ਵਿਸ਼ਵ ਦੇ ਮਹਾਨ ਖਿਡਾਰੀ: ਮੈਡਲਾਂ ਦਾ ਬੋਹਲ ਲਾਉਣ ਵਾਲਾ ਮਹਿੰਦਰ ਸਿੰਘ ਗਿੱਲ

ਪ੍ਰਿੰ. ਸਰਵਣ ਸਿੰਘ
ਓਲੰਪੀਅਨ ਮਹਿੰਦਰ ਸਿੰਘ ਗਿੱਲ ਕਮਾਲ ਦਾ ਟ੍ਰਿਪਲ ਜੰਪਰ ਸੀ। ਮੈਂ ਉਸ ਦੇ ਸ਼ਬਦ ਚਿੱਤਰ ਦਾ ਸਿਰਲੇਖ ‘ਹੀਰਾ ਹਿਰਨ’ ਰੱਖਿਆ ਸੀ। ਸ਼ੌਕੀਨ ਏਨਾ ਸੀ ਕਿ ਉਸ ਨੂੰ ‘ਅਲਸੀ ਦਾ ਫੁੱਲ’ ਵੀ ਕਹਿਣਾ ਪੈਂਦਾ ਸੀ। ਉਸ ਨੇ ਕੌਮੀ ਤੇ ਕੌਮਾਂਤਰੀ ਮੀਟਾਂ `ਚੋਂ 100 ਤੋਂ ਵੱਧ ਮੈਡਲ ਜਿੱਤੇ ਹਨ। ਸਮਝ ਲਓ ਟਰਾਫੀਆਂ ਤੇ ਮੈਡਲਾਂ ਦਾ ਬੋਹਲ ਲਾ ਦਿੱਤਾ ਹੈ। ਇਕ ਵਾਰ ਉਸ ਨੇ ਵਿਸ਼ਵ ਰਿਕਾਰਡ ਨਵਿਆ ਦਿੱਤਾ ਸੀ ਪਰ ਪਿਛਲੀ ਹਵਾ ਦੀ ਗਤੀ ਰਤਾ ਵੱਧ ਹੋਣ ਕਾਰਨ ਉਸ ਰਿਕਾਰਡ ਨੂੰ ਮਾਨਤਾ ਨਹੀਂ ਮਿਲ ਸਕੀ। ਉਸ ਨੇ 52 ਮੈਡਲ ਉੱਤਰੀ ਅਮਰੀਕਾ ਤੇ ਯੂਰਪ ਦੀਆਂ ਮੀਟਾਂ `ਚੋਂ ਜਿੱਤੇ ਤੇ ਏਨੇ ਹੀ ਹੋਰਨਾਂ ਕੌਮਾਂਤਰੀ ਮੀਟਾਂ `ਚੋਂ ਮਾਠੇ। ਟ੍ਰਿਪਲ ਜੰਪ ਲਾਉਣ ਦੇ ਸਭ ਤੋਂ ਵੱਧ ਮੈਡਲ ਜਿੱਤਣ ਦਾ ਭਾਰਤੀ ਰਿਕਾਰਡ ਕਈ ਸਾਲ ਉਹਦੇ ਨਾਂ ਰਿਹਾ। ਫਿਰ ਵੀ ਉਹਦੀ ਓਨੀ ਮਸ਼ਹੂਰੀ ਨਹੀਂ ਹੋਈ ਜਿੰਨੀ ਦਾ ਉਹ ਹੱਕਦਾਰ ਸੀ।

ਇੱਕ ਸਮਾਂ ਸੀ ਜਦੋਂ ਮਹਿੰਦਰ ਸਿੰਘ ਦੇ ਨਾਂ ਅੰਤਰਰਾਸ਼ਟਰੀ ਮੀਟਾਂ ਦੇ 19 ਰਿਕਾਰਡ ਸਨ। ਉਸ ਨੇ ਏਸ਼ਿਆਈ ਖੇਡਾਂ ਤੇ ਏਸ਼ਿਆਈ ਅਥਲੈਟਿਕਸ ਮੀਟਾਂ ਵਿਚੋਂ ਇਕ ਚਾਂਦੀ ਤੇ ਦੋ ਸੋਨੇ ਦੇ ਤਗ਼ਮੇ ਜਿੱਤੇ ਸਨ। ਕਾਮਨਵੈਲਥ ਖੇਡਾਂ ਵਿਚੋਂ ਵੀ ਇਕ ਚਾਂਦੀ ਤੇ ਇੱਕ ਤਾਂਬੇ ਦਾ ਤਗ਼ਮਾ ਜਿੱਤਿਆ ਸੀ। ਟੈਕਸਸ ਦੀ ਇਕ ਮੀਟ ਵਿਚ 56 ਫੁੱਟ ਸਾਢੇ 4 ਇੰਚ ਤੀਹਰੀ ਛਾਲ ਲਾਈ ਸੀ ਜਿਸ ਨਾਲ ਉਹ ਵਿਸ਼ਵ ਦਾ ਚੋਟੀ ਦਾ ਅਥਲੀਟ ਗਿਣਿਆ ਗਿਆ ਸੀ। 1971 ਦੀਆਂ ਪ੍ਰੀ-ਓਲੰਪਿਕ ਖੇਡਾਂ ਵਿਚ ਉਹ ਏਸ਼ੀਆ ਦਾ ਇੱਕੋ ਇੱਕ ਅਥਲੀਟ ਸੀ ਜੋ ਚਾਂਦੀ ਦਾ ਤਗਮLਾ ਜਿੱਤ ਸਕਿਆ।
ਅਮਰੀਕਾ `ਚ ਉਹ ਪੰਜ ਸਾਲ ਸਭ ਤੋਂ ਮੂਹਰੇ ਰਿਹਾ। ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਉਸ ਨੇ 15 ਵਾਰ ਭਾਰਤ ਦੀ ਨੁਮਾਇੰਦਗੀ ਕੀਤੀ। ਏਸ਼ੀਆ, ਅਮਰੀਕਾ ਤੇ ਯੂਰਪ ਦੀਆਂ ਮੀਟਾਂ `ਚ 75 ਮੁਕਾਬਲਿਆਂ `ਚ ਸ਼ਾਮਲ ਹੋਇਆ ਤੇ ਮੈਡਲ ਜਿੱਤੇ। 1972 ਵਿਚ ਮਿਊਨਖ਼ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਅਥਲੈਟਿਕ ਟੀਮ ਦਾ ਕਪਤਾਨ ਸੀ। 1965 ਤੋਂ 75 ਤੱਕ ਉਸ ਦੇ ਸੁਨਹਿਰੀ ਦਿਨ ਸਨ। ਉਹ ਵਿਸ਼ਵ ਪੱਧਰ ਦਾ ਟ੍ਰਿਪਲ ਜੰਪਰ ਸੀ। ਉਸ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ ਸਿਖਿਆਰਥੀ ਹੁੰਦਿਆਂ ਅਮਰੀਕਾ ਦੀਆਂ ਨੈਸ਼ਨਲ ਮੀਟਾਂ `ਚੋਂ ਤੀਹਰੀ ਛਾਲ ਦੀਆਂ ਪੰਜ ਚੈਂਪੀਅਨਸ਼ਿਪਾਂ ਜਿੱਤੀਆਂ ਅਤੇ ਉਹ ਵੀ ਨਵੇਂ ਰਿਕਾਰਡਾਂ ਨਾਲ। ਉਹ ਭਾਰਤ ਦਾ ਇੱਕੋ ਇੱਕ ਅਥਲੀਟ ਸੀ ਜੀਹਨੇ 1971 ਵਿਚ ਪ੍ਰੀ-ਓਲੰਪਿਕ ਖੇਡਾਂ `ਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਕਾਮਨਵੈਲਥ ਖੇਡਾਂ `ਚੋਂ ਵੀ ਦੋ ਮੈਡਲ ਜਿੱਤੇ। 1961 `ਚ ਜਲੰਧਰ ਵਿਖੇ ਇੰਡੋ-ਜਰਮਨ ਅਥਲੈਟਿਕਸ ਮੀਟ ਵੇਖ ਕੇ ਹੀ ਉਹ ਅਥਲੈਟਿਕਸ ਕਰਨ ਲੱਗਾ ਸੀ।
ਪਹਿਲਾਂ ਉਹ ਵਾਲੀਬਾਲ ਖੇਡਿਆ ਫਿਰ ਤੀਹਰੀਆਂ ਛਾਲਾਂ ਲਾਉਣ ਲੱਗਾ। 1961 ਤੋਂ 64 ਤਕ ਭਾਰਤੀ ਸਕੂਲਾਂ ਦਾ ਨੈਸ਼ਨਲ ਚੈਂਪੀਅਨ ਬਣਦਾ ਰਿਹਾ। ਸਕੂਲੀ ਮੁਕਾਬਲਿਆਂ `ਚ ਉਹ ਚਾਰ ਈਵੈਂਟ ਹਾਈ ਜੰਪ, ਲੌਂਗ ਜੰਪ, ਟ੍ਰਿਪਲ ਜੰਪ ਤੇ 110 ਮੀਟਰ ਹਰਡਲਜ਼ ਦੌੜ ਵਿਚ ਵੀ ਭਾਗ ਲੈ ਲੈਂਦਾ ਸੀ। 1964 `ਚ ਉਹ ਸਪੋਰਟਸ ਸਕਾਲਰਸ਼ਿਪ ਨਾਲ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਦਾਖਲ ਹੋਇਆ ਤੇ ਯੂਨੀਵਰਸਿਟੀ ਵੱਲੋਂ 6 ਇੰਟਰਵਰਸਿਟੀ ਮੈਡਲ ਜਿੱਤੇ। 2 ਮੈਡਲ ਇੰਡੋ-ਰਸ਼ੀਅਨ ਮੀਟਾਂ `ਚੋਂ, 1 ਮੈਡਲ ਇੰਡੋ-ਜਰਮਨ ਮੀਟ `ਚੋਂ ਤੇ 2 ਏਸ਼ੀਅਨ ਟ੍ਰੈਕ ਚੈਂਪੀਅਨਸ਼ਿਪਾਂ `ਚੋਂ ਜਿੱਤੇ। ਨਾਲ ਨੈਸ਼ਨਲ ਰਿਕਾਰਡ ਵੀ ਨਵਿਆਏ। 1967 ਵਿਚ ਵਰਲਡ ਸਟੂਡੈਂਟਸ ਗੇਮਜ਼ ਟੋਕੀਓ ਵਿਖੇ ਉਹ ਅਮਰੀਕੀ ਕੋਚ ਟੌਮੀ ਸਮਿੱਥ ਦੇ ਸੰਪਰਕ `ਚ ਆਇਆ ਜਿਸ ਨੇ ਸਪੋਰਟਸ ਸਕਾਲਰਸ਼ਿਪ ਦੁਆ ਕੇ ਉਸ ਨੂੰ ਕੈਲੀਫੋਰਨੀਆ ਦੀ ਯੂਨੀਵਰਸਿਟੀ `ਚ ਪੁਚਾਇਆ। ਉਸ ਨੇ 8 ਮਈ 1971 ਨੂੰ ਫਰਿਜ਼ਨੋ ਵੈਸਟ ਕੋਸੇ ਰਿਲੇਅਜ਼ ਵਿਚ 55 ਫੁੱਟ ਤੋਂ ਵੱਧ ਛਾਲ ਲਾਈ ਜੋ ਅਮਰੀਕਾ ਦੀ ਧਰਤੀ `ਤੇ ਦੂਜੀ ਸਭ ਤੋਂ ਲੰਮੀ ਤੀਹਰੀ ਛਾਲ ਸੀ। 1972 `ਚ ਉਸ ਨੇ 57 ਫੁੱਟ ਸਾਢੇ 5 ਇੰਚ ਤੀਹਰੀ ਛਾਲ ਲਾਈ ਜੋ ਫਾਊਲ ਮੰਨੀ ਗਈ। ਉਸ ਨੇ ਆਸਟਰੀਆ, ਜਰਮਨੀ, ਸਪੇਨ, ਇਟਲੀ, ਲੰਡਨ ਦੀਆਂ ਮੀਟਾਂ `ਚ ਵੀ ਨਵੇਂ ਰਿਕਾਰਡ ਰੱਖੇ।
ਉਸ ਦਾ ਕੱਦ 6 ਫੁੱਟ ਹੈ ਤੇ ਭਾਰ 163 ਪੌਂਡ ਹੁੰਦਾ ਸੀ। ਉਹ 100 ਗਜ਼ ਦੌੜ 9.4 ਸੈਕੰਡ ਵਿਚ ਦੌੜ ਲੈਂਦਾ ਸੀ। ਵੇਟ ਟ੍ਰੇਨਿੰਗ, ਭਾਰੀ ਵਜ਼ਨ ਨਾਲ ਕਰਦਾ। 300 ਪੌਂਡ ਦੀ ਪੂਰੀ ਤੇ 600 ਪੌਂਡ ਦੀ ਅੱਧੀ ਬੈਠਕ ਮਾਰਦਾ ਸੀ। ਯੂਨੀਵਰਸਿਟੀ ਆਫ਼ ਰੈੱਡਲੈਂਡਜ਼ ਕੈਲੀਫੋਰਨੀਆਂ ਤੋਂ ਬਿਜ਼ਨੈੱਸ ਮੈਨੇਜਮੈਂਟ ਦੀ ਮਾਸਟਰ ਡਿਗਰੀ ਕਰਦਿਆਂ 1976 `ਚ ਉਹ ਸਰਗਰਮ ਛਾਲਾਂ ਤੋਂ ਰਿਟਾਇਰ ਹੋ ਗਿਆ ਤੇ ਮੋਹਿੰਦਰਾ ਸਪੋਰਟਿੰਗ ਗੁੱਡਜ਼ ਦਾ ਬਿਜ਼ਨੈੱਸ ਸ਼ੁਰੂ ਕਰ ਲਿਆ। ਉਹ ਹਾਕੀ ਸਟਿੱਕਾਂ, ਖੇਡ ਪੁਸ਼ਾਕਾਂ ਤੇ ਬਾਲਾਂ ਦੇ ਕੰਟੇਨਰ ਮੰਗਵਾਉਂਦਾ ਤੇ ਭਾਰਤੀ ਅਥਲੀਟਾਂ ਦੀ ਸਕਾਲਰਸ਼ਿਪ ਦੁਆਉਣ `ਚ ਮਦਦ ਕਰਦਾ ਰਿਹਾ।
ਪਿੱਛੇ ਜਹੇ ਅਸੀਂ ਕੈਲੀਫੋਰਨੀਆ ਗਏ। ਪਤਾ ਲੱਗਾ ਕਿ ਮਹਿੰਦਰ ਸਿੰਘ ਗਿੱਲ ਫਰਿਜ਼ਨੋ ਨੇੜੇ ਟਰਲੱਕ ਸ਼ਹਿਰ `ਚ ਰਹਿ ਰਿਹੈ। ਸਾਡਾ ਮੇਜ਼ਬਾਨ ਕਹਿਣ ਲੱਗਾ, “ਉਹ ਏਥੋਂ ਨੇੜੇ ਈ ਆ, ਆਖੋ ਤਾਂ ਗੱਲ ਕਰਾਵਾਂ?”
ਮਹਿੰਦਰ ਨਾਲ ਫੋਨ ਮਿਲਾ ਕੇ ਉਸ ਨੇ ਮੈਨੂੰ ਫੜਾ ਦਿੱਤਾ। ਉਹੀ ਚਾਲੀ ਸਾਲ ਪਹਿਲਾਂ ਵਰਗੀ ਆਵਾਜ਼ ਸੁਣਾਈ ਦਿੱਤੀ। ਮੈਂ ਪੁੱਛਿਆ, “ਕੀ ਹਾਲ ਐ ਹੁਣ ਅਲਸੀ ਦੇ ਫੁੱਲ ਦਾ?” ਉਹ ਪਹਿਲਾਂ ਵਾਲਾ ਹਾਸਾ ਹੱਸਿਆ ਤੇ ਆਖਣ ਲੱਗਾ, “ਅਲਸੀ ਦਾ ਫੁੱਲ ਤਾਂ ਹੁਣ ਕੁਮਲਾਇਆ ਪਿਐ। ਬਾਕੀ ਆ ਕੇ ਦੇਖ ਲਿਓ।”
ਉਥੋਂ ਅੱਧੇ ਪੌਣੇ ਘੰਟੇ ਦਾ ਰਾਹ ਸੀ। ਅਸੀਂ ਕਾਰ ਮਹਿੰਦਰ ਸਿੰਘ ਦੇ ਸ਼ਹਿਰ ਟਰਲੱਕ ਨੂੰ ਤੋਰ ਲਈ ਤੇ ਦਿਨ ਛਿਪਣ ਨਾਲ ਉਹਦੇ ਖੁੱਲ੍ਹੇ-ਡੁੱਲ੍ਹੇ ਘਰ ਜਾ ਪਹੁੰਚੇ। ਉਸ ਨੇ ਉਡੀਕ ਵਿਚ ਬਾਹਰਲਾ ਦਰ ਖੋਲ੍ਹ ਰੱਖਿਆ ਸੀ ਤੇ ਸਵਿਮਿੰਗ ਪੂਲ ਦੁਆਲੇ ਕੁਰਸੀਆਂ ਡਾਹੀ ਬੈਠਾ ਸੀ। ਤੜਕੇ ਦੀ ਮਹਿਕ ਫੁੱਲਾਂ ਦੀ ਮਹਿਕ ਉਤੋਂ ਦੀ ਹੋਈ ਪਈ ਸੀ। ਵੇਲਾਂ ਬੂਟਿਆਂ ਨੂੰ ਲੱਗੇ ਰੰਗ ਬਰੰਗੇ ਫੁੱਲ ਟਹਿਕ ਰਹੇ ਸਨ। ਪੂਲ ਦਾ ਨਿਰਮਲ ਪਾਣੀ ਹਵਾ ਤੇ ਚਾਨਣ ਨਾਲ ਝਿਲਮਿਲ-ਝਿਲਮਿਲ ਕਰ ਰਿਹਾ ਸੀ।
ਮੈਥੋਂ 7 ਸਾਲ ਛੋਟੇ ਮਹਿੰਦਰ ਨੂੰ ਮੈਂ ਨੀਝ ਨਾਲ ਵੇਖਿਆ। ਉਹੀ ਛਾਂਗਵੀਂ ਦਾੜ੍ਹੀ, ਨਿੱਕੀਆਂ ਮੁੱਛਾਂ ਤੇ ਹੱਸਦੀਆਂ ਅੱਖਾਂ। ਗੋਰਾ ਰੰਗ ਤੇ ਚਿੱਟੇ ਦੰਦ। ਮੁਸਕ੍ਰਾਹਟ ਵੀ ਪਹਿਲਾਂ ਵਰਗੀ ਲੁਭਾਉਣੀ। ਕੁਮਲਾਅ ਜਾਣ ਵਾਲੀ ਕੋਈ ਗੱਲ ਨਹੀਂ ਸੀ। ਅਸੀਂ ਸਾਲਾਂ ਬਾਅਦ ਮਿਲੇ ਸਾਂ ਇਸ ਲਈ ਗੱਲਾਂ ਅਜਿਹੀਆਂ ਤੁਰੀਆਂ ਕਿ ਡੂੰਘੀ ਰਾਤ ਤਕ ਤੁਰੀਆਂ ਹੀ ਗਈਆਂ। ਉਥੇ ਉਹ ‘ਮਹਿੰਦਰ ਸਪੋਰਟਸ ਇੰਕ’ ਨਾਂਅ ਦਾ ਸਪੋਰਟਸ ਸਟੋਰ ਚਲਾ ਰਿਹਾ ਸੀ।
ਉਸ ਦਾ ਜਨਮ 12 ਅਪਰੈਲ 1947 ਨੂੰ ਜਲੰਧਰ ਨੇੜੇ ਪਿੰਡ ਫੋਲੜੀਵਾਲ ਵਿਚ ਸ. ਧੰਨਾ ਸਿੰਘ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦਾ ਪਿਛਲਾ ਪਿੰਡ ਜਮਸ਼ੇਰ ਸੀ। ਜਮਸ਼ੇਰ ਤੋਂ ਉਸ ਨੇ ਅੱਠ ਜਮਾਤਾਂ ਪਾਸ ਕੀਤੀਆਂ ਤੇ ਵਾਲੀਬਾਲ ਦੀ ਖੇਡ ਦੇ ਸਿਰ `ਤੇ ਨੌਵੀਂ `ਚ ਸਪੋਰਟਸ ਸਕੂਲ ਜਲੰਧਰ ਵਿਚ ਦਾਖਲ ਹੋਇਆ। ਉਨ੍ਹੀਂ ਦਿਨੀਂ ਉਹ ਤੇ ਉਹਦੇ ਸਾਥੀ ਤੜਕੇ ਤਿੰਨ ਵਜੇ ਉੱਠ ਖੜ੍ਹਦੇ। ਕਦੇ ਨਹਿਰ ਦੀ ਪਟੜੀ ਤੇ ਕਦੇ ਰੇਤੇ ਉਤੇ ਦੌੜਨ ਲੱਗਦੇ। ਇੱਕੋ ਲੱਤ ਉਤੇ ਜੰਪ ਲੈਂਦਿਆਂ ਗਰਾਊਂਡ ਦਾ ਗੇੜਾ ਲਾਉਂਦੇ। ਉਸ ਅਭਿਆਸ ਨੇ ਮਹਿੰਦਰ ਸਿੰਘ ਦੀਆਂ ਲੱਤਾਂ `ਚ ਲੋਹੜੇ ਦੀ ਤਾਕਤ ਭਰ ਦਿੱਤੀ। ਉਥੇ ਉਹ ਆਲ ਇੰਡੀਆ ਸਕੂਲਾਂ ਦਾ ਨੈਸ਼ਨਲ ਚੈਂਪੀਅਨ ਬਣ ਗਿਆ।
1964 `ਚ ਉਸ ਨੇ ਹਾਇਰ ਸੈਕੰਡਰੀ ਪਾਸ ਕੀਤੀ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਪੋਰਟਸ ਕੋਟੇ ਵਾਲੇ ਕਾਲਜ ਵਿਚ ਦਾਖਲ ਹੋ ਗਿਆ। ਮੈਂ ਉਦੋਂ ਦਿੱਲੀ ਯੂਨੀਵਰਸਿਟੀ ਦਾ ਅਥਲੀਟ ਸਾਂ। ਐੱਮਏ ਕਰ ਕੇ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਗਿਆ ਤਾਂ ਉਥੇ ਛੇ ਫੁੱਟਾ ਸ਼ੁਕੀਨ ਜੁਆਨ ਵੇਖਿਆ। ਉਸ ਤੋਂ ਇੱਕ ਪ੍ਰੋਫੈਸਰ ਦਾ ਥਾਂ ਟਿਕਾਣਾ ਪੁੱਛਿਆ ਤਾਂ ਉਹ ਦੱਸ ਨਾ ਸਕਿਆ ਤੇ ਚੁੱਪ ਕੀਤਾ ਅੱਗੇ ਲੰਘ ਗਿਆ। ਸ਼ਾਮ ਨੂੰ ਮੈਂ ਟਰੈਕ `ਚ ਗਿਆ ਤਾਂ ਪਤਾ ਲੱਗਾ ਕਿ ਜਿਹੜੇ ਸ਼ੁਕੀਨ ਜੁਆਨ ਨੂੰ ਦੁਪਹਿਰੇ ਮਿਲਿਆ ਸਾਂ ਉਹ ਟ੍ਰਿਪਲ ਜੰਪਰ ਮਹਿੰਦਰ ਸਿੰਘ ਹੀ ਸੀ ਜੀਹਦੀਆਂ ਅਖ਼ਬਾਰਾਂ ਵਿਚ ਸੁਰਖ਼ੀਆਂ ਲੱਗਣ ਲੱਗ ਪਈਆਂ ਸਨ।
1966 ਦੀ ਗੱਲ ਹੈ। ਦਿੱਲੀ ਦੇ ਰੇਲਵੇ ਸਟੇਡੀਅਮ ਵਿਚ ਉਹ ਇਕ ਰੂਸੀ ਖਿਡਾਰਨ ਨਾਲ ਗੱਲਾਂ ਕਰ ਰਿਹਾ ਸੀ। ਉਹਦਾ ਨਾਂਅ ਓਲਗਾ ਸੀ ਜਾਂ ਉਲੇਨਾ, ਪੱਕਾ ਯਾਦ ਨਹੀਂ। ਉਹ ਇਕ ਖੂੰਜੇ ਖੜ੍ਹੇ ਕਾਫੀ ਦੇਰ ਘੁਸਰ-ਮੁਸਰ ਕਰਦੇ ਰਹੇ। ਪਤਾ ਨਹੀਂ ਕਿਹੜਾ ਕਿੱਸਾ ਸੀ ਜੋ ਮੁੱਕਣ ਵਿਚ ਨਹੀਂ ਸੀ ਆ ਰਿਹਾ। ਅਖ਼ੀਰ ਰੂਸੀ ਕੁੜੀ ਨੂੰ ਉਹਦੇ ਟੀਮ ਮੈਨੇਜਰ ਨੇ ਸੱਦ ਲਿਆ ਤੇ ਮਹਿੰਦਰ ਡੋਲਦਾ ਜਿਹਾ ਸਾਡੇ ਕੋਲ ਆ ਗਿਆ। ‘ਕਲਹਿਰੀ ਮੋਰ’ ਜਰਨੈਲ ਸਿੰਘ ਨੇ ਪੁੱਛਿਆ, “ਬਣੀ ਗੱਲ?”
ਮਹਿੰਦਰ ਗਿੱਲ ਨੇ ਕਿਹਾ, “ਕਿਹੜੀ?”
“ਓਇ ਓਹੀ।” ਜਰਨੈਲ ਸਿੰਘ ਨੇ ਮਚਲਾ ਬਣਦਿਆਂ ਕਿਹਾ।
“ਓਇ ਜਾਣ ਦਿਓ। ਉਹ ਤਾਂ ਅਸੀਂ ਈਵੈਂਟ ਦੀਆਂ ਗੱਲਾਂ ਕਰਦੇ ਸੀ। ਐਵੇਂ ਹੱਥਾਂ `ਤੇ ਉਂਗਲਾਂ ਜੀਆਂ ਮਾਰੀ ਗਈ। ਆਪਾਂ ਨੂੰ ਕਿਹੜਾ ਰੂਸੀ ਸਮਝ ਆਉਂਦੀ ਆ? ਆਹ ਫੋਟੋ ਦੇ ਗਈ ਆ ਜਾਂਦੀ ਹੋਈ। ਪਤਾ ਨੀ ਇਹਦੇ `ਤੇ ਕੀ ਲਿਖਿਆ?” ਗੱਲਾਂ ਕਰਦਿਆਂ ਉਹਦਾ ਮੂੰਹ ਸੰਗ ਨਾਲ ਸੂਹਾ ਹੋਈ ਜਾ ਰਿਹਾ ਸੀ। ਸਾਥੀ ਉਹਨੂੰ ਦੇਰ ਤਕ ਛੇੜਦੇ ਰਹੇ।
ਸਪੋਰਟਸ ਸਕੂਲ ਜਲੰਧਰ ਵਿਚ ਭਾਵੇਂ ਉਹ ਵਾਲੀਬਾਲ ਦੇ ਖਿਡਾਰੀ ਵਜੋਂ ਦਾਖਲ ਹੋਇਆ ਸੀ ਪਰ ਛੇਤੀ ਹੀ ਅਥਲੈਟਿਕਸ ਵੱਲ ਆ ਗਿਆ ਸੀ। ਪਹਿਲੇ ਹੀ ਦਿਨ ਉਸ ਨੇ 41 ਫੁੱਟ ਹਾਪ ਸਟੈੱਪ ਐਂਡ ਜੰਪ ਕੀਤਾ। ਸਕੂਲ `ਚ ਪੜ੍ਹਦਿਆਂ ਉਹ 48 ਫੁੱਟ ਸਾਢੇ 4 ਇੰਚ ਤੀਹਰੀ ਛਾਲ ਲਾ ਗਿਆ ਸੀ। ਉਹਦੇ ਸਰੀਰ ਵਿਚ ਲਚਕ ਸੀ ਤੇ ਕੱਦ ਦੇ ਹਿਸਾਬ ਲੱਤਾਂ ਲੰਮੇਰੀਆਂ ਸਨ। ਉਹਦੀ ਹੋਣਹਾਰੀ ਵੇਖਦਿਆਂ ਅਖ਼ਬਾਰਾਂ `ਚ ਉਹਦੇ ਨਾਂਅ ਦੀਆਂ ਸੁਰਖ਼ੀਆਂ ਲੱਗਣ ਲੱਗ ਪਈਆਂ ਸਨ।
ਕੁਰੂਕਸ਼ੇਤਰ ਯੂਨੀਵਰਸਿਟੀ `ਚ ਉਸ ਨੇ ਪਹਿਲੇ ਸਾਲ ਹੀ ਭਾਰਤੀ ਯੂਨੀਵਰਸਿਟੀਆਂ ਦਾ ਰਿਕਾਰਡ ਰੱਖ ਦਿੱਤਾ ਸੀ। ਉਹ ਖੇਡਾਂ ਦੇ ਨਾਲ ਪੜ੍ਹਾਈ ਵਿਚ ਵੀ ਹੁਸ਼ਿਆਰ ਰਿਹਾ। ਇਕ ਇਮਤਿਹਾਨ ਵਿਚ ਤਾਂ ਉਹ ਯੂਨੀਵਰਸਿਟੀ `ਚੋਂ ਦੂਜੇ ਨੰਬਰ `ਤੇ ਆ ਗਿਆ ਸੀ। ਉਦੋਂ ਉਹ ਕਿਹਾ ਕਰਦਾ ਸੀ ਕਿ ਪੜ੍ਹਾਈ ਮੁਕਾ ਕੇ ਜਾਂ ਪ੍ਰੋਫੈਸਰ ਬਣਾਂਗਾ ਜਾਂ ਕੋਈ ਹੋਰ ਵੱਡਾ ਅਫਸਰ। ਕਦੇ ਕਦੇ ਉਹ ਕਹਿੰਦਾ ਸੀ ਕਿ ਮੈਂ ਚਾਹ ਦੇ ਬਾਗ਼ਾਂ ਦੀ ਨੌਕਰੀ ਕਰਾਂਗਾ। ਕਦੇ ਸੈਰ ਸਪਾਟੇ ਦੀਆਂ ਗੱਲਾਂ ਕਰਦਾ ਸੀ। ਉਹਦੇ ਪਿਤਾ ਦਾ ਉੜੀਸਾ ਤੇ ਬੰਗਾਲ ਵਿਚ ਟਰਾਂਸਪੋਰਟ ਦਾ ਕਾਰੋਬਾਰ ਸੀ। ਮਹਿੰਦਰ ਦੇ ਬਚਪਨ ਦਾ ਕੁਝ ਸਮਾਂ ਕਲਕੱਤੇ ਵਿਚ ਵੀ ਗੁਜ਼ਰਿਆ ਸੀ।
ਉਹ ਬੀਏ ਕਰ ਕੇ ਐੱਮਏ ਕਰਨ ਲੱਗਾ ਸੀ ਕਿ ਰੇਲਵੇ ਵਾਲਿਆਂ ਨੇ ਸਪੋਰਟਸ ਕੋਟੇ ਵਿਚ ਉਸ ਨੂੰ ਨੌਕਰੀ ਦੇ ਦਿੱਤੀ ਸੀ। ਪਰ ਉਹ ਨੌਕਰੀ ਛੇਤੀ ਹੀ ਛੱਡ ਕੇ ਉਸ ਨੇ ਜਮਸ਼ੇਦਪੁਰ ਟਿਸਕੋ ਵਾਲਿਆਂ ਦੀ ਪੇਸ਼ਕਸ਼ ਮਨਜ਼ੂਰ ਕਰ ਲਈ ਸੀ। ਉਹ 1966 ਦੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਸੀ। ਫਿਰ 1970 ਤੇ 74 ਦੀਆਂ ਏਸ਼ਿਆਈ ਤੇ ਕਾਮਨਵੈਲਥ ਖੇਡਾਂ `ਚੋਂ ਭਾਰਤ ਲਈ ਤਮਗ਼ੇ ਜਿੱਤੇ। ਭਾਰਤ ਤੇ ਏਸ਼ੀਆ ਦਾ ਰਿਕਾਰਡ ਵੀ ਕੁਝ ਸਮਾਂ ਉਹਦੇ ਨਾਂਅ ਰਿਹਾ।
ਇਕ ਵਾਰ ਮੂੰਹ ਹਨ੍ਹੇਰੇ ਉਹ ਕਰਾਸ ਕੰਟਰੀ ਲਾ ਰਿਹਾ ਸੀ। ਲਾਗਲੇ ਪਿੰਡ ਦਾ ਬੰਦਾ ਪੁੱਛਣ ਲੱਗਾ, “ਕੀ ਗੱਲ, ਪਿੰਡ ਪੁਲਿਸ ਪੈ ਗਈ?” ਅਗਲੇ ਪਿੰਡ ਪਹੁੰਚਿਆ ਤਾਂ ਕੁੱਤੇ ਮਗਰ ਪੈ ਗਏ। ਉਸ ਨੇ ਦੱਸਿਆ, “ਹਨ੍ਹੇਰੇ ਸਵੇਰੇ ਦੌੜਦੇ ਸੀ ਤਾਂ ਦੂਜੇ ਪਿੰਡਾਂ ਵਾਲੇ ਕਹਿੰਦੇ ਬਈ ਇਹਨੂੰ ਕੀ ਬਣੀ? ਪਾਥੀਆਂ ਪੱਥਦੀਆਂ ਕੁੜੀਆਂ ਪਾਥੀਆਂ ਪੱਟਣੋਂ ਹਟ ਜਾਂਦੀਆਂ ਤੇ ਖੜ੍ਹ-ਖੜ੍ਹ ਦੇਖਦੀਆਂ। ਬੁੱਢੇ ਮੱਥਿਆਂ `ਤੇ ਹੱਥ ਰੱਖ ਕੇ ਦੂਰ ਤਕ ਦੇਖਦੇ ਰਹਿੰਦੇ। ਉਹ ਸਮਝਦੇ ਜਾਂ ਤਾਂ ਬੰਦਾ ਡਰ ਕੇ ਦੌੜਦਾ ਜਾਂ ਕਿਸੇ ਬਹੁਤੇ ਜ਼ਰੂਰੀ ਕੰਮ ਹੌਂਕਣੀਆਂ ਚੜ੍ਹਾਉਂਦਾ। ਦੌੜਨ ਲਈ ਭਲਾ ਕੌਣ ਦੌੜਦੈ?”
ਮਹਿੰਦਰ ਸਿੰਘ ਦੌੜਦਾ ਤਾਂ ਉਹਦੀ ਗਿੱਚੀ ਉਤਲੇ ਰੇਸ਼ਮੀ ਵਾਲ ਨਿੱਕੀਆਂ ਨਿੱਕੀਆਂ ਛਾਲਾਂ ਮਾਰਦੇ। ਜਦੋਂ ਛਾਲ ਲਾਉਂਦਾ ਤਾਂ ਪੈਰ ਤੋਂ ਹੀ ਤੇਜ਼ ਭੱਜਦਾ। ਤੀਹਰੀ ਛਾਲ ਲਾਉਂਦਿਆਂ ਉਹਦਾ ਹੌਪ ਲੰਮਾ ਹੁੰਦਾ, ਸਟੈੱਪ ਛੋਟਾ ਤੇ ਜੰਪ ਉਸ ਤੋਂ ਵੀ ਛੋਟਾ। ਜਦੋਂ ਉਹ 53 ਫੁੱਟ ਛਾਲ ਲਾਉਣ ਲੱਗਾ ਤਾਂ ਉਸ ਨੂੰ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਵੱਲੋਂ ਪੜ੍ਹਾਈ ਤੇ ਖੇਡਾਂ ਦਾ ਸਕਾਲਰਸ਼ਿਪ ਮਿਲਿਆ। ਟਰਲੱਕ `ਚ ਹੋਈ ਲੰਮੀ ਮੁਲਾਕਾਤ ਸਮੇਂ ਉਸ ਨੇ ਉਹ ਸਾਰੀਆਂ ਦੁਸ਼ਵਾਰੀਆਂ ਦੱਸੀਆਂ ਕਿ ਕਿਵੇਂ ਉਹ ਕੈਲੀਫੋਰਨੀਆ ਆਇਆ ਤੇ ਕਿਵੇਂ ਕੁਝ ਚਿਰ ਬੌਂਦਲਿਆ ਰਿਹਾ।
ਪਹਿਲਾਂ ਪਹਿਲ ਉਸ ਨੂੰ ਬੋਲੀ ਤੇ ਖਾਧ ਖੁਰਾਕ ਦੀਆਂ ਸਮੱਸਿਆਵਾਂ ਆਈਆਂ। ਨਾ ਉਸ ਨੂੰ ਕੋਚਾਂ ਦੀ ਭਾਸ਼ਾ ਸਮਝ ਆਉਂਦੀ ਨਾ ਅਮਰੀਕਨ ਖਾਣਾ ਸੁਆਦ ਲੱਗਦਾ। ਕੋਚਿੰਗ ਮਸ਼ੀਨੀ ਟਾਈਪ ਦੀ ਸੀ। ਕਦੇ ਕਦੇ ਉਥੋਂ ਭੱਜਣ ਨੂੰ ਦਿਲ ਕਰਦਾ। ਫਿਰ ਵੀ ਉਹ ਅਮਰੀਕਾ `ਚ ਟ੍ਰੇਨਿੰਗ ਲੈਂਦਾ ਰਿਹਾ ਤੇ ਭਾਰਤ ਦੀ ਨੁਮਾਇੰਦਗੀ ਕਰਦਾ ਰਿਹਾ। 1972 ਦੀਆਂ ਓਲੰਪਿਕ ਖੇਡਾਂ `ਚ ਭਾਗ ਲੈਣ ਲਈ ਉਹ ਤੇ ਕਮਲਜੀਤ ਸੰਧੂ ਅਮਰੀਕਾ ਤੋਂ ਹੀ ਮਿਊਨਖ਼ ਗਏ ਸਨ।
ਕੈਲੀਫੋਰਨੀਆ ਦੀ ਕੋਚਿੰਗ ਨਾਲ ਉਹਦੀ ਛਾਲ ਕਾਫੀ ਵਧ ਗਈ। ਵੱਡਾ ਫਾਇਦਾ ਇਹ ਹੋਇਆ ਕਿ ਉਥੇ ਉਸ ਦਾ ਵਿਆਹ ਹੋ ਗਿਆ ਤੇ ਅਮਰੀਕਨ ਬਣ ਗਿਆ। ਉਸ ਦਾ ਵਿਆਹ ਬੀਬੀ ਨਰਿੰਦਰ ਕੌਰ ਨਾਲ ਹੋਇਆ ਜਿਸ ਦਾ ਪੇਕਾ ਪਿੰਡ ਬਾਜੜਾ ਸੀ ਤੇ ਮਾਪੇ ਇੰਗਲੈਂਡ ਰਹਿੰਦੇ ਸਨ। ਉਹ ਵੀ ਪੜ੍ਹਨ ਲਈ ਅਮਰੀਕਾ ਆਈ ਸੀ। ਉਨ੍ਹਾਂ ਦਾ ਵਿਆਹ 1974 ਵਿਚ ਹੋਇਆ। ਉਨ੍ਹਾਂ ਦੇ ਇਕ ਪੁੱਤਰ ਹੈ ਤੇ ਦੋ ਧੀਆਂ ਹਨ। ਪੁੱਤਰ ਦਾ ਨਾਂਅ ਹਰਮਨ ਸਿੰਘ ਹੈ ਤੇ ਧੀਆਂ ਗੁਰਿੰਦਰ ਕੌਰ ਤੇ ਅਮਿਤ ਕੌਰ ਹਨ। ਨਰਿੰਦਰ ਕੌਰ ਸਵਰਗ ਸਿਧਾਰ ਗਈ ਹੈ। ਮਹਿੰਦਰ ਸਿੰਘ ਹੁਣ ਰਤਵਾੜਾ ਸਾਹਿਬ ਟ੍ਰੱਸਟ ਦਾ ਮੈਂਬਰ ਹੈ ਤੇ ਚੰਡੀਗੜ੍ਹ ਲਾਗੇ ਰਤਵਾੜਾ ਸਾਹਿਬ ਆਉਂਦਾ ਜਾਂਦਾ ਰਹਿੰਦਾ ਹੈ। ਉਹਦੇ ਘਰ ਬਾਬਾ ਵਰਿਆਮ ਸਿੰਘ ਜੀ ਤੇ ਉਨ੍ਹਾਂ ਦੀ ਸੁਪਤਨੀ ਦੀਆਂ ਆਦਮ ਕੱਦ ਤਸਵੀਰਾਂ ਲੱਗੀਆਂ ਹੋਈਆਂ ਹਨ।
ਕਿਥੇ ਉਹ ਦਿਨ ਤੇ ਕਿਥੇ ਆਹ ਦਿਨ! ਮਹਿੰਦਰ ਸਿੰਘ ਗਿੱਲ ‘ਅਲਸੀ ਦੇ ਫੁੱਲ’ ਤੋਂ ਸਾਧ ਸੰਤ ਬਣਨ ਦੇ ਰਾਹ ਪੈ ਗਿਆ ਲੱਗਦਾ ਹੈ। ਕੋਈ ਪਤਾ ਨਹੀਂ ਜਿੱਡਾ ਵੱਡਾ ਉਹ ਅਥਲੀਟ ਸੀ ਓਡਾ ਵੱਡਾ ਹੀ ਸੰਤ ਮਹਾਂਪੁਰਸ਼ ਬਣ ਜਾਵੇ। ਦੁਨੀਆ ਉਸ ਨੂੰ ਪੂਜਣ ਤੇ ਮੱਥੇ ਟੇਕਣ ਲੱਗ ਪਵੇ। ਤੇ ਕੀ ਪਤਾ ਮੈਨੂੰ ਉਹਦੇ ਬਾਰੇ ਲਿਖੇ ਜਾਣ ਵਾਲੇ ਕਿਸੇ ਹੋਰ ਸ਼ਬਦ ਚਿੱਤਰ ਦਾ ਸਿਰਲੇਖ ‘ਸੰਤ ਬਾਬਾ ਮਹਿੰਦਰ ਸਿੰਘ ਜੀ’ ਰੱਖਣਾ ਪਵੇ?