ਨਿਰੰਜਨ ਸਿੰਘ ਸੈਲਾਨੀ
ਫੋਨ: +91-9876228703
ਕਾਫ਼ੀ ਸਮੇਂ ਤੋਂ ਲਹਿੰਦਾ ਪੰਜਾਬ ਤੇ ਪਾਕਿਸਤਾਨ `ਚ ਰਹਿ ਗਏ ਗੁਰੂ ਘਰਾਂ ਦੇ ਦਰਸ਼ਨ ਕਰਨ ਦੀ ਰੀਝ ਮਨ ਵਿਚ ਸੀ। ਪਾਸਪੋਰਟ ਬਣਵਾਇਆ। ਨਵੰਬਰ 2001 ਵਿਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ `ਤੇ ਪਾਕਿਸਤਾਨ ਜਾਣ ਦਾ ਮੌਕਾ ਬਣ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਪੁਰਬ `ਤੇ ਪਾਕਿਸਤਾਨ ਜਾਣ ਵਾਲਿਆਂ ਤੋਂ ਪਾਸਪੋਰਟ ਮੰਗ ਲਏ।
ਅਸੀਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪਾਸਪੋਰਟ ਜਮ੍ਹਾਂ ਕਰਾਉਣ ਲਈ ਗਏ। ਉਥੇ ਡਾ. ਬਿਕ੍ਰਮਜੀਤ ਸਿੰਘ ਨੂਰ ਨਾਲ ਮੇਲ ਹੋਇਆ ਜੋ ਪਾਕਿਸਤਾਨ ਜਾਣ ਲਈ ਸਾਥੀ ਬਣ ਗਿਆ। ਰੇਲ ਰਾਹੀਂ ਅੰਮ੍ਰਿਤਸਰ ਪੁੱਜ ਕੇ ਅਟਾਰੀ ਜਾਣ ਲਈ ਬੱਸ ਵਿਚ ਸਵਾਰ ਹੋ ਕੇ ਅਟਾਰੀ ਰੇਲਵੇ ਸਟੇਸ਼ਨ ਪੁੱਜ ਗਏ। ਸਟੇਸ਼ਨ ਦੇ ਨੇੜਿਓਂ ਭਾਰਤੀ ਕਰੰਸੀ ਪਾਕਿਸਤਾਨੀ ਕਰੰਸੀ ਨਾਲ ਬਦਲ ਲਈ।
ਆਪਣਾ ਸਾਮਾਨ ਸੰਭਾਲ ਕੇ ਰੇਲ ਵਿਚ ਬੈਠ ਗਿਆ। ਡੱਬੇ ਵਿਚ ਮੈਂ ਆਪਣਾ ਸੂਟਕੇਸ ਅਤੇ ਬਿਸਤਰਬੰਦ ਸੰਭਾਲ ਕੇ ਉਪਰਲੀ ਬਰਥ `ਤੇ ਟਿਕਾ ਦਿੱਤੇ। ਡੱਬੇ ਵਿਚ ਕਈ ਪਟਿਆਲਵੀ ਯਾਤਰੀ ਸਨ। ਉਨ੍ਹਾਂ ਵਿਚ ਭੁਪਿੰਦਰ ਨਾਂ ਦਾ ਯਾਤਰੀ ਸੀ ਜਿਸ ਨੂੰ ਉਹ ਭਿੰਦਾ ਕਹਿੰਦੇ ਸਨ, ਸਾਥੀ ਬਣ ਗਿਆ। ਅਟਾਰੀ ਤੋਂ ਅੱਗੇ ਜਾ ਕੇ ਰੇਲ ਪਾਕਿਸਤਾਨ ਦੀ ਹੱਦ ਵਿਚ ਦਾਖ਼ਲ ਹੋ ਗਈ। ਅਸੀਂ ਆਸੇ ਪਾਸੇ ਨਿਹਾਰ ਰਹੇ ਸਾਂ। ਅਸੀਂ ਦੇਖਿਆ ਸਭ ਕੁਝ ਸਾਡੇ ਪੰਜਾਬ ਵਰਗਾ ਹੀ ਸੀ। ਉਹੀ ਲੋਕ, ਉਹੀ ਗੁਹਾਰੇ ਤੇ ਉਹੀ ਪਿੰਡ ਸਨ। ਛੇਤੀ ਹੀ ਲਾਹੌਰ ਸਟੇਸ਼ਨ ਆ ਗਿਆ। ਲਾਹੌਰ ਦੇਖ ਕੇ ਉਤਸੁਕਤਾ ਵਧ ਗਈ। ਲੋਕ ਆਲੇ-ਦੁਆਲੇ ਡੱਬਿਆਂ ਤੋਂ ਬਾਹਰ ਦੇਖਣ ਲੱਗੇ। ਸੁਣਿਆ ਸੀ- ‘ਜਿਸ ਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ`… ਬਦਾਮੀ ਬਾਗ ਰੇਲਵੇ ਸਟੇਸ਼ਨ ਆ ਗਿਆ। ਲਾਹੌਰ ਬਹੁਤ ਪ੍ਰਾਚੀਨ ਸ਼ਹਿਰ ਹੈ ਜੋ ਰਾਵੀ ਦਰਿਆ ਦੇ ਕਿਨਾਰੇ `ਤੇ ਵਸਿਆ ਹੋਇਆ ਹੈ। ਰਾਵੀ ਬਾਰੇ ਲੋਕ ਗੀਤ ਹੈ:
ਵਗਦੀ ਏ ਰਾਵੀ ਵਿਚ ਸੁਰਮਾ ਕਿਸ ਨੇ ਡੋਲਿ੍ਹਆ,
ਰੱਖੇ ਮੂੰਹ ਫੁਲਾਈਂ, ਕਦੇ ਹੱਸ ਕੇ ਨਾ ਬੋਲਿਆ।
ਪਹਿਲਾਂ ਬਸਤੀਆਂ ਨਦੀਆਂ, ਦਰਿਆਵਾਂ ਦੇ ਕਿਨਾਰਿਆਂ `ਤੇ ਵਸਾਈਆਂ ਜਾਂਦੀਆਂ ਸਨ ਤਾਂ ਕਿ ਪਾਣੀ ਦੀ ਘਾਟ ਨਾ ਰਹੇ। ਸ਼ਹਿਰ ਦੀ ਆਬਾਦੀ ਹੁਣ ਇੱਕ ਕਰੋੜ ਤੋਂ ਉਪਰ ਹੈ। ਭਾਰਤ ਵਾਲੇ ਪਾਸੇ ਸਭ ਤੋਂ ਨੇੜੇ ਸ਼ਹਿਰ ਅੰਮ੍ਰਿਤਸਰ ਹੈ ਜੋ 31 ਕਿਲੋਮੀਟਰ `ਤੇ ਹੈ। ਪਹਿਲੇ ਜ਼ਮਾਨੇ ਵਿਚ ਦੋਵਾਂ ਸ਼ਹਿਰਾਂ ਵਿਚਕਾਰ ਤਾਂਗੇ ਚਲਦੇ ਸਨ। ਰੇਲ ਚਲਦੀ ਨੂੰ ਰਾਤ ਹੋ ਗਈ। ਅਖ਼ੀਰ ਅਸੀਂ ਨਨਕਾਣਾ ਸਾਹਿਬ ਪੁੱਜ ਗਏ। ਰੇਲ ਵਿਚ ਕਈ ਪਾਕਿਸਤਾਨ ਜਾਸੂਸ ਵੀ ਸਫ਼ਰ ਕਰ ਰਹੇ ਸਨ ਜੋ ਯਾਤਰੀਆਂ `ਤੇ ਨਿਗਾਹ ਰੱਖਦੇ ਸਨ ਕਿ ਕੋਈ ਯਾਤਰੀ ਗਲਤ ਗਤੀਵਿਧੀਆਂ ਵਿਚ ਸ਼ਾਮਲ ਤਾਂ ਨਹੀਂ। ਮੈਂ ਆਪਣੀ ਲਿਖੀ ਕਵਿਤਾਵਾਂ ਦੀ ਕਿਤਾਬ ‘ਧੁਖ਼ਦੇ ਅਹਿਸਾਸ’ ਦੀਆਂ 5-6 ਕਾਪੀਆਂ ਨਾਲ ਲਿਆਇਆ ਸਾਂ ਤਾਂ ਜੋ ਲਹਿੰਦੇ ਪੰਜਾਬ ਦੇ ਅਦੀਬਾਂ ਨੂੰ ਦਿੱਤੀਆਂ ਜਾ ਸਕਣ। ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ `ਤੇ ਗੁਰਦੁਆਰਾ ਸਾਹਿਬ ਵੱਲੋਂ ਬੱਸਾਂ ਆਈਆਂ ਹੋਈਆਂ ਸਨ। ਉਥੇ ਸਾਨੂੰ 4-5 ਜਣਿਆਂ ਨੂੰ ਇਕ ਕਮਰਾ ਦੇ ਦਿੱਤਾ ਗਿਆ। ਕਮਰੇ ਵਿਚ ਸਾਮਾਨ ਟਿਕਾ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਚਲੇ ਗਏ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਆਲੇ-ਦੁਆਲੇ ਦਰਸ਼ਨ ਕਰ ਕੇ ਲੰਗਰ ਹਾਲ ਵਿਚੋਂ ਲੰਗਰ ਛਕ ਕੇ ਕਮਰੇ ਵਿਚ ਆ ਕੇ ਘੂਕ ਸੌਂ ਗਏ। ਬੜੀ ਗੂੜ੍ਹੀ ਨੀਂਦ ਆਈ। ਸਫ਼ਰ ਦੇ ਥੱਕਿਆਂ ਨੂੰ ਪਤਾ ਹੀ ਨਾ ਲੱਗਾ। ਸਵੇਰੇ ਉਠੇ ਅਸੀਂ ਤਾਜ਼ਾ ਦਮ ਸਾਂ। ਇਸ਼ਨਾਨ ਕਰਨ ਲਈ ਗਏ। ਉਥੇ ਸਿੰਧ ਤੋਂ ਸਹਿਜਧਾਰੀ ਸੰਗਤ ਆਈ ਹੋਈ ਸੀ। ਉਨ੍ਹਾਂ ਨੇ ਯਾਤਰੀਆਂ ਨੂੰ ਹਰ ਤਰ੍ਹਾਂ ਦਾ ਸਾਮਾਨ ਮੁਫ਼ਤ ਦਿੱਤਾ ਜਿਵੇਂ ਬੁਰਸ਼, ਤੌਲੀਏ, ਟੁੱਥਪੇਸਟ ਆਦਿ। ਉਹ ਸਿੰਧ ਪ੍ਰਾਂਤ ਤੋਂ ਹਰ ਸਾਲ ਯਾਤਰੂਆਂ ਦੀ ਸੇਵਾ ਲਈ ਆਉਂਦੇ ਹਨ। ਉਨ੍ਹਾਂ ਵਿਚ ਸੇਵਾ ਭਾਵ ਤੇ ਨਿਰਮਾਣਤਾ ਬਹੁਤ ਸੀ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਕੁਝ ਦੇਰ ਗੁਰਬਾਣੀ ਸਰਵਣ ਕੀਤੀ।
ਕਮਰੇ ਵਿਚ ਆ ਕੇ ਅਸੀਂ ਨਨਕਾਣਾ ਸਾਹਿਬ ਸ਼ਹਿਰ ਦੇਖਣ ਲਈ ਚੱਲ ਪਏ। ਉਹ ਸਾਰੇ ਥਾਂ ਘੁੰਮ ਫਿਰ ਕੇ ਦੇਖੇ ਜਿੱਥੇ-ਜਿੱਥੇ ਗੁਰੂ ਸਾਹਿਬ ਵਿਚਰਦੇ ਰਹੇ ਜਿਵੇਂ ਜਿੱਥੇ ਗੁਰੂ ਸਾਹਿਬ ਦੇ ਸਿਰ `ਤੇ ਸੱਪ ਨੇ ਛਾਂ ਕੀਤੀ, ਮੱਝਾਂ ਚਾਰੀਆਂ, ਪਾਂਧੇ ਕੋਲੋਂ ਪੜ੍ਹਨ ਗਏ। ਪੰਡਤ ਨੂੰ ਸਿੱਖਿਆ ਦਿੱਤੀ ਤੇ ਸ਼ਬਦ ਉਚਾਰੇ। ਕਈ ਥਾਵਾਂ `ਤੇ ਗੁਰੂ ਸਾਹਿਬ ਸਬੰਧੀ ਯਾਦਗਾਰ ਵਜੋਂ ਗੁਰਦੁਆਰੇ ਬਣਾਏ ਗਏ ਹਨ। ਮੁਹੱਲਿਆਂ `ਚ ਦੇਖਿਆ ਕਿ ਗੈਸ ਪਾਇਪ ਲਾਈਨ ਰਾਹੀਂ ਸਪਲਾਈ ਕੀਤੀ ਜਾਂਦੀ ਹੈ, ਸਾਡੇ ਵਾਂਗ ਸਿਲੰਡਰ ਸਿਸਟਮ ਨਹੀਂ ਹੈ । ਡਾ. ਨੂਰ ਦੀ ਬਨੈਣ ਕੁਝ ਫਟੀ ਹੋਈ ਸੀ। ਨੂਰ ਨੇ ਨਵੀਂ ਬਨੈਣ ਖਰੀਦੀ। ਉਹ ਛੇਤੀ ਵਿਚ ਸਾਮਾਨ ਘੱਟ ਹੀ ਲਿਆਇਆ ਸੀ। ਸ਼ਹਿਰ ਵਿਚ ਸਿੱਖਾਂ ਦੀ ਕਾਫ਼ੀ ਆਬਾਦੀ ਹੈ। ਹੋਰ ਕੌਮਾਂ ਵੀ ਰਹਿੰਦੀਆਂ ਹਨ। ਅਸੀਂ ਰਾਇ ਭੋਂਇ ਦੇ ਨਵਾਬ ਦਾ ਮਹਿਲ ਵੀ ਦੇਖਿਆ। ਉਸ ਨੇ ਗੁਰੂ ਨਾਨਕ ਜੀ ਦੀ ਪ੍ਰਤਿਭਾ ਨੂੰ ਕਾਫ਼ੀ ਪਹਿਲਾਂ ਹੀ ਪਛਾਣ ਲਿਆ ਸੀ। ਉਹ ਮਹਿਤਾ ਕਾਲੂ ਨੂੰ ਸਮਝਾਉਂਦੇ ਰਹਿੰਦੇ ਕਿ ਨਾਨਕ ਨੂੰ ਤਾੜਿਆ ਨਾ ਕਰ। ਬੀਬੀ ਨਾਨਕੀ ਨੂੰ ਵੀ ਇਸ ਬਾਰੇ ਪਹਿਲਾਂ ਹੀ ਗਿਆਨ ਹੋ ਗਿਆ ਸੀ।
ਸ਼ਹਿਰ ਦੇਖ ਕੇ ਅਸੀਂ ਮੁੜ ਕਮਰੇ ਵਿਚ ਆ ਗਏ। ਡਾ. ਨੂਰ ਨੇ ਪੈਕਟ ਵਿਚੋਂ ਬਨੈਣ ਕੱਢ ਕੇ ਦੇਖੀ ਉਹ ਛਿੱਦੀ-ਛਿੱਦੀ ਜਿਹੀ ਸੀ, ਉਸ ਨੇ ਕੀ ਚਲਣਾ ਸੀ। ਉਸੇ ਦੁਕਾਨ `ਤੇ ਮੋੜਨੀ ਪਈ। ਲੰਗਰ-ਪਾਣੀ ਦਾ ਵਕਤ ਹੋ ਗਿਆ ਸੀ। ਅਸੀਂ ਲੰਗਰ ਹਾਲ ਵਿਚ ਪੁੱਜ ਗਏ। ਉਥੇ ਦੁਨੀਆ ਭਰ ਦੇ 36 ਪ੍ਰਕਾਰ ਦੇ ਪਕਵਾਨ ਬਣਾ ਕੇ ਰਖੇ ਪਏ ਸਨ। ਸੰਗਤਾਂ ਦੇ ਨਾਲ ਸਿੰਧੀ ਵੀ ਬਹੁਤ ਗਿਣਤੀ ਵਿਚ ਮੌਜੂਦ ਸਨ। ਬਦਾਮਾਂ ਵਾਲੇ ਦੁੱਧ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਦਾਲਾਂ, ਸਬਜ਼ੀਆਂ, ਚੌਲ, ਮਿਠਾਈਆਂ ਸਜਾਈਆਂ ਪਈਆਂ ਸਨ ਜੋ ਜਿਸ ਨੂੰ ਪਸੰਦ ਹੈ, ਖਾਓ। ਲੋੜ ਤੋਂ ਵੀ ਵੱਧ ਸਵਾਦੀ ਖਾਣਾ ਖਾ ਕੇ ਅਸੀਂ ਕਮਰੇ ਵਿਚ ਆ ਕੇ ਸੌਂ ਗਏ। ਅਖੰਡ ਪਾਠ ਦਾ ਭੋਗ ਪਿਆ। ਅਸੀਂ ਬਾਣੀ ਸੁਣੀ, ਕੀਰਤਨ ਸੁਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਕ ਸੁਣਿਆ ਤੇ ਦੇਗ ਛਕੀ।
ਦੁਪਹਿਰ ਪਿੱਛੋਂ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿਚ ਬਹੁਤ ਖ਼ਲਕਤ ਸੀ। ਵਿਦੇਸ਼ਾਂ ਤੋਂ ਵੀ ਸੰਗਤ ਜਨਮ ਦਿਨ ਮਨਾਉਣ ਲਈ ਆਈ ਹੋਈ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਲਹਿੰਦੇ ਪੰਜਾਬ ਦੇ ਲੋਕ ਪੁੱਛ ਰਹੇ ਸਨ ਕਿ ਜੇ ਕੋਈ ਸਾਡੇ ਪਿੰਡ ਦਾ ਆਇਆ ਹੋਵੇ। ਉਹ ਪੂਰਬੀ ਪੰਜਾਬ ਤੋਂ ਆਪਣਾ ਪਿੰਡ, ਘਰ ਘਾਟ ਛੱਡ ਕੇ ਲਹਿੰਦੇ ਪੰਜਾਬ ਆਏ ਸਨ। ਉਨ੍ਹਾਂ ਦੀ ਤਾਂਘ ਸੀ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਜੇ ਮਿਲ ਜਾਏ ਤਾਂ ਆਪਣੇ ਪਿੰਡ ਦੇ ਦੋਸਤਾਂ ਤੇ ਪਿੱਛੇ ਰਹਿ ਗਏ ਪਰਿਵਾਰ ਦੇ ਮੈਂਬਰਾਂ ਦੀ ਖ਼ਬਰ ਸਾਰ ਲੈ ਸਕਣ। ਕਈਆਂ ਦੀ ਮੁਰਾਦ ਪੂਰੀ ਹੋ ਜਾਂਦੀ ਤੇ ਉਸ ਨੂੰ ਉਸ ਦਾ ਕੋਈ ਸੰਗੀ ਮਿਲ ਜਾਂਦਾ ਤਾਂ ਉਸ ਨੂੰ ਅੰਤਾਂ ਦਾ ਸਕੂਨ ਮਿਲਦਾ। ਵਿਛੜੀਆਂ ਰੂਹਾਂ ਦਾ ਮੇਲ ਹੋ ਜਾਂਦਾ।
ਸ਼ੋਭਾ ਯਾਤਰਾ ਵਿਚ ਕਈ ਤਰ੍ਹਾਂ ਦੇ ਲੰਗਰ ਚਲਾਏ ਜਾ ਰਹੇ ਸਨ। ਕੋਈ ਆਪਣੇ ਬਾਗ ਵਿਚੋਂ ਮਾਲਟੇ, ਸੰਤਰੇ ਲਿਆ ਕੇ ਵੰਡ ਰਿਹਾ ਸੀ। ਉਥੋਂ ਦੇ ਮਾਲਟੇ ਬਹੁਤ ਰਸੀਲੇ ਤੇ ਸੁਆਦ ਸਨ। ਸ਼ਹਿਰ ਦੇ ਬਾਸ਼ਿੰਦੇ ਆਪਣਿਆਂ ਚੁਬਾਰਿਆਂ ਅਤੇ ਛੱਤਾਂ `ਤੇ ਖੜ੍ਹ ਕੇ ਸ਼ੋਭਾ ਯਾਤਰਾ ਦੇ ਦਰਸ਼ਨ ਕਰ ਰਹੇ ਸਨ। ਸ਼ੋਭਾ ਯਾਤਰਾ ਕਾਫ਼ੀ ਲੰਮੀ ਸੀ। ਲੋਕਾਂ ਦੇ ਚਿਹਰਿਆਂ `ਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਹੋ ਕੇ ਅਲੱਗ ਤਰ੍ਹਾਂ ਦਾ ਨੂਰ ਤੇ ਜਮਾਲ ਝਲਕ ਰਿਹਾ ਸੀ। ਨਨਕਾਣਾ ਸਾਹਿਬ ਦੀ ਮਿੱਟੀ ਮੈਂ ਆਪਣੇ ਕੋਲ ਰੱਖ ਲਈ।
ਫਿਰ ਅਸੀਂ ਰੇਲ ਰਾਹੀਂ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਏ। ਸਫ਼ਰ ਲੰਮਾ ਸੀ। ਅਸੀਂ ਹਸਨ ਅਬਦਾਲ ਪੰਜਾ ਸਾਹਿਬ ਪੁੱਜ ਗਏ। ਉਥੇ ਵੀ ਸਾਨੂੰ 5-6 ਜਣਿਆਂ ਨੂੰ ਇਕ ਕਮਰਾ ਮਿਲ ਗਿਆ। ਆਰਾਮ ਕਰ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਗਏ। ਸਰੋਵਰ ਵਿਚ ਸੁਨਹਿਰੀ ਪੰਜਾ ਲੱਗਿਆ ਸਾਫ਼-ਸਾਫ਼ ਝਲਕ ਰਿਹਾ ਸੀ । ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਕੁਝ ਦੇਰ ਗੁਰਬਾਣੀ ਸਰਵਣ ਕੀਤੀ।
ਇਹ ਪਹਾੜੀ ਇਲਾਕਾ ਹੈ। ਪਠਾਨਾਂ ਦੀ ਕਾਫ਼ੀ ਆਬਾਦੀ ਹੈ। ਪੰਜਾ ਸਾਹਿਬ ਦੇ ਰੇਲਵੇ ਸਟੇਸ਼ਨ `ਤੇ ਬੰਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਰੇਲ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਰੋਕੀ ਸੀ ਅਤੇ ਸਿੰਘਾਂ ਨੂੰ ਲੰਗਰ ਛਕਾਇਆ ਸੀ। ਅੰਗਰੇਜ਼ ਸਰਕਾਰ ਗੱਡੀ ਨੂੰ ਰੋਕਣਾ ਨਹੀਂ ਚਾਹੁੰਦੀ ਸੀ। ਸਿੰਘ ਕੈਦੀ ਕਈ ਦਿਨਾਂ ਦੇ ਭੁੱਖੇ ਸਨ। ਇਸ ਨੂੰ ਪੰਜਾ ਸਾਹਿਬ ਦਾ ਸਾਕਾ ਕਹਿੰਦੇ ਹਨ। ਇਸ ਸਾਕੇ ਬਾਰੇ ਪੰਜਾਬੀ ਦੇ ਸਿਰਕੱਢ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਨੇ ਕਮਾਲ ਦੀ ਕਹਾਣੀ ‘ਕਰਾਮਾਤ` ਲਿਖੀ ਸੀ । ਅਖੰਡ ਪਾਠ ਦਾ ਭੋਗ ਪੈਣ ਉਪਰੰਤ ਅਸੀਂ ਉਹ ਸਥਾਨ ਦੇਖਣ ਚੱਲ ਪਏ ਜਿੱਥੇ ਬਾਬਾ ਨਾਨਕ ਦੇ ਕਹੇ ਤੋਂ ਮਰਦਾਨਾ ਵਲੀ ਕੰਧਾਰੀ ਤੋਂ ਪਾਣੀ ਮੰਗਣ ਗਿਆ ਸੀ। ਇਹ ਕਾਫ਼ੀ ਉਚਾਈ `ਤੇ ਹੈ। ਅਸੀਂ ਹੌਲੀ-ਹੌਲੀ ਚੜ੍ਹਾਈ ਚੜ੍ਹਦੇ ਗਏ। ਇਹ ਮਿੱਟੀ ਤੇ ਪੱਥਰਾਂ ਦਾ ਪਹਾੜ ਹੈ। ਉਚਾਈ `ਤੇ ਹੋਣ ਕਾਰਨ ਕਾਫ਼ੀ ਜ਼ੋਰ ਲੱਗ ਰਿਹਾ ਸੀ।
ਅੰਤ ਅਸੀਂ ਉਸ ਸਥਾਨ `ਤੇ ਪੁੱਜ ਗਏ ਜਿੱਥੇ ਕਦੀ ਵਲੀ ਕੰਧਾਰੀ ਰਹਿੰਦਾ ਸੀ। ਉਹ ਬਹੁਤ ਹੰਕਾਰੀ ਸੀ। ਨੇੜੇ ਹੀ ਪਾਣੀ ਦਾ ਸ੍ਰੋਤ ਸੀ। ਉਹ ਕਿਸੇ ਨੂੰ ਵੀ ਪਾਣੀ ਨਹੀਂ ਸੀ ਦਿੰਦਾ। ਮਰਦਾਨੇ ਨੇ ਜਾ ਕੇ ਕੰਧਾਰੀ ਤੋਂ ਪਾਣੀ ਮੰਗਿਆ ਪਰ ਉਸ ਨੇ ਜਵਾਬ ਦੇ ਦਿੱਤਾ। ਪਿਆਸਾ ਮਰਦਾਨਾ ਬਾਬੇ ਨਾਨਕ ਕੋਲ ਪੁੱਜਿਆ। ਇਹ ਕਾਫ਼ੀ ਵਾਟ ਸੀ। ਬਾਬਾ ਜੀ ਉਸ ਥਾਂ `ਤੇ ਬੈਠੇ ਸਨ ਜਿੱਥੇ ਹੁਣ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ। ਬਾਬਾ ਜੀ ਨੇ ਨੇੜੇ ਪਏ ਪੱਥਰ ਨੂੰ ਚੁੱਕਣ ਲਈ ਕਿਹਾ। ਦੇਖਦੇ ਹੀ ਦੇਖਦੇ ਉਥੇ ਪਾਣੀ ਦਾ ਝਰਨਾ ਨਮੂਦਾਰ ਹੋ ਗਿਆ। ਕੰਧਾਰੀ ਦਾ ਪਾਣੀ ਸ੍ਰੋਤ ਖ਼ਾਲੀ ਹੋ ਗਿਆ। ਹੰਕਾਰੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ। ਉਸ ਨੇ ਪਹਾੜੀ ਤੋਂ ਇਕ ਵੱਡਾ ਸਾਰਾ ਪੱਥਰ ਬਾਬਾ ਜੀ ਵੱਲ ਰੋਹੜ ਦਿੱਤਾ। ਪੱਥਰ ਨੂੰ ਬਾਬਾ ਜੀ ਨੇ ਹੱਥ ਨਾਲ ਰੋਕ ਲਿਆ, ਉਸੇ ਸਥਾਨ `ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਇਸ਼ਨਾਨ ਕਰਨ ਲਈ ਸਰੋਵਰ ਬਣਿਆ ਹੋਇਆ ਹੈ। ਪੰਜਾ ਸਾਹਿਬ ਜਿਸ ਦੇ ਦਰਸ਼ਨ ਕਰਨ ਲਈ ਸੰਗਤਾਂ ਦੂਰੋਂ ਨੇੜਿਉਂ ਆਉਂਦੀਆਂ ਰਹਿੰਦੀਆਂ ਹਨ।
ਉਥੋਂ ਰਾਵਲਪਿੰਡੀ 40 ਮੀਲ ਹੈ। ਅਸੀਂ ਬੱਸ ਰਾਹੀਂ ਉਥੇ ਪੁੱਜ ਗਏ। ਇਹ ਪੋਠੋਹਾਰ ਦਾ ਇਲਾਕਾ ਹੈ ਜਿਸ ਵਿਚ ਸਾਹਿਤ ਦੇ ਉਘੇ ਨਾਂ ਇੱਥੇ ਜੰਮੇ। ਜਿਵੇਂ ਕਰਤਾਰ ਸਿੰਘ ਦੁੱਗਲ, ਕਾਨਾ ਸਿੰਘ, ਸਵਿੰਦਰ ਸਿੰਘ ਉਪਲ, ਆਸ਼ਾ ਸ਼ੈਲੀ, ਵਣਜਾਰਾ ਬੇਦੀ, ਬਲਰਾਜ ਸਾਹਨੀ, ਭੀਸ਼ਮ ਸਾਹਨੀ, ਮਹਿੰਦਰ ਸਿੰਘ ਸਰਨਾ, ਪ੍ਰੋ. ਤੇਜਾ ਸਿੰਘ, ਪ੍ਰੋ. ਮੋਹਨ ਸਿੰਘ ਆਦਿ ਹਨ। ਰਾਵਲਪਿੰਡੀ ਵਿਚ ਕਦੀ ਗਾਰਡਨ ਕਾਲਜ ਵਿਚ ਕਰਤਾਰ ਸਿੰਘ ਦੁੱਗਲ ਪੜ੍ਹਦੇ ਸਨ। ਪੋਠੋਹਾਰ ਦੇ ਕੁਦਰਤੀ ਨਜ਼ਾਰੇ ਵੇਖਣ ਵਾਲੇ ਹਨ। ਇਸ ਵਿਚ ਸੁਹਾਂ ਦਰਿਆ ਵਹਿੰਦਾ ਹੈ।
ਪ੍ਰੋ. ਮੋਹਨ ਸਿੰਘ ਨੇ ਲਿਖਿਆ ਹੈ:
ਮੇਰੇ ਫੁੱਲ ਸੂਹਾਂ ਵਿਚ ਪਾਣੇ,
ਗੰਗਾ ਬਾਹਮਣੀ ਕੀ ਜਾਣੇ,
ਬੈਠ ਸੂਹਾਂ ਦੀ ਉਚੀ ਕੰਧੀਂ,
ਹੋਸ਼ ਨਾ ਰਹਿੰਦੀ ਦੁਨੀਆਂ ਸੰਦੀ।
ਪ੍ਰੋ. ਮੋਹਨ ਸਿੰਘ ਨੇ ਪੋਠੋਹਾਰ ਦੀ ਨਦੀ ਸੂਹਾਂ ਵਿਚੋਂ ਲੰਘਦੀ ਕੁੜੀ ਬਾਰੇ ਕਵਿਤਾ ਲਿਖੀ ਹੈ:
ਸਿਰ ਤੇ ਚੁੱਕੀ ਪੰਡ ਘਾਹ ਦੀ,
ਵਿਚ ਵਿਚ ਫੁੱਲ ਸਰੋਂ ਦੇ
ਥਿਗੜੀਆਂ ਵਾਲੀ ਸੁੱਥਣ ਕੁੰਜ ਕੇ
ਫੜ ਕੇ ਮੇਰੀ ਬਾਂਹ ਠਿੱਲ੍ਹ ਪਈ ਵਿਚ ਸੂਹਾਂ,
ਗਿੱਟਿਆਂ ਤਾਣੀ ਗੋਡਿਆਂ ਤਾਣੀ
ਪੱਟਾਂ ਤਾਣੀ ਚੜ੍ਹ ਗਿਆ ਪਾਣੀ,
ਗੋਡਿਆਂ ਤਾਣੀ ਗਿੱਟਿਆਂ ਤਾਣੀ ਲਹਿ ਗਿਆ ਪਾਣੀ,
ਵੀਰਾ ਜੀਨਾ ਰਹੇਂ ਕਹਿ ਕੇ ਛੱਡ ਕੇ
ਮੇਰੀ ਬਾਂਹ ਕੁੜੀ ਪੋਠੋਹਾਰ ਦੀ,
ਪਰ ਹਾਲੇ ਤੱਕ ਨਾ ਭੁੱਲੇ,
ਮੈਨੂੰ ਉਸ ਦੀ ਇਕ ਛੋਹ ਪਿਆਰ ਦੀ
ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਸੀਂ ਬਾਬਾ ਨਾਨਕ ਨਾਲ ਸਬੰਧਿਤ ਹੋਰ ਸਥਾਨਾਂ ਦੇ ਦਰਸ਼ਨ ਕਰਨ ਲਈ ਚੱਲ ਪਏ। ਅਸੀਂ ਚੂਹੜਕਾਣੇ ਪੁੱਜ ਗਏ ਜਿੱਥੇ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਛਕਾ ਕੇ ਸੱਚਾ ਸੌਦਾ ਕੀਤਾ ਸੀ। ਗੁਰਦੁਆਰੇ ਵਿਚ ਅਸੀਂ ਮੱਥਾ ਟੇਕਿਆ। ਇੱਥੇ ਸੰਗਤ ਨੂੰ ਮਿਠਾਈ ਵੰਡੀ ਗਈ ਜੋ ਬਹੁਤ ਸਵਾਦੀ ਸੀ। ਬਾਹਰ ਅਮਰੂਦਾਂ ਦਾ ਬਾਗ ਸੀ। ਭਿੰਦਾ ਕੁਝ ਪੱਕੇ-ਪੱਕੇ ਅਮਰੂਦ ਤੋੜ ਲਿਆਇਆ। ਅਸੀਂ ਸਭ ਨੇ ਖਾਧੇ। ਡਾ. ਨੂਰ ਸਮਾਣੇ ਤੋਂ ਕਿਸੇ ਦੀ ਚਿੱਠੀ ਲਿਆਇਆ ਸੀ। ਉਹ ਮੈਨੂੰ ਨਾਲ ਲੈ ਕੇ ‘ਕਾਮੋਕੀ ਮੰਡੀ` ਚਲਾ ਗਿਆ। ਇਹ ਖੰਨਾ ਵਾਂਗ ਪ੍ਰਸਿੱਧ ਮੰਡੀ ਹੈ। ਜਿਸ ਕੋਲ ਜਾਣਾ ਸੀ, ਉਸ ਦੇ ਘਰ ਅਸੀਂ ਪੁੱਜ ਗਏ। ਉਸ ਨੂੰ ਚਿੱਠੀ ਦਿੱਤੀ। ਉਹ ਬਹੁਤ ਖੁਸ਼ ਹੋਇਆ। ਸਾਡੀ ਉਥੋਂ ਦੀ ਮਸ਼ਹੂਰ ਮਿਠਾਈ ਖਿਲਾ ਕੇ ਖੂਬ ਸੇਵਾ ਕੀਤੀ ਗਈ। ਨੇੜੇ ਹੀ ਡਾ. ਨੂਰ ਦਾ ਜੱਦੀ ਪਿੰਡ ਹੈ। ਉਨ੍ਹਾਂ ਦੇ ਘਰ ਡਾਟ ਵਿਚ ਕੁਝ ਚਾਂਦੀ ਦੇ ਰੁਪਏ ਲੁਕਾਏ ਹੋਏ ਸਨ। ਅਸੀਂ ਮੋਟਰ ਸਾਈਕਲ ਸਵਾਰ ਨੂੰ ਉਸ ਪਿੰਡ ਲੈ ਕੇ ਜਾਣ ਲਈ ਕਿਹਾ। ਉਹ ਜਾਣ ਲਈ ਤਿਆਰ ਹੋ ਗਿਆ ਪਰ ਉਸ ਨੇ ਦੱਸਿਆ ਕਿ ਤਿੰਨ ਸਵਾਰੀਆਂ ਦੀ ਇਜਾਜ਼ਤ ਨਹੀਂ। ਅਸੀਂ ਗਏ ਹੀ ਨਹੀਂ। ਪਾਕਿਸਤਾਨ ਸਾਨੂੰ ਓਪਰਾ ਨਹੀਂ ਲੱਗਿਆ। ਲੋਕ ਸਿੱਖਾਂ ਨੂੰ ਵੇਖ ਕੇ ਖੁਸ਼ ਹੁੰਦੇ।
ਘੁੰਮਦੇ-ਘੁੰਮਾਉਂਦੇ ਅਸੀਂ ਲਾਹੌਰ ਪੁੱਜ ਗਏ। ਇਹ ਬਹੁਤ ਰੌਣਕ ਵਾਲਾ ਸ਼ਹਿਰ ਹੈ। ਕਹਿੰਦੇ ਹਨ ਕਿ ਇਹ ਲਵ ਦੇ ਨਾਂ `ਤੇ ਵਸਾਇਆ ਗਿਆ ਹੈ। ਇੱਥੇ ਅਸੀਂ ਗੁਰਦੁਆਰਾ ਡੇਹਰਾ ਸਾਹਿਬ ਵਿਚ ਠਹਿਰੇ। ਯਾਤਰੀਆਂ ਦੇ ਠਹਿਰਨ ਲਈ ਤੰਬੂ ਵੀ ਲਾਏ ਹੋਏ ਸਨ। ਸਮਾਧ ਮਹਾਰਾਜਾ ਰਣਜੀਤ ਸਿੰਘ ਵੀ ਨੇੜੇ ਹੀ ਸੀ। ਅਸੀਂ ਰਾਤ ਨੂੰ ਉਥੇ ਸੌਂਦੇ। ਦਿਨੇ ਸ਼ਹਿਰ ਘੁੰਮਣ ਚਲੇ ਜਾਂਦੇ। ਸਾਰੀਆਂ ਥਾਵਾਂ ਘੁੰਮ ਕੇ ਦੇਖੀਆਂ। ਲਾਹੌਰ ਦਾ ਕਿਲ੍ਹਾ, ਨੂਰਜਹਾਂ ਦੀ ਕਬਰ, ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਵਿਚ ਅਜਾਇਬ ਘਰ ਬਣਿਆ ਹੋਇਆ ਸੀ ਜਿੱਥੇ ਬਹੁਤ ਨਾਯਾਬ ਤੇ ਕੀਮਤੀ ਚੀਜ਼ਾਂ ਪਈਆਂ ਹਨ। ਕੁਝ ਦੂਰੀ `ਤੇ ਹੁਸਨ-ਏ-ਬਾਜ਼ਾਰ, ਹੀਰਾ ਮੰਡੀ ਹੈ ਜਿੱਥੇ ਤਵਾਇਫ਼ਾਂ ਰਹਿੰਦੀਆਂ ਹਨ। ਗਲੀਆਂ ਵਿਚ ਦੱਲੇ ਗਾਹਕ ਲੱਭਦੇ ਫਿਰਦੇ ਹਨ। ਕਈ ਸਾਥੀ ਤਵਾਇਫ਼ਾਂ ਕੋਲ ਚਲੇ ਗਏ ਪਰ ਮੈਂ ਨਹੀਂ ਗਿਆ। ਇਕ ਦਲਾਲ ਮੇਰੇ ਗਲ ਪੈ ਗਿਆ। ਕਹਿੰਦਾ ਤੂੰ ਜੇ ਕੁਝ ਨਹੀਂ ਕਰਨਾ ਤਾਂ ਇੱਥੇ ਆਇਆ ਕਿਉਂ ਹੈਂ? ਮੈਂ ਉਥੋਂ ਖਿਸਕਣ ਵਿਚ ਹੀ ਗਨੀਮਤ ਸਮਝੀ। ਲਾਹੌਰ ਵਿਚ ਅਸੀਂ ਇੰਜ ਘੁੰਮ ਰਹੇ ਸੀ ਜਿਵੇਂ ਆਪਣੇ ਸ਼ਹਿਰ ਵਿਚ ਘੁੰਮ ਰਹੇ ਹੋਈਏ। ਬੋਲੀ ਵੀ ਉਹ ਬੜੀ ਮਿੱਠੀ ਮਾਝੀ ਬੋਲਦੇ ਸਨ। ਕੋਈ ਖ਼ਾਸ ਫ਼ਰਕ ਨਹੀਂ ਸੀ। ਹਾਂ, ਫ਼ਰਕ ਸਿਰਫ਼ ਬਾਜ਼ਾਰ ਵਿਚ ਸਾਇਨ ਬੋਰਡ ਉਰਦੂ ਵਿਚ ਲਿਖੇ ਹੋਏ ਸਨ। ਮੈਂ ਉਹ ਵੀ ਪੜ੍ਹ ਲੈਂਦਾ ਸਾਂ ਕਿਉਂਕਿ ਮੈਂ ਉਰਦੂ ਦੀ ਦਸਵੀਂ ਪਾਸ ਸਾਂ। ਇਕ ਦਿਨ ਅਸੀਂ ਸ਼ਾਲੀਮਾਰ ਬਾਗ਼ ਦੇਖਣ ਲਈ ਚਲੇ ਗਏ ਜੋ ਬਾਦਸ਼ਾਹ ਸ਼ਾਹ ਜਹਾਨ ਨੇ ਬਣਵਾਇਆ ਸੀ। ਇਸ ਦਾ ਦਰਵਾਜ਼ਾ ਵੀ ਬਹੁਤ ਸ਼ਾਨਦਾਰ ਹੈ।
ਇਕ ਦਿਨ ਅਸੀਂ ਲਾਹੌਰ ਦਾ ਉਘਾ ਅਨਾਰਕਲੀ ਬਾਜ਼ਾਰ ਦੇਖਣ ਚਲੇ ਗਏ। ਇਕ ਦੁਕਾਨ ਤੋਂ ਅਸੀਂ ਚਾਹ ਆਦਿ ਪੀਤੀ। ਉਸ ਨੇ ਸਾਡੇ ਤੋਂ ਪੈਸੇ ਨਹੀਂ ਲਏ। ਕਹਿੰਦਾ ਤੁਸੀਂ ਤਾਂ ਸਾਡੇ ਮਹਿਮਾਨ ਹੋ। ਇਸ ਤਰ੍ਹਾਂ ਦਾ ਵਿਹਾਰ ਸਾਡੇ ਨਾਲ ਕਈ ਦੁਕਾਨਦਾਰਾਂ ਨੇ ਕੀਤਾ। ਅਸੀਂ ਆਪਣੇ `ਤੇ ਮਾਣ ਮਹਿਸੂਸ ਕੀਤਾ ਕਿ ਇਹ ਸਾਡੇ ਪੰਜਾਬੀ ਭਰਾ ਹਨ। ਇੱਥੇ ਬਹੁਤ ਭੀੜ ਸੀ। ਲੋਕ ਵਸਤਾਂ ਖਰੀਦ ਰਹੇ ਸਨ। ਮੈਂ ਵੀ ‘ਦੋ ਘੋੜੇ` ਦੀ ਬੋਸਕੀ ਕੁਝ ਗਜ਼ ਖ਼ਰੀਦ ਲਈ। ਲਾਹੌਰ ਵਿਚ ਪ੍ਰਦੂਸ਼ਣ ਬਹੁਤ ਹੈ ਜਿਵੇਂ ਸ਼ਿਮਲੇ ਹੈ। ਅੱਖਾਂ `ਚੋਂ ਪਾਣੀ ਆ ਜਾਂਦਾ ਹੈ। ਇੱਥੇ ਟੀ-ਪੁਆਇੰਟ ਹੈ ਜਿੱਥੇ ਆ ਕੇ ਅਦੀਬ ਬੈਠਦੇ ਹਨ। ਅਸੀਂ ਵੀ ਕੁਝ ਦੇਰ ਉਥੇ ਬੈਠੇ ਤੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ।
ਸਰਕਾਰ ਵੱਲੋਂ ਲਾਹੌਰ ਦੇ ਮਸ਼ਹੂਰ ਅਲਹਮਰਾ ਹਾਲ ਵਿਚ ਸਭਿਆਚਾਰਕ ਪ੍ਰੋਗਰਾਮ ਸਾਡੇ ਦੇਖਣ ਲਈ ਕੀਤਾ ਗਿਆ। ਸਾਨੂੰ ਬੱਸਾਂ ਵਿਚ ਹਾਲ ਵਿਚ ਲਿਜਾਇਆ ਗਿਆ। ਲਾਹੌਰ ਦੀ ਮਹਿਲਾ ਡੀ.ਸੀ. ਖ਼ੁਦ ਪ੍ਰਬੰਧ ਦੇਖਣ ਲਈ ਹਾਜ਼ਰ ਸੀ। ਹਾਲ ਖਚਾਖਚ ਭਰਿਆ ਹੋਇਆ ਸੀ। ਲਾਹੌਰ ਦੀਆਂ ਹਸੀਨਾਵਾਂ ਵੀ ਮਾਡਰਨ ਪਹਿਰਾਵੇ ਵਿਚ ਹਾਜ਼ਰ ਸਨ। ਪ੍ਰੋਗਰਾਮ ਸ਼ੁਰੂ ਹੋਇਆ। ਗੀਤ ਸੰਗੀਤ, ਗਿੱਧਾ ਤੇ ਭੰਗੜਾ ਪੇਸ਼ ਕੀਤੇ ਗਏ। ਕਈ ਤਰ੍ਹਾਂ ਦੇ ਨਾਚ ਜਿਵੇਂ ਸੰਮੀ ਤੇ ਝੂਮਰ ਆਦਿ। ਬੁੱਢਿਆਂ ਨੇ ਆਪਣਾ ਨਾਚ ਪੇਸ਼ ਕੀਤਾ। ਇੱਕ ਤ੍ਰੀਮਤ ਨੇ ਆਪਣੇ ਗੀਤ ਵਿਚ ਸਿੱਖੜੇ ਕਹਿ ਦਿੱਤਾ, ਉਹ ਇਸ ਗੱਲ ਨੂੰ ਭੁੱਲ ਗਈ ਕਿ ਹਾਲ ਵਿਚ ਸਿੱਖ ਬਹੁ-ਗਿਣਤੀ ਵਿਚ ਹਾਜ਼ਰ ਸਨ। ਉਸ ਨੂੰ ਸਾਰਿਆਂ ਤੋਂ ਮੁਆਫ਼ੀ ਮੰਗਣੀ ਪਈ। ਹਾਲ ਵਿਚ ਅਦੀਬ ਤੌਕੀਰ ਚੁਗ਼ਤਾਈ ਵੀ ਹਾਜ਼ਰ ਸੀ। ਮੈਂ ਉਸ ਨੂੰ ਆਪਣੀ ਕਿਤਾਬ ਭੇਂਟ ਕੀਤੀ ਤੇ ਦਿਲੀ ਰੀਝ ਦੱਸੀ ਕਿ ਮੈਂ ਕੁਝ ਕਿਤਾਬਾਂ ਹੋਰ ਅਦੀਬਾਂ ਨੂੰ ਦੇਣੀਆਂ ਚਾਹੁੰਦਾ ਹਾਂ। ਉਸ ਕਿਹਾ, “ਤੁਸੀਂ ਕਿੱਥੇ ਭਟਕਦੇ ਫਿਰੋਗੇ, ਸ਼ਹਿਰ ਬਹੁਤ ਵੱਡਾ ਹੈ, ਮੈਂ ਖ਼ੁਦ ਹੀ ਉਨ੍ਹਾਂ ਕੋਲ ਪਹੁੰਚਾ ਦਿਆਂਗਾ।” ਮੈਂ ਸਾਰੀਆਂ ਕਿਤਾਬਾਂ ਉਸ ਨੂੰ ਦੇ ਦਿੱਤੀਆਂ ਤੇ ਉਸ ਨੇ ਅਗਾਂਹ ਅਦੀਬਾਂ ਨੂੰ ਵੰਡ ਦਿੱਤੀਆਂ ਸਨ।
ਪ੍ਰੋਗਰਾਮ ਖਤਮ ਹੋਣ ਤੇ ਸਾਨੂੰ ਬੱਸਾਂ ਰਾਹੀਂ ਟਿਕਾਣੇ `ਤੇ ਪਹੁੰਚਾਇਆ ਗਿਆ। ਲਾਹੌਰ ਦੇ ਠਹਿਰਾਓ ਦੇ ਆਖ਼ਰੀ ਦਿਨ ਅਸੀਂ ਲੋੜ ਅਨੁਸਾਰ ਵਸਤਾਂ ਖਰੀਦੀਆਂ। ਇਕ ਥਾਂ ਪਾਕਿਸਤਾਨੀ ਫਿਲਮ ਦੀ ਸ਼ੂਟਿੰਗ ਹੁੰਦੀ ਦੇਖੀ ਜਿਸ ਵਿਚ ਗਾਇਕਾ ਨਸੀਬੋ ਲਾਲ ਗਾ ਰਹੀ ਸੀ ਤੇ ਅਦਾਕਾਰੀ ਕਰ ਰਹੀ ਸੀ।
ਅਖ਼ੀਰ ਉਹ ਦਿਨ ਆ ਗਿਆ ਜਿਸ ਦਿਨ ਲਾਹੌਰ ਤੋਂ ਵਿਦਾ ਹੋਣਾ ਸੀ। ਦਿਲ ਤਾਂ ਨਹੀਂ ਕਰ ਰਿਹਾ ਸੀ ਪਰ ਮੁੜਨਾ ਪੈਣਾ ਹੀ ਸੀ। ਲਾਹੌਰ ਤੋਂ ਗੱਡੀ ਵਿਚ ਬੈਠ ਕੇ ਅਟਾਰੀ ਪੁੱਜ ਗਏ। ਉਥੇ ਸਾਡੇ ਸਾਮਾਨ ਦੀ ਪੜਤਾਲ ਕੀਤੀ ਗਈ। ਪਾਕਿਸਤਾਨ ਕਰੰਸੀ ਭਾਰਤੀ ਕਰੰਸੀ ਵਿਚ ਬਦਲ ਲਈ। ਕੁਝ ਸਿੱਕੇ ਤੇ ਨੋਟ ਪਾਕਿਸਤਾਨ ਦੀ ਕਰੰਸੀ ਦੇ ਨਿਸ਼ਾਨੀ ਦੇ ਤੌਰ `ਤੇ ਸੰਭਾਲ ਕੇ ਰੱਖ ਲਏ। ਅੰਮ੍ਰਿਤਸਰ ਤੋਂ ਅਸੀਂ ਰਾਜਪੁਰੇ ਸ਼ਾਮ ਨੂੰ ਪਹੁੰਚ ਗਏ।