ਪਟਿਆਲਾ: ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪਟਿਆਲਾ ਜਾਂ ਆਨੰਦਪੁਰ ਸਾਹਿਬ ਤੋਂ ਆਪਣੇ ਉਮੀਦਵਾਰ ਖੜ੍ਹੇ ਕਰਨ ਦੇ ਸੰਕੇਤ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਦੋਵੇਂ ਸੀਟਾਂ ਕਾਂਗਰਸ ਦਾ ਗੜ੍ਹ ਮੰਨੀਆਂ ਜਾਂਦੀਆਂ ਹਨ।
ਆਨੰਦਪੁਰ ਸਾਹਿਬ ਤੋਂ ਸਵਰਗੀ ਬੇਅੰਤ ਸਿੰਘ ਪਰਿਵਾਰ ਨਾਲ ਸਬੰਧਤ ਰਵਨੀਤ ਸਿੰਘ ਬਿੱਟੂ ਕਾਂਗਰਸ ਵੱਲੋਂ ਐਮæਪੀ ਹਨ ਤੇ ਮੁੜ ਫੇਰ ਪਾਰਟੀ ਵੱਲੋਂ ਉਨ੍ਹਾਂ ਨੂੰ ਹੀ ਉਮੀਦਵਾਰ ਬਣਾਏ ਜਾਣ ਦੀ ਉਮੀਦ ਹੈ। ਦੂਜੇ ਬੰਨੇ ਪਟਿਆਲਾ ਤੋਂ ਕੇਂਦਰੀ ਵਿਦੇਸ਼ ਮੰਤਰੀ ਪਰਨੀਤ ਕੌਰ ਜੋ ਲਗਾਤਾਰ ਤਿੰਨ ਵਾਰ ਇਥੋਂ ਕਾਂਗਰਸ ਦੀ ਤਰਫ਼ੋਂ ਐਮæਪੀ ਬਣ ਚੁੱਕੇ ਹਨ ਤੇ ਹੁਣ ਚੌਥੀ ਵਾਰ ਵੀ ਪਾਰਟੀ ਵੱਲੋਂ ਉਨ੍ਹਾਂ ਨੂੰ ਹੀ ਮੈਦਾਨ ਵਿਚ ਉਤਾਰਨਾ ਯਕੀਨੀ ਹੈ।
ਕੇਂਦਰੀ ਜੇਲ੍ਹ ਪਟਿਆਲਾ ਦੀ ਫਾਂਸੀ ਕੋਠੀ ਨੰਬਰ ਛੇ ਵਿਚੋਂ ਮੁਲਾਕਾਤ ਦੌਰਾਨ ਆਪਣੇ ਭੈਣ ਕਮਲਦੀਪ ਕੌਰ ਦੇ ਹੱਥ ਭੇਜੇ ਪੱਤਰ ਵਿਚ ਰਾਜੋਆਣਾ ਨੇ ਆਖਿਆ ਹੈ ਕਿ ਇਹ ਫੈਸਲਾ ਉਸ ਨੇ ਲੰਮੀ ਸੋਚ ਵਿਚਾਰ ਤੋਂ ਬਾਅਦ ਕੀਤਾ ਹੈ। ਉਸ ਦਾ ਆਖਣਾ ਹੈ ਕਿ ਅਧੂਰੇ ਛੱਡੇ ਗਏ ਸੰਘਰਸ਼ ਦੀ ਭਰਪਾਈ ਕਰਨ ਲਈ ਉਹ ਇਸ ਮੰਚ ਤੋਂ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ। ਭਾਈ ਰਾਜੋਆਣਾ ਨੇ ਹਾਲ ਦੀ ਘੜੀ ਇਨ੍ਹਾਂ ਦੋ ਸੀਟਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਵਿਚੋਂ ਕਿਸੇ ਇਕ ਸੀਟ ਤੋਂ ਤਾਂ ਪੱਕਾ ਹੀ ਉਸ ਵੱਲੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ। ਇਹ ਵੀ ਹੋ ਸਕਦਾ ਹੈ ਕਿ ਉਹ ਦੋਵੇਂ ਸੀਟਾਂ ਤੋਂ ਹੀ ਆਪਣਾ ਉਮੀਦਵਾਰ ਖੜ੍ਹਾ ਕਰ ਦੇਵੇ। ਉਸ ਨੇ ਕਿਹਾ ਕਿ ਇਹ ਚੋਣ ਕਿਸੇ ਨੂੰ ਹਰਾਉਣ ਜਾਂ ਕਿਸੇ ਨੂੰ ਜਿਤਾਉਣ ਲਈ ਨਹੀਂ, ਬਲਕਿ ਇਸ ਧਰਤੀ ਮਾਂ ਦੇ ਮਾਣ ਸਨਮਾਨ ਲਈ ਲੜੀ ਜਾਵੇਗੀ ਤੇ ਇਸ ਬਾਬਤ ਹੋਰ ਰੂਪ-ਰੇਖਾ ਅਗਲੇਰੀ ਸੋਚ ਵਿਚਾਰ ਤੋਂ ਬਾਅਦ ਉਲੀਕੀ ਜਾਵੇਗੀ।
ਯਾਦ ਰਹੇ ਕਿ ਸਵਰਗੀ ਬੇਅੰਤ ਸਿੰਘ ਦੀ 1995 ਵਿਚ ਪਟਿਆਲਾ ਦੇ ਹੀ ਵਸਨੀਕ ਦਿਲਾਬਰ ਸਿੰਘ ਵੱਲੋਂ ਮਨੁੱਖੀ ਬੰਬ ਬਣ ਕੇ ਕੀਤੀ ਗਈ ਹੱਤਿਆ ਦੇ ਦੋਸ਼ ਹੇਠ ਭਾਈ ਰਾਜੋਆਣਾ ਨੂੰ ਦਸੰਬਰ 1995 ਵਿਚ ਹੀ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਬਾਰੇ ਉਸ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਤਹਿਤ 30 ਮਾਰਚ, 2012 ਨੂੰ ਫਾਂਸੀ ਲਾਉਣ ਦੇ ਆਦੇਸ਼ ਵੀ ਜਾਰੀ ਹੋਏ ਸਨ ਪਰ ਬਾਅਦ ਵਿਚ ਰੋਕ ਲੱਗ ਗਈ ਸੀ। ਇਸ ਤੋਂ ਪਹਿਲਾਂ ਇੰਦਰਾ ਗਾਂਧੀ ਕਤਲ ਕੇਸ ਵਿਚ ਫਸੇ ਅਤਿੰਦਰਪਾਲ ਸਿੰਘ ਵੱਲੋਂ ਵੀ 1989 ਵਿਚ ਜੇਲ੍ਹ ਵਿਚ ਬੈਠਿਆਂ ਹੀ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਜਿੱਤ ਵੀ ਹਾਸਲ ਕੀਤੀ ਸੀ।
Leave a Reply