭੁੱਲ ਗਈ ਸੀ ਕਿ ਆਪਣੇ ਜਸਵੀਰ ਦੀ ਹੋਣ ਵਾਲੀ ਘਰਵਾਲੀ ਵੀ ਹਿੰਦੂਆਂ ਦੀ ਧੀ ਐ। ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?”
“ਧੀਏ ਪ੍ਰਵੀਨ! ਤੂੰ ਅੰਮ੍ਰਿਤ ਛਕ ਕੇ ਸਿੰਘਣੀ ਹੀ ਨਹੀਂ ਬਣੀ ਸਗੋਂ ਪੁੱਤ ਬੀਰੇ ਨੂੰ ਵੀ ਸਿੰਘ ਸਜਾ ਦਿੱਤਾ ਹੈ। ਸਾਨੂੰ ਅੱਜ ਪਤਾ ਲੱਗ ਗਿਆ ਕਿ ਲੁਧਿਆਣੇ ਤੋਂ ਦਿੱਲੀ ਜਾਣ ਵਾਲੀ ਟਰੇਨ ਅੰਮ੍ਰਿਤਸਰ ਜਾ ਕੇ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਦਿੰਦੀ ਹੈ। ਜਿਉਂਦੇ ਰਹੋæææ।” ਕਹਿੰਦਿਆਂ ਚਾਚੇ ਦੀਆਂ ਅੱਖਾਂ ਭਰ ਆਈਆਂ।
Leave a Reply