‘ਜਬ ਵੀ ਮੈੱਟ`, ‘ਭਾਗ ਮਿਲਖਾ ਭਾਗ`, ‘ਟੱਬਰ` ਫਿਲਮਾਂ ਅਤੇ ਆਪਣੇ ਹਾਲੀਆ ਵੈੱਬ ਸ਼ੋਅ ‘ਪਿਲ` ਵਿੱਚ ਇੱਕ ਵਾਰ ਫਿਰ ਤੋਂ ਦਸਤਾਰ ਸਜਾਉਣ ਦਾ ਮੌਕਾ ਮਿਲਣ `ਤੇ ਅਦਾਕਾਰ ਪਵਨ ਮਲਹੋਤਰਾ ਖ਼ੁਸ਼ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਸਿੱਖ ਕਿਰਦਾਰ ਨਿਭਾਉਣਾ ਚੰਗਾ ਲੱਗਦਾ ਹੈ, ਇਸ ਰਾਹੀਂ ਉਹ ਆਪਣੀਆਂ ਜੜ੍ਹਾਂ ਤੇ ਆਪਣੇ ਬਜ਼ੁਰਗਾਂ ਦੀ ਧਰਤੀ ਨਾਲ ਜੁੜਦਾ ਹੈ।
ਅਦਾਕਾਰੀ ਦੀ ਲੰਮੀ ਪਾਰੀ `ਚ ਤਰ੍ਹਾਂ-ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਚੁੱਕਿਆ ਗੁਣੀ ਅਦਾਕਾਰ ਪਵਨ ਮਲਹੋਤਰਾ ਮੰਨਦਾ ਹੈ ਕਿ ‘ਕਦੇ ਨਰਮ ਕਦੇ ਗਰਮ` ਇਹੀ ਅਦਾਕਾਰ ਦਾ ਕੰਮ ਹੈ। ਆਪਣੀ ਹਾਲ ਹੀ `ਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਪਿਲ` ਵਿਚ ਇੱਕ ਵਾਰ ਮੁੜ ਤੋਂ ਖ਼ਲਨਾਇਕ ਦੀ ਭੂਮਿਕਾ ਨਿਭਾਅ ਰਿਹਾ ਮਲਹੋਤਰਾ ਕਹਿੰਦਾ ਹੈ, “ਨਕਾਰਾਤਮਕ ਕਿਰਦਾਰ ਕਿਸੇ ਵੀ ਹੋਰ ਭੂਮਿਕਾ ਨਾਲੋਂ ਘੱਟ ਜਾਂ ਵੱਧ ਚੁਣੌਤੀਪੂਰਨ ਨਹੀਂ ਹੁੰਦੇ।” ਇਸ ਸੀਰੀਜ਼ `ਚ ਉਹ ਲਾਲਚੀ ਫਾਰਮਾ ਕਾਰੋਬਾਰੀ ਦਾ ਕਿਰਦਾਰ ਅਦਾ ਕਰ ਰਿਹਾ ਹੈ।
ਚੀਜ਼ਾਂ ਦੇਖਣ ਨੂੰ ਸਰਲ ਪਰ ਅੰਦਰੋਂ ਜਟਿਲ ਹਨ ਅਤੇ ਇਸ ਰਹੱਸ ਨੂੰ ਕਹਾਣੀ ਤੇ ਰਾਜ ਕੁਮਾਰ ਗੁਪਤਾ ਵਰਗੇ ਨਿਰਦੇਸ਼ਕ ਨੇ ਪਰਦੇ `ਤੇ ਬਾਖੂਬੀ ਪੇਸ਼ ਕੀਤਾ ਹੈ। ਗੁਪਤਾ ਸਾਨੂੰ ‘ਨੋ ਵਨ ਕਿਲਡ ਜੈਸਿਕਾ` ਵਰਗੀ ਦਮਦਾਰ ਫਿਲਮ ਦੇ ਚੁੱਕੇ ਹਨ। ਪਵਨ ਮੁਤਾਬਕ ਕਿਰਦਾਰ ਤੱਕ ਜਾਂਦਾ ਰਾਹ ਰੌਸ਼ਨ ਹੁੰਦਾ ਹੈ ਹਾਲਾਂਕਿ ਇਹ ਅਦਾਕਾਰ `ਤੇ ਹੈ ਕਿ ਉਹ ਇਸ ਨੂੰ ਕਿਵੇਂ ਦੇਖਦਾ ਅਤੇ ਪਾਰ ਕਰਦਾ ਹੈ। ਕੌਮੀ ਪੁਰਸਕਾਰ ਜੇਤੂ ਅਭਿਨੇਤਾ ਪਵਨ ਮਲਹੋਤਰਾ ਮੁਤਾਬਕ ਅਦਾਕਾਰੀ ਸੋਚ-ਵਿਚਾਰ ਵਾਲਾ ਕੰਮ ਹੈ ਪਰ ਉਹ ਨਾਲ ਹੀ ਮੰਨਦਾ ਹੈ ਕਿ ਇਸ ਨੂੰ ‘ਭੋਲੇ ਮਨ ਨਾਲ ਵੀ ਸਿਰੇ ਚੜ੍ਹਾਇਆ` ਜਾ ਸਕਦਾ ਹੈ। ਇਸ ਲਈ ਪ੍ਰਕਿਰਿਆ ਕੁਦਰਤੀ ਤੇ ਸਹਿਜ, ਦੋਵੇਂ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪਰ ਉਸ ਨੂੰ ਖਿਝ ਵੀ ਆਉਂਦੀ ਹੈ ਜਦ ਲੋਕ ਕਹਿੰਦੇ ਹਨ ਕਿ, “ਉਹ ਪੰਜਾਬੀ ਕਿਰਦਾਰ ਬਹੁਤ ਚੰਗੇ ਕਰ ਲੈਂਦਾ ਹੈ ਜਾਂ ਗੰਭੀਰ ਭੂਮਿਕਾਵਾਂ ਵਧੀਆ ਕਰ ਲੈਂਦਾ ਹੈ` ਅਤੇ ਨਾਲ ਹੀ ਜਿਹੜੇ ਕਹਿੰਦੇ ਹਨ ਕਿ ਲਓ ਇੱਕ ਵਾਰ ਫਿਰ ਤੋਂ ਦਸਤਾਰਧਾਰੀ ਸਿੱਖ ਦਾ ਕਿਰਦਾਰ ਕੀਤਾ ਹੈ, ਉਨ੍ਹਾਂ ਬਾਰੇ ਉਹ ਮਨ ਹੀ ਮਨ ਸੋਚ ਕੇ ਹੈਰਾਨ ਹੁੰਦਾ ਹੈ ਕਿ, “ਕੀ ਭਲਾ ਸਾਰੇ ਹੀ ਸਿੱਖ ਕਿਰਦਾਰ ਇੱਕੋ ਜਿਹੇ ਹੋ ਸਕਦੇ ਹਨ?”
ਓ.ਟੀ.ਟੀ. `ਤੇ ਉਸ ਨੇ ਪੰਜ ਲੜੀਵਾਰਾਂ ਵਿੱਚੋਂ ਤਿੰਨ `ਚ ਦਸਤਾਰਧਾਰੀ ਸਿੱਖ ਦਾ ਕਿਰਦਾਰ ਨਿਭਾਇਆ ਹੈ ਜਿਨ੍ਹਾਂ ਵਿੱਚ ਕਾਫ਼ੀ ਸਲਾਹਿਆ ਗਿਆ ਵੈੱਬ ਸ਼ੋਅ ‘ਟੱਬਰ` ਵੀ ਸ਼ਾਮਲ ਹੈ ਪਰ ਉਹ ਨਾਲ ਹੀ ਦੱਸਦਾ ਹੈ ਕਿ ਕਿਵੇਂ ਸਾਰੇ ਕਿਰਦਾਰ ਜਿਨ੍ਹਾਂ `ਚ ‘ਜਬ ਵੀ ਮੈੱਟ` ਤੇ ‘ਭਾਗ ਮਿਲਖਾ ਭਾਗ` ਵਾਲੇ ਸਿੱਖ ਕਿਰਦਾਰ ਵੀ ਸ਼ਾਮਲ ਹਨ, ਬਿਲਕੁਲ ਵੱਖਰੇ ਸਨ। ਦਿੱਲੀ ਦਾ ਜੰਮਪਲ ਇਹ ਪੰਜਾਬੀ ਅਦਾਕਾਰ ਫਿਲਮੀ ਪਰਦੇ `ਤੇ ਕਿਸੇ ਸਿੱਖ ਦੀ ਭੂਮਿਕਾ ਨਿਭਾ ਕੇ ਖ਼ੁਸ਼ ਹੁੰਦਾ ਹੈ। ਇਹ ਕਿਰਦਾਰ ਉਸ ਨੂੰ ਆਪਣੀਆਂ ਜੜ੍ਹਾਂ ਤੇ ਬਜ਼ੁਰਗਾਂ ਦੀ ਧਰਤੀ ਨਾਲ ਮੁੜ ਤੋਂ ਜੋੜਨ ਵਿੱਚ ਸਹਾਈ ਹੁੰਦੇ ਹਨ, ਤੇ ਗੁਰੂਆਂ ਨਾਲ ਵੀ ਜੋੜਦੇ ਹਨ ਜਿਨ੍ਹਾਂ ਨੇ ਪੰਜਾਬੀਆਂ ਨੂੰ ਬਹਾਦਰੀ ਦੇ ਨਾਲ-ਨਾਲ ਕਈ ਹੋਰ ਸਬਕ ਦਿੱਤੇ ਹਨ।
‘ਜੀਓ ਸਿਨੇਮਾ` `ਤੇ ਰਿਲੀਜ਼ ਹੋਇਆ ਸ਼ੋਅ ‘ਪਿਲ` ਭਾਵੇਂ ਫਾਰਮਾ ਉਦਯੋਗ ਵੱਲੋਂ ਵਰਤੇ ਜਾਂਦੇ ਫਰੇਬੀ ਢੰਗ-ਤਰੀਕਿਆਂ ਤੇ ਅਨੈਤਿਕ ਡਰੱਗ ਪ੍ਰੀਖਣਾਂ ਦੇ ਅਹਿਮ ਮੁੱਦੇ ਨੂੰ ਉਭਾਰਦਾ ਹੈ ਪਰ ਪਵਨ ਮਲਹੋਤਰਾ ਮੁਤਾਬਿਕ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਜਾਣਬੁੱਝ ਕੇ ਅਜਿਹੇ ਸਮਾਜਿਕ ਮਹੱਤਵ ਵਾਲੇ ਵਿਸ਼ੇ ਚੁਣਦਾ ਹੈ। ਉਹ ਜ਼ੋਰ ਦੇ ਕੇ ਕਹਿੰਦਾ ਹੈ, “ਤੁਸੀਂ ਕਿਸ ਚੀਜ਼ ਦਾ ਹਿੱਸਾ ਹੋ, ਇਹ ਤੱਥ ਬੇਸ਼ੱਕ ਮਹੱਤਵਪੂਰਨ ਹੈ ਪਰ ਅਦਾਕਾਰ ਵਜੋਂ ਮੈਂ ਹਰ ਵਿਧਾ ਵਿੱਚ ਕੰਮ ਕਰਨਾ ਪਸੰਦ ਕਰਦਾ ਹਾਂ।”
ਉਸ ਲਈ ਮਸਾਲਾ ਫਿਲਮ ‘ਮੁਬਾਰਕਾਂ` ਵੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਗੰਭੀਰ ਸ਼੍ਰੇਣੀ ਦੀ ‘ਸਲੀਮ ਲੰਗੜੇ ਪੇ ਮਤ ਰੋ।` ਇੱਕ ਅਜਿਹੇ ਅਦਾਕਾਰ ਵਜੋਂ ਜਿਸ ਨੇ ਮੁਸਲਿਮ ਕਿਰਦਾਰ ਵੀ ਨਿਭਾਏ ਹਨ ਜਿਨ੍ਹਾਂ `ਚ ਵਿਵਾਦਾਂ ਵਿੱਚ ਘਿਰਿਆ ‘72 ਹੂਰੇਂ` ਵਿਚਲਾ ਰੋਲ ਵੀ ਸ਼ਾਮਲ ਹੈ; ਪਵਨ ਨੂੰ ਨਹੀਂ ਲੱਗਦਾ ਕਿ ਉਸ ਨੂੰ ਫਿਲਮ `ਚ ਕਿਸੇ ਫਿਰਕੇ ਨੂੰ ਇਸ ਤਰ੍ਹਾਂ ਦਿਖਾਉਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਹ ਕਹਿੰਦਾ ਹੈ- “ਬਲੈਕ ਫਰਾਈਡੇਅ ਦੇ ਟਾਈਗਰ ਮੈਮਨ ਵਰਗੇ ਕਈ ਕਿਰਦਾਰ ਅਸਲੀ ਕਹਾਣੀਆਂ `ਤੇ ਆਧਾਰਿਤ ਹਨ ਤੇ ਅਜਿਹਾ ਕਿਤੇ ਵੀ ਨਹੀਂ ਹੈ ਕਿ ਅਸੀਂ ਇਸਲਾਮ ਜਾਂ ਮੁਸਲਮਾਨਾਂ ਨੂੰ ਬਦਨਾਮ ਕਰ ਰਹੇ ਹਾਂ।”
ਉਹ ਭਾਵੇਂ ਕਹਿ ਸਕਦਾ ਹੈ ਕਿ “ਮੈਂ ਬਹੁਤ ਡਰਿਆ ਹੋਇਆ ਅਦਾਕਾਰ ਹਾਂ` ਤੇ ਹਰੇਕ ਨਵੀਂ ਭੂਮਿਕਾ ਨੂੰ ਇਸ ਤਰ੍ਹਾਂ ਹੰਢਾਉਂਦਾ ਹਾਂ ਜਿਵੇਂ ਪਹਿਲੀ ਵਾਰ ਅਭਿਨੈ ਕਰ ਰਿਹਾ ਹੋਵਾਂ ਪਰ ਜੋਖ਼ਮ ਲੈਣ ਤੋਂ ਉਹ ਨਹੀਂ ਡਰਦਾ। ਉਹ ਨਾ ਸਿਰਫ਼ ‘ਲਾਪਤਾ ਲੇਡੀਜ਼` ਵਰਗੀਆਂ ਚੰਗੀਆਂ ਫਿਲਮਾਂ ਦੀ ਖੁੱਲ੍ਹ ਕੇ ਸਿਫ਼ਤ ਕਰਦਾ ਹੈ ਬਲਕਿ ਦੂਜੇ ਅਦਾਕਾਰਾਂ ਨੂੰ ਵੀ ਸਲਾਹੁੰਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ‘ਪਿਲ` ਵਿਚਲਾ ਉਸ ਦਾ ਸਹਿ-ਅਦਾਕਾਰ ਰਿਤੇਸ਼ ਦੇਸ਼ਮੁਖ ਬਹੁਤ ਚੰਗਾ ਅਭਿਨੇਤਾ ਹੈ ਜਿਸ ਦੀ ਪ੍ਰਤਿਭਾ ਨੂੰ ਅਜੇ ਤੱਕ ਪੂਰੀ ਤਰ੍ਹਾਂ ਵਰਤਿਆ ਨਹੀਂ ਜਾ ਸਕਿਆ।
ਜਿੱਥੋਂ ਤੱਕ ਪਵਨ ਮਲਹੋਤਰਾ ਦੇ ਨਿੱਜੀ ਸਫ਼ਰ ਦਾ ਸਵਾਲ ਹੈ, ਉਸ ਨੂੰ ਕਈ ਚੋਟੀ ਦੇ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਨ੍ਹਾਂ `ਚ ਸਈਦ ਅਖ਼ਤਰ ਮਿਰਜ਼ਾ, ਗੌਤਮ ਘੋਸ਼, ਰਾਕੇਸ਼ ਓਮਪ੍ਰਕਾਸ਼ ਮਹਿਰਾ, ਇਮਤਿਆਜ਼ ਅਲੀ ਵਰਗਿਆਂ ਦੇ ਨਾਂ ਸ਼ਾਮਲ ਹਨ। ਸਪਸ਼ਟ ਹੈ ਕਿ ਉਹ ਲਗਭਗ ਹਰ ਤਰ੍ਹਾਂ ਦਾ ਰੋਲ ਅਦਾ ਕਰ ਚੁੱਕਾ ਹੈ ਤੇ ਹੁਣ ਕੋਈ ਖ਼ਾਸ ਇੱਛਾ ਬਾਕੀ ਨਹੀਂ ਹੈ। ‘ਨੁੱਕੜ` ਦਾ ਅਦਾਕਾਰ ਬਸ ਇਹੀ ਚਾਹੁੰਦਾ ਹੈ ਕਿ ਸਫ਼ਰ ਜਾਰੀ ਰਹੇ ਤੇ ਜਲਦੀ ਹੀ ਉਹ ਟੀ.ਵੀ.ਐੱਫ. ਦੇ ਸ਼ੋਅ ‘ਕੋਰਟ ਕਚਿਹਰੀ` ਵਿੱਚ ਨਜ਼ਰ ਆਵੇਗਾ। ਪਵਨ ਵਿਆਪਕ ਦ੍ਰਿਸ਼ਟੀਕੋਣ ਰੱਖਦਾ ਹੈ। ਉਹ ਉਭਰਦੇ ਹੋਏ ਕਲਾਕਾਰਾਂ ਨੂੰ ਹਮੇਸ਼ਾ ਕਹਿੰਦਾ ਹੈ, “ਚਿੱਤਰਹਾਰ ਵਿਚ ਹੀ ਨਾ ਅਟਕੇ ਰਹੋ… ‘ਮੇਰਾ ਕੀ ਸੀਨ ਹੈ`, ਇਸ ਵਿਚਾਰ ਨੂੰ ਅੜਿੱਕਾ ਨਾ ਬਣਨ ਦਿਓ… ਸੀਨ ਤੋਂ ਹਟ ਕੇ ਫਿਲਮ ਨੂੰ ਸੰਪੂਰਨ ਰੂਪ `ਚ ਦੇਖੋ ਕਿਉਂਕਿ ਜੇ ਇਹ ਫਿਲਮ ਚੱਲੇਗੀ ਤਾਂ ਤੁਸੀਂ ਵੀ ਚੱਲੋਗੇ।… ਤੁਸੀਂ ਕਿਸ ਚੀਜ਼ ਦਾ ਹਿੱਸਾ ਹੋ, ਇਹ ਬਹੁਤ ਮਹੱਤਵਪੂਰਨ ਹੈ ਪਰ ਅਦਾਕਾਰ ਵਜੋਂ ਮੈਂ ਹਰ ਵਿਧਾ ਦਾ ਰੋਲ ਕਰਨਾ ਚਾਹਾਂਗਾ। ਇਹ ਜ਼ਿੰਦਗੀ ਹੈ ਤੇ ਹਰ ਤਰ੍ਹਾਂ ਦੇ ਲੋਕ ਇਸ `ਚ ਹਨ। ਜਿਹੜੀ ਚੀਜ਼ ਇੱਕ ਬੰਦੇ ਨੂੰ ਚੰਗੀ ਲੱਗਦੀ ਹੈ, ਉਹ ਦੂਜੇ ਲਈ ਜ਼ਹਿਰ ਹੋ ਸਕਦੀ ਹੈ। ਇਹ ਸਾਰੀ ਦ੍ਰਿਸ਼ਟੀਕੋਣ ਦੀ ਗੱਲ ਹੈ ਪਰ ਤੁਹਾਨੂੰ ਇਹ ਸਮਝਣਾ ਪਏਗਾ ਕਿ ਕਹਾਣੀ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ।”
-ਨੋਨਿਕਾ ਸਿੰਘ