ਕੀ ਅੱਗ ਨਾਲ ਖੇਡਣ ਲਈ ਸ਼ੇਖ਼ ਹਸੀਨਾ ਮੁੜ ਬੰਗਲਾ ਦੇਸ਼ ਪਰਤੇਗੀ?

ਕੀ ਲੋਕ ਉਸ ਨੂੰ ਮੁੜ ਅਪਨਾਉਣ ਲਈ ਰਾਜ਼ੀ ਹੋਣਗੇ?
ਸ਼ਿਵਚਰਨ ਜੱਗੀ ਕੁੱਸਾ
ਬੰਗਲਾਦੇਸ਼ ਦੀ ਗੱਦੀਓਂ ਲੱਥੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਬਾਰੇ ਸੋਚ ਕੇ ਮੈਨੂੰ ਬੜਾ ਪ੍ਰਚੱਲਤ ਸ਼ੇਅਰ ਯਾਦ ਆ ਰਿਹਾ ਹੈ, “ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ ਕਬ ਬਦਲੇ ਵਕਤ ਕਾ ਮਿਜ਼ਾਜ਼…।” ਦੁਨੀਆ ਭਰ ਵਿਚ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਦੇ ਪਦ ਦਾ ਸੁੱਖ ਮਾਨਣ ਵਾਲੀ ਸ਼ੇਖ ਹਸੀਨਾ ਹੁਣ ਇੱਕ ਤਰ੍ਹਾਂ ਨਾਲ ‘ਟੱਪਰੀਵਾਸ’ ਬਣ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇੰਗਲੈਂਡ ਵਰਗੇ ਮੁਲਕ ਨੇ ਉਸ ਨੂੰ ਰੱਖਣ ਲਈ ਕੋਰਾ ਚਿੱਟਾ ਜਵਾਬ ਦੇ ਦਿੱਤਾ ਹੈ।

ਹੁਣ ਉਹ ਨਰਿੰਦਰ ਮੋਦੀ ਦੀ ਸ਼ਰਨ ਵਿਚ ਜਾ ਕੇ ਭਾਰਤ ਵਿਚ ‘ਦਿਨ-ਕਟੀ’ ਕਰ ਰਹੀ ਹੈ। ਪਰ ਹੁਣ ਇੱਕ ਅਜੀਬ ਹੀ ਗੱਲ ਸਾਡੇ ਸੁਣਨ ਵਿਚ ਆਈ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਸਜੀਬ ਵਾਜੇਦ ਜੋਏ ਨੇ ‘ਟਾਈਮਜ਼ ਆਫ਼ ਇੰਡੀਆ’ ਨਾਲ ਇੱਕ ਇੰਟਰਵਿਊ ਵਿਚ ਕਿਹਾ ”ਜਿਵੇਂ ਹੀ ਅੰਤਰਿਮ ਸਰਕਾਰ ਚੋਣਾਂ ਕਰਵਾਉਣ ਦਾ ਫੈਸਲਾ ਕਰੇਗੀ, ਸ਼ੇਖ ਹਸੀਨਾ ਬੰਗਲਾਦੇਸ਼ ਵਾਪਸ ਆ ਜਾਵੇਗੀ। ਫਿਲਹਾਲ ਉਹ ਭਾਰਤ ਵਿਚ ਹੈ। ਅੰਤਰਿਮ ਸਰਕਾਰ ਵੱਲੋਂ ਚੋਣ ਕਰਵਾਉਣ ਦਾ ਫੈਸਲਾ ਕੀਤੇ ਜਾਣ `ਤੇ ਉਹ ਬੰਗਲਾਦੇਸ਼ ਵਾਪਸ ਚਲੀ ਜਾਵੇਗੀ। ਇੰਨੇ ਥੋੜ੍ਹੇ ਸਮੇਂ ਵਿਚ ਮੇਰੀ ਮਾਂ ਦੀ ਜਾਨ ਬਚਾਉਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦੀ ਹਾਂ…।” ਯਾਦ ਰਹੇ ਕਿ ਜਦੋਂ ਵਿਦਿਆਰਥੀਆਂ ਦੀ ਅਗਵਾਈ ਵਾਲੇ ‘ਜਨਰਲ ਜ਼ੈੱਡ’ ਪ੍ਰਦਰਸ਼ਨ ਨੇ ਉਸਦੀ ਅਵਾਮੀ ਲੀਗ ਸਰਕਾਰ ਦੇ ਖ਼ਿਲਾਫ ਜਨ-ਵਿਦਰੋਹ ਦਾ ਫ਼ੌਲਾਦੀ ਫ਼ੈਸਲਾ ਲਿਆ, ਤਾਂ ਉਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ 5 ਅਗਸਤ ਨੂੰ ਬੰਗਲਾਦੇਸ਼ ਤੋਂ ਭਾਰਤ ਦੌੜ ਗਈ।
ਖ਼ਬਰਾਂ ਅਨੁਸਾਰ ਬੰਗਲਾਦੇਸ਼ ਵਿਚ ਪਿਛਲੇ ਤਿੰਨ ਹਫ਼ਤਿਆਂ ਵਿਚ 400 ਤੋਂ ਵੱਧ ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਵਾਮੀ ਲੀਗ ਦੇ ਕਾਰਕੁਨਾਂ ਦੁਆਰਾ, ਪੁਲਿਸ ਗੋਲੀਬਾਰੀ ਅਤੇ ਝੜਪਾਂ ਵਿਚ ਮਾਰੇ ਗਏ ਸਨ। ਹਸੀਨਾ ਦੇ ਬੇਟੇ ਦੇ ਕਹਿਣ ਮੁਤਾਬਿਕ ਬੰਗਲਾਦੇਸ਼ ਵਿਚ ਅਵਾਮੀ ਲੀਗ ਦੇ ਨੇਤਾ ਅਜੇ ਵੀ ਕਥਿਤ ਤੌਰ ‘ਤੇ ਹਮਲੇ ਦੇ ਘੇਰੇ ਵਿਚ ਹਨ। ਜੋਏ ਨੇ ਅੱਗੇ ਜਾ ਕੇ ਕਿਹਾ, ‘ਮੈਂ ਪਾਰਟੀ ਅਤੇ ਇਸਦੇ ਵਰਕਰਾਂ ਨੂੰ ਬਚਾਉਣ ਲਈ ਜੋ ਵੀ ਕਰਨਾ ਪਏਗਾ, ਉਹ ਕਰਾਂਗਾ। ਜੇਕਰ ਮੈਨੂੰ ਰਾਜਨੀਤੀ ਵਿਚ ਆਉਣ ਦੀ ਜ਼ਰੂਰਤ ਪਈ, ਤਾਂ ਮੈਂ ਇਸ ਤੋਂ ਵੀ ਗੁਰੇਜ਼ ਨਹੀਂ ਕਰਾਂਗਾ। ਮੇਰੀ ਮਾਂ ਨੇ ਮੌਜੂਦਾ ਕਾਰਜਕਾਲ ਤੋਂ ਬਾਅਦ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਹੋਵੇਗਾ, ਮੇਰੀ ਕਦੇ ਵੀ ਕੋਈ ਸਿਆਸੀ ਲਾਲਸਾ ਨਹੀਂ ਸੀ ਅਤੇ ਇਸੇ ਲਈ ਮੈਂ ਅਮਰੀਕਾ ਵਿਚ ਆ ਵਸਿਆ ਸੀ। ਪਰ ਪਿਛਲੇ ਕੁਝ ਦਿਨਾਂ ਵਿਚ ਬੰਗਲਾਦੇਸ਼ ਵਿਚ ਵਾਪਰੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਉਥੇ ਲੀਡਰਸ਼ਿਪ ਦਾ ‘ਖਲਾਅ’ ਹੈ। ਮੈਨੂੰ ਪਾਰਟੀ ਦੀ ਖ਼ਾਤਰ ਸਰਗਰਮ ਹੋਣਾ ਪਿਆ ਅਤੇ ਮੈਂ ਹੁਣ ਸਭ ਤੋਂ ਅੱਗੇ, ਮੁਢਲੀ ਕਤਾਰ ਵਿਚ ਹਾਂ…।’ ਹਸੀਨਾ ਦੇ ਭੱਜਣ ਤੋਂ ਬਾਅਦ 5 ਅਗਸਤ ਨੂੰ ਭੀੜ ਦੀ ਹਿੰਸਾ ਅਤੇ ਦੰਗਿਆਂ ਵਿਚ 140 ਤੋਂ ਵੱਧ ਲੋਕ ਮਾਰੇ ਗਏ ਸਨ। ਪਰ ਉਸ ਹਿੰਸਾ ਤੋਂ ਬਾਅਦ ਵਾਰਦਾਤਾਂ ਵਿਚ ਕਾਫ਼ੀ ਕਮੀ ਆਈ ਹੈ, ਕਿਉਂਕਿ ਕਾਨੂੰਨ ਲਾਗੂ ਕਰਨ ਦੀ ਅਣਹੋਂਦ ਵਿਚ ਵਿਦਿਆਰਥੀ ਸੜਕਾਂ `ਤੇ ਹਨ। ਰਾਤ ਨੂੰ ਲੁੱਟ-ਖੋਹ ਦੀਆਂ ਖਬਰਾਂ ਨਸ਼ਰ ਹੋਣ ਬਾਅਦ ਸੁਰੱਖਿਆ ਬਲ ਵੀ ਸਰਗਰਮ ਹੋ ਗਏ ਹਨ।
ਤਾਜ਼ੀਆਂ ਖ਼ਬਰਾਂ ਮੁਤਾਬਿਕ ਹਿੰਦੂ ਭਾਈਚਾਰੇ ਦੇ ਮੈਂਬਰਾਂ `ਤੇ ਵੀ ਘਾਤਕ ਹਮਲੇ ਹੋਏ ਹਨ। ਖ਼ਾਸ ਕਰਕੇ ਢਾਕਾ ਤੋਂ ਬਾਹਰ ਹਿੰਦੂ ਭਾਈਚਾਰੇ ਲਈ ਕਾਫ਼ੀ ਖ਼ਤਰਾ ਦੱਸਿਆ ਜਾ ਰਿਹਾ ਸੀ। ਜੋਏ ਦੇ ਇਹ ਬਿਆਨ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਕਾਰਜਕਾਰੀ ਚੇਅਰਮੈਨ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਦੇ ਬੰਗਲਾਦੇਸ਼ ਤੋਂ ਜਲਾਵਤਨੀ ਤੋਂ ਬਾਅਦ ਢਾਕਾ ਪਰਤਣ ਤੋਂ ਬਾਅਦ ਆਏ ਹਨ। ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਨਵੀਂ ਅੰਤਰਿਮ ਸਰਕਾਰ ਵੱਲੋਂ ਬੰਗਲਾਦੇਸ਼ ਦਾ ਕਾਰਜ ਸੰਭਾਲਣ ਤੋਂ ਤੁਰੰਤ ਬਾਅਦ ਜੋਏ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਅਵਾਮੀ ਲੀਗ ਚੋਣਾਂ ਵਿਚ ਹਿੱਸਾ ਲਵੇਗੀ ਅਤੇ ਅਸੀਂ ਜਿੱਤ ਵੀ ਸਕਦੇ ਹਾਂ। ਬੰਗਲਾਦੇਸ਼ ਵਿਚ ਸਾਡੇ ਕੋਲ ਸਭ ਤੋਂ ਵੱਡਾ ਸਮਰਥਕ ਆਧਾਰ ਹੈ।” ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸਦੀ ਮਾਂ (ਸ਼ੇਖ ਹਸੀਨਾ) ਦੀ ਕਿਸੇ ਵੀ ਦੇਸ਼ ਵਿਚ ਸ਼ਰਨ ਲੈਣ ਦੀ ਕੋਈ ਯੋਜਨਾ ਨਹੀਂ ਹੈ। ਜੋਏ ਨੇ ਜ਼ੋਰ ਦਿੱਤਾ ਕਿ ਮੈਂ ਮੰਨਦਾ ਹਾਂ ਕਿ “ਆਤਮ-ਨਿਰੀਖਣ” ਦੀ ਲੋੜ ਸੀ, ਯਕੀਨਨ ਕਈ ‘ਗਲਤੀਆਂ’ ਵੀ ਹੋਈਆਂ ਸਨ। ਜਦੋਂ ਤੁਸੀਂ ਕੋਈ ਦੇਸ਼ ਚਲਾਉਂਦੇ ਹੋ, ਤਾਂ ਹਰ ਰੋਜ਼ ਬਹੁਤ ਸਾਰੇ ਫ਼ੈਸਲੇ ਲਏ ਜਾਂਦੇ ਹਨ। ਅਵਾਮੀ ਲੀਗ ਆਤਮ-ਨਿਰੀਖਣ ਵਿਚ ਵਿਸ਼ਵਾਸ ਕਰਦੀ ਹੈ, ਅਤੇ ਅਸੀਂ ਇਸ ਆਤਮ-ਨਿਰੀਖਣ ਲਈ ਤਿਆਰ ਸੀ। ਪਰ ਸਾਨੂੰ ਇਸ ਵਾਰ ਅਜਿਹਾ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਸਾਨੂੰ ਕਦੇ ਵੀ ਅਹਿਸਾਸ ਨਹੀਂ ਹੋਇਆ, ਕਿ ਰਾਜ ਦੀ ਸਥਿਤੀ ਇੰਨੀ ਤੇਜ਼ੀ ਨਾਲ ਵਿਗੜ ਜਾਵੇਗੀ। ਉਸ ਨੇ ਇਹ ਵੀ ਕਿਹਾ ਕਿ ਬੀ.ਐੱਨ.ਪੀ. ਅਤੇ ਜਮਾਤ-ਏ-ਇਸਲਾਮੀ ਦਾ ਗੱਠਜੋੜ ਘੱਟ ਗਿਣਤੀਆਂ ਨੂੰ ਨਹੀਂ ਬਚਾ ਸਕੇਗਾ। ਉਸ ਮੁਤਾਬਿਕ, ਜੇ ਅਵਾਮੀ ਲੀਗ ਸੱਤਾ ਵਿਚ ਨਹੀਂ ਹੈ, ਤਾਂ ਭਾਰਤ ਦੀ ਪੂਰਬੀ ਸਰਹੱਦ ਸੁਰੱਖਿਅਤ ਨਹੀਂ ਹੋਵੇਗੀ। ਜੇਕਰ ਬੀ.ਐੱਨ.ਪੀ. ਅਤੇ ‘ਜਮਾਤ’ ਦਾ ਗੱਠਜੋੜ ਹੁੰਦਾ ਹੈ, ਤਾਂ ਇਹ ਭਾਰਤ ਲਈ ਚੰਗਾ ਨਹੀਂ ਹੋ ਸਕਦਾ, ਕਿਉਂਕਿ ਜਮਾਤ ਅਤਿਵਾਦ ਤੋਂ ਪ੍ਰਹੇਜ਼ ਨਹੀਂ ਕਰੇਗੀ। ਜੋਏ ਨੇ ਬੇਨਤੀ ਭਰੇ ਲਹਿਜ਼ੇ ਵਿਚ ਕਿਹਾ, ”ਮੈਂ ਆਸਵੰਦ ਹਾਂ ਕਿ ਭਾਰਤ ਬੰਗਲਾਦੇਸ਼ `ਤੇ ਜਲਦੀ ਚੋਣਾਂ ਕਰਵਾਉਣ ਲਈ ਦਬਾਅ ਬਣਾਏਗਾ। ਅਵਾਮੀ ਲੀਗ ਸਰਕਾਰ ਆਪਣੀ 15 ਸਾਲਾਂ ਦੀ ਸੱਤਾ ਦੌਰਾਨ, ਅਤੇ ਹਸੀਨਾ ਖੁਦ ਘਰੇਲੂ ਨੀਤੀਆਂ ਵਿਚ ਵਿਦੇਸ਼ੀ ਦਬਾਅ ਦੀ ਮੰਗ ਕਰਨ ਵਾਲੇ ਕਿਸੇ ਵੀ ਰਾਜਨੀਤਿਕ ਵਿਰੋਧੀ, ਜਾਂ ਸਿਵਲ ਸੁਸਾਇਟੀ ਦੇ ਮੈਂਬਰ ਦੀ ਤਿੱਖੀ ਆਲੋਚਨਾ ਕਰਦੀ ਸੀ।” ਜੋਏ ਦੀਆਂ ਟਿੱਪਣੀਆਂ ਉਦੋਂ ਆਈਆਂ ਹਨ, ਜਦੋਂ ਉਸਨੇ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਸਦੇ ਪਰਿਵਾਰ ਦਾ ਸਿਆਸੀ ਜੀਵਨ ਖ਼ਤਮ ਹੋ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਦਾ ਇੱਕ ਚੰਗਾ ਪੱਖ ਵੀ ਵਿਚਾਰਯੋਗ ਹੈ ਕਿ ਹਸੀਨਾ ਨੇ ਜੂਨ 1996 ਤੋਂ ਜੁਲਾਈ 2001 ਤੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਪਹਿਲਾ ਕਾਰਜਕਾਲ ਪੂਰਾ ਕੀਤਾ। ਉਸ ਨੇ ਗੰਗਾ `ਤੇ ਸ਼ਾਸਨ ਕਰਨ ਵਾਲੇ ਭਾਰਤ ਨਾਲ ਤੀਹ ਸਾਲ ਦੀ ‘ਪਾਣੀ-ਵੰਡ’ ਸੰਧੀ `ਤੇ ਦਸਤਖ਼ਤ ਕੀਤੇ। ਉਸ ਦੇ ਪ੍ਰਸ਼ਾਸਨ ਨੇ ‘ਮੁਆਵਜ਼ਾ ਐਕਟ’ ਨੂੰ ਰੱਦ ਕਰ ਦਿੱਤਾ, ਜਿਸ ਨੇ ਸ਼ੇਖ ਮੁਜੀਬ ਦੇ ਕਾਤਲਾਂ ਨੂੰ ਮੁਕੱਦਮਾ ਚਲਾਉਣ ਤੋਂ ‘ਛੋਟ’ ਦਿੱਤੀ ਸੀ।
ਸ਼ੇਖ ਹਸੀਨਾ ਦੇ ਪਰਿਵਾਰ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਸ ਦਾ ਪ੍ਰਧਾਨ ਮੰਤਰੀ ਦਾ ਅਹੁਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਤੇਜ਼ੀ ਨਾਲ ਖਰਾਬ ਹੋਇਆ, ਜੋ ਹੌਲੀ-ਹੌਲੀ ‘ਤਾਨਾਸ਼ਾਹੀ’ ਵੱਲ ਖਿਸਕ ਰਿਹਾ ਸੀ। ਗ਼ੈਰ-ਕਾਨੂੰਨੀ ਕਤਲਾਂ, ਪੱਤਰਕਾਰਾਂ ਅਤੇ ਵਿਰੋਧੀ ਧਿਰ ਦੀਆਂ ਸ਼ਖ਼ਸੀਅਤਾਂ ਨੂੰ ਕੈਦ, ਕੁਝ ਕੁ ਨੂੰ ਲਾਪਤਾ ਕਰਨ ਅਤੇ ਉਸ ਦੀ ਸਰਕਾਰ ਅਤੇ ਸਹਿਯੋਗੀਆਂ ਦੁਆਰਾ ਭ੍ਰਿਸ਼ਟਾਚਾਰ ਅਤੇ ਸਰਕਾਰੀ ਦੌਲਤ ਦੀ ਦੁਰਵਰਤੋਂ ਦੀਆਂ ਰਿਪੋਰਟਾਂ ਦੀ ਵੀ ਭਰਮਾਰ ਰਹੀ। ਹੁਣ ਵਿਦਿਆਰਥੀਆਂ ਨੇ ਸਰਕਾਰੀ ਨੌਕਰੀਆਂ ਤੱਕ ‘ਨਿਰਪੱਖ ਪਹੁੰਚ’ ਲਈ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ ਤਕਰੀਬਨ 300 ਲੋਕਾਂ ਦੀ ਹੱਤਿਆ ਵੀ ਸ਼ਾਮਲ ਸੀ। ਨਤੀਜੇ ਵਜੋਂ ਨਿਆਂ ਲਈ ‘ਵਿਆਪਕ ਅੰਦੋਲਨ’ ਸ਼ੁਰੂ ਹੋ ਗਿਆ। ਜਿਸ ਨੇ ਹਸੀਨਾ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ।
ਚਾਹੇ 76 ਸਾਲਾ ਸ਼ੇਖ ਹਸੀਨਾ ਦੇ ਬੇਟੇ ਨੇ ‘ਵਾਪਸ ਆਉਣ’ ਜਿਹੇ ਦਾਅਵੇ ਕੀਤੇ ਹਨ। ਪਰ ਹੁਣ ਵੱਡਾ ਸੁਆਲ ਤਾਂ ਇਹ ਉਠਦਾ ਹੈ ਕਿ ਕੀ ਇਤਨਾ ਕੁਝ ਵਾਪਰਨ ਦੇ ਬਾਵਜੂਦ ਬੰਗਲਾਦੇਸ਼ ਦੇ ਲੋਕ ਉਸ ਨੂੰ ਮੁੜ ਅਪਨਾਉਣਗੇ…? ਜਾਂ ਕੀ ਉਹ ਮੁੜ ਅੱਗ ਨਾਲ ਖੇਡਣ ਲਈ ਵਾਪਸ ਪਰਤੇਗੀ..? ਜੰਗ ਅਤੇ ਮੁਹੱਬਤ ਵਿਚ ਸਭ ਕੁਝ ‘ਜਾਇਜ਼’ ਮੰਨਿਆ ਜਾਂਦਾ ਹੈ। ਪਰ ਜੇ ਸ਼ੇਖ ਹਸੀਨਾ ਵਾਪਸ ਪਰਤਦੀ ਹੈ, ਤਾਂ ਅੱਗੇ ਤੋਂ ਲੋਕ ਜੰਗ, ਮੁਹੱਬਤ ਅਤੇ ਸਿਆਸਤ ਵਿਚ ਵੀ ਸਭ ਕੁਝ ‘ਜਾਇਜ਼’ ਹੀ ਮੰਨਿਆ ਕਰਨਗੇ। ਪਰ ਮੇਰੀ ਨਜ਼ਰ ਵਿਚ ਸ਼ੇਖ ਹਸੀਨਾ ਲਈ ਅੰਗੂਰ ‘ਖੱਟੇ’ ਹੋਣ ਦੇ ਆਸਾਰ ਹੀ ਨਜ਼ਰ ਆ ਰਹੇ ਹਨ। ਫ਼ਿਲਹਾਲ 84 ਸਾਲਾ ਨੋਬੇਲ ਪੁਰਸਕਾਰ ਜੇਤੂ ਬੈਂਕਰ ਮੁਹੰਮਦ ਯੂਨਸ ਨੇ ਅੰਤਰਿਮ ਨੇਤਾ ਦਾ ਅਹੁਦਾ ਸੰਭਾਲ ਲਿਆ ਹੈ, ਆਸ ਕਰਦੇ ਹਾਂ ਕਿ ਉਹ ਦੇਸ਼ ਦੀ ਜਨਤਾ ਦੇ ਹਿੱਤਾਂ ਲਈ ਕੁਝ ਚੰਗਾ ਕਰਨਗੇ।