ਅਕਾਲੀ ਦਲ ਦਾ ਸੰਕਟ ਅਤੇ ਖੇਤਰੀ ਪਾਰਟੀਆਂ ਦੀਆਂ ਸੰਭਾਵਨਾਵਾਂ

ਨਵਕਿਰਨ ਸਿੰਘ ਪੱਤੀ
ਪੰਜਾਬ ਦੇ ਲੋਕ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੇ। ਦਲ ਦੀ ਇਸ ਸਮੁੱਚੀ ਹਾਲਤ ਬਾਰੇ ਚਰਚਾ ਸਾਡੇ ਕਾਲਮਨਵੀਸ ਨਵਕਿਰਨ ਸਿੰਘ ਪੱਤੀ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਅੱਜ ਦੇ ਦੌਰ ਵਿਚ ਜਦ ਦੋ ਖੇਤਰੀ ਪਾਰਟੀਆਂ ਦੇ ਸਹਿਯੋਗ ਤੋਂ ਬਗੈਰ ਭਾਜਪਾ ਦਾ ਕੇਂਦਰੀ ਸੱਤਾ ਵਿਚ ਬਣੇ ਰਹਿਣਾ ਮੁਸ਼ਕਿਲ ਹੈ ਤਾਂ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਗੰਭੀਰ ਸਿਆਸੀ ਸੰਕਟ ਵਿਚ ਘਿਰੀ ਹੋਈ ਹੈ। ਕਿਸੇ ਸਮੇਂ ਖੇਤਰੀ ਪਾਰਟੀਆਂ ਵਿਚੋਂ ਮੋਹਰੀ ਰਹੇ ਅਕਾਲੀ ਦਲ ਦੀ ਪਿਛਲੇ ਸੱਤ ਸਾਲਾਂ ਤੋਂ ਸੂਬੇ ਦੀ ਹਰ ਚੋਣ ਵਿਚ ਹੋ ਰਹੀ ਹਾਰ ਨੇ ਪਾਰਟੀ ਦੀ ਅੰਦਰੂਨੀ ਹਾਲਤ ਖਿੰਡਾਅ ਤੱਕ ਪਹੁੰਚਾ ਦਿੱਤੀ ਹੈ। ਅਕਾਲੀ ਦਲ ਦੇ ਜਿਸ ਕਾਰਜਕਾਲ ਦੌਰਾਨ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਹੁਣ ਉਸੇ ਕਾਰਜਕਾਲ ਉਪਰ ਗੰਭੀਰ ਸਵਾਲ ਉੱਠੇ ਹੋਏ ਹਨ। 30 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਦੀ ਹੋ ਰਹੀ ਇਕੱਤਰਤਾ ਵਿਚ ਸੁਖਬੀਰ ਸਿੰਘ ਬਾਦਲ ਦੇ ਮੁਆਫੀਨਾਮੇ ਸਬੰਧੀ ਕੋਈ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਪ੍ਰਧਾਨ ਤੋਂ ਬਾਗੀ ਹੋਏ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉਪਰ ਦਿੱਤੇ ਮੁਆਫੀਨਾਮੇ ਦੇ ਮੱਦੇਨਜ਼ਰ ਪ੍ਰਧਾਨ ਨੂੰ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਧਾਨ ਨੇ ਖੁਦ ਪੇਸ਼ ਹੋ ਕੇ ਮੁਆਫੀਨਾਮਾ ਸੌਂਪਿਆ ਗਿਆ ਸੀ ਜਿਸ ਉੱਪਰ ਫੈਸਲਾ ਸੁਣਾਇਆ ਜਾਣਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਨਤਕ ਕੀਤੇ ਸੁਖਬੀਰ ਸਿੰਘ ਬਾਦਲ ਦੇ ਮੁਆਫੀਨਾਮੇ ਵਿਚ ਬਾਦਲ ਨੇ ਬਿਨਾਂ ਸ਼ਰਤ ਖਿਮਾ ਜਾਚਨਾ ਮੰਗਦਿਆਂ ਲਿਖਿਆ ਹੈ ਕਿ ‘ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ, ਦਾਸ ਚੇਤ-ਅਚੇਤ ਵਿਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ-ਚੁੱਕਾਂ ਲਈ ਖ਼ਿਮਾ ਦਾ ਜਾਚਕ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਨਗੇ`। ਹੁਣ ਇਹ ਚਰਚਾ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਅੱਗੇ ਪਾਰਟੀ ਪ੍ਰਧਾਨ ਵਜੋਂ ਅਸਤੀਫਾ ਦੇ ਕੇ ਜਾਣਗੇ ਜਾਂ ਪ੍ਰਧਾਨ ਵਜੋਂ ਹੀ ਪੇਸ਼ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਦੀ ਬੁਨਿਆਦ 1995-96 ਦੇ ਉਸ ਦੌਰ ਵਿਚ ਬੱਝ ਗਈ ਸੀ ਜਦ ਅਕਾਲੀ ਦਲ ਦੇ ਪ੍ਰਧਾਨ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਸੀ ਅਤੇ ਫਰਵਰੀ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਕਾਲੀ-ਭਾਜਪਾ ਨੇ ਸਾਂਝੀਆਂ ਲੜ ਕੇ ਸਰਕਾਰ ਬਣਾਈ ਸੀ। ਪਰਿਵਾਰਵਾਦ ਵਿਚ ਗ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਪਾਸੇ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਉਭਾਰਨ ਦਾ ਨਤੀਜਾ ਇਹ ਹੋਇਆ ਕਿ 2007 ਤੋਂ ਲੈ ਕੇ 2017 ਤੱਕ ਅਕਾਲੀ-ਭਾਜਪਾ ਦੀ ਸਰਕਾਰ ਦੇ ਜਿਸ ਕਾਰਜਕਾਲ ਦਾ ਜ਼ਿਕਰ ਹੋ ਰਿਹਾ ਹੈ, ਉਸ ਕਾਰਜਕਾਲ ਦੌਰਾਨ ਸਰਕਾਰ ਦੀ ਵਾਗਡੋਰ ਮੁੱਖ ਰੂਪ ਵਿਚ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੀ ਜੋੜੀ ਦੇ ਹੱਥ ਵਿਚ ਸੀ। ਉਸ ਦਹਾਕੇ ਵਿਚ ਇਸ ਜੋੜੀ ਨੇ ਜਿੱਥੇ ਪੰਜਾਬ ਦੇ ਵੱਖ-ਵੱਖ ਕਾਰੋਬਾਰਾਂ ‘ਤੇ ਆਪਣੀ ਇਜਾਰੇਦਾਰੀ ਸਥਾਪਤ ਕੀਤੀ, ਉਥੇ ਅਕਾਲੀ ਦਲ ਦੇ ਵੱਕਾਰ ਨੂੰ ਵੱਡਾ ਖੋਰਾ ਲਾਇਆ। ਬਾਦਲ ਪਰਿਵਾਰ ਨੇ ਸੂਬੇ ਦੀ ਟਰਾਂਸਪੋਰਟ, ਕੇਬਲ ਸਨਅਤ, ਰੇਤ-ਬਜਰੀ ਕਾਰੋਬਾਰ, ਹੋਟਲਾਂ ‘ਤੇ ਨਿੱਜੀ ਇਰਜਾਰੇਦਾਰੀ ਸਥਾਪਤ ਕਰਨੀ ਪੰਜਾਬੀਆਂ ਨੂੰ ਜਚੀ ਨਹੀਂ। ਇਹ ਛੋਟੀ ਗੱਲ ਨਹੀਂ ਸੀ ਕਿ ਇਸ ਪੰਥਕ ਪਾਰਟੀ ਦੇ ਕਿਸੇ ਸੀਨੀਅਰ ਆਗੂ ‘ਤੇ ਨਸ਼ਿਆਂ ਦੇ ਮਾਮਲੇ ਵਿਚ ਇਲਜ਼ਾਮ ਲੱਗੇ ਹਨ। ਇਸੇ ਕਾਰਜਕਾਲ ਦੌਰਾਨ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਵਿਚ ਇਨਸਾਫ ਨਾ ਮਿਲਣਾ, ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਪੁਲਿਸ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ, ਸੁਮੇਧ ਸੈਣੀ ਨੂੰ ਸੂਬੇ ਦਾ ਡੀ.ਜੀ.ਪੀ. ਲਾਉਣਾ, ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮੁਆਫ਼ੀ ਅਜਿਹੀਆਂ ਘਟਨਾਵਾਂ ਸਨ ਜਿਨ੍ਹਾਂ ਨੇ ਅਕਾਲੀ ਦਲ ਦੀ ਸਾਖ ਨੂੰ ਖੋਰਾ ਲਾਇਆ।
ਪਾਰਟੀ ਵਿਚ ਭਾਰੂ ਹੋਏ ਪਰਿਵਾਰਵਾਦ ਅਤੇ ਪਾਰਟੀ ਲੀਡਰਸ਼ਿਪ ਦੀਆਂ ਆਪਹੁਦਰੀਆਂ ਦਾ ਸਿੱਟਾ ਸੀ ਕਿ ਲੰਮਾ ਸਮਾਂ ਸੂਬੇ ਦੀ ਸੱਤਾ ਉੱਪਰ ਕਾਬਜ਼ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਹਿਜ 3 ਸੀਟਾਂ ਮਿਲੀਆਂ ਸਨ; ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦਾ ਸਿਰਫ ਇਕ ਉਮੀਦਵਾਰ ਚੋਣ ਜਿੱਤ ਸਕਿਆ ਹੈ। ਇਨ੍ਹਾਂ ਚੋਣਾਂ ਦੌਰਾਨ ਪਾਰਟੀ ਦੇ 13 ਵਿਚੋਂ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਉਸ ਸਮੇਂ ਦੇ ਸਰਪ੍ਰਸਤ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਇਹ ਸੰਕੇਤ ਸੀ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ।
2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿਚ ਉਠੀਆਂ ਬਾਗੀ ਸੁਰਾਂ ਦੇ ਮੱਦੇਨਜ਼ਰ ਲਈ ਝੂੰਦਾ ਕਮੇਟੀ ਬਣਾ ਤਾਂ ਦਿੱਤੀ ਪਰ ਜਿਸ ਤਰ੍ਹਾਂ ਉਸ ਰਿਪੋਰਟ ਨੂੰ ਪ੍ਰਧਾਨ ਜੀ ਨੇ ਦੱਬ ਕੇ ਰੱਖਿਆ ਅਤੇ ਲੀਡਰਸ਼ਿਪ ਵਿਚ ਕੋਈ ਬਦਲਾਓ ਨਾ ਕੀਤਾ, ਉਸ ਨਾਲ ਵਰਕਰਾਂ ਵਿਚ ਨਿਰਾਸ਼ਤਾ ਵਧਦੀ ਗਈ। ਪਾਰਟੀ ਵਰਕਰਾਂ ਤੇ ਸੂਬੇ ਦੇ ਲੋਕਾਂ ਵਿਚ ਪਾਰਟੀ ਲੀਡਰਸ਼ਿਪ ਪ੍ਰਤੀ ਬਣੀ ਨਾਰਾਜ਼ਗੀ ਨੂੰ ਭਾਪਦਿਆਂ ਲੀਡਰਸ਼ਿਪ ਦੇ ਵੱਡੇ ਹਿੱਸੇ ਨੇ ਬਗਾਵਤ ਦਾ ਰਾਹ ਅਖਤਿਆਰ ਕਰ ਲਿਆ ਹੈ।
ਹੁਣ ਹਾਲਤ ਇਹ ਹੈ ਕਿ ਸਵਾਲ ਸਿਰਫ ਅਕਾਲੀ ਦਲ ਦੀ ਲੀਡਰਸ਼ਿਪ ਉਪਰ ਹੀ ਨਹੀਂ ਉੱਠ ਰਹੇ ਹਨ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਤਕਾਲੀ ਜਥੇਦਾਰ ਸਹਿਬਾਨ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਹੇਠ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਪੰਥਕ ਵੋਟਰਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨਾਂ ਵਿਚ ਚੰਗਾ ਆਧਾਰ ਰਿਹਾ ਹੈ ਪਰ ਬੀਤੇ ਵਿਚ ਅਕਾਲੀ ਦਲ ਨੇ ਅੱਖਾਂ ਮੀਚ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਹਾਂ ਵਿਚ ਹਾਂ ਮਿਲਾਉਣਾ ਕਿਸਾਨਾਂ ਦੇ ਇਸ ਪਾਰਟੀ ਤੋਂ ਦੂਰ ਹੋਣ ਦਾ ਵੱਡਾ ਕਾਰਨ ਬਣਿਆ ਹੈ। ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਵੀ ਅਕਾਲੀ ਦਲ ਵੱਲੋਂ ਲੰਮਾ ਸਮਾਂ ਮੋਦੀ ਸਰਕਾਰ ਦੇ ਪੱਖ ਵਿਚ ਬੋਲਿਆ ਜਾਂਦਾ ਰਿਹਾ।
ਤੱਥ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਇਤਿਹਾਸਕ ਗੁਰਦੁਆਰਿਆਂ ਨੂੰ ਅੰਗਰੇਜ਼ ਹਕੂਮਤ ਦੀ ਸਰਪ੍ਰਸਤੀ ਪ੍ਰਾਪਤ ਮਹੰਤਾਂ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਵਾਲੀ ਸੁਧਾਰਵਾਦੀ ਲਹਿਰ ਨਾਲ ਹੋਇਆ ਸੀ। ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਗੁਰਦੁਆਰਾ ਸੁਧਾਰ ਲਹਿਰ ਸਮੇਤ ਕਈ ਸੰਘਰਸ਼ਾਂ ਵਿਚ ਇਸ ਪਾਰਟੀ ਦੀ ਭੂਮਿਕਾ ਇਤਿਹਾਸਕ ਰਹੀ ਹੈ। ਸੰਘੀ ਢਾਂਚਾ ਅਤੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਇਸ ਪਾਰਟੀ ਦੇ ਏਜੰਡੇ ‘ਤੇ ਰਹੇ ਹਨ ਪਰ ਮਾਮਲੇ ਦਾ ਦੂਜਾ ਪਹਿਲੂ ਵੀ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਜਦ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਪਰਿਵਾਰ ਹੱਥ ਆਈ, ਤਦ ਤੋਂ ਹੀ ਇਸ ਪਾਰਟੀ ਦੀ ਦਿੱਖ ਹੀ ਬਦਲ ਦਿੱਤੀ ਗਈ। ਹੋਇਆ ਇਹ ਕਿ ਕਿਸੇ ਸਮੇਂ ਐਂਮਰਜੈਂਸੀ ਖਿਲਾਫ ਸੰਘਰਸ਼ ਕਰਨ ਵਾਲੀ ਪਾਰਟੀ ਲੰਮਾ ਸਮਾਂ ਭਾਜਪਾ ਦੇ ਫਿਰਕੂ ਏਜੰਡੇ ਦੀ ਹੱਥਠੋਕਾ ਬਣੀ ਰਹੀ। ਕਿਸੇ ਸਮੇਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੀ ਪਾਰਟੀ ਜੰਮੂ ਕਸ਼ਮੀਰ ਦੇ ਵੱਧ ਅਧਿਕਾਰ ਮਨਸੂਖ ਕਰਨ ਸਮੇਂ ਕੇਂਦਰੀ ਹਕੂਮਤ ਦੇ ਪੱਖ ਵਿਚ ਖੜ੍ਹ ਗਈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਅਕਾਲੀ ਦਲ ਦੇ ਸਿਆਸੀ ਨਿਘਾਰ ਲਈ ਬਾਦਲ ਪਰਿਵਾਰ ਮੁੱਖ ਰੂਪ ਵਿਚ ਜ਼ਿੰਮੇਵਾਰ ਹੈ ਪਰ ਸਾਰਾ ਕੁਝ ਬਾਦਲ ਉਪਰ ਸੁੱਟ ਕੇ ਹੁਣ ਪੰਜਾਬ ਪੱਖੀ ਹੋਣ ਦਾ ਦੰਭ ਰਚ ਰਹੇ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸੁਖਦੇਵ ਸਿੰਘ ਢੀਂਡਸਾ, ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ ਵਰਗੇ ਅਕਾਲੀ ਆਗੂ ਵੀ ਘੱਟ ਨਹੀਂ ਹਨ। ਜੇਕਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਮੁੰਡਾ, ਨੂੰਹ ਰਾਜਨੀਤੀ ਵਿਚ ਫਿੱਟ ਕੀਤੇ ਤਾਂ ਢੀਂਡਸਾ, ਬ੍ਰਹਮਪੁਰਾ, ਚੰਦੂਮਾਜਰਾ, ਮਲੂਕੇ ਵਰਗੇ ਅਕਾਲੀ ਲੀਡਰਾਂ ਨੇ ਵੀ ਤਾਂ ਉਹੀ ਕੁਝ ਕੀਤਾ ਹੈ। ਇਹਨਾਂ ਆਗੂਆਂ ਨੇ ਉਸ ਸਮੇਂ ਅਕਾਲੀ ਲੀਡਰਸ਼ਿਪ ਉਪਰ ਸਵਾਲ ਉਠਾਏ ਹਨ ਜਦ ਲੋਕ ਹੀ ਇਹਨਾਂ ਨੂੰ ਨਕਾਰ ਚੁੱਕੇ ਹਨ। ਹਕੀਕਤ ਇਹ ਹੈ ਕਿ 2007 ਤੋਂ 2017 ਤੱਕ ਦੇ ਕਾਰਜਕਾਲ ਉੱਪਰ ਇਹ ਹੁਣ 2024 ਵਿਚ ਬੋਲ ਰਹੇ ਹਨ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਜੇਕਰ ਅੱਜ ਵੀ ਅਕਾਲੀ ਦਲ ਸੱਤਾ ਵਿਚ ਹੁੰਦਾ ਤਾਂ ਇਹਨਾਂ ਬਾਗੀ ਲੀਡਰਾਂ ਵਿਚੋਂ ਕਿਸੇ ਨੇ ਨਹੀਂ ਕੁਸਕਣਾ ਸੀ।
ਲੰਘੀਆਂ ਲੋਕ ਸਭਾ ਚੋਣਾਂ ਨੇ ਇਹ ਸਿੱਧ ਕੀਤਾ ਹੈ ਕਿ ਦੇਸ਼ ਵਿਚੋਂ ਖੇਤਰੀ ਪਾਰਟੀਆਂ ਦਾ ਦੌਰ ਖਤਮ ਨਹੀਂ ਹੋਇਆ ਹੈ ਬਲਕਿ ਕਈ ਸੂਬਿਆਂ ਦੇ ਲੋਕਾਂ ਨੇ ਕੌਮੀ ਪਾਰਟੀਆਂ ਦੀ ਬਜਾਏ ਖੇਤਰੀ ਪਾਰਟੀਆਂ ਨੂੰ ਤਰਜੀਹ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਵੀ ਸੁਣੇ ਜਾ ਸਕਦੇ ਹਨ ਕਿ ਪੰਜਾਬੀਆਂ ਨੂੰ ਖੇਤਰੀ ਪਾਰਟੀ ਵੱਲ ਮੁੜਨਾ ਚਾਹੀਦਾ ਹੈ ਪਰ ਉਹ ਭੁੱਲ ਜਾਂਦੇ ਹਨ ਕਿ 1996-97 ਤੋਂ ਭਾਜਪਾ ਨਾਲ ਕੀਤੇ ਮੌਕਾਪ੍ਰਸਤ ਗੱਠਜੋੜ ਨੇ ਅਕਾਲੀ ਦਲ ਦੀ ਦਿੱਖ ਖੇਤਰੀ ਪਾਰਟੀ ਵਾਲੀ ਰਹਿਣ ਹੀ ਨਹੀਂ ਦਿੱਤੀ। ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਸੀਟਾਂ ਵੰਡ ਨੂੰ ਲੈ ਕੇ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ, ਅਕਾਲੀ ਦਲ ਤਾਂ ਭਾਜਪਾ ਨਾਲ ਮੌਕਾਪ੍ਰਸਤ ਗੱਠਜੋੜ ਕਰਨ ਦਾ ਹਾਮੀ ਸੀ। ਹੁਣ ਵੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦਾ ਬਾਗੀ ਧੜਾ ਭਾਜਪਾ ਨਾਲ ਕਦੇ ਗੱਠਜੋੜ ਨਹੀਂ ਕਰਨਗੇ, ਇਹ ਕਹਿਣਾ ਮੁਸ਼ਕਿਲ ਹੈ। ਅੱਜ ਦੇ ਦੌਰ ਵਿਚ ਹਾਕਮ ਜਮਾਤ ਪਾਰਟੀਆਂ ਤੋਂ ਲੋਕਾਂ ਦੇ ਭੰਗ ਹੋ ਰਹੇ ਮੋਹ ਦੇ ਚੱਲਦਿਆਂ ਖੇਤਰੀ ਪਾਰਟੀਆਂ ਦੇ ਉਭਾਰ ਦੀਆਂ ਸੰਭਾਵਨਾਵਾਂ ਤਾਂ ਮੌਜੂਦ ਹਨ ਪਰ ਅਕਾਲੀ ਦਲ ਦੇ ਮੁੜ ਉਭਾਰ ਲਈ ਸਿਰਫ ਬਾਦਲ ਪਰਿਵਾਰ ਨੂੰ ਪ੍ਰਧਾਨਗੀ ਤੋਂ ਪਾਸੇ ਕਰਨਾ ਹੀ ਕਾਫੀ ਨਹੀਂ ਬਲਕਿ ਮੌਕਾਪ੍ਰਸਤ ਸਿਆਸਤ ਦੀ ਥਾਂ ਸੂਬੇ ਦੇ ਹਿੱਤਾਂ ਵਾਲੀ ਸਿਆਸਤ ਨੂੰ ਅੱਗੇ ਤੋਰਨਾ ਜ਼ਰੂਰੀ ਹੈ।