ਮਲਕਾ-ਏ-ਹੁਸਨ ਮਲਾਇਕਾ

ਮਸ਼ਹੂਰ ਮਾਡਲ ਮਲਾਇਕਾ ਅਰੋੜਾ 50 ਵਰਿ੍ਹਆਂ ਦੀ ਹੋ ਗਈ ਹੈ ਪਰ ਉਸ ਦੀ ਖੂਬਸੂਰਤੀ ਅਤੇ ਫਿੱਟ ਫਿੱਗਰ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਉਹ ਅਜੇ 11 ਕੁ ਵਰਿ੍ਹਆਂ ਦੀ ਸੀ ਕਿ ਉਸ ਦੇ ਮਾਪੇ ਅਲੱਗ-ਅਲੱਗ ਰਹਿਣ ਲੱਗ ਪਏ ਅਤੇ ਉਹ ਆਪਣੀ ਮਾਂ ਨਾਲ ਰਹੀ। ਉਸ ਦਾ ਪਿਤਾ ਅਨਿਲ ਅਰੋੜਾ ਫਾਜ਼ਿਲਕਾ (ਪੰਜਾਬ) ਤੋਂ ਹੈ ਜਿਹੜਾ ਇੰਡੀਅਨ ਨੇਵੀ ਮਰਚੈਂਟ ਵਿਚ ਕੰਮ ਕਰਦਾ ਸੀ

ਅਤੇ ਉਸ ਦੀ ਮਾਂ ਜਾਇਸ ਪੋਲੀਕਾਰਪ ਮਲਿਆਲੀ (ਕੇਰਲ) ਹੈ। ਉਸ ਨੇ ਚਰਚਾਗੇਟ ਦੇ ਜੈ ਹਿੰਦ ਕਾਲਜ ਵਿਚ ਦਾਖਲਾ ਤਾਂ ਲਿਆ ਪਰ ਪੜ੍ਹਾਈ ਮੁਕੰਮਲ ਨਹੀਂ ਕੀਤੀ ਸਗੋਂ ਪੇਸ਼ੇਵਾਰਾਨਾ ਕੰਮ ਆਰੰਭ ਕਰ ਦਿੱਤਾ। ਸਭ ਤੋਂ ਪਹਿਲਾਂ ਉਹ ਐੱਮ.ਟੀ.ਵੀ. ‘ਤੇ ਵੀ.ਜੇ. ਬਣੀ। ਫਿਰ ਉਹ ਮਾਡਲਿੰਗ ਵਾਲੇ ਖੇਤਰ ਵਿਚ ਚਲੀ ਗਈ। ਉਸ ਨੇ ਬੱਲੀ ਸੱਗੀ ਦੇ ਗੀਤ ‘ਗੁੜ ਨਾਲੋਂ ਇਸ਼ਕ ਮਿੱਠਾ’ ਵਰਗੇ ਗੀਤਾਂ ਲਈ ਕੋਰੀਓਗ੍ਰਾਫੀ ਕੀਤੀ। 1998 ਵਿਚ ਆਈ ਫਿਲਮ ‘ਦਿਲ ਸੇ…’ ਵਿਚ ਜਦੋਂ ਉਸ ਨੇ ਗੀਤ ‘ਛੱਈਆਂ ਛੱਈਆਂ’ ‘ਤੇ ਨਾਚ ਕੀਤਾ ਤਾਂ ਦਰਸ਼ਕ ਉਸ ਦੀਆਂ ਅਦਾਵਾਂ ‘ਤੇ ਮਰ ਮਿਟੇ। 2010 ਵਿਚ ਫਿਲਮ ‘ਦਬੰਗ’ ਦੇ ਗੀਤ ‘ਮੁੰਨੀ ਬਦਨਾਮ ਹੂਈ’ ਨੇ ਤਾਂ ਉਸ ਦੀ ਧੁੰਮ ਚਾਰੇ ਪਾਸੇ ਪਾ ਦਿੱਤੀ। ਮਸ਼ਹੂਰ ਟੈਲੀਵਿਜ਼ਨ ਸ਼ੋਅ ‘ਨੱਚ ਬੱਲੀਏ’ ਵਿਚ ਮਲਾਇਕਾ ਅਰੋੜਾ ਤਿੰਨ ਜੱਜਾਂ ਵਿਚੋਂ ਇਕ ਸੀ। ਇਹ ਸ਼ੋਅ ਬਹੁਤ ਹਿੱਟ ਰਿਹਾ ਅਤੇ ਨਾਲ ਹੀ ਮਲਾਇਕਾ ਅਰੋੜਾ ਦੀ ਵੀ ਗੁੱਡੀ ਚੜ੍ਹ ਗਈ। ਮਲਾਇਕਾ ਨੂੰ ਕਈ ਫਿਲਮ ਨਿਰਮਾਤਾਵਾਂ ਨੇ ਹੀਰੋਇਨ ਬਣਨ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਹਰ ਪੇਸ਼ਕਸ਼ ਠੁਕਰਾ ਦਿੱਤੀ। ਉਸ ਦਾ ਕਹਿਣਾ ਹੈ ਕਿ ਉਹ ਸਿਰਫ ਮਾਡਲਿੰਗ ਤੱਕ ਹੀ ਸੀਮਤ ਰਹਿਣਾ ਚਾਹੁੰਦੀ ਹੈ। –ਕੁਦਰਤ ਕੌਰ