ਪ੍ਰਿੰ. ਸਰਵਣ ਸਿੰਘ
ਪੈਰਿਸ ਦੀਆਂ ਓਲੰਪਿਕ ਖੇਡਾਂ `ਚੋਂ ਜਿਥੇ ਬੀਬੀ ਵਿਨੇਸ਼ ਫੋਗਟ ਹੱਥੋਂ ਕਿਸੇ ਸਾਜ਼ਿਸ਼ੀ ਛੜਯੰਤਰ ਕਰਕੇ ਗੋਲਡ ਮੈਡਲ ਖੁੱਸ ਜਾਣ ਦੀਆਂ ਦਰਦ ਭਰੀਆਂ ਖ਼ਬਰਾਂ ਆਈਆਂ ਉਥੇ ਨਦੀਮ, ਨੀਰਜ ਤੇ ਉਨ੍ਹਾਂ ਦੀਆਂ ਮਾਵਾਂ ਨੇ ਆਪਸੀ ਮੋਹ ਪਿਆਰ ਦੀਆਂ ਬਾਤਾਂ ਪਾਈਆਂ। ਹਿੰਦ-ਪਾਕਿ ਦੀ ਦੋਸਤੀ ਵਧਾਉਣ ਵਾਲੇ ਤੇ ਇਕ ਦੂਜੇ ਦੇ ਗਲੇ ਮਿਲਣ ਵਾਲੇ ਪਿਆਰੇ ਬੋਲ ਬੋਲੇ।
ਜੈਵਲਿਨ ਸੁੱਟਣ `ਚ ਅੱਵਲ ਆਉਣ ਵਾਲੇ ਪਾਕਿ ਪੰਜਾਬ ਦੇ ਲੰਮੇ ਝੰਮੇ ਜੁਆਨ ਅਰਸ਼ਦ ਨਦੀਮ ਤੇ ਦੋਮ ਆਉਣ ਵਾਲੇ ਸੋਹਣੇ ਸੁਨੱਖੇ ਹਰਿਆਣਵੀ ਗਭਰੂ ਨੀਰਜ ਕੁਮਾਰ ਨੇ ਇਕ ਦੂਜੇ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ। ਦੋਸਤਾਨਾਂ ਜੱਫੀਆਂ ਪਾਈਆਂ ਤੇ ਇੱਕ ਦੂਜੇ ਨੂੰ ਹੋਰ ਅੱਗੇ ਵਧਣ ਦੀਆਂ ਸ਼ੁਭ ਇਛਾਵਾਂ ਸਾਂਝੀਆਂ ਕੀਤੀਆਂ। ਅੱਗੋਂ ਉਨ੍ਹਾਂ ਦੀਆਂ ਮਾਵਾਂ ਨੇ ਤਾਂ ਮੋਹ ਪਿਆਰ ਦੇ ਬੋਲਾਂ ਦੀ ਹੱਦ ਹੀ ਮੁਕਾ ਦਿੱਤੀ!
ਪਾਣੀਪਤ ਲਾਗਿਓਂ ਨੀਰਜ ਦੀ ਮਾਂ ਬੀਬੀ ਸਰੋਜ ਦੇਵੀ ਨੇ ਕਿਹਾ, ਕੀ ਹੋਇਆ ਜੇ ਐਤਕੀਂ ਮੇਰਾ ਪੁੱਤਰ ਨੀਰਜ ਗੋਲਡ ਮੈਡਲ ਦੀ ਥਾਂ ਚਾਂਦੀ ਦਾ ਮੈਡਲ ਹੀ ਜਿੱਤ ਸਕਿਆ ਤੇ ਉਹਦਾ ਪਾਕਿਸਤਾਨੀ ਦੋਸਤ ਨਦੀਮ ਗੋਲਡ ਮੈਡਲ ਜਿੱਤ ਗਿਆ। ਨਦੀਮ ਵੀ ਤਾਂ ਮੇਰਾ ਪੁੱਤਰ ਈ ਐ! ਉਹਨੇ ਕਿਹੜਾ ਘੱਟ ਮਿਹਨਤ ਕੀਤੀ ਸੀ। ਭਗਵਾਨ ਦੋਹਾਂ ਨੂੰ ਭਾਗ ਲਾਵੇ! ਜਦੋਂ ਕਦੇ ਮੇਲ ਹੋਇਆ ਤਾਂ ਮੈਂ ਦੋਹਾਂ ਪੁੱਤਰਾਂ ਨੂੰ ਆਪਣੇ ਹੱਥੀਂ ਚੂਰਮਾ ਖੁਆਵਾਂਗੀ।
ਸਰਹੱਦ ਦੇ ਦੂਜੇ ਬੰਨੇ ਲਹਿੰਦੇ ਪੰਜਾਬ ਦੇ ਕਸਬੇ ਮੀਆਂ ਚੰਨੂੰ ਰਹਿੰਦੀ ਨਦੀਮ ਦੀ ਮਾਂ ਬੀਬੀ ਰਜ਼ੀਆ ਪਰਵੀਨ ਨੇ ਕਿਹਾ, ਮੇਰੇ ਨਦੀਮ ਵਾਂਗ ਉਹਦਾ ਦੋਸਤ ਨੀਰਜ ਵੀ ਮੇਰਾ ਪੁੱਤਰ ਈ ਏ। ਦੋਵੇਂ ਵੱਡੀਆਂ ਉਮਰਾਂ ਵਾਲੇ ਹੋਣ। ਦੋਹਾਂ ਨੂੰ ਭਾਗ ਲੱਗੇ ਰਹਿਣ। ਅੱਲਾ ਦੋਹਾਂ ਪੁੱਤਰਾਂ `ਤੇ ਮਿਹਰ ਦਾ ਹੱਥ ਰੱਖੇ।
ਇਹ ਹੈ ਓਲੰਪਿਕ ਖੇਡਾਂ ਦੀ ਅਸਲੀ ਭਾਵਨਾ।
ਜਦੋਂ ਯੂਨਾਨ ਵਿਚ ਪੁਰਾਤਨ ਓਲੰਪਿਕ ਖੇਡਾਂ ਹੁੰਦੀਆਂ ਸਨ ਤਾਂ ਖੇਡਾਂ ਦੇ ਦਿਨੀਂ ਲੜਾਈਆਂ ਬੰਦ ਹੋ ਜਾਂਦੀਆਂ ਸਨ। ਪਰ ਅਜੋਕੇ ਦੌਰ ਵਿਚ ਅਸੀਂ ਵੇਖਦੇ ਹਾਂ ਕਿ ਨਫਰਤਾਂ ਦੇ ਬੀਜ ਬੀਜਣ ਵਾਲੇ ਮੌਕਾਪ੍ਰਸਤ ਸਿਆਸਤਦਾਨਾਂ ਨੇ ਖੇਡਾਂ ਦਾ ਪਿੜ ਵੀ ਨਹੀਂ ਬਖ਼ਸ਼ਿਆ। ਜਦ ਕਦੇ ਕਿਸੇ ਖੇਡ ਦਾ ਹਿੰਦ-ਪਾਕਿ ਮੁਕਾਬਲਾ ਹੁੰਦਾ ਹੈ ਤਾਂ ਉਥੇ ਵੀ ਉਹ ਅਜਿਹਾ ਮਾਹੌਲ ਸਿਰਜ ਦਿੰਦੇ ਹਨ ਕਿ ਦੋਹਾਂ ਦੇਸ਼ਾਂ ਦੇ ਲੋਕ ਇਕ ਦੂਜੇ ਨੂੰ ਦੁਸ਼ਮਣ ਸਮਝਣ। ਉਹ ਆਮ ਲੋਕਾਂ ਨੂੰ ਆਪਣੇ ਗੁਆਂਢੀ ਮੁਲਕ ਵਿਰੁਧ ਭੜਕਾ ਕੇ ਆਪਣਾ ਉੱਲੂ ਸਿੱਧਾ ਕਰਦੇ ਰਹੇ ਹਨ। ਉਸ ਵਤੀਰੇ ਨਾਲ ਦੋਹਾਂ ਦੇਸ਼ਾਂ ਦਾ ਨੁਕਸਾਨ ਤਾਂ ਹੁੰਦਾ ਹੀ ਰਿਹੈ ਜਦ ਕਿ ਦੋਹਾਂ ਦੇਸ਼ਾਂ ਦੇ ਪੰਜਾਬਾਂ ਦਾ ਤਾਂ ਕੱਖ ਵੀ ਨਹੀਂ ਰਿਹਾ। ਸਰਹੱਦਾਂ ਏਨੀਆਂ ਪੱਕੀਆਂ ਕਰ ਦਿੱਤੀਆਂ ਹਨ ਕਿ ਆਪਸੀ ਮੇਲ ਗੇਲ ਦੀ ਥਾਂ ਵਣਜ ਵਪਾਰ ਦੇ ਰਾਹ ਵੀ ਬੰਦ ਕਰ ਦਿੱਤੇ ਹਨ। ਦੋਹਾਂ ਦੇਸ਼ਾਂ ਦੀਆਂ ਮੌਕਾਪ੍ਰਸਤ ਹਕੂਮਤਾਂ ਨੂੰ ਨਦੀਮ, ਨੀਰਜ ਤੇ ਉਨ੍ਹਾਂ ਦੀਆਂ ਮਾਵਾਂ ਦੇ ਦਿਲੋਂ ਨਿਕਲੇ ਬੋਲ ਗੌਰ ਨਾਲ ਵਿਚਾਰਨੇ ਚਾਹੀਦੇ ਹਨ। ਹਿੰਦ-ਪਾਕਿ ਦੇ ਆਮ ਲੋਕ ਆਪਸ ਵਿਚ ਨਫਰਤ ਦੀ ਥਾਂ ਪ੍ਰੇਮ ਪਿਆਰ ਲੋਚਦੇ ਹਨ।
ਪੰਜਾਬੀ ਹੁਣ ਪੰਜ ਦਰਿਆਵਾਂ ਦੀ ਧਰਤੀ ਤਕ ਹੀ ਸੀਮਤ ਨਹੀਂ ਰਹੇ। ਐਸੇ ਸੌ ਤੋਂ ਵੱਧ ਮੁਲਕ ਹਨ ਜਿਨ੍ਹਾਂ ਵਿਚ ਥੋੜ੍ਹੇ ਬਹੁਤੇ ਪੰਜਾਬੀ ਵੀ ਵਸਦੇ ਹਨ। ਪੰਜਾਬੀਆਂ ਦਾ ਹੁਣ ਗਲੋਬਲ ਵਾਸਾ ਹੋ ਗਿਆ ਹੈ ਤੇ ਪੰਜਾਬੀ ਗਲੋਬਲ ਭਾਸ਼ਾ ਬਣ ਗਈ ਹੈ। ਪੰਜਾਬੀ ਜਿਥੇ ਗਏ ਹਨ ਉਥੇ ਆਪਣਾ ਸਭਿਆਚਾਰ ਵੀ ਲੈ ਗਏ ਹਨ। ਐਸੇ ਅਨੇਕਾਂ ਮੁਲਕ ਹਨ ਜਿਨ੍ਹਾਂ ਵਿਚ ਪੰਜਾਬੀ ਖੇਡ ਮੇਲੇ ਲੱਗਣ ਲੱਗੇ ਹਨ।
ਸਮੇਂ ਦੀ ਲੋੜ ਹੈ ਕਿ ਹਰ ਚਾਰ ਸਾਲਾਂ ਬਾਅਦ ਓਲੰਪਿਕ ਖੇਡਾਂ ਦੀ ਤਰਜ਼ `ਤੇ ‘ਵਿਸ਼ਵ ਪੰਜਾਬੀ ਖੇਡਾਂ’ ਹੋਣ। ਇਨ੍ਹਾਂ ਖੇਡਾਂ `ਚ ਕੁਲ ਦੁਨੀਆ ਵਿਚ ਵਸਦੇ ਪੰਜਾਬੀ ਮੂਲ ਦੇ ਖਿਡਾਰੀ ਭਾਗ ਲੈਣ। ਮਜ਼੍ਹਬਾਂ ਤੇ ਮੁਲਕਾਂ ਦਾ ਕੋਈ ਵਿਤਕਰਾ ਨਾ ਹੋਵੇ। ਉਹ ਖੇਡਾਂ ਪੰਜਾਬੀ ਸਭਿਆਚਾਰ ਨਾਲ ਓਤ ਪੋਤ ਹੋਣ ਤੇ ਉਨ੍ਹਾਂ ਵਿਚ ਪੰਜਾਬ ਦੀਆਂ ਦੇਸੀ ਖੇਡਾਂ ਵੀ ਸ਼ਾਮਲ ਕੀਤੀਆਂ ਜਾਣ ਜਿਵੇਂ ਕਬੱਡੀ, ਕੁਸ਼ਤੀ, ਰੱਸਾਕਸ਼ੀ, ਗਤਕਾ ਤੇ ਨੇਜ਼ਾਬਾਜੀ ਆਦਿ। ਓਲੰਪਿਕ ਖੇਡਾਂ ਵਾਲੀਆਂ ਆਧੁਨਿਕ ਖੇਡਾਂ ਵੀ ਸ਼ਾਮਲ ਹੋਣ। ਵੱਖ ਵੱਖ ਮੁਲਕਾਂ ਵਿਚ ਵੱਸਦੇ ਪੰਜਾਬੀ ਆਪੋ ਆਪਣੇ ਮੁਲਕਾਂ ਵੱਲੋਂ ਜਾਂ ਆਜ਼ਾਦ ਤੌਰ `ਤੇ ਖੇਡਾਂ ਵਿਚ ਭਾਗ ਲੈ ਸਕਣ। ਇਉਂ ਪੰਜਾਬੀਅਤ ਦਾ ਜਜ਼ਬਾ ਪ੍ਰਫੁੱਲਤ ਹੋਣ ਨਾਲ ਸੌੜੀਆਂ ਫਿਰਕੂ ਸੋਚਾਂ ਨੂੰ ਢਾਹ ਲੱਗੇਗੀ।
ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੀ ਬਦਕਿਸਮਤੀ ਹੈ ਕਿ ਇੰਡੋ-ਪਾਕਿ ਖੇਡ ਮੇਲੇ ਲਗਾਤਾਰ ਨਹੀਂ ਲੱਗ ਸਕੇ। ਕਸ਼ਮੀਰ ਦੇ ਰੇੜਕੇ ਨੇ ਗੁਆਂਢੀ ਮੁਲਕਾਂ ਦੇ ਗੁਆਂਢਪੁਣੇ ਨੂੰ ਦੁਸ਼ਮਣੀ ਵਿਚ ਬਦਲੀ ਰੱਖਿਆ ਹੈ। ਪਹਿਲਾਂ ਪੰਜਾਬ ਤੇ ਬੰਗਾਲ ਨੂੰ ਨਰਕ ਬਣਾਇਆ ਤੇ ਫਿਰ ਕਸ਼ਮੀਰ ਨੂੰ ਜਹੰਨਮ ਬਣਾ ਦਿੱਤਾ। ਦੋਹਾਂ ਪੰਜਾਬਾਂ ਦੀ ਤਰੱਕੀ ਦੇ ਰਾਹ `ਚ ਵੱਡੀ ਰੁਕਾਵਟ ਇਹੋ ਹੈ ਕਿ ਦੋਹੇਂ ਭਾਰਤ-ਪਾਕਿ ਬਾਰਡਰ ਉਤੇ ਹਨ ਜਿਥੇ ਲੜਾਈ ਛੇੜ ਦੇਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੜਾਈ ਦੀ ਬਹੁਤੀ ਮਾਰ ਬਾਰਡਰ ਵਾਲਿਆਂ ਨੂੰ ਹੀ ਪੈਂਦੀ ਹੈ। ਕਸ਼ਮੀਰ ਦੇ ਨਾਂ ਉਤੇ ਜਿਹੜੀ ਵੀ ਲੜਾਈ ਲੱਗਦੀ ਹੈ ਉਹਦਾ ਬਹੁਤਾ ਸੇਕ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਲੱਗਦਾ ਹੈ। ਪੰਜਾਬ ਵਿਚ ਵੱਡੀ ਇੰਡਸਟਰੀ ਇਸੇ ਬਹਾਨੇ ਨਹੀਂ ਲਾਈ ਜਾਂਦੀ ਕਿ ਪੰਜਾਬ ਤੋਪਾਂ ਤੇ ਡਰੋਨਾਂ ਦੀ ਮਾਰ ਹੇਠ ਹੈ। ਹੋਰ ਤਾਂ ਹੋਰ ਪੰਜਾਬ ਦੇ ਹਵਾਈ ਮੁਸਾਫ਼ਰਾਂ ਲਈ ਅੰਮ੍ਰਿਤਸਰ ਦਾ ਹਵਾਈ ਅੱਡਾ ਵੀ ਓਡਾ ਵੱਡਾ ਕੌਮਾਂਤਰੀ ਅੱਡਾ ਨਹੀਂ ਬਣਾਇਆ ਗਿਆ ਜਿੱਡੇ ਦੀ ਲੋੜ ਸੀ। ਇਸੇ ਕਰਕੇ ਲੱਖਾਂ ਪੰਜਾਬੀ ਮੁਸਾਫ਼ਿਰ ਦਿੱਲੀ ਦੇ ਧੱਕੇ ਖਾਣ ਲਈ ਮਜਬੂਰ ਹਨ।
ਅਮਨ ਅਮਾਨ ਰਹੇ ਤਾਂ ਸਮੁੰਦਰੀ ਬੰਦਰਗਾਹਾਂ ਦੀ ਥਾਂ ਖੁਸ਼ਕ ਸਰਹੱਦਾਂ ਦੇ ਸ਼ਹਿਰ ਸਗੋਂ ਵਧੇਰੇ ਵਿਕਾਸ ਕਰਨ। ਇੰਜ ਆਪਸੀ ਵਪਾਰ ਵਧ ਫੁੱਲ ਸਕਦੈ। ਅੰਮ੍ਰਿਤਸਰ ਤੇ ਲਾਹੌਰ, ਫਿਰੋਜ਼ਪੁਰ ਤੇ ਕਸੂਰ, ਫਾਜ਼ਿਲਕਾ ਤੇ ਮੁਲਤਾਨ ਸੜਕੀ ਢੋਆ ਢੁਆਈ ਨਾਲ ਵਪਾਰ ਦੇ ਵੱਡੇ ਕੇਂਦਰ ਬਣ ਸਕਦੇ ਹਨ। ਪੰਜਾਬ ਦੀ ਵੰਡ ਨਾ ਹੁੰਦੀ ਤਾਂ ਏਸ਼ੀਆ ਦੀ ਸਭ ਤੋਂ ਵੱਡੀ ਉੱਨ ਮੰਡੀ ਫਾਜ਼ਿਲਕਾ ਤੋਂ ਹੈੱਡ ਸੁਲੇਮਾਨਕੀ ਨਾਲ ਜਾ ਲੱਗਣੀ ਸੀ ਤੇ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਨਾਲ ਆ ਲੱਗਣਾ ਸੀ। ਹੁਣ ਵੀ ਬੀਤ ਗਏ `ਤੇ ਝੂਰਨ ਦੀ ਥਾਂ ਉਹਤੋਂ ਸਬਕ ਸਿੱਖਣ ਦੀ ਲੋੜ ਹੈ।
ਪਿਛਲੇ ਵਰਿ੍ਹਆਂ ਵਿਚ ਕੌਮਾਂਤਰੀ ਪੱਧਰ `ਤੇ ਐਸੀਆਂ ਘਟਨਾਵਾਂ ਘਟੀਆਂ ਨੇ ਜਿਨ੍ਹਾਂ ਕਰਕੇ ਚਿਰੀਂ ਵਿਛੜੇ ਵਤਨੀਆਂ ਦੇ ਮੇਲ ਹੋਏ ਹਨ। ਜਰਮਨਾਂ ਨੇ ਜਰਮਨ ਭਾਈਚਾਰੇ ਨੂੰ ਵੰਡਦੀ ਬਰਲਿਨ ਦੀ ਦੀਵਾਰ ਢਾਹ ਘੱਤੀ ਹੈ। ਵੀਅਤਨਾਮੀਏ ਵਿਛੜ ਕੇ ਇਕ ਹੋਏ ਸਨ। ਦੱਖਣੀ ਤੇ ਉੱਤਰੀ ਕੋਰੀਆ ਦੇ ਲੋਕ ਬਾਹਾਂ ਅੱਡ ਕੇ ਇਕ ਦੂਜੇ ਵੱਲ ਵਧੇ ਹਨ। ਪੰਜਾਬੀਆਂ ਦੇ ਕਾਫ਼ਲੇ ਵੀ ਧਾਅ ਕੇ ਇਕ ਦੂਜੇ ਨੂੰ ਮਿਲਣ ਲਈ ਉਮਡ ਪੈਣ ਤਾਂ ਕੋਈ ਵਜ੍ਹਾ ਨਹੀਂ ਕਿ ਚਤਰ ਚਲਾਕ ਸਿਆਸਤਦਾਨ ਹਮੇਸ਼ਾਂ ਲਈ ਉਨ੍ਹਾਂ ਦੇ ਰਾਹ ਰੋਕੀ ਰੱਖਣ। ਲੜਾਈਆਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ। ਖੇਡਾਂ ਨੂੰ ਐਵੇਂ ਨਹੀਂ ਲੜਾਈਆਂ ਦਾ ਬਦਲ ਕਿਹਾ ਜਾਂਦਾ। ਓਲੰਪਿਕ ਖੇਡਾਂ ਦੇ ਬਾਨੀ ਬੈਰਨ ਦਿ ਕੂਬਰਤਿਨ ਨੇ ਕਿਹਾ ਸੀ ਕਿ ਖਿਡਾਰੀਆਂ ਨੂੰ ਇਕ ਦੂਜੇ ਦੇ ਦੇਸ਼ ਭੇਜਣਾ ਸਭ ਤੋਂ ਸੱਚਾ ਤੇ ਸੁੱਚਾ ਵਪਾਰ ਹੈ। ਭਾਰਤ ਤੇ ਪਾਕਿਸਤਾਨ ਦੇ ਕੁਝ ਹੁੱਜਤੀ ਹਾਕਮਾਂ ਨੇ ਦੋਹਾਂ ਮੁਲਕਾਂ ਨੂੰ ਲੜਾ ਕੇ, ਨਫਰਤ ਫੈਲਾਅ ਕੇ ਬਥੇਰਾ ਨੁਕਸਾਨ ਕਰਵਾ ਲਿਆ ਹੈ। ਹੁਣ ਅਮਨ ਅਮਾਨ ਨਾਲ ਵਸ ਕੇ ਵੇਖਣ ਕਿ ਹਿੰਦ-ਮਹਾਂਦੀਪ ਮੁੜ ਸੋਨੇ ਦੀ ਚਿੜੀ ਕਿਵੇਂ ਬਣਦਾ ਹੈ?