ਬੋਲ ਭਾਈ ਬੁਲਾਕਾ ਸਿੰਘ ਦੇ…!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਠ੍ਹਾਰਵੀਂ ਸਦੀ ਦੇ ਚੌਥੇ ਦਹਾਕੇ ਦਾ ਭਿਆਨਕ ਸਮਾਂæææ ਮੁਗਲ ਹਕੂਮਤ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ‘ਤੇ ਤੁਲੀ ਹੋਈ ਹੈæææ ਵੱਖ-ਵੱਖ ਉਮਰ ਦੇ ਸਿੱਖਾਂ ਦੇ ਸਿਰਾਂ ਦਾ ਮੁੱਲ ਵੀ ਅਲੱਗ-ਅਲੱਗ ਹੀ ਨਿਸ਼ਚਿਤ ਕੀਤਾ ਗਿਆæææ ਜਿਸ ਤਰ੍ਹਾਂ ਸ਼ਿਕਾਰੀ ਕੁੱਤੇ ਸ਼ਿਕਾਰ ਦੀ ਭਾਲ ਵਿਚ ਹਰਲ-ਹਰਲ ਕਰਦੇ ਝਾੜਾਂ-ਝੂੰਡਿਆਂ ‘ਚ ਮੂੰਹ ਮਾਰਦੇ ਫਿਰਦੇ ਹੁੰਦੇ ਹਨ, ਇਵੇਂ ਹੀ ਮੁਗਲੀਆ ਹਕੂਮਤ ਤੋਂ ਇਨਾਮ ਲੈਣ ਦੀ ਚਾਹਤ ਰੱਖਣ ਵਾਲੇ ਖੂਨੀ ਦਰਿੰਦੇ ਸਿੱਖਾਂ ਦੀ ਭਾਲ ਵਿਚ ਪਿੰਡਾਂ ਸ਼ਹਿਰਾਂ ‘ਚ ਆਦਮ-ਬੋ, ਆਦਮ-ਬੋ ਕਰਦੇ ਫਿਰਦੇ ਨੇ। ਹਰਿ ਭਗਤ ਨਿਰੰਜਣੀਏਂ ਅਤੇ ਉਹਦੇ ਵਰਗੇ ਕਈ ਹੋਰ ਬਿਪਰ, ਸਿੱਖਾਂ ਦੀ ਨਸਲਕੁਸ਼ੀ ਲਈ ਮੁਗਲ ਸਿਪਾਹ-ਸਲਾਰਾਂ ਦਾ ਵਧ-ਚੜ੍ਹ ਕੇ ਹੱਥ ਵਟਾਉਣ ਲੱਗੇ ਹੋਏ ਨੇ। ਇਹੋ ਜਿਹੇ ਭੀਹਾਵਲੇ ਸਮੇਂ ਗੁਰੂ ਕੇ ਸਿੱਖ, ਆਪਣਾ ਸਿੱਖੀ ਸਿਦਕ ਬਚਾਉਣ ਹਿਤ ਭਰੇ-ਭਕੁੰਨੇ ਘਰ, ਜ਼ਮੀਨ-ਜਾਇਦਾਦ ਅਤੇ ਮਾਲ-ਅਸਬਾਬ ਛੱਡ-ਛਡਾ ਕੇ, ਜੰਗਲਾਂ ਅਤੇ ਝੱਲਾਂ ਵਿਚ ਦੜ ਵੱਟ ਕੇ ਵਕਤ ਕਟੀ ਕਰ ਰਹੇ ਹਨ। ਉਧਰ ਉਜੜੇ ਬਾਗਾਂ ਦਾ ਗਾਲ੍ਹੜ ਪਟਵਾਰੀ ਬਣ ਕੇ ਮੁਗਲ ਹਕੂਮਤ ਦਾ ਕਰਿੰਦਾ ਮੱਸਾ ਚੌਧਰੀ ਪੰਥ ਦੇ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਬੇਅਦਬੀ ਕਰਨ ਜਾ ਲੱਗਾæææ।
ਭਾਈ ਬੁਲਾਕਾ ਸਿੰਘ ਨਾਂ ਦਾ ਸਿੰਘ ਇਹ ਕਾਰਾ ਦੇਖ ਕੇ ਲਹੂ ਦੇ ਅੱਥਰੂ ਕੇਰਨ ਲੱਗਾæææਜਾਨ ਤੋਂ ਪਿਆਰੇ ਗੁਰਧਾਮ ਦੀ ਬੇਹੁਰਮਤੀ ਹੁੰਦੀ ਦੇਖ ਕੇ ਉਸ ਦੇ ਸੀਨੇ ‘ਚ ਭਾਂਬੜ ਮੱਚ ਉਠਦੇ ਨੇæææਇਹ ਹਿਰਦੇਵੇਧਕ ਖ਼ਬਰ ਦੇਣ ਲਈ ਉਹ ਸਿੰਘਾਂ ਦੀ ਭਾਲ ਵਿਚ ਨਿਕਲ ਤੁਰਦਾ ਹੈæææਜਥਿਆਂ ਨੂੰ ਲੱਭਦਾ-ਲਭਾਉਂਦਾ ਉਹ ਬੀਕਾਨੇਰ ਦੇ ਝੱਲਾਂ ਵਿਚ ਜਾ ਪਹੁੰਚਦਾ ਹੈæææਬੁੱਢਾ ਦਲ ਦੇ ਜਥੇ ਦੇ ਸਨਮੁਖ ਹਾਜ਼ਰ ਹੋ ਕੇ, ਉਹ ਦਰਬਾਰ ਸਾਹਿਬ ਦੀ ਦਰਦ ਭਰੀ ਵਿਥਿਆ ਸੁਣਾਉਂਦਾ ਹੈæææਸੁਣਦਿਆਂ ਸਾਰ ਜਥੇ ਦੇ ਸਿੰਘਾਂ ਦੀਆਂ ਅੱਖਾਂ ‘ਚ ਖੂਨ ਉਤਰ ਆਉਂਦਾ ਹੈæææਸਾਰਿਆਂ ਦਾ ਖੂਨ ਖੌਲਣ ਲੱਗ ਪੈਂਦਾ ਹੈ।
“ਹੈ ਕੋਈ ਸੂਰਮਾ, ਜੋ ਮੱਸੇ ਰੰਘੜ ਦਾ ਸਿਰ ਵੱਢ ਕੇ ਲਿਆਵੇ?”
ਬੁੱਢਾ ਦਲ ਦੇ ਜਥੇਦਾਰ ਦੀ ਇਹ ਲਲਕਾਰ ਸੁਣ ਕੇ ਦੋ ਅਣਖੀ ਸੂਰਮੇ ਮੱਸੇ ਪਾਪੀ ਦਾ ਸਿਰ ਕਲਮ ਕਰਨ ਦਾ ਪ੍ਰਣ ਕਰਦੇ ਹਨæææਕਲਗੀਆਂ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਬੀਕਾਨੇਰ ਦੇ ਝੱਲਾਂ ‘ਚੋਂ ਨਿਕਲ ਪੈਂਦੇ ਹਨ। ਮੰਜਲਾਂ ਮਾਰਦੇ ਉਹ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਬੜੀ ਜੁਗਤਿ ਨਾਲ ਆਪਣੇ ਮਿਸ਼ਨ ‘ਚ ਸਫ਼ਲ ਹੁੰਦੇ ਨੇ। ਮੁੜਦੇ ਪੈਰੀਂ ਉਹ ਬੁੱਢਾ ਜੌਹੜ ਪਹੁੰਚਦੇ ਹਨ ਤੇ ਦੁਸ਼ਟ ਮੱਸੇ ਦਾ ਸਿਰ ਪੰਥ ਖਾਲਸੇ ਦੇ ਪੈਰਾਂ ਵਿਚ ਖਿੱਦੋ ਵਾਂਗ ਰੁਲ ਰਿਹਾ ਹੁੰਦਾ ਹੈæææਸਿੰਘ ਖੁਸ਼ੀਆਂ ਮਨਾਉਂਦੇ ਹੋਏ ਜੈਕਾਰੇ ਗਜਾ ਰਹੇ ਨੇæææ!
ਅੱਜ ਦੋ ਸਦੀਆਂ ਬੀਤ ਜਾਣ ਬਾਅਦ ਇੱਕੀਵੀਂ ਸਦੀ ਦੇ ਸ਼ੁਰੂਆਤੀ ਵਰ੍ਹਿਆਂ ਦਾ ਸਮਾਂ ਹੈæææਸਿੱਖ ਜਗਤ ਖੁਸ਼ਹਾਲ ਜੀਵਨ ਜਿਉ ਰਿਹਾ ਹੈæææਮਹਿਲ ਨੁਮਾ ਕੋਠੀਆਂ ਅਤੇ ਮਾਡਰਨ ਸੁੱਖ-ਸਹੂਲਤਾਂ ਵਾਲੇ ਘਰਾਂ ਵਿਚ ਖਾਲਸੇ ਦੀ ਰਿਹਾਇਸ਼ ਹੈ। ਕਾਰਾਂ, ਕੋਠੀਆਂ, ਮਾਇਆ ਦੀ ਬਹੁਲਤਾ ਹੈ। ਗੁਰਦੁਆਰਿਆਂ ਦੀਆਂ ਝਿਲਮਿਲ-ਝਿਲਮਿਲ ਕਰਦੀਆਂ ਸ਼ਾਨਦਾਰ ਇਮਾਰਤਾਂ ਅਤੇ ਉਥੇ ਲੱਗਾ ਹੋਇਆ ਬੇਸ਼ਕੀਮਤੀ ਸੰਗਮਰਮਰæææਰਲਾ ਮਿਲਾ ਕੇ ਸਿੱਖਾਂ ਦੀ ਅਮੀਰੀ ਪ੍ਰਗਟਾਉਂਦੇ ਪ੍ਰਤੀਤ ਹੁੰਦੇ ਨੇ। ਸਿੱਧੇ ਤੌਰ ‘ਤੇ ਸਿੱਖੀ ਉਤੇ ਕੋਈ ਰਾਜ ਕੋਪ ਵੀ ਦਿਖਾਈ ਨਹੀਂ ਦਿੰਦਾ। ਹਰ ਪਾਸੇ ਹਰਿਆਲੀ ਤੇ ਖ਼ੁਸ਼ਹਾਲੀ ਝਲਕਾਂ ਮਾਰ ਰਹੀ ਹੈ ਪਰ ਪੰਜਾਬ ਦੀ ਧਰਤੀ Aਤੇ ਬੇਪਛਾਣ ਜਿਹਾ ਬਣ ਕੇ ਵਿਚਰਿਆ ਕੋਈ ਮਾਡਰਨ ਬੁਲਾਕਾ ਸਿੰਘ ਦੂਰ-ਦੁਰਾਡੇ ਕਿਤੇ ਇਕਾਂਤ ਵਿਚ ਬੈਠੇ, ਤੱਤਿ ਵੇਤੇ ਸਿੰਘਾਂ ਦੇ ਕਿਸੇ ਜਥੇ ਅੱਗੇ ਪੰਜਾਬ ਵਸਦੀ ਸਿੱਖੀ ਦੀ ਦਾਸਤਾਨ, ਧਾਹਾਂ ਮਾਰਦਾ ਹੋਇਆ ਇੰਜ ਬਿਆਨ ਕਰ ਰਿਹਾ ਏ,
ਹੰਝੂ ਕੇਰ ਕੇ ਕਿਹਾ ਬੁਲਾਕਾ ਸਿੰਘ ਨੇ,
ਦੱਸਾਂ ਕਿਹਨੂੰ ਪੰਜਾਬ ਦਾ ਹਾਲ ਸਿੰਘੋ।
ਚੱਪਾ ਚੱਪਾ ਮੈਂ ਦੇਸ਼ ਦਾ ਗਾਹ ਆਇਆ
ਡਾਢਾ ਸਿੱਖੀ ਦਾ ਮੰਦੜਾ ਹਾਲ ਸਿੰਘੋ।
ਫੁੱਟ ਚੰਦਰੀ ਪੰਥ ਵਿਚ ਪਈ ਹੋਈ ਐ,
ਕੌਮਪ੍ਰਸਤੀ ਦਾ ਪੈ ਗਿਆ ਕਾਲ ਸਿੰਘੋ।
ਗੁਰਮਤਿ ਵਾਲਾ ਤਾਂ ਛੱਡ’ਤਾ ਰਾਹ ਸਿੱਧਾ,
ਪੈ ਗਏ ਔਝੜੇ ਹੋਏ ਬੇਤਾਲ ਸਿੰਘੋ।
ਬਹੁਤੇ ਡੇਰਿਆਂ ਵਿਚ ਨੱਕ ਰਗੜਦੇ ਨੇ,
ਵਿਰਲੇ ਪੂਜਦੇ ਇਕ ਅਕਾਲ ਸਿੰਘੋ।
ਗੱਲ ਵਿੱਸਰੀ ਸਿੱਖੀ ਸਿਧਾਂਤ ਵਾਲੀ,
ਸਾਰੇ ਫੈਲਿਆ ਮਨ ਮਤਿ ਦਾ ਜਾਲ ਸਿੰਘੋ।
ਮੀਲ ਮੀਲ ‘ਤੇ ਡੇਰੇ ਆਬਾਦ ਹੋ ਗਏ।
ਬਣ ਗਏ ਸੈਂਕੜੇ ਗੁਰੂ ਘੰਟਾਲ ਸਿੰਘੋ।
ਜੋੜੇ ਤਖ਼ਤ ਅਕਾਲ ਨਾਲ ਕੋਈ ਵਿਰਲਾ,
ਰਹੇ ‘ਆਪਣੀ ਸਿੱਖੀ’ ਨੂੰ ਪਾਲ ਸਿੰਘੋ।
‘ਪੱਕੇ’ ਗੁਰਦੁਆਰੇ ‘ਕੱਚੇ’ ਸਿੱਖ ਹੋ ਗਏ
ਚੱਲੀ ਸਮੇਂ ਦੀ ਉਲਟੀ ਹੀ ਚਾਲ ਸਿੰਘੋ।
ਕਹਿੰਦੇ ‘ਪੰਥ ਦਾ ਰਾਜ’ ਹੁਣ ਹੋ ਗਿਆ ਏ,
ਐਪਰ ਸਿੱਖਾਂ ਦਾ ਜਿਉਣਾ ਮੁਹਾਲ ਸਿੰਘੋ।
ਸਿੱਖੀ ਵਿਚ ਪੰਜਾਬ ਦੇ ਸੁੱਕ ਚੱਲੀ,
ਦਿੱਸਣ ‘ਕਾਲੀਆਂ ਦੇ ਚਿਹਰੇ ਲਾਲ ਸਿੰਘੋ।
ਸੀਗਾ ਵੱਸਦਾ ਗੁਰਾਂ ਦੇ ਨਾਮ ਉਤੇ,
ਲੱਭੀ ਗੁਰਮਤਿ ਨਾ ਰਿਹਾ ਮੈਂ ਭਾਲ ਸਿੰਘੋ।
ਉਥੇ ਅਣਖ ਤੇ ਸਿਦਕ ਦੀ ਗੱਲ ਮੁੱਕੀ,
ਕੁੱਤੀ ਰਲੀ ਏ ਚੋਰਾਂ ਦੇ ਨਾਲ ਸਿੰਘੋ।
ਮਿਟਿਆ ਸਿਸਟਮ ਹੀ ਪੰਚ ਪ੍ਰਧਾਨਗੀ ਦਾ,
ਤਾਨਾਸ਼ਾਹੀ ਦਾ ਛਾਇਆ ਜਲਾਲ ਸਿੰਘੋ।
ਭਾਈ ਲਾਲੋਆਂ ਤਾਈਂ ਨਾ ਜਿਉਣ ਦਿੰਦਾ,
ਮਲਕ ਭਾਗੋਆਂ ਦਾ ਤੰਦੂਆ ਜਾਲ ਸਿੰਘੋ।
ਕੁਨਬਾਪਰਵਰੀ ਅਤੇ ਨਿੱਜਵਾਦ ਮੋਹਰੇ,
ਪੰਥ ਹੋ ਗਿਆ ਹਾਲੋਂ-ਬੇਹਾਲ ਸਿੰਘੋ।
ਯਾਰੋ ਖਾਲਸਾ ਸੌਂ ਗਿਆ ਕੁਰਸੀਆਂ ‘ਤੇ,
ਸੁਣੇ ਕੋਈ ਨਾ ‘ਪਾਹਰਿਆ-ਹਾਲ’ ਸਿੰਘੋ।
ਹਰ ਇਕ ਮੋੜ ‘ਤੇ ਠੇਕਾ ਸ਼ਰਾਬ ਦਿਸਦਾ,
ਪੀਣ ਵਾਲਿਆਂ ਜਿਸਮ ਲਏ ਗਾਲ ਸਿੰਘੋ।
ਮੂੰਹ-ਸਿਰ ਮੁੰਨ ਕੇ ਨੰਤੀਆਂ ਪਾਉਣ ਮੁੰਡੇ,
ਸੂਰਤ ਮੇਲਦੇ ਰਾਂਝੇ ਦੇ ਨਾਲ ਸਿੰਘੋ।
ਵਿਚ ਸੰਗਤ ਦੇ ਬੈਠਣਾ ਭੁੱਲਿਆ ਏ,
ਸੁਣਦੇ ਕਬਰਾਂ ‘ਤੇ ਆਲ-ਪਤਾਲ ਸਿੰਘੋ।
ਸਾਖੀ ਧਰਮ-ਇਤਿਹਾਸ ਦੀ ਪੜ੍ਹੇ ਵਿਰਲਾ,
ਟੀæਵੀæ ਅੱਗਿਉਂ ਉਠਦੇ ਨਾ ਬਾਲ ਸਿੰਘੋ।
ਦਰਸ਼ਨ ਸਾਊ ਪਹਿਰਾਵੇ ਦੇ ‘ਲੋਪ ਹੋ ਗਏ,
ਨੰਗੇ ਬਦਨ ਜਿਉਂ ਮੰਡੀ ਦਾ ਮਾਲ ਸਿੰਘੋ।
ਸਿੱਖ ਬੀਬੀਆਂ ਫੈਸ਼ਨੀਂ ਗ੍ਰਸਤ ਹੋ ਕੇ,
ਪਾਉਣ ਗਿੱਧਿਆਂ ਵਿਚ ਧਮਾਲ ਸਿੰਘੋ।
‘ਰਾਵਾ ਉੜ ਉੜ ਕੇ’ ਝਾਟਿਆਂ ਵਿਚ ਪੈਂਦਾ,
ਹੱਸਣ ਲੋਕ, ਇਹ ਸਿੱਖੀ ਦਾ ਹਾਲ ਸਿੰਘੋ!
ਵਿਆਹ ਸਿੱਖਾਂ ਦੇ ਚੱਲੇ ਸ਼ਰਾਬ ਖੁੱਲ੍ਹੀ!
ਨੱਚਣ ‘ਡਾਂਸਰਾਂ’ ਤਾਲ ਦੇ ਨਾਲ ਸਿੰਘੋ!!
ਗੁਰੂ-ਜੁਗਤਿ ਮਰਯਾਦਾ ਨੂੰ ਪਿੱਠ ਦੇ ਕੇ,
ਪਾਉਣ ਗਲਾਂ ਵਿਚ ਆਪ ‘ਜੈ ਮਾਲ’ ਸਿੰਘੋ।
ਪੁੱਤ ਸਿੱਖਾਂ ਦੇ ਨਾਮ ਵਿਚ ਸਿੰਘ ਹੈ ਨਹੀਂ,
ਮਨ ਦੀ ਮੌਜ ਨੂੰ ਰਹੇ ਨੇ ਪਾਲ ਸਿੰਘੋ।
ਭੈਅ, ਅਦਬ ਵਿਸਾਰ ਕੇ ਗੁਰੂ ਘਰ ਦਾ,
ਹੋਏ ਫਿਰਦੇ ਨੇ ਤਾਲੋਂ-ਬੇਤਾਲ ਸਿੰਘੋ।
ਤਤਿ ਗੁਰਮਤਿ ਦੇ ਭੁੱਲ ਅਸੂਲ ਪਾਇਆ,
ਬਿਪਰਵਾਦ ਦਾ ਗਲ ‘ਚ ਜੰਜਾਲ ਸਿੰਘੋ।
ਬਾਣੀ ਸੁਣਨ ਨਾ, ਦੂਰ ਗੱਲ ਅਮਲ ਵਾਲੀ,
ਚਾੜ੍ਹੀ ਜਾਂਦੇ ਉਂਜ ਮਹਿੰਗੇ ਰੁਮਾਲ ਸਿੰਘੋ।
ਆਪੋ ਵਿਚੀਂ ਹੀ ਡਾਂਗ ਨਿੱਤ ਖੜਕਦੀ ਐ,
ਪ੍ਰੇਮ ਪਿਆਰ ਦਾ ਪੈ ਗਿਆ ਕਾਲ ਸਿੰਘੋ।
ਵੱਸ ਪਿਆ ਗੁਲਾਮਾਂ ਦੇ ਉਡੀਕਦਾ ਏ,
ਫੂਲਾ ਸਿੰਘ ਨੂੰ ਤਖ਼ਤ ਅਕਾਲ ਸਿੰਘੋ।
ਹੋਊ ਹਾਲ ਕੀ ਪੰਥ ਪੰਜਾਬ ਦਾ ਜੀ,
ਕਿਹਦੇ ਅੱਗੇ ਮੈਂ ਰੱਖਾਂ ਸਵਾਲ ਸਿੰਘੋ?
ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਦੀ ਅਣਖੀਲੀ ਸ਼ਖ਼ਸੀਅਤ ਭਾਈ ਬੁਲਾਕਾ ਸਿੰਘ ਕੋਲੋਂ ਗੁਰੂ ਦਰਬਾਰ ਦੀ ਬੇਅਦਬੀ ਹੁੰਦੀ ਸੁਣ ਕੇ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਜਾਨਾਂ ਤਲੀ ‘ਤੇ ਰੱਖ ਕੇ ਫਰਜ਼ ਨਿਭਾਇਆ ਸੀ। ਅੱਜ ਇੱਕੀਵੀਂ ਸਦੀ ਵਿਚ ਕਿਸੇ ਕੌਮ ਦਰਦੀ ਭਾਈ ਬੁਲਾਕਾ ਸਿੰਘ ਦੀ ਜ਼ੁਬਾਨੋਂ ਪੰਜਾਬ ‘ਚੋਂ ਲੋਪ ਹੁੰਦੀ ਜਾ ਰਹੀ ਸਿੱਖੀ ਦਾ ਦਰਦਨਾਕ ਹਾਲ ਸੁਣ ਕੇ, ਸ਼ਾਇਦ ਕੋਈ ਪੰਥਪ੍ਰਸਤੀ ਦੇ ਮੁਜੱਸਮੇ, ਭਾਈ ਦਿੱਤ ਸਿੰਘ ਅਤੇ ਪ੍ਰੋæ ਗੁਰਮੁਖ ਸਿੰਘ ਜਿਹੇ ਧਰਮੀ ਜਿਉੜਿਆਂ ਵਾਂਗ ਜ਼ਿੰਦਗਾਨੀ ਕੌਮ ਦੇ ਲੇਖੇ ਲਾਉਣ ਲਈ ਮੈਦਾਨ ਵਿਚ ਨਿੱਤਰ ਪੈਣ! ਆਮੀਨ!

Be the first to comment

Leave a Reply

Your email address will not be published.