ਪੰਜਾਬੀ ਸੂਬਾ, ਪ੍ਰਿਥਵੀ ਰਾਜ ਕਪੂਰ ਤੇ ਚਾਚਾ ਚੰਡੀਗੜ੍ਹੀਆ

ਹਥਲਾ ਲੇਖ ਭੁੱਲੀਆਂ ਵਿਸਰੀਆਂ ਯਾਦਾਂ ਬਾਰੇ ਹੈ| ਪੰਜਾਬੀ ਸੂਬੇ ਲਈ ਦਿੱਤੀਆਂ ਸਿੱਖਾਂ ਦੀਆਂ ਕੁਰਬਾਨੀਆਂ ਬਦਲੇ ਪ੍ਰਾਪਤ ਹੋਏ ਨਿਕਚੂ ਜਿਹੇ ਰਾਜ ਬਾਰੇ ਜਿਸ ਨੂੰ ਪੰਜਾਬੀ ਭਾਸ਼ੀ ਸੂਬਾ ਕਿਹਾ ਜਾਂਦਾ ਹੈ| ਇਸਦਾ ਐਲਾਨ 1965 ਦੀ ਭਾਰਤ-ਪਾਕਿ ਜੰਗ ਪਿੱਛੋਂ ਹੋ ਗਿਆ ਸੀ| ਪਹਿਲੀ ਨਵੰਬਰ 1966 ਨੂੰ| ਹਥਲੀ ਘਟਨਾ 12 ਮਈ, 1967 ਦੀ ਹੈ ਜਿਸਨੂੰ ਚਾਚਾ ਚੰਡੀਗੜ੍ਹੀਆ ਵਿਅੰਗਕਾਰ ਨੇ ‘ਕੌਮੀ ਏਕਤਾ’ ਰਸਾਲੇ ਦੇ ਨਵੰਬਰ 1974 ਵਾਲੇ ਅੰਕ ਲਈ ਕਲਮਬੰਦ ਕੀਤਾ ਹੈ| ਏਥੇ ਉਸਦਾ ਸੰਖੇਪ ਰੂਪ ਦਿੱਤਾ ਜਾ ਰਿਹਾ ਹੈ|

ਵਿਅੰਗ ਦਾ ਆਰੰਭ ਫਿਲਮੀ ਹਸਤੀ ਪ੍ਰਿਥਵੀ ਰਾਜ ਕਪੂਰ ਦੀ ਨਵ-ਜੰਮਿਆ ਪੰਜਾਬੀ ਸੂਬਾ ਵੇਖਣ ਦੀ ਚਾਹਨਾ ਨਾਲ ਹੁੰਦਾ ਹੈ| ਉਹ ਆਪਣੇ ਜੂਨੀਅਰ ਮਿੱਤਰ ਗੁਰਨਾਮ ਸਿੰਘ ਤੀਰ ਨੂੰ ਦਿੱਲੀ ਸੱਦ ਲੈਂਦਾ ਹੈ ਤਾਂ ਕਿ ਹਵਾਈ ਜਹਾਜ਼ ਉੱਤੇ ਦਿੱਲੀ ਪਹੁੰਚਣ ਤੋਂ ਪਿਛੋਂ ਉਹ ਰੇਲ ਗੱਡੀ ਰਾਹੀਂ ਤੀਰ ਦੀ ਸੰਗਤ ਮਾਣਦਾ ਹੋਇਆ ਚੰਡੀਗੜ੍ਹ ਪਹੁੰਚ ਸਕੇ|
ਤੀਰ ਸਾਹਬ ਦੇ ਮਿਲਣ ਤੋਂ ਪਹਿਲਾਂ ਕਪੂਰ ਸਾਹਿਬ ਆਪਣੇ ਨਜ਼ਦੀਕੀ ਫ਼ਕੀਰ ਸਿੰਘ ਟੰਡਨ ਦੇ ਘਰ ਖਾਣਾ ਖਾਂਦੇ ਸਮੇਂ ਦੋ ਪੈੱਗ ਵਿਸਕੀ ਦੇ ਲਾ ਲੈਂਦੇ ਹਨ ਤੇ ਅੱਖਾਂ ਵਿਚ ਸਰੂਰ ਆਉਣ ਪਿੱਛੋਂ ਤੀਰ ਨੂੰ ਨਾਲ ਲੈ ਕੇ ਗੱਡੀ ਵਿਚ ਸੀਟਾਂ ਮੱਲ ਲੈਂਦੇ ਹਨ| ਪਹਿਲਾਂ ਸਟੇਸ਼ਨ ਸਬਜ਼ੀ ਮੰਡੀ ਦਾ ਆਉਂਦਾ ਹੈ ਤੇ ਫਿਰ ਸੋਨੀਪੱਤ ਦਾ| ਦੋਵੇਂ ਰੇਲਵੇ ਸਟੇਸ਼ਨਾਂ ਉੱਤੇ ਗੱਡੀ ਰੁਕਦੀ ਹੈ ਤਾਂ ਚੜ੍ਹਨ ਉਤਰਨ ਵਾਲੇ ਮੁਸਾਫ਼ਰਾਂ ਤੇ ਕੁਲੀਆਂ ਦੀਆਂ ਆਵਾਜ਼ਾਂ ਸੁਣ ਕੇ ਕਪੂਰ ਸਾਹਬ ਨੂੰ ਜਾਪਦਾ ਹੈ ਕਿ ਪੰਜਾਬੀ ਭਾਸ਼ਾਈ ਇਲਾਕਾ ਆ ਗਿਆ ਹੈ| ਕਪੂਰ ਸਾਹਬ ਇਸਨੂੰ ਪੰਜਾਬੀ ਸੂਬੇ ਦੀ ਆਮਦ ਸਮਝ ਕੇ ਆਪਣੇ ਜੂਨੀਅਰ ਸਾਥੀ ਤੀਰ ਤੋਂ ਇਸਦੀ ਤਸਦੀਕ ਚਾਹੁੰਦੇ ਹਨ ਤਾਂ ਤੀਰ ਇਸ ਧਾਰਨਾ ਨੂੰ ਨਕਾਰ ਕੇ ਕਪੂਰ ਸਾਹਬ ਨੂੰ ਸੌਣ ਦੀ ਸਲਾਹ ਦਿੰਦਾ ਹੈ|
ਜਦੋਂ ਪਾਣੀਪਤ ਰੇਲਵੇ ਸਟੇਸ਼ਨ ਆਉਂਦਾ ਹੈ ਉਦੋਂ ਵੀ ਦੋਨਾਂ ਦੀ ਵਾਰਤਾਲਾਪ ਇਹੀਓ ਹੁੰਦੀ ਹੈ ਤੇ ਕਰਨਾਲ ਦੇ ਰੇਲਵੇ ਸਟੇਸ਼ਨ ਉੱਤੇ ਵੀ| ਇਹ ਸੁਣ ਕੇ ਪ੍ਰਿਥਵੀ ਰਾਜ ਕਪੂਰ ਦੇ ਫ਼ਕੀਰ ਟੰਡਨ ਕੋਲੋਂ ਪੀਤੇ ਵਿਸਕੀ ਦੇ ਪੈੱਗਾਂ ਦਾ ਨਸ਼ਾ ਖ਼ਤਮ ਹੋ ਜਾਂਦਾ ਹੈ| ਉਨ੍ਹਾਂ ਦਾ ਧਿਆਨ ਬੈਗ ਵਿਚ ਪਈਆਂ ਮੋਮਬੱਤੀਆਂ ਵੱਲ ਚਲਿਆ ਜਾਂਦਾ ਹੈ ਜਿਹੜੀਆਂ ਉਨ੍ਹਾਂ ਨੇ ਪੰਜਾਬੀ ਸੂਬੇ ਵਿਚ ਪ੍ਰਵੇਸ਼ ਕਰਨ ਸਮੇਂ ਜਗਾਉਣੀਆਂ ਸਨ| ਉਨ੍ਹਾਂ ਨੂੰ ਕਰਨਾਲ ਤੋਂ ਚੜ੍ਹਨ ਉਤਰਨ ਵਾਲੇ ਮੁਸਾਫਰਾਂ ਤੇ ਕੁਲੀਆਂ ਦੀ ਬੋਲੀ ਪਿੱਛੇ ਰਹਿ ਗਏ ਸ਼ੇਖੂਪੁਰਾ ਦੀ ਬੋਲੀ ਵਰਗੀ ਲਗਦੀ ਹੈ ਪਰ ਉਨ੍ਹਾਂ ਦਾ ਮਿੱਤਰ ਗੁਰਨਾਮ ਸਿੰਘ ਤੀਰ ਹਾਲੀ ਵੀ ਇਹੀਓ ਕਹਿ ਰਿਹਾ ਹੈ ਕਿ ਪੰਜਾਬੀ ਸੂਬੇ ਦੀ ਸਰਹੱਦ ਦੂਰ ਹੈ|
ਅੰਬਾਲਾ ਪਹੁੰਚ ਕੇ ਵੀ ਇਹੀਓ ਉੱਤਰ ਮਿਲਦਾ ਹੈ ਤਾਂ ਕਪੂਰ ਸਾਹਬ ਉਦਾਸ ਹੋ ਕੇ ਆਪਣੀ ਸੀਟ ਉੱਤੇ ਸੌਂ ਜਾਂਦੇ ਹਨ| ਚੰਡੀਗੜ੍ਹ ਉਤਰਦੇ ਸਾਰ ਪ੍ਰਿਥਵੀ ਰਾਜ ਕਪੂਰ ਇਕ ਵਾਰੀ ਫੇਰ ਆਪਣੇ ਜੂਨੀਅਰ ਸਾਥੀ ਨੂੰ ਪੁਛਦੇ ਹਨ ਕਿ ਇਹ ਵਾਲਾ ਸ਼ਹਿਰ ਤਾਂ ਪੰਜਾਬ ਦਾ ਹੈ ਕਿ ਨਹੀਂ?
ਤੀਰ ਦੇ ਇਹ ਦੱਸਣ ਉੱਤੇ ਕਿ ਇਹ ਵੀ ਪੰਜਾਬ ਵਿਚ ਨਹੀਂ ਤਾਂ ਕਪੂਰ ਸਾਹਬ ਦੇ ਮੂੰਹੋਂ ‘ਜੇ ਚੰਡੀਗੜ੍ਹ ਪੰਜਾਬ ਵਿਚ ਨਹੀਂ ਤਾਂ ਹੋਰ ਕੀ ਸ੍ਰੀਲੰਕਾ ਵਿਚ ਹੈ?’ ਹੁਣ ਚਾਚਾ ਚੰਡੀਗੜ੍ਹੀਆ ਨਿਰੁੱਤਰ ਹੋ ਜਾਂਦਾ ਹੈ| ਉਹ ਲਿਖਦਾ ਹੈ, ‘ਮੇਰੇ ਕੋਲ ਉਨ੍ਹਾਂ ਦੇ ਸਵਾਲਾਂ ਦਾ ਕੋਈ ਉੱਤਰ ਨਹੀਂ ਸੀ ਤੇ ਉਨ੍ਹਾਂ ਕੋਲ ਮੇਰੇ ਸ਼ਿਕਵਿਆਂ ਦਾ|’
ਚੰਡੀਗੜ੍ਹ ਉਤਰ ਕੇ ਜਿਹੜੀ ਟੈਕਸੀ ਵਿਚ ਬੈਠਦੇ ਹਨ ਉਸਨੂੰ ਪੁਲਿਸ ਦਾ ਸਿਪਾਹੀ ਰੋਕ ਲੈਂਦਾ ਹੈ ਤੇ ਤੇਜ਼ ਰਫ਼ਤਾਰੀ ਦਾ ਚਲਾਨ ਕੱਟਣ ਦੀ ਗੱਲ ਕਰਦਾ ਹੈ| ਤੀਰ ਦੇ ਸੀਟ ਤੋਂ ਬਾਹਰ ਆ ਕੇ ਇਹ ਕਹਿਣ ਦਾ ਵੀ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਕਿ ਟੈਕਸੀ ਦੀ ਅਸਲ ਸਵਾਰੀ ਮੁਗ਼ਲ-ਏ-ਆਜ਼ਮ ਵਾਲਾ ਪ੍ਰਿਥਵੀ ਰਾਜ ਕਪੂਰ ਹੈ| ਉਹ ਡਰਾਈਵਰ ਨੂੰ ਉਦੋਂ ਤੱਕ ਨਹੀਂ ਛੱਡਦਾ ਜਦੋਂ ਤੱਕ ਤੀਰ ਉਸਦੀ ਤਲੀ ਉੱਤੇ ਪੰਜ ਰੁਪਏ ਨਹੀਂ ਧਰ ਦਿੰਦਾ| ਪੰਜਾਹ ਸਾਲ ਪਹਿਲਾਂ ਵਾਲੇ ਪੰਜ ਰੁਪਏ| ਅੰਤ ਵਿਚ ਕਪੂਰ ਸਾਹਬ ਸੰਤ ਫ਼ਤਿਹ ਸਿੰਘ ਨੂੰ ਮਿਲਣਾ ਚਾਹੁੰਦੇ ਹਨ, ਇਹ ਜਾਨਣ ਲਈ ਕਿ ਜੇ ਉਨ੍ਹਾਂ ਨੂੰ ਹਿਮਾਚਲ ਤੇ ਹਰਿਆਣਾ ਤੋਂ ਬਾਹਰਾ ਇਲਾਕਾ ਹੀ ਮਿਲਣਾ ਸੀ ਤਾਂ ਉਨ੍ਹਾਂ ਨੇ ਏਨੇ ਸਾਰੇ ਪੰਜਾਬੀਆਂ ਦਾ ਘਾਣ ਕਿਉਂ ਕਰਵਾਇਆ!
ਰਾਜਕੁਮਾਰੀ ਸੋਫ਼ੀਆ ਦਲੀਪ ਸਿੰਘ ਤੇ ਉਸਦੀ ਵਿਚਾਰਧਾਰਾ
ਰਾਜਕੁਮਾਰੀ ਸੋਫ਼ੀਆ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਤੇ ਰਾਜਕੁਮਾਰ ਦਲੀਪ ਸਿੰਘ ਦੀ ਧੀ ਸੀ| ਉਸਦਾ ਜਨਮ 8 ਅਗਸਤ 1876 ਨੂੰ ਹੋਇਆ ਤੇ ਅਕਾਲ ਚਲਾਣਾ 22 ਅਗਸਤ 1948 ਨੂੰ| ਏਸ ਮਹੀਨੇ ਉਸਨੂੰ ਚੇਤੇ ਕਰਨਾ ਬਣਦਾ ਹੈ ਭਾਵੇਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵਾਲੇ ਪਹਿਲਾਂ ਹੀ ਬਾਜ਼ੀ ਮਾਰ ਗਏ ਹਨ|
ਭਾਵੇਂ ਰਾਜਕੁਮਾਰੀ ਸੋਫ਼ੀਆ ਦੀ ਪੱਕੀ ਰਿਹਾਇਸ਼ ਯੂ.ਕੇ. ਵਿਚ ਸੀ ਪਰ ਉਹ ਆਪਣੇ ਦਾਦੇ ਦਾ ਪੰਜਾਬ ਵੇਖਣ ਦੋ ਵਾਰ ਹਿੰਦੁਸਤਾਨ ਵੀ ਆਈ| ਉਸ ਵੇਲੇ ਪੰਜਾਬ ਦਿੱਲੀ ਪਾਰਲੇ ਪਲਵਲ ਤੋਂ ਲੈ ਕੇ ਅਫ਼ਗਾਨਿਸਤਾਨ ਤੱਕ ਫੈਲਿਆ ਹੋਇਆ ਸੀ| ਉਸ ਵੇਲੇ ਦੇ ਪੰਜਾਬ ਵਿਚ ਹਿਮਾਚਲ ਪ੍ਰਦੇਸ਼ ਦਾ ਕਾਂਗੜਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਤਹਿਸੀਲ ਹੁੰਦਾ ਸੀ|
1907 ਦੇ ਲਾਹੌਰ ਵਿਚ ਉਸ ਸਮੇਂ ਦੇ ਸੁਤੰਤਰਤਾ ਸੰਗਰਾਮੀ ਗੋਪਾਲ ਕ੍ਰਿਸ਼ਨ ਗੋਖਲੇ ਤੇ ਲਾਲਾ ਲਾਜਪਤ ਰਾਏ ਰਹਿੰਦੇ ਸਨ| ਦਮਦਾਰ ਵਸਨੀਕ ਹੋਣ ਦੇ ਨਾਤੇ, ਸੋਫ਼ੀਆ ਉਨ੍ਹਾਂ ਦੇ ‘ਆਵਾਜ਼ ਦੋ’ ਨਾਅਰੇ ਤੋਂ ਬੜੀ ਪ੍ਰਭਾਵਤ ਹੋਈ| ਲਾਹੌਰ ਹੀ ਨਹੀਂ ਅੰਮ੍ਰਿਤਸਰੀਆਂ ਨੇ ਵੀ ਉਸਨੂੰ ਹੱਥੀਂ ਛਾਂਵਾਂ ਕੀਤੀਆਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਦਰਿਆ ਦਿਲ ਰਾਜਨੀਤੀ ਦੇ ਕਿੱਸੇ ਸੁਣਾ ਕੇ ਉਸਨੂੰ ਖ਼ੂਬ ਨਿਹਾਲ ਕੀਤਾ| ਏਨਾ ਕਿ ਉਹ ਖ਼ੁਦ ਵੀ ਵਾਪਸ ਲੰਡਨ ਜਾ ਕੇ ਮਹਿਲਾਵਾਂ ਲਈ ਵੋਟ ਦਾ ਅਧਿਕਾਰ ਮੰਗਣ ਵਾਲੀ ਲਹਿਰ ਵਿਚ ਕੁੱਦ ਪਈ| ਇਸ ਤੋਂ ਪਿੱਛੋਂ ਉਸਨੇ ਯੂ.ਕੇ. ਵਿਚ ‘ਨੋ ਵੋਟ ਨੋ ਟੈਕਸ’ ਨਾਂ ਦੀ ਵੱਖਰੀ ਮੁਹਿੰਮ ਵੀ ਚਲਾਈ|
ਫੇਰ ਉਸ ਨੇ 18 ਨਵੰਬਰ 1910 ਨੂੰ 300 ਔਰਤਾਂ ਦਾ ਜਥਾ ਲੈ ਕੇ ਪਾਰਲੀਮੈਂਟ ਭਵਨ ਤੱਕ ਮਾਰਚ ਵੀ ਕੀਤਾ ਜਿਸ ਵਿਚ ਬਹੁਤ ਸਾਰੀਆਂ ਮਹਿਲਾਵਾਂ ਪੁਲਿਸ ਲਾਠੀਚਾਰਜ ਦਾ ਸ਼ਿਕਾਰ ਹੋ ਗਈਆਂ| ਅੱਧੀਆਂ ਮਹਿਲਾਵਾਂ ਦੇ ਸੱਟਾਂ ਲੱਗੀਆਂ ਤੇ ਉਨ੍ਹਾਂ ਵਿਚੋਂ ਦੋ ਦੀ ਮੌਤ ਵੀ ਹੋ ਗਈ| ਉਨ੍ਹਾਂ ਵਿਚੋਂ 200 ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ| ਇਹ ਕਾਰਾ ਸ਼ੁਕਰਵਾਰ ਦੇ ਦਿਨ ਵਾਪਰਿਆ ਹੋਣ ਕਾਰਨ ਯੂ.ਕੇ. ਦੇ ਇਤਿਹਾਸ ਵਿਚ ਇਸ ਦਿਨ ਨੂੰ ‘ਬਲੈਕ ਫਰਾਈਡੇ’ ਕਿਹਾ ਜਾਂਦਾ ਹੈ|
ਰਾਜਕੁਮਾਰੀ ਸੋਫ਼ੀਆ ਵੱਲੋਂ ਵਿਢੀ ਇਸ ਮੁਹਿੰਮ ਨੇ ਉਥੋਂ ਦੀਆਂ ਔਰਤਾਂ ਨੂੰ ਜਨਗਣਨਾ ਵਿਚ ਆਪਣਾ ਨਾਂ ਸ਼ਾਮਿਲ ਨਾ ਕਰਨ ਲਈ ਵੀ ਉਕਸਾਇਆ ਜਿਸਦੇ ਸਿੱਟੇ ਵਜੋਂ ਯੂ.ਕੇ. ਦੀਆਂ ਔਰਤਾਂ ਨੂੰ 1918 ਵਿਚ ਵੋਟ ਦਾ ਸੀਮਤ ਅਧਿਕਾਰ ਮਿਲ ਗਿਆ ਤੇ ਅੰਤ 30 ਸਾਲ ਦੀ ਉਮਰ ਵਾਲੀਆਂ ਜਾਇਦਾਦ ਯਾਫਤਾ ਮਹਿਲਾਵਾਂ ਨੂੰ ਸੰਸਦੀ ਚੋਣਾਂ ਵਿਚ ਵੋਟ ਪਾਉਣ ਦਾ ਪੂਰਨ ਅਧਿਕਾਰ ਦੇ ਦਿੱਤਾ ਗਿਆ| ਸੋਫ਼ੀਆ ਇਹਦੇ ਨਾਲ ਵੀ ਸੰਤੁਸ਼ਟ ਨਾ ਹੋਈ ਤਾਂ 1928 ਵਿਚ ਹਰ 21 ਸਾਲ ਦੀ ਮਹਿਲਾ ਨੂੰ ਮਰਦ ਦੇ ਬਰਾਬਰ ਦੀ ਵੋਟ ਅਧਿਕਾਰੀ ਬਣਾਉਣਾ ਪਿਆ|
ਰਾਜਕੁਮਾਰੀ ਸੋਫ਼ੀਆ ਦੇ ਮਨ ਵਿਚ ਮਹਿਲਾ ਸਬੰਧੀ ਹੱਕਾਂ ਦੀ ਇਹ ਚਿਣਗ ਜਗਾਉਣ ਵਾਲੀਆਂ ਉਸ ਦੀਆਂ ਪੰਜਾਬ ਫੇਰੀਆਂ ਸਨ ਜਿਨ੍ਹਾਂ ਨੇ ਉਸਦੇ ਦਿਲ ਤੇ ਦਿਮਾਗ਼ ਵਿਚ ਉਸਦੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਾਲੀ ਸੂਝ ਤੇ ਸਿਆਣਪ ਨੂੰ ਜਨਮ ਦਿੱਤਾ| ਉਸ ਦੇ ਨਾਰੀਵਾਦੀ ਉਪਰਾਲਿਆਂ ਨਾਲ ਉਸਦਾ ਆਪਣਾ ਨਾਮ ਹੀ ਰੌਸ਼ਨ ਨਹੀਂ ਹੋਇਆ| ਉਸਦੇ ਦਾਦੇ ਨੂੰ ਵੀ ਮੁੜ ਚੇਤੇ ਕੀਤਾ ਜਾਣ ਲੱਗਿਆ|

ਅੰਤਿਕਾ
ਉਹ ਨਦੀ ਕਿੱਧਰ ਗਈ/ਕਵਿੰਦਰ ‘ਚਾਂਦ’॥
ਕੀ ਤੇਰੀ ਲੀਲਾ ਹੈ ਗਿਰਧਰ
ਤੇਰੀ ਹਰ ਤਸਵੀਰ ਵਿੱਚ
ਸਿਰਫ਼ ਰਾਧਾ ਦਿਸ ਰਹੀ ਹੈ
ਰੁਕਮਣੀ ਕਿੱਧਰ ਗਈ
ਸੁੱਕਿਆ ਦਰਿਆ, ਬੜਾ
ਗਮਗੀਨ ਹੋ ਕੇ ਪੁੱਛਦੈ
ਜੋ ਪਹਾੜੋਂ ਲੱਥਣੀ ਸੀ
ਉਹ ਨਦੀ ਕਿੱਧਰ ਗਈ
ਗਗਨ ਛੂੰਹਦੀ ਇੱਕ ਇਮਾਰਤ
ਨੂੰ ਗਗਨ ਨੇ ਪੁੱਛਿਆ
ਇਸ ਜਗ੍ਹਾ ਹੁੰਦੀ ਸੀ ਜਿਹੜੀ
ਝੌਂਪੜੀ ਕਿੱਧਰ ਗਈ।