ਪੈਰਿਸ: ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਵਿਚ ਵਿਸ਼ਵ ਚੈਂਪੀਅਨ ਜਰਮਨੀ ਤੋਂ 2-3 ਨਾਲ ਹਾਰ ਗਈ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 7ਵੇਂ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿਚ ਗੋਲ ਕੀਤੇ। ਜਦੋਂਕਿ ਜਰਮਨੀ ਦੇ ਪੀ ਗੁੰਜ਼ਾਲੋ ਨੇ 18ਵੇਂ, ਆਰ ਕ੍ਰਿਸਟੋਫਰ ਨੇ 27ਵੇਂ ਅਤੇ ਐੱਮ. ਮਾਰਕੋ ਨੇ 54ਵੇਂ ਮਿੰਟ ਵਿਚ ਗੋਲ ਦਾਗ਼ੇ।
ਭਾਰਤ ਨੇ ਆਖਰੀ ਵਾਰ 1980 ਓਲੰਪਿਕ ਦਾ ਫਾਈਨਲ ਖੇਡਿਆ ਸੀ ਅਤੇ ਸੋਨ ਤਮਗਾ ਜਿੱਤਿਆ ਸੀ। ਭਾਰਤ ਨੂੰ ਪਹਿਲੇ ਕੁਆਰਟਰ ਦੇ ਦੂਜੇ ਅਤੇ ਤੀਜੇ ਮਿੰਟ ਵਿਚ ਪੈਨਲਟੀ ਕਾਰਨਰ ਮਿਲੇ। ਹਾਲਾਂਕਿ ਦੋਵੇਂ ਵਾਰ ਗੋਲ ਨਹੀਂ ਹੋ ਸਕਿਆ। ਚੌਥੇ ਮਿੰਟ ਵਿਚ ਜਰਮਨੀ ਦੇ ਮਾਰਕੋ ਨੇ ਮੈਦਾਨੀ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸ੍ਰੀਜੇਸ਼ ਨੇ ਸ਼ਾਨਦਾਰ ਬਚਾਅ ਕੀਤਾ। ਭਾਰਤ ਨੂੰ 7ਵੇਂ ਮਿੰਟ ਵਿਚ ਤੀਜਾ ਪੈਨਲਟੀ ਕਾਰਨਰ ਮਿਲਿਆ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। 8ਵੇਂ ਮਿੰਟ ਵਿਚ ਵੀ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਗੋਲ ਨਹੀਂ ਹੋ ਸਕਿਆ।
ਉਂਝ ਇਸ ਵਾਰ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਭਾਰਤ ਨੇ ਪੈਰਿਸ ਓਲੰਪਿਕ ਵਿਚ ਪੁਰਸ਼ਾਂ ਦੇ ਪੂਲ-ਬੀ ਦੇ ਹਾਕੀ ਮੁਕਾਬਲੇ ਵਿਚ ਆਸਟਰੇਲੀਆ ਨੂੰ 3-2 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤ ਦੀ ਓਲੰਪਿਕ ‘ਚ ਆਸਟਰੇਲੀਆ ਖ਼ਿਲਾਫ਼ 52 ਸਾਲਾਂ ਬਾਅਦ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੰਗਾਰੂ ਟੀਮ ਨੂੰ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ‘ਚ ਹਰਾਇਆ ਸੀ। ਟੋਕੀਓ ਵਿਚ ਪੁਰਸ਼ ਟੀਮ ਨੇ ਕਾਂਸੇ ਦੇ ਤਗ਼ਮੇ ਵਜੋਂ 41 ਸਾਲ ਬਾਅਦ ਓਲੰਪਿਕ ਤਗ਼ਮਾ ਜਿੱਤਿਆ ਸੀ। ਇਸ ਨਾਲ ਉਸ ਖੇਡ ਵਿਚ ਜਾਨ ਆਈ, ਜਿਸ ਵਿਚ ਅੱਠ ਓਲਪਿਕ ਸੋਨ ਤਗ਼ਮਿਆਂ ਨਾਲ ਭਾਰਤ ਦਾ ਸ਼ਾਨਾਂਮੱਤਾ ਅਤੀਤ ਰਿਹਾ ਹੈ। ਹਾਲਾਂਕਿ ਆਖ਼ਰੀ ਸੋਨ ਤਗ਼ਮਾ 1980 ਵਿਚ ਆਇਆ ਸੀ। ਬਰਤਾਨੀਆ ਖ਼ਿਲਾਫ਼ ਕੁਆਰਟਰ ਫਾਈਨਲ ਵਿਚ ਦਸ ਖਿਡਾਰੀਆਂ ਤੱਕ ਸੀਮਤ ਹੋਣ ਦੇ ਬਾਵਜੂਦ ਭਾਰਤੀ ਟੀਮ ਨੇ ਜਿਸ ਤਰ੍ਹਾਂ ਹਿੰਮਤ ਅਤੇ ਹੁਨਰ ਦਾ ਪ੍ਰਦਰਸ਼ਨ ਕਰਕੇ ਮੁਕਾਬਲਾ ਪੈਨਲਟੀ ਸ਼ੂਟਆਊਟ ਤੱਕ ਖਿੱਚਿਆ, ਉਹ ਕਾਬਲ-ਏ-ਤਾਰੀਫ਼ ਹੈ।