ਲੇਖਕ: ਪ੍ਰੋ. ਬੀ.ਐੱਨ ਪਾਂਡੇ
ਅਨੁਵਾਦ: ਰਮਨਦੀਪ ਕੌਰ
(ਪੁਸਤਕ : “ਇਤਿਹਾਸ ਕੇ ਸਾਥ ਯਹ ਅਨਿਆਏ”)
ਜਦੋ ਮੈਂ ਨਗਰਪਾਲਿਕਾ ਦਾ ਚੈਅਰਮੈਨ ਸੀ (1948 ਈ. ਤੋਂ 1953 ਈ. ਤੱਕ) ਤਾਂ ਮੇਰੇ ਸਾਹਮਣੇ ਦਾਖਿਲ-ਖਾਰਿਜ ਦਾ ਇੱਕ ਮਸਲਾ ਲਿਆਂਦਾ ਗਿਆ। ਇਹ ਮਸਲਾ ਸੋਮੇਸ਼ਵਰ ਨਾਥ ਮਹਾਦੇਵ ਮੰਦਿਰ ਨਾਲ ਸੰਬੰਧਿਤ ਜਾਇਦਾਦ ਦੇ ਬਾਰੇ ਸੀ। ਮੰਦਿਰ ਦੇ ਮਹੰਤ ਦੀ ਮੌਤ ਤੋਂ ਬਾਅਦ ਉਸ ਜਾਇਦਾਦ ਦੇ ਦੋ ਦਾਅਵੇਦਾਰ ਖੜ੍ਹੇ ਹੋ ਗਏ ਸਨ।
ਇਕ ਦਾਅਵੇਦਾਰ ਨੇ ਕੁਝ ਦਸਤਾਵੇਜ਼ ਜਮ੍ਹਾਂ ਕਰਵਾਏ ਜੋ ਉਸ ਦੇ ਖਾਨਦਾਨ ਵਿਚ ਬਹੁਤ ਦਿਨਾਂ ਤੋਂ ਚੱਲੇ ਆ ਰਹੇ ਸਨ। ਇਨ੍ਹਾਂ ਦਸਤਾਵੇਜ਼ਾਂ ਵਿਚ ਸ਼ਹਿਨਸ਼ਾਹ ਔਰੰਗਜ਼ੇਬ ਦੇ ਫ਼ਰਮਾਨ ਵੀ ਸਨ। ਔਰੰਗਜ਼ੇਬ ਨੇ ਇਸ ਮੰਦਿਰ ਨੂੰ ਜਾਗੀਰ ਅਤੇ ਨਕਦ ਦਾਨ ਦਿੱਤਾ ਸੀ। ਮੈਂ ਸੋਚਿਆ ਕਿ ਇਹ ਫ਼ਰਮਾਨ ਨਕਲੀ ਹੋਣਗੇ। ਮੈਨੂੰ ਹੈਰਾਨੀ ਹੋਈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਔਰੰਗਜ਼ੇਬ ਜਿਹੜਾ ਮੰਦਿਰਾਂ ਨੂੰ ਤੋੜਨ ਲਈ ਪ੍ਰਸਿੱਧ ਹੈ, ਉਹ ਇਕ ਮੰਦਿਰ ਨੂੰ ਇਹ ਕਹਿ ਕੇ ਜਾਗੀਰ ਦੇ ਦਿੰਦਾ ਹੈ ਕਿ ਇਹ ਜਾਗੀਰ ਪੂਜਾ ਅਤੇ ਭੋਗ ਦੇ ਲਈ ਦਿੱਤੀ ਜਾ ਰਹੀ ਹੈ। ਆਖ਼ਿਰ ਔਰੰਗਜ਼ੇਬ ਕਿਵੇਂ ਬੁੱਤ-ਪ੍ਰਸਤੀ ਨਾਲ ਆਪਣੇ ਆਪ ਨੂੰ ਭਾਗੀਦਾਰ ਬਣਾ ਸਕਦਾ ਹੈ। ਮੈਨੂੰ ਵਿਸ਼ਵਾਸ ਸੀ ਕਿ ਇਹ ਦਸਤਾਵੇਜ਼ ਨਕਲੀ ਹਨ, ਪਰ ਕੋਈ ਫ਼ੈਸਲਾ ਲੈਣ ਤੋਂ ਪਹਿਲਾ ਮੈਂ ਡਾ. ਸਰ ਤੇਜ਼ ਬਹਾਦੁਰ ਸਪਰੂ ਦੀ ਸਲਾਹ ਲੈਣੀ ਸਹੀ ਸਮਝੀ। ਉਹ ਅਰਬੀ ਅਤੇ ਫ਼ਾਰਸੀ ਦੇ ਵਧੀਆ ਜਾਣਕਾਰ ਸਨ। ਮੈਂ ਦਸਤਾਵੇਜ਼ ਉਨ੍ਹਾਂ ਅੱਗੇ ਪੇਸ਼ ਕੀਤੇ ਅਤੇ ਉਨ੍ਹਾਂ ਦੀ ਸਲਾਹ ਮੰਗੀ ਤਾਂ ਉਨ੍ਹਾਂ ਨੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਕਿਹਾ ਕਿ ਔਰੰਗਜ਼ੇਬ ਦੇ ਇਹ ਫ਼ਰਮਾਨ ਅਸਲੀ ਅਤੇ ਵਾਸਤਵਿਕ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੁਣਸ਼ੀ ਨੂੰ ਬਨਾਰਸ ਦੇ ਜੰਗਮਬਾੜੀ ਮੰਦਿਰ ਦੀ ਫਾਈਲ ਲਿਆਉਣ ਲਈ ਕਿਹਾ। ਇਹ ਮੁਕੱਦਮਾ ਇਲਾਹਾਬਾਦ ਹਾਈਕੋਰਟ ਵਿਚ 15 ਸਾਲਾਂ ਤੋਂ ਵਿਚਾਰ ਅਧੀਨ ਸੀ। ਜੰਗਮਬਾੜੀ ਮੰਦਿਰ ਦੇ ਮਹੰਤ ਕੋਲ ਵੀ ਕਈ ਫਰਮਾਨ ਸਨ, ਜਿਨ੍ਹਾਂ ਵਿਚ ਮੰਦਿਰਾਂ ਨੂੰ ਜ਼ਮੀਨ ਦਿੱਤੀ ਗਈ ਸੀ।
ਇਨ੍ਹਾਂ ਦਸਤਾਵੇਜ਼ਾਂ ਨੇ ਔਰੰਗਜ਼ੇਬ ਦੀ ਨਵੀਂ ਤਸਵੀਰ ਮੇਰੇ ਅੱਗੇ ਪੇਸ਼ ਕਰ ਦਿੱਤੀ, ਜਿਸ ਨਾਲ ਮੈਂ ਹੈਰਾਨ ਰਹਿ ਗਿਆ। ਡਾ. ਸਪਰੂ ਦੀ ਸਲਾਹ ‘ਤੇ ਮੈਂ ਭਾਰਤ ਦੇ ਵਿਭਿੰਨ ਪ੍ਰਮੁੱਖ ਮੰਦਿਰਾਂ ਦੇ ਮਹੰਤਾਂ ਨੂੰ ਚਿੱਠੀ ਭੇਜ ਕੇ ਬੇਨਤੀ ਕੀਤੀ ਕਿ ਜੇਕਰ ਉਨ੍ਹਾਂ ਕੋਲ ਔਰੰਗਜ਼ੇਬ ਦੇ ਕੁਝ ਫਰਮਾਨ ਹੋਣ, ਜਿਨ੍ਹਾਂ ਵਿਚ ਮੰਦਿਰਾਂ ਨੂੰ ਜਾਗੀਰਾਂ ਦਿੱਤੀਆਂ ਗਈਆਂ ਹੋਣ ਤਾਂ ਕਿਰਪਾ ਕਰਕੇ ਉਨ੍ਹਾਂ ਦੀ ਫੋਟੋ-ਸਟੇਟ ਕਾਪੀਆਂ ਮੇਰੇ ਕੋਲ ਭੇਜ ਦੇਣ। ਹੁਣ ਮੇਰੇ ਅੱਗੇ ਹੈਰਾਨੀ ਦੀ ਇੱਕ ਹੋਰ ਗੱਲ ਆਈ। ਉਜੈਨ ਦੇ ਮਹਾਕਾਲੇਸ਼ਵਰ ਮੰਦਿਰ, ਚਿਤਰਕੂਟ ਦਾ ਬਾਲਾਜੀ ਮੰਦਿਰ, ਗੁਹਾਟੀ ਦਾ ਓਮਾਨੰਦ ਮੰਦਿਰ, ਸਤਰੁਨਜਾਈ ਦੇ ਜੈਨ ਮੰਦਿਰ ਅਤੇ ਉੱਤਰ ਭਾਰਤ ਵਿਚ ਫੈਲੇ ਅਨੇਕਾਂ ਪ੍ਰਮੁੱਖ ਮੰਦਿਰਾਂ ਅਤੇ ਗੁਰਦੁਆਰਿਆਂ ਨਾਲ ਸੰਬੰਧਿਤ ਜਾਗੀਰਾਂ ਦੇ ਲਈ ਔਰੰਗਜ਼ੇਬ ਦੇ ਫਰਮਾਨਾਂ ਦੀਆਂ ਨਕਲਾਂ ਮੈਨੂੰ ਪ੍ਰਾਪਤ ਹੋਈਆਂ। ਇਹ ਫਰਮਾਨ 1659 ਈ. ਤੋਂ 1685 ਈ. ਦਰਮਿਆਨ ਜਾਰੀ ਕੀਤੇ ਗਏ ਸਨ। ਹਾਲਾਂਕਿ ਹਿੰਦੂਆਂ ਅਤੇ ਉਨ੍ਹਾਂ ਦੇ ਮੰਦਿਰਾਂ ਪ੍ਰਤੀ ਔਰੰਗਜ਼ੇਬ ਦੇ ਉਦਾਰ ਰਵੱਈਏ ਦੀਆਂ ਇਹ ਕੁਝ ਮਿਸਾਲਾਂ ਹਨ, ਫਿਰ ਵੀ ਇਸ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਇਤਿਹਾਸਕਾਰਾਂ ਨੇ ਉਨ੍ਹਾਂ ਦੇ ਸੰਬੰਧ ਵਿਚ ਜੋ ਕੁਝ ਵੀ ਲਿਖਿਆ ਹੈ, ਉਹ ਪੱਖਪਾਤ ‘ਤੇ ਆਧਾਰਿਤ ਹੈ ਅਤੇ ਇਸ ਨਾਲ ਉਸ ਦਾ ਇਕ ਹੀ ਰੂਪ ਸਾਹਮਣੇ ਲਿਆਂਦਾ ਗਿਆ ਹੈ। ਭਾਰਤ ਇਕ ਵਿਸ਼ਾਲ ਦੇਸ਼ ਹੈ, ਜਿਸ ਵਿਚ ਹਜ਼ਾਰਾਂ ਮੰਦਿਰ ਚਾਰੇ ਪਾਸੇ ਫੈਲੇ ਹੋਏ ਹਨ। ਜੇਕਰ ਸਹੀ ਢੰਗ ਨਾਲ ਖੋਜ ਕੀਤੀ ਜਾਵੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਹੋਰ ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਮਿਲ ਜਾਣਗੀਆਂ, ਜਿਨ੍ਹਾਂ ਨਾਲ ਔਰੰਗਜ਼ੇਬ ਦੇ ਗ਼ੈਰ-ਮੁਸਲਮਾਨਾਂ ਪ੍ਰਤੀ ਉਦਾਰ ਵਿਵਹਾਰ ਬਾਰੇ ਪਤਾ ਲੱਗੇਗਾ। ਔਰੰਗਜ਼ੇਬ ਦੇ ਫਰਮਾਨਾਂ ਦੀ ਜਾਂਚ-ਪੜਤਾਲ ਦੇ ਸਿਲਸਿਲੇ ਦੌਰਾਨ ਮੇਰਾ ਸੰਪਰਕ ਸ੍ਰੀ ਗਿਆਨ ਚੰਦ ਅਤੇ ਪਟਨਾ ਮਿਊਜ਼ੀਅਮ ਦੇ ਸਾਬਕਾ ਕਿਊਰੇਟਰ ਡਾ. ਪੀ.ਐਲ. ਗੁਪਤਾ ਨਾਲ ਹੋਇਆ। ਇਹ ਅਨੁਭਵੀ ਵੀ ਔਰੰਗਜ਼ੇਬ ਦੇ ਵਿਸ਼ੇ ਵਿਚ ਇਤਿਹਾਸਕ ਦ੍ਰਿਸ਼ਟੀ ਤੋਂ ਅਤਿ ਮਹੱਤਵਪੂਰਨ ਖੋਜ ਕਰ ਰਹੇ ਸਨ। ਮੈਨੂੰ ਖੁਸ਼ੀ ਹੋਈ ਕਿ ਕੁਝ ਹੋਰ ਖੋਜ ਕਰਤਾ ਵੀ ਸਚਾਈ ਨੂੰ ਲੱਭਣ ਵਿਚ ਰੁੱਝੇ ਹੋਏ ਹਨ ਅਤੇ ਬਹੁਤ ਬਦਨਾਮ ਔਰੰਗਜ਼ੇਬ ਦੀ ਤਸਵੀਰ ਨੂੰ ਸਾਫ਼ ਕਰਨ ਵਿਚ ਆਪਣਾ ਯੋਗਦਾਨ ਦੇ ਰਹੇ ਹਨ। ਔਰੰਗਜ਼ੇਬ, ਜਿਸ ਨੂੰ ਪੱਖਪਾਤੀ ਇਤਿਹਾਸਕਾਰਾਂ ਨੇ ਭਾਰਤ ਵਿਚ ਮੁਸਲਿਮ ਹਕੂਮਤ ਦਾ ਪ੍ਰਤੀਕ ਮੰਨ ਰੱਖਿਆ ਹੈ। ਉਸ ਦੇ ਬਾਰੇ ਉਹ ਕੀ ਵਿਚਾਰ ਰੱਖਦੇ ਹਨ ਇਸ ਵਿਸ਼ੇ ਵਿਚ ਇੱਥੋਂ ਤੱਕ ਕਿ ‘ਸ਼ਿਬਲੀ’ ਵਰਗੇ ਇਤਿਹਾਸ ਗਵੇਸੀ ਕਵੀ ਨੂੰ ਕਹਿਣਾ ਪਿਆ:
ਤੁਮੇਂ ਲੇ ਦੇ ਕੇ ਸਾਰੀ ਦਾਸਤਾਂ ਮੇਂ ਯਾਦ ਹੈ ਇਤਨਾ।
ਕਿ ਔਰੰਗਜ਼ੇਬ ਹਿੰਦੂ-ਕੁਸ਼ ਥਾ, ਜ਼ਾਲਿਮ ਥਾ, ਸਿਤਮਗਰ ਥਾ॥
ਔਰੰਗਜ਼ੇਬ ਉੱਤੇ ਹਿੰਦੂ ਦੁਸ਼ਮਣੀ ਦੇ ਦੋਸ਼ ਦੇ ਸੰਬੰਧ ਵਿਚ ਜਿਸ ਫਰਮਾਨ ਨੂੰ ਬਹੁਤ ਉਛਾਲਿਆ ਗਿਆ ਹੈ, ਉਹ ‘ਫ਼ਰਮਾਨੇ-ਬਨਾਰਸ’ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਫ਼ਰਮਾਨ ਬਨਾਰਸ ਦੇ ਮੁਹੱਲਾ ਗੌਰੀ ਦੇ ਇਕ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਹੈ। 1905 ਈ. ਵਿਚ ਇਸ ਨੂੰ ਗੋਪੀ ਉਪਾਧਿਆਇ ਦੇ ਨਿਵਾਸੇ ਮੰਗਲ ਪਾਂਡੇ ਨੇ ਸਿਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਸੀ। ਇਸ ਨੂੰ ਪਹਿਲੀ ਵਾਰ ‘ਏਸ਼ੀਆਟਿਕ-ਸੁਸਾਇਟੀ’ ਬੰਗਾਲ ਵਲੋਂ ਜਰਨਲ (ਪੱਤ੍ਰਿਕਾ) ਨੇ 1911 ਈ. ਵਿਚ ਪ੍ਰਕਾਸ਼ਿਤ ਕੀਤਾ ਸੀ। ਫਲਸਰੂਪ ਰਿਸਰਚ ਕਰਨ ਵਾਲਿਆਂ ਦਾ ਧਿਆਨ ਇੱਧਰ ਗਿਆ। ਉਦੋਂ ਤੋਂ ਹੀ ਇਤਿਹਾਸਕਾਰ ਇਸ ਦਾ ਹਵਾਲਾ ਦਿੰਦੇ ਆ ਰਹੇ ਹਨ ਅਤੇ ਉਹ ਇਸ ਆਧਾਰ `ਤੇ ਔਰੰਗਜ਼ੇਬ `ਤੇ ਦੋਸ਼ ਲਾ ਰਹੇ ਹਨ ਕਿ ਉਸ ਨੇ ਹਿੰਦੂ ਮੰਦਿਰਾਂ ਦੇ ਨਿਰਮਾਣ `ਤੇ ਰੋਕ ਲਗਾ ਦਿੱਤੀ ਸੀ, ਜਦਕਿ ਇਸ ਫ਼ਰਮਾਨ ਦਾ ਵਾਸਤਵਿਕ ਮਹੱਤਵ ਉਨ੍ਹਾਂ ਦੀਆਂ ਅੱਖਾਂ ਤੋਂ ਉਹਲੇ ਰਹਿ ਜਾਂਦਾ ਹੈ। ਇਹ ਲਿਖਤੀ ਫ਼ਰਮਾਨ ਔਰੰਗਜ਼ੇਬ ਨੇ 15 ਜੁਮਾਦੁਲ-ਅੱਵਲ 1065 ਹਿ. (10 ਮਾਰਚ 1659 ਈ.) ਨੂੰ ਬਨਾਰਸ ਦੇ ਸਥਾਨਕ ਅਧਿਕਾਰੀ ਦੇ ਨਾਮ ਭੇਜਿਆ ਸੀ ਜਿਹੜਾ ਇਕ ਬ੍ਰਾਹਮਣ ਦੀ ਸ਼ਿਕਾਇਤ ਦੇ ਸਿਲਸਿਲੇ ਵਿਚ ਜਾਰੀ ਕੀਤਾ ਗਿਆ ਸੀ। ਉਹ ਬ੍ਰਾਹਮਣ ਇਕ ਮੰਦਿਰ ਦਾ ਮਹੰਤ ਸੀ ਅਤੇ ਕੁਝ ਲੋਕ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਫ਼ਰਮਾਨ ਵਿਚ ਕਿਹਾ ਗਿਆ ਹੈ: “ਅਬੁਲਹਸਨ ਨੂੰ ਮੇਰੀ ਸ਼ਾਹੀ ਉਦਾਰਤਾ ਦਾ ਕਾਇਲ ਰਹਿੰਦੇ ਹੋਏ ਇਹ ਜਾਨਣਾ ਚਾਹੀਦਾ ਹੈ ਕਿ ਮੇਰੀ ਸੁਭਾਵਿਕ ਦਿਆਲਤਾ ਅਤੇ ਪ੍ਰਾਕ੍ਰਿਤਕ ਨਿਆਂ ਦੇ ਅਨੁਸਾਰ ਮੇਰਾ ਸਾਰਾ ਅਣਥੱਕ ਸੰਘਰਸ਼ ਅਤੇ ਇਨਸਾਫ਼ ਪਸੰਦ ਇਰਾਦਿਆਂ ਦਾ ਉਦੇਸ਼ ਜਨ-ਕਲਿਆਣ ਨੂੰ ਵਧਾਉਣਾ ਹੈ ਅਤੇ ਹਰ ਉੱਚ ਅਤੇ ਨਿਮਨ ਵਰਗਾਂ ਦੇ ਹਾਲਾਤਾਂ ਨੂੰ ਬਿਹਤਰ ਬਣਾਉਣਾ ਹੈ। ਆਪਣੇ ਪਵਿੱਤਰ ਕਾਨੂੰਨ ਦੇ ਅਨੁਸਾਰ ਮੈਂ ਫ਼ੈਸਲਾ ਲਿਆ ਹੈ ਕਿ ਪ੍ਰਾਚੀਨ ਮੰਦਿਰਾਂ ਨੂੰ ਤਬਾਹ ਅਤੇ ਬਰਬਾਦ ਨਹੀਂ ਕੀਤਾ ਜਾਵੇਗਾ, ਅਲਬਤਾ ਨਵੇਂ ਮੰਦਿਰ ਨਾ ਬਣਾਏ ਜਾਣ। ਮੇਰੇ ਇਸ ਨਿਆਂ ਉੱਤੇ ਆਧਾਰਿਤ ਕਾਲ ਵਿਚ ਮੇਰੇ ਮਾਣਯੋਗ ਅਤੇ ਪਵਿੱਤਰ ਦਰਬਾਰ ਵਿਚ ਇਹ ਸੂਚਨਾ ਪਹੁੰਚੀ ਹੈ ਕਿ ਕੁਝ ਲੋਕ ਬਨਾਰਸ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਦੇ ਹਿੰਦੂ ਨਾਗਰਿਕਾਂ ਅਤੇ ਮੰਦਿਰਾਂ ਦੇ ਬ੍ਰਾਹਮਣ-ਪੁਰੋਹਿਤਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਭਾਵ ਉਨ੍ਹਾਂ ਦੇ ਮਸਲਿਆਂ ਵਿਚ ਦਖ਼ਲ ਦੇ ਰਹੇ ਹਨ, ਜਦਕਿ ਇਹ ਪ੍ਰਾਚੀਨ ਮੰਦਿਰ ਉਨ੍ਹਾਂ ਦੀ ਦੇਖ-ਰੇਖ ਅਧੀਨ ਹੈ। ਇਸ ਦੇ ਇਲਾਵਾ ਉਹ ਇਹ ਚਾਹੁੰਦੇ ਹਨ ਕਿ ਇਨ੍ਹਾਂ ਬ੍ਰਾਹਮਣਾਂ ਨੂੰ ਇਨ੍ਹਾਂ ਦੇ ਪੁਰਾਣੇ ਅਹੁਦਿਆਂ ਤੋਂ ਹਟਾ ਦਿੱਤਾ ਜਾਵੇ। ਇਹ ਦਖ਼ਲਅੰਦਾਜ਼ੀ ਇਸ ਭਾਈਚਾਰੇ ਲਈ ਪ੍ਰੇਸ਼ਾਨੀ ਦਾ ਕਾਰਨ ਹੈ। ਇਸ ਲਈ ਮੇਰਾ ਇਹ ਫ਼ਰਮਾਨ ਹੈ ਕਿ ਮੇਰੇ ਸ਼ਾਹੀ ਹੁਕਮ ਪਹੁੰਚਦੇ ਹੀ ਤੁਸੀਂ ਹਦਾਇਤ ਜਾਰੀ ਕਰ ਦਿਉ ਕਿ ਕੋਈ ਵੀ ਵਿਅਕਤੀ ਗ਼ੈਰ-ਕਾਨੂੰਨੀ ਰੂਪ ਨਾਲ ਦਖ਼ਲਅੰਦਾਜ਼ੀ ਨਾ ਕਰੇ ਅਤੇ ਨਾ ਉਨ੍ਹਾਂ ਸਥਾਨਾਂ ਦੇ ਬ੍ਰਾਹਮਣਾਂ ਤੇ ਹੋਰ ਹਿੰਦੂ ਨਾਗਰਿਕਾਂ ਨੂੰ ਪ੍ਰੇਸ਼ਾਨ ਕਰੇ। ਤਾਂਕਿ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਕਬਜ਼ਾ ਬਰਕਰਾਰ ਰਹੇ ਅਤੇ ਪੂਰੇ ਮਨ ਨਾਲ ਮੇਰੀ ਇਰਸ-ਪ੍ਰਦਤ ਸਲਤਨਤ ਦੇ ਲਈ ਅਰਦਾਸ ਕਰਦੇ ਰਹਿਣ। ਇਸ ਹੁਕਮ ਨੂੰ ਤੁਰੰਤ ਲਾਗੂ ਕੀਤਾ ਜਾਵੇ।”
ਇਸ ਫ਼ਰਮਾਨ ਤੋਂ ਸਪੱਸ਼ਟ ਹੈ ਕਿ ਔਰੰਗਜ਼ੇਬ ਨੇ ਨਵੇਂ ਮੰਦਿਰਾਂ ਦੇ ਨਿਰਮਾਣ ਦੇ ਵਿਰੁੱਧ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ, ਬਲਕਿ ਉਸਨੇ ਕੇਵਲ ਪਹਿਲਾਂ ਤੋਂ ਚੱਲੀ ਆ ਰਹੀ ਪਰੰਪਰਾ ਦਾ ਹਵਾਲਾ ਦਿੱਤਾ ਅਤੇ ਉਸ ਪਰੰਪਰਾ ਦੀ ਪਾਲਣਾ ਉੱਤੇ ਜ਼ੋਰ ਦਿੱਤਾ। ਪਹਿਲਾਂ ਤੋਂ ਮੌਜੂਦ ਮੰਦਿਰਾਂ ਨੂੰ ਤਬਾਹ ਕਰਨ ਦਾ ਉਸ ਨੇ ਕਠੋਰਤਾ ਨਾਲ ਵਿਰੋਧ ਕੀਤਾ। ਇਸ ਫ਼ਰਮਾਨ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਹਿੰਦੂ ਜਨਤਾ ਨੂੰ ਸੁੱਖ-ਸ਼ਾਂਤੀ ਨਾਲ ਜੀਵਨ ਜਿਉਣ ਦੇ ਮੌਕੇ ਦੇਣ ਦਾ ਇੱਛੁਕ ਸੀ। ਇਹ ਸਿਰਫ਼ ਇਕ ਹੀ ਫ਼ਰਮਾਨ ਨਹੀਂ ਹੈ। ਬਨਾਰਸ ਵਿਚੋਂ ਇੱਕ ਹੋਰ ਫ਼ਰਮਾਨ ਮਿਲਦਾ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਔਰੰਗਜ਼ੇਬ ਅਸਲ ਵਿਚ ਚਾਹੁੰਦਾ ਸੀ ਕਿ ਹਿੰਦੂ ਸੁੱਖ-ਸ਼ਾਂਤੀ ਨਾਲ ਜੀਵਨ ਜਿਉ ਸਕਣ। ਇਹ ਫ਼ਰਮਾਨ ਇਸ ਤਰ੍ਹਾਂ ਹੈ: “ਰਾਮਨਗਰ (ਬਨਾਰਸ) ਦੇ ਮਹਾਰਾਜਾ ਧਿਰਾਜ ਰਾਜਾ ਰਾਮ ਸਿੰਘ ਨੇ ਮੇਰੇ ਦਰਬਾਰ ਵਿਚ ਅਰਜ਼ੀ ਦਿੱਤੀ ਹੈ ਕਿ ਉਨ੍ਹਾਂ ਦੇ ਪਿਤਾ ਨੇ ਗੰਗਾ ਨਦੀ ਦੇ ਕਿਨਾਰੇ ਆਪਣੇ ਧਾਰਮਿਕ ਗੁਰੂ ਭਗਵਤ ਗੋਸਾਈਂ ਦੇ ਨਿਵਾਸ ਲਈ ਇਕ ਮਕਾਨ ਬਣਵਾਇਆ ਸੀ। ਹੁਣ ਕੁਝ ਲੋਕ ਗੋਸਾਈਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਅੰਤ ਇਹ ਫ਼ਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਇਸ ਫ਼ਰਮਾਨ ਦੇ ਪਹੁੰਚਦਿਆਂ ਹੀ ਸਾਰੇ ਵਰਤਮਾਨ ਅਧਿਕਾਰੀ ਅਤੇ ਆਉਣ ਵਾਲੇ ਅਧਿਕਾਰੀ ਇਸ ਗੱਲ ਦਾ ਪੂਰਾ ਧਿਆਨ ਰੱਖਣ ਕਿ ਕੋਈ ਵੀ ਵਿਅਕਤੀ ਗੋਸਾਈਂ ਨੂੰ ਪ੍ਰੇਸ਼ਾਨ ਅਤੇ ਡਰਾ-ਧਮਕਾ ਨਾ ਸਕੇ, ਅਤੇ ਨਾ ਉਨ੍ਹਾਂ ਦੇ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰੇ, ਤਾਂਕਿ ਉਹ ਪੂਰੇ ਮਨ ਨਾਲ ਮੇਰੀ ਇਰਸ-ਪ੍ਰਦਤ ਸਲਤਨਤ ਦੇ ਲਈ ਅਰਦਾਸ ਕਰਦੇ ਰਹਿਣ। ਇਸ ਫ਼ਰਮਾਨ ਉੱਤੇ ਤੁਰੰਤ ਅਮਲ ਕੀਤਾ ਜਾਵੇ।” ( ਤਾਰੀਖ਼-17 ਬਬੀ ਉਸਸਾਨੀ 1091 ਹਿ)
ਜੰਗਮਬਾੜੀ ਮਠ ਦੇ ਮਹੰਤ ਕੋਲ ਕੁਝ ਫ਼ਰਮਾਨਾਂ ਤੋਂ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਦਾ ਸੀ ਕਿ ਉਸਦੀ ਪਰਜਾ ਦੇ ਅਧਿਕਾਰ ਕਿਸੇ ਤਰ੍ਹਾਂ ਨਾਲ ਖੋਹੇ ਜਾਣ, ਚਾਹੇ ਉਹ ਹਿੰਦੂ ਹੋਣ ਜਾਂ ਮੁਸਲਮਾਨ। ਉਹ ਅਪਰਾਧੀਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦਾ ਸੀ। ਇਨ੍ਹਾਂ ਫ਼ਰਮਾਨਾਂ ਵਿਚ ਜੰਗਮ ਲੋਕਾਂ (ਸੈਵ ਸਮੁਦਾਇ ਦੇ ਇਕ ਮਤ ਦੇ ਲੋਕ) ਵੱਲੋਂ ਇਕ ਮੁਸਲਮਾਨ ਨਾਗਰਿਕ ਨੂੰ ਦਰਬਾਰ ਵਿਚ ਲਿਆਂਦਾ ਗਿਆ, ਜਿਸ ‘ਤੇ ਸ਼ਾਹੀ ਹੁਕਮ ਦਿੱਤਾ ਗਿਆ ਕਿ ਬਨਾਰਸ ਸੂਬੇ ਦੇ ਇਲਾਹਾਬਾਦ ਦੇ ਅਫ਼ਸਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੁਰਾਣੇ ਬਨਾਰਸ ਦੇ ਨਾਗਰਿਕਾਂ ਅਰਜੁਨ ਮਲ ਅਤੇ ਜੰਗਮੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਬਨਾਰਸ ਦੇ ਇਕ ਨਾਗਰਿਕ ਨਜ਼ੀਰ ਬੇਗ ਨੇ ਕਸਬਾ ਬਨਾਰਸ ਵਿਚ ਉਨ੍ਹਾਂ ਦੀਆਂ ਪੰਜ ਹਵੇਲੀਆਂ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਜੇਕਰ ਸ਼ਿਕਾਇਤ ਸੱਚੀ ਸਿੱਧ ਹੋਈ ਅਤੇ ਸ਼ਿਕਾਇਤਕਰਤਾ ਦੀ ਮਲਕੀਅਤ ਦਾ ਅਧਿਕਾਰ ਪ੍ਰਮਾਣਿਤ ਹੋ ਜਾਵੇ ਤਾਂ ਨਜ਼ੀਰ ਬੇਗ ਨੂੰ ਉਨ੍ਹਾਂ ਹਵੇਲੀਆਂ ਵਿਚ ਦਾਖ਼ਲ ਨਾ ਹੋਣ ਦਿੱਤਾ ਜਾਵੇ ਤਾਂਕਿ ਜੰਗਮੀਆਂ ਨੂੰ ਭਵਿੱਖ ਵਿਚ ਆਪਣੀ ਸ਼ਿਕਾਇਤ ਦੂਰ ਕਰਾਉਣ ਲਈ ਮੇਰੇ ਦਰਬਾਰ ਵਿਚ ਨਾ ਆਉਣਾ ਪਵੇ। ਇਸ ਫ਼ਰਮਾਨ ਉੱਤੇ 11 ਸਾਬਾਨ, 13 ਜੂਲੁਸ (1672 ਈ.) ਦੀ ਤਾਰੀਖ਼ ਦਰਜ ਹੈ। ਇਸੇ ਮੱਠ ਕੋਲ ਇੱਕ ਹੋਰ ਫ਼ਰਮਾਨ ਜਿਸ ਉੱਤੇ ਪਹਿਲੀ ਨਬੀਉਲ-ਅੱਵਲ 1078 ਹਿ. ਦੀ ਤਾਰੀਖ਼ ਦਰਜ ਹੈ, ਜਿਸ ‘ਤੇ ਲਿਖਿਆ ਹੈ ਕਿ ਜ਼ਮੀਨ ਦਾ ਕਬਜ਼ਾ ਜੰਗਮੀਆਂ ਨੂੰ ਦਿੱਤਾ ਗਿਆ। ਫ਼ਰਮਾਨ ਵਿਚ ਦਰਜ ਹੈ- “ਪਰਗਨਾ ਹਵੇਲੀ ਬਨਾਰਸ ਦੇ ਸਾਰੇ ਵਰਤਮਾਨ ਅਤੇ ਭਾਵੀ ਜਾਗੀਰਦਾਰਾਂ ਅਤੇ ਕਰੋੜੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਹਿਨਸ਼ਾਹ ਦੇ ਹੁਕਮ ਨਾਲ 178 ਬੀਘੇ ਜ਼ਮੀਨ ਜੰਗਮੀਆਂ (ਸੈਵ ਸੰਪਰਦਾਇ ਦੇ ਇਕ ਮਤ ਦੇ ਲੋਕ) ਨੂੰ ਦਿੱਤੀ ਜਾਂਦੀ ਹੈ। ਪੁਰਾਣੇ ਅਫ਼ਸਰਾਂ ਨੇ ਜਾਂਚ ਕੀਤੀ ਸੀ ਅਤੇ ਸਮੇਂ ਦੇ ਪਰਗਨਾ ਦੇ ਮਾਲਕ ਦੀ ਮੁਹਰ ਦੇ ਨਾਲ ਇਹ ਸਬੂਤ ਪੇਸ਼ ਕੀਤਾ ਸੀ ਕਿ ਜ਼ਮੀਨ ਉੱਤੇ ਉਸ ਦਾ ਹੀ ਹੱਕ ਹੈ। ਅੰਤ ਸ਼ਹਿਨਸ਼ਾਹ ਦੀ ਜਾਨ ਦੇ ਸਦਕੇ ਦੇ ਰੂਪ ‘ਚ ਇਹ ਜ਼ਮੀਨ ਉਸ ਨੂੰ ਦੇ ਦਿੱਤੀ ਗਈ। ਖ਼ਰੀਫ ਦੀ ਫ਼ਸਲ ਦੀ ਸ਼ੁਰੂਆਤ ਤੋਂ ਜ਼ਮੀਨ ‘ਤੇ ਉਸ ਦਾ ਕਬਜ਼ਾ ਬਹਾਲ ਕੀਤਾ ਜਾਵੇ ਅਤੇ ਫਿਰ ਕਿਸੇ ਪ੍ਰਕਾਰ ਦੀ ਦਖ਼ਲਅੰਦਾਜ਼ੀ ਨਾ ਹੋਣ ਦਿੱਤੀ ਜਾਵੇ ਤਾਂ ਕਿ ਜੰਗਮੀ ਲੋਕ ਉਸ ਦੀ ਆਮਦਨੀ ਨਾਲ ਆਪਣਾ ਗੁਜ਼ਾਰਾ ਕਰ ਸਕਣ।” ਇਸ ਫ਼ਰਮਾਨ ਤੋਂ ਸਿਰਫ ਇਹ ਹੀ ਪਤਾ ਨਹੀਂ ਲੱਗਦਾ ਕਿ ਔਰੰਗਜ਼ੇਬ ਸੁਭਾਅ ਤੋਂ ਨਿਆਂ ਪਸੰਦ ਸੀ, ਬਲਕਿ ਇਹ ਵੀ ਸਾਫ਼ ਨਜ਼ਰ ਆ ਜਾਂਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਜ਼ਮੀਨਾਂ ਦੇ ਬਟਵਾਰੇ ਵਿਚ ਹਿੰਦੂ ਧਾਰਮਿਕ ਸੇਵਕਾਂ ਦੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਸੀ। ਜੰਗਮੀਆਂ ਨੂੰ 178 ਬੀਘੇ ਜ਼ਮੀਨ ਖੁਦ ਔਰੰਗਜ਼ੇਬ ਨੇ ਹੀ ਦਿੱਤੀ ਸੀ, ਕਿਉਂਕਿ ਇਕ ਹੋਰ ਫ਼ਰਮਾਨ (ਤਾਰੀਖ਼ 5 ਰਮਜਾਨ,1071 ਹਿ.) ਵਿਚ ਇਸ ਦਾ ਸਪੱਸ਼ਟੀਕਰਨ ਕੀਤਾ ਗਿਆ ਕਿ ਇਹ ਜ਼ਮੀਨ ਮਾਲਗੁਜ਼ਾਰੀ ਤੋਂ ਮੁਕਤ ਹੈ।
ਔਰੰਗਜ਼ੇਬ ਨੇ ਇਕ ਹੋਰ ਫ਼ਰਮਾਨ (1098 ਹਿ.) ਦੇ ਅਨੁਸਾਰ ਇਕ ਦੂਸਰੀ ਹਿੰਦੂ ਧਾਰਮਿਕ ਸੰਸਥਾ ਨੂੰ ਵੀ ਜਾਗੀਰ ਦਿੱਤੀ। ਫ਼ਰਮਾਨ ਵਿਚ ਕਿਹਾ ਗਿਆ ਹੈ: “ਬਨਾਰਸ ਵਿਚ ਗੰਗਾ ਨਦੀ ਦੇ ਕਿਨਾਰੇ ਬੇਨੀ-ਮਾਧੋ ਘਾਟ `ਤੇ ਦੋ ਪਲਾਟ ਖਾਲੀ ਹਨ ਇਕ ਮਰਕਜੀ ਮਸਜਿਦ ਦੇ ਕਿਨਾਰੇ ਰਾਮਜੀਵਨ ਗੋਸਾਈਂ ਦੇ ਘਰ ਦੇ ਸਾਹਮਣੇ ਅਤੇ ਦੂਸਰਾ ਉਸ ਤੋਂ ਪਹਿਲਾਂ। ਇਹ ਪਲਾਟ ਬੈਤੁਲ-ਮਾਲ ਦੀ ਮਲਕੀਅਤ ਹਨ। ਮੈਂ ਇਹ ਪਲਾਟ ਰਾਮਜੀਵਨ ਗੋਸਾਈਂ ਅਤੇ ਉਸ ਦੇ ਮੁੰਡੇ ਨੂੰ ‘ਇਨਾਮ’ ਦੇ ਰੂਪ ਵਿਚ ਦਿੱਤੇ ਹਨ ਤਾਂ ਕਿ ਇਨ੍ਹਾਂ ਪਲਾਟਾਂ `ਤੇ ਬ੍ਰਾਹਮਣਾਂ ਅਤੇ ਫ਼ਕੀਰਾਂ ਦੇ ਰਹਿਣ ਲਈ ਮਕਾਨ ਬਣਵਾਉਣ ਤੋਂ ਬਾਅਦ ਉਹ ਪਰਮਾਤਮਾ ਦੀ ਬੰਦਗੀ ਅਤੇ ਇਰਸ-ਪ੍ਰਦਤ ਸਲਤਨਤ ਦੀ ਲੰਬੀ ਉਮਰ ਲਈ ਅਰਦਾਸ ਕਰਨ ਵਿਚ ਲੱਗ ਜਾਣ। ਮੇਰੇ ਪੁੱਤਰਾਂ, ਵਜ਼ੀਰਾਂ, ਅਮੀਰਾਂ, ਉੱਚ ਅਹੁਦੇਦਾਰਾਂ, ਦਰੋਗੇ ਅਤੇ ਵਰਤਮਾਨ ਅਤੇ ਸਾਰੇ ਭਾਵੀ ਕੋਤਵਾਲਾਂ ਲਈ ਜ਼ਰੂਰੀ ਹੈ ਕਿ ਉਹ ਇਸ ਆਦੇਸ਼ ਦੀ ਪਾਲਣਾ ਦਾ ਧਿਆਨ ਰੱਖਣ ਅਤੇ ਪਲਾਟ, ਯੋਗ ਵਿਅਕਤੀ ਅਤੇ ਉਸ ਦੇ ਵਾਰਿਸਾਂ ਦੇ ਕਬਜ਼ੇ ਵਿਚ ਹੀ ਰਹਿਣ ਦੇਣ ਅਤੇ ਉਨ੍ਹਾਂ ਤੋਂ ਨਾ ਕੋਈ ਮਾਲਗੁਜ਼ਾਰੀ ਜਾਂ ਟੈਕਸ ਲਿਆ ਜਾਵੇ ਅਤੇ ਨਾ ਹੀ ਉਨ੍ਹਾਂ ਤੋਂ ਹਰ ਸਾਲ ਨਵੀਂ ਸਨਦ ਮੰਗੀ ਜਾਵੇ।” ਲੱਗਦਾ ਹੈ ਕਿ ਔਰੰਗਜ਼ੇਬ ਨੂੰ ਆਪਣੀ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਦੇ ਸਨਮਾਨ ਦਾ ਵਧੇਰੇ ਧਿਆਨ ਰਹਿੰਦਾ ਸੀ।
ਮੇਰੇ ਕੋਲ ਔਰੰਗਜ਼ੇਬ ਦਾ ਇੱਕ ਫ਼ਰਮਾਨ (2 ਸਫ਼ਰ, 9 ਜੁਲੂਸ) ਹੈ ਜਿਹੜਾ ਅਸਮ ਦੇ ਸ਼ਹਿਰ ਗੁਹਾਟੀ ਦੇ ਉਮਾਨੰਦ ਮੰਦਿਰ ਦੇ ਪੰਡਿਤ ਸੁਦਾਮਨ ਬ੍ਰਾਹਮਣ ਦੇ ਨਾਂ ਸੀ। ਅਸਮ ਦੇ ਹਿੰਦੂ ਰਾਜਿਆਂ ਵੱਲੋਂ ਇਸ ਮੰਦਿਰ ਅਤੇ ਉਸਦੇ ਪੰਡਿਤ ਨੂੰ ਜ਼ਮੀਨ ਦਾ ਇਕ ਟੁਕੜਾ ਅਤੇ ਕੁਝ ਜੰਗਲਾਂ ਦੀ ਆਮਦਨੀ ਜਾਗੀਰ ਦੇ ਰੂਪ ਵਿਚ ਦਿੱਤੀ ਗਈ ਸੀ, ਤਾਂ ਕਿ ਭੋਗ ਦਾ ਖ਼ਰਚਾ ਪੂਰਾ ਕੀਤਾ ਜਾ ਸਕੇ ਅਤੇ ਪੰਡਿਤ ਦਾ ਰੁਜ਼ਗਾਰ ਚੱਲ ਸਕੇ। ਜਦੋਂ ਇਹ ਪ੍ਰਾਂਤ ਔਰੰਗਜ਼ੇਬ ਦੇ ਸ਼ਾਸਨ-ਖੇਤਰ ਵਿਚ ਆਇਆ, ਤਾਂ ਤੁਰੰਤ ਹੀ ਇਕ ਫ਼ਰਮਾਨ ਦੁਆਰਾ ਇਸ ਜਾਗੀਰ ਨੂੰ ਇਸੇ ਤਰ੍ਹਾਂ ਰੱਖਣ ਦਾ ਹੁਕਮ ਦਿੱਤਾ ਗਿਆ।
ਹਿੰਦੂ ਅਤੇ ਉਨ੍ਹਾਂ ਦੇ ਧਰਮ ਨਾਲ ਔਰੰਗਜ਼ੇਬ ਦੀ ਸਹਿਣਸ਼ੀਲਤਾ ਅਤੇ ਉਦਾਰਤਾ ਦਾ ਇੱਕ ਹੋਰ ਸਬੂਤ ਉਜੈਨ ਦੇ ਮਹਾਂਕਾਲੇਸ਼ਵਰ ਮੰਦਿਰ ਦੇ ਪੁਜਾਰੀਆਂ ਤੋਂ ਮਿਲਦਾ ਹੈ। ਇਹ ਸ਼ਿਵਜੀ ਦੇ ਪ੍ਰਮੁੱਖ ਮੰਦਿਰਾਂ ‘ਚੋਂ ਇਕ ਹੈ, ਜਿੱਥੇ ਦਿਨ ਰਾਤ ਦੀਵਾ ਬਲਦਾ ਰਹਿੰਦਾ ਹੈ। ਇਸ ਲਈ ਕਈ ਦਿਨਾਂ ਤੋਂ ਹਰ ਰੋਜ਼ ਚਾਰ ਸੇਰ ਘਿਓ ਉਥੋਂ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ, ਅਤੇ ਪੁਜਾਰੀ ਕਹਿੰਦੇ ਹਨ ਕਿ ਇਹ ਸਿਲਸਿਲਾ ਮੁਗ਼ਲ ਕਾਲ ਵਿਚ ਵੀ ਚੱਲਦਾ ਰਿਹਾ ਹੈ। ਔਰੰਗਜ਼ੇਬ ਨੇ ਵੀ ਇਸ ਪਰੰਪਰਾ ਦਾ ਸਨਮਾਨ ਕੀਤਾ। ਇਸ ਸਿਲਸਿਲੇ ਵਿਚ ਪੁਜਾਰੀਆਂ ਕੋਲ ਮਾੜੀ ਕਿਸਮਤ ਨਾਲ ਕੋਈ ਫ਼ਰਮਾਨ ਉਪਲੱਬਧ ਨਹੀਂ ਹੈ, ਪ੍ਰੰਤੂ ਇੱਕ ਆਦੇਸ਼ ਦੀ ਨਕਲ ਜ਼ਰੂਰ ਹੈ ਜਿਹੜੀ ਔਰੰਗਜ਼ੇਬ ਦੇ ਕਾਲ ਵਿਚ ਸ਼ਹਿਜ਼ਾਦਾ ਮੁਰਾਦ ਬਖਸ਼ ਵੱਲੋਂ ਜਾਰੀ ਕੀਤਾ ਗਿਆ ਸੀ। 5 ਸ਼ਵਵਾਲ 1061 ਹਿ. ਨੂੰ ਇਹ ਆਦੇਸ਼ ਸ਼ਹਿਨਸ਼ਾਹ ਵੱਲੋਂ ਸ਼ਹਿਜ਼ਾਦੇ ਨੇ ਮੰਦਿਰ ਦੇ ਪੁਜਾਰੀ ਦੇਵ ਨਾਰਾਇਣ ਦੇ ਇਕ ਨਿਵੇਦਨ ‘ਤੇ ਜਾਰੀ ਕੀਤਾ ਸੀ। ਵਾਸਤਵਿਕਤਾ ਦੀ ਪੁਸ਼ਟੀ ਦੇ ਬਾਅਦ ਇਸ ਆਦੇਸ਼ ਵਿਚ ਕਿਹਾ ਗਿਆ ਹੈ ਕਿ ਮੰਦਿਰ ਦੇ ਦੀਵੇ ਲਈ ਚਬੂਤਰਾ ਕੋਤਵਾਲ ਦੇ ਤਹਿਸੀਲਦਾਰ ਚਾਰ ਸੇਰ ਘਿਓ ਹਰ ਰੋਜ਼ ਦੇ ਹਿਸਾਬ ਨਾਲ ਮੁਹੱਈਆ ਕਰਵਾਉਣ। ਇਸ ਦੀ ਨਕਲ ਮੂਲ ਆਦੇਸ਼ ਦੇ ਜਾਰੀ ਹੋਣ ਦੇ 93 ਸਾਲ ਬਾਅਦ 1153 ਹਿ. ਵਿਚ ਮੁਹੰਮਦ ਸਅਦੁੱਲਾ ਨੇ ਦੁਬਾਰਾ ਜਾਰੀ ਕੀਤੀ। ਆਮ ਤੌਰ ‘ਤੇ ਇਤਿਹਾਸਕਾਰ ਇਸ ਦਾ ਬਹੁਤ ਉਲੇਖ ਕਰਦੇ ਹਨ ਕਿ ਅਹਿਮਦਾਬਾਦ ਦੇ ਨਗਰ ਸੇਠ ਦੇ ਬਣਵਾਏ ਚਿੰਨਤਾਮਣੀ ਮੰਦਿਰ ਨੂੰ ਤਬਾਹ ਕੀਤਾ ਗਿਆ, ਪ੍ਰੰਤੂ ਇਸ ਵਾਸਤਵਿਕਤਾ ਉੱਤੇ ਪਰਦਾ ਪਾ ਦਿੰਦੇ ਹਨ ਕਿ ਉਸ ਔਰੰਗਜ਼ੇਬ ਨੇ ਉਸੇ ਨਗਰ ਸੇਠ ਦੇ ਬਣਵਾਏ ਹੋਏ ਸ਼ਤਰੂਨਜਯਾ ਅਤੇ ਆਬੂ ਮੰਦਿਰਾਂ ਨੂੰ ਕਾਫ਼ੀ ਵੱਡੀਆਂ ਜਾਗੀਰਾਂ ਦਿੱਤੀਆਂ ਸਨ।
ਮੰਦਿਰ ਤੋੜਨ ਦੀ ਘਟਨਾ
ਨਿਰਸੰਦੇਹ ਇਤਿਹਾਸ ਤੋਂ ਇਹ ਸਿੱਧ ਹੁੰਦਾ ਹੈ ਕਿ ਔਰੰਗਜ਼ੇਬ ਨੇ ਬਨਾਰਸ ਮੰਦਿਰ ਅਤੇ ਗੋਲਕੁੰਡਾ ਦੀ ਜਾਮਾ ਮਸਜਿਦ ਨੂੰ ਢਾਹ ਦੇਣ ਦਾ ਹੁਕਮ ਦਿੱਤਾ ਸੀ, ਪ੍ਰੰਤੂ ਇਸ ਦਾ ਕਾਰਨ ਕੁਝ ਹੋਰ ਹੀ ਸੀ। ਵਿਸ਼ਵਨਾਥ ਮੰਦਿਰ ਦੇ ਸਿਲਸਿਲੇ ਵਿਚ ਘਟਨਾਕ੍ਰਮ ਇਹ ਬਿਆਨ ਕੀਤਾ ਜਾਂਦਾ ਹੈ ਕਿ ਜਦੋਂ ਔਰੰਗਜ਼ੇਬ ਬੰਗਾਲ ਜਾਂਦੇ ਹੋਏ ਬਨਾਰਸ ਕੋਲੋਂ ਲੰਘ ਰਿਹਾ ਸੀ ਤਾਂ ਉਸਦੇ ਕਾਫ਼ਲੇ ਵਿਚ ਸ਼ਾਮਲ ਹਿੰਦੂ ਰਾਜਿਆਂ ਨੇ ਬਾਦਸ਼ਾਹ ਨੂੰ ਨਿਵੇਦਨ ਕੀਤਾ ਕਿ ਇੱਥੇ ਕਾਫ਼ਲਾ ਇੱਕ ਦਿਨ ਠਹਿਰ ਜਾਵੇ ਤਾਂ ਉਨ੍ਹਾਂ ਦੀਆਂ ਰਾਣੀਆਂ ਬਨਾਰਸ ਜਾ ਕੇ ਗੰਗਾ ਇਸ਼ਨਾਨ ਕਰ ਲੈਣਗੀਆਂ ਅਤੇ ਵਿਸ਼ਵਨਾਥ ਜੀ ਦੇ ਮੰਦਿਰ ਵਿਚ ਸ਼ਰਧਾ ਸੁਮਨ ਵੀ ਅਰਪਿਤ ਕਰ ਆਉਣਗੀਆਂ। ਔਰੰਗਜ਼ੇਬ ਨੇ ਤੁਰੰਤ ਇਹ ਨਿਵੇਦਨ ਸਵੀਕਾਰ ਕਰ ਲਿਆ ਅਤੇ ਕਾਫ਼ਲੇ ਦੇ ਪੜਾਅ ਤੋਂ ਬਨਾਰਸ ਤੱਕ ਪੰਜ ਮੀਲ ਤੱਕ ਫ਼ੌਜੀ ਪਹਿਰਾ ਬੈਠਾ ਦਿੱਤਾ। ਰਾਣੀਆਂ ਪਾਲਕੀਆਂ ਵਿਚ ਸਵਾਰ ਹੋ ਕੇ ਗਈਆਂ ਅਤੇ ਇਸ਼ਨਾਨ ਅਤੇ ਪੂਜਾ ਦੇ ਬਾਅਦ ਵਾਪਸ ਆ ਗਈਆਂ, ਪ੍ਰੰਤੂ ਇਕ ਰਾਣੀ (ਕੱਛ ਦੀ ਮਹਾਰਾਣੀ) ਵਾਪਸ ਨਹੀਂ ਆਈ, ਤਾਂ ਉਸ ਦੀ ਬਹੁਤ ਭਾਲ ਕੀਤੀ ਗਈ, ਪਰ ਕੋਈ ਪਤਾ ਨਹੀਂ ਲੱਗਿਆ। ਜਦੋਂ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਫ਼ੌਜ ਦੇ ਵੱਡੇ-ਵੱਡੇ ਅਫ਼ਸਰਾਂ ਨੂੰ ਰਾਣੀ ਦੀ ਭਾਲ ਲਈ ਭੇਜਿਆ ਅਤੇ ਉਨ੍ਹਾਂ ਅਫ਼ਸਰਾਂ ਨੇ ਦੇਖਿਆ ਕਿ ਗਣੇਸ਼ ਦੀ ਮੂਰਤੀ ਜਿਹੜੀ ਕੰਧ ਵਿਚ ਜੜ੍ਹੀ ਹੋਈ ਹੈ, ਹਿੱਲ ਰਹੀ ਹੈ। ਉਨ੍ਹਾਂ ਨੇ ਮੂਰਤੀ ਪਰ੍ਹੇ ਕਰ ਕੇ ਦੇਖਿਆ ਤਾਂ ਤਹਿਖਾਨੇ ਦੀਆਂ ਪੌੜੀਆਂ ਮਿਲੀਆਂ ਅਤੇ ਗੁੰਮਸ਼ੁਦਾ ਰਾਣੀ ਉੱਥੇ ਪਈ ਰੋ ਰਹੀ ਸੀ। ਉਸਦੀ ਇੱਜ਼ਤ ਵੀ ਲੁੱਟੀ ਗਈ ਸੀ ਅਤੇ ਉਸ ਦੇ ਕੀਮਤੀ ਕੱਪੜੇ ਵੀ ਖੋਹ ਲਏ ਗਏ ਸਨ। ਇਹ ਤਹਿਖਾਨਾ ਵਿਸ਼ਵਨਾਥ ਜੀ ਦੀ ਮੂਰਤੀ ਦੇ ਠੀਕ ਥੱਲੇ ਸੀ। ਰਾਜਿਆਂ ਨੇ ਇਸ ਹਰਕਤ ਉੱਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਵਿਰੋਧ ਪ੍ਰਗਟ ਕੀਤਾ। ਕਿਉਂਕਿ ਇਹ ਬਹੁਤ ਘਿਨਾਉਣਾ ਅਪਰਾਧ ਸੀ, ਇਸ ਲਈ ਉਨ੍ਹਾਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਦੀ ਮੰਗ ‘ਤੇ ਔਰੰਗਜ਼ੇਬ ਨੇ ਆਦੇਸ਼ ਦਿੱਤਾ ਕਿ ਕਿਉਂਕਿ ਇਹ ਪਵਿੱਤਰ ਸਥਾਨ ਅਪਵਿੱਤਰ ਹੋ ਗਿਆ ਹੈ, ਵਿਸ਼ਵਨਾਥ ਜੀ ਦੀ ਮੂਰਤੀ ਨੂੰ ਕਿਤੇ ਹੋਰ ਲੈ ਜਾ ਕੇ ਸਥਾਪਿਤ ਕਰ ਦਿੱਤਾ ਜਾਵੇ ਅਤੇ ਮੰਦਿਰ ਨੂੰ ਢਾਹ ਕੇ ਜ਼ਮੀਨ ਨੂੰ ਪੱਧਰਾ ਕਰ ਦਿੱਤਾ ਜਾਵੇ ਅਤੇ ਮਹੰਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਡਾਕਟਰ ਪੀ. ਸੀਤਾ ਰਮੱਈਆ ਨੇ ਆਪਣੀ ਪ੍ਰਸਿੱਧ ਪੁਸਤਕ ‘ਦ ਫ਼ੇਦਰਸ ਐਂਡ ਦ ਸਟੋਨਸ’ ਵਿਚ ਇਸ ਘਟਨਾ ਨੂੰ ਦਸਤਾਵੇਜ਼ਾਂ ਦੇ ਆਧਾਰ ‘ਤੇ ਸਿੱਧ ਕੀਤਾ ਹੈ। ਪਟਨਾ ਮਿਊਜ਼ੀਅਮ ਦੇ ਸਾਬਕਾ ਕਿਊਰੇਟਰ ਡਾ. ਪੀ.ਐੱਲ ਗੁਪਤਾ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਮਸਜਿਦ ਤੋੜਨ ਦੀ ਘਟਨਾ
ਗੋਲਕੁੰਡਾ ਦੀ ਜਾਮਾ ਮਸਜਿਦ ਦੀ ਘਟਨਾ ਇਹ ਹੈ ਕਿ ਉੱਥੋਂ ਦੇ ਰਾਜਾ ਜੋ ਤਾਨਾਸ਼ਾਹ ਦੇ ਨਾਂ ਨਾਲ ਪ੍ਰਸਿੱਧ ਸੀ, ਰਿਆਸਤੀ ਮਾਲਗੁਜ਼ਾਰੀ ਵਸੂਲ ਕਰਨ ਦੇ ਬਾਅਦ ਦਿੱਲੀ ਦਾ ਹਿੱਸਾ ਨਹੀਂ ਭੇਜਦਾ ਸੀ। ਕੁਝ ਹੀ ਸਾਲਾਂ ਵਿਚ ਇਹ ਰਕਮ ਕਰੋੜਾਂ ਵਿਚ ਹੋ ਗਈ। ਤਾਨਾਸ਼ਾਹ ਨੇ ਇਹ ਖ਼ਜਾਨਾ ਜ਼ਮੀਨ ਵਿਚ ਦੱਬ ਕੇ ਉਸ ਉੱਤੇ ਮਸਜਿਦ ਬਣਵਾ ਦਿੱਤੀ। ਜਦੋਂ ਔਰੰਗਜ਼ੇਬ ਨੂੰ ਇਸ ਪਤਾ ਲੱਗਿਆ ਤਾਂ ਉਸ ਨੇ ਆਦੇਸ਼ ਦੇ ਦਿੱਤਾ ਕਿ ਮਸਜਿਦ ਨੂੰ ਤੋੜ ਦਿੱਤਾ ਜਾਵੇ। ਅੰਤ ਦੱਬਿਆ ਹੋਇਆ ਖ਼ਜ਼ਾਨਾ ਕੱਢ ਕੇ ਉਸ ਨੂੰ ਜਨ-ਕਲਿਆਣ ਦੇ ਕੰਮਾਂ ਲਈ ਖ਼ਰਚ ਕੀਤਾ ਗਿਆ।
ਇਹ ਦੋ ਮਿਸਾਲਾਂ ਇਹ ਸਾਬਿਤ ਕਰਨ ਲਈ ਕਾਫ਼ੀ ਹਨ ਕਿ ਔਰੰਗਜ਼ੇਬ ਨਿਆਂ ਦੇ ਮਾਮਲੇ ਵਿਚ ਮੰਦਿਰ ਤੇ ਮਸਜਿਦ ਵਿਚ ਕੋਈ ਫ਼ਰਕ ਨਹੀਂ ਸਮਝਦਾ ਸੀ। ਬਦਕਿਸਮਤੀ ਨਾਲ ਮੱਧਕਾਲ ਅਤੇ ਆਧੁਨਿਕ ਕਾਲ ਦੇ ਭਾਰਤੀ ਇਤਿਹਾਸ ਦੀਆਂ ਘਟਨਾਵਾਂ ਅਤੇ ਚਰਿੱਤਰਾਂ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਮਨਘੜਤ ਅੰਦਾਜ਼ ਵਿਚ ਪੇਸ਼ ਕੀਤਾ ਜਾ ਰਿਹਾ ਹੈ ਕਿ ਝੂਠ ਹੀ ਰੱਬੀ ਸਚਾਈ ਦੀ ਤਰ੍ਹਾਂ ਸਵੀਕਾਰ ਕੀਤਾ ਜਾਣ ਲੱਗਿਆ ਅਤੇ ਉਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਜਾਣ ਲੱਗਿਆ ਜੋ ਤੱਥ ਅਤੇ ਮਨਘੜਤ ਗੱਲਾਂ ਵਿਚ ਅੰਤਰ ਕਰਦੇ ਹਨ। ਅੱਜ ਵੀ ਸੰਪਰਦਾਇਕ ਅਤੇ ਸਵਾਰਥੀ ਤੱਤ ਇਤਿਹਾਸ ਨੂੰ ਤੋੜਨ-ਮਰੋੜਨ ਅਤੇ ਉਸ ਨੂੰ ਗਲਤ ਰੰਗ ਦੇਣ ਵਿਚ ਲੱਗੇ ਹੋਏ ਹਨ।
*ਕਿਤਾਬ ਦੇ ਲੇਖਕ, ਸਾਬਕਾ ਰਾਜਪਾਲ ਉੜੀਸਾ, ਰਾਜ ਸਭਾ ਮੈਂਬਰ, ਇਲਾਹਾਬਾਦ ਨਗਰਪਾਲਿਕਾ ਦੇ ਚੈਅਰਮੈਨ ਅਤੇ ਇਤਿਹਾਸਕਾਰ ਹਨ।