ਪੰਜਾਬੀ ਫਿਲਮ ‘ਬਾਗੀ ਦੀ ਧੀ’ ਦੀ ਬੱਲੇ-ਬੱਲੇ

ਕੁਦਰਤ ਕੌਰ
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ 70ਵੇਂ ਕੌਮੀ ਫਿਲਮ ਇਨਾਮਾਂ (2024) ਦਾ ਐਲਾਨ ਕਰ ਦਿੱਤਾ ਹੈ। ਇਹ ਇਨਾਮ 2022 ਵਿਚ ਰਿਲੀਜ਼ ਹੋਈਆਂ ਫਿਲਮਾਂ ਲਈ ਦਿੱਤੇ ਗਏ ਹਨ ਜਿਨ੍ਹਾਂ ਵਿਚ ਦੱਖਣੀ ਭਾਰਤ ਦੀਆਂ ਫਿਲਮਾਂ ਦੀ ਸਰਦਾਰੀ ਰਹੀ। ਇਸ ਵਾਰ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਤੇ ਉਨ੍ਹਾਂ ਦੇ ਅਦਾਕਾਰਾਂ ਨੇ ਜ਼ਿਆਦਾਤਰ ਇਨਾਮ ਜਿੱਤੇ। ਕੌਮੀ ਫਿਲਮ ਇਨਾਮਾਂ ਵਿਚ ਸਰਵੋਤਮ

ਪੰਜਾਬੀ ਫਿਲਮ ਦਾ ਖਿਤਾਬ ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਪੰਜਾਬੀ ਫਿਲਮ ‘ਬਾਗ਼ੀ ਦੀ ਧੀ` ਨੇ ਹਾਸਲ ਕੀਤਾ ਹੈ। ਇਹ ਫਿਲਮ ਉਘੇ ਲੇਖਕ ਗੁਰਮੁਖ ਸਿੰਘ ਮੁਸਾਫਿਰ ਦੀ ਪ੍ਰਸਿੱਧ ਕਹਾਣੀ ਬਾਗੀ ਦੀ ਧੀ ‘ਤੇ ਆਧਾਰਿਤ ਹੈ।
ਦੱਸਣਾ ਬਣਦਾ ਹੈ ਕਿ ਮੁਕੇਸ਼ ਗੌਤਮ ਮਸ਼ਹੂਰ ਫਿਲਮ ਅਦਾਕਾਰਾ ਯਾਮੀ ਗੌਤਮ ਦਾ ਪਿਤਾ ਹੈ। ਇਹ ਫਿਲਮ 2022 ਵਿਚ ਰਿਲੀਜ਼ ਹੋਈ ਸੀ ਜੋ ਆਜ਼ਾਦੀ ਹਾਸਲ ਕਰਨ ਲਈ ਲੜੇ ਸੰਘਰਸ਼ `ਤੇ ਆਧਾਰਿਤ ਹੈ। ਇਸ ਫਿਲਮ ਵਿਚ ਕੁਲਜਿੰਦਰ ਸਿੰਘ ਸਿੱਧੂ, ਗੁਰਪ੍ਰੀਤ ਭੰਗੂ, ਦਿਲਨੂਰ ਕੌਰ, ਦਿਲਰਾਜ ਉਦੈ ਅਤੇ ਹੋਰ ਪ੍ਰਤਿਭਾਸ਼ਾਲੀ ਅਦਾਕਾਰ ਹਨ। ਇਸ ਵਾਰ ਰਿਸ਼ਭ ਸ਼ੈੱਟੀ ਨੂੰ ਕੰਨੜ ਫਿਲਮ ‘ਕੰਟਾਰਾ` ਵਿਚ ਬਿਹਤਰੀਨ ਅਦਾਕਾਰੀ ਲਈ ਸਰਵੋਤਮ ਅਦਾਕਾਰ ਅਤੇ ਫਿਲਮ ਨਿਰਮਾਤਾ ਸੂਰਜ ਬੜਜਾਤੀਆ ਨੂੰ ਫਿਲਮ ‘ਊਂਚਾਈ` ਲਈ ਸਰਵੋਤਮ ਨਿਰਦੇਸ਼ਕ ਐਲਾਨਿਆ ਗਿਆ ਹੈ। ਸਰਵੋਤਮ ਅਦਾਕਾਰਾ ਦਾ ਇਨਾਮ ‘ਤਿਰੁਚਿਤਰੰਬਲਮ` ਤੇ ‘ਕੱਛ ਐਕਸਪ੍ਰੈਸ` ਵਿਚ ਕ੍ਰਮਵਾਰ ਨਿਤਿਆ ਮੈਨਨ ਤੇ ਮਾਨਸੀ ਪਾਰਿਖ ਨੂੰ ਮਿਲਿਆ ਹੈ। ਮਨੋਜ ਬਾਜਪਾਈ ਨੇ ‘ਗੁਲਮੋਹਰ` ਲਈ ਵਿਸ਼ੇਸ਼ ਇਨਾਮ ਜਿੱਤਿਆ ਹੈ।