ਉਸ ਦਿਨ ਘੜੀ ਹੀ ਰੁਕ ਗਈ ਸੀ, ਮੇਰੀ ਕਿਸਮਤ ਇਹੋ ਸੀ।

ਕਰਮਜੀਤ ਸਿੰਘ
ਸੀਨੀਅਰ ਪੱਤਰਕਾਰ
ਮੈਂ ਮੁਸ਼ਕਿਲਾਂ ਨੂੰ ਸਰ ਕੀਤਾ ਹੈ। ਨਾ ਕਦੇ ਡੋਲੀ, ਨਾ ਕਦੇ ਝੁਕੀ।

ਕੋਚ ਮੇਰੀ ਜ਼ਿੰਦਗੀ ਹਨ, ਮੇਰੇ ਰਹਿਬਰ ਹਨ।
ਮੇਰੀ ਮਾਂ, ਮੇਰੇ ਬਾਬਲ ਅਤੇ ਮੇਰੇ ਪਤੀ ਦਾ ਵੱਡਾ ਰੋਲ ਹੈ ਮੇਰੀ ਜ਼ਿੰਦਗੀ ਵਿਚ।
ਉਕਤ ਟਿਪਣੀਆਂ ਵਿਨੇਸ਼ ਫੋਗਾਟ ਦੀ ਡਾਇਰੀ ਵਿਚੋਂ ਹਨ ਜੋ ਉਸਨੇ ਅਦਾਲਤ ਦੇ ਫੈਸਲੇ ਮਗਰੋਂ ਪੈਰਿਸ ਵਿਚ ਆਪਣੀ ਡਾਇਰੀ ਵਿਚ ਲਿਖੀਆਂ।
ਵਿਨੇਸ਼ ਫੋਗਾਟ ਮੁਟਿਆਰ ਉਨ੍ਹਾਂ ਕਿਸਮਤ ਵਾਲਿਆਂ ਵਿਚੋਂ ਇੱਕ ਹੈ ਜੋ ਹਾਰ ਕੇ ਵੀ ਨਹੀਂ ਹਾਰਦੇ। ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਸੈਮੀਫਾਈਨਲ ਮੁਕਾਬਲੇ ਵਿਚ ਜਿਸ ਮੁਟਿਆਰ ਨੂੰ ਉਸਨੇ ਹਰਾਇਆ ਸੀ, ਉਸਨੇ ਪਿਛਲੀ ਵਾਰ ਓਲੰਪਿਕ ਵਿਚ ਗੋਲਡ ਮੈਡਲ ਜਿੱਤਿਆ ਸੀ। ਹਾਂ, ਉਸੇ ਕੁੜੀ ਨੂੰ ਵਿਨੇਸ਼ ਨੇ ਹਰਾਇਆ ਜੋ ਕਦੇ ਨਹੀਂ ਸੀ ਹਾਰੀ। ਉਸ ਕੁੜੀ ਨੇ 85 ਮੁਕਾਬਲਿਆਂ ਵਿਚ ਹਿੱਸਾ ਲਿਆ ਸੀ, ਪਰ ਹਰ ਮੁਕਾਬਲੇ ਵਿਚ ਜਿੱਤੀ ਸੀ।
ਵਿਨੇਸ਼ ਕੇਵਲ 100 ਗਰਾਮ ਭਾਰ ਵੱਧ ਹੋਣ ਕਾਰਨ ਫਾਈਨਲ ਵਿਚ ਹਿੱਸਾ ਲੈਣ ਦੇ ਯੋਗ ਨਹੀਂ ਸੀ ਰਹੀ ਅਤੇ ਇੰਜ ਯਕੀਨਨ ਗੋਲਡ ਮੈਡਲ ਹੱਥੋਂ ਜਾਂਦਾ ਰਿਹਾ। ਪਰ ਇੱਕ ਅਖਬਾਰ ਨੇ ਆਪਣੇ ਵਿਸ਼ੇਸ਼ ਸੰਪਾਦਕੀ ਨੋਟ ਵਿਚ ਲਿਖਿਆ: ਵਿਨੇਸ਼, ਤੇਰੇ ਅੰਦਰ ਦੀ ਚਮਕ ਤੇ ਰੌਸ਼ਨੀ ਗੋਲਡ ਦੀ ਕੀਮਤ ਨਾਲੋਂ ਵੀ ਕਿਤੇ ਵੱਧ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕੁਸ਼ਤੀ ਦੀ ਦੁਨੀਆਂ ਵਿਚ ਦੇਸ਼ ਅੰਦਰ ਜੋ ਕੁੜੀਆਂ ਦੀ ਇੱਜ਼ਤ ਨਾਲ ਤਾਕਤਵਰ ਲੋਕਾਂ ਵੱਲੋਂ ਖੇਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਵਿਰੁੱਧ ਵੱਡੀ ਜੰਗ ਜੋ ਦੋ ਸਾਲ ਚਲਦੀ ਰਹੀ, ਉਸ ਜੰਗ ਦੀ ਜਰਨੈਲ ਵਿਨੇਸ਼ ਫੋਗਾਟ ਹੀ ਸੀ ਅਤੇ ਇਸ ਜੰਗ ਵਿਚ ਦੂਜੇ ਪਾਸੇ ਉਹ ਬੰਦਾ ਸੀ ਜਿਸ ਨੂੰ ਚੋਟੀ ਦੇ ਸਿਆਸਤਦਾਨਾਂ ਦੀ ਸਰਪਰਸਤੀ ਅਤੇ ਸਰਗਰਮ ਹਮਾਇਤ ਹਾਸਲ ਸੀ। ਪਰ ਵਿਨੇਸ਼ ਘਬਰਾਈ ਨਹੀਂ, ਨਾ ਹੀ ਡੋਲੀ ਅਤੇ ਨਾ ਹੀ ਡਰੀ ਅਤੇ ਅਖੀਰ ਵਿਚ ਜਿੱਤੀ। ਉਸ ਬੰਦੇ ਬਾਰੇ ਵਿਨੇਸ਼ ਦੀ ਇਹ ਟਿੱਪਣੀ ਸੁਣਨ ਵਾਲੀ ਹੈ, ਮੈਂ ਇਕ ਦਿਨ ਉਸ ਦੀ ਅੱਖ ਵਿਚ ਅੱਖ ਪਾ ਕੇ ਕਹਾਂਗੀ, ਤੂੰ ਦੇਖੀਂ! ਮੈਂ ਮੈਡਲ ਲੈ ਕੇ ਆਵਾਂਗੀ। ਰਤਾ ਵੱਧ ਭਾਰ ਹੋਣ ਨਾਲ ਮੁਕਾਬਲੇ ਤੋਂ ਬਾਹਰ ਹੋ ਗਈ ਤਾਂ ਇਸ ਘਟਨਾ ਨਾਲ ਸਾਰੇ ਮੁਲਕ ਦੀਆਂ ਕੁੜੀਆਂ ਨੂੰ ਇੰਜ ਲੱਗਾ, ਜਿਵੇਂ ਉਹ ਖੁਦ ਹਾਰ ਗਈਆਂ ਸਨ। ਇਹੋ ਜਿਹੀ ਸਮੂਹਕ ਅਪਣੱਤ ਕਿਸੇ ਕਿਸੇ ਨੂੰ ਹੀ ਮਿਲਦੀ ਹੈ। ਜਦੋਂ ਸੀ ਏ ਐਸ ਅਦਾਲਤ ਨੇ ਉਸ ਦੀ ਸਿਲਵਰ ਮੈਡਲ ਬਾਰੇ ਅਪੀਲ ਰੱਦ ਕਰ ਦਿੱਤੀ ਤਾਂ ਉਸਨੇ ਡਾਇਰੀ ਵਿਚ ਜੋ ਲਿਖਿਆ ਉਸਦਾ ਪੰਜਾਬੀ ਤਰਜਮਾ ਅਸੀਂ ਇਥੇ ਇੰਡੀਅਨ ਐਕਸਪ੍ਰੈਸ ਤੋਂ ਧੰਨਵਾਦ ਸਹਿਤ ਪੇਸ਼ ਕਰ ਰਹੇ ਹਾਂ। ਹਰ ਕੋਈ ਵਿਨੇਸ਼ ਦੀ ਦਾਸਤਾਨ ਨੂੰ ਪੜ੍ਹੇ, ਉਸ ਦੇ ਨਾਲ ਸਾਂਝ ਪਾਵੇ ਤੇ ਨਾਲ ਹੀ ਆਪਣੀ ਟਿੱਪਣੀ ਵੀ ਜ਼ਰੂਰ ਕਰੇ।
ਕਰਮਜੀਤ ਸਿੰਘ

ਛੋਟੇ ਜਿਹੇ ਪਿੰਡ ਤੋਂ ਆਈ ਸੀ ਤੇ ਉਮਰ ਵੀ ਸੀ ਬਹੁਤ ਛੋਟੀ। ਓਲੰਪਿਕ ਰਿੰਗ ਜਾਂ ਓਲੰਪਿਕ ਅਖਾੜੇ, ਕੁਝ ਵੀ ਨਹੀਂ ਸੀ ਪਤਾ ਕਿ ਰਿੰਗ ਕੀ ਹੁੰਦੀ ਹੈ। ਉਹ ਉਮਰ ਹੀ ਇਹੋ ਜਿਹੀ ਸੀ। ਜਦੋਂ ਦਿਲ ਕਰਦਾ ਸੀ ਪਈ ਵਾਲ ਲੰਬੇ ਲੰਬੇ ਹੋਣ ਅਤੇ ਹੱਥ ਵਿਚ ਮੋਬਾਈਲ ਫੜਿਆ ਹੋਵੇ-ਬਿਲਕੁਲ ਇਵੇਂ ਜਿਵੇਂ ਉਸ ਉਮਰ ਵਿਚ ਕੁੜੀਆਂ ਸੋਚਦੀਆਂ ਹਨ।
ਪਰ ਮੇਰਾ ਪਿਤਾ ਇੱਕ ਸਾਧਾਰਨ ਬਸ ਡਰਾਈਵਰ ਹੀ ਸੀ। ਇਕ ਦਿਨ ਮੈਨੂੰ ਕਹਿਣ ਲੱਗਾ: ਪੁੱਤ, ਉਹ ਦਿਨ ਜ਼ਰੂਰ ਆਵੇਗਾ ਜਦੋਂ ਮੇਰੀ ਧੀ ਜਹਾਜ਼ ਵਿਚ ਉਡੇਗੀ ਤੇ ਮੈਂ ਹੇਠਾਂ ਬਸ ਚਲਾ ਰਿਹਾ ਹੋਵਾਂਗਾ। ਕੀ ਪਤਾ ਸੀ ਮੈਨੂੰ ਕਿ ਉਹ ਦਿਨ ਹਕੀਕਤ ਦਾ ਰੂਪ ਵੀ ਧਾਰਨ ਕਰ ਲਵੇਗਾ। ਜਦੋਂ ਵੀ ਉਹ ਮੈਨੂੰ ਕਹਿੰਦਾ ਕਿ ਤੂੰ ਇੱਕ ਦਿਨ ਜ਼ਰੂਰ ਜਹਾਜ਼ ਵਿਚ ਉਡੇਂਗੀ ਤਾਂ ਮੈਂ ਇਸ ਗੱਲ ‘ਤੇ ਹੱਸ ਛੱਡਦੀ, ਭਲਾ ਇਹ ਕਿਵੇਂ ਹੋ ਸਕਦਾ! ਮੈਂ ਆਪਣੇ ਬਾਬਲ ਦੀ ਲਾਡਲੀ ਧੀ ਸੀ, ਤਿੰਨਾਂ ਵਿਚੋਂ ਸਭ ਤੋਂ ਛੋਟੀ। ਮੇਰੀ ਮਾਂ ਦਾ ਵੀ ਇਹੋ ਸੁਪਨਾ ਸੀ ਕਿ ਮੇਰੇ ਤਿੰਨੇ ਬੱਚੇ ਇਕ ਦਿਨ ਵਧੀਆ ਜ਼ਿੰਦਗੀ ਜਿਉਣਗੇ। ਮਾਂ ਦੀਆਂ ਰੀਝਾਂ ਅਤੇ ਸਧਰਾਂ ਬੜੀਆਂ ਸਾਧਾਰਨ ਸਨ, ਜਿਵੇਂ ਇੱਕ ਮਾਂ ਦੀਆਂ ਆਪਣੇ ਬੱਚਿਆਂ ਬਾਰੇ ਹੋਇਆ ਕਰਦੀਆਂ ਹਨ। ਪਰ ਜਦੋਂ ਮੇਰਾ ਬਾਬਲ ਸਾਨੂੰ ਛੱਡ ਕੇ ਹੋਰ ਦੁਨੀਆਂ ਵਿਚ ਤੁਰ ਗਿਆ ਤਾਂ ਮੇਰੇ ਕੋਲ ਮੇਰੀ ਪੂੰਜੀ ਉਸਦੇ ਉਹ ਬੋਲ ਹੀ ਸਨ ਕਿ ਇਕ ਦਿਨ ਮੇਰੀ ਧੀ ਜਹਾਜ਼ ਵਿਚ ਉਡੇਗੀ। ਮੇਰੀ ਮਾਂ ਦੇ ਸੁਪਨੇ ਵੀ ਅਧੂਰੇ ਰਹਿ ਗਏ ਕਿਉਂਕਿ ਮੇਰੇ ਪਿਓ ਦੀ ਮੌਤ ਪਿੱਛੋਂ ਉਸਨੂੰ ਕੈਂਸਰ ਹੋ ਗਿਆ ਜੋ ਤੀਸਰੀ ਸਟੇਜ `ਤੇ ਪਹੁੰਚ ਚੁੱਕਾ ਸੀ। ਬਸ ਲੰਮੇ ਲੰਮੇ ਵਾਲਾਂ ਵਾਲੀ ਰੀਝ ਅਤੇ ਮੋਬਾਈਲ ਹੁਣ ਸੁਪਨਾ ਹੀ ਬਣ ਕੇ ਰਹਿ ਗਏ ਸਨ। ਪਰ ਜਿਵੇਂ ਮਾਂ ਬਿਮਾਰੀ ਦੀਆਂ ਮੁਸ਼ਕਲਾਂ ਵਿਚੋਂ ਲੰਘ ਰਹੀ ਸੀ, ਮੈਨੂੰ ਜਿਉਣ ਦੀ ਜਾਚ ਆ ਗਈ। ਉਸਨੇ ਹੀ ਮੈਨੂੰ ਸਿਖਾਇਆ ਕਿ ਜ਼ਿੰਦਗੀ ਦੀਆਂ ਰੁਕਾਵਟਾਂ ਨਾਲ ਜੂਝਣਾ ਕਿਵੇਂ ਹੈ। ਹੁਣ ਜਦੋਂ ਮੈਂ ਦਲੇਰੀ, ਜੁਅਰਤ ਤੇ ਹੌਸਲੇ ਦੀ ਗੱਲ ਕਰਦੀ ਹਾਂ ਤਾਂ ਇਹ ਹੌਸਲਾ ਅਸਲ ਵਿਚ ਉਥੋਂ ਹੀ ਆਇਆ ਸੀ।
ਸਭ ਔਕੜਾਂ ਦੇ ਹੁੰਦਿਆਂ ਹੋਇਆਂ ਵੀ ਸਾਡਾ ਰੱਬ ਤੋਂ ਯਕੀਨ ਕਦੇ ਵੀ ਨਹੀਂ ਸੀ ਉਠਿਆ। ਮਾਂ ਵੀ ਇਹੋ ਕਹਿੰਦੀ ਸੀ ਕਿ ਰੱਬ ਚੰਗੇ ਲੋਕਾਂ ਨੂੰ ਮਾੜੇ ਦਿਨ ਨਹੀਂ ਵਿਖਾਉਂਦਾ। ਮੇਰਾ ਇਹ ਯਕੀਨ ਹੋਰ ਵੀ ਪੱਕਾ ਹੋ ਗਿਆ ਜਦੋਂ ਮੈਨੂੰ ਸੋਮਵੀਰ-ਮੇਰੇ ਪਤੀ ਦਾ ਸਾਥ ਮਿਲਿਆ। ਉਹ ਮੇਰਾ ਜੀਵਨ ਸਾਥੀ ਹੈ ਤੇ ਮੇਰਾ ਸਭ ਤੋਂ ਚੰਗਾ ਦੋਸਤ ਵੀ ਹੈ। ਉਸਨੇ ਹਰ ਮੋੜ ‘ਤੇ ਮੇਰਾ ਸਾਥ ਦਿੱਤਾ। ਜੇ ਮੈਂ ਇਹ ਆਖਾਂ ਕਿ ਅਸੀਂ ਬਰਾਬਰ ਦੇ ਜੀਵਨ ਸਾਥੀ ਹਾਂ ਤਾਂ ਮੈਂ ਗਲਤ ਹੋਵਾਂਗੀ, ਕਿਉਂਕਿ ਉਹ ਤਾਂ ਹਰ ਸਮੇਂ ਮੇਰੇ ਪਿੱਛੇ, ਮੇਰੇ ਨਾਲ ਤੇ ਕਈ ਵਾਰ ਉਹ ਮੇਰੇ ਅੱਗੇ ਹੁੰਦੇ ਹਨ। ਉਸਦੀ ਮੇਰੇ ਪ੍ਰਤੀ ਇਮਾਨਦਾਰੀ, ਵਫਾਦਾਰੀ ਅਤੇ ਲਗਨ- ਉਸ ਦਾ ਕੋਈ ਜਵਾਬ ਨਹੀਂ। ਜ਼ਿੰਦਗੀ ਦੇ ਮੇਰੇ ਔਖੇ-ਸੌਖੇ ਸਫਰ ਵਿਚ ਮੈਨੂੰ ਕਈ ਲੋਕਾਂ ਨੂੰ ਮਿਲਣ ਦੇ ਮੌਕੇ ਮਿਲੇ। ਬਹੁਤੇ ਚੰਗੇ ਸਨ ਤੇ ਕੁਝ ਮਾੜੇ ਵੀ ਸਨ। ਪਿਛਲੇ ਡੇਢ-ਦੋ ਸਾਲਾਂ ਵਿਚ ਮੇਰੀ ਜ਼ਿੰਦਗੀ ਵਿਚ ਬਹੁਤ ਕੁਝ ਵਾਪਰਿਆ, ਤੁਸੀਂ ਜਾਣਦੇ ਹੀ ਹੋ। ਮੇਰੀ ਜ਼ਿੰਦਗੀ ਵਿਚ ਕਈ ਮੋੜ ਆਏ ਤੇ ਫਿਰ ਮੈਂ ਪਿਛਾਂਹ ਵੱਲ ਮੁੜਨ ਦੀ ਕੋਈ ਗੱਲ ਹੀ ਨਹੀਂ ਸੀ ਕੀਤੀ। ਪਰ ਜੋ ਮੇਰੇ ਨਾਲ ਉਸ ਦੌਰ ਵਿਚ ਖਲੋਤੇ, ਮੇਰੇ ਨਾਲ ਲੜੇ, ਅਸਲ ਵਿਚ ਉਨ੍ਹਾਂ ਕਰਕੇ ਹੀ ਮੈਂ ਰੁਕਾਵਟਾਂ ਦਾ ਮੁਕਾਬਲਾ ਕੀਤਾ ਤੇ ਜਿੱਤ ਹਾਸਲ ਕੀਤੀ। ਕੁਝ ਖਾਸ ਇਨਸਾਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਜਿਨ੍ਹਾਂ ਦਾ ਮੇਰੇ ਜੀਵਨ ਵਿਚ ਅਹਿਮ ਰੋਲ ਰਿਹਾ ਹੈ:
ਡਾਕਟਰ ਦਿਨ ਸ਼ਾਹ ਪਾਰਦੀਵਾਲਾ: ਭਾਰਤੀ ਖੇਡਾਂ ਦੀ ਦੁਨੀਆਂ ਵਿਚ ਇਹ ਨਵਾਂ ਨਾਂ ਹੈ। ਉਹ ਨਾ ਕੇਵਲ ਡਾਕਟਰ ਹੀ ਹੈ ਪਰ ਫਰਿਸ਼ਤਾ ਵੀ ਹੈ। ਰੱਬ ਵੱਲੋਂ ਮੇਰੇ ਲਈ ਭੇਜਿਆ ਗਿਆ ਹੈ ਇਹ ਫਰਿਸ਼ਤਾ। ਜਦੋਂ ਮੈਂ ਜ਼ਖ਼ਮੀ ਸੀ ਤਾਂ ਮੇਰਾ ਆਪਣੇ ਆਪ ਵਿਚ ਹੀ ਵਿਸ਼ਵਾਸ ਖਤਮ ਹੋ ਗਿਆ ਤਾਂ ਇਹ ਸਹਾਰਾ ਬਣ ਕੇ ਮੇਰੇ ਜੀਵਨ ਵਿਚ ਆਇਆ। ਉਸਨੇ ਮੈਨੂੰ ਆਪਣੇ ਪੈਰਾਂ ‘ਤੇ ਖੜਾ ਕੀਤਾ। ਉਸਨੇ ਇੱਕ ਵਾਰ ਨਹੀਂ ਤਿੰਨ ਵਾਰ ਮੇਰੇ ਗੋਡਿਆਂ ਦਾ, ਮੇਰੀ ਕੂਹਣੀ ਦਾ ਆਪਰੇਸ਼ਨ ਕੀਤਾ ਅਤੇ ਮੈਨੂੰ ਮੁੜ ਖੇਡਣ ਲਾ ਦਿੱਤਾ। ਮੈਂ ਹਮੇਸ਼ਾ ਉਸਦੀ ਅਹਿਸਾਨਮੰਦ ਰਹਾਂਗੀ। ਉਹ ਮੇਰੇ ਲਈ ਰੱਬੀ ਤੋਹਫਾ ਸੀ।
ਡਾਕਟਰ ਵਾਇਨ ਪਾਤਰਿਕ ਲੰਬਾਰਡ:
ਮੁਸ਼ਕਲ ਦੀਆਂ ਘੜੀਆਂ ਵਿਚ ਉਸਨੇ ਮੇਰੇ ਵਰਗੇ ਅਥਲੀਟ ਦੀ ਇਹੋ ਜਿਹੀ ਮਦਦ ਕੀਤੀ ਜਿਸ ਨੂੰ ਦੋ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਹਾਰ ਗਈ ਸੀ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਗੁੰਝਲਦਾਰ ਸੱਟਾਂ ਨੂੰ ਉਸ ਨੇ ਇਸ ਢੰਗ ਨਾਲ ਠੀਕ ਕੀਤਾ ਕਿ ਵਿਗਿਆਨ ਵੀ ਹੈਰਾਨ ਹੋ ਜਾਏ। ਉਹ ਮੇਰੇ ਵੱਡੇ ਭਰਾਵਾਂ ਵਾਂਗ ਹੈ।
ਵੋਲਰ ਆਕ੍ਰੋਸ:
ਇਸ ਇਨਸਾਨ ਬਾਰੇ ਜੋ ਵੀ ਸ਼ਬਦ ਮੈਂ ਕਹਾਂ, ਉਹ ਥੋੜ੍ਹੇ ਹਨ। ਨਾਰੀ ਕੁਸ਼ਤੀਬਾਜ਼ੀ ਵਿਚ ਉਸ ਵਰਗਾ ਕੋਚ ਕਿੱਥੋਂ ਕੋਈ ਹੋਣਾ, ਉਸ ਵਰਗਾ ਰਹਿਬਰ ਵੀ ਨਹੀਂ ਮਿਲਣਾ ਤੇ ਨਾ ਹੀ ਉਸ ਵਰਗਾ ਇਨਸਾਨ ਮਿਲਣੈ। ਅਸੰਭਵ ਸ਼ਬਦ ਤਾਂ ਉਸਦੀ ਡਿਕਸ਼ਨਰੀ ਵਿਚ ਹੀ ਨਹੀਂ ਸੀ ਮਿਲਦਾ। ਹਰੇਕ ਮੁਸ਼ਕਲ ਵਾਲੇ ਹਾਲਾਤ ਵਿਚ ਵੀ ਉਸ ਕੋਲ ਕੋਈ ਨਾ ਕੋਈ ਵਿਉਂਤ ਹੁੰਦੀ ਸੀ, ਕੋਈ ਵਧੀਆ ਜੁਗਤ ਹੁੰਦੀ ਸੀ। ਇਕ ਸਮਾਂ ਆਇਆ ਜਦੋਂ ਮੇਰਾ ਧਿਆਨ ਹੋਰ ਪਾਸੇ ਵੱਲ ਚਲਾ ਗਿਆ ਸੀ ਪਰ ਉਸਨੇ ਮੈਨੂੰ ਫਿਰ ਪੁਰਾਣੇ ਰਸਤੇ ਉੱਤੇ ਲੈ ਆਂਦਾ। ਕੋਚ ਤਾਂ ਮੈਂ ਉਸਨੂੰ ਆਖ ਦਿੱਤਾ ਹੈ ਪਰ ਉਹ ਕੋਚ ਤੋਂ ਕਿਤੇ ਵੱਧ ਸੀ। ਉਹ ਇਕ ਤਰ੍ਹਾਂ ਨਾਲ ਕੁਸ਼ਤੀ ਦੀ ਦੁਨੀਆ ਵਿਚ ਮੇਰਾ ਪਰਿਵਾਰ ਸੀ। ਹੋਰ ਸੁਣੋ। ਮੇਰੀ ਜਿੱਤ ਦਾ ਉਹ ਕਦੇ ਵੀ ਸਿਹਰਾ ਆਪਣੇ ਉੱਤੇ ਨਹੀਂ ਸੀ ਲੈਂਦਾ। ਉਹ ਨਿਮਰਤਾ ਦੀ ਸਾਕਾਰ ਮੂਰਤ ਸੀ। ਉਹ ਬਹੁਤ ਵਾਰੀ ਆਪਣੇ ਦੋ ਪੁੱਤਰਾਂ ਤੋਂ ਦੂਰ ਰਹਿ ਕੇ ਵੀ ਮੇਰੀ ਸਹਾਇਤਾ ਕਰਦਾ। ਮੈਂ ਅੱਜ ਦੁਨੀਆ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜੇ ਉਹ ਨਾ ਹੁੰਦਾ ਤਾਂ ਮੈਂ ਅਖਾੜੇ ਵਿਚ ਉਹ ਕ੍ਰਿਸ਼ਮੇ ਨਹੀਂ ਸੀ ਕਰ ਸਕਦੀ ਜੋ ਮੈਂ ਕੀਤੇ।
ਤੇਜਿੰਦਰ ਕੌਰ:
ਅਪਰੇਸ਼ਨ ਤੋਂ ਪਿੱਛੋਂ ਮੇਰਾ ਭਾਰ ਘਟਾਉਣ ਵਿਚ ਉਹ ਮੇਰੀ ਜ਼ਿੰਦਗੀ ਵਿਚ ਆਈ। ਉਹ ਮੇਰੇ ਜ਼ਖ਼ਮ ਦਾ ਵੀ ਖਿਆਲ ਰੱਖਦੀ ਤੇ ਨਾਲ ਹੀ 10 ਕਿਲੋ ਭਾਰ ਘਟਾਉਣ ਵਿਚ ਵੀ ਉਸ ਦਾ ਹੀ ਸਭ ਤੋਂ ਵੱਡਾ ਰੋਲ ਸੀ। ਜਦਕਿ ਓਲੰਪਿਕ ਦੇ ਮੁਕਾਬਲੇ ਲਈ ਇਹ ਕੋਈ ਆਸਾਨ ਕੰਮ ਨਹੀਂ ਸੀ ਜੋ ਉਹੀ ਕਰ ਸਕਦੀ ਸੀ। ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ 50 ਕਿਲੋ ਭਾਰ ਦੇ ਵਰਗ ਵਿਚ ਮੁਕਾਬਲਾ ਕਰਨਾ ਚਾਹੁੰਦੀ ਹਾਂ ਤਾਂ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਤੇ ਉਸਨੇ ਕਰ ਵਿਖਾਇਆ।
ਹੋਰ ਵੀ ਬਹੁਤ ਹਨ ਜੋ ਮੇਰੀ ਜ਼ਿੰਦਗੀ ਵਿਚ ਮੇਰਾ ਸਹਾਰਾ ਬਣੇ। ਇਨ੍ਹਾਂ ਵਿਚ ਵਿਰੋਨ ਸਰ, ਗਗਨ ਨਾਰੰਗ ਸਰ, ਯਤਿਨ ਭਾਟਕਰ, ਮਨੋਵਿਗਿਆਨੀ ਮੁਗਧਾ ਬਾਰਵੇ, ਅਰਵਿੰਦ ਸ਼ਬਨਮ, ਪਰਿਆਸ ਤੇ ਯੁਗਮ ਸ਼ਾਮਿਲ ਹਨ।
ਬਹੁਤ ਕੁਝ ਕਹਿਣ ਵਾਲਾ ਹੈ, ਪਰ ਅੱਜ ਸ਼ਬਦ ਲੱਭਦੇ ਨਹੀਂ। ਜਦੋਂ ਠੀਕ ਸਮਾਂ ਆਇਆ ਤਾਂ ਮੈਂ ਜ਼ਰੂਰ ਬੋਲਾਂਗੀ। ਛੇ ਅਗਸਤ ਦੀ ਰਾਤ ਤੇ ਸੱਤ ਅਗਸਤ ਦੀ ਸਵੇਰ- ਮੈਂ ਇਨਾ ਹੀ ਆਖਾਂਗੀ ਕਿ ਮੈਂ ਹੌਸਲਾ ਛੱਡਿਆ ਨਹੀਂ, ਸਾਡੇ ਯਤਨ ਜਾਰੀ ਰਹਿਣਗੇ। ਮੈਂ ਝੁਕੀ ਨਹੀਂ, ਨਾ ਹੀ ਡੋਲੀ ਹਾਂ। ਪਰ ਘੜੀ ਹੀ ਰੁਕ ਗਈ ਸੀ ਤੇ ਸਮਾਂ ਮੇਰੇ ਲਈ ਨਹੀਂ ਸੀ। ਇਹੋ ਮੇਰੀ ਤਕਦੀਰ ਸੀ।
ਮੇਰੀ ਟੀਮ, ਮੇਰੇ ਦੇਸ਼ ਵਾਸੀ ਅਤੇ ਮੇਰਾ ਪਰਿਵਾਰ, ਮੈਂ ਤੁਹਾਨੂੰ ਸਭਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਮਕਸਦ, ਮੇਰਾ ਨਿਸ਼ਾਨਾ, ਮੇਰੀ ਮੰਜ਼ਲ ਅਜੇ ਆਈ ਨਹੀਂ ਅਤੇ ਹਾਲਾਤ ਵੀ ਹਰ ਸਮੇਂ ਇਹੋ ਜਿਹੇ ਨਹੀਂ ਰਹਿੰਦੇ। ਹੋ ਸਕਦੈ ਹਾਲਾਤ ਬਦਲੇ ਤਾਂ ਮੈ 2032 ਤੱਕ ਵੀ ਖੇਡਾਂਗੀ; ਕਿਉਂਕਿ ਮੇਰੇ ਅੰਦਰ ਕੁਸ਼ਤੀ ਲਈ ਜੋ ਅੱਗ ਬਲਦੀ ਹੈ ਉਹ ਬਲਦੀ ਰਹੇਗੀ।

“ਕੁੱਤਿਓ ਰਲ ਕੇ ਭੌਂਕੋ!”
ਵਿਨੇਸ਼ ਫੋਗਾਟ ਕੱਲ੍ਹ ਜਦੋਂ ਏਅਰਪੋਰਟ ਤੋਂ ਬਾਹਰ ਆਈ ਤਾਂ ਉਹਨੇ ਆਪਣਾ ਰੋਣ ਡੱਕਣ ਲਈ ਬੜਾ ਸਾਹ ਘੁੱਟਿਆ, ਹਿਚਕੀਆਂ ਭਰੀਆਂ ਪਰ ਅੱਥਰੂ ਫਿਰ ਵੀ ਅੱਖਾਂ ਵਿਚੋਂ ਪਰਲ-ਪਰਲ ਵਗਣ ਲੱਗੇ।
ਉਸ ਵੇਲੇ ਮੇਰੇ ਸਮੇਤ ਦੇਸ਼ ਦੇ ਸੁਹਰਿਦ ਲੋਕਾਂ ਦੀਆਂ ਅੱਖਾਂ ਵੀ ਰਾਵੀ-ਚਨਾਬ ਬਣ ਕੇ ਡੁੱਲ੍ਹ ਪਈਆਂ।
ਇਸ ਦਰਦੀਲੇ ਦ੍ਰਿਸ਼ ਦਾ ਜ਼ਿਕਰ ਕਰਦੇ ਹੋਏ ਇੱਕ ਯੂਟਿਊਬ-ਚੈਨਲ ਦਾ ਸੁਹਿਰਦ ਐਂਕਰ ਤੇ ਉਸ ਨਾਲ ਜੁੜਿਆ ਮਹਿਮਾਨ ਬੁਲਾਰਾ ਵੀ ਮੈਂ ਭਾਵੁਕ ਹੁੰਦੇ ਵੇਖੇ। ਉਨ੍ਹਾਂ ਦੀਆਂ ਅੱਖਾਂ ਵਿਚ ਵੀ ਹੰਝੂ ਆ ਗਏ।
ਪਰ ਜਦੋਂ ਵਿਨੇਸ਼ ਨੇ ਮੀਲਾਂ ਤੱਕ ਰਾਹ ਵਿਚ ਦਿਲ ਵਿਛਾ ਕੇ ਖਲੋਤੇ ਲੱਖਾਂ ਲੋਕਾਂ ਦਾ ਅਥਾਹ ਪਿਆਰ-ਦੁਲਾਰ ਵੇਖਿਆ ਤਾਂ ਉਹ ਰੱਜੀ ਰੂਹ ਨਾਲ ਹੱਸ ਪਈ। ਉਹਦੇ ਨਾਲ ਰਲ ਕੇ ਚੰਨ-ਤਾਰੇ ਵੀ ਹੱਸਣ ਲੱਗੇ।
ਜਦੋਂ ਉਹਨੇ ਇਹ ਕਿਹਾ, “ਸਾਡੀ ਲੜਾਈ ਅਜੇ ਜਾਰੀ ਹੈ!” ਤਾਂ ਮੈਨੂੰ ਪਾਸ਼ ਬਹੁਤ ਯਾਦ ਆਇਆ।
ਉਹ ਆਪਣੀ ਨਜ਼ਮ ਪੜ੍ਹਨ ਲੱਗਾ ਤਾਂ ਉਹਦੇ ਨਾਲ ਵਿਨੇਸ਼ ਬੋਲਣ ਲੱਗੀ।
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜ਼ਜ਼ਬਿਆਂ ਦੀ ਕਸਮ ਖਾ ਕੇ
ਹੱਥਾਂ ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਤੇ ਅਸੀਂ ਲੜਾਂਗੇ ਸਾਥੀ…
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ

ਉਹਨੂੰ ਹੱਸਦਿਆਂ ਅਤੇ ਲੜਨ ਦਾ ਅਜ਼ਮ ਦੁਹਰਾਉਂਦਿਆਂ ਵੇਖ-ਸੁਣ ਕੇ ਦੁਸ਼ਮਣਾਂ ਦੀ ਹਿੱਕ ’ਤੇ ਸੱਪ ਲੇਟਣ ਲੱਗੇ।
ਚੋਰਾਂ ਨਾਲ ਮਿਲੇ ਪਟਿਆਂ ਵਾਲੇ ਕੁੱਤੇ ਅਜੇ ਵੀ ਭੌਂਕੀ ਜਾਂਦੇ ਨੇ!
ਉਨ੍ਹਾਂ ਦਾ ਭੌਂਕਣਾ ਸੁਣ ਕੇ ਵਿਨੇਸ਼ ਸ਼ਿਵ ਕੁਮਾਰ ਨਾਲ ਮਿਲ ਕੇ ਗਾਉਣ ਲੱਗਦੀ ਹੈ:-
ਕੁੱਤਿਓ ਰਲ ਕੇ ਭੌਂਕੋ
ਕਿ ਮੈਨੂੰ ਰਾਤੀਂ ਨੀਂਦ ਨਾ ਆਵੇ
ਕੋਈ ਕੁੱਤਾ ਸੰਗਲੀ ਸੰਗ ਬੱਝਾ
ਐਵੇਂ ਭੌਂਕੀ ਜਾਵੇ
ਚੋਰਾਂ ਨੂੰ ਉਹ ਮੋੜੇ ਨਾਹੀਂ
ਸਗੋਂ ਉਲਟੇ ਚੋਰ ਬੁਲਾਵੇ ।
ਕੁੱਤਿਓ ਪਰ ਇਹ ਯਾਦ ਜੇ ਰੱਖਣਾ
ਕੋਈ ਨਾ ਸੱਪ ਨੂੰ ਖਾਵੇ
ਜਿਹੜਾ ਕੁੱਤਾ ਸੱਪ ਨੂੰ ਖਾਵੇ
ਸੋਈਓ ਹੀ ਹਲਕਾਵੇ
ਤੇ ਹਰ ਇਕ ਹਲਕਿਆ ਕੁੱਤਾ
ਪਿੰਡ ਵਿਚ ਹੀ ਮਰ ਜਾਵੇ

ਜੇਕਰ ਪਿੰਡੋਂ ਬਾਹਰ ਜਾਵੇ
ਸਿਰ ‘ਤੇ ਡਾਂਗਾਂ ਖਾਵੇ ।
-ਵਰਿਆਮ ਸਿੰਘ ਸੰਧੂ

ਔਰਤ ਦੀ ਆਜ਼ਾਦੀ ਦੀ ਸ਼ਹੀਦ-ਸਾਡੀ ਵਿਨੇਸ਼ ਫ਼ੋਗਾਟ
ਸਾਡੀ ਸ਼ਾਨਾਂਮੱਤੀ ਧੀ ਵਿਨੇਸ਼ ਬਾਰੇ ਫ਼ੋਗਾਟ ਬਾਰੇ ਅੰਤਰ-ਰਾਸ਼ਟਰੀ ਅਦਾਲਤ ਦਾ ਫ਼ੈਸਲਾ ਵੀ ਆ ਗਿਆ। ਸਿਲਵਰ ਮੈਡਲ ਵਾਸਤੇ ਕੀਤੀ ਉਹਦੀ ਅਪੀਲ ਰੱਦ ਕਰ ਦਿੱਤੀ ਗਈ ਹੈ।
ਉਹਨੂੰ ਸਿਲਵਰ ਮੈਡਲ ਨਾ ਦੇਣ ਦਾ ਐਲਾਨ ਸਾਡੇ ਲਈ ਇੰਝ ਹੈ ਜਿਵੇਂ ਆਜ਼ਾਦੀ ਦੀ ਜੰਗ ਲੜ ਰਹੇ ਕਿਸੇ ਸੂਰਮੇ ਨੂੰ ਫ਼ਾਂਸੀ ਦਾ ਹੁਕਮ ਸੁਣਾ ਦਿੱਤਾ ਹੋਵੇ। ਸਾਡੀ ਵਿਨੇਸ਼ ਔਰਤ ਦੀ ਇੱਜ਼ਤ, ਮਾਣ-ਸਨਮਾਨ ਦੀ ਬਹਾਲੀ ਲਈ ਬੇਖ਼ੌਫ਼ ਹੋ ਕੇ ਰਣਤੱਤੇ ਵਿਚ ਜੂਝੀ ਹੈ। ਧੌਣ ਉੱਚੀ ਚੁੱਕ ਕੇ ਲੜੀ ਤਾਕਿ ਔਰਤ-ਜ਼ਾਤ ਦੀ ਧੌਣ ਉੱਚੀ ਰਹਿ ਸਕੇ।
ਉਹਨੇ ਇਤਿਹਾਸ ਸਿਰਜ ਦਿੱਤਾ ਹੈ। ਉਹ ਮਿਸਾਲ ਬਣ ਗਈ ਹੈ। ਉਹਨੇ ਕੇਵਲ ਅਖਾੜੇ ਵਿਚ ਅਤੇ ਅਖਾੜੇ ਤੋਂ ਬਾਹਰ ਹੀ ਕੁਸ਼ਤੀ ਲੜਨ ਦੀ ਜਾਚ ਨਹੀਂ ਦੱਸੀ, ਸਗੋਂ ਔਰਤ ਦੀ ਇੱਜ਼ਤ ਆਬਰੂ ਤੇ ਅਜ਼ਮਤ ਦੀ ਰਾਖੀ ਲਈ ਲੜਨ ਦੀ ਜਾਚ ਵੀ ਦੱਸੀ ਹੈ। ਸੱਚ ਲਈ ਅੜਨਾ ਤੇ ਲੜਨਾ ਦੱਸਿਆ ਹੈ।
ਖੇਡਾਂ ਹੁੰਦੀਆਂ ਰਹਿਣਗੀਆਂ। ਤਮਗ਼ੇ ਜਿੱਤੇ ਜਿਤਾਏ ਜਾਂਦੇ ਰਹਿਣਗੇ, ਪਰ ਵਿਨੇਸ਼ ਫ਼ੋਗਾਟ ਸਦਾ ਧਰੂ ਤਾਰੇ ਵਾਂਗ ਸਾਡੇ ਸਿਰਾਂ ’ਤੇ ਚਮਕਦੀ, ਲਿਸ਼ਕਦੀ ਰਹੇਗੀ। ਅਸੀਂ ਉਹਨੂੰ ਇੰਝ ਹੀ ਯਾਦ ਕਰਦੇ ਰਹਾਂਗੇ ਜਿਵੇਂ ਅਸੀਂ ਆਜ਼ਾਦੀ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ।
ਸੱਤਾ ਦੇ ਨਸ਼ੇ ਵਿਚ ਗੜੂੰਦ ਹਾਕਮਾਂ ਨੂੰ ਉਹਦਾ ਔਰਤ ਦੇ ਸਵੈਮਾਣ ਦੀ ਰਾਖ਼ੀ ਲਈ ਲੜਨਾ ਹਰਗਿਜ਼ ਪਸੰਦ ਨਹੀਂ ਸੀ ਆਉਣਾ। ਚਿੜੀਆਂ ਜਿੱਤ ਜਾਣ ਇਹ ਬਾਜ਼ਾਂ ਦੀ ਹਾਰ ਸੀ। ਬਾਜ਼ ਵਰਦੀ ਵਾਲਿਆਂ ਦੀ ਸ਼ਕਲ ਵਿਚ ਚਿੜੀਆਂ ’ਤੇ ਟੁੱਟ ਪਏ। ਪਹਿਲਵਾਨ ਕੁੜੀਆਂ ਸੜਕਾਂ ’ਤੇ ਧੂਹੀਆਂ ਗਈਆਂ, ਉਹਨਾਂ ਨੂੰ ਲਾਠੀਆਂ ਮਾਰੀਆਂ ਗਈਆਂ। ਹਵਾਲਾਤਾਂ ਵਿਚ ਭੇਜਿਆ ਗਿਆ। ਉਹ ਰੋਈਆਂ, ਉਹ ਚਿਚਲਾਈਆਂ, ਚੀਕੀਆਂ ਪਰ ਡਰੀਆਂ ਨਹੀਂ, ਝੁਕੀਆਂ ਨਹੀਂ। ਚੀਕਣ ਬਾਅਦ ਵੀ ਚੰਘਾੜਦੀਆਂ ਰਹੀਆਂ। ਸ਼ੇਰ ਵਾਂਗ ਦਹਾੜਦੀਆਂ ਰਹੀਆਂ।
ਸੱਤਾ ਨੇ ਵਿਨੇਸ਼ ਦਾ ਮਾਣ-ਸਨਮਾਨ ਹੀ ਨਹੀਂ ਖੋਹਿਆ, ਉਲੰਪਿਕ ਖੇਡਾਂ ਲਈ ਉਹਦਾ ਸਮਾਂ ਵੀ ਖੋਹਿਆ ਗਿਆ। ਉਹਦੀ ਘੁਲਣ ਵਾਲੀ ਭਾਰ ਸ਼੍ਰੇਣੀ ਵੀ ਖੋਹ ਲਈ ਗਈ। ਪਰ ਉਹ ਵਿਰੋਧ ਦੀ ਹਨੇਰੀ ਖ਼ਿਲਾਫ਼ ਇਕੱਲੀ ਹੀ ਸਵਾ ਲੱਖ ਬਣ ਕੇ ਜੂਝਦੀ ਰਹੀ ਤੇ ਉਲੰਪਿਕ ਵਿਚ ਪਹੁੰਚ ਗਈ। ਫਿਰ ਉਹਨੇ ਜਿਵੇਂ ਇੱਕ ਦਿਨ ਵਿਚ ਹੀ ਦੁਨੀਆਂ ਦੇ ਸਿਖ਼ਰਲੇ ਡੰਡੇ ’ਤੇ ਪਹੁੰਚੀਆਂ ਤਿੰਨ ਪਹਿਲਵਾਨਾਂ (ਜਿਨ੍ਹਾਂ ਵਿਚ 82 ਜਿੱਤਾਂ ਜਿੱਤਣ ਵਾਲੀ ਜਪਾਨ ਦੀ ਸਾਬਕਾ ਉਲੰਪਿਕ ਜੇਤੂ ਖਿਡਾਰੀ ਵੀ ਸ਼ਾਮਲ ਹੈ) ਨੂੰ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕਰ ਕੇ ਮੈਡਲ ਪੱਕਾ ਕਰ ਲਿਆ ਸੀ, ਉਸ ਨੂੰ ਜਿਵੇਂ ਸੱਤਾ ਨੇ ਗੰਦੀ ਰਾਜਨੀਤਕ ਖੇਡ ਖੇਡਦਿਆਂ ਘਿਨੌਣੀ ਸਾਜਿਸ਼ ਦਾ ਸ਼ਿਕਾਰ ਬਣਾਇਆ ਤੇ ਸੌ ਗਰਾਮ ਭਾਰ ਵਧ ਜਾਣ/ ਵਧਾਏ ਜਾਣ ਕਾਰਨ ਕੁਸ਼ਤੀ ਲੜਨ ਤੋਂ ਅਵੈਧ ਕਰਾਰ ਕਰ ਦਿੱਤਾ ਗਿਆ, ਇਸ ਨਾਲ ਵਿਨੇਸ਼ ਫ਼ੋਗਾਟ ਦਾ ਹੀ ਨਹੀਂ, ਸਾਰੇ ਭਾਰਤ ਵਾਸੀਆਂ ਦੇ ਹਿਰਦੇ ਵਲੂੰਧਰੇ ਗਏ ਸਨ।
ਵਿਨੇਸ਼ ਫ਼ੋਗਾਟ ਦੇ ਨਾਲ ਹੀ ਸਾਰਾ ਭਾਰਤ ਨਮੋਸ਼ੀ ਤੇ ਦੁੱਖ ਦੀ ਡੂੰਘੀ ਖੱਡ ਵਿਚ ਡਿੱਗਾ ਮਹਿਸੂਸ ਕਰ ਰਿਹਾ ਸੀ। ਸੁਹਿਰਦ ਭਾਰਤ ਵਾਸੀ ਵਿਨੇਸ਼ ਦੇ ਅੱਥਰੂਆਂ ਦੀ ਸਿੱਲ੍ਹ ਆਪਣੀਆਂ ਅੱਖਾਂ ਵਿਚ ਮਹਿਸੂਸ ਕਰ ਰਹੇ ਸਨ। ਵਿਨੇਸ਼ ਨੂੰ ਹੁਣ ਇਸ ਵੇਲੇ ਸਭ ਤੋਂ ਵੱਧ ਆਪਣੇ ਲੋਕਾਂ ਦੇ ਪਿਆਰ, ਆਸ਼ੀਰਵਾਦ ਤੇ ਮੁਹੱਬਤੀ ਗਲਵੱਕੜੀ ਦੀ ਜ਼ਰੂਰਤ ਸੀ। ਸਾਰਾ ਭਾਰਤ ਉਹਦੇ ਨਾਲ ਖਲੋਤਾ ਸੀ।
ਸਾਰਾ ਮੁਲਕ ਅਜੇ ਵੀ ਆਸ ਨਾਲ ਫ਼ੈਸਲੇ ਨੂੰ ਉਡੀਕ ਰਿਹਾ ਸੀ। ਜਿਨ੍ਹਾਂ ਨੇ ਉਹਨੂੰ ਹਰਾਉਣ ਦਾ ਹਰ ਚਾਰਾ ਕੀਤਾ, ਉਹਨਾਂ ਨੇ ਉਹਦਾ ਕੇਸ ਕੀ ਲੜਨਾ ਸੀ! ਅੱਜ ਵਿਨੇਸ਼ ਨੂੰ ‘ਸ਼ਹੀਦ’ ਕਰ ਦਿੱਤਾ ਗਿਆ। ਪਰ ਸਥਾਪਤ ਤਾਕਤਾਂ ਨਹੀਂ ਜਾਣਦੀਆਂ ਕਿ ਸ਼ਹੀਦ ਮੌਤ ਨਾਲ ਨਹੀਂ ਮਰ ਜਾਂਦੇ, ਹਾਰ ਕੇ ਵੀ ਨਹੀਂ ਹਾਰਦੇ, ਉਹਨਾਂ ਦਾ ਸੰਘਰਸ਼ ਲਾਟ ਬਣ ਕੇ ਜਗਦਾ ਰਹਿੰਦਾ ਹੈ, ਆਉਣ ਵਾਲੀਆਂ ਨਸਲਾਂ ਨੂੰ ਰਾਹ ਵਿਖਾਉਂਦਾ ਰਹਿੰਦਾ ਹੈ।
ਫਾਂਸੀ ਦਾ ਹੁਕਮ ਸੁਣ ਕੇ ਵੀ ਕਰੋੜਾਂ ਲੋਕਾਂ ਦੀ ਧੀ, ਭੈਣ, ਬੱਚੀ ਦੀ ਧੌਣ ਮਾਣ ਨਾਲ ਅਸਮਾਨ ਵੱਲ ਸਿੱਧੀ ਸਤੋਰ ਵੇਖ ਰਹੀ ਹੈ। ਉਹਦੇ ਸਿਰ ਉੱਤੇ ਤਾਰਿਆਂ ਦੀ ਬਾਰਸ਼ ਹੋ ਰਹੀ ਹੈ। ਉਹਦੇ ਆਲ-ਦੁਆਲ, ਉੱਤੇ ਹੇਠਾਂ ਮੁਹੱਬਤਾਂ ਤੇ ਆਸ਼ੀਰਵਾਦਾਂ ਦਾ ਸੋਨਾ ਹੀ ਸੋਨਾ ਬਿਖ਼ਰਿਆ ਪਿਆ ਹੈ। ਇਸ ਚਾਂਦੀ ਦੇ ਤਮਗ਼ੇ ਤੋਂ ਕਰੋੜਾਂ ਸੋਨ-ਤਮਗ਼ੇ ਨਿਛਾਵਰ! ਆਪਣੀ ਬੱਚੀ ਲਈ ਕਰੋੜਾਂ ਬਾਹਵਾਂ ਤੇ ਹੱਥ ਉਹਨੂੰ ਗਲਵੱਕੜੀਆਂ ਪਾਉਣ, ਸਿਰ ਤੇ ਪਿਆਰ ਦੇਣ, ਗਲ਼ ਨਾਲ ਲਾ ਕੇ ਲਾਡ ਕਰਨ, ਪਿਆਰ ਕਰਨ ਲਈ ਉੱਲਰੇ ਪਏ ਹਨ।
ਅੱਜ ਤੱਕ ਏਨਾ ਪਿਆਰ ਕਿਸੇ ਖਿਡਾਰੀ ਨੂੰ ਕਾਹਨੂੰ ਮਿਲਿਆ ਸੀ!
ਉਦਾਸ ਤੇ ਨਿਰਾਸ਼ ਨਾ ਹੋਵੀਂ ਧੀ ਰਾਣੀਏਂ! ਤੂੰ ਹੱਕ ਸੱਚ ਲਈ ਲੜਨ ਦੇ ਜਜ਼ਬੇ ਨੂੰ ਜੁੰਬਿਸ਼ ਦਿੱਤੀ ਹੈ। ਕਈਆਂ ਨੂੰ ਇਹ ਕਹਿਣ ਦੀ ਜ਼ਬਾਨ ਦਿੱਤੀ ਹੈ ਕਿ:-
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ ‘ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਕਿਉਂਕਿ ਲੜਨ ਬਿਨਾਂ ਕੁਝ ਨਹੀਂ ਮਿਲਦਾ।
ਵਰਿਆਮ ਸਿੰਘ ਸੰਧੂ

ਵਿਨੇਸ਼ ਧੀਏ! ਦਿਲ ਨਾ ਛੱਡੀਂ, ਹੌਂਸਲਾ ਰੱਖੀਂ, ਅਸੀਂ ਤੇਰੇ ਨਾਲ ਹਾਂ
ਪ੍ਰਿੰ. ਸਰਵਣ ਸਿੰਘ
ਕਰੋੜਾਂ ਲੋਕ ਤੈਨੂੰਓ ਚੈਂਪੀਅਨ ਹੀ ਨਹੀਂ ‘ਚੈਂਪੀਅਨਾਂ ਦੀ ਚੈਂਪੀਅਨ’ ਮੰਨਦੇ ਹਨ। ਉਹ ਤੈਨੂੰ ਓਲੰਪਿਕ ਸਨਮਾਨ ਤੋਂ ਵੀ ਵੱਡੇ ‘ਲੋਕ ਸਨਮਾਨ’ ਨਾਲ ਸਨਮਾਨਿਤ ਕਰਨਗੇ। ਤੂੰ ਭਾਰਤ ਦੀ ਮਹਾਨ ਧੀ ਏਂ। ਤੇਰੇ `ਚ ਕੁਸ਼ਤੀ ਲੜਨ ਦੇ ਨਾਲ ਜੁਝਾਰੂ ਸੰਘਰਸ਼ ਕਰਨ ਦਾ ਅਮੁੱਕ ਜਜ਼ਬਾ ਵੀ ਹੈ। ਬੇਸ਼ਕ ਬੇਵਸੀ ਵਿਚ ਤੂੰ ਆਪਣੀ ਵਿਧਵਾ ਹੋਈ ਮਾਂ ਨੂੰ ਚਿੱਠੀ ਲਿਖ ਬੈਠੀ ਸੈਂ, “ਮਾਂ, ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ। ਕ੍ਰਿਪਾ ਕਰ ਕੇ ਮੈਨੂੰ ਮੁਆਫ਼ ਕਰ ਦਿਓ, ਤੁਹਾਡੇ ਸੁਪਨੇ ਤੇ ਮੇਰੀ ਹਿੰਮਤ, ਸਭ ਕੁਝ ਟੁੱਟ ਗਿਆ। ਮੇਰੇ ਕੋਲ ਹੁਣ ਹੋਰ ਤਾਕਤ ਨਹੀਂ ਬਚੀ।”
ਨਹੀਂ ਧੀਏ! ਤਾਕਤ ਅਜੇ ਵੀ ਤੇਰੇ ਕੋਲ ਹੈ ਜੋ ਕੋਈ ਵੀ ਖੋਹ ਨਹੀਂ ਸਕਦਾ। ਅਸੀਂ ਤੈਨੂੰ ਜ਼ਖਮੀ ਸ਼ੇਰਨੀ ਵਾਂਗ ਮੁੜ ਕੁਸ਼ਤੀਆਂ `ਚ ਜੂਝਦੀ ਵੇਖਣਾ ਚਾਹੁੰਦੇ ਹਾਂ।
ਸਾਨੂੰ ਪਤਾ ਹੈ, ਤੂੰ ਕੇਵਲ ਨੌਂ ਸਾਲ ਦੀ ਬਾਲੜੀ ਸੈਂ ਜਦੋਂ ਤੇਰਾ ਬਾਬਲ ਪਰਲੋਕ ਸਿਧਾਰ ਗਿਆ ਸੀ ਤੇ ਮਾਂ ਵਿਚਾਰੀ ਬੱਚਿਆਂ ਨੂੰ ਪਾਲਦੀ ਕੈਂਸਰ ਦਾ ਸ਼ਿਕਾਰ ਹੋ ਬੈਠੀ ਸੀ। ਫਿਰ ਵੀ ਤੂੰ ਕੁਸ਼ਤੀਆਂ ਅਤੇ ਧੀਆਂ ਧਿਆਣੀਆਂ ਦੀ ਆਣ ਇੱਜ਼ਤ ਦੀ ਰਾਖੀ ਲਈ ਜੂਝਦੀ ਰਹੀ ਤੇ ਸੜਕਾਂ `ਤੇ ਘੜੀਸੀ ਜਾਂਦੀ ਰਹੀ ਪਰ ਹਾਰ ਨਹੀਂ ਮੰਨੀ। ਨਾਲ ਦੀ ਨਾਲ ਓਲੰਪਿਕ ਖੇਡਾਂ ਲਈ ਜਾਨ ਮਾਰ ਕੇ ਤਿਆਰੀ ਵੀ ਕਰਦੀ ਰਹੀ। ਪਰ ਤੇਰੇ ਨਾਲ ਜੱਗੋਂ ਤੇਰ੍ਹਵੀਂ ਹੋਈ। ਜੀਹਨੂੰ ਤੂੰ ਸਭ ਦੇ ਸਾਹਮਣੇ ਹਰਾਇਆ ਉਹ ਤਾਂ ਮੈਡਲ ਹਾਸਲ ਕਰ ਗਈ ਪਰ ਤੂੰ ਖਾਲੀ ਹੱਥ ਰਹੀ।
ਹੁਣ ਕਰੋੜਾਂ ਲੋਕਾਂ ਦੀ ਹਮਦਰਦੀ ਤੇਰੇ ਨਾਲ ਹੈ। ਸਭਨਾਂ ਦੀ ਇੱਛਾ ਹੈ ਕਿ ਤੂੰ ਸ਼ੀਹਣੀ ਵਾਂਗ ਮੁੜ ਗਰਜੀਂ ਤੇ ਅਗਲੀਆਂ ਓਲੰਪਿਕ ਖੇਡਾਂ ਲਈ ਆਪਣੀ ਤਿਆਰੀ ਜਾਰੀ ਰੱਖੀਂ। ਜੁਝਾਰੂ ਕਦੇ ਹਾਰ ਨਹੀਂ ਮੰਨਿਆ ਕਰਦੇ। ਕੀ ਹੋਇਆ, ਸਾਜ਼ਿਸੀ ਤੇ ਜਰਵਾਣੀ ਸਿਆਸਤ ਨੇ ਤੈਨੂੰ ਓਲੰਪਿਕ ਖੇਡਾਂ ਦਾ ਮੈਡਲ ਨਹੀਂ ਜਿੱਤਣ ਦਿੱਤਾ ਅਤੇ ਦੇਸ਼ ਨੂੰ ਵੀ ਗੋਲਡ ਮੈਡਲ ਦਾ ਘਾਟਾ ਪਾ ਦਿੱਤਾ। ਪਰ ਤੂੰ ਫਿਰ ਜਿੱਤੇਂਗੀ ਤੇ ਓਲੰਪਿਕ ਖੇਡਾਂ ਦੇ ਵਿਕਟਰੀ ਸਟੈਂਡ `ਤੇ ਚੜ੍ਹਨੋਂ ਤੈਨੂੰ ਕੋਈ ਨਹੀਂ ਰੋਕ ਸਕੇਗਾ। ਸਾਜ਼ਿਸ਼ੀ ਸਿਆਸਤ ਸਦਾ ਨਹੀਂ ਚਲਦੀ ਹੁੰਦੀ। ਲੋਕ ਨਿਰਪੱਖ ਜਾਂਚ ਦੀ ਮੰਗ ਕਰਨਗੇ।
ਸਾਡੀ ਬਹਾਦਰ ਧੀਏ! ਅਸੀਂ ਤੈਨੂੰ ਹਾਰੀ ਨਹੀਂ, ਜਿੱਤੀ ਮੰਨਦੇ ਹਾਂ। ਆਮ ਲੋਕਾਂ ਦੀ ਨਜ਼ਰ ਵਿਚ ਤੂੰ ਅਸਲੀ ਓਲੰਪਿਕ ਚੈਂਪੀਅਨ ਹੈਂ। ਲੋਕ ਤੇਰਾ ਮਾਨ ਸਨਮਾਨ ਓਲੰਪਿਕ ਖੇਡਾਂ ਦੇ ਸਨਮਾਨ ਤੋਂ ਵੀ ਵੱਧ ਕਰਨਗੇ। ਅਜੇ ਚਾਰ ਪੰਜ ਸਾਲ ਤੂੰ ਉੱਚ ਪਾਏ ਦੀਆਂ ਕੁਸ਼ਤੀਆਂ ਲੜ ਸਕਦੀ ਐਂ। ਨਿਰਾਸ਼ ਨਹੀਂ ਹੋਣਾ, ਸਦਾ ਚੜ੍ਹਦੀ ਕਲਾ `ਚ ਰਹਿਣਾ, ਸਾਡੀ ਇਹੋ ਅਰਦਾਸ, ਇਹੋ ਦੁਆ ਹੈ! ਅਸੀਂ ਲੇਖਕ ਲੋਕ ਜਿੰਨੇ ਜੋਗੇ ਹਾਂ ਤੇਰੇ ਨਾਲ ਹਾਂ, ਪੀੜਤ ਧਿਰ ਨਾਲ ਹਾਂ, ਜੀਹਦੀ ਸਦਾ ਸਪੋਰਟ ਕਰਦੇ ਰਹਾਂਗੇ। ਵੇਖੀਂ ਕਿਤੇ ਦਿਲ ਨਾ ਛੱਡ ਬੈਠੀਂ।