ਇਕ ਬਟਾ ਚਾਰ ਚੋਰ

ਛਾਤੀ ਅੰਦਰਲੇ ਥੇਹ (6)
ਗੁਰਦਿਆਲ ਦਲਾਲ ਬੁਨਿਆਦੀ ਤੌਰ ‘ਤੇ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ

ਗੁਰਦਿਆਲ ਦਲਾਲ
ਫੋਨ: 91-98141-85363
ਸੰਨ 1961 ਵਿਚ ਮੈਂ ਨੌਵੀਂ ਜਮਾਤ ਵਿਚ ਪੜ੍ਹਦਾ ਸਾਂ। ਪਿੰਡ ਤਾਲਾਪੁਰ ਦੇ ਅਜੀਤ ਨਾਲ ਮੇਰੀ ਸਭ ਤੋਂ ਵੱਧ ਦੋਸਤੀ ਪੈ ਗਈ। ਅਜੀਤ ਬਹੁਤ ਸੁਹਣਾ, ਪੜ੍ਹਨ ਵਿਚ ਹੁਸ਼ਿਆਰ ਤੇ ਘਰੋਂ ਕਾਫ਼ੀ ਸੌਖਾ ਮੁੰਡਾ ਸੀ। ਉਸ ਦੇ ਕੱਪੜਿਆਂ ਤੋਂ ਉਸ ਦੀ ਅਮੀਰੀ ਝਲਕਦੀ। ਮੇਰਾ ਵੀ ਜੀਅ ਕਰਦਾ, ਮੈਂ ਉਸ ਵਰਗੇ ਕੱਪੜੇ ਅਤੇ ਬੂਟ ਪਾਵਾਂ ਪਰ ਸਾਡੇ ਤਾਂ ਚੂਹੇ ਵੀ ਭੁੱਖੇ ਮਰਦੇ ਸਨ। ਬੇਬੇ ਇਕੱਲੀ ਕਮਾਉਣ ਵਾਲੀ ਤੇ ਖਾਣ ਵਾਲੇ ਅਸੀਂ ਚਾਰ ਜਣੇ। ਜਿਥੇ ਰੋਟੀ ਦਾ ਸੰਸਾ ਹੋਵੇ, ਉਥੇ ਕੱਪੜਿਆਂ ਬਾਰੇ ਕੌਣ ਸੋਚ ਸਕਦਾ ਹੈ? ਅਸੀਂ ਉਹੀ ਕੁੜਤਾ ਪਜਾਮਾ ਸਾਲ ਭਰ ਦਬੱਲੀ ਜਾਂਦੇ। ਧੌੜੀ ਦੀ ਜੁੱਤੀ ਅਤੇ ਪਗੜੀ ਤਾਂ ਕਈ-ਕਈ ਸਾਲ ਕੱਢ ਦਿੰਦੀ। ਜਿਥੇ ਮੈਂ ਅਚਾਰ ਨਾਲ ਰੋਟੀ ਬੰਨ੍ਹ ਕੇ ਲਿਜਾਂਦਾ, ਅਜੀਤ ਡੱਬੇ ਵਿਚ ਪਰਾਉਂਠੇ ਅਤੇ ਸਬਜ਼ੀ ਲੈ ਕੇ ਆਉਂਦਾ। ਅਸੀਂ ਅੱਧੀ ਛੁੱਟੀ ਵੇਲੇ ਇਕੱਠੇ ਹੀ ਰੋਟੀ ਖਾਂਦੇ। ਉਹ ਅਚਾਰ ਚੁੱਕ ਲੈਂਦਾ, ਮੈਂ ਉਸ ਦੀ ਸਬਜ਼ੀ ਵਿਚ ਰੋਟੀ ਦੀ ਬੁਰਕੀ ਨਾਲ ਡੋਬਾ ਲਾ ਲੈਂਦਾ। ਰੋਟੀ ਖਾਣ ਮਗਰੋਂ ਉਹ ਮੈਨੂੰ ਬਾਜ਼ਾਰ ਲੈ ਜਾਂਦਾ। ਕਦੀ ਕੁਲਫ਼ੀ, ਕਦੀ ਛੋਲੇ, ਕਦੀ ਮਿੱਠੀਆਂ ਗੋਲੀਆਂ। ਪੈਸੇ ਉਹੀ ਦਿੰਦਾ। ਮੈਂ ਪੜ੍ਹਨ ਵਿਚ ਹੁਸ਼ਿਆਰ ਜ਼ਰੂਰ ਸਾਂ ਪਰ ਦੇਖਣ ਨੂੰ ਭੌਂਦੂ ਜਿਹਾ ਲਗਦਾ ਸਾਂ। ਮੈਂ ਅਤੇ ਅਜੀਤ ਵਿਹਲੇ ਪੀਰੀਅਡਾਂ ਵਿਚ ਵੀ ਸਵਾਲ ਕੱਢਦੇ ਰਹਿੰਦੇ।
ਸਾਡੇ ਪਿੰਡ ਰਾਇਪੁਰ ਵਿਚ ਕੋਈ ਰਿਸ਼ਤੇਦਾਰੀ ਸੀ ਅਜੀਤ ਦੀ। ਉਹ ਜਦੋਂ ਪਿੰਡ ਆਉਂਦਾ, ਸਾਡੇ ਘਰ ਵੀ ਆਉਂਦਾ। ਤਿੰਨ ਕੁ ਖਣਾਂ ਦਾ ਸਾਡਾ ਕੱਚਾ ਕੋਠਾ ਸੀ ਜਿਸ ਵਿਚ ਇਕ ਧਾਨਾਂ ਵਾਲੀ ਕੋਠੀ, ਇਕ ਪੇਟੀ, ਇਕ ਸੰਦੂਖ ਪਏ ਹੁੰਦੇ। ਨਾ ਕੋਈ ਕੁਰਸੀ, ਨਾ ਮੇਜ਼। ਅਜੀਤ ਨੂੰ ਬਿਠਾਉਣ ਲਈ ਤੇ ਉਸ ਨੂੰ ਖਵਾਉਣ ਲਈ ਵੀ ਸਾਡੇ ਘਰ ਕੁਝ ਨਾ ਹੁੰਦਾ। ਅਸੀਂ ਕੋਠੇ ‘ਤੇ ਚੜ੍ਹ ਕੇ ਕਿਸੇ ਮੰਜੀ ‘ਤੇ ਬੈਠ ਜਾਂਦੇ ਤੇ ਗੱਲਾਂ ਮਾਰਦੇ। ਮੇਰਾ ਜੀਅ ਕਰਦਾ, ਉਹ ਮੇਰੇ ਕੋਲ ਵੱਧ ਤੋਂ ਵੱਧ ਸਮਾਂ ਬੈਠਾ ਰਹੇ। ਇਕ ਵਾਰੀ ਮੈਂ ਉਸ ਨੂੰ ਸ਼ੇਰ ਵਾਲੀ ਚਾਬੀ ਦਾ ਛੱਲਾ ਦਿੱਤਾ ਤਾਂ ਉਹ ਬਹੁਤ ਖੁਸ਼ ਹੋਇਆ। ਅਜੀਤ ਨੂੰ ਮੇਰੀ ਗਰੀਬੀ ਨਾਲ ਕੋਈ ਘਿਰਣਾ ਨਹੀਂ ਸੀ। ਉਹ ਸਭਨਾਂ ਨਾਲ ਹੱਸ-ਹੱਸ, ਜੀ-ਜੀ ਕਰ ਕੇ ਬੋਲਦਾ। ਉਸ ਦੇ ਜਾਣ ਮਗਰੋਂ ਬੇਬੇ ਮੈਨੂੰ ਆਖਦੀ, “ਵੇ ਤੂੰ ਵੀ ਕਦੀ ਕਿਸੇ ਨੂੰ ‘ਜੀ’ ਕਹਿ ਦਿਆ ਕਰ।”
ਪਰ ਘਰ ਵਿਚ ਕਿਸੇ ਨੂੰ ‘ਜੀ’ ਕਹਿ ਕੇ ਬੁਲਾਉਣਾ ਮੈਨੂੰ ਬਹੁਤ ਔਖਾ ਲਗਦਾ। ਜਦੋਂ ਅਜੀਤ ਮੇਰੇ ਕੋਲੋਂ ਚਲਾ ਜਾਂਦਾ, ਮੈਂ ਅਗਲੇ ਦਿਨ ਦੀ ਉਡੀਕ ਸ਼ੁਰੂ ਕਰ ਦਿੰਦਾ। ਸਕੂਲ ਦੇ ਗੇਟ ਤੋਂ ਬਾਹਰ ਹੀ ਮੈਂ ਉਸ ਦਾ ਸਾਈਕਲ ਲੈ ਕੇ ਦੋ-ਤਿੰਨ ਗੇੜੇ ਬਾਜ਼ਾਰ ਵੱਲ ਲਾਉਂਦਾ। ਸਾਡੀ ਦੋਸਤੀ ਵਧਦੀ ਚਲੀ ਗਈ ਪਰ ਇਕ ਦਿਨ ਮਾੜੀ ਘਟਨਾ ਵਾਪਰ ਗਈ।
ਉਸ ਦਿਨ ਅਜੀਤ ਰਿਸੈਸ ਹੁੰਦਿਆਂ ਹੀ ਕਿਸੇ ਕੰਮ ਸਕੂਲੋਂ ਬਾਹਰ ਚਲਾ ਗਿਆ। ਅਸੀਂ ਕੁਝ ਮੁੰਡੇ ਜਮਾਤ ਵਿਚ ਹੀ ਪੋਣਿਆਂ ‘ਚੋਂ ਆਪੋ-ਆਪਣੀ ਰੋਟੀ ਕੱਢ ਕੇ ਖਾਣ ਲੱਗ ਪਏ। ਰੋਟੀ ਖਾਂਦਿਆਂ ਅਚਾਨਕ ਮੇਰੀ ਨਿਗ੍ਹਾ ਡੈਸਕ ਹੇਠ ਡਿੱਗੇ ਕੁਝ ਰੁਪਿਆਂ ‘ਤੇ ਜਾ ਪਈ। ਹੇਠ ਝੁਕ ਕੇ ਮੈਂ ਉਹ ਰੁਪਏ ਬੜੀ ਹੁਸ਼ਿਆਰੀ ਨਾਲ ਆਪਣੀ ਜੁੱਤੀ ਵਿਚ ਅੜੁੰਗ ਲਏ। ਰੋਟੀ ਉਵੇਂ ਪੋਣੇ ਵਿਚ ਲਪੇਟੀ ਤੇ ਝੋਲੇ ‘ਚ ਰੱਖ ਆਪ ਬਾਹਰ ਨਿਕਲ ਗਿਆ। ਨਿਵੇਕਲੀ ਜਿਹੀ ਥਾਂ ‘ਤੇ ਜਾ ਕੇ ਮੈਂ ਜੁੱਤੀ ‘ਚੋਂ ਰੁਪਏ ਕੱਢੇ ਤੇ ਗਿਣੇ। ਇਕ ਇਕ ਰੁਪਏ ਦੇ ਚਾਰ ਨੋਟ ਸਨ। ਸਵੇਰੇ ਹੀ ਇਹ ਰੁਪਏ ਮੈਂ ਅਜੀਤ ਕੋਲ ਦੇਖੇ ਸਨ। ਮੈਂ ਦੁਚਿੱਤੀ ਵਿਚ ਪੈ ਗਿਆ ਕਿ ਰੁਪਏ ਮੋੜਾਂ ਜਾਂ ਨਾ ਮੋੜਾਂ। ਵਾਰ-ਵਾਰ ਬੇਬੇ ਅਤੇ ਮਾਮੇ ਦੇ ਚਿਹਰੇ ਮੇਰੇ ਦਿਮਾਗ ਵਿਚ ਘੁੰਮੇ ਜੋ ਚੋਰੀ ਨੂੰ ਸਭ ਤੋਂ ਵੱਡਾ ਪਾਪ ਕਹਿੰਦੇ ਸਨ। ਵਾਰ-ਵਾਰ ਅਜੀਤ ਦਾ ਹੱਸਦਾ ਚਿਹਰਾ ਮੇਰੇ ਸਾਹਮਣੇ ਰੁਕਦਾ ਰਿਹਾ ਜਿਸ ਨੂੰ ਮੈਂ ਆਪਣਾ ਸਭ ਤੋਂ ਨੇੜੇ ਦਾ ਮਿੱਤਰ ਹੋਣ ਦਾ ਦਾਅਵਾ ਕਰਦਾ ਸਾਂ ਪਰ ਮਨ ਤਾਂ ਮਨ ਹੀ ਹੁੰਦਾ ਹੈ। ਬੇਈਮਾਨ ਹੋ ਗਿਆ! ਸੋਚ-ਸੋਚ ਮੈਂ ਫ਼ੈਸਲਾ ਕਰ ਲਿਆ ਕਿ ਇਕ ਰੁਪਿਆ ਰੱਖ ਕੇ ਤਿੰਨ ਅਜੀਤ ਨੂੰ ਮੋੜ ਦੇਵਾਂਗਾ। ਕਹਿ ਦਿਆਂਗਾ ਕਿ ਮੈਨੂੰ ਤਾਂ ਤਿੰਨ ਹੀ ਮਿਲੇ ਸਨ। ਇਕ ਰੁਪਿਆ ਹੌਲੀ-ਹੌਲੀ ਕੁਝ ਦਿਨਾਂ ਵਿਚ ਖਰਚਣ ਦੀ ਵਿਉਂਤ ਬਣਾ ਲਈ। ਸੋ, ਮੈਂ ਇਕ ਨੋਟ ਦੀ ਬੱਤੀ ਬਣਾਈ ਤੇ ਪਜਾਮੇ ਦੇ ਨੇਫੇ ਵਿਚ ਸਰਕਾ ਦਿੱਤੀ। ਜਮਾਤ ਵਿਚ ਵਾਪਸ ਆ ਕੇ ਮੈਂ ਅਜੀਤ ਨੂੰ ਕਿਹਾ, “ਆੜੀ ਸਿਆਂ, ਤੇਰਾ ਕੁਝ ਖੋਇਆ ਤਾਂ ਨਹੀਂ?”
ਉਸ ਨੇ ਜੇਬ ‘ਤੇ ਹੱਥ ਮਾਰਿਆ ਤੇ ਘਬਰਾ ਕੇ ਬੋਲਿਆ, “ਮੇਰੇ ਚਾਰ ਰੁਪਏ।”
ਮੈਂ ਆਪਣੀ ਜੇਬ ‘ਚੋਂ ਤਿੰਨ ਰੁਪਏ ਉਸ ਨੂੰ ਫੜਾਉਂਦਿਆਂ ਕਿਹਾ, “ਚਾਰ ਨਹੀਂ ਤਿੰਨ।”
“ਪਰ ਇਹ ਤਾਂ ਚਾਰ ਸੀਗੇ, ਇਕ ਕਿੱਥੇ ਗਿਆ?” ਅਜੀਤ ਹੈਰਾਨੀ ‘ਚ ਬੋਲਿਆ।
“ਦੇਖ ਯਾਰ, ਜੇ ਰੱਖਣੇ ਹੁੰਦੇ ਤਾਂ ਸਾਰੇ ਰੱਖ ਲੈਂਦਾ।” ਮੈਂ ਕਿਹਾ ਤਾਂ ਲਾਗੇ ਬੈਠਾ ਨਿਰਮਲ ਬੋਲ ਪਿਆ, “ਮੈਨੂੰ ਇਹਦੇ ‘ਤੇ ਸ਼ੱਕ ਏ। ਅੱਧੀ ਛੁੱਟੀ ਵੇਲੇ ਇਹਨੇ ਝੁਕ ਕੇ ਕੁਝ ਚੁੱਕਿਆ ਤੇ ਰੋਟੀ ਖਾਂਦਾ-ਖਾਂਦਾ ਝੋਲੇ ‘ਚ ਪਾ, ਬਾਹਰ ਨੂੰ ਦੌੜ ਗਿਆ। ਇਹ ਬਾਹਰ ਕੀ ਕਰਨ ਗਿਆ ਤਾ?”
ਅਜੀਤ ਨੇ ਮੇਰੇ ਝੋਲੇ ਵਿਚ ਰੋਟੀ ਪਈ ਦੇਖੀ ਤਾਂ ਉਸ ਨੂੰ ਵੀ ਮੇਰੇ ‘ਤੇ ਸ਼ੱਕ ਹੋ ਗਿਆ ਕਿ ਇਕ ਰੁਪਿਆ ਮੈਂ ਖਰਚ ਆਇਆ ਹਾਂ। ਉਹ ਬੋਲਿਆ, “ਸੱਚ ਸੱਚ ਦੱਸ ਤੂੰ ਇਕ ਰੁਪਿਆ ਖਾ ਆਇਆਂ? ਸੱਚ ਸੱਚ ਦੱਸ ਦੇ, ਤੈਨੂੰ ਮੇਰੀ ਸਹੁੰ ਲੱਗੇ।”
ਮੇਰਾ ਮੂੰਹ ਉਡ ਗਿਆ ਤੇ ਲੱਤਾਂ ਕੰਬਣ ਲੱਗੀਆਂ। ਮੈਥੋਂ ਬੋਲਿਆ ਹੀ ਨਾ ਜਾਵੇ। ਜ਼ੁਬਾਨ ਥਥਲਾ ਕੇ ਰਹਿ ਗਈ। ਆਪਣੇ ਸਭ ਤੋਂ ਨਜ਼ਦੀਕੀ ਦੋਸਤ ਦੀ ਮੈਂ ਸਹੁੰ ਕਿਵੇਂ ਖਾਂਦਾ? ਨਿਰਮਲ ਅਜੀਤ ਨੂੰ ਸਾਡੇ ਇੰਚਾਰਜ ਮਾਸਟਰ ਬਰਿੰਦਰ ਕੋਲ ਲੈ ਗਿਆ ਤੇ ਸ਼ਿਕਾਇਤ ਕਰਵਾ ਦਿੱਤੀ। ਮਾਸਟਰ ਜੀ ਨੇ ਮੈਨੂੰ ਸੱਦਿਆ। ਪੜਤਾਲ ਕਰਨ ਮਗਰੋਂ ਅਜੀਤ ਦੀ ਪਿੱਠ ਉਤੇ ਦੋ ਮੁੱਕੇ ਮਾਰ ਕੇ ਕਹਿਣ ਲੱਗੇ, “ਉਏ ਮੂਰਖਾ, ਇਕ ਤਾਂ ਇਸ ਇਮਾਨਦਾਰ ਮੁੰਡੇ ਨੇ ਤੇਰੇ ਪੈਸੇ ਮੋੜੇ, ਉਲਟਾ ਉਸੇ ਨੂੰ ਚੋਰ ਬਣਾਉਂਦਾ ਏਂæææਤੈਨੂੰ ਸ਼ਰਮ ਹੈ ਭੋਰਾ?”
ਜਮਾਤ ਵਿਚ ਆ ਕੇ ਅਜੀਤ ਬਾਕੀ ਰਹਿੰਦੇ ਤਿੰਨ ਪੀਰੀਅਡ ਮੇਰੇ ਨਾਲ ਨਾ ਬੋਲਿਆ। ਮੈਂ ਕਈ ਵਾਰੀ ਉਸ ਵੱਲ ਦੇਖਿਆ, ਉਹ ਨਜ਼ਰਾਂ ਚੁਰਾਉਂਦਾ ਰਿਹਾ। ਮੇਰਾ ਅੰਦਰ ਮੈਨੂੰ ਲਾਹਨਤਾਂ ਪਾਉਂਦਾ ਰਿਹਾ ਕਿ ਤੂੰ ਮਿੱਤਰ-ਧ੍ਰੋਹੀ ਏਂ, ਝੂਠਾ ਏਂ, ਚੋਰ ਏਂæææਤੈਨੂੰ ਉਸ ਦਾ ਰੁਪਿਆ ਮੋੜ ਦੇਣਾ ਚਾਹੀਦਾ ਹੈ। ਮੈਂ ਸੋਚਿਆæææ ਨੇਫ਼ੇ ‘ਚੋਂ ਰੁਪਿਆ ਕੱਢ ਫ਼ਰਸ਼ ‘ਤੇ ਸੁੱਟ ਦੇਵਾਂ ਤੇ ਉਸ ਨੂੰ ਆਖਾਂ, “ਅਹੁ ਦੇਖ ਤੇਰਾ ਨੋਟ ਪਿਆ।”
ਪਰ ਨੋਟ ਨੇਫ਼ੇ ਦੀ ਹਨੇਰੀ ਗਲੀ ਵਿਚ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ ਸੀ। ਘਰ ਜਾ ਕੇ ਮੈਂ ਰੁਪਿਆ ਕੱਢਿਆ ਤੇ ਕਿਤਾਬ ਵਿਚ ਰੱਖ ਲਿਆ। ਮੈਂ ਬਹੁਤ ਪ੍ਰੇਸ਼ਾਨ ਸਾਂ ਕਿ ਕਿੰਨੀ ਵੱਡੀ ਗਲਤੀ ਕਰ ਬੈਠਾ ਹਾਂ। ਸੋਚ-ਸੋਚ ਨਮੋਸ਼ੀ ਹੋ ਰਹੀ ਸੀ। ਰਾਤ ਭਰ ਨੀਂਦ ਨਾ ਆਈ। ਅਗਲੇ ਦਿਨ ਮੈਂ ਉਹ ਰੁਪਿਆ ਜੇਬ ਵਿਚ ਪਾਇਆ ਤੇ ਸਕੂਲ ਚਲਾ ਗਿਆ। ਮੈਂ ਅਜੀਤ ਨੂੰ ਬੁਲਾਇਆ ਤੇ ਮਿਲਾਉਣ ਲਈ ਹੱਥ ਕੱਢਿਆ। ਉਹ ਨਾ ਬੋਲਿਆ ਤੇ ਨਾ ਹੱਥ ਮਿਲਾਇਆ। ਉਸ ਨੇ ਮੇਰੇ ਵਾਲੇ ਡੈਸਕ ਤੋਂ ਆਪਣੀ ਸੀਟ ਵੀ ਬਦਲ ਲਈ। ਅੱਧੀ ਛੁੱਟੀ ਵੇਲੇ ਤੱਕ ਮੈਂ ਡੈਸਕ ‘ਤੇ ਬੈਠਾ ਤੜਫਦਾ ਰਿਹਾ। ਮੇਰੇ ਸਿਰ ਵਿਚ ਤੂਫ਼ਾਨ ਝੁਲਦਾ ਰਿਹਾ। ਪਤਾ ਨਹੀਂ, ਮਾਸਟਰ ਕੀ ਪੜ੍ਹਾਉਂਦੇ ਰਹੇ। ਅਜੀਤ ਨਾਲ ਬੈਠਣਾ ਮੇਰੀ ਆਦਤ ਬਣ ਚੁੱਕੀ ਸੀ। ਮੈਂ ਉਸ ਨੂੰ ਬੇਹੱਦ ਪਿਆਰ ਕਰਦਾ ਸਾਂ।
ਅੱਧੀ ਛੁੱਟੀ ਵੇਲੇ ਮੈਂ ਉਸ ਮਗਰ ਗਿਆ ਤੇ ਉਸ ਨੂੰ ਬਾਹੋਂ ਫੜ ਕੇ ਰੋਕ ਲਿਆ। ਫਿਰ ਜੇਬ ‘ਚੋਂ ਰੁਪਿਆ ਕੱਢ ਉਸ ਨੂੰ ਫੜਾਉਂਦਿਆਂ ਕਿਹਾ, “ਅਜੀਤ, ਜੇ ਤੈਨੂੰ ਮੇਰੇ ‘ਤੇ ਸ਼ੱਕ ਏ, ਤੂੰ ਆਹ ਰੁਪਿਆ ਲੈ ਲਾ। ਮੈਂ ਆਪਣੇ ਮਾਮੇ ਕੋਲੋਂ ਲੈ ਕੇ ਆਇਆ ਹਾਂ।”
ਉਸ ਨੇ ਰੁਪਿਆ ਫੜ ਕੇ ਉਲਟ-ਪੁਲਟ ਕੀਤਾ, ਫਿਰ ਬੋਲਿਆ, “ਝੂਠਿਆ! ਚੋਰਾ! ਦੇਖ ਇਸ ਉਤੇ ਏæਐਸ਼ ਲਿਖਿਆ ਹੋਇਆ। ਚਾਰਾਂ ਨੋਟਾਂ ‘ਤੇ ਮੈਂ ਏæਐਸ਼ ਲਿਖਿਆ ਸੀ। ਏæਐਸ਼ ਦਾ ਮਤਲਬ ਸਮਝਦਾ ਏਂæææ ਅਜੀਤ ਸਿੰਘ।”
ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੋਠੋਂ ਜ਼ਮੀਨ ਨਿਕਲ ਗਈ। ਮੈਂ ਬਹੁਤ ਸ਼ਰਮਿੰਦਾ ਹੋਇਆ ਤੇ ਮੇਰਾ ਸਿਰ ਚਕਰਾਉਣ ਲੱਗ ਪਿਆ। ਕੁਝ ਚਿਰ ਉਹ ਮੇਰੇ ਵੱਲ ਦੇਖਦਾ ਰਿਹਾ, ਫਿਰ ਮੇਰਾ ਹੱਥ ਘੁੱਟ ਕੇ ਫੜ ਲਿਆ ਤੇ ਬੋਲਿਆ, “ਚੱਲ ਛੱਡ, ਤੂੰ ਪੂਰਾ ਚੋਰ ਨਹੀਂ। ਇਕ ਬਟਾ ਚਾਰ ਚੋਰ ਏਂ। ਚੱਲ ਆਪਾਂ ਇਹ ਰੁਪਿਆ ਖਰਚ ਕੇ ਆਈਏ।”
(ਚਲਦਾ)

Be the first to comment

Leave a Reply

Your email address will not be published.