ਕੋਲਕਾਤਾ ਵਾਲੀ ਜਬਰ-ਜਨਾਹ ਅਤੇ ਕਤਲ ਦੀ ਖਬਰ ਨੇ ਪੂਰੇ ਭਾਰਤ ਅੰਦਰ ਰੋਹ ਭਰ ਦਿੱਤਾ ਹੈ। ਕੁੜੀਆਂ ਅਤੇ ਔਰਤਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਖ਼ਿਲਾਫ ਪੂਰੇ ਮੁਲਕ ਵਿਚ ਰੋਸ ਵਿਖਾਵੇ ਹੋ ਰਹੇ ਹਨ। ਉਂਝ, ਇਸ ਪ੍ਰਸੰਗ ਵਿਚ ਗੌਰ ਕਰਨ ਵਾਲਾ ਮਸਲਾ ਇਹ ਹੈ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਰਕਾਰਾਂ ਵੀ ਬਥੇਰੇ ਐਲਾਨ ਕਰਦੀਆਂ ਹਨ ਪਰ ਜ਼ਮੀਨੀ ਪੱਧਰ ‘ਤੇ ਅਜਿਹਾ ਕੁਝ ਨਹੀਂ ਕੀਤਾ ਜਾ ਰਿਹਾ ਜਿਸ ਦੀ ਭਾਰਤ ਵਰਗੇ ਮੁਲਕ ਨੂੰ ਜ਼ਰੂਰਤ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਨਿਰਭਯਾ ਜਬਰ-ਜਨਾਹ ਕੇਸ ਦੀ ਹੈ। ਇਹ ਘਟਨਾ ਦਿੱਲੀ ਵਿਚ 2012 ਵਿਚ ਹੋਈ ਸੀ। ਉਸ ਵਕਤ ਕੇਂਦਰ ਵਿਚ ਮਨਮੋਹਨ ਸਿੰਘ ਸਰਕਾਰ ਸੀ।
2013 ਵਿਚ ਤਤਕਾਲੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ 1000 ਕਰੋੜ ਰੁਪਏ ਦਾ ਨਿਰਭਯਾ ਫੰਡ ਕਾਇਮ ਕੀਤਾ ਸੀ। ਇਸ ਫੰਡ ਦਾ ਮਕਸਦ ਮੁਲਕ ਭਰ ਵਿਚ ਅਜਿਹੇ ਕੇਂਦਰ ਬਣਾਉਣੇ ਸਨ ਜਿਨ੍ਹਾਂ ਨੇ ਅਜਿਹੀ ਘਟਨਾਵਾਂ ਰੋਕਣ ਲਈ ਬੁਨਿਆਦਾਂ ਤਿਆਰ ਕਰਨੀਆਂ ਸਨ ਪਰ ਇਹ ਫੰਡ ਵਰਤਿਆ ਹੀ ਨਹੀਂ ਗਿਆ। 2014 ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਕੁੜੀਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਚੋਣ ਮੁੱਦਾ ਬਣਾਇਆ ਸੀ। ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਤੋਂ ਬਾਅਦ ਬੱਚੀਆਂ ਲਈ ਵਿਸ਼ੇਸ਼ ਮੁਹਿੰਮ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸ਼ੁਰੂ ਕੀਤੀ। ਇਸ ਮੁਹਿੰਮ ਦਾ ਆਧਾਰ ਤਾਂ ਭਾਵੇਂ ਹਰਿਆਣਾ ਵਿਚ ਘਟ ਰਹੀ ਕੁੜੀਆਂ ਦੀ ਸੰਖਿਆ ਸੀ ਪਰ ਇਸ ਨੂੰ ਔਰਤਾਂ ਦੀ ਸੁਰੱਖਿਆ ਵਜੋਂ ਵੀ ਪ੍ਰਚਾਰਿਆ ਗਿਆ। ਇਹ ਗੱਲ ਵੱਖਰੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿੰਨੀ ਬੇਹੁਰਮਤੀ ਬੱਚੀਆਂ ਦੀ ਕੀਤੀ, ਉਹ ਕਿਸੇ ਨੇ ਨਹੀਂ ਕੀਤਾ। ਉਤਰ ਪ੍ਰਦੇਸ਼ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਵਿਚ ਅਜਿਹੇ ਕੇਸ ਵਾਰ-ਵਾਰ ਸਾਹਮਣੇ ਆਏ ਜਿਸ ਵਿਚ ਸੱਤਾਧਾਰੀਆਂ ਨੇ ਬੱਚੀਆਂ ਨਾਲ ਵਧੀਕੀਆਂ ਕਰਨ ਵਾਲੇ ਰਸੂਖਵਾਨ ਸਿਆਸੀ ਲੀਡਰਾਂ ਦਾ ਸਦਾ ਬਚਾਓ ਕੀਤਾ। ਪਹਿਲਵਾਨ ਕੁੜੀਆਂ ਨਾਲ ਭਾਰਤੀ ਜਨਤਾ ਪਾਰਟੀ ਨੇ ਜੋ ਕੁਝ ਕੀਤਾ, ਉਹ ਭੁਲਾਇਆਂ ਵੀ ਨਹੀਂ ਭੁਲਾਇਆ ਜਾ ਸਕੇਗਾ।
ਭਲਵਾਨ ਕੁੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਤਤਕਾਲੀ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸਰਨ ਸਿੰਘ ਉਤੇ ਪਹਿਲਵਾਨ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਪਰ ਨਾ ਮੋਦੀ ਸਰਕਾਰ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਉਸ ਖ਼ਿਲਾਫ ਕੁਝ ਕੀਤਾ ਸਗੋਂ ਉਸ ਦਾ ਬਚਾਅ ਹੀ ਕੀਤਾ; ਇਹੀ ਨਹੀਂ, ਇਸ ਸ਼ਖਸ ਖ਼ਿਲਾਫ ਕਾਰਵਾਈ ਲਈ ਜੂਝ ਰਹੀਆਂ ਕੁੜੀਆਂ ਨੂੰ ਸੜਕਾਂ ਉਤੇ ਘੜੀਸਿਆ ਗਿਆ। ਜੂਝਣ ਵਾਲੀਆਂ ਇਨ੍ਹਾਂ ਪਹਿਲਵਾਨਾਂ ਵਿਚ ਸ਼ਾਖਸੀ ਮਲਿਕ ਅਤੇ ਵਿਨੇਸ਼ ਫੋਗਾਟ ਸ਼ਾਮਿਲ ਹਨ ਪਰ ਮੋਦੀ ਸਰਕਾਰ ਨੇ ਇਨ੍ਹਾਂ ਦੀ ਇਕ ਨਾ ਸੁਣੀ। ਵਿਨੇਸ਼ ਨੂੰ ਓਲੰਪਿਕ ਲਈ ਉਸ ਦੇ 53 ਕਿਲੋ ਵਰਗ ਵਿਚ ਜਾਣ-ਬੁਝ ਕੇ ਖਿਡਾਇਆ ਨਹੀਂ ਸਗੋਂ ਉਸ ਨੂੰ 50 ਕਿਲੋ ਵਰਗ ਵਿਚ ਵਿਚ ਖੇਡਣ ਲਈ ਮਜਬੂਰ ਕੀਤਾ। ਮਗਰੋਂ ਜੋ ਕੁਝ ਵੀ ਹੋਇਆ, ਉਹ ਹੁਣ ਇਤਿਹਾਸ ਦਾ ਹਿੱਸਾ ਹੈ ਅਤੇ ਸਰਕਾਰ ਦੀ ਵਧੀਕੀ ਅਤੇ ਢਿੱਲ ਕਾਰਨ ਵਿਨੇਸ਼ ਫੋਗਾਟ ਵਧੀਆ ਖੇਡ ਦੇ ਬਾਵਜੂਦ ਬਿਨਾਂ ਤਗਮਾ ਜਿੱਤੇ ਵਾਪਸ ਆ ਗਈ। ਉਂਝ, ਮੁਲਕ ਵਾਪਸੀ ‘ਤੇ ਉਸ ਦਾ ਜਿਸ ਢੰਗ ਨਾਲ ਸਵਾਗਤ ਹੋਇਆ, ਉਸ ਤੋਂ ਜਾਪ ਰਿਹਾ ਸੀ ਕਿ ਇਹ ਖਿਡਾਰੀ ਦਾ ਮਾਣ ਘੱਟ ਸਗੋਂ ਉਸ ਅੰਰਦਲੀ ਜੁਝਾਰੂ ਔਰਤ ਦਾ ਮਾਣ-ਸਨਮਾਨ ਵਧੇਰੇ ਹੈ। ਵਿਨੇਸ਼ ਨੇ ਉਸ ਵਕਤ ਵੀ ਪਿਛਾਂਹ ਹਟਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਸਭ ਨੂੰ ਲੱਗ ਰਿਹਾ ਸੀ ਕਿ ਇਸ ਨਾਲ ਉਸ ਦਾ ਕੁਸ਼ਤੀ ਕਰੀਅਰ ਦਾਅ ‘ਤੇ ਲੱਗ ਜਾਵੇਗਾ। ਵੱਡੇ ਤੋਂ ਵੱਡੇ ਟੂਰਨਾਮੈਂਟਾਂ ਵਿਚ ਜਿੱਤ-ਹਾਰ ਦਾ ਸਿਲਸਿਲਾ ਤਾਂ ਚੱਲਦਾ ਰਹਿੰਦਾ ਹੈ ਪਰ ਉਹ ਪਹਿਲਵਾਨ ਕੁੜੀਆਂ ਦੀ ਲੜਾਈ ਨੂੰ ਜਿਸ ਹੱਦ ਤੱਕ ਲੈ ਗਈ, ਉਸ ਨੇ ਪੂਰੇ ਮੁਲਕ ਵਿਚ ਉਸ ਦੇ ਪ੍ਰਸ਼ੰਸਕ ਪੈਦਾ ਕਰ ਦਿੱਤੇ ਅਤੇ ਜਦ ਉਸ ਨੇ ਓਲੰਪਿਕ ਵਿਚ ਮੈਚ-ਦਰ-ਮੈਚ ਜਿੱਤਦੀ ਨੇ ਇਤਿਹਾਸ ਬਣਾਇਆ ਤਾਂ ਚਾਰੇ ਪਾਸੇ ਉਸ ਦੇ ਹੱਕ ਵਿਚ ਮੁਹਿੰਮਾਂ ਚੱਲ ਪਈਆਂ ਅਤੇ ਜਦੋਂ ਭਾਰ ਵਾਲੇ ਮਾਮਲੇ ਵਿਚ ਉਸ ਨੂੰ ਟੂਰਨਾਮੈਂਟ ਵਿਚੋਂ ਬਾਹਰ ਕੀਤਾ ਗਿਆ ਤਾਂ ਲੋਕਾਂ ਦੀਆਂ ਹਮਦਰਦੀਆਂ ਹੜ੍ਹ ਵਾਂਗ ਚੜ੍ਹ ਆਈਆਂ।
ਜ਼ਾਹਿਰ ਹੈ ਕਿ ਵਿਨੇਸ਼ ਫੋਗਾਟ ਦੀ ਵੁਕਅਤ ਸਿਰਫ ਖਿਡਾਰੀ ਹੋਣ ਕਰ ਕੇ ਨਹੀਂ, ਉਹ ਅਸਲ ਵਿਚ ਕੁੜੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਖ਼ਿਲਾਫ ਜਿਸ ਤਰ੍ਹਾਂ ਕੇਂਦਰ ਸਰਕਾਰ ਖ਼ਿਲਾਫ ਡਟ ਗਈ, ਉਸ ਨੇ ਉਸ ਨੂੰ ਕਰੋੜਾਂ ਭਾਰਤੀਆਂ ਦੀ ਅੱਖ ਦਾ ਤਾਰਾ ਬਣਾ ਦਿੱਤਾ। ਉਂਝ ਵੀ ਜੇਕਰ ਹਾਲੀਆ ਘਟਨਾਵਾਂ ਦੀਆਂ ਤਹਿਆਂ ਫਰੋਲੀਆਂ ਜਾਣ ਤਾਂ ਸਾਬਤ ਹੁੰਦਾ ਹੈ ਕਿ ਅਜਿਹੇ ਸੰਘਰਸ਼ ਇਤਿਹਾਸ ਦਾ ਮੁਹਾਣ ਮੋੜਨ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਤਾਂ ਪਿੱਛੇ ਜਿਹੇ ਚੱਲੇ ਮਿਸਾਲੀ ਕਿਸਾਨ ਅੰਦੋਲਨ ਦੀ ਹੈ। ਇਸ ਅੰਦੋਲਨ ਨੇ ਬਾਕਾਇਦਾ ਸਾਬਿਤ ਕਰ ਦਿੱਤਾ ਕਿ ਜ਼ਾਲਮ ਤਾਨਾਸ਼ਾਹਾਂ ਦੀਆਂ ਗੋਡਣੀਆਂ ਲੁਆਈਆਂ ਜਾ ਸਕਦੀਆਂ ਹਨ। ਹੁਣ ਸਵਾਲ ਹੈ: ਕੀ ਹਰ ਇਕ ਮੁੱਦੇ ‘ਤੇ ਵਾਰ-ਵਾਰ ਲੜਾਈਆਂ ਲੜਨੀਆਂ ਪੈਣਗੀਆਂ? ਇਸ ਦਾ ਜਵਾਬ ‘ਹਾਂ’ ਵਿਚ ਹੀ ਹੈ ਕਿਉਂਕਿ ਭਾਰਤ ਦੀ ਸਿਆਸੀ ਜਮਾਤ ਇੰਨੀ ਭ੍ਰਿਸ਼ਟ ਅਤੇ ਲੋਕ ਵਿਰੋਧੀ ਹੋ ਗਈ ਹੈ ਕਿ ਇਸ ਨੂੰ ਪੈਰ-ਪੈਰ ‘ਤੇ ਅਜਿਹੀਆਂ ਲੜਾਈਆਂ ਦੇਣੀਆਂ ਪੈਣਗੀਆਂ, ਨਹੀਂ ਤਾਂ ਇਹ ਸਿਆਸੀ ਜਮਾਤ ਹਰ ਮਸਲੇ ਨੂੰ ਆਪਣੇ ਹੱਕ ਵਿਚ ਭੁਗਤਾਉਂਦੀ ਰਹੇਗੀ ਅਤੇ ਇਉਂ ਪਰਨਾਲਾ ਉਥੇ ਦਾ ਉਥੇ ਰਹੇਗਾ। ਕੋਲਕਾਤਾ ਵਾਲੀ ਘਟਨਾ ਤੋਂ ਬਾਅਦ ਹਰ ਰੰਗ ਦੀ ਸਿਆਸੀ ਜਮਾਤ ਇਸ ਘਟਨਾ ਤੋਂ ਲਾਹਾ ਲੈਣ ਲਈ ਇਕਦਮ ਸਰਗਰਮ ਹੋ ਗਈ ਹੈ। ਇਸ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਸਭ ਤੋਂ ਅਗਾਂਹ ਹੈ ਜਿਸ ਨੇ ਵਿਨੇਸ਼ ਫੋਗਾਟ ਨੂੰ ਲੀਹੋਂ ਲਾਹੁਣ ਅਤੇ ਜਿਨਸੀ ਸ਼ੋਸ਼ਣ ਵਾਲੇ ਕਈ ਮਾਮਲਿਆਂ ਵਿਚ ਰੱਜ ਕੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ। ਇਸ ਲਈ ਹੁਣ ਲੋਕਾਂ ਨੂੰ ਖੁਦ ਸੋਚਣਾ ਪਵੇਗਾ ਕਿ ਉਨ੍ਹਾਂ ਅਗਾਂਹ ਕੀ ਰੁਖ ਅਖਤਿਆਰ ਕਰਨਾ ਹੈ।