ਵਿਨੇਸ਼ ਦੇ ਸੂਰਮਗਤੀ, ਅਰਸ਼ਦ ਤੇ ਨੀਰਜ ਦੀਆਂ ਪੈਗੰਬਰੀ ਮਾਵਾਂ ਦੇ ‘ਪ੍ਰੇਮ ਖੇਲਣ’ ਦੇ ਸੁਨੇਹੇ ਨੇ ਬਰਲਿਨ ਓਲੰਪਿਕ ਖੇਡਾਂ ਦੀ ਯਾਦ ਦਿਵਾਈ

ਬਰਲਿਨ ਖੇਡਾਂ `ਚ ਹਿਟਲਰ ਦੇ ਨਫਰਤੀ ਉਬਾਰ ਦੇ ਬਾਵਜੂਦ ਲੰਬੀ ਛਾਲ ਦੇ ਧੁਨੰਤਰ ਕਾਲੇ ਜੈਸੀ ਓਵੇਨਜ ਤੇ ਜਰਮਨੀ ਦੇ ਗੋਰੇ ਲੁਜ਼ ਵਿੰਗ ਲੌਂਗ `ਚ ਦੋਸਤੀ ਦਾ ਪੁਲ ਬੰਨਿ੍ਹਆ ਸੀ
ਸਰਬਜੀਤ ਧਾਲੀਵਾਲ
ਸਾਲਸੀ ਅਦਾਲਤ ਨੇ ਵਿਨੇਸ਼ ਨਾਲ ਇਨਸਾਫ ਨਹੀਂ ਕੀਤਾ। ਉਸਦੇ ਪੱਲੇ ਨਿਰਾਸ਼ਾ ਪਾਈ। ਉਹ ਕਈ ਦਿਨ ਪੈਰਿਸ ਵਿਚ ਫੈਸਲੇ ਦੀ ਉਡੀਕ ਕਰਦੀ ਰਹੀ। ਜੱਜ ਟਾਲ-ਮਟੋਲ ਕਰਦਾ ਰਿਹਾ। ਇਹ ਪਹਿਲੀ ਵਾਰ ਪਤਾ ਲੱਗਿਆ ਕਿ ਸਿਸਟਮ ਇਕੱਲੇ ਸਾਡੇ ਦੇਸ਼ ‘ਚ ਹੀ ਨਹੀਂ ਨਿਘਰਿਆ ਬਲਕਿ ਹੋਰ ਥਾਵਾਂ ‘ਤੇ ਖਾਸ ਕਰਕੇ ਓਲੰਪਿਕ ਵਰਗੀਆਂ ਸਨਮਾਨਤ ਸੰਸਥਾਵਾਂ ਦਾ ਹਾਲ ਵੀ ਤੀਜੇ ਪੌੜੇ ਦੇ ਦੇਸ਼ਾਂ ਵਰਗਾ ਹੀ ਹੈ। ਸੁਰਜੀਤ ਪਾਤਰ ਯਾਦ ਆਉਂਦਾ ਹੈ। “ਇਹ ਅਦਾਲਤਾਂ ‘ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ…ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਹੈ ਖਾਮੋਸ਼ ਪੱਥਰ ਦੇ ਬੁੱਤ ਕਰਨਗੇ।

ਕੁਸ਼ਤੀ ਅਖਾੜਿਆਂ ਅਤੇ ਸਮਾਜਿਕ ਸੂਰਮਗਤੀ ਦੀ ਮਹਾਂਬਲੀ ਵਿਨੇਸ਼ ਫੋਗਾਟ ਨੂੰ ਘਰ ਪਰਤਣ ‘ਤੇ ਜੋ ਮਾਨ-ਸਨਮਾਨ ਮਿਲਿਆ ਹੈ, ਉਹ ਇਤਹਾਸਕ ਹੋ ਨਿੱਬੜਿਆ ਹੈ। ਜਿਸ ਦਲੇਰੀ ਤੇ ਸਰੀਰਕ ਬਲ ਨਾਲ ਵਿਨੇਸ਼ ਫੋਗਾਟ ਨੇ ਓਲੰਪਿਕ ਖੇਡਾਂ ‘ਚ ਇਕੋ ਦਿਨ ਤਿੰਨ ਕੁਸ਼ਤੀ ਮੁਕਾਬਲੇ ਜਿੱਤੇ, ਉਹ ਕੋਈ ਮਹਾਂਬਲੀ ਹੀ ਕਰ ਸਕਦਾ ਸੀ। ਜਦੋਂ ਵਿਨੇਸ਼ ਨੂੰ ਇਕੋ ਦਿਨ ਤਿੰਨ ਮੁਕਬਾਲੇ ਲੜਨ ਲਈ ਕਿਹਾ ਗਿਆ ਤਾਂ ਉਸ ਸਮੇਂ ਸਾਡੇ ਦੇਸ਼ ਦੇ ਓਲੰਪਿਕ ਸੰਘ ਦੇ ਅਧਿਕਾਰੀ ਕਿਥੇ ਸਨ। ਇਹ ਸਵਾਲ ਪੁੱਛਣਾ ਬਣਦਾ ਹੈ। ਉਨ੍ਹਾਂ ਇਤਰਾਜ਼ ਕਿਉਂ ਨਾ ਕੀਤਾ ਕਿ ਇਹ ਪਹਿਲਵਾਨ ਨਾਲ ਸ਼ਰ੍ਹੇਆਮ ਜ਼ਿਆਦਤੀ ਹੈ। ਇਸ ਤਰ੍ਹਾਂ ਤਾਂ ਕਿਸੇ ਪੇਂਡੂ ਟੂਰਨਾਮੈਂਟ ਵਿਚ ਵੀ ਨਹੀਂ ਹੁੰਦਾ ਕਿ ਕਿਸੇ ਨੂੰ ਕਹਿ ਦਿਤਾ ਜਾਵੇ ਕਿ ਤੂੰ ਤਿੰਨੇ ਮੁਕਾਬਲੇ ਇਕੋ ਦਿਨ ਲੜਨੇ ਹਨ ਤੇ ਉਹ ਵੀ ਟੂਰਨਾਮੈਂਟ ‘ਚ ਭਾਗ ਲੈਣ ਵਾਲੇ ਸਭ ਤੋਂ ਤਕੜੇ ਭਲਵਾਨਾਂ ਨਾਲ। ਪੇਂਡੂ ਟੂਰਨਾਮੈਂਟਾਂ ਵਿਚ ਵੀ ਬੜੀ ਸੂਝ ਨਾਲ ਮੁਕਾਬਲਿਆਂ ਦੀ ਤਰਤੀਬ ਬਣਾਈ ਜਾਂਦੀ ਹੈ। ਓਲੰਪਿਕ ਖੇਡਾਂ ਦਾ ਜੇ ਇਹ ਹਾਲ ਹੈ ਤਾਂ ਰੱਬ ਰਾਖਾ। ਸੰਸਾਰ ਦੀਆਂ ਝੰਡਾਬਰਦਾਰ ਹਨ ਖੇਡਾਂ। ਓਲੰਪਿਕ ਖੇਡਾਂ ਦਾ ਇਹ ਹਾਲ ਸ਼ਰਮਸ਼ਾਰ ਕਰਦਾ ਹੈ। ਇਸ ‘ਤੇ ਖੇਡ ਪੱਤਰਕਾਰ ਵੀ ਕੋਈ ਸਵਾਲ ਨਹੀਂ ਚੁੱਕ ਰਹੇ, ਇਹ ਗੱਲ ਚੁਭਦੀ ਹੈ।
ਕੁਸ਼ਤੀ ਅਖਾੜੇ ‘ਚ ਹੀ ਨਹੀਂ, ਵਿਨੇਸ਼ ਇਸ ਤੋਂ ਬਾਹਰ ਵੀ ਦੇਸ਼ ਦੇ ਕੁਸ਼ਤੀ ਸੰਘ ਵਿਚ ਘੁਸਪੈਠ ਕਰੀ ਬੈਠੇ ਰਾਜਨੀਤਕ ਤੌਰ ‘ਤੇ ਸ਼ਕਤੀਸ਼ਾਲੀ ਕਾਮੀ ਭੇਡੂਆਂ ਖ਼ਿਲਾਫ ਵੀ ਇਕ ਯੋਧੇ ਦੀ ਤਰ੍ਹਾਂ ਲੜੀ ਹੈ। ਉਸ ਵਲੋਂ ਸ਼ੁਰੂ ਕੀਤੀ ਲੜਾਈ ਨੇ ਅਜਿਹੇ ਭੇਡੂਆਂ ਦੇ ਪੈਰ ਉਖੇੜ ਦਿਤੇ। ਹੁਣ ਉਨ੍ਹਾਂ ਦੇ ਚਾਪਲੂਸਾਂ ਨੇ ਸੋਸ਼ਲ ਮੀਡੀਆ ਰਾਹੀਂ ਵਿਨੇਸ਼ ਦੀ ਬਦਖੋਈ ਕਰਨ ਦੀ ਮੁਹਿੰਮ ਵਿੱਢ ਦਿਤੀ ਹੈ। ਨਫਰਤੀ ਰਾਖਸ਼ ਸੋਸ਼ਲ ਮੀਡੀਆ ਜ਼ਰੀਏ ਵਿਨੇਸ਼ ਦੀਆਂ ਹੁਣ ਤੱਕ ਦੀਆਂ ਓਲੰਪਿਕ, ਕਾਮਨਵੈਲਥ ਤੇ ਏਸ਼ਿਆਈ ਖੇਡਾਂ ਦੀਆਂ ਪ੍ਰਾਪਤੀਆਂ ਨੂੰ ਮਿੱਟੀ ‘ਚ ਮਿਲਾਉਣ ਲਗੇ ਹੋਏ ਨੇ।
ਵਿਨੇਸ਼ ਦੀ ਓਲੰਪਿਕ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਜਨ ਸਮੂਹ ਉਸ ਦੇ ਨਾਲ ਆ ਖੜ੍ਹਾ ਹੋਇਆ ਹੈ। ਇਨਸਾਫਪਸੰਦ ਲੋਕ ਉਸਦੀ ਡਟ ਕੇ ਮਦਦ ਕਰ ਰਹੇ ਹਨ। ਖਾਸ ਕਰਕੇ ਉੱਤਰੀ ਭਾਰਤ ਦੇ ਲੋਕ ਜਿਨ੍ਹਾਂ ਦਾ ਬੇਇਨਸਾਫ਼ੀ ਤੇ ਧੱਕੇ ਖ਼ਿਲਾਫ ਆਵਾਜ਼ ਬੁਲੰਦ ਕਰਨਾ ਧਰਮ-ਕਰਮ ਹੈ। ਵਿਨੇਸ਼ ਦੇ ਦੇਸ਼ ਪਰਤਣ ਤੋਂ ਬਾਅਦ ਜੋ ਪਹਿਲਾ ਬਿਆਨ ਦਿੱਤਾ ਹੈ ਉਹ ਲੜਾਈ ਜਾਰੀ ਰੱਖਣ ਬਾਰੇ ਹੈ। ਉਸਨੇ ਕਿਹਾ ਹੈ ਕਿ ਲੜਾਈ ਅਜੇ ਖਤਮ ਨਹੀਂ ਹੋਈ, ਇਹ ਜਾਰੀ ਰਹੇਗੀ। ਵਿਨੇਸ਼ ਹੁਣ ਸਿਰਫ ਇਕ ਪਹਿਲਵਾਨ ਹੀ ਨਹੀਂ ਹੈ। ਉਹ ਬੇਇਨਸਾਫ਼ੀ ਖ਼ਿਲਾਫ ਉੱਭਰੀ ਲੋਕ ਚੇਤਨਾ ਅਤੇ ਖੇਡ ਸੰਸਾਰ ਵਿਚ ਛੁਪੇ ਬੈਠੇ ਰਾਖਸ਼ਾਂ ਦੇ ਖ਼ਿਲਾਫ ਛਿੜੇ ਯੁੱਧ ਦੀ ਸੂਤਰਧਾਰ ਵੀ ਬਣ ਗਈ ਹੈ। ਹਮੇਸ਼ਾਂ ਗੰਭੀਰ ਮੁਦਰਾ ‘ਚ ਰਹਿਣ ਵਾਲੇ ਤੇ ਬੌਧਿਕ ਤੌਰ ‘ਤੇ ਗੰਭੀਰ ਟਿੱਪਣੀਆਂ ਕਰਨ ਵਾਲੇ ਓਲੰਪੀਅਨ ਅਭਿਨਵ ਬਿੰਦਰਾ ਨੇ ਠੀਕ ਕਿਹਾ ਹੈ, “ਕੁਝ ਜਿੱਤਾਂ ਸਿਰਫ ਅਲਮਾਰੀ ਜਾਂ ਕਹੋ ਕਪਬੋਰਡ ਦਾ ਸ਼ਿੰਗਾਰ ਬਣ ਕੇ ਹੀ ਰਹਿ ਜਾਂਦੀਆਂ ਹਨ। ਕੁਝ ਜਿੱਤਾਂ ਅਜਿਹੀਆਂ ਹੁੰਦੀਆਂ ਹਨ ਕਿ ਲੋਕ ਉਨ੍ਹਾਂ ਦੀ ਕਹਾਣੀ ਪੀੜ੍ਹੀ ਦਰ ਪੀੜ੍ਹੀ ਆਪਣੇ ਬੱਚਿਆਂ ਨੂੰ ਸੁਣਾਉਂਦੇ ਹਨ। ਵਿਨੇਸ਼ ਤੇਰੀ ਕਹਾਣੀ ਵੀ ਇਸ ਤਰ੍ਹਾਂ ਸੁਣਾਈ ਜਾਂਦੀ ਰਹੇਗੀ। ਸਾਨੂੰ ਪਤਾ ਹੈ ਕਿ ਤੂੰ ਕਿੰਨੀ ਦਮਦਾਰ ਖਿਡਾਰਨ ਹੈਂ।’’
ਜੇਕਰ ਇਕ ਪਾਸੇ ਨਫਰਤ ਦੇ ਵਪਾਰੀ ਵਿਨੇਸ਼ ਫੋਗਾਟ ਦੀ ਫੱਟੀ ਪੋਚਣ ਲੱਗੇ ਹੋਏ ਨੇ, ਦੂਜੇ ਪਾਸੇ ਨੀਰਜ ਚੋਪੜਾ ਅਤੇ ਅਰਸ਼ਦ ਨਦੀਮ ਅਤੇ ਉਨ੍ਹਾਂ ਦੀਆਂ ਪੈਗੰਬਰੀ ਮਾਵਾਂ ਨੇ ‘ਪ੍ਰੇਮ ਖੇਲਣ’ ਦਾ ਸੁਨੇਹਾ ਖ਼ਲਕਤ ਦੀ ਝੋਲੀ ਪਾਇਆ ਹੈ। ਇਹ ਸ਼ਾਇਦ ਓਲੰਪਿਕ ਖੇਡਾਂ ‘ਚ ਦੂਸਰੀ ਵਾਰ ਹੋਇਆ ਹੈ ਕਿ ਦੋ ਦੁਸ਼ਮਣ ਸਮਝੇ ਜਾਂਦੇ ਦੇਸ਼ਾਂ ਦੇ ਚੈਂਪੀਅਨ ਖਿਡਾਰੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੇ ਦੋਨਾਂ ਖਿਡਾਰੀਆਂ ਦੀ ਸੁਖ ਮੰਗੀ ਹੈ ਤੇ ਦੋਨਾਂ ਨੂੰ ਦੋਸਤੀ ਤੇ ਭਰਾ ਦਾ ਰਿਸ਼ਤਾ ਬਖ਼ਸ਼ਿਆ ਹੈ। ਅਰਸ਼ਦ ਨੇ ਗੋਲਡ ਮੈਡਲ ਜਿਤਿਆ ਤੇ ਨਵਾਂ ਓਲੰਪਿਕ ਰਿਕਾਰਡ ਕਾਇਮ ਕੀਤਾ। ਉਸਨੇ ਆਪਣੇ ਦੇਸ਼ ਦਾ ਖੇਡਾਂ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਪਰ ਉਸਦਾ ਰਿਕਾਰਡ ਰੱਖਣ ਤੋਂ ਬਾਅਦ ਵੀ ਵਰਤਾਰਾ ਏਨਾ ਸਹਿਜ ਤੇ ਸੂਖਮ ਸੀ ਕਿ ਨਾ ਤਾਂ ਉਸਨੇ ਖੁਸ਼ੀ `ਚ ਛਾਲਾਂ ਮਾਰੀਆਂ, ਨਾ ਹੀ ਉਸਨੇ ਸਟੇਡੀਅਮ ਦਾ ਭੱਜ ਕੇ ਚੱਕਰ ਲਾਇਆ, ਤੇ ਨਾ ਹੀ ਲਲਕਾਰੇ ਮਾਰੇ। ਹਲਕੇ ਜਿਹੇ ਉਸਨੇ ਬਾਹਾਂ ਉਲਾਰੀਆਂ ਤੇ ਥੋੜ੍ਹਾ ਜਿਹਾ ਮੁਸਕਾਰ ਕੇ ਆਪਣੇ ਆਪ ਨੂੰ ਥਾਪੀ ਦਿਤੀ। ਨੀਰਜ ਜੋ ਹਮੇਸ਼ਾ ਹੋਰ ਮੁਕਬਲਿਆਂ ‘ਚ ਨਦੀਮ ਨੂੰ ਪਛਾੜਦਾ ਰਿਹਾ ਸੀ, ਪੈਰਿਸ ਓਲੰਪਿਕ ਵਿਚ ਉਸ ਤੋਂ ਪਛੜ ਗਿਆ ਸੀ, ਪਰ ਨੀਰਜ ਨੇ ਬੜੇ ਸੱਭਿਅਕ ਢੰਗ ਨਾਲ ਨਦੀਮ ਨੂੰ ਜਿੱਤ ਦੀ ਵਧਾਈ ਦਿਤੀ ਤੇ ਉਸਦੀ ਥਰੋਅ ਪ੍ਰਸੰLਸਾ ਕੀਤੀ। ਆਪਣੇ ਦੂਜੇ ਨੰਬਰ ‘ਤੇ ਰਹਿਣ `ਤੇ ਤਸੱਲੀ ਪ੍ਰਗਟ ਕੀਤੀ ਤੇ ਕੋਈ ਬਹਾਨਾ ਨਹੀਂ ਘੜਿਆ। ਨਾ ਹੀ ਕੋਈ ਫਜ਼ੂਲ ਟਿੱਪਣੀ ਕੀਤੀ।
ਆਪਣੀ ਮਾਂ ਸਰੋਜ ਦੇਵੀ ਤੋਂ ਵਿਰਸੇ ‘ਚ ਪ੍ਰਾਪਤ ਕੀਤੇ ਹੋਏ ਸੰਸਕਾਰਾਂ ਦੀ ਲਾਜ ਰੱਖਦੇ ਹੋਏ ਉਸਨੇ ਅਰਸ਼ਦ ਨੂੰ ਉਸੇ ਤਰ੍ਹਾਂ ਵਧਾਈ ਦਿਤੀ ਜਿਵੇਂ ਇਕ ਜੇਤੂ ਖਿਡਾਰੀ ਨੂੰ ਦੂਸਰੇ ਚੈਂਪੀਅਨ ਖਿਡਾਰੀ ਨੂੰ ਦੇਣੀ ਚਾਹੀਦੀ ਹੈ। ਪਿਛਲੀ ਟੋਕੀਓ ਓਲੰਪਿਕ ਵਿਚ ਅਰਸ਼ਦ ਨੇ ਨੀਰਜ ਦੀ ਜੈਵਲਿਨ ਵਰਤ ਲਈ ਸੀ ਜਾਂ ਉਸਨੇ ਭੁਲੇਖੇ ਨਾਲ ਚੱਕ ਲਈ ਸੀ। ਨਫਰਤੀ ਟੋਲੇ ਨੇ ਸੋਸ਼ਲ ਮੀਡੀਏ ‘ਤੇ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ ਤੇ ਅਰਸ਼ਦ ਬਾਰੇ ਬਹੁਤ ਕੁਝ ਲਿਖ ਮਾਰਿਆ ਸੀ। ਨੀਰਜ ਚੋਪੜਾ ਨੇ ਉਸ ਸਮੇਂ ਵੀ ਆਪਣੀ ਬਹੁ ਪਾਰਟੀ ਸਿਆਣਪ ਨਾਲ ਇਸ ਵਿਵਾਦ `ਤੇ ਅਜਿਹਾ ਠੰਢਾ ਛਿੱਟਾ ਮਾਰਿਆ ਸੀ ਕਿ ਨਫਰਤੀ ਲਾਣਾ ਦੁੱਧ ਦੀ ਝੱਗ ਵਾਂਗ ਬਹਿ ਗਿਆ ਸੀ। ਅਸਲ ਵਿਚ ਓਲੰਪਿਕ ਨਾਲੋਂ ਵੱਡੇ ਮੈਡਲਾਂ ਦੀਆਂ ਹੱਕਦਾਰ ਤਾਂ ਨੀਰਜ ਦੀ ਮਾਤਾ ਸਰੋਜ ਤੇ ਅਰਸ਼ਦ ਦੀ ਮਾਤਾ ਰਜ਼ੀਆ ਪ੍ਰਵੇਜ਼ ਨੇ। ਇਨ੍ਹਾਂ ਮਾਵਾਂ ਨੇ ਅੰਤਰਰਾਸ਼ਟਰੀ ਖੇਡਾਂ ਵਿਚ ਹੁੰਦੀਆਂ ਜਿੱਤਾਂ ਤੇ ਹਾਰਾਂ ਨੂੰ ਵੇਖਣ ਤੇ ਮਾਨਣ ਦਾ ਨਜ਼ਰੀਆ ਹੀ ਬਦਲ ਦਿੱਤਾ ਹੈ। ਪਹਿਲ ਕਰਦੇ ਹੋਏ ਨੀਰਜ ਦੇ ਮਾਤਾ ਨੇ ਕਿਹਾ, ਜੇ ਅਰਸ਼ਦ ਜਿਤਿਆ ਹੈ ਤਾਂ ਉਹ ਵੀ ਮੇਰਾ ਪੁੱਤਰ ਹੀ ਹੈ। ਸਾਰਿਆਂ ਨੇ ਮਿਹਨਤ ਕੀਤੀ ਹੈ, ਮੈਡਲ ਜਿੱਤਣ ਵਾਲੇ ਸਾਰੇ ਹੀ ਮੇਰੇ ਪੁੱਤਰ ਨੇ। ਨੀਰਜ ਦਾ ਚਾਂਦੀ ਦਾ ਤਗਮਾ ਮੇਰੇ ਲਈ ਸੋਨੇ ਦਾ ਹੀ ਹੈ। ਮੈਂ ਪੂਰੀ ਖੁਸ਼ ਹਾਂ। ਅਰਸ਼ਦ ਦੀ ਮਾਂ ਦਾ ਕਹਿਣਾ ਸੀ ਮੈਂ ਦੁਆ ਕਰਦੀ ਹਾਂ ਕਿ ਨੀਰਜ ਅਗੇ ਤੋਂ ਹੋਰ ਅੱਛਾ ਕਰੇ, ਉਹ ਮੇਰੇ ਪੁੱਤਰ ਦਾ ਦੋਸਤ ਹੈ, ਭਾਈ ਹੈ। ਮੈਂ ਅੱਲਾ ਨੂੰ ਦੁਆ ਕਰਦੀ ਹਾਂ ਕਿ ਨੀਰਜ ਨੂੰ ਹੋਰ ਤਾਕਤ ਬਖਸ਼ੇ। ਦੋਨਾਂ ਮਾਵਾਂ ਨੇ ਸ਼ਾਂਤੀ ਨੂੰ ਪਰ ਲਾ ਦਿਤੇ ਤੇ ਨਫਰਤੀਆਂ ਨੁਕਰੇ।
ਅਰਸ਼ਦ ਤੇ ਨੀਰਜ ਦਾ ਜ਼ਿਕਰ ਜੈਸੀ ਓਵੇਨਜ ਤੇ ਲੁੱਜ ਵਿੰਗ ਲੌਂਗ ਦੀ ਸਦਾਬਹਾਰ ਕਹਾਣੀ ਤੋਂ ਬਿਨਾਂ ਅਧੂਰਾ ਲੱਗ ਰਿਹਾ ਹੈ। ਗੱਲ ਸਾਲ 1936 ਦੀ ਹੈ। ਜਰਮਨੀ ਦੇ ਸ਼ਹਿਰ ਬਰਲਿਨ ‘ਚ ਓਲੰਪਿਕ ਖੇਡਾਂ ਚਲ ਰਹੀਆਂ ਸਨ। ਜਰਮਨੀ ‘ਚ ਉਸ ਸਮੇਂ ਨਫਰਤ ਦੀ ਅੱਗ ਵਰ ਰਹੀ ਸੀ। ਕਲਜੁਗੀ ਹਿਟਲਰ ਨੂੰ ਜਰਮਨੀ ਦੀ ਸੱਤਾ ਸੰਭਾਲੇ ਹੋਏ ਕਰੀਬ ਤਿੰਨ ਸਾਲ ਹੋ ਗਏ ਸਨ। ਉਥੇ ਫੈਲਾਈ ਜਾ ਰਹੀ ਨਫਰਤ ਦਾ ਸੂਤਰਧਾਰ ਹਿਟਲਰ ਖੁਦ ਸੀ। ਯਹੂਦੀਆਂ ਦੇ ਖੂਨ ਦੇ ਪਿਆਸੇ, ਆਦਮ-ਬੋ, ਆਦਮ-ਬੋ ਕਰ ਰਹੇ ਹਿਟਲਰ ਦੀ ਜਰਮਨੀ ‘ਚ ਉਸ ਸਮੇਂ ਪੂਰੀ ਦਹਿਸ਼ਤ ਸੀ। ਜਰਮਨ ਨਫਰਤੀ ਅੰਮ੍ਰਿਤ ਦੇ ਪਿਆਲੇ ਪੀ-ਪੀ ਧੁਤ ਹੋਏ ਹਿਟਲਰ ਵਲੋਂ ਛੇੜੇ ਮਨੁੱਖਤਾ ਵਿਰੋਧੀ ਜਹਾਦ ਦੇ ਸਾਰਥੀ ਬਣ ਗਏ ਸੀ। ਉਨ੍ਹਾਂ ਦੇ ਦਿਲੋ-ਦਿਮਾਗ ‘ਚੋਂ ਮਨੁੱਖਤਾ, ਦਿਆਲਤਾ ਤੇ ਕਰੁਣਾ ਮਨਫ਼ੀ ਹੋ ਚੁਕੀ ਸੀ। ਹਿਟਲਰ ਨੇ ਇਕ ਨਵਾਂ ਸ਼ੋਸ਼ਾ ਛੱਡ ਕੇ ਜਰਮਨਾਂ ਦੀ ਸੁੱਧ-ਬੁੱਧ ਨੂੰ ਕਾਬੂ ਕਰ ਲਿਆ ਸੀ। ਸ਼ੋਸ਼ਾ ਸੀ ਕਿ ਜਰਮਨ ਆਰੀਅਨ ਹਨ ਤੇ ਦੁਨੀਆਂ ਦੇ ਸਭ ਤੋਂ ਸਰਵ ਸ੍ਰੇਸ਼ਟ ਤੇ ਉੱਤਮ ਨਸਲ ਹਨ। ਹਿਟਲਰ ਇਹ ਸਾਬਤ ਕਰਨ ਲਈ ਜਰਮਨਾਂ ਨੂੰ ਯੁੱਧ ਦੀ ਭੱਠੀ `ਚ ਝੋਕਣ ਲਈ ਤਿਆਰ ਕਰ ਰਿਹਾ ਸੀ। ਉਸਨੇ ਦੂਜਿਆਂ ਨੂੰ ਜਰਮਨਾਂ ਤੋਂ ਘਟੀਆ ਸਾਬਤ ਕਰਨ ਲਈ ਆਪਣੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਨਫਰਤ ਕੁੱਟ ਕੁੱਟ ਕੇ ਭਰ ਦਿਤੀ ਸੀ।
ਹਿਟਲਰ ਦੇ ਸਿਰ ਜਰਮਨਾਂ ਦੇ ਸਭ ਤੋਂ ਉੱਤਮ ਨਸਲ ਹੋਣ ਦਾ ਭੂਤ ਖੇਤ ਮਜ਼ਦੂਰ ਦੇ ਕਾਲੀ ਨਸਲ ਦੇ ਪੁੱਤਰ ਜੈਸੀ ਓਵੇਂਨਜ ਨੇ ਬਰਲਿਨ ਦੇ ਖੇਡ ਸਟੇਡੀਅਮ ‘ਚ ਉਤਾਰਿਆ ਸੀ। ਤੇ ਜੈਸੀ ਦੀ ਚੜ੍ਹਤ ਨੂੰ ਸਹਾਰਦਾ ਹੋਇਆ ਹਿਟਲਰ ਜੈਸੀ ਨੂੰ ਵਧਾਈ ਦਿਤੇ ਬਗੈਰ ਹੀ ਸਟੇਡੀਅਮ ‘ਚੋਂ ਉੱਠ ਕੇ ਚਲਾ ਗਿਆ ਸੀ। ਹਿਟਲਰ ਓਲੰਪਿਕ ‘ਚ ਸਿਰਫ ਮੈਡਲ ਜਿੱਤਣ ਵਾਲੇ ਜਰਮਨਾਂ ਨੂੰ ਹੀ ਵਧਾਈ ਦਿੰਦਾ ਸੀ, ਦੂਸਰਿਆਂ ਨੂੰ ਨਹੀਂ। ਇਸ ‘ਤੇ ਓਲੰਪਿਕ ਕਮੇਟੀ ਨੇ ਇਤਰਾਜ਼ ਜਤਾਇਆ ਤੇ ਹਿਟਲਰ ਨੂੰ ਕਿਹਾ, ਜਾਂ ਤਾਂ ਤੂੰ ਸਭ ਜੇਤੂਆਂ ਨੂੰ ਵਧਾਈ ਦੇ ਜਾਂ ਫਿਰ ਕਿਸੇ ਨੂੰ ਵੀ ਨਹੀਂ। ਪੱਖਪਾਤ ਨਹੀਂ ਚਲੇਗਾ।
ਇਸ ਇਤਹਾਸਕ ਕਿੱਸੇ ਦੇ ਕੁਝ ਅਜਿਹੇ ਦਿਲਚਸਪ ਪਹਿਲੂ ਨੇ ਜੋ ਤੁਹਾਡੇ ਨਾਲ ਸਾਂਝੇ ਕਰਨੇ ਬਣਦੇ ਨੇ। ਭਾਣਾ ਇਸ ਤਰ੍ਹਾਂ ਵਾਪਰਿਆ ਕਿ ਅਮਰੀਕਾ ਦੇ ਕਾਲੇ (ਅਫਰੀਕਨ-ਅਮਰੀਕਨ) ਜੈਸੀ ਓਵੇਨਜ ਤੇ ਜਰਮਨੀ ਦੇ ਲੰਬੀ ਛਾਲ ਦੇ ਪ੍ਰਸਿੱਧ ਅਥਲੀਟ ਲੁੱਜ ਵਿਗ ਲੌਂਗ ਦਾ ਮੁਕਾਬਲਾ ਚਲ ਰਿਹਾ ਸੀ। ਹਿਟਲਰ ਇਹ ਮੁਕਾਬਲਾ ਦੇਖ ਰਿਹਾ ਸੀ। ਹਿਟਲਰ ਯਹੂਦੀਆਂ ਜਿੰਨੀ ਹੀ ਕਾਲਿਆਂ ਨੂੰ ਨਫਰਤ ਕਰਦਾ ਸੀ। ਜਰਮਨਾਂ ਨੂੰ ਪੂਰਾ ਯਕੀਨ ਸੀ ਕਿ ਮੁਕਾਬਲਾ ਲੌਂਗ ਜਿੱਤ ਜਾਵੇਗਾ। ਜਿਵੇਂ ਨੀਰਜ ਚੋਪੜਾ ਦੇ ਗੋਲਡ ਮੈਡਲ ਜਿੱਤਣ ਦੀ ਆਸ ਹਰੇਕ ਭਾਰਤੀ ਨੂੰ ਸੀ, ਉਵੇਂ ਹੀ ਜਰਮਨਾਂ ਨੂੰ ਲੌਂਗ ਦੀ ਜਿੱਤ ਦਾ ਭਰੋਸਾ ਸੀ। ਜੈਸੀ ਤੇ ਲੌਂਗ ਲੱਗਭਗ ਬਰਾਬਰ ਚਲ ਰਹੇ ਸਨ। ਕੋਈ ਥੋੜ੍ਹਾ ਅੱਗੇ ਤੇ ਕੋਈ ਥੋੜ੍ਹਾ ਪਿੱਛੇ। ਜਰਮਨ ਖੁਸ਼ ਸੀ ਕਿ ਲੌਂਗ ਜੈਸੀ ਨੂੰ ਟੱਕਰ ਦੇ ਰਿਹਾ ਹੈ। ਪੰਜਵੀ ਛਾਲ ‘ਚ ਜੈਸੀ 7.94 ਮੀਟਰ ਛਾਲ ਲਾ ਕੇ ਲੌਂਗ ਤੋਂ ਅੱਗੇ ਹੋ ਗਿਆ। ਲੌਂਗ ਦਾ ਅਖ਼ਰੀਲੀ ਛਾਲ ‘ਚ ਫੌਲ ਹੋ ਗਿਆ। ਜੈਸੀ ਆਖਰੀ ਵਾਰੀ ‘ਚ 8 .06 ਮੀਟਰ ਛਾਲ ਲਾ ਕੇ ਹੋਰ ਅੱਗੇ ਹੋ ਗਿਆ ਤੇ ਉਸਦਾ ਗੋਲਡ ਮੈਡਲ ਪੱਕਾ ਹੋ ਗਿਆ। ਉਸਨੇ ਓਲੰਪਿਕ ਦਾ ਲੰਬੀ ਛਾਲ ਦਾ ਨਵਾਂ ਰਿਕਾਰਡ ਵੀ ਰੱਖ ਦਿੱਤਾ।
ਲੌਂਗ ਦੇ ਅੰਦਰ ਇਕ ਪਾਕ ਰੂਹ ਸੀ। ਦੂਜੇ ਸਥਾਨ ‘ਤੇ ਰਹਿਣ ਦੇ ਬਾਵਜੂਦ ਉਸ ਅੰਦਰ ਖਿਡਾਰੀ ਦਾ ਦਿਲ ਤੇ ਜਜ਼ਬਾ ਬਰਕਰਾਰ ਸੀ। ਉਸ ਤੋਂ ਰਿਹਾ ਨਾ ਗਿਆ। ਨਵਾਂ ਰਿਕਾਰਡ ਰੱਖਣ ਵਾਲਾ ਜੈਸੀ ਅਜੇ ਲੰਬੀ ਛਾਲ ਵਾਲੇ ਅਖਾੜੇ ‘ਚ ਹੀ ਸੀ ਕਿ ਲੌਂਗ ਨੇ ਉਸਨੂੰ ਅਖਾੜੇ ‘ਚ ਹੀ ਘੁੱਟ ਕੇ ਗਲਵੱਕੜੀ ‘ਚ ਲੈ ਲਿਆ ਤੇ ਦਿਲ ਖੋਲ੍ਹ ਕੇ ਵਧਾਈ ਦਿਤੀ। ਇਸ ਗਲਵੱਕੜੀ ਨੇ ਜੈਸੀ ਤੇ ਲੌਂਗ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੋਸਤੀ ਦਾ ਨੀਂਹ ਪੱਥਰ ਰੱਖ ਦਿੱਤਾ ਸੀ। ਕਰੀਬ ਇਕ ਲੱਖ ਲੋਕ ਉਸ ਸਮੇਂ ਸਟੇਡੀਅਮ `ਚ ਹਾਜ਼ਰ ਸਨ। ਜੈਸੀ ਤੇ ਲੌਂਗ ਬਗਲਗੀਰ ਹੋਇਆਂ ਨੂੰ ਦੇਖ ਰਹੇ ਸਨ। ਜਰਮਨੀ `ਚ ਕਿਸੇ ਕਾਲ਼ੇ ਦੇ ਇਸ ਤਰ੍ਹਾਂ ਗੱਲ ਲੱਗਣਾ ਵੱਡਾ ਗੁਨਾਹ ਸੀ। ਜਰਮਨਾਂ ਨੇ ਇਸ ਦਾ ਬਹੁਤ ਬੁਰਾ ਮਨਾਇਆ। ਹਿਟਲਰ ਉੱਠ ਕੇ ਚਲਾ ਗਿਆ। ਗੱਲ ਲਗੇ ਜੈਸੀ ਨੇ ਲੌਂਗ ਨੂੰ ਕਿਹਾ ਕਿ ਤੂੰ ਹੀ ਮੈਨੂੰ ਏਨੀ ਲੰਬੀ ਛਾਲ ਲਾਉਣ ਲਈ ਉਤਸ਼ਾਹਿਤ ਕੀਤਾ ਹੈ। ਹਾਲਾਂਕਿ ਜੈਸੀ ਪਹਿਲਾਂ 1935 ਵਿਚ ਮਿਸ਼ੀਗਨ ਯੂਨੀਵਰਸਿਟੀ ਵਿਚ ਹੋਏ ਮੁਕਬਲਿਆਂ `ਚ 8.13 ਮੀਟਰ ਛਾਲ ਲਾ ਕੇ ਨਵਾਂ ਵਰਲਡ ਰਿਕਾਰਡ ਕਾਇਮ ਕਰ ਚੁਕਾ ਸੀ। ਇਤਿਹਾਸ ਰਚਿਆ ਜਾ ਚੁਕਾ ਸੀ। ਜੈਸੀ ਦੀ ਬੱਲੇ-ਬੱਲੇ ਹੋ ਗਈ ਸੀ। ਉਸਨੇ ਬਰਲਿਨ ਖੇਡਾਂ ‘ਚ ਹਨੇਰੀ ਲਿਆ ਦਿਤੀ ਸੀ। ਇਸ ਓਲੰਪਿਕ ‘ਚ ਉਸਨੇ ਚਾਰ ਗੋਲਡ ਮੈਡਲ ਜਿੱਤੇ-ਲੰਬੀ ਛਾਲ ਵਿਚ,100 ਮੀਟਰ, 200 ਮੀਟਰ ਤੇ ਰੀਲੇਅ ਵਿਚ। ਉਸਦਾ ਇਹ ਟਰੈਕ ਐਂਡ ਫ਼ੀਲਡ ਵਿਚ ਚਾਰ ਗੋਲਡ ਮੈਡਲ ਜਿੱਤਣ ਦਾ ਰਿਕਾਰਡ 48 ਸਾਲ ਰਿਹਾ। 1984 `ਚ ਇਸ ਦੇ ਬਰਾਬਰੀ ਕਾਰਲ ਲਿਉਸ ਨੇ ਕੀਤੀ।
ਬਰਲਿਨ ਓਲੰਪਿਕ ਵਿਚ ਲੌਂਗ ਨੇ ਜੈਸੀ ਦੀ ਕੁਆਲੀਫਾਇੰਗ ਰਾਊਂਡ ‘ਚ ਵੀ ਮਦਦ ਕੀਤੀ ਸੀ, ਜਰਮਨਾਂ ਨੂੰ ਉਹ ਵੀ ਅੱਛਾ ਨਹੀਂ ਸੀ ਲੱਗਿਆ। ਜੈਸੀ ਤੋਂ ਰਨ-ਵੇ ਦੀ ਮੈਪਿੰਗ ਠੀਕ ਨਹੀਂ ਸੀ ਆ ਰਹੀ ਤੇ ਉਹ ਫੌਲ ਕਰ ਰਿਹਾ ਸੀ। ਲੌਂਗ ਨੇ ਉਸਨੂੰ ਸਲਾਹ ਦਿਤੀ ਕੇ ਉਹ ਜੰਪ ਕਰਨ ਵਾਲੀ ਫੱਟੀ ਤੋਂ ਥੋੜ੍ਹਾ ਪਹਿਲਾਂ ਆਪਣਾ ਤੌਲੀਆ ਨਿਸ਼ਾਨੀ ਵਜੋਂ ਰੱਖ ਲਵੇ। ਜੈਸੀ ਨੇ ਇੰਜ ਹੀ ਕੀਤਾ ਤੇ ਉਸ ਤੋਂ ਬਾਅਦ ਫੌਲ ਨਹੀਂ ਹੋਇਆ ਤੇ ਉਹ ਫਾਈਨਲ ਮੁਕਬਾਲੇ ਲਈ ਅਗਲੇ ਰਾਊਂਡ ‘ਚ ਪਹੁੰਚ ਗਿਆ।
ਪਰ ਨਫਰਤ ਨਾਲ ਉਪਰੋਂ-ਥਲੀ ਭਰੇ ਜਰਮਨ ਅਧਿਕਾਰੀਆਂ ਨੇ ਗਲਵਕੜੀ ਲਈ ਲੌਂਗ ਨੂੰ ਮਾਫ ਨਾ ਕੀਤਾ। ਲੌਂਗ ਦੀ ਮਾਂ ਨੇ ਆਪਣੀ ਡਾਇਰੀ ‘ਚ ਲਿਖਿਆ ਹੈ ਕਿ ਓਲੰਪਿਕ ਖੇਡਾਂ ਤੋਂ ਕੁਛ ਦਿਨ ਬਾਅਦ ਨਾਜ਼ੀ ਪਾਰਟੀ ਦੇ ਉਪ ਪ੍ਰਧਾਨ ਰੋਡੋਲਫ ਹੈੱਸ ਦਾ ਚਿਤਾਵਨੀਨੁਮਾ ਫੁਰਮਾਨ ਆਇਆ ਕਿ ਲੌਂਗ ਅੱਗੇ ਤੋਂ ਕਾਲੀ ਨਸਲ ਦੇ ਬੰਦੇ ਨੂੰ ਗਲਵਕੜੀ ਪਾਉਣ ਦੀ ਜੁਰਅਤ ਨਾ ਕਰੇ। ਲੌਂਗ ਨੂੰ ਨਸਲੀ ਚੇਤਨਾ ਨਹੀਂ ਹੈ। ਨਾਜ਼ੀ ਪਾਰਟੀ ਦਾ ਉਸ ਸਮੇਂ ਆਪਣੀ ਨਫਰਤੀ ਵਿਚਾਰਧਾਰਾ ਦਾ ਪ੍ਰਾਪੇਗੰਡਾ ਪੂਰੇ ਜ਼ੋਰਾਂ ‘ਤੇ ਸੀ। ਨਾਜ਼ੀ ਪਾਰਟੀ ਦੇ ਮੁਖੀਆਂ ਨੂੰ ਲੱਗਿਆ ਕਿ ਖੇਡ ਮੈਦਾਨ `ਚ ਜੈਸੀ ਤੇ ਲੌਂਗ ਦੀ ਪਈ ਗਲਵਕੜੀ ਕਿਤੇ ਉਨ੍ਹਾਂ ਦੇ ਪ੍ਰਾਪੇਗੰਡੇ ਦੀ ਫੂਕ ਨਾ ਕੱਢ ਦੇਵੇ। ਜਿਵੇਂ ਨੀਰਜ ਤੇ ਅਰਸ਼ਦ ਦੀ ਦੋਸਤੀ ਨੇ ਤੇ ਉਨ੍ਹਾਂ ਦੀਆਂ ਪੈਗੰਬਰੀ ਮਾਵਾਂ ਨੇ ਨਫਰਤੀ ਜੂਲੇ ਨੂੰ ਪਰ੍ਹਾਂ ਸੁੱਟਦੇ ਹੋਏ ਮਨੁੱਖੀ ਕਦਰਾਂ ਕੀਮਤਾਂ ਨੂੰ ਕਲਾਵੇ ‘ਚ ਲਿਆ ਉਸੇ ਤਰ੍ਹਾਂ ਜੈਸੀ ਓਵੇਨ ਤੇ ਲੌਂਗ ਦੀ ਦੋਸਤੀ ਅੱਜ ਤਕ ਓਲੰਪਿਕ ਖੇਡਾਂ ਦੀ ਸੱਭ ਤੋਂ ਖੁਸ਼ੀ ਭਰੀ ਕਹਾਣੀ ਹੈ। ਦੋਸਤੀ ‘ਚ ਚਮੜੀ ਦੇ ਰੰਗ, ਨਸਲ, ਜਾਤ ਤੇ ਦੇਸ਼ਾਂ ਦਾ ਕੋਈ ਮਾਇਨਾ ਨਹੀਂ ਹੈ। ਲੌਂਗ ਤੇ ਜੈਸੀ ਦੇ ਪੋਤ-ਪੋਤੀਆਂ ਨੂੰ ਆਪਣੇ ਦਾਦਿਆਂ ਦੀ ਦੋਸਤੀ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ।
ਪਰ ਇਥੇ ਇਹ ਵੀ ਦਸਣਾ ਬਣਦਾ ਹੈ ਕਿ ਜਿੰਨੀ ਨਫਰਤ ਹਿਟਲਰ ਕਾਲਿਆਂ ਨੂੰ ਕਰਦਾ ਸੀ, ਉਸਤੋਂ ਜ਼ਿਆਦਾ ਨਫਰਤ ਗੋਰੇ ਅਮਰੀਕੀ ਆਪਣੇ ਦੇਸ਼ ਦੇ ਕਾਲਿਆਂ ਨੂੰ ਕਰਦੇ ਸੀ। ਜਦੋਂ ਜੈਸੀ ਚਾਰ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਵਾਪਸ ਆਉਣ ਲੱਗਾ ਤਾਂ ਉਸਨੂੰ ਅਮਰੀਕੀ ਅਥਲੈਟਿਕ ਯੂਨੀਅਨ ਨੇ ਸਵੀਡਨ ‘ਚ ਇਕ ਖੇਡ ਮੇਲੇ ‘ਚ ਭਾਗ ਲੈਣ ਦਾ ਹੁਕਮ ਸੁਣਾ ਦਿੱਤਾ। ਜੈਸੀ ਆਪਣੇ ਦੇਸ਼ ਆਉਣ ਲਈ ਕਾਹਲਾ ਸੀ। ਉਹ ਮੈਡਲ ਜਿੱਤਣ ‘ਤੇ ਨਵੀਂ ਮਿਲੀ ਪ੍ਰਸਿੱਧੀ ਨੂੰ ਆਪਣੇ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਉਸਨੇ ਸਵੀਡਨ ਜਾਣ ਤੋਂ ਨਾਂਹ ਕਰ ਦਿਤੀ। ਪੰਗਾ ਪੈ ਗਿਆ। ਜੈਸੀ ਉੱਪਰ ਅਮਰੀਕੀ ਅਥਲੈਟਿਕ ਯੂਨੀਅਨ ਨੇ ਖੇਡਾਂ ‘ਚ ਭਾਗ ਲੈਣ ‘ਤੇ ਪਾਬੰਦੀ ਲਾ ਦਿਤੀ। ਬਾਈ ਸਾਲਾਂ ਦੀ ਉਮਰ ‘ਚ ਉਸਦੇ ਖੇਡ ਕੈਰੀਅਰ ਦਾ ਭੋਗ ਪੈ ਗਿਆ।
ਪਰ ਉਸਦੇ ਲੋਕਾਂ ਨੇ ਜੈਸੀ ਦਾ ਦੇਸ਼ ਪਰਤਣ ‘ਤੇ ਭਰਵਾਂ ਸਵਾਗਤ ਕੀਤਾ, ਜਿਵੇਂ ਹੁਣੇ ਹੀ ਵਿਨੇਸ਼ ਫੋਗਾਟ ਦਾ ਹੋਇਆ ਹੈ। ਪਰ ਜੈਸੀ ਦਾ ਦੇਸ਼ ਪਰਤਣ ‘ਤੇ ਸਵਾਗਤ ਦਾ ਭਾਂਡਾ ਅਗਲੇ ਕੁੱਛ ਦਿਨਾਂ ‘ਚ ਹੀ ਫੁੱਟ ਗਿਆ। ਉਸਦੇ ਸਵਾਗਤ ਵਿਚ ਇਕ ਨਿਊਯਾਰਕ ਦੇ ਵੱਡੇ ਹੋਟਲ ‘ਚ ਪਾਰਟੀ ਰੱਖੀ ਗਈ। ਉਥੇ ਜੋ ਵਾਪਰਿਆ ਉਹ ਹਿਟਲਰੀ ਵਰਤਾਰੇ ਨਾਲੋਂ ਵੀ ਜ਼ਿਆਦਾ ਕਰੂਰ ਤੇ ਦੁਖਦਾਈ ਸੀ। ਹੋਟਲ ਦੇ ਅਗਲੇ ਦਰਵਾਜ਼ੇ ‘ਤੇ ਖੜ੍ਹੇ ਚੋਬਦਾਰ ਨੇ ਜੈਸੀ ਨੂੰ ਅਗਲੇ ਦਰਵਾਜ਼ੇ ਰਾਹੀਂ ਜਾਣ ਤੋਂ ਰੋਕ ਦਿੱਤਾ। ਇਸ ਦੀ ਬਜਾਇ ਉਸਨੂੰ ਪਿਛਲੇ ਦਰਵਾਜ਼ੇ ਰਾਹੀਂ ਜਾਣ ਲਈ ਕਹਿ ਦਿੱਤਾ ਜੋ ਕਿ ਸਿਰਫ ਕਾਲੇ ਲੋਕਾਂ ਲਈ ਬਣਾਇਆ ਗਿਆ ਸੀ।
ਇਹ ਨਮੋਸ਼ੀ ਜੈਸੀ ਅੰਦਰੇ-ਅੰਦਰੇ ਪੀ ਗਿਆ। ਇਸਤੋਂ ਅਗਲੇ ਦਿਨਾਂ ‘ਚ ਉਸ ਨਾਲ ਹੋਰ ਵੀ ਮਾੜੀ ਹੋਈ। ਅਮਰੀਕਾ ਦੇ ਉਸ ਸਮੇਂ ਦੇ ਪ੍ਰੈਜ਼ੀਡੈਂਟ ਰੂਜਵੇਲਟ ਨੇ ਸਾਰੇ ਓਲੰਪਿਕ `ਚ ਗੋਲਡ ਮੈਡਲ ਜਿੱਤਣ ਵਾਲੇ ਗੋਰਿਆਂ ਨੂੰ ਵ੍ਹਾਈਟ ਹਾਊਸ ਬੁਲਾ ਕੇ ਕੇ ਵਧਾਈ ਦਿਤੀ, ਚਾਹ ਪਿਲਾਈ ਪਰ ਜੈਸੀ ਨੂੰ ਨਹੀਂ ਬੁਲਾਇਆ। ਜੈਸੀ ਨੂੰ ਪ੍ਰੈਜ਼ੀਡੈਂਟ ਨੇ ਵਧਾਈ ਦੀ ਤਾਰ ਵੀ ਨਾ ਭੇਜੀ। ਜੈਸੀ ਇਹ ਸਭ ਕੁਝ ਸਹਿੰਦਾ ਰਿਹਾ। ਉਸਨੂੰ ਬੱਸ ਵਿਚ ਅਗਲੀ ਸੀਟ ‘ਤੇ ਬੈਠਣ ਨਹੀਂ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਅਮਰੀਕਾ ਵਿਚ ਸਭ ਕਾਲੇ ਲੋਕਾਂ ਨਾਲ ਹੁੰਦਾ ਸੀ। ਉਹ ਸਿਰਫ ਪਿਛਲੀ ਤਾਕੀ ਰਾਹੀਂ ਬਸ ਚੜ੍ਹ ਸਕਦੇ ਸੀ। ਜਦੋਂ ਉਹ ਓਹਾਇਓ ਸਟੇਟ ਯੂਨੀਵਰਸਿਟੀ ‘ਚ ਸੀ ਤੇ ਅਥਲੈਟਿਕ ਵਿਚ ਵੱਡੀਆਂ ਪ੍ਰਾਪਤੀਆਂ ਕਰ ਚੁਕਾ ਸੀ, ਕਈ ਵਰਲਡ ਰਿਕਾਰਡ ਤੋੜ ਚੁਕਾ ਸੀ। ਤਦ ਵੀ ਉਸਨੂੰ ਯੂਨੀਵਰਸਿਟੀ ਅੰਦਰ ਰਹਿਣ ਦੀ ਇਜਾਜ਼ਤ ਨਹੀਂ ਸੀ। ਉਹ ਆਪਣੇ ਦੂਜੇ ਗੋਰੇ ਖਿਡਾਰੀ ਸਾਥੀਆਂ ਨਾਲ ਬੈਠ ਕੇ ਖਾਣਾ ਨਹੀਂ ਖਾ ਸਕਦਾ ਸੀ। ਉਸਨੂੰ ਕਾਲਿਆਂ ਲਈ ਬਣੇ ਵੱਖਰੇ ਕੈਬਿਨ ‘ਚ ਜਾ ਕੇ ਭੋਜਨ ਕਰਨਾ ਪੈਂਦਾ ਸੀ।
ਬਾਈ ਸਾਲ ਦੀ ਉਮਰ ‘ਚ ਓਲੰਪਿਕ ਵਿਚ ਉਸਨੂੰ ਚਾਰ ਮੈਡਲ ਜਿੱਤਣ ਤੇ ਨਵੇਂ ਰਿਕਾਰਡ ਰੱਖਣ ਦੇ ਬਾਵਜੂਦ ਵੀ ਕੋਈ ਚੱਜ ਦੀ ਨੌਕਰੀ ਅਮਰੀਕਾ ‘ਚ ਨਾ ਮਿਲੀ। ਉਹ ਅਖੀਰ ਤਕ ਰੁਲਦਾ ਰਿਹਾ। ਕਈ ਵਾਰ ਉਸਨੂੰ ਪੈਸੇ ਕਮਾਉਣ ਲਈ ਘੋੜਿਆਂ ਤੇ ਕਾਰਾਂ ਨਾਲ ਭੱਜਣਾ ਪਿਆ। ਲੌਂਗ ਨੂੰ ਦੂਜੇ ਸੰਸਾਰ ਯੁੱਧ ਸਮੇਂ ਫੌਜ ‘ਚ ਭਰਤੀ ਹੋਣਾ ਪਿਆ। ਉਸਦੀ ਸੰਸਾਰ ਯੁੱਧ ਵਿਚ ਸਿਸਲੀ ਵਿਚ ਲੜਦੇ ਹੋਏ ਦੀ ਮੌਤ ਹੋ ਗਈ ਪਰ ਇਸ ਦਾ ਪਤਾ ਪਰਿਵਾਰ ਨੂੰ ਸੱਤ ਸਾਲ ਬਾਅਦ ਲੱਗਿਆ। ਪਹਿਲਾਂ ਉਸਨੂੰ ਯੁੱਧ ਦੌਰਾਨ ਗੁੰਮ ਹੋਇਆ ਜਵਾਨ ਕਰਾਰ ਦੇ ਦਿੱਤਾ ਗਿਆ ਸੀ। ਜੈਸੀ ਓਵੇਨ ਫੇਫੜੇ ਦੇ ਕੈਂਸਰ ਕਰਕੇ 31 ਮਾਰਚ 1980 ਨੂੰ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। ਪਰ ਜੈਸੀ ਤੇ ਲੌਂਗ ਦੇ ਪਰਿਵਾਰ ਅੱਜ ਵੀ ਵਰਤਦੇ ਹਨ। ਉਨ੍ਹਾਂ ਦੇ ਪਰਿਵਾਰ ਦੇ ਜੀਅ (ਪੋਤੇ-ਪੋਤਰਿਆਂ) ਜੈਸੀ ਤੇ ਲੌਂਗ ‘ਤੇ ਬਣੀ ਫਿਲਮ `ਚ ਇਕੱਠੇ ਕੰਮ ਵੀ ਕਰ ਚੁਕੇ ਨੇ।
ਤੋੜਾ: ਪੈਰਿਸ ਓਲੰਪਿਕ ਖੇਡਾਂ ਵਿਚ ਵੀ ਵਿਚਾਰਧਾਰਾਵਾਂ ਦੀ ਲੜਾਈ ਪ੍ਰਤੱਖ ਦਿਸੀ। ਸਾਮਰਾਜਵਾਦ ਅਖੀਰਲੇ ਦਿਨ ਸਮਾਜਵਾਦ ‘ਤੇ ਭਾਰੂ ਪੈ ਗਿਆ। ਸਮਾਜਵਾਦੀ ਚੀਨ ਆਖਰੀ ਦਿਨ ਤਕ ਸਾਮਰਾਜੀ ਅਮਰੀਕਾ ਤੋਂ ਅੱਗੇ ਸੀ। ਪਰ ਆਖਰੀ ਦਿਨ ਅਮਰੀਕਾ ਦੀ ਟੀਮ ਨੇ ਬਾਸਕਟਬਾਲ ਦੇ ਫਾਈਨਲ ਮੈਚ ਵਿਚ ਇਕ ਬਾਸਕੇਟ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਚੀਨ ਦੀ 40ਵਾਂ ਗੋਲਡ ਮੈਡਲ ਜਿੱਤ ਕੇ ਬਰਾਬਰੀ ਕਰ ਲਈ। ਪਰ ਕਿਉਂਕਿ ਅਮਰੀਕਾ ਨੇ ਚਾਂਦੀ ਦੇ ਤਗਮੇ ਚੀਨ ਨਾਲੋਂ ਜ਼ਿਆਦਾ ਜਿੱਤੇ ਸਨ, ਇਸ ਕਰਕੇ ਅਮਰੀਕਾ ਮੈਡਲ ਜਿੱਤਣ ਦੀ ਦੌੜ ‘ਚ ਆਖਰੀ ਦਿਨ ਚੀਨ ਨੂੰ ਮਾਤ ਦੇ ਗਿਆ।