ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕੇਂਦਰੀ ਏਜੰਸੀ ਦੇ ਲਪੇਟੇ ਵਿਚ ਆਇਆ

ਆਸ਼ੂ ਦੀ ਵਿਦੇਸ਼ `ਚ ਲੈਣ-ਦੇਣ ਦੀ ਜਾਣਕਾਰੀ ਈ.ਡੀ. ਹੱਥ ਲੱਗੀ
ਲੁਧਿਆਣਾ: ਟਰਾਂਸਪੋਰਟੇਸ਼ਨ ਘਪਲੇ ਦੇ ਮਾਮਲੇ ਵਿਚ ਵਿਜੀਲੈਂਸ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜ ਰੋਜ਼ਾ ਰਿਮਾਂਡ ‘ਤੇ ਲਿਆ ਹੋਇਆ ਹੈ। ਸੂਤਰਾਂ ਮੁਤਾਬਕ ਸਾਬਕਾ ਮੰਤਰੀ ਦੇ ਵਿਦੇਸ਼ੀ ਲੈਣ-ਦੇਣ ਦੀ ਜਾਣਕਾਰੀ ਈ.ਡੀ. ਹੱਥ ਲੱਗੀ ਹੈ। ਈ.ਡੀ. ਦੀ ਜਾਂਚ ‘ਚ ਪਤਾ ਲੱਗਿਆ ਕਿ ਭਾਰਤ ਭੂਸ਼ਣ ਆਸ਼ੂ ਨੇ ਕਈ ਫ਼ਰਜ਼ੀ ਸੰਸਥਾਵਾਂ ਰਾਹੀਂ ਵੀ ਪੈਸੇ ਕਮਾਏ ਹਨ।

ਆਸ਼ੂ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਨਾਮ ਉਤੇ ਕਈ ਜਾਇਦਾਦਾਂ ਖ਼ਰੀਦੀਆਂ। ਹੁਣ ਜਾਂਚ ਏਜੰਸੀ ਨੇ ਆਸ਼ੂ ਦੇ ਕਰੀਬੀਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਈਡੀ ਨੂੰ ਆਸ਼ੂ ਤੇ ਉਸ ਦੇ ਕਰੀਬੀਆਂ ਦੇ ਖਾਤਿਆਂ ‘ਚ ਵਿਦੇਸ਼ੀ ਐਂਟਰੀਆਂ ਮਿਲੀਆਂ ਹਨ।
ਆਸ਼ੂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਈਡੀ ਨੇ 24 ਅਗਸਤ 2023, 4 ਸਤੰਬਰ 2023 ਅਤੇ 6 ਸਤੰਬਰ 2023 ਨੂੰ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਘਰਾਂ ਤੇ ਦਫ਼ਤਰਾਂ ਉਤੇ ਛਾਪੇ ਮਾਰੇ ਸਨ। ਤਲਾਸ਼ੀ ਦੌਰਾਨ ਨਕਦੀ ਜ਼ਬਤ ਕੀਤੀ ਗਈ ਸੀ ਅਤੇ ਬੈਂਕ ਖਾਤੇ ਵੀ ਫਰੀਜ਼ ਕੀਤੇ ਗਏ ਸਨ। ਇਸ ਮਾਮਲੇ ‘ਚ ਜ਼ਬਤ ਤੇ ਫਰੀਜ਼ ਕੀਤੇ ਗਏ ਸਾਮਾਨ ਦੀ ਕੁੱਲ ਕੀਮਤ 8.46 ਕਰੋੜ ਰੁਪਏ ਸੀ।
ਭਾਰਤ ਭੂਸ਼ਣ ਆਸ਼ੂ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਮਗਰੋਂ ਹੁਣ ਉਨ੍ਹਾਂ ਦੇ ਕਈ ਕਰੀਬੀ ਵੀ ਈਡੀ ਦੇ ਰਡਾਰ ‘ਤੇ ਹਨ। ਆਸ਼ੂ ‘ਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਕਰੀਬੀਆਂ ਜ਼ਰੀਏ ਵਿਦੇਸ਼ਾਂ ਵਿਚ ਕੁੱਝ ਲੈਣ-ਦੇਣ ਕੀਤਾ ਹੈ।
ਕਰੀਬੀਆਂ ਨਾਲ ਪ੍ਰਾਪਰਟੀ ਖ਼ਰੀਦਣ ਦੇ ਵੀ ਦੋਸ਼ ਹਨ। ਇਸ ਤੋਂ ਇਲਾਵਾ ਟਰਾਂਸਪੋਰਟ ਘਪਲੇ ਵਿੱਚ ਠੇਕੇਦਾਰ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ।
ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸੀਆਂ ਨੇ ਚੁੱਪ ਧਾਰੀ
ਲੁਧਿਆਣਾ: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਈਡੀ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਤੋਂ ਬਾਅਦ ਲੁਧਿਆਣਾ ਦੇ ਕਾਂਗਰਸੀਆਂ ਨੇ ਚੁੱਪ ਧਾਰੀ ਹੋਈ ਹੈ। ਕਿਸੇ ਵੇਲੇ ਚੰਗੇ ਦੋਸਤ ਕਹੇ ਜਾਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਹਾਲੇ ਕੋਈ ਟਿੱਪਣੀ ਨਹੀਂ ਦਿੱਤੀ ਅਤੇ ਨਾ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਝ ਕਿਹਾ ਹੈ। ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸਨ ਤਾਂ ਆਸ਼ੂ ਉਨ੍ਹਾਂ ਦੀ ਕੈਬਨਿਟ ‘ਚ ਵਜ਼ੀਰ ਸਨ। ਵਿਧਾਨ ਸਭਾ ‘ਚ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਨੂੰ ਜਰਨੈਲ ਦੱਸਿਆ ਸੀ।