ਦਿੱਲੀ ਹਵਾਈ ਅੱਡੇ `ਤੇ ਐਨ.ਆਰ.ਆਈਜ਼ ਨੂੰ ਮਿਲਣਗੀਆਂ ਲੋੜੀਂਦੀਆਂ ਸਹੂਲਤਾਂ

ਨਵੀਂ ਦਿੱਲੀ: ਦੁਨੀਆ ਭਰ ‘ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ‘ਤੇ ‘ਪੰਜਾਬ ਸਹਾਇਤਾ ਕੇਂਦਰ‘ ਦਾ ਉਦਘਾਟਨ ਕੀਤਾ। ਸਹਾਇਤਾ ਕੇਂਦਰ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਸਾਡੇ ਲਈ ਅੱਜ ਇਕ ਇਤਿਹਾਸਕ ਦਿਨ ਹੈ ਕਿਉਂਕਿ ਪੰਜਾਬ ਅਜਿਹਾ ਉਪਰਾਲਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਤੋਂ ਸੂਬਾ ਸਰਕਾਰ ਦੀ ਐਨ.ਆਰ.ਆਈ. ਭਾਈਚਾਰੇ ਦੀ ਮਦਦ ਅਤੇ ਸਹਿਯੋਗ ਕਰਨ ਲਈ ਦ੍ਰਿੜ੍ਹ ਪ੍ਰਤੀਬੱਧਤਾ ਝਲਕਦੀ ਹੈ।“

ਉਨ੍ਹਾਂ ਆਖਿਆ ਕਿ ਕੇਂਦਰ 24 ਘੰਟੇ ਕਾਰਜਸ਼ੀਲ ਰਹੇਗਾ ਤੇ ਇਹ ਇਸ ਟਰਮੀਨਲ ‘ਤੇ ਆਉਣ ਵਾਲੇ ਐਨ.ਆਰ.ਆਈਜ਼. ਤੇ ਹੋਰ ਮੁਸਾਫਰਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਕੇਂਦਰ ਕੋਲ ਦੋ ਇਨੋਵਾ ਕਾਰਾਂ ਹੋਣਗੀਆਂ ਜੋ ਮੁਸਾਫਰਾਂ ਨੂੰ ਪੰਜਾਬ ਭਵਨ ਜਾਂ ਹੋਰ ਨੇੜਲੀਆਂ ਥਾਵਾਂ ‘ਤੇ ਲਿਜਾਣ ਲਈ ਮਦਦ ਕਰਨਗੀਆਂ। ਯਾਤਰੀ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਉਡਾਣਾਂ ਦੇ ਸਮੇਂ, ਟੈਕਸੀ ਸਰਵਿਸ, ਹਵਾਈ ਅੱਡੇ ‘ਤੇ ਗੁਆਚੇ ਸਾਮਾਨ ਬਾਰੇ ਸੂਚਿਤ ਕਰਨ ਜਾਂ ਕੋਈ ਹੋਰ ਸਹਾਇਤਾ ਲਈ ਇਸ ਕੇਂਦਰ ਤੱਕ ਪਹੁੰਚ ਕਰ ਸਕਦੇ ਹਨ।
ਮੁੱਖ ਮੰਤਰੀ ਮੁਤਾਬਕ ਜੇ ਕੋਈ ਐਮਰਜੈਂਸੀ ਪੇਸ਼ ਆਉਂਦੀ ਹੈ ਤਾਂ ਨਵੀਂ ਦਿੱਲੀ ਸਥਿਤ ਪੰਜਾਬ ਭਵਨ, ਕੌਪਰਨਿਕਸ ਮਾਰਗ ‘ਤੇ ਕੁਝ ਕਮਰੇ ਵੀ ਮੁਸਾਫਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਿੱਤੇ ਜਾਣਗੇ ਅਤੇ ‘‘ਕਿਸੇ ਤਰ੍ਹਾਂ ਦੀ ਵੀ ਸਹਾਇਤਾ ਲੈਣ ਲਈ ਫੋਨ ਨੰਬਰ 011-61232182 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।“ ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਤੋਂ ਕੌਮੀ ਰਾਜਧਾਨੀ ਆਉਣ ਵਾਲੇ ਵਾਹਨਾਂ ਦੀ ਨਿਰਵਿਘਨ ਐਂਟਰੀ ਦਾ ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ ਕਿਉਂਕਿ ਹੁਣ ਮਿਊਂਸਿਪਲ ਕਾਰਪੋਰੇਸ਼ਨ, ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਸੱਤਾ ‘ਚ ਹੈ।