ਸੁਰਜੀਤ ਪਾਤਰ ਦੀ ਸ਼ਾਇਰੀ ਯੁੱਗਾਂ-ਯੁੱਗਾਂ ਤੱਕ ਸਜੀਵ ਰਹੇਗੀ: ਭੁਪਿੰਦਰ ਕੌਰ ਪਾਤਰ

ਸੁਰਜੀਤ ਪਾਤਰ ਇਕ ਵਰਤਾਰੇ ਦਾ ਨਾਮ ਹੈ, ਜੋ ਭਾਰਤ ਭੂਮੀ ਦੇ ਉੱਤਰੀ-ਪੱਛਮੀ ਖਿੱਤੇ ਵਿਚ ਵਾਪਰਿਆ ਅਤੇ ਸੱਤ ਸਮੁੰਦਰਾਂ ਤੋਂ ਪਾਰ ਤੱਕ ਫੈਲ ਗਿਆ। ਦਿਲ-ਦਰਿਆਵਾਂ ਤੱਕ ਉਤਰ ਜਾਣ ਵਾਲਾ ਸ਼ਬਦਾਂ ਦਾ ਇਹ ਸੁਰਜੀਤ-ਸਮੁੰਦਰ ਅਦਭੁਤ ਹੈ, ਅਲਬੇਲਾ ਹੈ। ਉਸ ਦੀਆਂ ਲਿਖਤਾਂ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜਨਾਂ ਦਾ ਵਡਮੁੱਲਾ ਸਰਮਾਇਆ ਹਨ।

ਉਸਦੇ ਅਚਾਨਕ ਚਲੇ ਜਾਣ ਦਾ ਦੁੱਖ ਸਮੁੱਚੇ ਪੰਜਾਬੀ ਜਗਤ ਨੂੰ ਹੈ। ਇਸ ਸਮੁੱਚੇ ਜਗਤ-ਖਿਲਾਰੇ ਵਿਚ ਸੁਰਜੀਤ ਪਾਤਰ ਦਾ ਪਰਿਵਾਰ ਵੀ ਸ਼ਾਮਿਲ ਹੈ। ਉਸਦੇ ਸਪੁੱਤਰ ਅੰਕੁਰ ਅਤੇ ਮਨਰਾਜ, ਉਸਦੀ ਪਤਨੀ ਭੁਪਿੰਦਰ ਕੌਰ, ਭਰਾ ਉਪਕਾਰ ਸਿੰਘ ਅਤੇ ਬਹੁਤ ਸਾਰੇ ਸਕੇ-ਸੰਬੰਧੀ। ਸੁਰਜੀਤ ਪਾਤਰ ਦੇ ਵਿਛੋੜੇ ਤੋਂ ਬਾਅਦ ਪੈਦਾ ਹੋਏ ਖਲਾਅ ਬਾਰੇ ਇਹ ਸਭ ਕਿਵੇਂ ਸੋਚਦੇ ਹਨ? ਨਿਰਸੰਦੇਹ ਪੰਜਾਬੀ ਜਗਤ ਇਹ ਜਾਣਨਾ ਚਾਹੁੰਦਾ ਹੈ। ਪੰਜਾਬੀ ਜਗਤ ਦੀ ਜਿਗਿਆਸਾ ਨੂੰ ਸਮਝਦਿਆਂ ਪਾਤਰ ਸਾਹਿਬ ਦੀ ਜੀਵਨ ਸਾਥਣ ਭੁਪਿੰਦਰ ਕੌਰ ਨਾਲ ਸ. ਲਖਵਿੰਦਰ ਸਿੰਘ ਜੌਹਲ ਨਾਲ ਹੋਈਆਂ ਕੁਝ ਗੱਲਾਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਹਾਜ਼ਰ ਹਨ।
ਸਵਾਲ-ਪਾਤਰ ਸਾਹਿਬ ਗਿਆਰਾਂ ਮਈ, 2024 ਨੂੰ ਸਾਥੋਂ ਵਿਛੜ ਗਏ ਸਨ। ਏਨੇ ਦਿਨਾਂ ਤੋਂ ਬਾਅਦ ਵੀ ਇਵੇਂ ਲੱਗ ਰਿਹਾ ਹੈ, ਜਿਵੇਂ ਉਹ ਗਏ ਨਹੀਂ, ਇਥੇ ਹੀ ਨੇ ਸਾਡੇ ਆਲੇ-ਦੁਆਲੇ ਦੀ ਫ਼ਿਜ਼ਾ ਵਿਚ… ਹਵਾ ਵਿਚ… … ਅਜਿਹੇ ਅਹਿਸਾਸ ਨੂੰ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਿਵੇਂ ਕਹਿ ਸਕਦੇ ਹੋ?
:- ਗਿਆਰਾਂ ਮਈ ਦੀ ਸਵੇਰ ਸਾਡੇ ਪਰਿਵਾਰ ਲਈ ਕਿਆਮਤ ਦੀ ਸਵੇਰ ਸੀ। ਸਵਾ ਛੇ ਵਜੇ ਮੈਂ ਉੱਠ ਗਈ। ਪਾਤਰ ਸਾਹਿਬ ਵੱਲ ਦੇਖਿਆ। ਸੌਂ ਰਹੇ ਸਨ। ਮੈਂ ਉਨ੍ਹਾਂ ਨੂੰ ਜਗਾਉਣਾ ਮੁਨਾਸਿਬ ਨਾ ਸਮਝਿਆ। ਰਾਤੀਂ ਬਰਨਾਲਿਓਂ ਲੇਟ ਆਏ ਸਨ। ਸਾਢੇ ਛੇ ਵਜੇ ਮੈਂ ਆਵਾਜ਼ ਦਿੱਤੀ “ਚਾਹ ਬਣਾਉਣ ਲੱਗੀ ਹਾਂ ਉੱਠੋ।” ਪੰਜ ਸੱਤ ਮਿੰਟ ਬਾਅਦ ਮੈਂ ਫੇਰ ਆਵਾਜ਼ ਲਗਾਈ। ਬੋਲੇ ਨਹੀਂ। ਮੈਂ ਬਹੁਤ ਡਰ ਗਈ। ਬੈੱਡ ਦੇ ਪਰਲੇ ਪਾਸੇ ਜਾ ਕੇ ਮੈਂ ਉਨ੍ਹਾਂ ਨੂੰ ਹਲਕਾ ਜਿਹਾ ਹਲੂਣਿਆ। ਪਰ ਉਹ ਸਦੀਵੀ ਜਾ ਚੁੱਕੇ ਸਨ।… ਪੈਰਾਂ ਹੇਠੋਂ ਜ਼ਮੀਨ ਨਿਕਲ ਗਈ… ਪਿਛਲੇ ਕੁਝ ਸਾਲਾਂ ਤੋਂ ਹੀ, ਜਦੋਂ ਤੋਂ ਇਹ ਦਿਲ ਦੇ ਮਰੀਜ਼ ਸਨ, ਮੇਰੇ ਮਨ ਵਿਚ ਹਰ ਪਲ ਡਰ ਬਣਿਆ ਰਹਿੰਦਾ ਸੀ..। ਜਦੋਂ ਬਾਹਰ ਵੀ ਜਾਂਦੇ ਮੈਂ ਮਨ ਹੀ ਮਨ ਉਨ੍ਹਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੀ। ਪਰ ਅੱਜ ਇਹ ਸਾਰਾ ਕੁਝ ਦੇਖ ਕੇ ਮੇਰਾ ਸਰੀਰ ਕੰਬਣ ਲੱਗ ਗਿਆ। ਘਰੇ ਮੈਂ ਇਕੱਲੀ ਸਾਂ। ਮਨਰਾਜ ਵੀ ਟ੍ਰੇਨਿੰਗ ‘ਤੇ ਬਾਹਰ ਸੀ। ਉਸ ਤੋਂ ਬਾਅਦ ਕੀ ਹੋਇਆ ਮੈਨੂੰ ਯਾਦ ਨਹੀਂ।…
ਕਦੇ-ਕਦੇ ਮੈਨੂੰ ਵੀ ਲੱਗਦਾ ਕਿ ਉਹ ਇੱਥੇ ਹੀ ਨੇ। ਮੇਰੇ ਆਲੇ-ਦੁਆਲੇ। ਘਰੋਂ ਤਿਆਰ ਹੋ ਕੇ ਜਾ ਰਹੇ ਨੇ। ਰਾਤੀਂ ਆ ਰਹੇ ਨੇ। ਕੱਪੜੇ ਬਦਲਦੇ… ਡਾਈਨਿੰਗ ਟੇਬਲ ‘ਤੇ ਖਾਣਾ ਖਾ ਰਹੇ ਨੇ।… ਪਰ ਜੇ ਉਹ ਇਥੇ ਹੀ ਨੇ ਤੇ ਮੈਨੂੰ ਘਰ ਵਿਚ ਖਲਾਅ ਜਿਹਾ ਕਿਉਂ ਮਹਿਸੂਸ ਹੋ ਰਿਹਾ ਹੈ। ਕਿਉਂ ਮੇਰੀ ਅੱਖ ਵਾਰ-ਵਾਰ ਨਮ ਹੋ ਰਹੀ ਹੈ, ਕਿਉਂ ਮੈਂ ਏਨੀ ਉਦਾਸ ਹਾਂ।…
?-ਪਾਤਰ ਸਾਹਿਬ ਨੇ ਮੈਨੂੰ ਇਕ ਵਾਰ ਦੱਸਿਆ ਸੀ ਕਿ ਜਦੋਂ ਅਜੇ ਤੁਹਾਡਾ ਵਿਆਹ ਹੋਣਾ ਸੀ, ਦੇਖ-ਦਿਖਾਲੇ ਦੀਆਂ ਗੱਲਾਂ ਚਲ ਰਹੀਆਂ ਸਨ, ਉਸ ਵੇਲੇ ਉਨ੍ਹਾਂ ਨੇ ਆਪਣੀਆਂ ਭੈਣਾਂ ਉੱਤੇ ਵੀ ਵਿਸ਼ਵਾਸ ਨਹੀਂ ਸੀ ਕੀਤਾ ਅਤੇ ਆਪ ਮਿਲ ਕੇ ਤੁਹਾਨੂੰ ਵੇਖਣ ਅਤੇ ਤੁਹਾਡੇ ਨਾਲ ਕੁਝ ਗੱਲਾਂ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ, ਕੀ ਇਹ ਸੱਚ ਹੈ?
:- ਹਾਂ! ਇਹ ਬਿਲਕੁਲ ਸੱਚ ਹੈ। ਉਨ੍ਹਾਂ ਦੀਆਂ ਭੈਣਾਂ ਨੇ ਮੈਨੂੰ ਦੇਖਿਆ। ਪਰ ਉਹ ਆਪ ਦੇਖਣਾ ਚਾਹੁੰਦੇ ਸਨ। ਫਗਵਾੜੇ ਦੇ ਬੱਸ ਸਟੈਂਡ ‘ਤੇ ਸਾਡੀ ਮੁਲਾਕਾਤ ਹੋਈ। ਜਾਂ ਕਰਾਈ ਗਈ। ਉਨ੍ਹਾਂ ਸਮਿਆਂ ਵਿਚ ਦੇਖ-ਦਿਖਾਲਾ ਇਵੇਂ ਹੀ ਹੁੰਦਾ ਸੀ। ਏਸ ਗੱਲ ‘ਤੇ ਉਨ੍ਹਾਂ ਦੇ ਪਿਤਾ ਜੀ ਬਹੁਤ ਨਾਰਾਜ਼ ਸਨ। ਕਹਿਣ ਲੱਗੇ, ‘ਤੇਰੀਆਂ ਭੈਣਾਂ ਨੂੰ ਅਸੀਂ ਦਿਖਾਇਆ ਸੀ? ਤੂੰ ਢੁੱਚਰਾਂ ਡਾਹੁੰਨਾ ਏਂ।’ ਪਰ ਉਹ ਆਪਣੀ ਗੱਲ `ਤੇ ਕਾਇਮ ਰਹੇ।
?:- ਉਦੋਂ ਤੁਹਾਡੇ ਨਾਲ ਕੀ ਗੱਲਾਂ ਕੀਤੀਆਂ ਪਾਤਰ ਸਾਹਿਬ ਨੇ..
:- ਇਹ ਤਾਂ ਹੁਣ ਯਾਦ ਨਹੀਂ ਪਰ ਮੈਂ ਚੰਗੀ ਲੱਗੀ ਉਨ੍ਹਾਂ ਨੂੰ… ਤੇ ਫੇਰ ਜਲਦੀ ਹੀ ਸਾਡਾ ਵਿਆਹ ਹੋ ਗਿਆ।
?:- ਤੁਸੀਂ ਪਾਤਰ ਸਾਹਿਬ ਨਾਲ ਬਹੁਤ ਸਾਰੀਆਂ ਥਾਵਾਂ ਉੱਤੇ ਗਏ, ਦੇਸ਼ ਵਿਚ ਵੀ, ਵਿਦੇਸ਼ ਵਿਚ ਵੀ। ਸਭ ਤੋਂ ਵਧੀਆ ਟੂਰ ਕਿਹੜੇ ਸ਼ਹਿਰ ਜਾਂ ਕਿਹੜੇ ਦੇਸ਼ ਦਾ ਸੀ?
:- ਮੈਂ ਪਾਤਰ ਸਾਹਿਬ ਨਾਲ ਦੇਸ਼ਾਂ-ਵਿਦੇਸ਼ਾਂ ਵਿਚ ਬਹੁਤ ਵਾਰੀ ਗਈ। ਇੰਗਲੈਂਡ, ਸਕਾਟਲੈਂਡ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ। ਉਥੇ ਦੀਆਂ ਸੰਸਥਾਵਾਂ ਵਲੋਂ, ਆਮ ਲੋਕਾਂ ਵਲੋਂ ਜਿੰਨਾ ਪਿਆਰ ਤੇ ਸਤਿਕਾਰ ਮਿਲਿਆ, ਦੇਖ ਕੇ ਮੈਂ ਹੈਰਾਨ ਰਹਿ ਗਈ। ਉਹ ਲੋਕਾਂ ਦੇ ਦਿਲਾਂ ਦੀ ਧੜਕਣ ਸਨ। ਉਨ੍ਹਾਂ ਦੀ ਸ਼ਾਇਰੀ ਲੋਕਾਂ ਦੀ ਜ਼ੁਬਾਨ ‘ਤੇ ਸੀ। ਉਹ ਜਿਥੇ ਵੀ ਹਾਜ਼ਰ ਹੁੰਦੇ ਸਮਾਗਮ ਨੂੰ ਸਿਖਰਾਂ ਤੱਕ ਪਹੁੰਚਾ ਦਿੰਦੇ। ਕਿਸੇ ਵੀ ਸ਼ਾਇਰ ਲਈ ਇਹ ਬਹੁਤ ਵੱਡੀ ਗੱਲ ਸੀ। ਇਹ ਸਭ ਵੇਖ ਮੈਂ ਮਾਣ ਨਾਲ ਭਰ ਜਾਂਦੀ।
?:- ਸਾਹਿਤਕਾਰਾਂ ਵਿਚ ਘਿਰੇ ਹੋਏ ਪਾਤਰ ਸਾਹਿਬ ਜਦੋਂ ਤੁਹਾਡੇ ਵਲੋਂ ਬੇਧਿਆਨੇ ਹੋ ਜਾਣ ਤਾਂ ਕਿਵੇਂ ਮਹਿਸੂਸ ਕਰਦੇ ਸੀ। ਅਜਿਹਾ ਹੋਇਆ ਹੋਵੇ ਤਾਂ ਉਸ ਘਟਨਾ ਦਾ ਬਿਆਨ ਕਰੋ……?
?:- ਮੈਨੂੰ ਬਹੁਤ ਜਲਦੀ ਇਹ ਪਤਾ ਲੱਗ ਗਿਆ ਸੀ ਕਿ ਜਿਸ ਵਿਅਕਤੀ ਨਾਲ ਮੇਰਾ ਵਿਆਹ ਹੋਇਆ ਹੈ ਇਹ ਕੋਈ ਸਾਧਾਰਨ ਆਦਮੀ ਨਹੀਂ ਹੈ। ਮੈਂ ਇਹ ਵੀ ਸਮਝ ਲਿਆ ਸੀ ਕਿ ਕਿਸੇ ਸਾਹਿਤਕਾਰ ਨਾਲ ਵਿਆਹ ਕਰਵਾ ਕੇ ਤੁਹਾਨੂੰ ਆਪਣੀ ਸੋਚ ਤੇ ਨਜ਼ਰੀਆ ਬਹੁਤ ਵਿਸ਼ਾਲ ਰੱਖਣਾ ਪੈਂਦਾ ਹੈ।
?:- ਕਵਿੱਤਰੀਆਂ ਵਿਚ ਘਿਰੇ ‘ਕਵੀ ਪਾਤਰ’ ਜਾਂ ‘ਪਤੀ-ਪਾਤਰ’ ਉੱਤੇ ਕਦੇ ਮਾਣ ਅਤੇ ਕਦੇ ਰਸ਼ਕ ਹੋਇਆ ਹੋਵੇਗਾ, ਅਜਿਹਾ ਅਹਿਸਾਸ ਸ਼ਬਦਾਂ ਵਿਚ ਸਾਂਝਾ ਕਰੋ?
:- ਹਰ ਕਵਿੱਤਰੀ ਦੇ ਮਨ ਵਿਚ ਇਹ ਰੀਝ ਸੀ ਕਿ ਉਹ ਉਨ੍ਹਾਂ ਨਾਲ ਬੈਠੇ, ਗੱਲਾਂ ਕਰੇ ਤੇ ਕਵਿਤਾ ਦੀ ਸਾਂਝ ਪਾਵੇ। ਮੈਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਉਹ ਨਵੀਆਂ ਕਵਿੱਤਰੀਆਂ ਦੀ ਰਹਿਨੁਮਾਈ ਕਰ ਰਹੇ ਹਨ। ਘਰੇ ਆਉਣ ਵਾਲਿਆਂ ਨੂੰ ਉਹ ਸੁਝਾਅ ਵੀ ਦਿੰਦੇ ਤੇ ਮਾਰਗ-ਦਰਸ਼ਕ ਵੀ ਬਣਦੇ। ਕਵੀ ਦਰਬਾਰਾਂ ‘ਤੇ ਉਨ੍ਹਾਂ ਨੂੰ ਮੌਕਾ ਵੀ ਦਿੰਦੇ। ਇਹ ਉਨ੍ਹਾਂ ਦਾ ਵਡੱਪਣ ਸੀ।
?:- ਬੱਚਿਆਂ ਦੇ ਪਾਲਣ-ਪੋਸ਼ਣ, ਉਨ੍ਹਾਂ ਦੀ ਪੜ੍ਹਾਈ-ਲਿਖਾਈ, ਉਨ੍ਹਾਂ ਨੂੰ ਸਕੂਲ ਛੱਡਣ, ਲਿਆਉਣ, ਘੁਮਾਉਣ-ਫ਼ਿਰਾਉਣ ਵਿਚ ਪਾਤਰ ਸਾਹਿਬ ਦੇ ਯੋਗਦਾਨ ਤੋਂ ਤੁਸੀਂ ਸੰਤੁਸ਼ਟ ਸੀ ਜਾਂ ਕੁਝ ਸ਼ਿਕਾਇਤਾਂ ਵੀ ਰਹੀਆਂ?
:- ਬੱਚੇ ਜਦੋਂ ਬਹੁਤ ਛੋਟੇ ਸਨ, ਉਨ੍ਹਾਂ ਦੇ ਪਾਲਣ ਪੋਸ਼ਣ ਵਿਚ ਪਾਤਰ ਸਾਹਿਬ ਦਾ ਬਹੁਤ ਸਹਿਯੋਗ ਰਿਹਾ। ਪਰ ਉਨ੍ਹਾਂ ਦੇ ਕਰੀਅਰ ਬਣਾਉਣ ਵਿਚ ਉਹ ਮੇਰੇ ਵੱਲੋਂ ਸੰਤੁਸ਼ਟ ਸਨ। ਮੈਂ ਉਨ੍ਹਾਂ ਨੂੰ ਜ਼ਿੰਦਗੀ ਦੇ ਝਮੇਲਿਆਂ ਤੋਂ ਬਹੁਤ ਦੂਰ ਰੱਖਣਾ ਚਾਹੁੰਦੀ। ਰਿਸ਼ਤੇਦਾਰੀਆਂ ਵਿਚ ਵੀ ਵਿਆਹ-ਸ਼ਾਦੀਆਂ ‘ਤੇ ਉਹ ਬਹੁਤ ਘੱਟ ਜਾਂਦੇ। ਮੇਰੀ ਪੂਰੀ ਕੋਸ਼ਿਸ਼ ਹੁੰਦੀ ਕਿ ਉਹ ਆਪਣਾ ਸਾਰਾ ਸਮਾਂ ਸਾਹਿਤ ਦੇ ਲੇਖੇ ਲਾਉਣ।
?:- ਪਾਤਰ ਸਾਹਿਬ ਦੀ ਕਵਿਤਾ ਦੋ ਸਦੀਆਂ ਦੇ ਸੰਗਮ ਦੀ ਕਵਿਤਾ ਹੈ, ਜਿਸ ਦਾ ਸਮਕਾਲੀ ਪ੍ਰਭਾਵ ਹੋਣ ਦੇ ਨਾਲ-ਨਾਲ ਸਰਬਕਾਲੀ ਸੁਭਾਅ ਵੀ ਹੈ। ਕਵਿਤਾ ਵਿਚ ਉਹ ਆਪਣੀ ਮਿਸਾਲ ਆਪ ਹਨ, ਅਜਿਹੇ ਯੁੱਗ ਕਵੀ ਦੀ ਪਤਨੀ ਹੋਣ ਦੇ ਮਾਣ ਦਾ ਅਹਿਸਾਸ ਕਿਵੇਂ ਬਿਆਨ ਕਰੋਗੇ?
:- ਨਿਰਸੰਦੇਹ ਪਾਤਰ ਸਾਹਿਬ ਦੀ ਕਵਿਤਾ ਦੋ ਸਦੀਆਂ ਦੇ ਸੰਗਮ ਦੀ ਕਵਿਤਾ ਹੈ। ਉਨ੍ਹਾਂ ਦੀ ਸ਼ਾਇਰੀ ਦਾ ਪ੍ਰਭਾਵ ਲੋਕ ਮਨਾਂ ‘ਤੇ ਬਹੁਤ ਗਹਿਰਾ ਹੈ। ਇਹ ਕਵਿਤਾ ਯੁੱਗਾਂ-ਯੁੱਗਾਂ ਤੱਕ ਸਜੀਵ ਰਹੇਗੀ, ਜਿਊਂਦੀ ਰਹੇਗੀ, ਮੈਨੂੰ ਪੂਰਾ ਵਿਸ਼ਵਾਸ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਨੂੰ ਗਾਉਣਾ ਮੇਰਾ ਸੁਭਾਅ, ਸ਼ੌਕ ਸੀ। ਉਹ ਗ਼ਜ਼ਬ ਦੀ ਕੰਪੋਜ਼ੀਸ਼ਨ ਮੈਨੂੰ ਬਣਾ ਕੇ ਦਿੰਦੇ ਤੇ ਸਮਾਗਮਾਂ ਵਿਚ ਅਕਸਰ ਮੇਰੀ ਹਾਜ਼ਰੀ ਲੁਆਉਂਦੇ।
?:- ਮੈਨੂੰ ਕੁਝ-ਕੁਝ ਪਤਾ ਹੈ ਕਿ ਪਾਤਰ ਸਾਹਿਬ ਬਹੁਤ ਕੁਝ ਅਧੂਰਾ ਛੱਡ ਗਏ ਹਨ, ਜਿਸ ਵਿਚ ਕੁਝ ਅਧੂਰੀਆਂ ਕਵਿਤਾਵਾਂ ਹਨ, ਇਕ ਮਹਾਂਕਾਵਿ ਜਿਸ ਦਾ ਕੁੱਝ ਹਿੱਸਾ ਉਨ੍ਹਾਂ ਨੇ ‘ਆਪਣੀ ਆਵਾਜ਼’ ਵਿਚ ਛਪਵਾਇਆ ਵੀ ਸੀ। ਉਸ ਬਾਰੇ ਕੁਝ ਦੱਸੋ… ਇਹ ਵੀ ਦੱਸੋ ਕਿ ਉਨ੍ਹਾਂ ਦੀਆਂ ਅਣਛਪੀਆਂ ਕਵਿਤਾਵਾਂ ਜਾਂ ਵਾਰਤਕ ਇਕੱਠੀ ਕਰ ਕੇ ਛਪਵਾਉਣ ਦੀ ਕੀ ਯੋਜਨਾ ਹੈ?
:- ਕੁੱਝ ਦਿਨ ਪਹਿਲਾਂ ਦੀ ਹੀ ਗੱਲ ਹੈ ਕਿ ਇਕ ਦਿਨ ਮੈਨੂੰ ਕਹਿਣ ਲੱਗੇ ਮੇਰਾ ਬਹੁਤ ਕੰਮ ਪਿਆ ਹੈ ਜੋ ਮੈਂ ਕਰਨਾ ਹੈ। ਮੇਰੀ ਜਾਣਕਾਰੀ ਮੁਤਾਬਿਕ ਉਹ ਗੀਤਾ ਦਾ ਅਨੁਵਾਦ ਕਰਨਾ ਚਾਹੁੰਦੇ ਸਨ। ਉਹ ਵੀ ਕਾਵਿ-ਰੂਪ ਵਿਚ। ‘ਇਕ ਅਧਿਆਇ ਇਹ ਵੀ’ ਸ਼ਾਇਦ ਇਸੇ ਵਿਚਾਰ ਦਾ ਹੀ ਵਿਸਥਾਰ ਹੋਵੇ’ ਸ਼ਾਇਦ ਉਨ੍ਹਾਂ ਏਨਾ ਕੁ ਹੀ ਕੀਤਾ ਸੀ ਅਜੇ। ਇਸ ਬਾਰੇ ਉਹ ਰਣਜੋਧ ਸਿੰਘ ਜੀ.ਐੱਸ. ਵਾਲੇ ਨਾਲ ਤਬਸਰਾ ਕਰਦੇ ਰਹਿੰਦੇ ਸਨ, ਜਦੋਂ ਉਹ ਸਾਈਕਲ ਚਲਾਉਂਦੇ-ਚਲਾਉਂਦੇ ਸਵੇਰ ਸਾਰ 7 ਕੁ ਵਜੇ ਸਾਡੇ ਘਰ ਪਹੁੰਚਦੇ। ਬਸ ਸਾਰੀ ਗੱਲਬਾਤ ਗੀਤਾ ਮਹਾਂਕਾਵਿ ਦੇ ਇਰਦ-ਗਿਰਦ ਹੀ ਘੁੰਮਦੀ। ਸ਼ਾਇਦ ਇਸ ਦਾ ਸਿਰਲੇਖ ਵੀ ਇਹੀ ਹੋਵੇ, ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ। ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਦੀਆਂ ਅਣਛਪੀਆਂ ਰਚਨਾਵਾਂ ਨੂੰ ਛਪਵਾਇਆ ਜਾਵੇ।
?:- ਪਾਤਰ ਸਾਹਿਬ ਨੂੰ ਗੁੱਸਾ ਕਦੋਂ ਆਉਂਦਾ ਸੀ?
:- ਪਾਤਰ ਸਾਹਿਬ ਨੂੰ ਗੁੱਸਾ ਬਹੁਤ ਹੀ ਘੱਟ ਆਉਂਦਾ ਸੀ। ਹੋਰ ਤਾਂ ਕਦੇ ਵੇਖਿਆ ਨਹੀਂ ਪਰ ਵਰਿੰਦਰ ਡਰਾਈਵਰ ਦੇ ਲੇਟ ਆਉਣ ‘ਤੇ ਉਹ ਉਸ ਨੂੰ ਕਦੇ ਕਦੇ ਮਿੱਠੀ ਜਿਹੀ ਝਿੜਕ ਜ਼ਰੂਰ ਮਾਰਦੇ ਸਨ।
?:- ਪਾਤਰ ਸਾਹਿਬ ਸਭ ਤੋਂ ਖ਼ੁਸ਼ੀ ਦੀ ਅਵਸਥਾ ਵਿਚ ਕਦੋਂ ਹੁੰਦੇ ਸਨ?
:- ਪਾਤਰ ਸਾਹਿਬ ਸਭ ਤੋਂ ਵੱਧ ਖ਼ੁਸ਼ ਉਦੋਂ ਹੁੰਦੇ ਜਦੋਂ ਅਵੀਰਾ ਪੋਤੇ ਨਾਲ ਗੱਲ ਕਰ ਰਹੇ ਹੁੰਦੇ। ਉਸ ਸਮੇਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਅੰਤ ਨਹੀਂ ਹੁੰਦਾ। ਸੋਹਣੀਆਂ-ਸੋਹਣੀਆਂ ਗੱਲਾਂ ਕਰਦੇ-ਕਰਦੇ ਉਹ ਜ਼ੋਰ-ਜ਼ੋਰ ਦੀ ਹੱਸਦੇ। ਜਾਂ ਫੇਰ ਮਨਰਾਜ ਜਦੋਂ ਗਾ ਰਿਹਾ ਹੁੰਦਾ। ਅੰਕੁਰ ਜਦੋਂ ਕਿਤਾਬ ਦਾ ਟਾਈਟਲ ਬਣਾ ਕੇ ਭੇਜਦਾ, ਉਦੋਂ ਵੀ ਉਨ੍ਹਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੁੰਦਾ।
?-ਸਿਰਜਣਾ ਦੇ ਪਲਾਂ ਵਿਚ ਪਾਤਰ ਸਾਹਿਬ ਦੀ ਉਦਾਸੀ ਜਾਂ ਹੁਲਾਸ ਨੂੰ ਤੁਸੀਂ ਕਿਵੇਂ ਦੇਖਦੇ ਸੀ?
:- ਸਿਰਜਣਾ ਦੇ ਪਲਾਂ ਵਿਚ ਉਹ ਉਦਾਸ ਤਾਂ ਨਹੀਂ ਵਿਸਮਾਦ ਵਿਚ ਹੁੰਦੇ। ਕਦੇ-ਕਦੇ ਮੈਂ ਦੇਖਦੀ ਕਿ ਉਹ ਅੱਖਾਂ ਬੰਦ ਕਰ ਕੇ ਕੁਝ ਸੋਚ ਰਹੇ ਹੁੰਦੇ ਤੇ ਪਲਕਾਂ ਵਿਚ ਲਿਖ ਰਹੇ ਹੁੰਦੇ ਤੇ ਉਸ ਤੋਂ ਬਾਅਦ ਹੱਸ ਰਹੇ ਹੁੰਦੇ। ਲਿਖਦੇ-ਲਿਖਦੇ ਹੀ ਉਹ ਗ਼ਜ਼ਲ ਨੂੰ ਸੁਰਬੱਧ ਕਰ ਲੈਂਦੇ।
?:- ਉਨ੍ਹਾਂ ਦੀ ਕਵਿਤਾ ਦੀ ਪਹਿਲੀ ਪਾਠਕ ਜਾਂ ਪਹਿਲੀ ਸਰੋਤਾ ਬਣਦਿਆਂ ਤੁਸੀਂ ਕਿਵੇਂ ਮਹਿਸੂਸ ਕਰਦੇ ਸੀ?
?:- ਮੈਂ ਆਪਣੇ-ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੀ ਕਿ ਪਾਤਰ ਸਾਹਿਬ ਦੀ ਕਵਿਤਾ ਦੀ ਪਹਿਲੀ ਸਰੋਤਾ ਮੈਂ ਹਾਂ। ਪਰ ਹਰ ਕਵਿਤਾ ਦੀ ਨਹੀਂ। ਕਈ ਵਾਰੀ ਕਵਿਤਾ ਲਿਖ ਕੇ ਜਦੋਂ ਕੁਰਸੀ ਤੋਂ ਉੱਠਦੇ ਉਦੋਂ ਮੈਂ ਪੜ੍ਹ ਲੈਂਦੀ ਹਾਂ। ਕਦੀ-ਕਦੀ ਉਹ ਆਪ ਵੀ ਪੁੱਛਦੇ ਕਿ ਕਿਸ ਤਰ੍ਹਾਂ ਦੀ ਲੱਗੀ ਇਹ ਕਵਿਤਾ। ਸ਼ਬਦਾਂ ਦਾ ਹੇਰ-ਫੇਰ ਵੀ ਪੁੱਛਦੇ। ਕਈ ਵਾਰੀ ਹਿੰਦੀ ਦੇ ਸ਼ਬਦਾਂ ਦਾ ਅਰਥ ਵੀ ਮੈਨੂੰ ਪੁੱਛਦੇ। ਜਦੋਂ ਕਿਤੇ ਹਿੰਦੀ ਵਿਚ ਅਨੁਵਾਦ ਕਰ ਰਹੇ ਹੁੰਦੇ।
?:- ਤੁਹਾਡੀ ਨਜ਼ਰ ਵਿਚ ਉਨ੍ਹਾਂ ਦੀ ਸਭ ਤੋਂ ਵਧੀਆ ਕਵਿਤਾ ਜਾਂ ਸਭ ਤੋਂ ਵਧੀਆ ਸ਼ੇਅਰ ਕਿਹੜਾ ਹੈ?
:- ਉਨ੍ਹਾਂ ਦੀਆਂ ਗ਼ਜ਼ਲਾਂ ਦੇ ਬਹੁਤ ਸਾਰੇ ਸ਼ੇਅਰ ਮੈਨੂੰ ਯਾਦ ਹਨ, ਜਿਨ੍ਹਾਂ ਨੂੰ ਮੈਂ ਅਕਸਰ ਗੁਣਗੁਣਾਉਂਦੀ ਰਹਿੰਦੀ ਹਾਂ, ਘਰ ਵਿਚ, ਰਸੋਈ ਵਿਚ। ਬਹੁਤ ਸਾਰੇ ਸ਼ੇਅਰ ਮੈਨੂੰ ਬਹੁਤ ਪਸੰਦ ਹਨ ਜਿਵੇਂ:-
‘ਤੂੰ ਮੈਨੂੰ ਮਿੱਟੀ ਬਣਾਇਆ ਤੇ ਇਹ ਅਸੀਸ ਵੀ ਦੇ …
ਸਾਰਿਆਂ ਦਾ ਜ਼ਿਕਰ ਕਰਨਾ ਔਖਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਤੇ ਲਿਖੀਆਂ ਉਨ੍ਹਾਂ ਦੀਆਂ ਕਵਿਤਾਵਾਂ ਵਿਚ, ਉਨ੍ਹਾਂ ਦਾ ਪੰਜ ਪਿਆਰਿਆਂ ਬਾਰੇ ਜੋ ਕਨਸੈਪਟ ਸੀ, ਉਸ ਨੂੰ ਪਾਤਰ ਸਾਹਿਬ ਨੇ ਬਹੁਤ ਖ਼ੂਬਸੂਰਤੀ ਨਾਲ ਬਿਆਨਿਆ ਹੈ, ਉਸਨੂੰ ਪੜ੍ਹਦਿਆਂ ਮਨ ਵਲਵਲਿਆਂ ਨਾਲ ਭਰ ਜਾਂਦਾ ਹੈ:-
ਪਹਿਲੇ ਵਾਰ ਵਿਚ ਸਤਿਗੁਰਾਂ ਨੇ ਮੌਤ ਦਾ ਭੈ ਮਾਰਿਆ,
ਦੂਜੇ ਵਾਰ ਦੇ ਵਿਚ ਸਤਿਗੁਰਾਂ ਜਨਮ ਦੀ ਜਾਤ ਵੱਢੀ ਸੀ,
ਤੀਜੇ ਵਾਰ ਵਿਚ ਉਨ੍ਹਾਂ ਹਉਮੈ ਜਿਬਾਹ ਕੀਤੀ,
ਚੌਥੇ ਵਾਰ ਵਿਚ ਸ਼ਾਨ ਝੂਠੇ ਪਾਤਿਸ਼ਾਹਾਂ ਦੀ,
ਤੇ ਪੰਜਵੇਂ ਵਾਰ ਦੇ ਵਿਚ ਵਿੱਥ ਆਪਣੇ ਖ਼ਾਲਸੇ ਤੇ ਆਪਣੇ ਵਿਚਕਾਰ…
?:- ਤੁਸੀਂ ਉਨ੍ਹਾਂ ਦੀ ਕਿਹੜੀ ਗ਼ਜ਼ਲ ਗੁਣ-ਗੁਣਾ ਕੇ, ਜਾਂ ਗਾ ਕੇ ਆਪਣੇ-ਆਪ ਨੂੰ ਪਾਤਰ ਸਾਹਿਬ ਨਾਲ ਇਕਸੁਰ ਹੋਇਆ ਮਹਿਸੂਸ ਕਰਦੇ ਹੋ?
:- ਪਹਿਲਾਂ ਅਸੀਂ ਦੋਵੇਂ ਆਪਣੀ ਜ਼ਿੰਦਗੀ ਵਿਚ ਇਕਸੁਰ ਹੋਏ ਤੇ ਬਾਅਦ ਵਿਚ ਗ਼ਜ਼ਲ ਗਾ ਕੇ ਜਾਂ ਗੁਣਗੁਣਾ ਕੇ ਇਕਸੁਰ ਹੋਏ। ਘਰ ਵਿਚ ਅਸੀਂ ਕਿਸੇ ਗ਼ਜ਼ਲ-ਗੀਤ ਨੂੰ ਇਕੱਠਿਆਂ ਵੀ ਗਾਉਂਦੇ ਰਹਿੰਦੇ ਸਾਂ, ਪਰ ਬਾਹਰ ਕਿਸੇ ਸਮਾਗਮ ਵਿਚ ਨਹੀਂ ਗਾ ਸਕੇ।
?:-ਉਹ ਕਿਹੜੀ ਗ਼ਜ਼ਲ ਜਾਂ ਗੀਤ ਸੀ, ਜਿਸ ਨੂੰ ਤੁਸੀਂ ਇਕੱਠੇ ਗਾਉਂਦੇ ਸੀ।
:- ਇਹ ਉਨ੍ਹਾਂ ਦਾ ਬਹੁਤ ਪਿਆਰਾ ਗੀਤ ਹੈ, ਜੋ ਮੇਰੀ ਰੂਹ ਦੇ ਵੀ ਬਹੁਤ ਨੇੜੇ ਹੈ, ਪੰਜਾਬੀਅਤ ਦੀ ਆਵਾਜ਼ ਹੈ:-
ਕਹੇ ਸਤਲੁਜ ਦਾ ਪਾਣੀ
ਆਖੇ ਬਿਆਸ ਦੀ ਰਵਾਨੀ
ਆਪਣੀਆਂ ਲਹਿਰਾਂ ਦੀ ਜ਼ੁਬਾਨੀ
ਸਾਡਾ ਜਿਹਲਮ, ਚਨਾਬ ਨੂੰ ਸਲਾਮ ਆਖਣਾ
ਅਸੀਂ ਮੰਗਦੇ ਹਾਂ ਖ਼ੈਰਾਂ
ਸੁਬਹ ਸ਼ਾਮ ਆਖਣਾ
ਜੀ ਸਲਾਮ ਆਖਣਾ
ਜੀ ਸਲਾਮ ਆਖਣਾ…
?:- ਪਾਤਰ ਸਾਹਿਬ ਨੂੰ ਮਿਲਣ ਆਉਣ ਵਾਲੇ ਸਾਹਿਤਕਾਰਾਂ, ਦੋਸਤਾਂ, ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਦੀ ਕੋਈ ਸੀਮਾ ਨਹੀਂ ਹੈ…
:- ਇਹ ਉਨ੍ਹਾਂ ਦੀ ਸ਼ਖ਼ਸੀਅਤ ਦਾ ਜਲੌਅ ਹੀ ਸੀ, ਜਿਸ ਨੇ ਉਨ੍ਹਾਂ ਨੂੰ ਏਨਾ ਹਰਮਨ-ਪਿਆਰਾ ਬਣਾਇਆ। ਬਹੁਤ ਸਾਰੇ ਕਵੀ, ਗੀਤਕਾਰ, ਗਾਇਕ ਹਨ, ਜੋ ਉਨ੍ਹਾਂ ਨੂੰ ਬੇਹੱਦ ਸਤਿਕਾਰ ਦਿੰਦੇ ਸਨ ਅਤੇ ਉਨ੍ਹਾਂ ਤੋਂ ਅਗਵਾਈ ਲੈਂਦੇ ਸਨ। ਇਥੇ ਮੈਂ ਉੱਘੇ ਗੀਤਕਾਰ ਅਤੇ ਹਰਮਨ ਪਿਆਰੇ ਗਾਇਕ ਦੇਬੀ ਮਖਸੂਸਪੁਰੀ ਦਾ ਜ਼ਿਕਰ ਵਿਸ਼ੇਸ਼ ਤੌਰ ‘ਤੇ ਕਰਨਾ ਚਾਹਾਂਗੀ। ਉਹ ਪਾਤਰ ਸਾਹਿਬ ਨੂੰ ਅੰਤਾਂ ਦਾ ਪਿਆਰ ਕਰਦਾ, ਜਦੋਂ ਵੀ ਆਉਂਦਾ, ਉਨ੍ਹਾਂ ਦੇ ਚਰਨ ਛੂੰਹਦਾ ਅਤੇ ਚਰਨਾਂ ਵਿਚ ਹੀ ਬੈਠ ਜਾਂਦਾ। ਉਨ੍ਹਾਂ ਪ੍ਰਤੀ ਉਸਦਾ ਏਨਾ ਅਦਬ ਤੇ ਸਤਿਕਾਰ ਵੇਖ ਕੇ ਮੈਂ ਹੈਰਾਨ ਰਹਿ ਜਾਂਦੀ। ਇਹ ਉਹ ਪਲ ਹੁੰਦੇ, ਜਦੋਂ ਸ਼ਬਦਾਂ ਦਾ, ਸ਼ਾਇਰੀ ਦਾ, ਦਰਿਆ ਆਪਣੇ ਕੰਢੇ ਖੋਰ ਖੋਰ ਕੇ ਵਗਦਾ। ਉਹ ਪਾਤਰ ਸਾਹਿਬ ਦੇ ਸ਼ਿਅਰਾਂ ਦੀ ਝੜੀ ਲਗਾ ਦਿੰਦਾ, ਜੋ ਉਸਨੂੰ ਜ਼ੁਬਾਨੀ ਯਾਦ ਹੁੰਦੇ। ਉਸਦੀ ਯਾਦਦਾਸ਼ਤ ਏਨੀ ਤੇਜ਼ ਕਿ ਮਹਿਫ਼ਲਾਂ ਵਿਚ ਰੰਗ ਭਰ ਦਿੰਦਾ। ਉਹ ਬੜਾ ਪਿਆਰਾ ਸ਼ਾਇਰ ਹੈ, ਅਤੇ ਇਸ ਤੋਂ ਵੀ ਵੱਧ ਉਹ ਬਹੁਤ ਪਿਆਰਾ ਇਨਸਾਨ ਹੈ, ਸਾਡਾ ਪੁੱਤਰ ਦੇਬੀ। ਉਹ ਸਾਡੇ ਪਰਿਵਾਰ ਦਾ ਹਿੱਸਾ ਹੀ ਹੈ, ਅਤੇ ਹਮੇਸ਼ਾ ਹਿੱਸਾ ਹੀ ਰਹੇਗਾ।
?:- ਪਾਤਰ ਸਾਹਿਬ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪੰਜਾਬੀ ਸਾਹਿਤਕਾਰ ਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਰਾਏ ਸਾਂਝੀ ਕਰੋ।
:- ਪਾਤਰ ਸਾਹਿਬ ਦੀ ਯਾਦ ਨੂੰ ਸਦੀਵੀ ਬਣਾਉਣ ਦੀ ਜ਼ਿੰਮੇਵਾਰੀ ਸਾਹਿਤਕਾਰਾਂ ‘ਤੇ ਹੀ ਛੱਡਦੀ ਹਾਂ। ਮੈਨੂੰ ਆਸ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਪ੍ਰਵਾਨ ਕਰਨਗੇ ਤੇ ਇਸ ਕਾਰਜ ਨੂੰ ਬਹੁਤ ਗੰਭੀਰਤਾ ਨਾਲ, ਸੋਹਣੀ ਸੋਚ ਨਾਲ ਪੂਰਾ ਕਰਨਗੇ।