ਸ੍ਰੀ ਨਨਕਾਣਾ ਸਾਹਿਬ ਲਾਂਘੇ ਦਾ ਮੁੱਦਾ ਸੰਸਦ ਵਿਚ ਗੂੰਜਿਆ

ਨਵੀਂ ਦਿੱਲੀ: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿਚ ਸ੍ਰੀ ਨਨਕਾਣਾ ਸਾਹਿਬ ਲਾਂਘੇ ਦਾ ਮੁੱਦਾ ਚੁੱਕਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਾਂਗ ਸ੍ਰੀ ਨਨਕਾਣਾ ਸਾਹਿਬ ਨੂੰ ਸੁਰੱਖਿਅਤ ਲਾਂਘਾ ਬਣਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ।

ਰਾਘਵ ਚੱਢਾ ਨੇ ਕਿਹਾ ਕਿ ਇਹ ਮਾਮਲਾ ਕਰੋੜਾਂ ਪੰਜਾਬੀਆਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਕਿਰਪਾ ਨਾਲ ਪਵਿੱਤਰ ਹੈ। 1947 ਦੀ ਵੰਡ ਸਮੇਂ ਦੇਸ਼ ਹੀ ਨਹੀਂ ਸਗੋਂ ਪੰਜਾਬ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਉਨ੍ਹਾਂ ਕਿਹਾ, “ਦੇਸ਼ ਦੀ ਵੰਡ ਸਮੇਂ ਮੇਰੇ ਪਰਿਵਾਰ ਸਮੇਤ ਲੱਖਾਂ ਪੰਜਾਬੀ ਪਰਿਵਾਰਾਂ ਦਾ ਖੂਨ ਵਹਾਇਆ ਗਿਆ। ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਸਾਡੇ ਤੋਂ ਵਿੱਛੜ ਗਏ ਪਰ ਇਸ ਤੋਂ ਵੱਡੀ ਤਰਾਸਦੀ ਇਹ ਹੈ ਕਿ ਸਾਡੇ ਗੁਰਦੁਆਰਾ ਸਾਹਿਬ ਵੀ ਸਾਡੇ ਤੋਂ ਵਿੱਛੜ ਗਏ।” ਉਨ੍ਹਾਂ ਕੇਂਦਰ ਸਰਕਾਰ ਅੱਗੇ ਤਿੰਨ ਮੰਗਾਂ ਰੱਖੀਆਂ। ਪਹਿਲੀ, ਜਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬਣਾ ਕੇ ਸੰਗਤਾਂ ਨੂੰ ਦਰਸ਼ਨ ਕਰਨ ਅਤੇ ਮੱਥਾ ਟੇਕਣ ਦਾ ਪ੍ਰਬੰਧ ਕੀਤਾ ਗਿਆ ਹੈ, ਉਸੇ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਲਾਂਘੇ ਸਬੰਧੀ ਵੀ ਕੰਮ ਕੀਤਾ ਜਾਵੇ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਮਿਲ ਕੇ ਲਾਂਘਾ ਬਣਾਉਣਾ ਚਾਹੀਦਾ ਹੈ। ਦੂਸਰੀ, ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ, ਪਾਸਪੋਰਟ, ਫ਼ੀਸ ਜਾਂ ਕੋਈ ਹੋਰ ਗੁੰਝਲਦਾਰ ਪ੍ਰਕਿਰਿਆ ਨਹੀਂ ਹੋਣੀ ਚਾਹੀਦੀ। ਤੀਸਰੀ, ਅੰਮ੍ਰਿਤਸਰ ਦੇ ਵਾਹਗਾ-ਅਟਾਰੀ ਬਾਰਡਰ ਤੋਂ ਸ੍ਰੀ ਨਨਕਾਣਾ ਸਾਹਿਬ ਦੀ ਦੂਰੀ 104 ਕਿਲੋਮੀਟਰ ਹੈ। ਇਹ ਦੂਰੀ ਕਾਰ ਜਾਂ ਬੱਸ ਰਾਹੀਂ ਢਾਈ ਘੰਟੇ ਵਿਚ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ।