ਸੁਤੰਤਰਤਾ ਪ੍ਰਾਪਤੀ ਤੇ ਵੰਡਪਾਊ ਰੁਝਾਨ

ਦੇਸ਼ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਠੀਕ ਹੀ ਸਮਾਜਕ ਵਰਤਾਰੇ ਵਿਚ ਵੰਡਪਾਊ ਰੁਝਾਨਾਂ ਦੇ ਨਕਾਰੇ ਜਾਣ ਨੂੰ ਪਹਿਲ ਦਿੱਤੀ ਹੈ| ਮੇਰੀ ਉਮਰ ਦੇ ਲੋਕ ਜਾਣਦੇ ਹਨ ਕਿ ਅਖੰਡ ਹਿੰਦੁਸਤਾਨ ਵਿਚੋਂ ਪਾਕਿਸਤਾਨ ਸਿਰਜੇ ਜਾਣ `ਤੇ ਸੀਮਾ ਦੇ ਦੋਨੋਂ ਪਾਸੇ ਵਸ ਰਹੇ ਲੋਕਾਂ ਦਾ ਕਿੰਨਾ ਨਾਸ ਹੋਇਆ ਸੀ|

ਕੋਈ ਢਾਈ ਲੱਖ ਲੋਕ ਮਾਰੇ ਗਏ ਸਨ ਤੇ ਇੱਕ ਕਰੋੜ ਪੰਜ ਲੱਖ ਬੇਘਰੇ ਹੋ ਗਏ ਸਨ| ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਸਾਡਾ ਦੇਸ਼ ਅਨੇਕਤਾ ਵਿਚ ਏਕਤਾ ਨੂੰ ਪਰਨਾਏ ਹੋਣ ਕਾਰਨ ਪਾਕਿਸਤਾਨ ਨਾਲੋਂ ਇਕਮੁਠ ਵੀ ਰਿਹਾ ਤੇ ਖੁਸ਼ਹਾਲ ਵੀ| ਏਧਰੋਂ ਓਧਰ ਜਾਣ ਵਾਲੇ ਯਾਤਰੀ ਜਾਣਦੇ ਹਨ ਕਿ ਉਨ੍ਹਾਂ ਦੀਆਂ ਪੱਕੀਆਂ ਸੜਕਾਂ ਸੌੜੀਆਂ ਹੀ ਨਹੀਂ ਭੋਡੀਆਂ ਵੀ ਹਨ| ਹਰ ਪਾਸੇ ਰੁੱਖ-ਹੀਣ| ਚੋਣਵੇਂ ਅਮੀਰ ਘਰਾਂ ਨੂੰ ਛੱਡ ਕੇ ਆਮ ਲੋਕਾਂ ਦੇ ਘਰ ਹਾਲੀ ਵੀ ਮਿੱਟੀ ਗਾਰੇ ਦੇ ਬਣੇ ਹੋਏ ਹਨ| ਤੇ ਜਿਨ੍ਹਾਂ ਘਰਾਂ ਦੀਆਂ ਕੰਧਾਂ ਪੱਕੀ ਇੱਟ ਵਾਲੀਆਂ ਹਨ ਉਨ੍ਹਾਂ ਉੱਤੇ ਸੀਮਿੰਟ ਦੀ ਟੀਪ ਨਹੀਂ ਕੀਤੀ ਹੋਈ| ਖਾਲਿਸਤਾਨ ਜਾਂ ਹਿੰਦੂਤਵ ਦੀ ਭਾਵਨਾ ਵਾਲੇ ਲੀਡਰਾਂ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ| ਕੱਟੜਪੰਥੀਆਂ ਨੂੰ ਖਾਸ ਕਰਕੇ|
ਅੱਜ ਤਾਂ ਬੰਗਲਾਦੇਸ਼ ਦੀ ਉੱਥਲ*ਪੁੱਥਲ ਵੀ ਸਿੱਖਿਆ ਦਾ ਕੇਂਦਰ ਬਣੀ ਹੋਈ ਹੈ| ਜਨਵਰੀ 2009 ਵਿਚ ਸ਼ੇਖ ਹਸੀਨਾ ਵੱਲੋਂ ਸੱਤਾ ਦੀ ਕਮਾਂਡ ਸੰਭਾਲਣ ਪਿੱਛੋਂ ਭਾਰਤ ਦੇ ਉੱਤਰ ਪੂਰਬੀ ਖਿੱਤੇ ਅੰਦਰ ਅਤਿਵਾਦੀ ਰੁਝਾਨਾਂ ਨਾਲ ਮਿਲਣ ਲਈ ਉਸਨੇ ਪੂਰਾ ਸਹਿਯੋਗ ਦਿੱਤਾ ਸੀ ਤੇ ਆਪਣੇ ਦੇਸ਼ ਵਿਚ ਵੀ ਕੱਟੜਪੰਥੀਆਂ ਵਿਰੁੱਧ ਫੈਸਲਾਕੁਨ ਕਾਰਵਾਈ ਕੀਤੀ ਸੀ| ਬੰਗਲਾਦੇਸ਼ ਲਈ ਇਹ ਖੁਸ਼ਹਾਲੀ ਦਾ ਸਮਾਂ ਸੀ| ਪਰ ਜਦੋਂ ਅਸਹਿਮਤੀ ਦੀਆਂ ਆਵਾਜ਼ਾਂ ਚੁੱਪ ਕਰਾਉਣ ਲਈ ਰਾਜਸੀ ਸੰਸਥਾਵਾਂ ਦੀ ਵਰਤੋਂ ਕੀਤੀ ਗਈ ਤਾਂ ਰੋਜ਼ਮੱਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਹੀ ਨਹੀਂ ਵਧੀਆਂ ਅਪਰਾਧੀ ਗਰੋਹਾਂ ਨੇ ਵੀ ਫਣ ਚੁੱਕ ਲਏ| ਏਥੋਂ ਤੱਕ ਕਿ ਹਰਮਨ-ਪਿਆਰੀ ਅਵਾਮੀ ਲੀਗ ਦਾ ਵੀ ਲੋਕਾਂ ਨਾਲੋਂ ਰਾਬਤਾ ਟੁੱਟ ਗਿਆ| ਦੇਸ਼ ਦੀਆਂ ਵਰਤਮਾਨ ਖੂਨੀ ਝੜਪਾਂ ਦੇਸ਼ ਦੇ ਖਾਨਾਜੰਗੀ ਇਤਿਹਾਸ ਦੀਆਂ ਬਦਤਰੀਨ ਘਟਨਾਵਾਂ ਵਜੋਂ ਦਰਜ ਹੋਈਆਂ ਹਨ| ਰਾਜਨੀਤੀ ਉੱਤੇ ਫ਼ੌਜ ਦਾ ਹਾਵੀ ਹੋਣਾ ਹੋਰ ਵੀ ਚਿੰਤਾਜਨਕ ਹੈ| ਫ਼ੌਜ ਵਲੋਂ ਪਿਛਲੀ ਸੀਟ ਉੱਤੇ ਬੈਠ ਕੇ ਸਰਕਾਰ ਚਲਾਉਣਾ ਕਦੀ ਵੀ ਕਾਰਗਰ ਨਹੀਂ ਹੁੰਦਾ|
ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਸਾਰੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਇਕ ਪਰਿਵਾਰ ਵਾਂਗ ਮਨਾਉਣ ਦਾ ਸੱਦਾ ਸਿਰਮੱਥੇ, ਪਰ ਇਹਦੇ ਲਈ ਰਾਖਵਾਂਕਰਨ ਵਰਗੇ ਐਕਟ ਹੀ ਕਾਫ਼ੀ ਨਹੀਂ ਸਮਾਜ ਦੇ ਸਮੁੱਚੇ ਵਰਗਾਂ ਦਾ ਵਿਕਾਸ ਕਰਨ ਦੀ ਲੋੜ ਹੈ|
ਆਨੰਦਪੁਰ ਸਾਹਿਬ ਦਾ ਸਾਵਣ ਕਵੀ ਦਰਬਾਰ
10 ਅਗਸਤ ਨੂੰ ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼, ਸ੍ਰੀ ਆਨੰਦਪੁਰ ਸਾਹਿਬ ਵੱਲੋਂ ਕਰਵਾਏ ਸਾਵਣ ਕਵੀ ਦਰਬਾਰ ਨੇ ਮੈਨੂੰ ਬੁੱਧ ਸਿੰਘ ਢਾਹਾਂ ਕਲੇਰਾਂ ਵਲੋਂ ਆਪਣੇ ਪਿੰਡ ਵਿਚ ਸਥਾਪਤ ਕੀਤਾ ਚੈਰੀਟੇਬਲ ਹਸਪਤਾਲ ਚੇਤੇ ਕਰਵਾ ਦਿੱਤਾ, ਜਿੱਥੇ 1986 ਵਿਚ ਮੇਰੀ ਜੀਵਨ ਸਾਥਣ ਡਾ. ਸੁਰਜੀਤ ਕੌਰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਤੋਂ ਸੇਵਾ ਮੁਕਤ ਹੋਣ ਉਪਰੰਤ ਕੰਮ ਕਰਦੀ ਰਹੀ ਹੈ| ਏਸ ਲਈ ਵੀ ਕਿ ਬੁੱਧ ਸਿੰਘ ਨੇ ਗੜ੍ਹਸ਼ੰਕਰ-ਆਨੰਦਪੁਰ ਸਾਹਿਬ ਮਾਰਗ ਉੱਤੇ ਪਿੰਡ ਕੁਕੜ ਮਜ਼ਾਰਾ ਵਿਖੇ ਇਕ ਹੋਰ ਚੈਰੀਟੇਬਲ ਹਸਪਤਾਲ ਸਥਾਪਤ ਕੀਤਾ ਜਿਥੇ ਸੰਨੀ ਓਬਰਾਏ ਇੰਸਟੀਚਿਊਟ ਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਸੁਰਿੰਦਰਪਾਲ ਸਿੰਘ ਓਬਰਾਇ ਨੇ 2016 ਵਿਚ ਅੱਖਾਂ ਦੇ ਰੋਗੀਆਂ ਲਈ ਆਈ ਸੈਂਟਰ ਤੇ ਗੁਰਦਾ ਪੀੜਤਾਂ ਲਈ ਡਾਇਲਸਿਸ ਸੈਂਟਰ ਲਈ ਮਾਇਕ ਸਹਾਇਤਾ ਦਿੱਤੀ ਅਤੇ ਅਗਲੇ ਸਾਲ ਇੱਕ ਐਂਬੂਲੈਂਸ ਵੀ ਦਾਨ ਕੀਤੀ| ਓਬਰਾਏ ਨੂੰ ਸ਼ਿਵਾਲਕ ਦੀਆਂ ਪਹਾੜੀਆਂ ਤੇ ਸਤਲੁਜ ਨਦੀ ਦਾ ਇਹ ਕੰਢਾ ਏਸ ਲਈ ਚੰਗਾ ਲਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸਨੂੰ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣਾਇਆ ਸੀ| ਪਾਕਿਸਤਾਨ ਤੋਂ ਉੱਜੜ ਕੇ ਆਉਣ ਉਪੰ੍ਰਤ ਉਸਦੇ ਪਿਤਾ ਦੇ ਨੰਗਲ ਡੈਮ ਵਿਚ ਮਕੈਨਿਕ ਰਹਿਣ ਨੇ ਸੋਨੇ ਉੱਤੇ ਸੁਹਾਗੇ ਦਾ ਕੰਮ ਕੀਤਾ|
ਵਿਵੇਕ ਸਦਨ ਦਾ ਮੂਲ ਮੰਤਵ ਉੱਚ ਪੱਧਰੀ ਖੋਜ ਦੁਆਰਾ ਸਿਆਣਿਆਂ ਦਾ ਸੱਚ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਤੇ ਇਸ ਮਨੋਰਥ ਦੀ ਪੂਰਤੀ ਲਈ ਸੈਮੀਨਾਰ, ਵਰਕਸ਼ਾਪਾਂ, ਕਵੀ ਦਰਬਾਰ ਤੇ ਕਾਨਫਰੰਸਾਂ ਰਚਾਉਣਾ ਹੈ| ਅਗਸਤ ਵਾਲੇ ਕਵੀ ਦਰਬਾਰ ਵਿਚ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਭੁਪਿੰਦਰ ਕੌਰ ਪ੍ਰੀਤ, ਦਵਿੰਦਰ ਸੈਫੀ, ਮਨਮੋਹਨ ਸਿੰਘ ਦਾਊਂ, ਪ੍ਰੋ. ਮਿੰਦਰ, ਪ੍ਰਤੀਕ ਕੁਮਾਰ, ਮੋਹਨ ਤਿਆਗੀ, ਨਿਰਵੈਰ ਸਿੰਘ ਅਰਸ਼ੀ, ਵਿਸ਼ਾਲ ਤੇ ਜਤਿੰਦਰ ਕੌਰ ਆਨੰਦਪੁਰੀ ਸਮੇਤ ਢਾਈ ਦਰਜਨ ਕਵੀਆਂ ਨੇ ਹਿੱਸਾ ਲਿਆ। ਇਹ ਵੀ ਐਲਾਨ ਕੀਤਾ ਗਿਆ ਕਿ ਛੇਤੀ ਹੀ ਇਸ ਸਦਨ ਵਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ ਵਿਚ 52 ਕਵੀਆਂ ਦਾ ਕਵੀ ਦਰਬਾਰ ਕਰਵਾਇਆ ਜਾਵੇਗਾ| ਇਸ ਕਵੀ ਦਰਬਾਰ ਦੀ ਸਮਾਪਤੀ ਨਾਮਵਰ ਲੇਖਕ ਡਾ. ਸਰਬਜੀਤ ਸਿੰਘ ਛਾਨਾ ਰਚਿਤ ਪੁਸਤਕ ‘ਸੇਵੀਅਰ ਸਿੰਘ’ ਦੇ ਲੋਕ ਅਰਪਣ ਨਾਲ ਹੋਈ ਜਿਸ ਵਿਚ ਡਾ. ਸੁਰਿੰਦਰਪਾਲ ਸਿੰਘ ਓਬਰਾਏ ਦੇ ਜੀਵਨ ਤੇ ਪ੍ਰਾਪਤੀਆਂ ਦਾ ਵੇਰਵਾ ਅੰਕਿਤ ਹੈ|
ਸਾਵਣ ਕਵੀ ਦਰਬਾਰ ਤੋਂ ਅਗਲੇ ਦਿਨ ਸੰਨੀ ਓਬਰਾਏ ਵਿਵੇਕ ਸਦਨ ਦਾ ਰਸਮੀ ਉਦਘਾਟਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੇ ਕਰ ਕਮਲਾਂ ਦੁਆਰਾ ਕੀਤਾ ਗਿਆ ਜਦੋਂ ਕਿ ਇਸਦਾ ਨੀਂਹ ਪੱਥਰ 6 ਦਸੰਬਰ 2016 ਨੂੰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਰਖਿਆ ਸੀ|

ਅੰਤਿਕਾ
ਉਹ ਨਦੀ ਕਿਧਰ ਗਈ/ਕਵਿੰਦਰ ‘ਚਾਂਦ’॥
ਕੀ ਤੇਰੀ ਲੀਲਾ ਹੈ ਗਿਰਧਰ
ਤੇਰੀ ਹਰ ਤਸਵੀਰ ਵਿਚ
ਸਿਰਫ਼ ਰਾਧਾ ਦਿਸ ਰਹੀ ਹੈ
ਰੁਕਮਣੀ ਕਿੱਧਰ ਗਈ
ਸੁੱਕਿਆ ਦਰਿਆ, ਬੜਾ
ਗਮਗੀਨ ਹੋ ਕੇ ਪੁੱਛਦੈ
ਜੋ ਪਹਾੜੋਂ ਲੱਥਣੀ ਸੀ
ਉਹ ਨਦੀ ਕਿੱਧਰ ਗਈ
ਗਗਨ ਛੂੰਹਦੀ ਇੱਕ ਇਮਾਰਤ
ਨੂੰ ਗਗਨ ਨੇ ਪੁੱਛਿਆ
ਇਸ ਜਗ੍ਹਾ ਹੁੰਦੀ ਸੀ ਜਿਹੜੀ
ਝੌਂਪੜੀ ਕਿੱਧਰ ਗਈ।